ਅਮੀਬਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਮੀਬਾ : ਇਹ ਪ੍ਰੋਟੋਜ਼ੋਆ ਫ਼ਾਈਲਮ ਦਾ ਬਹੁਤ ਹੀ ਸਾਧਾਰਨ ਜਿਹਾ ਇਕ-ਸੈੱਲਾ ਜੀਵ ਹੈ। ਇਸ ਦੀਆਂ ਵਧੇਰੇ ਜਾਤੀਆਂ ਸਮੁੰਦਰ, ਨਦੀਆਂ, ਤਲਾਬਾਂ, ਮਿੱਠੇ ਪਾਣੀ ਦੀਆਂ ਝੀਲਾਂ, ਬਾਉਲੀਆਂ, ਟੋਭਿਆਂ ਆਦਿ ਵਿਚ ਮਿਲਦੀਆਂ ਹਨ। ਕੁਝ ਕੁ ਜਾਤੀਆਂ ਮਹੱਤਵਪੂਰਨ ਪਰਜੀਵੀ ਅਤੇ ਰੋਗ ਪੈਦਾ ਕਰਨ ਵਾਲੀਆਂ ਹੁੰਦੀਆਂ ਹਨ।

          ਅਮੀਬਾ ਬਹੁਤ ਸੂਖ਼ਮ ਜੀਵ ਹੈ। ਇਸ ਦੀਆਂ ਕੁਝ ਜਾਤੀਆਂ ਦੇ ਜੀਵ ਅੱਧੇ ਮਿ.ਮੀ. ਦੇ ਵਿਆਸ ਦੇ ਵੀ ਹੁੰਦੇ ਹਨ। ਇਸ ਦੀ ਸਰੀਰਕ ਬਣਤਰ ਪ੍ਰੋਟੋਪਲਾਜ਼ਮ ਦੇ ਇਕ ਬਹੁਤ ਛੋਟੇ ਢੇਰ ਵਰਗੀ ਹੁੰਦੀ ਹੈ। ਇਸ ਦਾ ਆਕਾਰ ਲਗਾਤਾਰ ਹੌਲੀ ਹੌਲੀ ਬਦਲਦਾ ਰਹਿੰਦਾ ਹੈ।

 

          ਇਹ ਇਕ-ਸੈੱਲਾ ਸਰੀਰ ਬਾਹਰੋਂ ਸੂਖ਼ਮ ਝਿੱਲੀ ਨਾਲ ਘਿਰਿਆ ਹੁੰਦਾ ਹੈ ਜਿਸ ਨੂੰ ਪਲਾਜ਼ਮਾਲੈਮਾ ਕਹਿੰਦੇ ਹਨ। ਇਸ ਵਿਚ ਸਾਈਟੋਪਲਾਜ਼ਮ ਸੁਰੱਖਿਅਤ ਰਹਿੰਦਾ ਹੈ। ਸਾਈਟੋਪਲਾਜ਼ਮ ਦੀਆਂ ਦੋ ਤਹਿਆਂ ਹੁੰਦੀਆਂ ਹਨ। ਬਾਹਰਲੀ ਤਹਿ ਐਕਟੋਪਲਾਜ਼ਮ ਅਖਵਾਉਂਦੀ ਹੈ ਅਤੇ ਅੰਦਰਲੀ ਐਂਡੋਪਲਾਜ਼ਮ। ਬਾਹਰਲੀ ਤਹਿ ਸਾਫ਼, ਕਣ-ਰਹਿਤ ਤੇ ਗਾੜ੍ਹੇ ਰਸ ਦੀ ਬਣੀ ਹੁੰਦੀ ਹੈ। ਅੰਦਰਲੀ ਤਹਿ ਵਧੇਰੇ ਤਰਲ, ਮਿੱਟੀ-ਰੰਗੀ ਅਤੇ ਕਣਦਾਰ ਹੁੰਦੀ ਹੈ। ਅੰਦਰਲੇ ਰਸ ਵਿਚ ਇਕ ਵੱਡਾ

ਨਿਊਕਲੀਅਸ ਵੀ ਹੁੰਦਾ ਹੈ। ਸਾਰਾ ਅੰਦਰਲਾ ਰਸ ਕਈ ਛੋਟੀਆਂ ਵੱਡੀਆਂ ਖ਼ੁਰਾਕਦਾਨੀਆਂ (food vacuoles) ਅਤੇ ਇਕ ਸੁੰਗੜਨਸ਼ੀਲ ਵੈਕਿਓਲ (contractile vacuole) ਨਾਲ ਭਰਿਆ ਹੁੰਦਾ ਹੈ। ਹਰ ਖ਼ੁਰਾਕ ਦਾਨੀ ਵਿਚ ਖ਼ੁਰਾਕ ਅਤੇ ਕੁਝ ਤਰਲ ਪਦਾਰਥ ਹੁੰਦਾ ਹੈ। ਭੋਜਨ ਪਚਾਉਣ ਦਾ ਅਮਲ ਇਨ੍ਹਾਂ ਦੇ ਅੰਦਰ ਹੀ ਹੁੰਦਾ ਹੈ। ਸੁੰਗੜਨਸ਼ੀਲ ਵੈਕਿਓਲ ਵਿਚ ਤਰਲ ਪਦਾਰਥ ਹੁੰਦਾ ਹੈ। ਇਸ ਦਾ ਨਿਰਮਾਣ ਇਕ ਛੋਟੀ ਰਸਦਾਨੀ ਦੇ ਰੂਪ ਵਿਚ ਹੁੰਦਾ ਹੈ ਪਰ ਹੌਲੀ ਹੌਲੀ ਇਹ ਵਧਦੀ ਹੈ ਅਤੇ ਅੰਤ ਵਿਚ ਫਟ ਜਾਂਦੀ ਹੈ ਤੇ ਇਸ ਦਾ ਤਰਲ ਪਦਾਰਥ ਬਾਹਰ ਨਿਕਲ ਜਾਂਦਾ ਹੈ।

          ਅਮੀਬਾ ਦੇ ਚੱਲਣ ਦੀ ਕਿਰਿਆ ਬੜੀ ਦਿਲਚਸਪ ਹੈ। ਇਸਨੂੰ ਅਮੀਬਾ-ਚਾਲ ਕਹਿੰਦੇ ਹਨ। ਇਸ ਦੇ ਸਰੀਰ ਵਿਚੋਂ ਕੁਝ ਅਸਥਾਈ ਵਧਾਉ ਨਿਕਲਦੇ ਹਨ, ਜਿਨ੍ਹਾਂ ਨੂੰ ਨਕਲੀ ਪੈਰ ਕਹਿੰਦੇ ਹਨ। ਪਹਿਲਾ ਚੱਲਣ ਵਾਲੀ ਦਿਸ਼ਾ ਵਿਚ ਇਕ ਨਕਲੀ ਪੈਰ ਨਿਕਲਦਾ ਹੈ, ਫਿਰ ਉਸ ਨਕਲੀ ਪੈਰ ਵਿਚ ਹੌਲੀ ਹੌਲੀ ਸਾਰਾ ਸਾਈਟੋਪਲਾਜ਼ਮ ਵਹਿ ਕੇ ਚਲਾ ਜਾਂਦਾ ਹੈ। ਇਸ ਦੇ ਮਗਰੋਂ ਜਾਂ ਨਾਲ ਨਾਲ ਹੀ ਇਕ ਹੋਰ ਨਵਾਂ ਨਕਲੀ ਪੈਰ ਬਣਨ ਲੱਗ ਜਾਂਦਾ ਹੈ। ਜਿਉਂ ਹੀ ਇਹ ਨਕਲੀ ਪੈਰ ਨਿਕਲਦੇ ਹਨ, ਪਹਿਲੇ, ਉਲਟੇ ਪਾਸੇ ਦੇ ਨਕਲੀ ਪੈਰ ਗ਼ਾਇਬ ਹੋ ਜਾਂਦੇ ਹਨ। ਹਾਈਮਨ ਮਾਸਟ ਆਦਿ ਦੇ ਅਨੁਸਾਰ ਇਹ ਨਕਲੀ ਪੈਰ ਸਾਈਟੋਪਲਾਜ਼ਮ ਵਿਚ ਕੁਝ ਭੌਤਿਕ ਤਬਦੀਲੀਆਂ ਕਰਕੇ ਬਣਦੇ ਹਨ। ਸਰੀਰ ਦੇ ਪਿਛਲੇ ਹਿੱਸੇ ਵਿਚ ਸਾਈਟੋਪਲਾਜ਼ਮ ਗਾੜ੍ਹੀ ਗੂੰਦ ਵਰਗੀ ਹਾਲਤ ਵਿਚੋਂ ਤਰਲ ਹਾਲਤ ਵਿਚ ਬਦਲਦਾ ਰਹਿੰਦਾ ਹੈ ਅਤੇ ਇਸ ਤੋਂ ਉਲਟ ਸਰੀਰ ਦੇ ਅਗਲੇ ਹਿੱਸੇ ਵਿਚ ਤਰਲ ਹਾਲਤ ਤੋਂ ਗਾੜ੍ਹੀ ਹਾਲਤ ਵਿਚ। ਵਧੇਰੇ ਗਾੜ੍ਹਾ ਹੋਣ ਕਰਕੇ ਅਗਲੇ ਹਿੱਸੇ ਵਿਚ ਬਣਨ ਵਾਲਾ ਰਸ ਸਾਈਟੋਪਲਾਜ਼ਮ ਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਹੈ।

          ਅਮੀਬਾ ਹੋਰ ਜਿਉਂਦੇ ਜੀਵਾਂ ਵਾਂਗ ਹੀ ਆਪਣੀ ਖ਼ੁਰਾਕ ਖਾਂਦਾ ਹੈ। ਉਹ ਹਰ ਤਰ੍ਹਾਂ ਦੇ ਸਜੀਵ ਜਾਂ ਨਿਰਜੀਵ ਕਾਰਬਨੀ ਕਣਾਂ ਨੂੰ ਖਾਂਦਾ ਹੈ। ਖ਼ੁਰਾਕ ਦੇ ਇਨ੍ਹਾਂ ਕਣਾਂ ਨੂੰ ਇਹ ਦੋ ਨਕਲੀ ਪੈਰਾਂ ਵਿਚ ਘੇਰ ਲੈਂਦਾ ਹੈ, ਫਿਰ ਨਕਲੀ ਪੈਰਾਂ ਦੇ ਇਕ ਦੂਜੇ ਨਾਲ ਮਿਲ ਜਾਣ ਤੇ ਉਹ ਕਣ ਕੁਝ ਤਰਲ ਰਸ ਦੇ ਨਾਲ ਸਾਈਟੋਪਲਾਜ਼ਮ ਵਿਚ ਪਹੁੰਚ ਜਾਂਦਾ ਹੈ। ਸਾਈਟੋਪਲਾਜ਼ਮ ਤੋਂ ਖ਼ੁਰਾਕਦਾਨੀ ਵਿਚ ਪਹਿਲਾਂ ਤੇਜ਼ਾਬੀ ਤੇ ਫਿਰ ਅਲਕਲੀ ਪਾਚਕ ਰਸ ਜਾਂਦੇ ਹਨ ਤੇ ਉਨ੍ਹਾਂ ਨਾਲ ਪ੍ਰੋਟੀਨ ਪੂਰੀ ਤਰ੍ਹਾਂ ਪਚ ਜਾਂਦੇ ਹਨ। ਕੁਝ ਵਿਗਿਆਨੀਆਂ ਦਾ ਖ਼ਿਆਲ ਹੈ ਕਿ ਕੁਝ ਜਾਤੀਆਂ ਨਸ਼ਾਸਤਾ ਅਤੇ ਚਰਬੀ ਵੀ ਪਚਾ ਲੈਂਦੀਆਂ ਹਨ। ਪਚ ਜਾਣ ਤੋਂ ਪਿੱਛੋਂ ਹਜ਼ਮ ਹੋਈ ਖ਼ੁਰਾਕ ਤਾਂ ਸਰੀਰ ਵਿਚ ਰਚ ਜਾਂਦੀ ਹੈ ਅਤੇ ਅਣਪਚਿਆ ਹਿੱਸਾ ਚੱਲਣ ਨਾਲ ਹੌਲੀ ਹੌਲੀ ਸਰੀਰ ਦੇ ਪਿਛਲੇ ਹਿੱਸੇ ਵਿਚ ਪਹੁੰਚ ਕੇ ਬਾਹਰ ਨਿਕਲ ਜਾਂਦਾ ਹੈ। ਇਸ ਨੂੰ ਬਾਹਰ ਕੱਢਦ ਲਈ ਕੋਈ ਖ਼ਾਸ ਅੰਗ ਨਹੀਂ ਹੁੰਦਾ।

          ਸਾਹ ਲੈਣ ਅਤੇ ਮਲ ਕੱਢਣ ਦੇ ਅਮਲ ਅਮੀਬਾ ਦੀ ਸਤਹ ਤੇ ਲਗਭਗ ਸਾਰੀਆਂ ਥਾਵਾਂ ਤੇ ਹੀ ਹੁੰਦੇ ਰਹਿੰਦੇ ਹਨ। ਇਨ੍ਹਾਂ ਲਈ ਖ਼ਾਸ ਅੰਗਾਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਰੀਰ ਬਹੁਤ ਸੂਖ਼ਮ ਹੁੰਦਾ ਹੈ ਤੇ ਪਾਣੀ ਨਾਲ ਘਿਰਿਆ ਰਹਿੰਦਾ ਹੈ।

          ਸਾਈਟੋਪਲਾਜ਼ਮ ਦਾ ਪਰਸਾਰਨ-ਦਾਬ (Osmotic pressure) ਬਾਹਰ ਦੇ ਪਾਣੀ ਨਾਲੋਂ ਵਧੇਰੇ ਹੋਣ ਕਰਕੇ ਪਾਣੀ ਬਰਾਬਰ ਪਲਾਜ਼ਮਾਲੈਮਾ ਨੂੰ ਪਾਰ ਕਰਦਾ ਹੋਇਆ ਸਾਈਟੋਪਲਾਜ਼ਮ ਵਿਚ ਜਮ੍ਹਾਂ ਹੁੰਦਾ ਰਹਿੰਦਾ ਹੈ। ਇਸ ਦੇ ਸਿੱਟੇ ਵਜੋਂ ਸਰੀਰ ਫੁੱਲ ਕੇ ਅਖੀਰ ਫਟਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਇਹ ਫ਼ਾਲਤੂ ਪਾਣੀ ਇਕ ਛੋਟੀ ਜਿਹੀ ਖਾਲੀ ਥਾਂ ਵਿਚ ਇਕੱਠਾ ਹੁੰਦਾ ਹੈ। ਇਹ ਖਾਲੀ ਥਾਂ ਹੌਲੀ ਹੌਲੀ ਵਧਦੀ ਜਾਂਦੀ ਹੈ ਤੇ ਜਦ ਹੋਰ ਨਹੀਂ ਵਧ ਸਕਦੀ ਤਾਂ ਫਟ ਜਾਂਦੀ ਹੈ ਅਤੇ ਸਾਰਾ ਪਾਣੀ ਬਾਹਰ ਨਿਕਲ ਜਾਂਦਾ ਹੈ। ਇਸੇ ਲਈ ਇਸ ਨੂੰ ਸੁੰਗੜਨਸ਼ੀਲ ਵੈਕਿਓਲ ਕਹਿੰਦੇ ਹਨ। ਅਮੀਬਾ ਆਪਣੇ ਵਿਚੋਂ ਫ਼ਾਲਤੂ ਪਾਣੀ ਕੱਢਣ ਦਾ ਕੰਮ ਇਸੇ ਢੰਗ ਰਾਹੀਂ ਕਰਦਾ ਹੈ।

          ਅਮੀਬਾ ਦਾ ਸੰਤਾਨ ਪੈਦਾ ਕਰਨ ਦਾ ਢੰਗ ਵੀ ਬੜਾ ਅਜੀਬ ਹੈ। ਇਹ ਅੰਡੇ ਜਾਂ ਬੱਚੇ ਨਹੀਂ ਦਿੰਦਾ ਸਗੋਂ ਆਪ ਹੀ ਗੋਲ ਰੂਪ ਧਾਰਨ ਕਰ ਲੈਂਦਾ ਹੈ ਤੇ ਪਹਿਲਾਂ ਇਸ ਦਾ ਨਿਊਕਲੀਅਸ ਦੋ ਨਿਊਕਲੀਅਸਾਂ ਵਿਚ ਵੰਡਿਆ ਜਾਂਦਾ ਹੈ ਤੇ ਫਿਰ ਸਾਈਟੋਪਲਾਜ਼ਮ ਵੀ ਅੱਧਾ ਅੱਧਾ ਹੋ ਜਾਂਦਾ ਹੈ। ਇਸ ਤਰ੍ਹਾਂ ਇਕ ਅਮੀਬੇ ਦੇ ਦੋ ਅਮੀਬੇ ਬਣ ਜਾਂਦੇ ਹਨ। ਇਸ ਸਾਰੇ ਅਮਲ ਨੂੰ ਇਕ ਘੰਟੇ ਤੋਂ ਵੀ ਘੱਟ ਸਮਾਂ ਲਗਦਾ ਹੈ। ਇਸ ਅਮਲ ਨੂੰ ਬਾਈਨਰੀ ਫਿਸ਼ਨ ਆਖਦੇ ਹਨ।

          ਅਣਅਨੁਕੂਲ ਰੁੱਤ ਆਉਣ ਤੇ ਸੁੰਗੜਨਸ਼ੀਲ ਵੈਕਿਓਲ, ਨਕਲੀ ਪੈਰ ਅਤੇ ਖ਼ੁਰਾਕਦਾਨੀਆਂ ਅਮੀਬੇ ਵਿਚੋਂ ਗ਼ਾਇਬ ਹੋ ਜਾਂਦੀਆਂ ਹਨ ਅਤੇ ਇਸ ਤੇ ਚਾਰੇ ਪਾਸੇ ਇਕ ਮੋਟਾ ਖੋਲ ਜਾਂ ਸਿਸਟ ਤਿਆਰ ਹੋ ਜਾਂਦੀ ਹੈ ਜਿਸ ਦੇ ਅੰਦਰ ਉਹ ਸਰਦੀ ਆਰਾਮ ਨਾਲ ਕੱਟ ਲੈਂਦਾ ਹੈ। ਪਾਣੀ ਸੁੱਕ ਵੀ ਜਾਏ ਤਾਂ ਵੀ ਸਿਸਟ ਦੇ ਅੰਦਰ ਦਾ ਅਮੀਬਾ ਜਿਉਂਦਾ ਰਹਿੰਦਾ ਹੈ। ਇਹ ਗੱਲ ਜ਼ਰੂਰੀ ਹੈ ਕਿ ਉਸ ਸਮੇਂ ਉਸ ਦੇ ਜੀਵਨ ਦੇ ਸਾਰੇ ਅਮਲ ਲਗਭਗ ਬੰਦ ਹੋ ਜਾਂਦੇ ਹਨ। ਕਈ ਸਿਸਟਾਂ ਹਲਕੀਆਂ ਹੋਣ ਕਰਕੇ ਹਵਾ ਦੇ ਨਾਲ ਇਧਰ ਉਧਰ ਬਿਖਰ ਜਾਂਦੀਆਂ ਹਨ ਤੇ ਇਹ ਵੱਖ ਵੱਖ ਥਾਵਾਂ ਤੇ ਫ਼ੈਲ ਜਾਂਦੀਆਂ ਹਨ। ਚੰਗੀ ਰੁੱਤ ਆਉਣ ਤੋ ਪਹਿਲਾਂ ਸਾਈਟੋਪਲਾਜ਼ਮ ਤੇ ਨਿਊਕਲੀਅਸ ਦੇ ਕਈ ਹਿੱਸੇ ਹੋ ਜਾਂਦੇ ਹਨ ਅਤੇ ਜਦੋਂ ਪਾਣੀ ਵਿਚ ਡਿਗਣ ਕਰਕੇ ਸਿਸਟ ਟੁੱਟਦੀ ਹੈ ਤਾਂ ਉਸ ਵਿਚੋਂ ਕਈ ਛੋਟੇ ਛੋਟੇ ਅਮੀਬੇ ਨਿਕਲਦੇ ਹਨ। ਇਸ ਅਮਲ ਨੂੰ ਮਲਟੀਪਲ ਫਿਸ਼ਨ ਕਹਿੰਦੇ ਹਨ। ਕਈ ਵਾਰ ਇਕ ਸਿਸਟ ਵਿਚੋਂ ਇਕ ਹੀ ਅਮੀਬਾ ਨਿਕਲਦਾ ਹੈ।

          ਮਨੁੱਖ ਦੀ ਅੰਤੜੀ ਵਿਚ ਕਈ ਤਰ੍ਹਾਂ ਦੇ ਅਮੀਬੇ ਰਹਿ ਸਕਦੇ ਹਨ। ਉਨ੍ਹਾਂ ਵਿਚੋਂ ਇਕ ਦੇ ਕਾਰਨ ਪੇਚਿਸ਼ ਦਾ ਰੋਗ ਹੋ ਜਾਂਦਾ ਹੈ। ਇਸ ਅਮੀਬੇ ਨੂੰ ਪੇਚਿਸ਼ ਅਮੀਬਾ (Entamoeba histolytica) ਕਹਿੰਦੇ ਹਨ। ਇਹ ਅਮੀਬਾ ਅੰਤੜੀ ਵਿਚ ਜ਼ਖਮ ਕਰ ਦਿੰਦਾ ਹੈ। ਕਦੇ ਕਦੇ ਇਹ ਅਮੀਬੇ ਜਿਗਰ, ਫੇਫੜੇ, ਤਿਲੀ ਤੱਕ ਪਹੁੰਚ ਜਾਂਦੇ ਹਨ ਤੇ ਉਥੇ ਵੀ ਜ਼ਖ਼ਮ ਕਰ ਦਿੰਦੇ ਹਨ। ਇਨ੍ਹਾਂ ਅੰਗਾਂ ਵਿਚ ਇਨ੍ਹਾਂ ਦੀ ਖ਼ੁਰਾਕ ਖ਼ੂਨ ਦੇ ਸੈੱਲ ਆਦਿ ਹੁੰਦੇ ਹਨ। ਇਸ ਅਮੀਬੇ ਦੀ ਸਿਸਟ ਵਿਚ ਚਾਰ ਨਿਊਕਲੀਅਸ ਹੁੰਦੇ ਹਨ। ਇਸੇ ਵਿਸ਼ੇਸ਼ਤਾ ਕਰਕੇ ਡਾਕਟਰ ਇਨ੍ਹਾਂ ਦੀ ਪਛਾਣ ਕਰ ਲੈਂਦੇ ਹਨ।

          ਅਮੀਬੇ ਦੀ ਮੌਤ ਕਿਸੇ ਅਚਾਨਕ ਦੁਰਘਟਨਾ ਜਾਂ ਲਗਾਤਾਰ ਖ਼ੁਸ਼ਕੀ ਦੇ ਕਾਰਨ ਹੀ ਹੁੰਦੀ ਹੈ। ਇਸ ਕਰਦੇ ਕਿਹਾ ਜਾਂਦਾ ਹੈ ਕਿ ਅਮੀਬਾ ਅਮਰ ਹੈ ਕਿਉਂ ਜੋ ਇਕ ਅਮੀਬੇ ਦੇ ਦੋ, ਦੋ ਦੇ ਚਾਰ ਅਤੇ ਇਸੇ ਤਰ੍ਹਾਂ ਦੁੱਗਣੇ ਹੋ ਕੇ ਵਧਦੇ ਰਹਿੰਦੇ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.