ਅਹੰਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹੰਕਾਰ [ਨਾਂਪੁ] ਹੰਕਾਰ , ਘਮੰਡ , ਹਉਂਮੈਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹੰਕਾਰ. ਸੰਗ੍ਯਾ—ਅਭਿਮਾਨ. ਹੌਮੈ. ਘਮੰਡ. “ਅਹੰਕਾਰ ਤਿਸਨਾ ਰੋਗੁ ਲਗਾ.” (ਆਸਾ ਛੰਤ ਮ: ੩) ੨ ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ, ਜਿਸ ਦਾ ਵਿ੄੶ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ। ੩ ਸਾਂਖ੍ਯ ਸ਼ਾਸਤ੍ਰ ਅਨੁਸਾਰ ਮਹਤਤ੍ਵ (ਬੁੱਧਿ) ਤੋਂ ਉਪਜਿਆ ਇੱਕ ਦ੍ਰਵ੍ਯ, ਜੋ ਮਹਤਤ੍ਵ ਦਾ ਵਿਕਾਰ ਹੈ, ਅਤੇ ਜਿਸ ਦੀ ਸਾਤ੍ਵਿਕ ਅਵਸਥਾ ਤੋਂ ਗ੍ਯਾਨਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ, ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੰਕਾਰ: ਵੇਖੋ ‘ਹੰਕਾਰ ’, ‘ਹਉਮੈ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹੰਕਾਰ : ਪੰਜਾਬੀ ਵਿਚ ‘ਹੰਕਾਰ` ਸੰਸਕ੍ਰਿਤ ਦੇ ਅਹੰ (ਮੈਂ) ਅਤੇ ਕਾਰ (ਅਕਾਰ ਦੇਣ ਵਾਲਾ) ਦਾ ਸਮਾਸ ਹੈ ਜਿਸ ਦਾ ਅਰਥ ਹੈ ‘ਮੈਂ` ਨੂੰ ਰੂਪਾਕਾਰ ਕਰਨ ਵਾਲਾ ਅਰਥਾਤ ਵਿਅਕਤੀ ਨੂੰ ਨਿੱਜਵਾਦੀ ਬਣਾਉਣ ਵਾਲਾ। ਇਹ ਹਉਮੈ , ਘਮੰਡ , ਸਵੈਕੇਂਦਰਿਤਾ, ਦਿਖਾਵਾ, ਜਾਂ ਅਭਿਮਾਨ ਦਾ ਅਰਥ ਦਿੰਦਾ ਹੈ।

    ਸਿੱਖ ਧਰਮ ਗ੍ਰੰਥਾਂ ਵਿਚ ਵਰਤੇ ਗਏ ਮਾਨ, ਅਭਿਮਾਨ, ਗਰਬ , ਗੁਮਾਨ, ਅਹੰ, ਅਹੰਮੇਉ, ਅਹੰਬੁਧ, ਹਉਮੈ ਅਤੇ ਖ਼ੁਦੀ ਅਹੰਕਾਰ ਦੇ ਸਮਾਨਾਰਥਕ ਹਨ। ਘਮੰਡ ਸੰਸਾਰ ਦੀਆਂ ਸਾਰੀਆਂ ਨੈਤਿਕ ਪ੍ਰਣਾਲੀਆਂ ਅਨੁਸਾਰ ਇਕ ਅਉਗਣ ਹੈ; ਪੱਛਮੀ ਧਾਰਮਿਕ ਸਾਹਿਤ ਵਿਚ ਇਹ ਸੱਤ ਘਾਤਕ ਪਾਪਾਂ ਵਿਚੋਂ ਇਕ ਗਿਣਿਆ ਜਾਂਦਾ ਹੈ। ਸਿੱਖ ਧਰਮ ਇਸ ਨੂੰ ਸਾਂਖ ਅਤੇ ਬੁੱਧ ਮਤ ਦੀ ਤਰ੍ਹਾਂ ਪਰਾਭੌਤਿਕ ਕਲਪਨਾ ਨਹੀਂ ਮੰਨਦਾ ਸਗੋਂ ਇਹਨਾਂ ਨੂੰ ਪੰਜ ਆਮ ਮਨੁੱਖੀ ਕਮਜ਼ੋਰੀਆਂ ਜਾਂ ਬੁਰਾਈਆਂ ਵਿਚੋਂ ਇਕ ਮੰਨਦਾ ਹੈ। ਅਹੰਕਾਰ ਫੋਕਾ ਅਭਿਮਾਨ ਅਤੇ ਫੁਕਰਾਪਨ ਹੈ ਜਿਹੜਾ ਆਪਣੀਆਂ ਚੰਗਿਆਈਆਂ ਨੂੰ ਬਹੁਤ ਵਧਾ ਚੜ੍ਹਾ ਕੇ ਵੇਖਣ ਦੀ ਭਾਵਨਾ ਵਿਚੋਂ ਪੈਦਾ ਹੁੰਦਾ ਹੈ। ਇਹ ਚੰਗਿਆਈ ਵਾਸਤਵਿਕ ਅਥਵਾ ਕਾਲਪਨਿਕ ਬੁੱਧੀਮੱਤਾ, ਵਿਦਵਤਾ, ਸਰੀਰਕ ਬਲ ਜਾਂ ਸੁੰਦਰਤਾ , ਸੰਸਾਰੀ ਰੁਤਬਾ ਅਤੇ ਜਾਇਦਾਦ ਜਾਂ ਆਤਮ ਪ੍ਰਾਪਤੀ ਵੀ ਹੋ ਸਕਦੀ ਹੈ। ਸੋਮਾ ਇਸ ਦਾ ਕੋਈ ਵੀ ਹੋਵੇ, ਅਹੰਕਾਰ ਨੂੰ ਇਕ ਕਮਜ਼ੋਰੀ ਮੰਨਿਆ ਗਿਆ ਹੈ। ਗੁਰੂ ਅਮਰ ਦਾਸ ਜੀ ਦਾ ਕਥਨ ਹੈ; ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ।(ਗੁ.ਗ੍ਰੰ: 592)। ਗੁਰੂ ਸਾਹਿਬ ਅੱਗੇ ਫਿਰ ਕਹਿੰਦੇ ਹਨ: ‘ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ`॥(ਗੁ. ਗ੍ਰੰ. 560)। ਗੁਰੂ ਅਰਜਨ ਦੇਵ ਜੀ ਅਹੰਕਾਰ ਦਾ ਮਾਨਵੀਕਰਣ ਕਰਕੇ ਸੰਬੋਧਨ ਕਰਦੇ ਹੋਏ ਕਹਿੰਦੇ ਹਨ: ‘ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ॥ ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸਤੀਰਨਹ॥` (ਗੁ.ਗ੍ਰੰ. 1358)। ਹੰਕਾਰ ਕਰਕੇ ਗੁਣ ਅਤੇ ਪਵਿੱਤਰਤਾਵਾਂ ਵੀ ਵਿਅਰਥ ਜਾਂਦੇ ਹਨ ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ, “ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥" (ਗੁ. ਗ੍ਰੰ. 1428)

    ਸਿੱਖ ਧਰਮ ਵਿਚ ਇਸ ਦਾ ਇਲਾਜ ਨਿਮਰਤਾ ਅਤੇ ਸੇਵਾ ਦੱਸਿਆ ਗਿਆ ਹੈ। ਦੋਵੇਂ ਇਕ ਦੂਜੇ ਦੇ ਪੂਰਕ ਗੁਣ ਹਨ। ਗੁਰੂ ਅਰਜਨ ਦੇਵ ਜੀ ਅਨੁਸਾਰ ਨਿਮਰਤਾ ਅਹੰਕਾਰ ਦੇ ਖਿਲਾਫ਼ ਹੀ ਨਹੀਂ ਸਗੋਂ ਸਾਰੇ ਵਿਕਾਰਾਂ ਜਾਂ ਬੁਰੇ ਰੁਝਾਨਾਂ ਤੋਂ ਛੁਟਕਾਰਾ ਪਾਉਣ ਦਾ ਸਾਧਨ ਵੀ ਹੈ। ਉਹ ਫੁਰਮਾਉਂਦੇ ਹਨ: “ਗਰੀਬੀ ਗਦਾ ਹਮਾਰੀ॥ ਖੰਨਾ ਸਗਲ ਰੇਨੁ ਛਾਰੀ॥ ਇਸੁ ਆਗੈ ਕੋ ਨ ਟਿਕੈ ਵੇਕਾਰੀ॥" (ਗੁ.ਗ੍ਰੰ. 628)। ਸਿੱਖ ਮਤ ਵਿਚ ਸੇਵਾ ਸਭ ਤੋਂ ਉੱਤਮ ਗੁਣ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ: “ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ॥" (ਗੁ. ਗ੍ਰੰ.811)। ਬ੍ਰਹਿਮੰਡੀ ਵਿਸ਼ਾਲਤਾ ਦੇ ਸੰਦਰਭ ਵਿਚ ਮਨੁੱਖ ਨੂੰ ਆਪਣੀ ਨਿਗੂਣਤਾ ਅਤੇ ਅਸਥਿਰਤਾ ਬਾਰੇ ਚੇਤਨ ਹੋਣਾ ਹਉਮੈ ਨਵਿਰਤੀ ਦਾ ਇਕ ਹੋਰ ਵਸੀਲਾ ਹੈ। ਕਬੀਰ ਜੀ ਉਹਨਾਂ ਘਮੰਡੀ ਮਨੁੱਖਾਂ ‘ਤੇ ਹੈਰਾਨ ਹੁੰਦੇ ਹਨ ਜੋ ਬਹੁਤ ਛੋਟੀਆਂ ਗੱਲਾਂ ‘ਤੇ ਅਭਿਮਾਨ ਕਰਦੇ ਹਨ। ਕਬੀਰ ਜੀ ਕਹਿੰਦੇ ਹਨ “ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ॥ (ਗੁ.ਗ੍ਰੰ.1251)। ਉਚਿਤ ਸਵਾਭਿਮਾਨ ਅਤੇ ਸਵੈਸਨਮਾਨ ਦੇ ਖਿਆਲ ਨੂੰ ਗਲਤੀ ਨਾਲ ਹੰਕਾਰ ਨਹੀਂ ਸਮਝ ਲੈਣਾ ਚਾਹੀਦਾ। ਨਿਮਰਤਾ ਇਹਨਾਂ ਵਿਚੋਂ ਪਹਿਲੇ ਨੂੰ ਰੱਦ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ: “ਜੇ ਜੀਵੈ ਪਤਿ ਲਥੀ ਜਾਇ। ਸਭੁ ਹਰਾਮੁ ਜੇਤਾ ਕਿਛੁ ਖਾਇ।" (ਗੁ.ਗ੍ਰੰ. 142)।


ਲੇਖਕ : ਲ.ਮ.ਜ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਹੰਕਾਰ (ਸੰਸਕ੍ਰਿਤ ਅਹਙੑਕਾਰ) ਹਉਮੈ , ਹੰਕਾਰ , ਅਭਿਮਾਨ, ਗੁਮਾਨ। ਯਥਾ-‘ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਹੰਕਾਰ : ਵੇਖੋ ‘ਅਹੰਵਾਦ’

ਅਹੰਵਾਦ :  ‘ਅਹੰ’ ਦੇ ਕੋਸ਼ਗਤ ਅਰਥ ਹਨ ਅਹੰਕਾਰ ਜਾਂ ਅਭਿਮਾਨ। ਪੰਜ ਮਹਾਂ ਦੋਖਾਂ ਵਿਚੋਂ ਇਹ ਇਕ ਹੈ ਤੇ ਬਾਕੀ ਚਾਰ ਹਨ–ਕਾਮ, ਕ੍ਰੋਧ, ਲੋਭ ਤੇ ਮੋਹ। ਗੁਰਮਤਿ ਵਿਚ ‘ਅਹੰ’ ਦੀ ਨਿਕ੍ਰਿਸ਼ਟਤਾ ਦਾ ਚਿਤ੍ਰਣ ਕਰਦੇ ਹੋਇਆਂ ਇਸ ਨੂੰ ਤਿਆਗਣ ਤੇ ਬਲ ਦਿੱਤਾ ਗਿਆ ਹੈ। ਇਸ ਲਈ ਗੁਰਬਾਣੀ ਵਿਚ  ‘ਹਉਮੈ’ ਪਰਿਭਾਸ਼ਿਕ ਸ਼ਬਦ ਦੀ ਵਰਤੋਂ ਵੀ ਕੀਤੀ ਗਈ ਹੈ।

          ਅਹੰ ਦੇ ਤਿਆਗਣ ਨਾਲ ਮਨੁੱਖੀ ਮਨ ‘ਜੋਤਿ ਸਰੂਪ’ ਬਣ ਜਾਂਦਾ ਹੈ ਤੇ ਇਸੇ ‘ਅਹੰ’ ਦਾ ਵਿਕ੍ਰਿਤ ਰੂਪ ਸੁਕ੍ਰਿਤ ਤੇ ਸੁਕੁਮਾਰ ਹੋ ਕੇ ‘ਸੋਹੰ’ ਹੋ ਜਾਂਦਾ ਹੈ, ਜਿਸ ਨੂੰ ਪੁਰਾਤਨ ਭਾਰਤੀ ਦਰਸ਼ਨ ‘ਅਹੰ ਬ੍ਰਹਮ ਅਸਮਿ’ ਆਖਦਾ ਹੈ। ਗੁਰਬਾਣੀ ਵਿਚ ਇਹ ਤੁਕਾਂ ਅਹੰ ਦੇ ਵਿਕ੍ਰਿਤ ਰੂਪ ਨੂੰ ਦਰਸਾਉਂਦੀਆਂ ਹਨ ਤੇ ਇਸ ਦੇ ਮਿਟਾਉਣ ਨੂੰ ਹੀ ਇਸ ਦਾ ਇਲਾਜ ਦਸਦੀਆਂ ਹਨ:

ਹਉਮੈ ਦੀਰਘ ਰੋਗ ਹੈ, ਦਾਰੂ ਭਿ ਇਸ ਮਾਹਿ।                             ––(ਆਸਾ. ਮ. ੧)

          ਅਹੰ ਦੇ ਪਰਿਆਇਵਾਚੀ ਹੋਰ ਸ਼ਬਦ ਜੋ ਆਮ ਤੌਰ ਤੇ ਵਰਤੇ ਜਾਂਦੇ ਹਨ ਉਹ ਹਨ ‘ਅਹੰਕਾਰ’, ‘ਅਹੰਤਾ’, ‘ਅਹਮੑ’। ‘ਅਹੰਕਾਰ’ ਸ਼ਬਦ ਬਹੁਤ ਪ੍ਰਾਚੀਨ ਹੈ। ਯੋਗੀਆਂ ਦੇ ਵਜ੍ਰਯਾਨੀ  ਫਿਰਕੇ ਵਿਚ ‘ਅਹੰਕਾਰ’ ਸ਼ਬਦ ਦਾ ਪ੍ਰਯੋਗ ਹੁੰਦਾ ਰਿਹਾ ਹੈ। ਆਪਣੇ ਆਪ ਨੂੰ ਦੇਵਤਾ ਸਮਝਣਾ ਵਜ੍ਰਯਾਨੀ ਸਾਧਨਾ ਵਿਚ ‘ਅਹੰਕਾਰ’ ਅਖਵਾਉਂਦਾ ਹੈ। ਵਜ੍ਰਯਾਨੀ ਮੰਨਦੇ ਹਨ ਕਿ ਸਾਧਨਾ ਸੰਪੂਰਣ ਹੋਣ ਉਤੇ ਸਾਧਕ ਵਿਚ ਇਕ ਆਵੇਸ਼ ਜਾਗਦਾ ਹੈ। ਉਸ ਆਵੇਸ਼ ਦੇ ਕਾਰਣ ਉਹ ਦੇਵਤਾ ਜਿਸ ਦੀ ਸਾਧਕ ਨੇ ਸਾਧਨਾ ਕੀਤੀ ਹੁੰਦੀ ਹੈ, ਸਾਧਕ ਨੂੰ ਆਪਣਾ ਮਾਧਿਅਮ ਬਣਾ ਲੈਂਦਾ ਹੈ ਤੇ ਆਪਣੇ ਆਪ ਨੂੰ ਉਸ ਵਿਚ ਪ੍ਰਗਟ ਕਰਦਾ ਹੈ। ‘ਅਹੰ’ ਦੀ ਅਨੁਭੂਤੀ ਅਹੰਤਾ ਹੈ, ਜਾਂ  ‘ਅਹੰ’ ਦੀ ਮਨੋਵਿਗਿਆਨਕ ਮਹੱਤਾ ਨੂੰ ‘ਅਹੰਤਾ’ ਆਖਦੇ ਹਨ। ਸੰਸਕ੍ਰਿਤ ਵਿਚ ਅਹੰਤਾ ਦਾ ਅਰਥ ਹੈ ‘ਮੈਪੁਣਾ’। ਸ਼ਬਦ ‘ਅਹਮੑ’ ਵੇਦਾਂਤ ਵਿਚੋਂ ਆਇਆ ਹੈ। ਉੱਥੇ ਇਸ ਦੇ ਅਰਥ ਅਹੰਕਾਰ ਜਾਂ ਮਮਤਾ ਹਨ ਪਰ ਆਧੁਨਿਕ ਮਨੋਵਿਗਿਆਨ ਨੇ ਇਸ ਨੂੰ ਵਿਸ਼ੇਸ਼ ਅਰਥਾਂ ਲਈ ਵਰਤਿਆ ਹੈ। ਫਰਾਇਡ ਨੇ ਮਨੁੱਖੀ ਅਹੰ ਦੀਆਂ ਤਿੰਨ ਤਹਿਆਂ ਮਿਥੀਆਂ ਹਨ– ਇਡ, ਈਗੋ ਤੇ ਸੁਪਰ ਈਗੋ (ਵੇਖੋ ‘ਉੱਚ ਅਹੰ’)। ਅਹੰਵਾਦ ਉਹ ਮਨੋਵਿਗਿਆਨ ਸਿਧਾਂਤ ਹੈ ਜਿਸ ਵਿਚ ਅਹੰ, ਖੁਦੀ, ਹਉਮੈ ਜਾਂ ‘ਮੈ’ ਨੂੰ ਹੀ ਪ੍ਰਮੁੱਖ ਤੇ ਸਭ ਕੁਝ ਮੰਨਿਆ ਜਾਂਦਾ ਹੈ।

          ਪੰਜਾਬੀ ਸਾਹਿੱਤ ਵਿਚ ‘ਅਹੰ’ ਦੀ ਵਧੇਰੇ ਵਰਤੋਂ ਪ੍ਰਯੋਗਸ਼ੀਲ ਕਵੀਆਂ ਵਲੋਂ ਹੋਈ ਹੈ, ਪਰ ਅਹੰ ਇੱਥੇ ਜਾਂ ਪੰਜਾਬੀ ਸਾਹਿੱਤ ਵਿਚ ਕਿਧਰੇ ਵੀ ‘ਵਾਦ’ ਨਹੀਂ ਬਣ ਸਕਿਆ ਤੇ ਨਾ ਹੀ ਸਿਧਾਂਤ ਰੂਪ ਵਿਚ ਇਸ ਨੂੰ ਅਪਣਾਇਆ ਗਿਆ ਹੈ। ਡਾ. ਹਰਿਭਜਨ ਸਿੰਘ, ਬਾਵਾ ਬਲਵੰਤ, ਸੁਖਪਾਲਵੀਰ ਸਿੰਘ ਹਸਰਤ, ਦੇਵਿੰਦਰ ਸਤਿਆਰਥੀ, ਜਸਵੰਤ ਸਿੰਘ ਨੇਕੀ, ਜਸਬੀਰ ਸਿੰਘ ਆਹਲੂਵਾਲੀਆ ਆਦਿ ਕਵੀਆਂ ਨੇ ‘ਅਹੰ’ ਨੂੰ ਵਿਸ਼ੇ ਦੇ ਤੌਰ ਤੇ ਤਾਂ ਲਿਆ ਹੈ ਪਰ ਸਿਧਾਂਤ ਰੂਪ ਵਿਚ ਇਸ ਦਾ ਚਿਤ੍ਰਣ ਨਹੀਂ ਕੀਤਾ।    [ਸਹਾ. ਗ੍ਰੰਥ–ਮ. ਕੋ.]   


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਹੰਕਾਰ, ਸੰਸਕ੍ਰਿਤ / ਪੁਲਿੰਗ : ਹੰਕਾਰ, ਘੁਮੰਡ, ਖੁਦੀ, ਹੈਂਕੜ

–ਅਹੰਕਾਰੀ, ਵਿਸ਼ੇਸ਼ਣ : ਹੰਕਾਰੀ, ਘੁਮੰਡੀ, ਅਭਿਮਾਨੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-10-15-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.