ਅਰੁਣ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Uranus (ਯੂਰਇਨਅਸ) ਅਰੁਣ: ਦੂਰੀ ਦੇ ਆਧਾਰ ਤੇ ਸੌਰ-ਮੰਡਲ ਦਾ ਇਹ ਸੱਤਵਾਂ ਗ੍ਰਹਿ ਹੈ ਜੋ ਸੂਰਜ ਤੋਂ ਲਗਪਗ 287 ਕਰੋੜ ਕਿਲੋ-ਮੀਟਰ ਦੀ ਦੂਰੀ ਤੇ ਹੈ। ਇਹ ਆਪਣੇ ਧੁਰੇ ਦੁਆਲੇ 11 ਘੰਟੇ ਵਿੱਚ ਇਕ ਪੂਰਾ ਚੱਕਰ ਲਾਉਂਦਾ ਹੈ, ਪਰ ਇਹ ਉਲਟੀ ਦਿਸ਼ਾ ਵਿੱਚ ਘੁੰਮਦਾ ਹੈ। ਸੂਰਜ ਦੀ ਪਰਿਕਰਮਾ ਲਈ ਇਹ 84 ਸਾਲ, 3 ਦਿਨ, 14 ਘੰਟੇ ਅਤੇ 24 ਸਕਿੰਟ ਲੈਂਦਾ ਹੈ। ਇਹ ਗ੍ਰਹਿ ਵਾਯੂਮੰਡਲ ਰਹਿਤ ਹੋਣ ਕਾਰਨ ਇਸ ਦਾ ਔਸਤਨ ਤਾਪਮਾਨ 3000 ਸੈਂਟੀਗ੍ਰੇਡ ਦੱਸਿਆ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅਰੁਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰੁਣ. ਸੰ. ਸੰਗ੍ਯਾ—ਸੂਰਜ ਦਾ ਰਥ । ੨ ਸੂਰਜ ਦਾ ਰਥਵਾਨ. ਇਹ ਵਿਨਤਾ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਗਰੁੜ ਦਾ ਵਡਾ ਭਾਈ ਹੈ. ਇਹ ਕਮਰ ਤੋਂ ਹੇਠਲਾ ਹਿੱਸਾ ਨਹੀਂ ਰਖਦਾ, ਪਿੰਗਲਾ ਹੈ, ਕਿਉਂਕਿ ਇਸ ਦੀ ਮਾਤਾ ਨੇ ਛੇਤੀ ਪੁਤ੍ਰ ਦੇਖਣ ਦੀ ਚਾਹ ਨਾਲ ਕੱਚਾ ਅੰਡਾ ਹੀ ਭੰਨ ਦਿੱਤਾ ਸੀ. ਇਸੇ ਲਈ ਇਸ ਨੂੰ “ਅਨੂਰੁ”1 ਭੀ ਆਖਦੇ ਹਨ. ਪੁਰਾਣਾਂ ਵਿੱਚ ਇਸ ਦਾ ਰੰਗ ਬਹੁਤ ਹੀ ਲਾਲ ਦੱਸਿਆ ਹੈ, ਅਤੇ ਲਿਖਿਆ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਲਾਲੀ ਹੁੰਦੀ ਹੈ, ਉਹ ਇਸੇ ਦੀ ਸੁਰਖੀ ਝਲਕਦੀ ਹੈ. ਅਰੁਣ ਦੀ ਇਸਤ੍ਰੀ ਦਾ ਨਾਉਂ ਸ਼੍ਯੇਨੀ, ਪੁਤ੍ਰ ਸੰਪਾਤੀ ਅਤੇ ਜਟਾਯੁ ਲਿਖੇ ਹਨ. “ਕਰਮ ਕਰਿ ਅਰੁਣ ਪਿੰਗੁਲਾ ਰੀ!” (ਧਨਾ ਤ੍ਰਿਲੋਚਨ) ੩ ਸੰਧੂਰ । ੪ ਵਿ—ਲਾਲ. ਸੁਰਖ਼. ਰਕ੍ਤ. ਰੱਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਰੁਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਰੁਣ (ਸੰ.। ਸੰਸਕ੍ਰਿਤ) ਸੂਰਜ ਦੇ ਰਥਵਾਹੀ ਦਾ ਨਾਮ , ਜੋ ਪਿੰਗਲਾ ਸੀ। ਯਥਾ-‘ਕਰਮ ਕਰਿ ਅਰੁਣ ਪਿੰਗੁਲਾ ਰੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਰੁਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਰੁਣ : ਪਹੁ-ਫੁੱਟਣ ਸਮੇਂ ਅਸਮਾਨ ਦੀ ਲਾਲੀ ਜਾਂ ਚੜ੍ਹਦੇ ਸੂਰਜ ਨੂੰ ਅਰੁਣ ਕਿਹਾ ਜਾਂਦਾ ਹੈ। ਖ਼ਾਸ ਤੌਰ ਤੇ ਸੂਰਜ ਦੇ ਅਣਥੱਕ ਰਥਵਾਨ ਨੂੰ ਜੋ ਸੂਰਜ ਦੇ ਰਥ ਨੂੰ ਸਦਾ ਚਲਾਉਂਦਾ ਹੈ, ਅਰਣ ਕਹਿੰਦੇ ਹਨ। ਪੁਰਾਣਾਂ ਦੇ ਕਥਨ ਮੁਤਾਬਕ ਅਰੁਣ ਦਾ ਲੱਕ ਤੋਂ ਹੇਠਾਂ ਦਾ ਸਰੀਰ ਨਹੀਂ ਸੀ ਜਿਸ ਕਾਰਨ ਉਹ ਸੂਰਜ ਦੀਆਂ ਮੂਰਤੀਆਂ ਵਿਚ ਸਦਾ ਲੱਕ ਤੱਕ ਹੀ ਉਕਰਿਆ ਹੁੰਦਾ ਹੈ।

          ਮੱਧ ਕਾਲ ਦੀ ਕਲਾ ਵਿਚ ਉਸ ਦੀ ਮੂਰਤੀ ਸੂਰਜ ਦੇਵਤਾ ਜਾਂ ਵਿਸ਼ਨੂੰ ਦੇ ਮੰਦਰਾਂ ਦੀਆਂ ਚੁਗਾਠਾਂ ਉੱਤੇ ਇਸ ਤਰ੍ਹਾਂ ਉੱਕਰੀ ਮਿਲਦੀ ਹੈ ਜਿਵੇਂ ਕਿ ਉਹ ਘੋੜਿਆਂ ਦੀਆਂ ਰਾਸਾਂ ਫੜੀ ਰਥ ਨੂੰ ਚਲਾ ਰਿਹਾ ਹੋਵੇ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਰੁਣ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਰੁਣ : ਸੂਰਜ ਦਾ ਰਥਵਾਨ ਮੰਨਿਆ ਜਾਣ ਵਾਲਾ ਅਰੁਣ ਕਸ਼੍ਰਯਪ ਦਾ ਪੁੱਤਰ ਸੀ। ਪੌਰਾਣਿਕ ਆਖਿਆਨ ਅਨੁਸਾਰ ਕਸ਼੍ਰਯਪ ਨੇ ਆਪਣੀਆਂ—ਕਦੂਰ ਅਤੇ ਵਿਨਤਾ ਉਤੇ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਵਰ ਮੰਗਣ ਲਈ ਕਿਹਾ। ਕਦਰੂ ਨੇ ਇਕ ਹਜ਼ਾਰ ਨਾਗ-ਪੁੱਤਰਾਂ ਦਾ ਵਰਦਾਨ ਮੰਗਿਆ ਅਤੇ ਵਿਨਤਾ ਨੇ ਕੇਵਲ ਦੋ ਪੁੱਤਰ ਮੰਗੇ ਪਰ ਸ਼ਰਤ ਇਹ ਸੀ ਕਿ ਇਹ ਦੋਵੇਂ ਕਦਰੂ ਦੇ ਹਜ਼ਾਰ ਪੁੱਤਰਾਂ ਤੋਂ ਅਧਿਕ ਬਲਵਾਨ ਹੋਣ।

          ਕਾਲਾਂਤਰ ਵਿਚ ਕਦਰੂ ਨੇ ਇਕ ਹਜ਼ਾਰ ਅੰਡੇ ਦਿੱਤੇ ਅਤੇ ਵਿਨਤਾ ਨੇ ਕੇਵਲ ਦੋ। ਪੰਜ ਸੌ ਸਾਲ ਬੀਤਣ ਉਪਰੰਤ ਕਦਰੂ ਦੇ ਅੰਡਿਆਂ ਵਿਚੋਂ ਇਕ ਹਜ਼ਾਰ ਨਾਗ ਪੈਦਾ ਹੋਏ। ਕਦਰੂ ਦੇ ਬੱਚਿਆਂ ਨੂੰ ਵੇਖ ਕੇ ਵਿਨਤਾ ਦੇ ਮਨ ਵਿਚ ਆਪਣੇ ਬੱਚੇ ਦੇਖਣ ਦੀ ਰੀਝ ਪੈਦਾ ਹੋਈ। ਕਾਹਲ ਵਿਚ ਉਸ ਨੇ ਆਪਣੇ ਇਕ ਅੰਡੇ ਨੂੰ ਤੋੜ ਦਿੱਤਾ ਜਿਸ ਵਿਚੋਂ ਅੱਧੇ ਧੜ ਵਾਲਾ, ਲਾਲ ਰੰਗ ਦਾ ਪਿੰਗਲਾ ਜੀਵ (ਪੰਛੀ) ਪੈਦਾ ਹੋਇਆ ਅਤੇ ਜੋ ਅਰੁਣ ਅਖਵਾਇਆ। ਦੂਜੇ ਅੰਡੇ ਵਿਚੋਂ ਸਮਾਂ ਪਾ ਕੇ ਗਰੁੜ ਪੈਦਾ ਹੋਇਆ। ਅਰੁਣ ਦਾ ਚੂੰਕਿ ਹੇਠਲਾ ਧੜ ਨਹੀਂ ਸੀ ਇਸ ਵਾਸਤੇ ਇਸ ਨੂੰ ‘ਅਨੂਰੁ’(ਅਨ+ਊਰੁ) ਵੀ ਕਿਹਾ ਜਾਂਦਾ ਹੈ। ਇਸ ਦਾ ਵਿਆਹ ਸ਼੍ਰਯੇਨੀ ਨਾਲ ਹੋਇਆ ਜਿਸ ਤੋਂ ‘ਸੰਪਾਤੀ’ ਅਤੇ ‘ਜਟਾਯੂ’ ਨਾਂ ਦੇ ਦੋ ਪੁੱਤਰ ਪੈਦਾ ਹੋਏ। ਭਗਤ ਤ੍ਰਿਲੋਚਨ ਨੇ ਮਾੜੇ ਕਰਮ (ਬੀਂਡੇ ਦੀਆਂ ਟੰਗਾਂ ਭੰਨਣ ਕਰਕੇ) ਕਾਰਣ ਇਸ ਦਾ ਪਿੰਗਲਾ ਹੋਣਾ ਦਸਿਆ ਹੈ—‘ਬਿਸ੍ਵ ਕਾ ਦੀਪਕੁ ਸ੍ਵਾਮੀ ਤਾਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾਚੇ ਬਾਧਵਾ/ਕਰਮ ਕਰਿ ਅਰੁਣ ਪਿੰਗਲਾ ਰੀ’ ( ਅ.ਗ੍ਰੰ. 695)।

          ਅਰੁਣ ਨੂੰ ਸੂਰਜ ਦਾ ਰਥਵਾਨ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਸੂਰਜ ਨਿਕਲਣ ਤੋਂ ਪਹਿਲਾਂ ਜੋ ਆਕਾਸ਼ ਵਿਚ ਲਾਲੀ ਛਾ ਜਾਂਦੀ, ਉਹ ਅਸਲ ਵਿਚ ਅਰੁਣ ਦੀ ਸੁਰਖੀ ਦਾ ਹੀ ਝਲਕਾਰਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਅਰੁਣ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਰੁਣ  : ਸੂਰਜ ਦਾ ਅਣਥਕ ਰਥਵਾਨ ਜਿਹੜਾ ਪੁਰਾਣਾਂ ਦੇ ਕਥਨ ਮੁਤਾਬਕ ਅਰੁਣ ਕਸ਼ਯਪ ਦਾ ਪੁੱਤਰ ਹੈ ਜੋ ਵਨਿਤਾ ਦੇ ਉਦਰ ਤੋਂ ਪੈਦਾ ਹੋਇਆ। ਭਗਵਾਨ ਵਿਸ਼ਨੂੰ ਦੀ ਸਵਾਰੀ ਗਰੁੜ, ਇਸ ਦਾ ਭਰਾ ਹੈ। ਕਿਹਾ ਜਾਂਦਾ ਹੈ ਕਿ ਅਰੁਣ ਦਾ ਕਮਰ ਤੋਂ ਹੇਠਲਾ ਹਿੱਸਾ ਨਹੀਂ ਹੈ ਕਿਉਂਕਿ ਇਸ ਦੀ ਮਾਤਾ ਨੇ ਪੁੱਤਰ ਦੇਖਣ ਦੇ ਚਾਅ ਵਿਚ ਕੱਚਾ ਅੰਡਾ ਭੰਨ ਦਿੱਤਾ ਸੀ। ਇੱਕ ਹੋਰ ਕਥਾ ਅਨੁਸਾਰ ਇਸ ਨੂੰ ਪਿੰਗਲਾ ਇਸ ਲਈ ਦੱਸਿਆ ਗਿਆ ਹੈ ਕਿਉਂਕਿ ਇਸ ਨੇ ਆਪਣੇ ਪਹਿਲੇ ਜਨਮ ਵਿਚ ਇਕ ਟਿੱਡੇ ਦੀਆਂ ਲੱਤਾ ਭੰਨੀਆਂ ਸਨ। ਧਨਾਸਰੀ ਰਾਗ ਵਿਚ ਦਰਜ ਭਗਤ ਤ੍ਰਿਲੋਚਨ ਜੀ ਦੇ ਸ਼ਬਦ ਵਿਚ ਵੀ ਇਸ ਕਥਾ ਦਾ ਜ਼ਿਕਰ ਹੈ :–

                '' ਬਿਸ੍ਵ ਕਾ ਦੀਪਕੁ ਸ੍ਵਾਮੀ ਤਾਚੇ ਰੇ ਸੁਆਰਥੀ

                ਪੰਖੀ ਰਾਇ ਗਰੁੜ ਤਾਚੇ ਬਾਧਵਾ ǁ                  

                ਕਰਮ ਕਰ ਅਰੁਣ ਪਿੰਗੁਲਾ ਰੀ ǁ ' '

        ਪੁਰਾਣਾਂ ਵਿਚ ਇਸ ਦਾ ਰੰਗ ਲਾਲ ਦਸਿਆ ਗਿਆ ਹੈ, ਸੂਰਜ ਚੜ੍ਹਨ ਤੋਂ ਪਹਿਲਾਂ ਜੋ ਲਾਲੀ ਹੁੰਦੀ ਹੈ ਉਹ ਇਸ ਦੀ ਸੁਰਖੀ ਝਲਕਦੀ ਹੈ। ਪੁਰਾਣਾਂ ਵਿਚ ਅਰੁਣ ਦੀ ਪਤਨੀ ਸ਼ਯੇਨੀ, ਪੁਤਰ ਸੰਪਾਤੀ ਤੇ ਜਟਾਯੂ ਲਿਖੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-03-31-00, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 83; ਪੰ. ਵਿ. ਕੋ. 2 : 80

ਅਰੁਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਰੁਣ, ਪੁਲਿੰਗ : ਸੂਰਜ ਦਾ ਰਥਵਾਈ, ਪਰਭਾਤ, ਤੜਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-12-53-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.