ਅਲਪ-ਪਰਾਣ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅਲਪ-ਪਰਾਣ: ਇਸ ਸੰਕਲਪ ਦੀ ਵਰਤੋਂ ਧੁਨੀ ਵਿਗਿਆਨ ਵਿਚ ਧੁਨੀਆਂ ਦੀ ਵਰਗ ਵੰਡ ਲਈ ਕੀਤੀ ਜਾਂਦੀ ਹੈ। ਇਸ ਵਰਗ-ਵੰਡ ਦਾ ਅਧਾਰ ਫੇਫੜਿਆਂ ’ਚੋਂ ਬਾਹਰ ਨਿਕਲਦੀ ਹਵਾ ਦਾ ਦਬਾ ਹੈ। ਫੇਫੜਿਆਂ ਵਿਚੋਂ ਬਾਹਰ ਨਿਕਲਣ ਵਾਲੀ ਹਵਾ ਦਾ ਦਬਾ ਲਗਾਤਾਰ ਇਕਸਾਰ ਨਹੀਂ ਹੁੰਦਾ। ਇਸ ਦਬਾ ਦਾ ਘਾਟਾ-ਵਾਧਾ ਧੁਨੀਆਂ ਦੇ ਉਚਾਰਨ ਦੇ ਲੱਛਣਾਂ ਤੋਂ ਉਜਾਗਰ ਹੁੰਦਾ ਹੈ। ਭਾਸ਼ਾ ਉਚਾਰਨ ਦੇ ਪੱਖ ਤੋਂ ਹਵਾ ਦੇ ਇਸ ਦਬਾ ਨੂੰ ਪਰਾਣਤਾ ਕਿਹਾ ਜਾਂਦਾ ਹੈ। ਪਰਾਣਤਾ ਦੋ ਪਰਕਾਰ ਦੀ ਹੁੰਦੀ ਹੈ : (i) ਅਲਪ ਅਤੇ (ii) ਮਹਾਂ। ਅਲਪ ਪਰਾਣਤਾ ਦੀ ਸਥਿਤੀ ਵਿਚ ਫੇਫੜਿਆਂ ਤੋਂ ਬਾਹਰ ਆਉਂਦੀ ਹਵਾ ਦਾ ਦਬਾ ਮੁਕਾਬਲਤਨ ਘੱਟ ਹੁੰਦਾ ਹੈ ਪਰ ਮਹਾਂ-ਪਰਾਣਤਾ ਦੀ ਸਥਿਤੀ ਵਿਚ ਫੇਫੜਿਆਂ ਤੋਂ ਬਾਹਰ ਆ ਰਹੀ ਹਵਾ ਦਾ ਦਬਾ ਵੱਧ ਹੁੰਦਾ ਹੈ। ਪੰਜਾਬੀ ਧੁਨੀ-ਵਿਉਂਤ ਵਿਚ ਹਵਾ ਦਾ ਦਬਾ ਧੁਨੀਆਂ ਨੂੰ ਪਰਭਾਵਤ ਕਰਦਾ ਹੈ ਅਤੇ ਧੁਨੀਆਂ ਤੇ ਪਰਾਣਤਾ ਦਾ ਲੱਛਣ ਪਰਗਟ ਹੁੰਦਾ ਹੈ। ਪਰਾਣਤਾ ਦਾ ਪਰਭਾਵ ਡੱਕਵੀਆਂ ਧੁਨੀਆਂ ’ਤੇ ਹੀ ਪੈਂਦਾ ਹੈ। ਜਦੋਂ ਫੇਫੜਿਆਂ ਵਿਚੋਂ ਬਾਹਰ ਆ ਰਹੀ ਹਵਾ ਦਾ ਦਬਾ ਘੱਟ ਹੋਵੇ ਉਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਨੂੰ ਅਲਪ-ਪਰਾਣ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਪ, ਬ, ਤ, ਦ, ਟ, ਡ, ਚ, ਜ, ਕ, ਗ) ਅਲਪ-ਪਰਾਣ ਧੁਨੀਆਂ ਹਨ। ਇਨ੍ਹਾਂ ਨੂੰ ਮਹਾਂ-ਪਰਾਣ ਧੁਨੀਆਂ ਦੇ ਵਿਰੋਧ ਵਿਚ ਵੇਖਿਆ ਜਾ ਸਕਦਾ ਹੈ। ਜਿਵੇਂ : ਕ੍ਰਮਵਾਰ (ਪ ਤੇ ਫ) ਦੋ ਹੋਂਠੀ, (ਤ ਤੇ ਥ) ਦੰਤੀ, (ਟ ਤੇ ਠ) ਉਲਟ-ਜੀਭੀ, (ਚ ਤੇ ਛ), ਤਾਲਵੀ ਅਤੇ (ਕ ਤੇ ਖ) ਕੰਠੀ ਧੁਨੀਆਂ ਹਨ। ਇਨ੍ਹਾਂ ਦੇ ਵਿਰੋਧ ਵਿਚ (ਪ) ਅਲਪ-ਪਰਾਣ ਦੋ ਹੋਂਠੀ ਅਤੇ (ਫ) ਮਹਾਂ-ਪਰਾਣ ਦੋ ਹੋਂਠੀ ਧੁਨੀ ਹੈ। ਇਸੇ ਤਰ੍ਹਾਂ ਉਪਰੋਕਤ ਅਲਪ ਅਤੇ ਮਹਾਂ-ਪਰਾਣ ਧੁਨੀਆਂ ਨੂੰ ਵੇਖਿਆ ਜਾ ਸਕਦਾ ਹੈ। ਦੂਜੇ ਪਾਸੇ (ਬ, ਦ, ਡ, ਜ ਅਤੇ ਗ) ਅਲਪ-ਪਰਾਣ ਧੁਨੀਆਂ ਹਨ ਪਰ ਇਨ੍ਹਾਂ ਦੇ ਵਿਰੋਧ ਵਿਚ ਵਿਚਰਨ ਵਾਲੀਆਂ ਮਹਾਂ-ਪਰਾਣ ਧੁਨੀਆਂ (ਭ, ਧ, ਢ, ਝ ਅਤੇ ਘ) ਟਕਸਾਲੀ ਪੰਜਾਬੀ ਵਿਚ ਨਹੀਂ ਉਚਾਰੀਆਂ ਜਾਂਦੀਆਂ ਭਾਵ (ਬ ਤੇ ਭ, ਦ ਤੇ ਧ, ਡ ਤੇ ਢ, ਜ ਤੇ ਝ, ਗ ਤੇ ਘ) ਦਾ ਵਿਰੋਧ ਸੁਰ ਪੱਧਰ ਦਾ ਹੈ। ਇਸ ਲਈ ਇਨ੍ਹਾਂ ਦੇ ਅਲਪ-ਪਰਾਣ ’ਤੇ ਮਹਾਂ-ਪਰਾਣ ਵਿਰੋਧੀ ਜੁੱਟ ਸੰਭਵ ਨਹੀਂ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 4022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.