ਅੜਾਉਣੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅੜਾਉਣੀ : ਵੇਖੋ ‘ਬੁਝਾਰਤ’
ਬੁਝਾਰਤਾਂ: ‘ਬੁਝਾਰਤ’ ਦੇ ਕੋਸ਼ਗਤ ਅਰਥ ਹਨ ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ। ‘ਬੁਝਾਰਤ’ ਸ਼ਬਦ ਸਮਝੌਤੀ ਜਾਂ ਸਿੱਖਿਆ ਦੇ ਅਰਥਾਂ ਵਿਚ ਵੀ ਆਇਆ ਹੈ, ‘ਦੇਇ ਬੁਝਾਰਤ ਸਾਰਤਾ’ (ਗਾਉੜੀ ਮ. 5)। ‘ਸੁਖਮਨੀ’, ਦੀ ਟੂਕ ‘ਕਹਾ ਬੁਝਾਰਤਿ ਬੂਝੈ ਡੋਰਾ’ ਵਿਚ ਸ਼ਬਦ ਬੁਝਾਰਤ ਇਨ੍ਹਾਂ ਦੀ ਅਰਥਾਂ ਵਿਚ ਆਇਆ ਹੈ।
ਇਸ ਦੇ ਹੋਰ ਅਰਥ ਪਹੇਲੀ, ਅੜਾਉਣੀ, ਬਾਤ ਆਦਿ ਵੀ ਹਨ। ਇਹ ਇਸ ਸ਼ਬਦ ਦੇ ਵਧੇਰੇ ਪ੍ਰਚੱਲਿਤ ਅਰਥ ਹਨ। ਕਾਵਿਮਈ ਢੰਗ ਨਾਲ ਕੁਝ ਵਾਕੰਸ਼ ਬੋਲੇ ਜਾਂਦੇ ਹਨ ਜੋ ਬੁਝਾਰਤ ਹੁੰਦੇ ਹਨ ਤੇ ਸੁਣਨ ਵਾਲਿਆਂ ਤੋਂ ਇਸ ਦਾ ਉੱਤਰ ਬੁਝਾਇਆ ਜਾਂਦਾ ਹੈ। ਇਸ ਨੂੰ ਬਾਤ ਜਾਂ ਬੁਝਾਰਤ ਦਾ ਬੁਝਣਾ ਆਖਦੇ ਹਨ। ਮਿਸਾਲ ਦੇ ਤੌਰ ਤੇ ਬਾਤ ਪਾਉਣ ਵਾਲਾ ਆਖਦਾ ਹੈ : “ਥੜ੍ਹੇ ਤੇ ਥੜ੍ਹਾ, ਲਾਲ ਕਬੂਤਰ ਖੜ੍ਹਾ।” ਸੁਣਨ ਵਾਲਿਆਂ ਨੂੰ ਜੇ ਉੱਤਰ ਨਾ ਆਵੇ ਜਾਂ ਜੇ ਉਹ ਬਾਤ ਬੁਝ ਨਾ ਸਕਣ ਤਾਂ ਬਾਤ ਪਾਉਣ ਵਾਲਾ ਇਸ ਦਾ ਉੱਤਰ ‘ਦੀਵਾ’ ਆਪੇ ਆਖ ਦਿੰਦਾ ਹੈ। ਲੋਕ–ਕਾਵਿ ਵਿਚ ਇਨ੍ਹਾਂ ਬੁਝਾਰਤਾਂ ਦੀ ਖ਼ਾਸ ਮਹੱਤਾ ਹੈ ਤੇ ਇਹ ਲੋਕ–ਕਾਵਿ ਦਾ ਅਨਿੱਖੜ ਅੰਗ ਸਮਝੀਆਂ ਜਾਂਦੀਆਂ ਹਨ।
ਕਾਵਿ–ਸ਼ਾਸਤਰ ਵਿਚ ਬੁਝਾਰਤ (ਪ੍ਰਹੇਲਿਕਾ––ਪਹੇਲੀ ਜਾਂ ਬੁਝਾਰਤ) ਨਾਂ ਦਾ ਇਕ ਅਲੰਕਾਰ ਵੀ ਹੈ। ਇਸ ਨੂੰ ਉਭਯਾਲੰਕਾਰ ਦਾ ਨਾਂ ਦਿੱਤਾ ਜਾਂਦਾ ਹੈ। ਅਰਥ–ਪ੍ਰਹੇਲਿਕਾ ਜਾਂ ਅਰਥ–ਪਹੇਲੀ ਜਾਂ ਅਰਥ–ਬੁਝਾਰਤ ਅਰਥ–ਅਲੰਕਾਰ (ਚਿਤ੍ਰ) ਦਾ ਤੀਜਾ ਰੂਪ ਹੈ। ਇਹ ਇਕ ਅਜਿਹੀ ਬੁਝਾਰਤ ਹੁੰਦੀ ਹੈ ਜਿਸ ਦੇ ਅਰਥ–ਵਿਚਾਰ ਤੋਂ ਵਸਤੂ ਦਾ ਗਿਆਨ ਹੋ ਜਾਂਦਾ, ਪਰ ਬੁਝਾਰਤ ਵਿਚ ਸਪਸ਼ਟ ਨਾਂ ਨਹੀਂ ਦੱਸਿਆ ਜਾਂਦਾ ਜਿਵੇਂ ਕਿ ਹੇਠਾਂ ਲਿਖੀ ਉਦਾਹਰਣ ਤੋਂ ਪ੍ਰਤੱਖ ਹੁੰਦਾ ਹੈ :
ਪਉਣੈ ਪਾਣੀ ਅਗਨੀ ਕਾ ਮੇਲੁ।
ਚੰਚਲ ਚਪਲ ਬੁਧਿ ਕਾ ਖੇਲੁ।
ਨਉ ਦਰਵਾਜੇ ਦਸਵਾਂ ਦੁਆਰੁ।
ਬੁਝੁ ਰੇ ਗਿਆਨੀ ਏਹੁ ਬੀਚਾਰੁ। ––(ਆ. ਗ੍ਰੰਥ, ਪੰਨਾ 152)
ਇਸ ਬੁਝਾਰਤ ਦਾ ਉੱਤਰ ‘ਮਨੁੱਖੀ ਸਰੀਰ’ ਹੈ।
ਇਸ ਤਰ੍ਹਾਂ ਦੀਆਂ ਦੋ ਹੋਰ ਬੁਝਾਰਤਾਂ ਉਨ੍ਹਾਂ ਦੇ ਉੱਤਰਾਂ ਸਮੇਤ ਪੇਸ਼ ਹਨ :
ਬੁਝਾਰਤ :
ਪੰਚ ਮਨਾਏ, ਪੰਚ ਰੁਸਾਏ,
ਪੰਚ ਵਸਾਏ, ਪੰਚ ਗਵਾਏ,
ਇਨ ਬਿਧਿ ਨਗਰੁ ਵੁਠਾ ਮੇਰੇ ਭਾਈ। ––(ਆ. ਗ੍ਰੰਥ, ਪੰਨਾ 430)
ਉੱਤਰ :
ਸਤਯ, ਸੰਤੋਖ, ਦਯਾ, ਧਰਮ, ਅਤੇ ਧੀਰਜ ਮਨਾਏ।
ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ।
ਪੰਰ ਤਤਾਂ ਦੇ ਗੁਣ ਖਿਮਾਂ ਆਦਿ ਵਸਾਏ।
ਸਬਦ ਸਪਰਸ਼ ਆਦਿ ਪੰਜ ਵਿਸ਼ਾਯ ਗਵਾਏ।
ਬੁਝਾਤਰ :
ਸਾਰਾ ਪਉੜਾ ਦੂਜਾ ਗਾਉਣਾ।
ਨਰ ਨਾਰੀ ਥੇ ਦੋਨੋ ਭਉਣਾ।
ਕੁਝ ਖਾਧਾ ਕੁਝ ਲੈ ਕੇ ਸਉਣਾ।
ਉਤਰ ਦੇਹ ਗੁਰੂ ਜੀ ਕਉਣਾ?
(ਇਹ ਬੁਝਾਰਤ ਇਕ ਰਾਜਕੁਮਾਰੀ ਨੇ ਦਸਮ ਗੁਰੂ ਕੋਲ ਪਾਈ ਸੀ)
ਉੱਤਰ :
ਇਹ ਉੱਤਰ ਦਿੱਤਾ ਗਿਆ :
ਜਾਣੋ ਸਾਰਾ ਦੇਵ ਤਣ ਪੌਣਾ ਮਾਣਸ ਦੇਹ।
ਦੁਵਿਧਾ ਦੂਜੀ ਕਰ ਗਮਨ ਨਰ ਨਾਰੀ ਹ੍ਵੈ ਖੇਹ।
ਉਭੈ ਲੋਕ ਭੌਂਦਾ ਫਿਰੈ ਖਾਵਾ ਖ਼ਰਚ ਜ ਮਾਲ।
ਪ੍ਰਲੈ ਭਈ ਸੌਣਾ ਹੂਆ ਉੱਤਰ ਤੁਮਾਰਾ ਬਾਲ ––(‘ਗੁਰੂ ਪ੍ਰਤਾਪ ਸੂਰਜ ਗ੍ਰੰਥ’)
ਪ੍ਰਹੇਲਿਕਾ ਦਾ ਦੂਜਾ ਰੂਪ ਵਰਣ–ਪਹੇਲੀ ਜਾਂ ਵਰਣ–ਬੁਝਾਰਤ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪਹੇਲੀ ਜਾਂ ਬੁਝਾਰਤ ਦਾ ਉੱਤਰ ਪਹੇਲੀ ਦੇ ਅੱਖਰਾਂ, ਸ਼ਬਦਾਂ ਦੁਆਰਾ ਹੀ ਪ੍ਰਗਟ ਹੋਇਆ ਹੁੰਦਾ ਹੈ। ਉਦਾਹਰਣਾਂ ਇਸ ਪ੍ਰਕਾਰ ਹਨ :
ਕਿਸ ਤੇ ਪਸੂ ਜਿਉਂ ਪੇਟ ਭਰ, ਲੇਟਤ ਹੋਇ ਨਿਸੰਗ?
ਬੁੱਧੀ ਵਿੱਦਿਆ ਵਿਦਾ ਕਰ ਮਾਨ ਮਰਿਆਦਾ ਭੰਗ?
ਇਸ ਦਾ ਉੱਤਰ ‘ਭੰਗ’ ਹੈ ਜੋ ਪਹੇਲੀ ਦੇ ਅੰਤਮ ਸ਼ਬਦ ਵਿਚੋਂ ਪ੍ਰਗਟ ਹੋ ਗਿਆ ਹੈ।
ਪੰਜਾਬੀ ਲੋਕ–ਕਾਵਿ ਵਿਚ ਬੁਝਾਰਤਾਂ ਦਾ ਚੋਖਾ ਭੰਡਾਰ ਮਿਲਦਾ ਹੈ। ਵੰਨਗੀਆਂ ਇਹ ਹਨ :
ਔਹ ਗਈ ਔਹ ਗਈ। (ਨਿਗਾਹ)
ਮਾਂ ਪਤਲੀ ਪਤੰਗ ਪੁੱਤ ਲੁਬ ਜੇਹਾ।
ਮਾਂ ਗਈ ਨਹਾਣ ਪੁੱਤ ਡੁੱਬ ਗਿਆ ! (ਲੱਜ ਤੇ ਬੋਕਾ)
ਨੀਲੀ ਟਾਕੀ ਚਾਉਲ ਬੱਧੇ।
ਦਿਨੇ ਗੁਆਚੇ ਰਾਤੀ ਲੱਭੇ। (ਤਾਰੇ) ਇਤਿਆਦਿ ––(ਵੇਖੋ ‘ਲੋਕ ਗੀਤ’)
[ਸਹਾ. ਗ੍ਰੰਥ––ਮ. ਕੋ.]
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no
ਅੜਾਉਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੜਾਉਣੀ, ਇਸਤਰੀ ਲਿੰਗ : ਬੁਝਾਰਤ, ਗੁੰਝਲ, ਗੋਰਖਧੰਧਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-04-13-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First