ਅਵਾਣਕਾਰੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਵਾਣਕਾਰੀ  : ਇਹ ਪਾਕਿਸਤਾਨੀ ਪੰਜਾਬ ਦੀ ਇਕ ਸਥਾਨਕ ਲੋਕ-ਬੋਲੀ ਹੈ ਜੋ ਜ਼ਿਲ੍ਹਾ ਅਟਕ ਦੀ ਤਲਾਗੰਗ ਤਹਿਸੀਲ ਅਤੇ ਪਿੰਡੀ ਘੇਬ ਤਹਿਸੀਲ ਦੇ ਮੱਧ ਖੰਡ ਵਿਚ ਬੋਲੀ ਜਾਂਦੀ ਹੈ। ਮੱਧਕਾਲ ਵਿਚ, ਕਾਫ਼ੀ ਲੰਮੇ ਸਮੇਂ ਤੀਕ, ਇਸ ਇਲਾਕੇ ਵਿਚ ਅਵਾਣ ਕਬੀਲੇ ਦੀ ਧਾਕ ਰਹੀ ਜਿਸ ਤੋਂ ਇਸ ਬੋਲੀ ਦਾ ਨਾਂ ਅਵਾਣਕਾਰੀ ਪੈ ਗਿਆ। ਇਹ ਬੋਲੀ ਨਾ ਸਿਰਫ਼ ਅਵਾਣ ਕਬੀਲੇ ਵਾਲੇ ਬੋਲਦੇ ਸਨ ਸਗੋਂ ਇਸ ਖੇਤਰ ਵਿਚ ਵਸਦੇ ਹਿੰਦੂ, ਸਿੱਖ, ਗੱਖੜ, ਘੇਬੇ ਅਤੇ ਅਰਾਈ ਵੀ ਇਹੋ ਬੋਲੀ ਬੋਲਦੇ ਸਨ। ਜਿਹਲਮ, ਮੀਆਂਵਾਲੀ ਤੇ ਸ਼ਾਹਪੁਰ ਆਦਿ ਦੇ ਅਰਾਈ ਲੋਕ ਅਵਾਣਕਾਰੀ ਬੋਲੀ ਬੋਲਦੇ ਸਨ ਪਰ ਸ਼ਾਹਪੁਰ ਦੇ ਅਰਾਈਂ ਲੋਕ ਅਵਾਣਕਾਰੀ ਬੋਲੀ ਨਹੀਂ ਬੋਲਦੇ। ਇਸ ਲਈ ਇਸ ਬੋਲੀ ਦਾ ਚਰਿਤ੍ਰ ਸਥਾਨਗਤ ਹੈ।

        ਇਹ ਬੋਲੀ ਪੰਜਾਬੀ ਦੀਆਂ ਉਪਭਾਸ਼ਾਵਾਂ ਧੰਨੀ, ਪੋਠੋਹਾਰੀ ਸੁਆਈਂ ਆਦਿ ਨਾਲ ਘਿਰੀ ਹੋਈ ਹੈ। ਇਸ ਬੋਲੀ ਦਾ ਚਰਿਤ ਮੂਲ ਵਿਚ ਲਹਿੰਦੀ ਵਾਲਾ ਹੀ ਹੈ। ਇਹ ਇਲਾਕਾ ਗੰਧਾਰ ਅਤੇ ਗ਼ਜਨੀ ਰਾਜਾਂ ਦਾ ਹਿੱਸਾ ਰਿਹਾ। ਇਸ ਲਈ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਕਾਫ਼ੀ ਪ੍ਰਚਲਿਤ ਹੈ। ਕਈ ਸ਼ਬਦ ਅਲਾਅ, ਅਥਰਾ ਸੋਘੀ ਆਦਿ ਪੋਠੋਹਾਰੀ ਬੋਲੀ ਨਾਲ ਸਾਂਝੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-02-52-13, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ. 1: 27.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.