ਅਵਾਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਵਾਣ : ਇਹ ਸ਼ਬਦ ਅਰਬੀ ਔਨ (ਜਿਸਦਾ ਮਤਲਬ ਸਹਾਇਕ) ਸ਼ਬਦ ਦਾ ਬਹੁਵਚਨ ਹੈ। ਅਵਾਣ ਹਜ਼ਰਤ ਅਲੀ ਦੇ ਪੱਕੇ ਹਾਮੀ ਅਤੇ ਈਰਾਨੀ ਤੇ ਅਰਬੀ ਸਭਿਅਤਾ ਨੂੰ ਮੰਨਣ ਵਾਲੇ ਸ਼ੀਆ ਲੀਡਰ ਸਨ। ਸੰਨ 710-1015 ਤੱਕ ਇਨ੍ਹਾਂ ਨੇ ਈਰਾਨ ਦੇ ਪੂਰਬੀ ਇਲਾਕਿਆਂ ਸਫ਼ੇਦਕੋਹ, ਬਲੋਚਿਸਤਾਨ ਤੋਂ ਮੁਲਤਾਨ ਨੂੰ ਇਸਲਾਮੀ ਖ਼ਲੀਫ਼ਿਆਂ ਅਧੀਨ ਕਰਨ ਵਿਚ ਹਿੱਸਾ ਪਾਇਆ। ਇਨ੍ਹਾਂ ਦੀਆਂ ਔਰਤਾਂ ਆਰੀਆਈ ਬੋਲੀਆਂ ਵਾਲੀਆਂ ਜੱਟ ਤੇ ਰਾਜਪੂਤ ਸਨ, ਇਸੇ ਕਰਕੇ ਇਨ੍ਹਾਂ ਦੀ ਬੋਲੀ ਵਿਚ ਪੁਰਾਤਨ ਪੈਸ਼ਾਚੀ ਅਤੇ ਕੈਕੇਯ ਅਪਭ੍ਰੰਸ਼ਾਂ ਦੇ ਕਈ ਰੂਪ ਤੇ ਲਹਿਜੇ ਹਾਲੇ ਤੱਕ ਸੁਰੱਖਿਅਤ ਹਨ। ਇਨ੍ਹਾਂ ਦੇ ਵੱਡੇ-ਵਡੇਰੇ ਕੁਤਬ ਸ਼ਾਹ ਅਲਵੀ ਗ਼ਜ਼ਨੀ ਵਾਸੀ ਤੇ ਔਨ ਬਿਨ ਅਬਦੁੱਲਾ ਸਨ।

          ਅਵਾਣ ਲੋਕ ਕੱਦ ਦੇ ਲੰਬੇ, ਤਿੱਖੀ ਨਿਗਾਹ ਤੇ ਸਾਂਵਲੇ ਰੰਗ ਵਾਲੇ ਹੁੰਦੇ ਹਨ। ਮਰਦ ਤਹਿਮਤ, ਸ਼ਮਲੇਦਾਰ ਪਗੜੀ ਤੇ ਖੁਲ੍ਹਾ ਚੋਲਾ ਪਹਿਨਦੇ ਹਨ ਅਤੇ ਔਰਤਾਂ ਦੇ ਪਹਿਰਾਵੇ ਵਿਚ ਰਾਜਪੂਤ, ਜਾਟ ਤੇ ਪਹਾੜੀ ਕਾਂਟ-ਛਾਂਟ ਦਾ ਮੇਲ ਦਿਸਦਾ ਹੈ। ਅਵਾਣਕਾਰ ਲੜਾਈ, ਸ਼ਿਕਾਰ, ਨੇਜ਼ਾਬਾਜ਼ੀ, ਕਬੱਡੀ ਤੇ ਕੁਸ਼ਤੀ ਦੇ ਬਹੁਤ ਸ਼ੌਕੀਨ ਹਨ। ਦੂਜੀ ਵੱਡੀ ਲੜਾਈ ਵਿਚ ਅਵਾਣਾਂ ਦੇ ਕੇਂਦਰ ਤਲਾਗੰਗ ਦੀ 10% ਆਬਾਦੀ ਫ਼ੌਜ ਵਿਚ ਭਰਤੀ ਹੋ ਚੁੱਕੀ ਸੀ। ਅਰਬਾਂ ਅਤੇ ਬਲੋਚਾਂ ਵਾਂਗ ਅਵਾਣ ਵਪਾਰ ਅਤੇ ਵਹੀ-ਖ਼ਾਤੇ ਦੇ ਕੰਮ ਨੂੰ ਨਖਿੱਧ ਸਮਝਦੇ ਹਨ। ਇਨ੍ਹਾਂ ਤਲਵਾਰ ਅਤੇ ਹਲ ਦੇ ਧਨੀਆਂ ਵਿਚੋਂ ਮੀਆਂ ਚਿਰਾਂਗ਼ ਵਰਗ਼ੇ ਕਲਮ ਦੇ ਧਨੀ ਕਵੀ ਵੀ ਹੋਏ ਹਨ ਜਿਸ ਨੇ ਸੰਨ 1710 ਵਿਚ (ਵਾਰਿਸ ਤੋਂ 60 ਕੁ ਵਰ੍ਹੇ ਪਹਿਲਾਂ) ਕਿੱਸਾ ਹੀਰ ਰਾਂਝਾ ਲਿਖਿਆ ਸੀ। ਕਨਿੰਘਮ ਨੇ ਅਵਾਣ ਦਾ ਸਬੰਧ ਅਨੁ (अनु) ਨਾਲ ਜੋੜ ਕੇ, ਅਨੁਵਾਨ ਅਰਥਾਤ ਅਣ-ਆਰੀਆਂ ਦਾ ਇਕ ਰੂਪ ਦੱਸਿਆ ਹੈ।

          ਫ਼ਿਰੋਜ਼ਲੁਗ਼ਾਤ ਵਿਚ ਅਵਾਣਾਂ ਨੂੰ ਰਾਜਪੂਤ ਕੌਮ ਦੱਸਿਆ ਗਿਆ ਹੈ, ਜਿਸ ਦਾ ਭਾਵ ਹੈ ਕਿ ਕੁਝ ਹਿੰਦੂ ਰਾਜਪੂਤ, ਮੁਸਲਮਾਣ ਬਣ ਕੇ ਅਵਾਣ ਕੌਮ ਵਿਚ ਘੁਲ-ਮਿਲ ਗਏ ਸਨ। ਇਨ੍ਹਾਂ ਦੇ ਸਰਦਾਰ ਮਲਿਕ ਅਖਵਾਉਂਦੇ ਹਨ। ਅਵਾਣ ਭਾਵੇਂ ਦੂਰ ਦੂਰ ਦੇ ਇਲਾਕਿਆਂ ਵਿਚ ਵੀ ਰਹਿੰਦੇ ਹਨ ਪਰ ਇਨ੍ਹਾਂ ਦੇ ਕੇਂਦਰ ਸੁਹਾਂ ਨਦੀ ਤੇ ਲੂਣ ਦੇ ਪਹਾੜ ਦੇ ਵਿਚਕਾਰ ਹੈ। ਇਨ੍ਹਾਂ ਦੀ ਕੁੱਲ ਗਿਣਤੀ ਕੋਈ ਇਕ ਲੱਖ ਹੋਵੇਗੀ।

          ਹ. ਪੁ.–ਆਰਕਿਆਲੋਜੀਕਲ ਰਿਪੋਰਟਸ, ਜਿਲਦ II, ਥਾਮਸਨ-ਜਿਹਲਮ ਸੈਟਲਮੈਂਟ ਰਿਪੋਰਟ; ਡਾ. ਹਰਦੇਵ ਬਾਹਰੀ-ਫੋਨੈਟਿਕਸ ਐਂਡ ਫੋਨਾਜੌਲੀ ਆਫ਼ ਲਹਿੰਦੀ; ਹੈਦਰ ਅਲੀ ਅਵਾਣ-ਤਾਰੀਖ ਅਲਵੀ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਵਾਣ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਵਾਣ : ਇਹ ਮੁਸਲਮਾਨਾਂ ਦੀ ਇਕ ਜਾਤੀ ਹੈ ਜੋ ਮੀਆਂ ਵਾਲੀ, ਸ਼ਾਹਪੁਰ ਅਤੇ ਜਿਹਲਮ ਜ਼ਿਲ੍ਹਿਆਂ ਅਤੇ ਸਿੰਧ ਦਰਿਆ ਦੇ ਪੱਛਮੀ ਕੰਢੇ ਤੇ ਸਥਿਤ ਕਾਲਾਬਾਗ਼ (ਪਾਕਿਸਤਾਨ) ਵਿਖੇ ਰਹਿੰਦੇ ਹਨ। ਅਟਕ ਜ਼ਿਲ੍ਹੇ ਵਿਚ ਇਸ ਕਬੀਲੇ ਦੇ ਇਕ ਤਿਹਾਈ ਲੋਕ ਵਸਦੇ ਹਨ। ਖ਼ਾਸ ਤੌਰ ਤੇ ਅਟਕ ਜ਼ਿਲ੍ਹੇ ਦੀ ਤਲਾਰੰਗ ਤਹਿਸੀਲ ਅਤੇ ਪਿੰਡੀ ਘੇਬ ਦੇ ਕੇਂਦਰੀ ਭਾਗ ਵਿਚ ਇਨ੍ਹਾਂ ਦੀ ਆਬਾਦੀ ਵਧੇਰੇ ਹੋਣ ਕਰ ਕੇ ਇਸ ਖੇਤਰ ਨੂੰ 'ਅਵਾਣਕਾਰੀ' ਕਹਿ ਦਿੱਤਾ ਜਾਂਦਾ ਹੈ। ਅਟਕ ਜ਼ਿਲ੍ਹੇ ਵਿਚ ਅਵਾਣ ਵਧੇਰੇ ਕਰ ਕੇ ਮੁਜ਼ਾਰਿਆਂ ਦੇ ਤੌਰ ਤੇ ਕੰਮ ਕਰਦੇ ਹਨ ਪਰ ਨਾਲ ਲਗਦੇ ਰਾਵਲਪਿੰਡੀ ਜ਼ਿਲ੍ਹੇ ਵਿਚ ਕਈ ਅਵਾਣ ਭੂਮੀ-ਮਾਲਕ ਵੀ ਹਨ।

        ਅਵਾਣ ਕਬੀਲੇ ਦੇ ਲੋਕ ਆਪਣੇ ਆਪ ਨੂੰ ਅਰਬ ਮੂਲ ਦੇ ਰਹਿੰਦੇ ਹਨ ਜੋ ਹਰਾਤ ਦੇ ਹਾਕਮ ਕੁਤਬਸ਼ਾਹ ਗ਼ਜ਼ਨੀ ਦੇ ਵੰਸ਼ ਵਿਚੋਂ ਹਨ। ਇਸ ਕਬੀਲੇ ਦੇ ਲੋਕਾਂ ਨੇ ਹਿੰਦੁਸਤਾਨ ਉੱਪਰ ਹਮਲੇ ਸਮੇਂ ਮਹਿਮੂਦ ਗਜ਼ਨਵੀ ਦੀ ਸਹਾਇਤਾ ਕੀਤੀ ਸੀ। ਅਵਾਣ ਲੋਕ ਕੁਤਬ ਸ਼ਾਹ ਨੂੰ ਹਜ਼ਰਤ ਅਲੀ ਨਾਲ ਸਬੰਧਤ ਮੰਨਦੇ ਸਨ। ਇਸ ਪ੍ਰਕਾਰ ਇਹ ਪਤਾ ਲਗਦਾ ਹੈ ਕਿ ਇਹ ਲੋਕ ਆਰੰਭ ਤੋਂ ਹੀ ਮੁਸਲਮਾਨ ਸਨ। ਇਹ ਪਹਿਲਾਂ ਪਿਸ਼ਾਵਰ ਦੇ ਆਸ ਪਾਸ ਰਹਿੰਦੇ ਸਨ।

        ਕਨਿੰਘਮ ਇਨ੍ਹਾਂ ਦਾ ਸਬੰਧ 'ਜੁਦ' ਕਬੀਲੇ ਨਾਲ ਜੋੜਦਾ ਹੈ ਜਿਸ ਦਾ ਜ਼ਿਕਰ ਸਮਾਰਟ ਬਾਬਰ ਨੇ 'ਤੁਜ਼ਕੇ ਬਾਬਰੀ' ਵਿਚ ਕੀਤਾ ਹੈ। ਬ੍ਰੰਦਰੇਥ ਅਵਾਣਾਂ ਨੂੰ 'ਬਖ਼ਤਰੀਅਨ ਯੂਨਾਨੀਆਂ' ਦੀ ਔਲਾਦ ਮੰਨਦਾ ਹੈ।

        ਥਾਮਸਨ ਨੇ ਆਪਣੀ ਜਿਹਲਮ ਬੰਦੋਬਸਤ ਰਿਪੋਟ ਵਿਚ ਇਹ ਲਿਖਿਆ ਹੈ ਕਿ ਅਵਾਣ ਜੱਟ ਸਨ ਜਿਹੜੇ ਡੇਰਾ ਇਸਮਾਈਲ ਖ਼ਾਂ ਤੋਂ ਪੱਛਮ ਵੱਲ ਪੈਂਦੇ ਦਰਿਆ ਵਿਚੋਂ ਦੀ ਆਏ ਸਨ। ਇਨ੍ਹਾਂ ਨੂੰ ਮਹਿਮੂਦ ਗਜ਼ਨਵੀ ਨੇ ਮੁਸਲਮਾਨ ਬਣਾਇਆ। ਇਤਿਹਾਸਕਾਰ ਗ੍ਰਿਫ਼ਨ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ।

        ਅਵਾਣ ਲਗਭਗ 600 ਸਾਲ ਤਕ ਪੱਛਮੀ ਨਮਕ ਸਿਲਸਿਲੇ ਵਾਲੇ ਖੇਤਰ ਤੇ ਕਾਬਜ਼ ਰਹੇ ਹਨ। 'ਆਈਨੇ ਅਕਬਰੀ ਵਿਚ ਅਵਾਣਾਂ ਦਾ ਜ਼ਿਕਰ ਮਿਲਦਾ ਹੈ। ਇਹ ਅੱਗੇ ਕਈ ਉਪ ਕਬੀਲਿਆਂ ਵਿਚ ਵੰਡੇ ਹੋਏ ਹਨ। ਇਹ ਜੰਗਜੂ ਲੋਕ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-30-01-05-06, ਹਵਾਲੇ/ਟਿੱਪਣੀਆਂ: ਹ. ਪੁ. –ਅਟਕ ਜ਼ਿਲ੍ਹਾ ਗਜ਼ਟੀਅਰ (ਪੰਜਾਬ ਜ਼ਿਲ੍ਹਾ ਗਜ਼ਟੀਅਰ ਲੜੀ) 1930 : 80-89. ਗ. ਪ. ਕਾ. ਟ੍ਰਾ. 24-25.

ਅਵਾਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਵਾਣ, ਪੁਲਿੰਗ : ਮੁਸਲਮਾਨ ਜੱਟਾਂ ਦਾ ਇਕ ਗੋਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-04-05-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.