ਅੰਬੇਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬੇਰ. ਰਾਜਪੂਤਾਨੇ ਅੰਦਰ ਕਛਵਾਹਾ ਵੰਸ਼ੀ ਰਾਜਪੂਤਾਂ ਦੀ ਰਾਜਧਾਨੀ. ਇਸ ਥਾਂ ਅੰਬਕੇਸ਼੍ਵਰ ਮਹਾਦੇਵ ਦਾ ਮੰਦਿਰ ਹੈ ਉਸ ਤੋਂ ਨਗਰ ਦਾ ਨਾਉਂ ਅੰਬੇਰ ਪਿਆ. ਕਈ ਕਲਪਨਾ ਕਰਦੇ ਹਨ ਕਿ ਰਾਜਾ ਅੰਬਰੀ੄ ਦੇ ਨਾਉਂ ਤੋਂ ਇਸ ਦੀ ਸੰਗ੍ਯਾ ‘ਅੰਬਰੀ੄ ਨਗਰ ਸੀ.1 ਇਹ ਜਯਪੁਰ ਰੇਲਵੇ ਸਟੇਸ਼ਨ ਤੋਂ ਸੱਤ ਮੀਲ ਉੱਤਰ ਪੂਰਵ ਹੈ. ਇੱਥੇ ‘ਜਯਗੜ੍ਹ’ ਕਿਲਾ, ਜੋ ਪੰਜ ਸੌ ਫੁਟ ਦੀ ਉੱਚੀ ਪਹਾੜੀ ਤੇ ਹੈ, ਵੇਖਣ ਲਾਇਕ ਹੈ. ਰਾਜਾ ਮਾਨ ਸਿੰਘ ਅਤੇ ਜਯ ਸਿੰਘ ਮਿਰਜ਼ਾ ਦੇ ਬਣਵਾਏ ਸੁੰਦਰ ਮਕਾਨ ਅੰਬੇਰ ਵਿੱਚ ਵੇਖੇ ਜਾਂਦੇ ਹਨ.

      ਸਨ ੧੭੨੮ ਵਿੱਚ ਮਹਾਰਾਜਾ ਜਯ ਸਿੰਘ ਸਵਾਈ ਨੇ ਨਵਾਂ ਨਗਰ ਜਯਪੁਰ ਵਸਾਕੇ ਉਸ ਨੂੰ ਰਾਜਧਾਨੀ ਥਾਪਿਆ. ਹੁਣ ਰਿਆਸਤ ਦਾ ਨਾਉਂ ਜਯਪੁਰ ਹੈ. ਅੰਬੇਰ ਦਾ ਨਾਉਂ ਆਮੇਰ ਅਤੇ ਅੰਬਰ ਭੀ ਵੇਖਣ ਵਿੱਚ ਆਉਂਦਾ ਹੈ. “ਮੇੜਤੇਸ ਅੰਬੇਰਪਤਿ ਅਮਿਤ ਸੈਨ ਲੈ ਸਾਥ.” (ਚਰਿਤ੍ਰ ੫੨)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਬੇਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਬੇਰ : ਇਹ ਰਾਜਸਥਾਨ ਦੀ ਇਕ ਉਜੜੀ ਹੋਈ ਪੁਰਾਣੀ ਨਗਰੀ ਹੈ, ਜਿਹੜੀ 1728 ਈ. ਤਕ ਅੰਬੇਰ ਰਾਜ ਦੀ ਰਾਜਧਾਨੀ ਸੀ। ਇਹ ਰਾਜਸਥਾਨ ਦੀ ਵਰਤਮਾਨ ਰਾਜਧਾਨੀ ਜੈਪੁਰ ਤੋਂ ਉੱਤਰ ਵਲ ਲਗਭਗ 8 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਦੇ ਪੁਰਾਣੇ ਇਤਿਹਾਸ ਦਾ ਠੀਕ ਪਤਾ ਨਹੀਂ ਲਗਦਾ। ਕਿਹਾ ਜਾਂਦਾ ਹੈ ਕਿ ਇਸ ਨਗਰੀ ਨੂੰ ਮੀਣਿਆਂ ਨੇ ਵਸਾਇਆ ਸੀ। ਸੰਨ 967 ਈ. ਵਿਚ ਇਹ ਨਗਰੀ ਬਹੁਤ ਵਸਦੀ ਰਸਦੀ ਸੀ। ਮੀਣਿਆਂ ਨੇ ਸੁਰੱਖਿਆ ਦੇ ਖ਼ਿਆਲ ਨਾਲ ਇਸ ਸਥਾਨ ਨੂੰ ਉਨ੍ਹਾਂ ਬਿਪਤਾ ਦੇ ਦਿਨਾਂ ਵਿਚ ਸਿਆਣਪ ਨਾਲ ਚੁਣਿਆ ਸੀ। ਇਹ ਨਗਰੀ ਅਰਾਵਲੀ ਪਰਬਤ ਦੀ ਇਕ ਘਾਟੀ ਵਿਚ ਵਸੀ ਹੋਈ ਹੈ ਅਤੇ ਲਗਭਗ ਚੌਹਾਂ ਪਾਸਿਆਂ ਤੋਂ ਪਹਾੜਾਂ ਨਾਲ ਘਿਰੀ ਹੋਈ ਹੈ। ਕਈ ਦਿਨਾਂ ਦੀ ਲੜਾਈ ਮਗਰੋਂ ਰਾਜਪੂਤਾਂ ਨੇ ਇਸ ਨੂੰ 1037 ਈ. ਵਿਚ ਮੀਣਿਆਂ ਦੇ ਰਾਜੇ ਤੋਂ ਜਿੱਤ ਲਿਆ ਅਤੇ ਇਸ ਨੂੰ ਆਪਣੀ ਸ਼ਕਤੀ ਦਾ ਕੇਂਦਰ ਬਣਾਇਆ। ਤਦ ਤੋਂ ਇਹ ਰਾਜਪੂਤਾਂ ਦੀ ਰਾਜਧਾਨੀ ਬਣੀ ਅਤੇ ਰਾਜ ਦਾ ਨਾਂ ਵੀ ਅੰਬੇਰ ਰਾਜ ਪੈ ਗਿਆ। ਸੰਨ 1728 ਈ. ਵਿਚ ਜਦ ਇਸ ਰਾਜ ਦੀ ਸ਼ਕਤੀ ਸਵਾਈ ਜੈ ਸਿੰਘ ਦੂਜੇ ਦੇ ਹੱਥ ਵਿਚ ਆਈ ਤਾਂ ਉਸ ਨੇ ਜੈਪੁਰ ਨੂੰ ਰਾਜਧਾਨੀ ਬਣਾ ਲਿਆ ਤਦ ਤੋਂ ਅੰਬੇਰ ਦੀ ਮਹੱਤਤਾ ਘਟਣੀ ਸ਼ੁਰੂ ਹੋ ਗਈ।

          ਇਹ ਕੁਦਰਤੀ ਤੌਰ ਤੇ ਬਹੁਤ ਹੀ ਸੁੰਦਰ ਸਥਾਨ ਹੈ। ਇਸ ਦੀਆਂ ਵੇਖਣ-ਯੋਗ ਥਾਵਾਂ ਵਿਚ ਰਾਜਪੂਤਾਂ ਦਾ ਮਹੱਲ ਹੈ ਜਿਸ ਨੂੰ 1600 ਈ. ਵਿਚ ਰਾਜਾ ਮਾਨ ਸਿੰਘ ਨੇ ਬਣਆਇਆ ਸੀ। ਇਸ ਦੀ ਉਤਲੀ ਮੰਜ਼ਿਲ ਤੋਂ ਚਹੁੰ ਪਾਸਿਆਂ ਦਾ ਨਜ਼ਾਰਾ ਬੜਾ ਹੀ ਸੁੰਦਰ ਪ੍ਰਤੀਤ ਹੁੰਦਾ ਹੈ। ਇਥੋਂ ਦਾ ਦੀਵਾਨਿ-ਆਮ ਵੀ ਵੇਖਣ-ਯੋਗ ਹੈ। ਇਸ ਨੂੰ ਮਿਰਜ਼ਾ ਰਾਜਾ ਜੈ ਸਿੰਘ ਨੇ ਬਣਵਾਇਆ ਸੀ। ਇਸ ਦੇ ਖੰਭਿਆਂ ਦੀ ਉਸਾਰੀ ਕਲਾ ਇਤਿਹਾਸ ਵਿਚ ਪ੍ਰਸਿੱਧ ਹੈ।

          ਵਰਤਮਾਨ ਅੰਬੇਰ ਨਗਰੀ ਵਿਚ ਕੁਝ ਪੁਰਾਣੇ ਦਿਲਕਸ਼ ਖੰਡਰਾਂ ਤੋਂ ਇਲਾਵਾ ਹੋਰ ਕੁਝ ਵਰਨਣ-ਯੋਗ ਨਹੀਂ ਹੈ। ਇਹ ਨਗਰੀ ਇਸ ਵੇਲੇ ਲਗਭਗ ਉੱਜੜ ਚੁੱਕੀ ਹੈ। ਵੱਡੀਆਂ ਵੱਡੀਆਂ ਇਮਾਰਤਾਂ ਢਹਿ ਚੁੱਕੀਆਂ ਹਨ ਅਤੇ ਇਤਿਹਾਸ ਵਿਚ ਅੰਬੇਰ ਦੀ ਨਗਰੀ ਦੀ ਕੇਵਲ ਯਾਦ ਹੀ ਰਹਿ ਗਈ ਹੈ। ਅੰਬੇਰ ਵਿਚ ਮਿਉਂਸਪਲਟੀ ਹੈ।

          ਆਬਾਦੀ––9,795 (1971)

          26°51' ਉ. ਵਿਥ.; 75°50' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.