ਅੰਮ੍ਰਿਤਸਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤਸਰ [ਨਾਂਪੁ] ਇਕ ਪ੍ਰਸਿੱਧ ਇਤਿਹਾਸਕ ਸ਼ਹਿਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਮ੍ਰਿਤਸਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤਸਰ ਦੇਖੋ, ਅਮ੍ਰਿਤਸਰ। ੨ ਸਤਸੰਗ. ਸਾਧੁ ਸਮਾਜ. “ਅੰਮ੍ਰਿਤਸਰੁ ਸਿਫਤੀ ਦਾ ਘਰੁ.” (ਸਵਾ ਮ: ੩) ੩ ਮੁਕਤਿ ਦਾ ਸਰੋਵਰ. “ਸਤਿਗੁਰੁ ਹੈ ਅੰਮ੍ਰਿਤਸਰ ਸਾਚਾ.” (ਮਾਝ ਅ: ਮ: ੩) ੪ ਆਤਮਗ੍ਯਾਨ। ੫ ਆਤਮ ਸ੍ਵਰੂਪ. “ਕਾਇਆ ਅੰਦਰਿ ਅੰਮ੍ਰਿਤਸਰ ਸਾਚਾ.” (ਮਾਰੂ ਸੋਲਹੇ ਮ: ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਮ੍ਰਿਤਸਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤਸਰ : ਸਿੱਖਾਂ ਦਾ ਪ੍ਰਮੁਖ ਪਵਿੱਤਰ ਨਗਰ ਪੰਜਾਬ ਵਿਚ ਅੰਮ੍ਰਿਤਸਰ ਜ਼ਿਲੇ ਦਾ ਸਦਰ ਮੁਕਾਮ ਹੈ। ਇਸ ਸ਼ਹਿਰ ਦੀ ਨੀਂਹ 1577 ਵਿਚ ਗੁਰੂ ਰਾਮ ਦਾਸ ਜੀ (1534-81) ਨੇ ਉਦੋਂ ਰਖੀ ਸੀ ਜਦੋਂ ਇਹਨਾਂ ਨੇ ਇਸ ਅਸਥਾਨ ‘ਤੇ ਪਵਿੱਤਰ ਸਰੋਵਰ (ਅੰਮ੍ਰਿਤ-ਅੰਮਿਓ ਰਸ ; ਸਰ-ਸਰੋਵਰ) ਦੀ ਖੁਦਾਈ ਦਾ ਕਾਰਜ ਅਰੰਭਿਆ ਸੀ। ਕੁਝ ਸ੍ਰੋਤਾਂ ਅਨੁਸਾਰ, ਇਹ ਜ਼ਮੀਨ ਗੁਰੂ ਅਮਰ ਦਾਸ ਜੀ (1479-1574) ਦੇ ਸਮੇਂ ਨੇੜੇ ਦੇ ਪਿੰਡ ਤੁੰਗ ਦੇ ਵਸਨੀਕਾਂ ਤੋਂ ਖਰੀਦੀ ਗਈ ਸੀ ਅਤੇ ਕੁਝ ਹੋਰ ਸ੍ਰੋਤਾਂ ਅਨੁਸਾਰ ਇਹ ਜ਼ਮੀਨ ਮੁਗ਼ਲ ਬਾਦਸ਼ਾਹ ਅਕਬਰ (1542-1605) ਵਲੋਂ ਗੁਰੂ ਰਾਮ ਦਾਸ ਜੀ ਨਾਲ ਵਿਆਹੀ ਗਈ ਗੁਰੂ ਅਮਰ ਦਾਸ ਜੀ ਦੀ ਸੁਪੁੱਤਰੀ, ਬੀਬੀ ਭਾਨੀ ਜੀ, ਨੂੰ ਸੁਗਾਤ ਵਜੋਂ ਦਿੱਤੀ ਗਈ ਸੀ। ਇਸ ਪਵਿੱਤਰ ਸਰੋਵਰ ਦੇ ਦੁਆਲੇ ਜੋ ਆਬਾਦੀ ਹੋਈ ਉਸ ਨੂੰ ਸ਼ੁਰੂ ਵਿਚ ਰਾਮਦਾਸਪੁਰ ਜਾਂ ਚੱਕ ਰਾਮਦਾਸ ਜਾਂ ਕੇਵਲ ਚੱਕ ਗੁਰੂ ਕਿਹਾ ਜਾਂਦਾ ਸੀ। ਗੁਰੂ ਰਾਮ ਦਾਸ ਜੀ ਨੇ ਵੱਖ ਵੱਖ ਵਪਾਰਾਂ ਅਤੇ ਕਿੱਤਿਆਂ ਦੇ ਲੋਕਾਂ ਨੂੰ ਇਥੇ ਵੱਸਣ ਲਈ ਉਤਸ਼ਾਹਿਤ ਕੀਤਾ। ਇਹ ਸ਼ਹਿਰ ਉਹਨਾਂ ਤੋਂ ਪਿੱਛੋਂ ਉਹਨਾਂ ਦੇ ਸਾਹਿਬਜ਼ਾਦੇ ਅਤੇ ਜਾਨਸ਼ੀਨ ਗੁਰੂ ਅਰਜਨ ਦੇਵ ਜੀ (1563-1606) ਦੀ ਦੇਖ-ਰੇਖ ਹੇਠ ਹੋਰ ਵਧਿਆ ਫੁਲਿਆ ਅਤੇ ਇਹਨਾਂ ਨੇ ਸਰੋਵਰ ਨੂੰ ਮੁਕੰਮਲ ਅਤੇ ਇਸ ਦੀਆਂ ਪੌੜੀਆਂ ਨੂੰ ਪੱਕਾ ਕਰਵਾਇਆ। ਇਸ ਦੇ ਵਿਚਕਾਰ ਪਵਿੱਤਰ ਧਰਮ ਅਸਥਾਨ, ਹਰਿਮੰਦਰ ਸਾਹਿਬ ਵੀ ਬਣਾਇਆ ਜੋ ਗੋਲਡਨ ਟੈਂਪਲ ਨਾਂ ਨਾਲ ਵੀ ਪ੍ਰਸਿੱਧ ਹੈ। ਇਸਦੇ ਨੇੜੇ ਹੋਰ ਦੋ ਸਰੋਵਰ, ਸੰਤੋਖਸਰ ਅਤੇ ਰਾਮਸਰ, ਖੁਦਵਾਏ। ਰਾਮਸਰ ਸਰੋਵਰ ਦੇ ਕਿਨਾਰੇ ਹੀ ਉਹਨਾਂ ਨੇ ਆਦਿ ਗ੍ਰੰਥ (ਪਿੱਛੋਂ ਗੁਰੂ ਗ੍ਰੰਥ ਸਾਹਿਬ) ਦੇ ਸੰਕਲਨ ਦਾ ਕੰਮ ਸੰਪੂਰਨ ਕੀਤਾ। ਹਰਿਮੰਦਰ ਸਾਹਿਬ ਵਿਚ 16 ਅਗਸਤ 1604 ਨੂੰ (ਗੁਰੂ) ਗ੍ਰੰਥ ਸਾਹਿਬ ਦੀ ਸਥਾਪਨਾ ਕਰਨ ਨਾਲ ਇਹ ਧਰਮ ਅਸਥਾਨ ਅਤੇ ਸਰੋਵਰ ਅੰਮ੍ਰਿਤਸਰ ਸ਼ਹਿਰ ਦਾ ਮੁੱਖ ਆਕਰਸ਼ਣ ਬਣ ਗਏ ਅਤੇ ਦੂਰੋ ਨੇੜਿਓਂ ਸਿੱਖਾਂ ਲਈ ਤੀਰਥ ਅਸਥਾਨ ਬਣ ਗਿਆ।ਇਤਨੇ ਸਮੇਂ ਵਿਚ ਇਸ ਸ਼ਹਿਰ ਨੂੰ ਹੀ ਅੰਮ੍ਰਿਤਸਰ ਕਿਹਾ ਜਾਣ ਲੱਗ ਪਿਆ।

    ਗੁਰੂ ਹਰਗੋਬਿੰਦ ਸਾਹਿਬ (1595-1644) ਨੇ ਸਰੋਵਰ ਦੇ ਨੇੜੇ ਅਤੇ ਹਰਿਮੰਦਰ ਦੇ ਸਾਮ੍ਹਣੇ ਅਕਾਲ ਤਖ਼ਤ ਸਾਹਿਬ, (ਸਦੀਵੀ ਤਖ਼ਤ) ਤਿਆਰ ਕਰਵਾਇਆ ਜਿਥੇ ਇਹ ਬਿਰਾਜਮਾਨ ਹੋ ਕੇ ਸਿੱਖਾਂ ਦੇ ਰਾਜਨੀਤਿਕ ਮਸਲਿਆਂ ਦੇ ਫ਼ੈਸਲੇ ਕਰਦੇ ਸਨ। ਇਹਨਾਂ ਨੇ ਵੀ ਸ਼ਹਿਰ ਵਿੱਚ ਦੋ ਹੋਰ ਸਰੋਵਰ, ਕੌਲਸਰ ਅਤੇ ਬਿਬੇਕਸਰ ਤਿਆਰ ਕਰਵਾਏ। ਗੁਰੂ ਹਰਗੋਬਿੰਦ ਸਾਹਿਬ ਨੇ ਸ਼ਹਿਰ ਦੇ ਪੱਛਮੀ ਚੁਗਿਰਦੇ ਤੇ ਕਿਲਾ ਲੋਹਗੜ੍ਹ (ਸ਼ਾਬਦਿਕ ਅਰਥ ਸਟੀਲ ਦਾ ਕਿਲਾ) ਬਣਵਾਇਆ। ਛੇਤੀ ਹੀ ਇਹਨਾਂ ਦਾ ਮੁਗਲ ਰਾਜ ਨਾਲ ਟਕਰਾਅ ਹੋ ਗਿਆ ਅਤੇ ਇਹ ਸ਼ਹਿਰ ਵਿਚ ਅਤੇ ਬਾਹਰ ਲਗਾਤਾਰ ਝੜਪਾਂ ਵਿਚ ਰੁੱਝ ਗਏ। ਇਹਨਾਂ ਨੇ 1635 ਵਿਚ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਜਾਣ ਦਾ ਫੈਸਲਾ ਕਰ ਲਿਆ। ਇਹ ਨਗਰ ਆਪ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੇ ਇਹਨਾਂ ਦੇ ਕਹਿਣ ਤੇ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਵਸਾਇਆ। ਇਸ ਤੋਂ ਪਿੱਛੋਂ ਕੋਈ ਵੀ ਗੁਰੂ ਸਾਹਿਬ ਅੰਮ੍ਰਿਤਸਰ ਨਹੀਂ ਰਹੇ ਅਤੇ ਸਤਾਰ੍ਹਵੀਂ ਸਦੀ ਦਾ ਬਾਕੀ ਸਮਾਂ ਅੰਮ੍ਰਿਤਸਰ ਉੱਤੇ ਗੁਰੂ ਹਰਗੋਬਿੰਦ ਜੀ ਦੇ ਤਾਇਆ ਦੇ ਪੁੱਤਰ ਦੁਫੇੜ ਪਾਊ ਮੀਣਾ ਸੰਪਰਦਾਇ ਦੇ ਮੁਖੀ ਮਿਹਰਬਾਨ ਅਤੇ ਉਸਦੇ ਪੁੱਤਰ ਹਰਜੀ ਦਾ ਕਬਜ਼ਾ ਰਿਹਾ। ਸੰਨ 1699 ਵਿਚ ਖ਼ਾਲਸੇ ਦੀ ਸਿਰਜਣਾ ਪਿੱਛੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਕੁਝ ਹੋਰ ਸਿੱਖਾਂ ਸਹਿਤ ਅੰਮ੍ਰਿਤਸਰ ਜਾ ਕੇ ਤੇ ਸ਼ਹਿਰ ਦਾ ਪ੍ਰਬੰਧ ਆਪਣੇ ਹਥ ਲੈਣ ਅਤੇ ਖ਼ਾਲਸਾ ਪੰਥ ਵੱਲੋਂ ਧਰਮ ਅਸਥਾਨਾਂ ਦਾ ਪ੍ਰਬੰਧ ਕਰਨ ਦਾ ਕੰਮ ਸੌਂਪਿਆ।

      ਅਠਾਰ੍ਹਵੀਂ ਸਦੀ ਵਿਚ ਅੰਮ੍ਰਿਤਸਰ ਨੇ ਸਿੱਖ ਕੌਮ ਦੀ ਤਰ੍ਹਾਂ, ਇਤਿਹਾਸ ਵਿਚ ਕਈ ਪ੍ਰਕਾਰ ਦੇ ਉਤਰਾਅ ਚੜ੍ਹਾਅ ਵੇਖੇ। ਕਈ ਵਾਰੀ ਇਸ ਦੀ ਬੇਅਦਬੀ ਹੋਈ ਅਤੇ ਇਹ ਉਦੋਂ ਤਕ ਢਾਹਿਆ ਜਾਂਦਾ ਰਿਹਾ (ਵੇਖੋ ਹਰਿਮੰਦਰ) ਜਿਤਨੀ ਦੇਰ ਤਕ, 1765 ਵਿਚ ਪੰਜਾਬ ਉੱਤੇ ਸਿੱਖ ਮਿਸਲਾਂ ਦਾ ਰਾਜ ਸਥਾਪਿਤ ਨਹੀਂ ਹੋਇਆ। ਇਸ ਪਿੱਛੋਂ ਸ਼ਹਿਰ ਉੱਤੇ ਕਈ ਮਿਸਲ ਮੁਖੀਆਂ ਦਾ ਪ੍ਰਬੰਧ ਰਿਹਾ, ਭਾਵੇਂ ਕਿ ਇਸ ਦੇ ਨੇੜੇ ਦੇ ਜ਼ਿਲੇ ‘ਤੇ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਦਾ ਕਬਜ਼ਾ ਸੀ। ਵੱਖ ਵੱਖ ਸਰਦਾਰਾਂ ਜਾਂ ਮੁਖੀਆਂ ਨੇ ਮੁਖ ਸਰੋਵਰ ਦੇ ਦੁਆਲੇ ਆਪਣੇ ਆਪਣੇ ਬੁੰਗੇ ਬਣਾ ਲਏ ਅਤੇ ਆਪਣੇ ਕਟੜੇ ਜਾਂ ਹਲਕੇ ਦੇ ਵਪਾਰੀਆਂ ਅਤੇ ਸ਼ਿਲਪਕਾਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਉਹਨਾਂ ਵਿਚ ਰਹਿਣ ਲਈ ਪ੍ਰੇਰਿਤ ਕੀਤਾ ਜਿਨ੍ਹਾਂ ਉੱਤੇ ਇਕੱਲੇ ਇਕੱਲੇ ਦਾ ਪੂਰਨ ਅਧਿਕਾਰ ਹੁੰਦਾ ਸੀ। ਪਵਿੱਤਰ ਧਰਮ ਅਸਥਾਨਾਂ ਦਾ ਪ੍ਰਬੰਧ ਮੁਖੀਆਂ ਦੇ ਪ੍ਰਤੀਨਿਧਾਂ ਦੀ ਸਾਂਝੀ ਕੌਂਸਲ ਰਾਹੀਂ ਕੀਤਾ ਜਾਂਦਾ ਸੀ ਜਿਹੜੇ ਉਹਨਾਂ ਦੇ ਖਰਚੇ ਲਈ ਜ਼ਮੀਨਾਂ ਧਰਮ ਅਰਥ ਦਾਨ ਦਿੰਦੇ ਸਨ। ਮਿਸਲਾਂ ਦੀ ਚੜ੍ਹਤ ਵਿਚ ਆਉਣ ਤੋਂ ਪਹਿਲਾਂ ਦੇ ਸਮੇਂ ਵਿਚ ਵੀ ਸਰਬੱਤ ਖ਼ਾਲਸਾ (ਸ਼ਾਬਦਿਕ ਅਰਥ ਹੈ ਸਮੁੱਚੀ ਕੌਮ) ਵਜੋਂ ਜਾਣੀਆਂ ਜਾਂਦੀਆਂ ਸਾਂਝੀਆਂ ਕੌਂਸਲਾਂ ਰਾਜਨੀਤਿਕ ਮਸਲਿਆਂ ਸੰਬੰਧੀ ਅੰਮ੍ਰਿਤਸਰ ਵਿਚ ਹੋਏ ਇਕੱਠਾਂ ਵਿਚ ਮਹੱਤਵਪੂਰਨ ਫ਼ੈਸਲੇ ਲੈਂਦੀਆਂ ਸਨ। ਹੁਣ ਫੇਰ ਸਾਰੇ ਮੁਖੀਆਂ ਰਾਹੀਂ ਜਿਨ੍ਹਾਂ ਦੇ ਉੱਥੇ ਬੁੰਗੇ ਸਨ ਅੰਮ੍ਰਿਤਸਰ ਖ਼ਾਲਸੇ ਦੀ ਸਾਂਝੀ ਰਾਜਧਾਨੀ ਬਣ ਗਈ। ਛੇ ਦਹਾਕਿਆਂ ਦੇ ਲੰਮੇ ਸਮੇਂ ਦੇ ਘੋਰ ਕਸ਼ਟਾਂ ਵਿਚੋਂ ਲੰਘਣ ਮਗਰੋਂ ਸੰਗਤਾਂ ਦੂਰੋਂ ਨੇੜਿਓਂ ਗੁਰੂ ਕੀ ਨਗਰੀ (ਗੁਰੂ ਦਾ ਸ਼ਹਿਰ) ਵਿਚ ਆਉਣ ਜਾਣ ਲਈ ਅਜ਼ਾਦ ਹੋ ਕੇ ਗੁਰੂ ਕੀ ਨਗਰੀ ਵਲ ਉਮਡ ਪਈਆਂ। ਇਸ ਤਰ੍ਹਾਂ ਹੀ ਵਪਾਰੀ ਅਤੇ ਸੌਦਾਗਰ ਵੱਧ ਰਹੇ ਯਾਤਰੂਆਂ ਅਤੇ ਨਿਵਾਸੀਆਂ ਦਾ ਲਾਭ ਉਠਾਉਣ ਲਈ ਆਉਂਦੇ ਗਏ। ਵਪਾਰ , ਤਜਾਰਤ ਅਤੇ ਸ਼ਿਲਪਕਲਾ ਵੱਖ ਵੱਖ ਕਟੜਿਆਂ ਵਿਚ ਵਧੀ ਫੁੱਲੀ। ਇਹਨਾਂ ਵਿਚੋਂ ਹਰੇਕ ਦੀ ਆਪਣੀ ਮੰਡੀ ਅਤੇ ਕਾਰਖਾਨੇ ਸਨ। ਅਠਾਰ੍ਹਵੀਂ ਸਦੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਮੁਖ ਵਪਾਰਕ ਕੇਂਦਰ ਬਣ ਚੁਕਾ ਸੀ। ਫਿਰ ਵੀ ਇਹ ਸ਼ਹਿਰ ਜਿਸ ਵਿਚ ਕਈਆਂ ਦੀ ਪ੍ਰਭੂਸੱਤਾ ਸੀ, ਉਦੋਂ ਤਕ ਸੰਜੁਗਤ ਸੰਗਠਨਾਂ ਅਧੀਨ ਰਿਹਾ ਜਦੋਂ ਤਕ ਮਹਾਰਾਜਾ ਰਣਜੀਤ ਸਿੰਘ (1780-1839) ਨੇ ਸਾਰੇ ਪੰਜਾਬ ਨੂੰ ਇਕ ਪ੍ਰਭੁਤਾ ਸੰਪੰਨ ਰਾਜ ਵਿਚ ਸੰਗਠਿਤ ਨਹੀਂ ਕਰ ਦਿੱਤਾ।

    ਸੁੱਕਰਚੱਕੀਆ ਮਿਸਲ ਦੇ ਮੁਖੀ, ਰਣਜੀਤ ਸਿੰਘ ਨੇ 1799 ਵਿਚ ਪਹਿਲੀ ਵਾਰੀ ਪੰਜਾਬ ਦੀ ਪਰੰਪਰਾਗਤ ਰਾਜਧਾਨੀ ਲਾਹੌਰ ਤੇ ਕਬਜ਼ਾ ਕਰ ਲਿਆ ਅਤੇ ਆਪਣੇ ਆਪ ਨੂੰ 1801 ਵਿਚ ਮਹਾਰਾਜਾ ਐਲਾਨ ਕਰ ਦਿੱਤਾ। ਸੰਨ 1805 ਵਿਚ ਉਸ ਨੇ ਅੰਮ੍ਰਿਤਸਰ ਉੱਤੇ ਆਪਣਾ ਕਬਜ਼ਾ ਕਰ ਲਿਆ ਅਤੇ ਉਦੋਂ ਹੀ ਉਸਨੇ ਆਪਣੇ ਪਰੰਪਰਾਗਤ ਵਿਰੋਧੀ ਭੰਗੀ ਮੁਖੀਆਂ ਤੋਂ ਉਹਨਾਂ ਦਾ ਕਿਲਾ, ਨਾਨਕਸ਼ਾਹੀ ਸਿੱਕਾ ਢਾਲਣ ਵਾਲੀ ਟਕਸਾਲ ਅਤੇ ਮਸ਼ਹੂਰ ਜ਼ਮਜ਼ਮਾ ਤੋਪ ਕਬਜ਼ੇ ਵਿਚ ਕਰ ਲਈ। ਉਸ ਨੇ ਰਾਮਗੜ੍ਹੀਆ ਮਿਸਲ ਦਾ ਕਿਲਾ 1815 ਵਿਚ ਕਬਜ਼ੇ ਵਿਚ ਕੀਤਾ। ਕਨ੍ਹਈਆ ਮਿਸਲ ਦੀ ਰਾਣੀ ਸਦਾ ਕੌਰ ਦੇ ਅਤੇ 1820 ਦੇ ਸ਼ੁਰੂ ਵਿਚ ਅੰਮ੍ਰਿਤਸਰ ਵਿਚ ਫਤਿਹ ਸਿੰਘ ਆਹਲੂਵਾਲੀਆ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲੈਣ ਉਪਰੰਤ ਅੰਮ੍ਰਿਤਸਰ ਉੱਤੇ ਅਧਿਕਾਰ ਦਾ ਕੰਮ ਪੂਰਾ ਹੋ ਚੁੱਕਾ ਸੀ। ਫਿਰ ਉਸ ਨੇ ਦੂਹਰੀ ਕੰਧ ਅਤੇ ਸ਼ਹਿਰ ਦੇ ਦੁਆਲੇ ਬਾਰਾਂ ਦਰਵਾਜ਼ਿਆਂ ਨਾਲ ਇਕ ਖਾਈ ਪੁਟਵਾਈ ਅਤੇ ਉਹਨਾਂ ਦਰਵਾਜਿਆਂ ਲਈ ਪੁਲ ਬਣਵਾਏ। ਪਹਿਲਾਂ ਹੀ 1809 ਵਿਚ ਉਸਨੇ ਲਾਹੌਰੀ ਦਰਵਾਜ਼ੇ ਦੇ ਬਾਹਰ ਇਕ ਬਹੁਤ ਵੱਡੀ ਖਾਈ ਦੇ ਨਾਲ ਗੋਬਿੰਦਗੜ੍ਹ ਕਿਲਾ ਬਣਵਾ ਦਿੱਤਾ ਸੀ ਜਿਸ ਵਿਚ ਰੱਖਿਆ ਦੀਆਂ ਤਿੰਨ ਪਰਤਾਂ ਅਤੇ ਕਈ ਬੁਰਜ ਅਤੇ ਭਾਰੀ ਤੋਪਾਂ ਰੱਖਣ ਲਈ ਥੜ੍ਹੇ ਤਿਆਰ ਕਰਵਾਏ ਗਏ ਸਨ। ਇਸ ਤਰ੍ਹਾਂ ਅੰਮ੍ਰਿਤਸਰ ਪਹਿਲਾਂ ਹੀ ਉਸ ਦੀ ਦੂਸਰੀ ਰਾਜਧਾਨੀ ਬਣ ਚੁਕਾ ਸੀ। ਸ਼ਾਹੀ ਤੋਸ਼ਾਖਾਨਾ ਜਾਂ ਖਜ਼ਾਨਾ ਗੋਬਿੰਦਗੜ੍ਹ ਕਿਲੇ ਵਿਚ ਰੱਖਿਆ ਜਾਂਦਾ ਸੀ। ਸ਼ਹਿਰ ਵਿਚ 1831 ਵਿਚ ਰਾਮ ਬਾਗ ਮਹਿਲ ਬਣਨ ਤੋਂ ਪਹਿਲਾਂ ਮਹਾਰਾਜਾ ਦੇ ਅਕਸਰ ਅੰਮ੍ਰਿਤਸਰ ਆਉਣ ਸਮੇਂ ਸ਼ਾਹੀ ਨਿਵਾਸ ਗੋਬਿੰਦਗੜ੍ਹ ਕਿਲੇ ਵਿਚ ਹੀ ਹੁੰਦਾ ਸੀ। ਕਈ ਅਹਿਲਕਾਰਾਂ ਨੇ ਵੀ ਆਪਣੇ ਸ਼ਾਹੀ ਬੰਗਲੇ ਉਸਾਰ ਲਏ ਅਤੇ ਸ਼ਹਿਰ ਵਿਚ ਤੇ ਉਸ ਦੇ ਆਲੇ ਦੁਆਲੇ ਸੁੰਦਰ ਬਾਗ ਬਣਾ ਲਏ। ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਦੇ ਗੁੰਬਦਾਂ ਅਤੇ ਬਾਹਰੀ ਦਿੱਖ ਵਾਲੇ ਹਿੱਸੇ ਉੱਤੇ ਸੋਨਾ ਲਗਾਉਣ ਅਤੇ ਇਸ ਤੋਂ ਇਲਾਵਾ ਅੰਦਰਲੇ ਹਿੱਸੇ ਨੂੰ ਵਧੀਆ ਚਿੱਤਰਕਾਰੀ, ਮੀਨਾਕਾਰੀ , ਤਾਰਕਸ਼ੀ ਅਤੇ ਕੰਧ ਚਿੱਤਰਾਂ ਦੀ ਸਜਾਵਟ ਅਤੇ ਸੰਗਮਰਮਰ ਵਿਚ ਰੰਗਾਂ ਵਾਲੇ ਪੱਥਰ ਜੜਾਉਣ ਦੀ ਸੇਵਾ ਲਈ ਬੜੀ ਸ਼ਰਧਾ ਨਾਲ ਖੁੱਲ੍ਹੀ ਮਾਇਆ ਭੇਟ ਕੀਤੀ। ਰਣਜੀਤ ਸਿੰਘ ਦੇ ਅੰਮ੍ਰਿਤਸਰ ਉੱਤੇ ਕਬਜ਼ੇ ਤੋਂ ਹੀ ਪਵਿੱਤਰ ਸ਼ਹਿਰ ਵਿਚ ਪਵਿੱਤਰ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਪ੍ਰਬੰਧਕ ਥਾਪੇ ਗਏ। ਸਰਦਾਰ ਦੇਸਾ ਸਿੰਘ ਮਜੀਠੀਆ (ਅ.ਚ.1832) ਨੇ ਗੁਰਦੁਆਰਾ ਬਾਬਾ ਅਟੱਲ ਦੇ ਗੁੰਬਦ ਉੱਤੇ ਸੋਨਾ ਚੜ੍ਹਾਉਣ ਲਈ ਸੋਨਾ ਦਾਨ ਦਿੱਤਾ ਸੀ।

    ਸਿੱਖ ਰਾਜ ਸਮੇਂ ਅੰਮ੍ਰਿਤਸਰ ਇਕ ਪ੍ਰਮੁੱਖ ਸਨਅਤੀ ਅਤੇ ਵਪਾਰਕ ਸ਼ਹਿਰ ਬਣ ਗਿਆ। ਸਭ ਤੋਂ ਵਧੇਰੇ ਮਹੱਤਵਪੂਰਨ ਉਦਯੋਗ ਕੱਪੜੇ ਦੇ ਸਨ, ਖਾਸ ਕਰਕੇ ਸ਼ਾਲ ਅਤੇ ‘ਸੂਸੀ` ਕਹੇ ਜਾਣ ਵਾਲੇ ਵਧੀਆ ਸੂਤੀ ਕੱਪੜੇ ਬਣਦੇ ਸਨ। ਸੰਨ 1833 ਵਿਚ ਕਸ਼ਮੀਰ ਵਿਚ ਕਾਲ ਪੈ ਜਾਣ ਕਰਕੇ ਬਹੁਤ ਗਿਣਤੀ ਵਿਚ ਸੁਸਿਖਿਅਤ ਕਸ਼ਮੀਰੀ ਜੁਲਾਹਿਆਂ ਦੇ ਸ਼ਹਿਰ ਵਿਚ ਆਉਣ ਨਾਲ ਸ਼ਾਲਾਂ ਬਣਾਉਣ ਦੇ ਕਾਰਖਾਨਿਆਂ ਦੇ ਕੰਮ ਵਿਚ ਤੇਜ਼ੀ ਆ ਗਈ। ਕੱਚਾ ਮਾਲ , ਪਸ਼ਮੀਨਾ ਉੱਨ , ਹਿਮਾਲੀਆ ਪਾਰ ਦੇ ਖੇਤਰਾਂ ਲਦਾਖ , ਤਿੱਬਤ ਅਤੇ ਮਧ ਏਸ਼ੀਆ ਤੋਂ ਆਉਂਦੀ ਸੀ। ਇਸ ਤੋਂ ਇਲਾਵਾ ਰੇਸ਼ਮ ਬੁਣਨਾ, ਗਲੀਚੇ ਬਣਾਉਣਾ, ਪਿੱਤਲ ਅਤੇ ਤਾਂਬੇ ਦੇ ਭਾਂਡੇ ਅਤੇ ਹਾਥੀ ਦੰਦ ਦੀਆਂ ਵਸਤਾਂ ਤਿਆਰ ਕਰਨ ਵਾਲੇ ਮਹੱਤਵਪੂਰਨ ਕਾਰਖਾਨੇ ਵੀ ਸਨ।

        1849 ਵਿਚ ਬ੍ਰਿਟਿਸ਼ ਦੁਆਰਾ ਪੰਜਾਬ ਨੂੰ ਆਪਣੇ ਨਾਲ ਮਿਲਾਉਣ ਪਿੱਛੋਂ ਵੀ ਅੰਮ੍ਰਿਤਸਰ ਉੱਤਰ ਪੂਰਬੀ ਭਾਰਤ ਵਿਚ ਸਿੱਖਾਂ ਦਾ ਸਭ ਤੋਂ ਵੱਧ ਪਵਿੱਤਰ ਸ਼ਹਿਰ, ਸਭ ਤੋਂ ਵੱਧ ਮਹੱਤਵਪੂਰਨ ਤਜਾਰਤੀ ਅਤੇ ਸਨਅਤੀ ਕੇਂਦਰ ਬਣਿਆ ਰਿਹਾ। ਪੰਜਾਬ ਵਿਚ 1855 ਵਿਚ ਹੋਈ ਪਹਿਲੀ ਜਨਗਣਨਾ ਵਿਚ ਲਾਹੌਰ ਦੀ ਅਬਾਦੀ 94,143 ਸੀ ਅਤੇ ਇਸ ਦੇ ਮੁਕਾਬਲੇ ਅੰਮ੍ਰਿਤਸਰ ਦੀ 1,12,186 ਸੀ। ਅਗਲੇ ਤੀਹ ਸਾਲਾਂ ਵਿਚ ਅੰਮ੍ਰਿਤਸਰ ਦੀ ਅਬਾਦੀ 30,000 ਹੋਰ ਵਧ ਗਈ। ਸੰਨ 1890 ਵਿਚ ਇਹ 1,52,000 ਦੀ ਆਬਾਦੀ ਵਾਲਾ ਭਾਰਤ ਵਿਚ ਸਭ ਤੋਂ ਵੱਡਾ 13ਵਾਂ ਸ਼ਹਿਰ ਸੀ। ਸੰਨ 1862 ਵਿਚ ਇਸ ਨੂੰ ਰੇਲ ਰਾਹੀਂ ਲਾਹੌਰ ਨਾਲ ਅਤੇ ਦਿੱਲੀ ਨਾਲ 1870 ਵਿਚ ਜੋੜਿਆ ਗਿਆ। ਇਸ ਤਰ੍ਹਾਂ ਇਹਨਾਂ ਦੋਹਾਂ ਹਾਲਾਤਾਂ ਵਿਚ ਇਸਦੀ ਸਨਅਤ ਵਪਾਰ ਅਤੇ ਤਜਾਰਤ ਨੂੰ ਹੋਰ ਵਧਣ ਫੁਲਣ ਦਾ ਅਵਸਰ ਮਿਲਿਆ। ਸੰਨ 1883-84 ਵਿਚ ਕੱਪੜਾ ਬੁਣਨ ਅਤੇ ਸ਼ਾਲ ਬਣਾਉਣ ਲਈ ਸ਼ਹਿਰ ਵਿਚ 4000 ਖੱਡੀਆਂ ਸਨ। ਜਿਥੋਂ ਤਕ ਵਪਾਰ ਦਾ ਸੰਬੰਧ ਹੈ ਡਬਲਯੂ.ਐਸ.ਕੇਨ ਦੀ ਲਿਖਤ ਪਿਕਚਰੇਸਕ ਇੰਡੀਆ (1891) ਵਿਚ ਦਰਜ ਜਾਣਕਾਰੀ ਨਿਮਨ ਹੈ:

“ਅੰਮ੍ਰਿਤਸਰ ਦੀ ਸਰਾਂ, ਭਾਰਤ ਵਿਚ ਸਭ ਤੋਂ ਵਧ ਦਿਲਚਸਪ ਵੇਖਣਯੋਗ ਦ੍ਰਿਸ਼ ਹੈ... ਇਹ ਇਕ ਵਡੀ ਖੁੱਲ੍ਹੀ ਜਗ੍ਹਾ ਹੈ ਜਿਸ ਦੇ ਚਾਰੇ ਪਾਸੇ ਘਰ ਬਣੇ ਹੋਏ ਹਨ ਜਿਨ੍ਹਾਂ ਵਿਚ ਮੱਧ ਏਸ਼ੀਆ ਤੋਂ ਆਉਣ ਵਾਲੇ ਵਪਾਰੀ ਠਹਿਰਦੇ ਹਨ.... ਇਥੇ ਚਿੱਟੀ ਚਮੜੀ ਵਾਲੇ ਕਸ਼ਮੀਰੀ ਹਨ, ਹੱਟੇ ਕੱਟੇ ਨੇਪਾਲੀ, ਸੁਡੌਲ ਜੁੱਸੇ ਵਾਲੇ ਬਲੋਚੀ, ਸ਼ਾਨ ਸ਼ੌਕਤ ਵਾਲੇ ਪਰ ਘਿੰਨਾਉਣੇ ਅਫ਼ਗਾਨ, ਈਰਾਨੀ, ਬੁਖਾਰੀ , ਤਾਤਾਰੀ ਅਤੇ ਹਰ ਥਾਂ ਮਿਲਣ ਵਾਲੇ ਚੀਨੀ ਵੀ ਰਹਿੰਦੇ ਹਨ... ਇਹ ਲੋਕ ਸ਼ਹਿਰ ਦੇ ਵੱਡੇ ਨਿਰਮਾਣ ਉਦਯੋਗ ਵੱਡੇ ਰੇਸ਼ੇ ਲਈ ਕੱਚਾ ਮਾਲ ਅੰਮ੍ਰਿਤਸਰ ਲਿਆਉਂਦੇ ਹਨ ਜਿਸ ਵਿਚ ਨਰਮ ਉੱਨ ਜਾਂ ਵੱਡੇ ਤਿੱਬਤੀ ਪਠਾਰ ਅਤੇ ਕਸ਼ਮੀਰੀ ਬੱਕਰੀਆਂ ਦੀ ਉੱਨ ਸ਼ਾਮਲ ਹੈ ਜਿਸ ਤੋਂ ਕਸ਼ਮੀਰੀ ਸ਼ਾਲ ਬਣਾਏ ਜਾਂਦੇ ਹਨ......ਘਰੇਲੂ ਉਣੀਆਂ ਸ਼ਾਲਾਂ ਤੋਂ ਇਲਾਵਾ ਕਸ਼ਮੀਰੀ ਨਮੂਨੇਂ ਵਰਗੀਆਂ ਬਣਾਈਆਂ ਜਾਂਦੀਆਂ ਸ਼ਾਲਾਂ ਦਾ ਅੰਮ੍ਰਿਤਸਰ ਮੁਖ ਭੰਡਾਰ ਹੈ।"

    ਬ੍ਰਿਟਿਸ਼ ਰਾਜ ਨਾਲ ਮਿਲਾਉਣ ਤੋਂ ਪਿੱਛੋਂ ਅੰਮ੍ਰਿਤਸਰ ਨੇ ਵਿੱਦਿਆ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਅੰਮ੍ਰਿਤਸਰ ਖਾਸ (ਕੇਵਲ ਸ਼ਹਿਰ) ਵਿਚ 1852 ਦੀ ਇਕ ਸੈਟਲਮੈਂਟ ਰਿਪੋਰਟ ਅਨੁਸਾਰ (ਵੱਖ ਵੱਖ ਬੁੰਗਿਆਂ ਅਤੇ ਡੇਰਿਆਂ ਵਿਚ ਸਿੱਖ ਧਾਰਮਿਕ ਵਿੱਦਿਆ ਦੇ ਕੇਂਦਰਾਂ ਤੋਂ ਇਲਾਵਾ) 18 ਸਕੂਲ ਸਨ ਜਿਨ੍ਹਾਂ ਵਿਚ 6 ਮੁਸਲਮਾਨ ਅਧਿਆਪਕਾਂ ਦੁਆਰਾ ਅਤੇ 12 ਬ੍ਰਾਹਮਣ ਅਧਿਆਪਕਾਂ ਦੁਆਰਾ ਚਲਾਏ ਜਾਂਦੇ ਸਨ ਅਤੇ ਇਹਨਾਂ ਵਿਚ 1050 ਵਿਦਿਆਰਥੀਆਂ ਨੂੰ ਵਿੱਦਿਆ ਦਿੱਤੀ ਜਾਂਦੀ ਸੀ। ਸ਼ਹਿਰ ਵਿਚ 1882 ਤਕ 132 ਮਕਤਬ ਅਤੇ ਮਦਰਸੇ, 65 ਪਾਠਸ਼ਾਲਾਵਾਂ, 63 ਗੁਰਮੁਖੀ ਸਕੂਲ ਅਤੇ 24 ਮਹਾਜਨੀ ਸਕੂਲ ਸਨ ਜਿਨ੍ਹਾਂ ਵਿਚ ਕੁਲ 4860 ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਸਨ। ਪਹਿਲਾ ਅੰਗਰੇਜ਼ੀ ਸਕੂਲ, ‘ਜ਼ਿਲਾ ਸਕੂਲ ਅੰਮ੍ਰਿਤਸਰ` 5000 ਰੁਪਏ ਦੀ ਸਾਲਾਨਾ ਸਰਕਾਰੀ ਮਾਲੀ ਮਦਦ ਲੈ ਕੇ ਇਕ ਯੂਰਪੀਨ ਹੈਡਮਾਸਟਰ ਨੇ 1851 ਵਿਚ ਖੋਲ੍ਹਿਆ। ਈਸਾਈ ਮਿਸ਼ਨਰੀਆਂ ਨੇ ਜੋ ਹੋਰ ਸਕੂਲ ਖੋਲ੍ਹੇ ਉਹਨਾਂ ਵਿਚੋਂ ਪਹਿਲਾ 1853 ਵਿਚ ਖੋਲ੍ਹਿਆ।ਸੰਨ 1870 ਵਿਚ ‘ਕ੍ਰਿਸਚੀਅਨ ਵਰਨੈਕੂਲਰ ਐਜੂਕੇਸ਼ਨ ਸੋਸਾਇਟੀ` ਨੇ ਅਧਿਆਪਕਾਂ ਦੀ ਸਿਖਲਾਈ ਲਈ ਇਕ ‘ਨਾਰਮਲ ਸਕੂਲ` ਖੋਲ੍ਹਿਆ। ਸੰਨ 1873 ਵਿਚ ‘ਅੰਮ੍ਰਿਤਸਰ ਮਿਸ਼ਨ ਸਕੂਲ` ਦੇ ਚਾਰ ਸਿੱਖ ਵਿਦਿਆਰਥੀਆਂ ਦੇ ਈਸਾਈ ਧਰਮ ਗ੍ਰਹਿਣ ਕਰਨ ਦੇ ਐਲਾਨ ਕਾਰਨ ਸਿੱਖ ਧਰਮ ਦੀਆਂ ਸਿੱਖਿਆਵਾਂ ਦੀ ਮੁੜ ਖੋਜ ਅਤੇ ਸਿੱਖਾਂ ਵਿਚ ਵਿੱਦਿਆ ਲਈ ਉਦਮ ਕਰਨ ਲਈ ਸਿੱਖ ਲਹਿਰ ਹੋਂਦ ਵਿਚ ਆਈ। ਇਹਨਾਂ ਦੋਹਾਂ ਉਦੇਸ਼ਾਂ ਦੀ ਪੂਰਤੀ ਲਈ 1 ਅਕਤੂਬਰ 1873 ਨੂੰ ਪਹਿਲੀ ਸ੍ਰੀ ਗੁਰੂ ਸਿੰਘ ਸਭਾ ਬਣਾਈ ਗਈ ਸੀ। ਸਿੰਘ ਸਭਾ ਦੇ ਨੇਤਾਵਾਂ ਨੇ ਅੰਮ੍ਰਿਤਸਰ ਵਿਖੇ ਸਿੱਖਾਂ ਦਾ ਪਹਿਲਾ ਵਿਦਿਅਕ ਸੰਸਥਾਨ ਖ਼ਾਲਸਾ ਕਾਲਜ, ਅੰਮ੍ਰਿਤਸਰ 1892 ਵਿਚ ਸਥਾਪਿਤ ਕੀਤਾ। ਅੱਜ-ਕੱਲ੍ਹ ਸ਼ਹਿਰ ਵਿਚ ਦਰਜਨ ਕਾਲਜ ਹਨ ਜਿਨ੍ਹਾਂ ਵਿਚੋਂ ਇਕ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਨ ਦੀ ਯਾਦ ਵਿਚ 1969 ਵਿਚ ਸਥਾਪਿਤ ਕੀਤੀ ਗਈ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਮੁੱਚੀ ਸਿੱਖ ਕੌਮ ਦੀ ਸੰਵਿਧਾਨਿਕ ਪ੍ਰਤਿਨਿਧ ਸੰਸਥਾ ਹੈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਚਲਾ ਰਹੀ ਹੈ ਜੋ ਸਿੱਖ ਧਰਮ ਅਤੇ ਇਤਿਹਾਸ ਸੰਬੰਧੀ ਸਿੱਖਿਆ ਪ੍ਰਦਾਨ ਕਰਦਾ ਹੈ।

    ਸੰਨ 1870 ਵਿਚ ਕੂਕਾ ਅੰਦੋਲਨ ਸਮੇਂ ਹੋਣ ਵਾਲੀਆਂ ਘਟਨਾਵਾਂ ਤੋਂ ਇਲਾਵਾ 1919 ਵਿਚ ਜਲਿਆਂ ਵਾਲਾ ਬਾਗ ਦਾ ਸਾਕਾ ਸੀ ਜਿਸ ਕਰਕੇ ਅੰਮ੍ਰਿਤਸਰ ਰਾਜਨੀਤਿਕ ਤੌਰ ਤੇ ਪ੍ਰਸਿੱਧ ਹੋਇਆ। ਇੰਡੀਅਨ ਨੈਸ਼ਨਲ ਕਾਂਗਰਸ ਨੇ 1919 ਵਿਚ ਅੰਮ੍ਰਿਤਸਰ ਵਿਖੇ ਆਪਣਾ ਸਾਲਾਨਾ ਇਜਲਾਸ ਕੀਤਾ। ਅਕਤੂਬਰ 1920 ਨੂੰ ਅਕਾਲੀ ਜਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਹੋਈ ਅਤੇ ਅਕਾਲੀ ਨੇਤਾਵਾਂ ਕਰਤਾਰ ਸਿੰਘ ਝੱਬਰ ਅਤੇ ਤੇਜਾ ਸਿੰਘ ਭੁੱਚਰ ਦੀ ਅਗਵਾਈ ਵਿਚ ਸੁਧਾਰਕਾਂ ਵਲੋਂ ਅਕਾਲ ਤਖ਼ਤ ਉੱਤੇ ਸਰਕਾਰ ਦੁਆਰਾ ਨਿਯੁਕਤ ਕੀਤੇ ਪੁਜਾਰੀਆਂ ਅਤੇ ਸਰਬਰਾਹ ਨੂੰ ਕੱਢ ਕੇ ਕਬਜ਼ਾ ਕਰ ਲਿਆ ਗਿਆ। ਅਗਲੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰ੍ਰਬੰਧਕ ਕਮੇਟੀ ਦੇ ਗਠਨ ਨਾਲ ਇਕ ਵਾਰੀ ਫਿਰ ਅੰਮ੍ਰਿਤਸਰ ਸਿੱਖਾਂ ਦਾ ਰਾਜਨੀਤਿਕ ਹੈਡਕੁਆਰਟਰ ਬਣ ਗਿਆ। ਉਦੋਂ ਤੋਂ ਹੀ ਪੰਥ ਦੀ ਰਾਜਨੀਤਿਕ ਜਦੋ ਜਹਿਦ ਨਾਲ ਸੰਬੰਧਿਤ ਸਾਰੇ ਮੋਰਚੇ ਇਥੋਂ ਸ਼ੁਰੂ ਕੀਤੇ ਜਾਂਦੇ ਰਹੇ ਅਤੇ ਦਰਬਾਰ ਸਾਹਿਬ ਕੰਪਲੈਕਸ ਤੋਂ ਚਲਾਏ ਜਾਂਦੇ ਰਹੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਦੀ ਰਾਜਨੀਤਿਕ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਹਨ।

    ਅਬਾਦੀ ਦੇ ਲਿਹਾਜ ਨਾਲ ਸ਼ਹਿਰ ਦੀ ਉਨਤੀ 1921 ਤਕ ਅਨਿਯਮਤ ਰਹੀ ਹੈ। ਦਰਅਸਲ 1881-91 (-9.96%) ਅਤੇ 1901-11 (-5.96%) ਦੇ ਸਮੇਂ ਇਹ ਨਕਾਰਾਤਮਿਕ ਸੀ; ਇਸ ਦਾ ਮੁੱਖ ਕਾਰਨ ਛੇਤੀ ਛੇਤੀ ਮਹਾਂਮਾਰੀਆਂ ਦਾ ਪੈਣਾ ਅਤੇ ਸਾਰੇ ਪੈਰਿਸ ਅਤੇ ਯੂਰਪ ਵਿਚ ਫੈਸ਼ਨ ਵਧਣ ਕਾਰਨ ਸ਼ਾਲ ਦੇ ਵਪਾਰ ਵਿਚ ਨਿਘਾਰ ਦਾ ਆ ਜਾਣਾ ਸੀ। ਪਰੰਤੂ 1921-31 ਅਤੇ 1931-41 ਦੇ ਦਹਾਕਿਆਂ ਵਿਚ ਕ੍ਰਮਵਾਰ +65.30 ਅਤੇ +47.64 ਪ੍ਰਤੀਸ਼ਤ ਦਾ ਇਕ ਦਮ ਵਾਧਾ ਹੋਇਆ। ਅਗਲੇ ਦਹਾਕੇ ਵਿਚ ਫਿਰ ਸਿੱਧਾ ਨਿਘਾਰ (-16.69%) ਆਇਆ। ਇਸ ਵਾਰੀ ਪੰਜਾਬ ਦੀ ਵੰਡ ਹੋਣ ਦੇ ਨਤੀਜੇ ਵਜੋਂ ਭਾਰਤ ਦੇ ਅਜ਼ਾਦ ਹੋਣ ਤੇ ਸ਼ਹਿਰਾਂ ਦੀ ਲਗਪਗ ਸਾਰੀ ਮੁਸਲਮਾਨ ਅਬਾਦੀ ਪਾਕਿਸਤਾਨ ਚਲੀ ਗਈ। ਮੁਸਲਮਾਨ ਅਬਾਦੀ ਦਾ ਘਾਟਾ ਇਧਰ ਆ ਰਹੇ ਹਿੰਦੂ ਅਤੇ ਸਿੱਖਾਂ ਨਾਲ ਪੂਰਾ ਨਹੀਂ ਹੋ ਸਕਿਆ। ਇਹ ਸ਼ਰਨਾਰਥੀ ਸਰਹੱਦੀ ਸ਼ਹਿਰ ਅੰਮ੍ਰਿਤਸਰ ਨੂੰ ਗੜਬੜ ਵਾਲਾ ਸਮਝ ਦੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇਥੇ ਅਬਾਦ ਹੋਣ ਦੀ ਬਜਾਇ ਦੂਰ ਦੇਸ਼ ਅੰਦਰ ਵੱਸਣਾ ਠੀਕ ਸਮਝਦੇ ਸਨ। ਹਾਲਾਤ ਆਮ ਵਰਗੇ ਹੋਣ ਨਾਲ ਜਿਵੇਂ-ਕਿਵੇਂ ਅਬਾਦੀ ਵਧਣੀ ਸ਼ੁਰੂ ਹੋ ਗਈ। ਸੰਨ 1991 ਦੀ ਜਨ ਗਣਨਾ ਵਿਚ ਇਹ ਗਿਣਤੀ 7,09,456 ਸੀ ਜਿਸ ਵਿਚ ਛਾਉਣੀ ਵਿਚ ਰਹਿੰਦੇ ਵਿਅਕਤੀ ਵੀ ਸ਼ਾਮਲ ਸਨ। ਹਾਲਾਂ ਕਿ ਅੰਮ੍ਰਿਤਸਰ ਦੀ ਨੀਂਹ ਸਿੱਖ ਗੁਰੂ ਸਾਹਿਬਾਨ ਨੇ ਰੱਖੀ ਸੀ ਅਤੇ ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਸ਼ਹਿਰ ਬਣਿਆ ਰਿਹਾ ਪਰ ਸਿੱਖਾਂ ਦੀ ਅਬਾਦੀ ਘੱਟ ਗਿਣਤੀ ਬਣ ਕੇ ਰਹਿ ਗਈ ਸੀ। ਭਾਰਤ ਦੀ ਵੰਡ ਤੋਂ ਪਹਿਲਾਂ 1931 ਦੀ ਗਣਨਾ ਅਨੁਸਾਰ ਅੰਮ੍ਰਿਤਸਰ ਵਿਚ ਸਿੱਖਾਂ ਦੀ ਅਬਾਦੀ 49.98 % ਮੁਸਲਮਾਨਾਂ ਅਤੇ 36.94% ਹਿੰਦੂਆਂ ਦੇ ਮੁਕਾਬਲੇ ਤੇ 12.09% ਸੀ। ਸੰਨ 1947 ਵਿਚ ਭਾਰਤ ਦੀ ਵੰਡ ਤੋਂ ਪਿੱਛੋਂ ਵੀ ਲਗਪਗ ਸਾਰੀ ਮੁਸਲਮਾਨ ਅਬਾਦੀ ਦੇ ਪਾਕਿਸਤਾਨ ਚਲੇ ਜਾਣ ਤੇ ਹਿੰਦੂਆਂ ਦੇ 64.21% (1971 ਦੀ ਜਨਗਣਨਾ) ਦੇ ਮੁਕਾਬਲੇ ਸਿੱਖਾਂ ਦੀ ਅਬਾਦੀ 34.18% ਸੀ।

    ਅਬਾਦੀ ਦੇ ਪ੍ਰਤੀਸ਼ਤ ਅੰਕੜਿਆਂ ਦੇ ਬਾਵਜੂਦ ਅੰਮ੍ਰਿਤਸਰ ਅੱਜ ਵੀ ਸਿੱਖਾਂ ਦੀ ਪਵਿੱਤਰ ਨਗਰੀ ਹੈ ਜਿਸ ਵਿਚ ਸਿੱਖ ਗੁਰੂਆਂ, ਸ਼ਹੀਦਾਂ ਅਤੇ ਨੇਤਾਵਾਂ ਦੀ ਯਾਦ ਵਿਚ ਨਿਮਨ ਦਰਜ ਸਿੱਖ ਗੁਰਦੁਆਰੇ ਬਣੇ ਹੋਏ ਹਨ:

ਗੁਰਦੁਆਰਾ ਲਾਚੀ ਬੇਰ : ਇਕ ਛੋਟੀ ਜਿਹੀ ਗੁੰਬਦਨੁਮਾ ਇਮਾਰਤ ਹੈ ਜੋ ਹਰਿਮੰਦਰ ਨੂੰ ਜਾਂਦੀ ਡਿਊੜੀ ਨੇੜੇ, ਸੰਗਮਰਮਰ ਦੇ ਲੰਮੇ ਥੜ੍ਹੇ ਉੱਤੇ ਬਣੀ ਹੋਈ ਹੈ। ਇਸ ਦੇ ਨੇੜੇ ਲੱਗੇ ਬੇਰੀ ਦੇ ਦਰਖ਼ਤ ਤੋਂ ਇਸ ਦਾ ਨਾਂ ਰੱਖਿਆ ਗਿਆ ਹੈ ਜਿਸ ਨੂੰ ਛੋਟੇ ਛੋਟੇ ਲਾਚੀ ਵਰਗੇ ਬੇਰ ਲਗਦੇ ਹਨ। ਪਰੰਪਰਾ ਅਨੁਸਾਰ ਗੁਰੂ ਅਰਜਨ ਦੇਵ ਜੀ ਇਸ ਦਰਖ਼ਤ ਦੇ ਹੇਠਾਂ ਬੈਠਿਆ ਕਰਦੇ ਸਨ ਅਤੇ ਪਵਿੱਤਰ ਸਰੋਵਰ ਦੀ ਖੁਦਾਈ ਦੇ ਕੰਮ ਦੀ ਨਿਗਰਾਨੀ ਕਰਦੇ ਸਨ। ਉਸ ਸਮੇਂ ਦਾ ਇਕ ਪ੍ਰਸਿੱਧ ਸਿੱਖ ਭਾਈ ਸਾਲ੍ਹੋ ਵੀ ਸਰੋਵਰ ਦੀ ਸਾਰੇ ਦਿਨ ਦੀ ਕਾਰ ਪਿੱਛੋਂ ਇਥੇ ਆਰਾਮ ਕਰਦਾ ਹੁੰਦਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਅਤੇ ਸੁੱਖਾ ਸਿੰਘ ਹਰਿਮੰਦਰ ਨੂੰ ਮੱਸੇ ਖ਼ਾਨ ਰੰਘੜ ਤੋਂ ਮੁਕਤ ਕਰਾਉਣ ਅਤੇ ਪਵਿੱਤਰ ਦਰਬਾਰ ਦੀ ਪਵਿੱਤਰਤਾ ਭੰਗ ਕਰਨ ਵਾਲੇ ਦਾ ਪਿੱਛਾ ਕਰਦੇ ਇਥੇ ਆਏ ਤਾਂ ਇਮਾਰਤ ਵਿਚ ਜਾਣ ਤੋਂ ਪਹਿਲਾਂ ਬਾਹਰ ਉਹਨਾਂ ਨੇ ਆਪਣੇ ਘੋੜੇ ਇਸੇ ਬੇਰੀ ਦੇ ਰੁੱਖ ਨਾਲ ਬੰਨ੍ਹੇ ਸਨ।

ਬੇਰ ਬਾਬਾ ਬੁੱਢਾ ਜੀ : ਇਕ ਪੁਰਾਣਾ ਬੇਰੀ ਦਾ ਦਰਖ਼ਤ ਜੋ ਪਵਿੱਤਰ ਸਰੋਵਰ ਦੇ ਉੱਤਰੀ ਕੰਢੇ ਦੀ ਪਰਕਰਮਾ ਵਿਚ ਲੱਗਾ ਹੋਇਆ ਹੈ। ਇਹੀ ਜਗ੍ਹਾ ਹੈ ਜਿਥੇ ਪ੍ਰਸਿੱਧ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਸਰੋਵਰ ਦੀ ਖੁਦਾਈ ਦੇ ਕੰਮ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਸੀ ਆਪਣੇ ਖੁਦਾਈ ਦੇ ਸੰਦ , ਔਜ਼ਾਰਾਂ ਅਤੇ ਬਾਕੀ ਸਮਗਰੀ ਜੋ ਸਰੋਵਰ ਵਿਚ ਪਉੜੀਆਂ ਬਣਾਉਣ ਦੇ ਕੰਮ ਆਉਂਦੀ ਸੀ ਅਤੇ ਪਿੱਛੋਂ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਵਰਤੀ ਜਾਂਦੀ ਸੀ, ਦੇ ਢੇਰਾਂ ਸਮੇਤ ਬੈਠਿਆ ਕਰਦੇ ਸਨ। ਇਸ ਦਰਖ਼ਤ ਦੇ ਤਣੇ ਦੁਆਲੇ ਇਕ ਸੰਗਮਰਮਰ ਦਾ ਪਲੇਟਫਾਰਮ ਬਣਿਆ ਹੋਇਆ ਹੈ।

ਗੁਰਦੁਆਰਾ ਦੁੱਖ ਭੰਜਨੀ ਬੇਰੀ : ਸਰੋਵਰ ਦੀ ਪੂਰਬੀ ਬਾਹੀ ਵਲ ਇਕ ਹੋਰ ਬੇਰੀ ਦਾ ਦਰਖ਼ਤ ਜਿਸ ਨੂੰ ਦੁਖ ਭੰਜਨੀ (ਦੁਖ ਦੂਰ ਕਰਨ ਵਾਲੀ) ਬੇਰ ਵਜੋਂ ਜਾਣਿਆ ਜਾਂਦਾ ਹੈ ਦੇ ਨਾਲ ਸਥਿਤ ਹੈ। ਇਸ ਸਥਾਨ ਦੀ ਕਹਾਣੀ ਬੀਬੀ ਰਜਨੀ ਨਾਲ ਜੁੜੀ ਹੋਈ ਹੈ ਜਿਸ ਦਾ ਕੋਹੜੀ ਪਤੀ ਇਸ ਪੁਰਾਤਨ ਛਪੜੀ ਜੋ ਪੁਰਾਤਨ ਸਮੇਂ ਤੋਂ ਇਥੇ ਮੌਜੂਦ ਹੈ ਵਿਚ ਇਸ਼ਨਾਨ ਕਰਨ ਨਾਲ ਆਪਣੇ ਰੋਗ ਤੋਂ ਰਾਜ਼ੀ ਹੋ ਗਿਆ ਸੀ। ਗੁਰੂ ਰਾਮ ਦਾਸ ਨੇ ਇਸ ਕਰਾਮਾਤ ਨੂੰ ਸੁਣ ਕੇ ਇਸ ਪਾਣੀ ਦੇ ਭੰਡਾਰ ਨੂੰ ਇਕ ਇਸ਼ਨਾਨ ਕਰਨ ਵਾਲੇ ਸਰੋਵਰ ਵਿਚ ਵਿਕਸਿਤ ਕਰਨ ਦਾ ਫੈਸਲਾ ਕੀਤਾ। ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਸ ਦਰਖ਼ਤ ਨੂੰ ਆਪ ਦੁਖ ਭੰਜਨੀ ਦਾ ਨਾਂ ਦਿੱਤਾ ਸੀ। ਲੋਕਾਂ ਵਿਚ ਇਹ ਪੱਕਾ ਵਿਸ਼ਵਾਸ਼ ਹੈ ਕਿ ਇਸ ਸਰੋਵਰ ਦੇ ਜਲ ਵਿਚ ਬਿਮਾਰੀਆਂ ਨੂੰ ਦੂਰ ਕਰਨ ਦੀ ਸਮਰੱਥਾ ਹੈ।

ਗੁਰਦੁਆਰਾ ਥੜ੍ਹਾ ਸਾਹਿਬ : ਅਕਾਲ ਤਖ਼ਤ ਤੋਂ ਥੋੜ੍ਹੀ ਦੂਰ ਉੱਤਰ ਵਿਚ, ਬਾਜ਼ਾਰ ਥੜਾ ਸਾਹਿਬ ਵਿਚ ਇਕ ਤੰਗ ਗਲੀ ਵਿਚ ਸਥਿਤ ਹੈ ਜੋ 1664 ਵਿਚ ਇਥੇ ਆਏ, ਗੁਰੂ ਤੇਗ਼ ਬਹਾਦਰ ਦੀ ਯਾਦ ਦਿਵਾਉਂਦਾ ਹੈ। ਗੁਰੂ ਪਦ ਪ੍ਰਾਪਤ ਕਰਨ ਤੋਂ ਛੇਤੀ ਹੀ ਪਿੱਛੋਂ ਉਹ ਬਕਾਲੇ ਤੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ ਪਰੰਤੂ ਵਿਰੋਧੀ ਮੀਣਾ ਸੰਪਰਦਾਇ ਨਾਲ ਸੰਬੰਧਿਤ ਪੁਜਾਰੀਆਂ ਨੇ ਪਵਿੱਤਰ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ। ਜਿਥੇ ਹੁਣ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ ਗੁਰੂ ਜੀ ਇਥੇ ਬੈਠ ਕੇ ਅਰਦਾਸ ਕਰਦੇ ਰਹੇ ਅਤੇ ਫਿਰ ਵਾਪਸ ਵੱਲਾ ਪਿੰਡ ਵੱਲ ਚਲੇ ਗਏ। ਇਹ ਗੁਰਦੁਆਰਾ ਦੋ ਮੰਜ਼ਲਾ ਗੁੰਬਦ ਵਾਲੀ ਇਮਾਰਤ ਹੈ। ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਮੰਜ਼ਲ ‘ਤੇ ਪ੍ਰਕਾਸ਼ ਹੁੰਦਾ ਹੈ। ਤਹਿਖਾਨੇ ਵਰਗੀ ਦਿਸਦੀ ਹੇਠਲੀ ਮੰਜ਼ਲ ਵਿਚ ਇਕ ਥੜ੍ਹਾ ਹੈ ਅਤੇ ਪੁਰਾਣੇ ਦਰਖ਼ਤ ਦਾ ਮੁੱਢ , ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਉਹੀ ਹੈ ਜਿਸ ਹੇਠ ਗੁਰੂ ਤੇਗ ਬਹਾਦਰ ਬੈਠੇ ਸਨ।

ਗੁਰਦੁਆਰਾ ਮੰਜੀ ਸਾਹਿਬ : ਹਰਿਮੰਦਰ ਅਤੇ ਸਰੋਵਰ ਦੇ ਅਹਾਤੇ ਦੀ ਪੂਰਬੀ ਹੱਦ ਦੇ ਨਾਲ ਲਗਦੇ ਅਸਥਾਨ ਵਿਚ ਬਣਿਆ ਹੈ ਅਤੇ ਪਹਿਲਾਂ ਇਸਨੂੰ ‘ਗੁਰੂ ਕਾ ਬਾਗ` ਕਰਕੇ ਜਾਣਿਆ ਜਾਂਦਾ ਸੀ। ਇਹ ਉਹੀ ਜਗ੍ਹਾ ਹੈ ਜਿਥੇ ਗੁਰੂ ਅਰਜਨ ਦੇਵ ਜੀ ਰੋਜ਼ਾਨਾ ਦੀਵਾਨ ਸਜਾਇਆ ਕਰਦੇ ਸਨ। ਇਕ ਸੰਗਮਰਮਰ ਦਾ ਥੜ੍ਹਾ ਉਸ ਜਗ੍ਹਾ ਤੇ ਬਣਿਆ ਹੋਇਆ ਹੈ ਜਿਥੇ ਗੁਰੂ ਜੀ ਇਕ ਮੰਜੀ ਤੇ ਬੈਠਿਆ ਕਰਦੇ ਸਨ ਅਤੇ ਸਿੱਖ ਸਾਮ੍ਹਣੇ ਹੇਠਾਂ ਫਰਸ਼ ਤੇ ਬੈਠਿਆ ਕਰਦੇ ਸਨ। ਨਾਲ ਦੇ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਵਿਚ ਹੀ ਮੰਜੀ ਸਾਹਿਬ ਦੇ ਸਾਮ੍ਹਣੇ ਇਕ ਵੱਡਾ ਦੀਵਾਨ ਹਾਲ ਬਣਾਇਆ ਗਿਆ ਹੈ ਜਿਹੜਾ ਪਹਿਲਾਂ ਦੇ ਸਾਰੇ ਗੁਰੂ ਕੇ ਬਾਗ ਵਿਚ ਬਣਿਆ ਹੋਇਆ ਹੈ।

ਗੁਰਦੁਆਰਾ ਗੁਰੂ ਕੇ ਮਹਲ : ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਗੁਰੂ ਸਾਹਿਬਾਨ ਦੇ ਨਿਵਾਸ ਵਾਲੀ ਥਾਂ ਤੇ ਬਣਿਆ ਹੋਇਆ ਹੈ। ਇਹ ਗੁਰੂ ਕਾ ਬਾਗ ਵਾਲੀ ਗਲੀ ਲੰਘ ਕੇ ਅਕਾਲ ਤਖ਼ਤ ਦੇ ਪੱਛਮ ਵੱਲ ਸਥਿਤ ਹੈ। ਮੂਲ ਰੂਪ ਵਿਚ 1573 ਵਿਚ ਗੁਰੂ ਰਾਮ ਦਾਸ ਜੀ ਦੁਆਰਾ ਇਕ ਸਧਾਰਨ ਜਿਹੀ ਛੱਪਰੀ ਬਣਾਈ ਗਈ ਸੀ ਪਰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨੂੰ ਵਧਾਇਆ ਅਤੇ ਸੁੰਦਰ ਬਣਾ ਦਿੱਤਾ। ਇਹ ਪੁਰਾਣਾ ਘਰ ਉਦੋਂ ਤੋਂ ਹੀ ਇਕ ਗੁਰਦੁਆਰੇ ਵਿਚ ਬਦਲ ਦਿੱਤਾ ਗਿਆ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਕ ਵੱਡੇ ਆਇਤਕਾਰ ਹਾਲ ਵਿਚ ਪ੍ਰਕਾਸ਼ ਹੁੰਦਾ ਹੈ। ਰੋਜ਼ਾਨਾ ਦੇ ਪਾਠ ਭਜਨ ਤੋਂ ਇਲਾਵਾ ਇਕ ਖਾਸ ਦੀਵਾਨ ਅਤੇ ਗੁਰੂ ਦਾ ਲੰਗਰ ਬਿਕਰਮੀ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਬਾਅਦ ਵਾਲੇ ਐਤਵਾਰ ਨੂੰ ਇਥੇ ਹੁੰਦਾ ਹੈ। ਸਲਾਨਾ ਸਭ ਤੋਂ ਵਧ ਮਹੱਤਵਪੂਰਨ ਪੁਰਬ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਨ ਮਨਾਉਣ ਦਾ ਹੈ ਜੋ ਵਸਾਖ ਵਦੀ 5,1678 ਬਿਕਰਮੀ/1 ਅਪ੍ਰੈਲ 1621 ਨੂੰ ਇਥੇ ਜਨਮੇ ਸਨ।

ਗੁਰਦੁਆਰਾ ਬਾਬਾ ਅਟਲ ਸਾਹਿਬ : ਇਕ ਨੌ ਮੰਜ਼ਲਾ 45 ਮੀਟਰ ਉੱਚਾ ਅੱਠਕੋਣਾ ਬੁਰਜ ਹਰਿਮੰਦਰ ਦੇ 200 ਮੀਟਰ ਦੱਖਣ ਪੂਰਬ ਵਿਚ ਕੌਲਸਰ ਸਰੋਵਰ ਦੇ ਨੇੜੇ ਉਸ ਥਾਂ ਤੇ ਬਣਿਆ ਹੋਇਆ ਹੈ ਜਿਥੇ ਗੁਰੂ ਹਰਗੋਬਿੰਦ ਸਾਹਿਬ ਦਾ 9 ਸਾਲਾ ਸੁਪੁੱਤਰ ਬਾਬਾ ਅਟਲ ਰਾਇ 9 ਅਸੂ 1685 ਬਿਕਰਮੀ/13 ਸਤੰਬਰ 1628 ਨੂੰ ਸਰੀਰ ਛੱਡ ਗਿਆ ਸੀ (ਦੇਖੋ ਅਟਲ ਰਾਇ, ਬਾਬਾ)। ਮੂਲ ਰੂਪ ਵਿਚ ਬਾਬਾ ਅਟੱਲ ਦੀ ਯਾਦ ਵਿਚ ਇਕ ਸਧਾਰਨ ਯਾਦਗਾਰ ਬਣਾਈ ਗਈ ਸੀ। ਅਜੋਕੀ ਇਮਾਰਤ ਦੀ ਸ਼ੁਰੂਆਤ ਸਿੱਖ ਮਿਸਲਾਂ ਦੇ ਪੰਜਾਬ ਵਿਚ ਆਪਣੀ ਸ਼ਕਤੀ ਕਾਇਮ ਕਰਨ ਉਪਰੰਤ ਹੋਈ ਸੀ। ਇਸ ਦੀ ਨੀਂਹ 1770 ਵਿਚ ਰੱਖੀ ਗਈ ਸੀ ਅਤੇ ਪਹਿਲੀਆਂ ਤਿੰਨ ਮੰਜ਼ਲਾਂ 1784 ਤਕ ਪੂਰੀਆਂ ਕੀਤੀਆਂ ਗਈਆਂ ਸਨ। ਉਪਰ ਵਾਲੀਆਂ ਮੰਜ਼ਲਾਂ 1820 ਵਿਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਈਆਂ ਗਈਆਂ ਅਤੇ ਉਪਰਲੇ ਗੁੰਬਦ ਨੂੰ ਸੋਨੇ ਦੀ ਝਾਲ ਫੇਰਨ ਲਈ ਸਰਦਾਰ ਦੇਸਾ ਸਿੰਘ ਮਜੀਠੀਏ ਨੇ ਸੋਨਾ ਦਿੱਤਾ। ਹੇਠਲੀ ਮੰਜ਼ਲ ‘ਤੇ ਛੋਟੇ ਜਿਹੇ ਅੰਦਰਲੇ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਪਹਿਲੀਆਂ ਛੇ ਮੰਜ਼ਲਾਂ, ਉਪਰਲੀਆਂ ਨਾਲੋਂ ਵੱਡੀਆਂ ਹਨ ਜਿਹੜੀਆਂ ਕੇਂਦਰੀ ਪ੍ਰਕਾਸ਼ ਅਸਥਾਨ ਉਪਰ ਬਣਾਈਆਂ ਗਈਆਂ ਹਨ। ਸਭ ਤੋਂ ਹੇਠਲੀ ਮੰਜ਼ਲ ਦੇ ਚਾਰ ਦਰਵਾਜ਼ੇ ਪਿੱਤਲ ਅਤੇ ਚਾਂਦੀ ਦੀਆਂ ਚੱਦਰਾਂ ਉਪਰ ਉਭਰਵੀਂ ਨੱਕਾਸ਼ੀ ਨਾਲ ਸਜਾਏ ਗਏ ਹਨ। ਅੰਦਰਲੀਆਂ ਕੰਧਾਂ ਅਤੇ ਛੱਤ ਉੱਤੇ ਗੁਰੂ ਨਾਨਕ ਦੇਵ, ਉਹਨਾਂ ਦੇ ਦੋ ਸੁਪੁੱਤਰ ਅਤੇ ਨੌਂ ਗੱਦੀ ਨਸ਼ੀਨਾਂ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਬਾਬਾ ਬੁੱਢਾ ਜੀ ਦੇ ਜੀਵਨ ਦੀਆਂ ਝਾਕੀਆਂ ਵਾਲੇ ਚਿੱਤਰ ਬਣਾਏ ਗਏ ਹਨ।

    ਪੁਰਾਤਨ ਸਮਿਆਂ ਵਿਚ ਬਾਬਾ ਅਟਲ ਸਾਹਿਬ (ਜਿਸ ਨਾਂ ਨਾਲ ਇਮਾਰਤ ਪ੍ਰਸਿੱਧ ਹੈ) ਦੇ ਆਲੇ ਦੁਆਲੇ ਦੀ ਥਾਂ ਨੂੰ ਸ਼ਮਸ਼ਾਨ ਦੇ ਤੌਰ ਤੇ ਵਰਤਿਆ ਜਾਂਦਾ ਸੀ ਅਤੇ ਇਸ ਖੇਤਰ ਵਿਚ ਪ੍ਰਮੁੱਖ ਸਰਦਾਰਾਂ, ਸੰਤਾਂ ਅਤੇ ਯੋਧਿਆਂ ਦੀਆਂ ਸਮਾਧਾਂ ਬਣੀਆਂ ਹੋਈਆਂ ਸਨ। ਇਸ ਗੁਰਦੁਆਰੇ ਦਾ ਪ੍ਰਬੰਧ ਅਗਸਤ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥ ਵਿਚ ਲੈ ਲਿਆ। ਪਰਕਰਮਾ ਨੂੰ ਖੁੱਲਾ ਕਰਨ ਸਮੇਂ ਉੱਤਰੀ ਬਾਹੀ ਦੀਆਂ ਬਹੁਤੀਆਂ ਸਮਾਧਾਂ ਢਾਹ ਦਿੱਤੀਆਂ ਗਈਆਂ ਸਨ। ਜਿਹੜੀਆਂ ਪੱਛਮੀ ਬਾਹੀ ਉਤੇ ਬਚੀਆਂ ਹਨ ਉਹਨਾਂ ਵਿਚ ਇਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਤੇ ਨਵਾਬ ਕਪੂਰ ਸਿੰਘ ਦੀ ਹੈ।

ਗੁਰਦੁਆਰਾ ਮਾਈ ਕੌਲਾਂ ਦਾ ਅਸਥਾਨ : ਕੌਲਸਰ ਸਰੋਵਰ ਦੇ ਕੰਢੇ ਤੇ ਹੈ। ਸਰੋਵਰ ਅਤੇ ਗੁਰਦੁਆਰਾ ਦੋਹਾਂ ਦਾ ਨਾਂ ਕੌਲਾਂ ਹੀ ਹੈ। ਪਰੰਪਰਾ ਅਨੁਸਾਰ ਕੌਲਾਂ ਲਾਹੌਰ ਦੇ ਨੀਮ ਸ਼ਹਿਰੀ ਇਲਾਕੇ ਮੁਜੰਗ ਦੇ ਕਾਜ਼ੀ ਰੁਸਤਮਖ਼ਾਨ ਦੀ ਧੀ (ਕੁਝ ਸ੍ਰੋਤਾਂ ਅਨੁਸਾਰ ਗੋਲੀ ਸੀ) ਸੀ। ਉਹ ਸ਼ੁਰੂ ਤੋਂ ਹੀ ਧਾਰਮਿਕ ਵਿਚਾਰਾਂ ਦੀ ਸੀ ਅਤੇ ਜਦੋਂ ਉਹ ਵੱਡੀ ਹੋਈ ਤਾਂ ਉਹ ਗੁਰੂ ਸਾਹਿਬਾਨ ਦੀ ਸਿੱਖਿਆ ਤੋਂ ਵਾਕਫ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਧਾਲੂ ਬਣ ਗਈ। ਉਸਦੇ ਪਿਤਾ ਨੂੰ ਇਹ ਪਸੰਦ ਨਹੀਂ ਸੀ ਅਤੇ ਉਸਨੇ ਇਸ ਨੂੰ ਇਸ ਰਸਤੇ ਤੋਂ ਜਿਸ ਉੱਤੇ ਉਹ ਚੱਲ ਰਹੀ ਸੀ ਰੋਕਣ ਲਈ ਬਹੁਤ ਤੰਗ ਕੀਤਾ। ਪਰੰਤੂ ਉਹ ਦ੍ਰਿੜ ਰਹੀ ਅਤੇ ਉਸ ਨੇ ਘਰੋਂ ਭੱਜ ਕੇ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਕੋਲ ਸ਼ਰਨ ਲੈ ਲਈ। ਗੁਰਦੁਆਰਾ ਮਾਈ ਕੌਲਾਂ ਦਾ ਅਸਥਾਨ ਜਿਵੇਂ ਕਿ ਇਸ ਦੇ ਨਾਂ ਤੋਂ ਹੀ ਜਾਪਦਾ ਹੈ, ਉਸ ਘਰ ਦੀ ਜਗ੍ਹਾ ਤੇ ਬਣਿਆ ਹੋਇਆ ਹੈ ਜਿਥੇ ਉਹ ਰਹਿੰਦੀ ਹੁੰਦੀ ਸੀ। ਕੁਝ ਸਾਲਾਂ ਪਿੱਛੋਂ ਉਹ ਜਲੰਧਰ ਦੇ ਨੇੜੇ ਕਰਤਾਰਪੁਰ ਚਲੀ ਗਈ ਜਿਥੇ ਉਹ 1629 ਵਿਚ ਅਕਾਲ ਚਲਾਣਾ ਕਰ ਗਈ। ਕੌਲਸਰ ਸਰੋਵਰ, ਕੌਲਾਂ ਦੀ ਸਹੂਲਤ ਲਈ ਗੁਰੂ ਹਰਗਬਿੰਦ ਸਾਹਿਬ ਵੱਲੋਂ ਖੁਦਵਾਇਆ ਗਿਆ ਸੀ। ਇਹ ਅਣਗੌਲਿਆ ਪਿਆ ਰਿਹਾ ਸਰਵੋਰ ਮੀਂਹ ਦੇ ਪਾਣੀ ਨਾਲ ਭਰਦਾ ਸੀ ਅਤੇ 1872 ਵਿਚ ਗਾਰ ਕੱਢਣ , ਸਾਫ਼ ਕਰਨ ਅਤੇ ਦੁਬਾਰਾ ਸੁਆਰਨ ਅਤੇ ਠੀਕ ਠਾਕ ਕਰਨ ਉਪਰੰਤ 1884 ਵਿਚ ਅੰਮ੍ਰਿਤਸਰ ਦੇ ਸਰੋਵਰਾਂ ਲਈ ਰਾਵੀ ਦਾ ਪਾਣੀ ਲਿਆਉਣ ਵਾਲੀ ਹੰਸਲੀ ਨਾਲ ਜੋੜ ਦਿੱਤਾ ਗਿਆ।

ਗੁਰਦੁਆਰਾ ਰਾਮਸਰ : ਚਾਰਦੀਵਾਰੀ ਦੇ ਅੰਦਰ ਸ਼ਹਿਰ ਦੇ ਦੱਖਣ ਪੂਰਬ ਵਾਲੇ ਪਾਸੇ ਚਾਟੀਵਿੰਡ ਗੇਟ ਦੇ ਨੇੜੇ ਰਾਮਸਰ ਸਰੋਵਰ ਦੇ ਕਿਨਾਰੇ ਤੇ ਬਣਿਆ ਹੋਇਆ ਹੈ। ਹਰਿਮੰਦਰ ਦੇ ਸੰਪੂਰਨ ਹੋਣ ਤੇ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਆਦਿ ਗ੍ਰੰਥ ਜਿਸਨੂੰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਸਤਿਕਾਰਿਆ ਜਾਂਦਾ ਹੈ, ਦੇ ਸੰਕਲਨ ਦਾ ਕੰਮ ਆਪਣੇ ਹੱਥ ਲਿਆ। ਇਸ ਕੰਮ ਲਈ ਉਹਨਾਂ ਨੇ ਇਕ ਇਕਾਂਤ ਥਾਂ ਚੁਣੀ। ਚੁਣਿਆ ਹੋਇਆ ਇਹ ਥਾਂ ਉਸ ਸਮੇਂ ਛਾਂ ਵਾਲੀ ਨਵੇਕਲੀ ਥਾਂ ਸੀ ਜੋ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਇਕ ਕਿਲੋਮੀਟਰ ਦੂਰ ਸੀ। ਆਲੇ ਦੁਆਲੇ ਨੂੰ ਹੋਰ ਸੋਹਣਾ ਬਣਾਉਣ ਲਈ ਉਹਨਾਂ ਨੇ ਇਕ ਹੋਰ ਸਰੋਵਰ ਪੁਟਵਾਇਆ ਜਿਸ ਦਾ ਨਾਂ ਗੁਰੂ ਰਾਮਦਾਸ ਜੀ ਦੇ ਨਾਂ ਤੇ ਰਾਮਸਰ ਰੱਖਿਆ ਗਿਆ ਸੀ। ਇਸ ਜਗ੍ਹਾ ਗੁਰੂ ਅਰਜਨ ਦੇਵ ਨੇ ਆਪਣੀ ਪ੍ਰਸਿੱਧ ਬਾਣੀ ਸੁਖਮਨੀ ਦੀ ਰਚਨਾ ਕੀਤੀ ਅਤੇ ਲਿਖਾਰੀ ਵਜੋਂ ਭਾਈ ਗੁਰਦਾਸ ਨੂੰ ਨਾਲ ਲੈ ਕੇ (ਸ੍ਰੀ) ਗ੍ਰੰਥ ਸਾਹਿਬ ਦਾ 1603-04 ਵਿਚ ਸੰਕਲਨ ਕੀਤਾ। ਮੌਜੂਦਾ ਗੁਰਦੁਆਰਾ ਰਾਮਸਰ ਇਕ ਛੋਟਾ ਜਿਹਾ ਸੰਗਮਰਮਰ ਦੀਆਂ ਇੱਟਾਂ ਲਗਿਆ ਹਾਲ ਹੈ ਜਿਸ ਉੱਤੇ ਸੋਨੇ ਦੀ ਝਾਲ ਫੇਰੀ ਹੋਈ ਹੈ। ਵੰਝਲੀ ਵਾਲੇ ਕੰਵਲ ਫੁੱਲ ਦਾ ਗੁੰਬਦ 1855 ਵਿਚ ਬਣਾਇਆ ਗਿਆ ਹੈ ਜੋ ਗੁਰੂ ਸਾਹਿਬਾਨ ਦੀ ਮਿਹਨਤ ਦੀ ਯਾਦ ਦਿਵਾਉਂਦਾ ਹੈ।

ਗੁਰਦੁਆਰਾ ਬਿਬੇਕਸਰ : ਉਸ ਅਸਥਾਨ ਤੇ ਸਥਿਤ ਹੈ ਜਿਹੜਾ ਬਿਬੇਕਸਰ ਸਰੋਵਰ ਦੀ ਦੱਖਣ ਬਾਹੀ ਉੱਤੇ ਹੈ ਅਤੇ ਜਿਸ ਦੀ ਖੁਦਾਈ ਗੁਰੂ ਹਰਗੋਬਿੰਦ ਸਾਹਿਬ ਨੇ 1628 ਵਿਚ ਅਜੇਹੇ ਸ਼ਰਧਾਲੂਆਂ ਲਈ ਕਰਵਾਈ ਸੀ ਜਿਹੜੇ ਮੁੱਖ ਗੁਰਦੁਆਰੇ ਦੀ ਚਹਿਲ ਪਹਿਲ ਤੋਂ ਦੂਰ ਰਹਿਣਾ ਪਸੰਦ ਕਰਦੇ ਸਨ। ਗੁਰਦੁਆਰਾ ਸ਼ਹਿਰ ਦੀ ਚਾਰ ਦੀਵਾਰੀ ਦੇ ਚਾਟੀਵਿੰਡ ਅਤੇ ਸੁਲਤਾਨ ਵਿੰਡ ਦਰਵਾਜ਼ਿਆਂ ਵਿਚਕਾਰ ਰਾਮਸਰ ਦੇ ਉਤਰਪੂਰਵ ਵਿਚ ਹੈ। ਇਹ ਗੁਰਦੁਆਰਾ 1833 ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਇਆ ਗਿਆ ਸੀ ਅਤੇ ਗੁਰੂ ਕੇ ਲੰਗਰ ਦੀ ਇਮਾਰਤ ਤੇ ਇਕ ਖੂਹ ਸੰਨ 1905-06 ਵਿਚ ਬਣਾਏ ਗਏ। ਇਸ ਗੁਰਦੁਆਰੇ ਦਾ ਪ੍ਰਬੰਧ ਪਹਿਲਾਂ ਨਿਹੰਗਾਂ ਅਧੀਨ ਸੀ ਪਰ ਮਗਰੋਂ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪ੍ਰਬੰਧ ਸੰਵਿਧਾਨਿਕ ਤੌਰ ਤੇ ਦਿੱਤਾ ਗਿਆ।

ਗੁਰਦੁਆਰਾ ਟਾਹਲੀ ਸਾਹਿਬ : ਇਕ ਹੋਰ ਸਰੋਵਰ ਸੰਤੋਖਸਰ ਨਾਲ ਜੁੜਿਆ ਹੋਇਆ ਹੈ ਜੋ ਪੁਰਾਣੇ ਸ਼ਹਿਰ ਦੇ ਐਨ ਵਿਚਕਾਰ ਟਾਊਨ ਹਾਲ ਦੇ ਨੇੜੇ ਹੈ। ਸੰਤੋਖਸਰ 148×110 ਮੀਟਰ ਹੈ ਅਤੇ ਆਕਾਰ ਵਿਚ ਅੰਮ੍ਰਿਤ ਸਰੋਵਰ ਤੋਂ ਦੂਜੇ ਨੰਬਰ ਤੇ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਅਮਰ ਦਾਸ ਜੀ ਦੇ ਕਹਿਣ ਤੇ ਭਾਈ ਜੇਠਾ ਜੀ (ਪਿੱਛੋਂ ਜਾ ਕੇ ਗੁਰੂ ਰਾਮ ਦਾਸ ਜੀ ਬਣੇ) ਦੁਆਰਾ 1564 ਵਿਚ ਪੁੱਟਣਾ ਸ਼ੁਰੂ ਕੀਤਾ ਗਿਆ ਸੀ। ਛੇਤੀ ਹੀ ਪਿੱਛੋਂ ਭਾਈ ਜੇਠਾ ਜੀ ਨੂੰ ਵਾਪਸ ਗੋਇੰਦਵਾਲ ਬੁਲਾਇਆ ਗਿਆ ਅਤੇ ਸੰਤੋਖਸਰ ਅੱਧ ਪੁੱਟਿਆ ਹੀ ਰਹਿ ਗਿਆ। ਮਗਰੋਂ 1588 ਵਿਚ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਮੁਕੰਮਲ ਕਰਵਾਇਆ। ਇਹ ਤਬਾਹੀ ਭਰਪੂਰ ਅਠਾਰ੍ਹਵੀਂ ਸਦੀ ਤਕ ਅਣਗੌਲਿਆ ਹੀ ਪਿਆ ਰਿਹਾ ਅਤੇ ਫਿਰ 1903 ਵਿਚ ਉਦੋਂ ਬਣਾਇਆ ਗਿਆ ਜਦੋਂ ਅੰਮ੍ਰਿਤਸਰ ਦੀ ਨਗਰ ਪਾਲਿਕਾ ਨੇ ਇਸ ਨੂੰ ਸਿਹਤ ਲਈ ਖ਼ਤਰਨਾਕ ਕਰਾਰ ਦੇ ਦਿੱਤਾ ਅਤੇ ਇਸ ਨੂੰ ਭਰ ਦੇਣ ਦੀ ਧਮਕੀ ਦਿੱਤੀ। ਭਾਵੇਂ 1824 ਵਿਚ ਇਸ ਸਰੋਵਰ ਨੂੰ ਨਹਿਰੀ ਪਾਣੀ ਨਾਲ ਭਰਨ ਵਾਲੀ ਹੰਸਲੀ ਨਾਲ ਜੋੜ ਦਿੱਤਾ ਗਿਆ ਤਾਂ ਕਿ ਇਹ ਮੀਂਹ ਦੇ ਉਤਾਰ-ਚੜ੍ਹਾਅ ਤੋਂ ਅਜ਼ਾਦ ਰਹਿ ਸਕੇ ਪਰ ਇਹ ਨਹਿਰ ਮਿੱਟੀ ਨਾਲ ਭਰ ਗਈ ਅਤੇ ਸਰੋਵਰ ਸਥਾਨਿਕ ਲੋਕਾਂ ਲਈ ਕੂੜੇ ਕਰਕਟ ਦਾ ਸਥਾਨ ਬਣ ਗਿਆ। ਇਸ ਦੀ ਪੂਰੀ ਮਿੱਟੀ ਕੱਢਣ ਦਾ ਕੰਮ 1919 ਵਿਚ ਸੰਤ ਸ਼ਾਮ ਸਿੰਘ ਅਤੇ ਸੰਤ ਗੁਰਮੁਖ ਸਿੰਘ ਦੁਆਰਾ ਕਾਰ ਸੇਵਾ ਰਾਹੀਂ ਕੀਤਾ ਗਿਆ। ਗੁਰਦੁਆਰੇ ਦਾ ਨਾਂ ਟਾਹਲੀ ਦੇ ਦਰਖ਼ਤ ਤੋਂ ਲਿਆ ਗਿਆ ਹੈ ਜਿਸ ਦਾ ਹੁਣ ਕੇਵਲ ਮੁੱਢ ਹੀ ਮੁਖ ਦੁਆਰ ਦੇ ਨੇੜੇ ਬਾਕੀ ਬਚਿਆ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਉਹੀ ਦਰਖ਼ਤ ਹੈ ਜਿਸ ਹੇਠ ਗੁਰੂ ਰਾਮ ਦਾਸ ਜੀ ਅਤੇ ਉਹਨਾਂ ਪਿੱਛੋਂ ਗੁਰੂ ਅਰਜਨ ਦੇਵ ਜੀ ਸਰੋਵਰ ਦੀ ਖੁਦਾਈ ਦੇ ਕੰਮ ਦੀ ਨਿਗਰਾਨੀ ਸਮੇਂ ਖਲੋਇਆ ਕਰਦੇ ਸਨ। ਗੁਰਦੁਆਰਾ ਇਕ ਆਇਤਾਕਾਰ ਹਾਲ ਹੈ; ਇਹ ਸੰਤੋਖਸਰ ਸਰੋਵਰ ਦੇ ਪੱਛਮੀ ਪਾਸੇ ਟਾਹਲੀ ਸਾਹਿਬ ਦੇ ਮੁੱਢ ਦੇ ਨੇੜੇ ਹੈ ਜਿਥੋਂ ਸਰੋਵਰ ਅਤੇ ਗੁਰਦੁਆਰੇ ਦੀ ਚਾਰ ਦੀਵਾਰੀ ਵਾਲੇ ਅਹਾਤੇ ਵਿਚ ਦਾਖਲ ਹੋਈਦਾ ਹੈ।

ਗੁਰਦੁਆਰਾ ਚੌਰਸਤੀ ਅਟਾਰੀ : (ਸ਼ਾਬਦਿਕ ਅਰਥ ਸੜਕ ਦੇ ਚੌਰਸਤੇ) ਉੱਤੇ ਬਣਿਆ ਵੱਡਾ ਮਕਾਨ ਪੁਰਾਣੇ ਸ਼ਹਿਰ ਦੇ ਕੇਂਦਰ ਵਿਚ ਗੁਰੂ ਕਾ ਬਜ਼ਾਰ ਦੇ ਅੰਤ ਵਿਚ ਇਕ ਚੌਂਕ ਦੇ ਇਕ ਪਾਸੇ ਸਥਿਤ ਹੈ। ਇਹ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੇ ਬਣਿਆ ਹੋਇਆ ਹੈ ਜੋ ਕਿਸੇ ਸਮੇਂ ਇਥੇ ਆ ਕੇ ਆਰਾਮ ਕਰਦੇ ਸਨ। ਇਹ ਚੌਂਕ ਉਸ ਮੁੱਢਲੀ ਝਪਟ ਵਾਲੀ ਜਗ੍ਹਾ ਹੈ ਜਿਥੇ ਮੁਗਲ ਫ਼ੌਜਾਂ ਨੇ 1629 ਵਿਚ ਗੁਰੂ ਜੀ ਉੱਤੇ ਹਮਲਾ ਕੀਤਾ ਸੀ। ਪੰਜਾਬ ਨੂੰ ਬ੍ਰਿਟਿਸ਼ ਹਕੂਮਤ ਨਾਲ ਮਿਲਾਉਣ ਤੋਂ ਛੇਤੀ ਹੀ ਪਿੱਛੋਂ ਬ੍ਰਿਟਿਸ਼ ਅਫ਼ਸਰਾਂ ਦੇ ਹੁਕਮ ਨਾਲ ਚੌਂਕ ਨੂੰ ਖੁਲ੍ਹਾ ਕਰਨ ਲਈ ਅਸਲੀ ਘਰ ਨੂੰ ਢਾਹ ਦਿੱਤਾ ਗਿਆ ਸੀ। ਵਰਤਮਾਨ ਵਿਚ ਛੋਟੇ ਆਕਾਰ ਵਾਲੀ ਇਮਾਰਤ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੇਠਲੀ ਮੰਜ਼ਲ ਵਿਚ ਕੀਤਾ ਜਾਂਦਾ ਹੈ। ਨਿੱਤਨੇਮ ਤੋਂ ਬਿਨਾਂ ਹਰ ਚਾਨਣ ਪੱਖ ਦੇ ਪਹਿਲੇ ਅਤੇ ਪੰਜਵੇਂ ਦਿਨ ਖਾਸ ਜੋੜ ਮੇਲੇ ਹੁੰਦੇ ਹਨ।

ਗੁਰਦੁਆਰਾ ਲੋਹਗੜ੍ਹ ਸਾਹਿਬ : ਹਰਿਮੰਦਰ ਦੇ ਉੱਤਰ ਪੱਛਮ ਵਿਚ ਲਗਪਗ ਇਕ ਕਿਲੋਮੀਟਰ ਦੀ ਦੂਰੀ ਤੇ ਇਸੇ ਨਾਂ ਦੇ ਕਿਲੇ ਦੀ ਜਗ੍ਹਾ ਹੈ ਜਿਹੜਾ ਸ਼ਹਿਰ ਦੀ ਰਾਖੀ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਬਣਵਾਇਆ ਸੀ। ਅੰਮ੍ਰਿਤਸਰ ਵਿਚ ਗੁਰੂ ਜੀ ਅਤੇ ਮੁਖ਼ਲਿਸ ਖ਼ਾਨ ਅਧੀਨ ਸ਼ਾਹੀ ਫ਼ੌਜਾਂ ਵਿਚ ਮੁੱਖ ਲੜਾਈ ਇਥੇ ਹੀ ਮਈ 1629 ਵਿਚ ਲੜੀ ਗਈ ਸੀ। ਮੌਜੂਦਾ ਗੁਰਦੁਆਰਾ ਕਿਲੇ ਦੇ ਤਬਾਹ ਹੋਏ ਟਿੱਲੇ ਉੱਤੇ ਬਣਿਆ ਹੋਇਆ ਹੈ ਜਿਹੜਾ ਅਹਮਦ ਸ਼ਾਹ ਦੁੱਰਾਨੀ ਨੇ ਅਠਾਰ੍ਹਵੀਂ ਸਦੀ ਦੇ ਅੱਧ ਵਿਚ ਆਪਣੇ ਹਮਲਿਆਂ ਵਿਚੋਂ ਇਕ ਹਮਲੇ ਸਮੇਂ ਤਬਾਹ ਕਰ ਦਿੱਤਾ ਸੀ। ਸ਼ਹਿਰ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਗਈ ਸ਼ਹਿਰ ਦੀ ਦੀਵਾਰ ਦੇ ਨਿਕਟ ਦੇ ਗੇਟ ਨੂੰ ਵੀ ਲੋਹਗੜ੍ਹ ਗੇਟ ਨਾਂ ਨਾਲ ਜਾਣਿਆ ਜਾਂਦਾ ਹੈ।

ਗੁਰਦੁਆਰਾ ਪਿਪਲੀ ਸਾਹਿਬ : ਖ਼ਾਲਸਾ ਕਾਲਜ ਵੱਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਲਗਪਗ 1.5 ਕਿਲੋਮੀਟਰ ਪੱਛਮ ਦੇ ਪਾਸੇ ਉਸ ਅਸਥਾਨ ਤੇ ਸਥਿਤ ਹੈ ਜਿਥੇ ਅਫ਼ਗਾਨਿਸਤਾਨ ਅਤੇ ਉੱਤਰ ਪੱਛਮੀ ਪੰਜਾਬ ਤੋਂ ਕਾਫ਼ੀ ਗਿਣਤੀ ਵਿਚ ਆਉਣ ਵਾਲੀ ਸੰਗਤ ਮੁਖ ਸਰੋਵਰ ਅੰਮ੍ਰਿਤਸਰ ਦੀ ਖੁਦਾਈ ਦੀ ਸੇਵਾ ਵਿਚ ਹਿੱਸਾ ਲੈਣ ਸਮੇਂ ਇਥੇ ਠਹਿਰਦੀ ਸੀ ਅਤੇ ਗੁਰੂ ਅਰਜਨ ਦੇਵ ਜੀ ਆਪ ਇਥੇ ਸੰਗਤ ਦਾ ਸੁਆਗਤ ਕਰਦੇ ਸਨ। ਬਾਅਦ ਵਿਚ ਉਹਨਾਂ ਨੇ ਅੰਮ੍ਰਿਤਸਰ ਆਉਣ ਵਾਲੀ ਸੰਗਤ ਦੇ ਆਰਾਮ ਲਈ ਇਸਨੂੰ ਬਿਸਰਾਮ-ਘਰ ਬਣਾ ਦਿੱਤਾ। ਇਹ ਗੁਰਦੁਆਰਾ 150 ਮੀਟਰ ਲੰਮੀ ਸੜਕ ਰਾਹੀਂ ਪੁਤਲੀ ਘਰ ਦੇ ਨੇੜੇ ਸ਼ੇਰ ਸ਼ਾਹ ਸੂਰੀ ਮਾਰਗ ਨਾਲ ਜੁੜਿਆ ਹੋਇਆ ਹੈ। ਸੰਨ 1923 ਵਿਚ ਇਹ ਫ਼ਿਰ ਵਧੇਰੇ ਪ੍ਰਸਿੱਧ ਹੋ ਗਿਆ ਜਦੋਂ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਲਈ ਸੰਗਤਾਂ ਦੇ ਜਥੇ ਪਹਿਲਾਂ ਇਥੇ ਆ ਕੇ ਇਕੱਠੇ ਹੋਣੇ ਸ਼ੁਰੂ ਹੋਏ ਅਤੇ ਫੇਰ 17 ਜੂਨ 1923 ਨੂੰ ਜਲੂਸ ਦੀ ਸ਼ਕਲ ਵਿਚ ਸਰੋਵਰ ਵਲ ਵੱਧ ਚਲੇ। ਇਸ ਸਦੀ ਦੇ ਤੀਜੇ ਦਹਾਕੇ ਵਿਚ ਇਸ ਗੁਰਦੁਆਰੇ ਨੂੰ ਮੁੜ ਨਵੇਂ ਰੂਪ ਵਿਚ ਬਣਾਇਆ ਗਿਆ ਸੀ। ਰੋਜ਼ ਦੇ ਨਿਤਨੇਮ ਤੋਂ ਇਲਾਵਾ ਬਸੰਤ ਪੰਚਮੀ(ਜਨਵਰੀ-ਫਰਵਰੀ) ਦੇ ਮੌਕੇ ਤੇ ਇਥੇ ਮੇਲਾ ਲਗਦਾ ਹੈ।

ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ : ਸ਼ਹਿਰ ਦੀ ਚਾਰ ਦੀਵਾਰੀ ਅੰਦਰ ਚਾਟੀਵਿੰਡ ਦਰਵਾਜੇ ਦੇ ਨੇੜੇ ਸ਼ਹੀਦ ਮਿਸਲ ਦੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਦੀ ਯਾਦ ਵਿਚ ਬਣਿਆ ਹੈ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਜਿਸ ਉੱਤੇ ਅਫ਼ਗਾਨ ਹਮਲਾਵਰਾਂ ਨੇ ਹਮਲਾ ਕਰਕੇ ਅਪਵਿੱਤਰ ਕੀਤਾ ਸੀ ਅਜ਼ਾਦ ਕਰਾਉਣ ਲਈ ਬਠਿੰਡਾ ਜ਼ਿਲੇ ਵਿਚ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਚਲ ਕੇ ਇਸ ਅਸਥਾਨ ਤੇ 11 ਨਵੰਬਰ 1757 ਨੂੰ ਘਾਤਕ ਰੂਪ ਵਿਚ ਸਖਤ ਜ਼ਖਮੀ ਹੋ ਗਏ ਸਨ। ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ (ਅ.ਚ. 1803) ਨੇ ਇਸ ਥਾਂ ਤੇ ਯਾਦਗਾਰੀ ਥੜ੍ਹਾ ਬਣਾਇਆ ਜਿਸਨੂੰ ਪਿੱਛੋਂ ਅਕਾਲੀ ਫੂਲਾ ਸਿੰਘ (ਅ.ਚ.1823) ਨੇ ਗੁਰਦੁਆਰੇ ਦਾ ਰੂਪ ਦੇ ਦਿੱਤਾ। ਕਾਫ਼ੀ ਲੰਮੇ ਸਮੇਂ ਤਕ ਇਸਦਾ ਪ੍ਰਬੰਧ ਸ਼ਹੀਦ ਮਿਸਲ ਦੇ ਸਰਦਾਰ ਕਰਮ ਸਿੰਘ ਦੇ ਵਾਰਸਾਂ ਵੱਲੋਂ ਕੀਤਾ ਜਾਂਦਾ ਰਿਹਾ ਪਰ 1924 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪ੍ਰਬੰਧ ਦੇ ਦਿੱਤਾ ਗਿਆ। ਇਸ ਦੇ ਨੇੜੇ ਦੀ ਜਾਇਦਾਦ ਵੀ ਜੋ ਜੱਸਾ ਸਿੰਘ ਰਾਮਗੜ੍ਹੀਆ ਦੇ ਵਾਰਸਾਂ ਪਾਸ ਸੀ, ਪਿੱਛੋਂ ਗੁਰਦੁਆਰਾ ਸ਼ਹੀਦਗੰਜ ਨੂੰ ਦਾਨ ਕਰ ਦਿੱਤੀ ਗਈ।

ਗੁਰਦੁਆਰਾ ਸ਼ਹੀਦਗੰਜ ਬਾਬਾ ਗੁਰਬਖਸ਼ ਸਿੰਘ : ਅਕਾਲ ਬੁੰਗਾ ਦੇ ਪਿੱਛੇ ਇਕ ਤੰਗ ਬਜ਼ਾਰ ਵਿਚ ਇਕ ਛੋਟਾ ਜਿਹਾ ਗੁਰਦੁਆਰਾ ਹੈ ਜੋ ਬਾਬਾ ਗੁਰਬਖਸ਼ ਸਿੰਘ ਨਿਹੰਗ ਅਤੇ ਉਸਦੇ ਉਣੱਤੀ ਸਾਥੀਆਂ ਦੇ ਸ਼ਹੀਦੀ ਸਾਕੇ ਦੀ ਯਾਦ ਵਿਚ ਬਣਿਆ ਹੋਇਆ ਹੈ। ਇਹਨਾਂ ਸ਼ਹੀਦਾਂ ਨੇ ਦਸੰਬਰ 1764 ਵਿਚ ਦੁੱਰਾਨੀ ਫ਼ੌਜਾਂ ਦਾ ਮੁਕਾਬਲਾ ਕੀਤਾ ਅਤੇ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਆਖਰੀ ਦਮ ਤਕ ਲੜਦੇ ਰਹੇ।

ਧਰਮਸਾਲਾ ਭਾਈ ਸਾਲ੍ਹੋ ਜੀ : ਗੁਰਦੁਆਰਾ ਗੁਰੂ ਕੇ ਮਹਲ ਦੇ ਨੇੜੇ ਹੈ, ਜੋ ਭਾਈ ਸਾਲ੍ਹੋ (ਅ.ਚ.1628) ਦੀ ਯਾਦ ਵਿਚ ਬਣਿਆ ਹੋਇਆ ਹੈ। ਭਾਈ ਸਾਲ੍ਹੋ ਇਕ ਸ਼ਰਧਾਵਾਨ ਸਿੱਖ ਸੀ ਜਿਸ ਨੇ ਗੁਰੂ ਰਾਮ ਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕੀਤੀ ਸੀ। ਇਸਨੂੰ ਉਸਰ ਰਹੇ ਅੰਮ੍ਰਿਤਸਰ ਸ਼ਹਿਰ ਦਾ ਪ੍ਰਸ਼ਾਸਕੀ ਪ੍ਰਬੰਧ ਸੌਂਪਿਆ ਹੋਣ ਕਰਕੇ ਆਮ ਲੋਕਾਂ ਵਿਚ ਇਹ ਅੰਮ੍ਰਿਤਸਰ ਦਾ ਕੋਤਵਾਲ ਸੱਦਿਆ ਜਾਂਦਾ ਸੀ। ਧਰਮਸਾਲਾ ਇਸਦੇ ਨਿਵਾਸ ਅਤੇ ਕੰਮ ਕਰਨ ਦੀ ਥਾਂ ਸੀ। ਨੇੜੇ ਦਾ ਇਕ ਟੋਭਾ ਜਿਸ ਨੂੰ ਭਾਈ ਸਾਲ੍ਹੋ ਦਾ ਟੋਭਾ ਕਿਹਾ ਜਾਂਦਾ ਸੀ, ਬ੍ਰਿਟਿਸ਼ ਸਰਕਾਰ ਨੇ 1863 ਵਿਚ ਪੂਰ ਦਿੱਤਾ। ਧਰਮਸਾਲਾ ਨੂੰ ਉਦੋਂ ਤੋਂ ਹੀ ਗੁਰਦੁਆਰਾ ਬਣਾਇਆ ਗਿਆ। ਇਸ ਦੀ ਦੋ ਮੰਜ਼ਲੀ ਇਮਾਰਤ ਉੱਤੇ ਸੁਨਹਿਰੀ ਗੁੰਬਦ ਹੈ ਅਤੇ ਇਸ ਨਾਲ ਗੁਰੂ ਕਾ ਲੰਗਰ ਅਤੇ ਸੇਵਾਦਾਰਾਂ ਦੇ ਰਹਿਣ ਲਈ ਕਮਰੇ ਆਦਿ ਹੋਰ ਇਮਾਰਤਾਂ ਬਣੀਆਂ ਹੋਈਆਂ ਹਨ।

ਗੁਰਦੁਆਰਾ ਦਰਸ਼ਨੀ ਡਿਊੜੀ : ਅੰਮ੍ਰਿਤਸਰ ਦੇ ਵਿਕਾਸ ਦੀ ਅਰੰਭਿਕ ਅਵਸਥਾ ਵਿਚ ਗੁਰੂ ਅਰਜਨ ਦੇਵ ਜੀ ਵੱਲੋਂ ਬਣਾਈ ਗਈ ਸੀ ਅਤੇ ਇਸਨੂੰ ਅੰਮ੍ਰਿਤਸਰ ਸ਼ਹਿਰ ਦੇ ਮੁੱਖ ਦਰਵਾਜ਼ੇ ਦੇ ਤੌਰ ਤੇ ਵਰਤਿਆ ਜਾਂਦਾ ਸੀ। ਜਦੋਂ ਕੋਈ ਇਸ ਰਾਹੀਂ ਨਵੀਂ ਅਬਾਦੀ ਵਿਚ ਦਾਖਲ ਹੁੰਦਾ ਸੀ ਸੱਜੇ ਹੱਥ ਗੁਰੂ ਕੇ ਮਹਲ ਵੱਲ ਅਤੇ ਖੱਬੇ ਹੱਥ ਹਰਿਮੰਦਰ ਲਈ ਰਸਤਾ ਸੀ ਅਤੇ ਵਿਚਕਾਰ ਦੋਵਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਲਈ ਕੋਈ ਰੁਕਾਵਟ ਨਹੀਂ ਸੀ। ਇਸ ਲਈ ਇਸ ਦਾ ਨਾਂ ਦਰਸ਼ਨੀ ਡਿਊੜੀ ਰੱਖਿਆ ਗਿਆ। ਇਸ ਨੂੰ ਇਕ ਛੋਟੇ ਜਿਹੇ ਗੁਰਦੁਆਰੇ ਦੀ ਸ਼ਕਲ ਵਿਚ ਬਦਲ ਦਿੱਤਾ ਗਿਆ ਅਤੇ ਇਹ ਭੀੜ ਭੜੱਕੇ ਵਾਲੇ ਬਜ਼ਾਰ ਮਾਈ ਸੇਵਾਂ ਦੇ ਨੇੜੇ ਗੁਰੂ ਕਾ ਬਜ਼ਾਰ ਲਾਗੇ ਸਥਿਤ ਹੈ।

ਗੁਰਦੁਆਰਾ ਦਮਦਮਾ ਸਾਹਿਬ : ਰੇਲਵੇ ਲਾਈਨ ਅਤੇ ਸ਼ੇਰ ਸ਼ਾਹ ਸੂਰੀ ਮਾਰਗ ਵਿਚਕਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਪੂਰਬ ਵੱਲ ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ ਬਣਿਆ ਹੋਇਆ ਹੈ। ਨੌਂਵੇਂ ਪਾਤਸ਼ਾਹ 1664 ਵਿਚ ਅੰਮ੍ਰਿਤਸਰ ਤੋਂ ਵੱਲਾ ਪਿੰਡ ਨੂੰ ਜਾਂਦਿਆਂ ਕੁਝ ਦੇਰ ਇਥੇ ਠਹਿਰੇ ਸਨ (ਦੇਖੋ ਗੁਰਦੁਆਰਾ ਥੜ੍ਹਾ ਸਾਹਿਬ)। ਦਮਦਮਾ ਦਾ ਅਰਥ ਹੈ ਥੋੜ੍ਹੇ ਸਮੇਂ ਆਰਾਮ ਕਰਨ ਦਾ ਅਸਥਾਨ। ਜਦੋਂ ਇਹ ਖਬਰਾਂ ਫ਼ੈਲੀਆਂ ਕਿ ਗੁਰੂ ਜੀ ਨੂੰ ਮੀਣੇ ਪੁਜਾਰੀਆਂ ਨੇ ਹਰਿਮੰਦਰ ਸਾਹਿਬ ਅੰਦਰ ਜਾਣ ਤੋਂ ਰੋਕ ਦਿੱਤਾ ਹੈ ਤਾਂ ਅੰਮ੍ਰਿਤਸਰ ਦੀ ਸੰਗਤ, ਜਿਨ੍ਹਾਂ ਵਿਚੋਂ ਜ਼ਿਆਦਾਤਰ ਇਸਤਰੀਆਂ ਸਨ ਉਹਨਾਂ ਦੇ ਦਰਸ਼ਨ ਕਰਨ ਲਈ ਆਈਆਂ। ਪਹਿਲਾਂ ਸੰਗਤ ਵਿਚ ਸ਼ਾਮਲ ਸਿੱਖ ਦਰਬਾਰ ਸਾਹਿਬ ਗਏ, ਜਿਥੋਂ ਪਤਾ ਲੱਗਾ ਕਿ ਗੁਰੂ ਜੀ ਪਹਿਲਾਂ ਹੀ ਜਾ ਚੁੱਕੇ ਹਨ ਤਾਂ ਉਹ ਪੁਜਾਰੀਆਂ ਦੀ ਬਦਤਮੀਜ਼ੀ ਅਤੇ ਮੂਰਖਤਾ ਦੀ ਮੁਆਫ਼ੀ ਮੰਗਣ ਦੇ ਖਿਆਲ ਨਾਲ ਗੁਰੂ ਜੀ ਦੇ ਪਿੱਛੇ ਚਲ ਪਏ। ਉਹ ਗੁਰੂ ਜੀ ਨੂੰ ਇਸ ਜਗ੍ਹਾ ਤੇ ਆ ਕੇ ਮਿਲੇ ਅਤੇ ਜੋ ਕੁਝ ਵਾਪਰਿਆ ਸੀ ਉਸ ਲਈ ਗੁਰੂ ਜੀ ਤੋਂ ਖਿਮਾਂ ਮੰਗੀ ਅਤੇ ਵਾਪਸ ਪਰਤਣ ਅਤੇ ਪਵਿੱਤਰ ਗੁਰਦੁਆਰੇ ਅੰਦਰ ਜਾਣ ਲਈ ਉਹਨਾਂ ਨੂੰ ਬੇਨਤੀ ਕੀਤੀ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਉਹਨਾਂ ਨਾਲ ਵਾਪਸ ਜਾਣ ਲਈ ਬੇਨਤੀ ਪਰਵਾਨ ਨਾ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ ਜਾਂ ਵੈਰ ਭਾਵ ਨਹੀਂ ਹੈ। ਇਸਤਰੀਆਂ ਲਈ ਉਹਨਾਂ ਨੇ ਇਹ ਅਸ਼ੀਰਵਾਦ ਦਿੱਤਾ, ‘ਮਾਈਆਂ ਰੱਬ ਰਜਾਈਆਂ`। ਗੁਰਦੁਆਰੇ ਦੀ ਮੌਜੂਦਾ ਇਮਾਰਤ ਵੀਹਵੀਂ ਸਦੀ ਦੇ ਅਰੰਭ ਵਿਚ ਇਕ ਚੂਨਾ-ਕਲੀ ਦੇ ਵਪਾਰੀ ਸੰਤ ਸਿੰਘ ਕਲੀਵਾਲੇ ਵਲੋਂ ਸ਼ੁਰੂ ਕੀਤੀ ਗਈ ਸੀ।

    ਅੰਮ੍ਰਿਤਸਰ ਵਿਚ ਕੁਝ ਹੋਰ ਪਵਿੱਤਰ ਅਸਥਾਨ ਵੀ ਮੌਜੂਦ ਹਨ ਜਿਵੇਂ ‘ਹਰ ਕੀ ਪੌੜੀ` ਹਰਿਮੰਦਰ ਦੇ ਪਿੱਛੇ ਹੇਠਾਂ ਪਾਣੀ ਤਕ ਜਾਂਦੀਆਂ ਪੌੜੀਆਂ, ਅੱਠਸਠ ਤੀਰਥ, ਮਹਾਰਾਜਾ ਰਣਜੀਤ ਸਿੰਘ ਵੱਲੋਂ ਸਰੋਵਰ ਦੇ ਦੱਖਣੀ ਕਿਨਾਰੇ ਬਣਾਈ ਗਈ ਸੁਨਹਿਰੀ ਗੁੰਮਟੀ ਅਤੇ ਥੜ੍ਹਾ ਸਾਹਿਬ, ਅਠਸਠ ਤੀਰਥ ਅਤੇ ਬੇਰ ਬਾਬਾ ਬੁੱਢਾ ਜੀ ਵਿਚਕਾਰ ਇਕ ਛੋਟਾ ਜਿਹਾ ਗੁਰਦੁਆਰਾ, ਜੋ ਗੁਰੂ ਅਮਰ ਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ,।

    ਸਿੱਖਾਂ ਦੇ ਪਵਿੱਤਰ ਗੁਰਧਾਮਾਂ ਅਤੇ ਅਸਥਾਨਾਂ ਤੋਂ ਬਿਨਾਂ ਅੰਮ੍ਰਿਤਸਰ ਵਿਚ ਹੋਰ ਕਈ ਦਿਲਚਸਪ ਅਸਥਾਨ ਹਨ ਉਹਨਾਂ ਵਿਚੋਂ ਜਿਆਦਾ ਪ੍ਰਸਿੱਧ ਹਨ: ਇਕ ਹਿੰਦੂ ਮੰਦਰ ਭਾਵ ਦੁਰਗਿਆਨਾ ਮੰਦਰ ਜੋ ਇਸ ਸਦੀ ਦੇ ਤੀਜੇ ਦਹਾਕੇ ਵਿਚ ਦਰਬਾਰ ਸਾਹਿਬ ਦੇ ਨਮੂਨੇ ਤੇ ਬਣਾਇਆ ਗਿਆ ਹੈ; ਜਲਿਆਂਵਾਲਾ ਬਾਗ ਜੋ 13 ਅਪ੍ਰੈਲ 1919 ਦੇ ਘਲੂਘਾਰੇ ਦੀ ਜਗ੍ਹਾ ਉੱਤੇ ਬਣਿਆ ਹੋਇਆ ਹੈ; ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਇਆ ਗੋਬਿੰਦਗੜ੍ਹ ਕਿਲਾ ਅਤੇ ਰਾਮ ਬਾਗ ਤੇ ਮਹਿਲ ਜਿਥੇ ਮਹਾਰਾਜਾ ਸ਼ਹਿਰ ਵਿਚ ਆਪਣੀਆਂ ਫੇਰੀਆਂ ਸਮੇਂ ਠਹਿਰਿਆ ਕਰਦਾ ਸੀ।


ਲੇਖਕ : ਮ. ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅੰਮ੍ਰਿਤਸਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅੰਮ੍ਰਿਤਸਰ (ਸੰ.। ਸੰਸਕ੍ਰਿਤ) ਅੰਮ੍ਰਿਤ ਦਾ ਤਲਾ ਭਾਵ ਗਿਆਨ ਤੀਰਥ। ਯਥਾ-‘ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤਸਰਿ ਤੀਰਥਿ ਨਾਇ’।

੨. ਰਾਮਦਾਸ ਸਰੋਵਰ। ਯਥਾ-‘ਅੰਮ੍ਰਿਤਸਰੁ ਸਿਫਤੀ ਦਾ ਘਰੁ ’। ਸ਼ਹਿਰ* ਦਾ ਨਾਉਂ ‘ਅੰਮ੍ਰਿਤਸਰ’ ਇਸ ਅੰਮ੍ਰਿਤ ਸਰੋਵਰ ਦੇ ਕਾਰਨ ਹੀ ਪੈ ਗਿਆ।

----------

* ਰਾਵੀ ਤੇ ਬਿਆਸ ਦੇ ਵਿਚਕਾਹੇ, ਲਾਹੌਰ ਤੋਂ ਲਗਪਗ ਪੂਰਬ ਰੁਖ ਨੂੰ ੩੩ ਕੁ ਮੀਲ ਦੀ ਵਿੱਥ ਤੇ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅੰਮ੍ਰਿਤਸਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਮ੍ਰਿਤਸਰ : ਪੰਜਾਬ ਦਾ ਇਕ ਜ਼ਿਲ੍ਹਾ ਹੈ ਅਤੇ ਇਸੇ ਹੀ ਨਾਂ ਦਾ ਇਸ ਦਾ ਸਦਰ ਮੁਕਾਮ ਭਾਰਤ ਦਾ ਪ੍ਰਸਿੱਧ ਇਤਿਹਾਸਕ ਸ਼ਹਿਰ ਵੀ ਹੈ।

          ਜ਼ਿਲ੍ਹਾ––ਅਣਵੰਡੇ ਪੰਜਾਬ ਦਾ ਕੇਂਦਰੀ ਜ਼ਿਲ੍ਹਾ ਅਜੋਕੇ ਪੰਜਾਬ ਦੀ ਪੱਛਮ-ਉੱਤਰੀ ਸਰਹੱਦ ਤੇ ਫੈਲਿਆ ਹੋਇਆ ਹੈ। ਇਸ ਦੇ ਉੱਤਰ-ਪੱਛਮ ਵਿਚ ਰਾਵੀ ਅਤੇ ਦੱਖਣ-ਪੂਰਬ ਵਿਚ ਬਿਆਸ ਦਰਿਆ ਠਾਠਾਂ ਮਾਰਦੇ ਹਨ। ਇਸ ਦੇ ਦੱਖਣ-ਪੱਛਮ ਵਿਚ ਪਾਕਿਸਤਾਨ ਦਾ ਜ਼ਿਲ੍ਹਾ ਲਾਹੌਰ, ਦੱਖਣ-ਪੂਰਬ ਵਿਚ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ, ਦੱਖਣ ਵਿਚ ਫੀਰੋਜ਼ਪੁਰ ਅਤੇ ਉੱਤਰ-ਪੂਰਬ ਵਿਚ ਜ਼ਿਲ੍ਹਾ ਗੁਰਦਾਸਪੁਰ ਹੈ। ਜ਼ਿਲ੍ਹੇ ਦੀ ਸਾਰੀ ਜ਼ਮੀਨ ਪੱਧਰੀ ਅਤੇ ਜਰਖ਼ੇਜ਼ ਹੈ। ਇਸ ਦਾ ਖੇਤਰਫਲ 5,025 ਵ. ਕਿ. ਮੀ. ਹੈ। ਇਥੋਂ ਦਾ ਜਲਵਾਯੂ ਸਰਦੀਆਂ ਵਿਚ ਵਧੇਰੇ ਸਰਦ ਅਤੇ ਗਰਮੀਆਂ ਵਿਚ ਵਧੇਰੇ ਗਰਮ ਹੁੰਦਾ ਹੈ। ਇਸ ਜ਼ਿਲ੍ਹੇ ਵਿਚ ਚਾਰ ਤਹਿਸੀਲਾਂ––ਅੰਮ੍ਰਿਤਸਰ, ਪੱਟੀ, ਤਰਨਤਾਰਨ ਅਤੇ ਅਜਨਾਲਾ ਹਨ ਜਿਨ੍ਹਾਂ ਨੂੰ ਉਪ-ਮੰਡਲ ਦਾ ਦਰਜਾ ਦਿੱਤਾ ਗਿਆ ਹੈ। ਇਸ ਜ਼ਿਲ੍ਹੇ ਵਿਚ ਤਿੰਨ ਉਪ-ਤਹਿਸੀਲਾਂ ਝਬਾਲ, ਬਾਬਾ ਬਕਾਲਾ ਅਤੇ ਖੇਮਕਰਨ ਹਨ।

          ਭਾਰਤ ਦੀ 1981 ਦੀ ਮਰਦਮਸ਼ੁਮਾਰੀ ਦੇ ਆਰਜ਼ੀ ਅੰਕੜਿਆਂ ਅਨੁਸਾਰ ਇਸ ਜ਼ਿਲ੍ਹੇ ਦੀ ਕੁੱਲ ਆਬਾਦੀ 2,167,071 ਸੀ ਜਿਸ ਵਿਚ 1,156,085 ਆਦਮੀ ਸਨ ਅਤੇ 1,010,986 ਔਰਤਾਂ ਸਨ ਅਤੇ ਆਬਾਦੀ ਘਣਤਾ 426 ਵਿਅਕਤੀ ਪ੍ਰਤਿ ਵ. ਕਿ. ਮੀ. ਸੀ।

          ਅੰਮ੍ਰਿਤਸਰ ਜ਼ਿਲ੍ਹੇ ਦੇ ਲੋਕਾ ਦਾ ਪ੍ਰਧਾਨ ਕਿੱਤਾ ਖੇਤੀਬਾੜੀ ਹੈ। ਜ਼ਿਲ੍ਹੇ ਵਿਚ ਸਾਲ 1972-3 ਦੇ ਅੰਕੜਿਆਂ ਅਨੁਸਰ ਮੁਖ ਫਸਲਾਂ ਅਧੀਨ ਰਕਬਾ, ਉਪਜ ਅਤੇ ਪ੍ਰਤਿ ਹੈਕ. ਝਾੜ ਦਾ ਵੇਰਵਾ ਹੇਠ ਲਿਖੀ ਸਾਰਣੀ ਵਿਚ ਦਿੱਤਾ ਗਿਆ ਹੈ :––

ਫ਼ਸਲ ਦਾ ਨਾਂ

ਰਕਬ (ਹਜ਼ਾਰ ਹੈਕਟੇਅਰ

ਉਪਜ (ਹਜ਼ਾਰ ਮੀਟਰਿਕ ਟਨ)

ਝਾੜ (ਕਿ. ਗ੍ਰ. ਪ੍ਰਤਿ ਹੈਕਟੇਅਰ)

1. ਕਣਕ

248.00

545.00

2,198

2. ਚਾਉਲ

93.00

176.00

1,897

3. ਮੱਕੀ

36.00

60.00

1,655

4. ਛੋਲੇ

7.00

13.00

1,850

5. ਬਾਜਰਾ

5.30

2.00

410

6. ਗੰਨਾ

9.00

43.00

4,778

7. ਜੌਂ

1.60

2.00

1,155

8. ਕਪਾਹ (ਦੇਸੀ)

7.30

2.03

281

9. ਕਪਾਹ  (ਅਮਰੀਕਨ)

13.40

4.39

332

          ਇਸ ਜ਼ਿਲ੍ਹੇ ਨੂੰ ਵਧੇਰੇ ਕਰਕੇ ਅਪਰ ਬਾਰੀ ਦੁਆਬ ਨਹਿਰ ਰਾਹੀਂ ਸਿੰਜਿਆ ਜਾਂਦਾ ਹੈ। ਸਾਲ 1972-73 ਦੇ ਅੰਕੜਿਆਂ ਅਨੁਸਾਰ ਇਸ ਜ਼ਿਲ੍ਹੇ ਦਾ ਸਿੰਜਾਈ ਅਧੀਨ ਨਿਹੋਲ ਰਕਬਾ 369.10 ਹਜ਼ਾਰ ਹੈਕ. ਸੀ ਜੋ ਬੀਜੇ ਗਏ ਨਿਰੋਲ ਰਕਬੇ ਦਾ 94% ਸੀ ਅਤੇ ਜ਼ਿਲ੍ਹੇ ਦਾ ਸੇਂਜੂ ਕੁੱਲ ਰਕਬਾ 562.80 ਹਜ਼ਾਰ ਹੈਕ. ਸੀ।

          ਇਸ ਜ਼ਿਲ੍ਹੇ ਵਿਚ ਸਾਲ 1972-73 ਵਿਚ ਵਣਾਂ ਅਧੀਨ ਰਕਬਾ 13 ਹਜ਼ਾਰ ਹੈਕ. ਸੀ। ਜਿਥੋਂ ਤਕ ਪਸ਼ੂ-ਧਨ ਦਾ ਸਬੰਧ ਹੈ, ਸਾਲ 1972-73 ਵਿਚ ਇਸ ਦੀ ਗਿਣਤੀ 10,69,500 ਅਤੇ ਮੁਰਗੀਆਂ ਦੀ ਗਿਣਤੀ 372,200 ਸੀ।

          ਸਾਲ 1971-72 ਵਿਚ ਇਸ ਜ਼ਿਲ੍ਹੇ ਵਿਚ 1,784 ਕਿ. ਮੀ. ਲੰਬੀਆਂ ਪੱਕੀਆਂ ਤੇ ਕੱਚੀਆਂ ਸੜਕਾਂ ਸਨ। ਇਸ ਪੱਖ ਤੋਂ ਪੰਜਾਬ ਵਿਚ ਪਹਿਲਾ ਨੰਬਰ ਇਸੇ ਜ਼ਿਲ੍ਹੇ ਦਾ ਹੀ ਹੈ। 31 ਦਸੰਬਰ, 1972 ਨੂੰ ਪੰਜਾਬ ਵਿਚ ਕੁੱਲ 3,831 ਰਜਿਸਟਰਡ ਫੈਕਟਰੀਆਂ ਵਿਚੋਂ 85 ਇਸ ਜ਼ਿਲ੍ਹੇ ਵਿਚ ਸਨ। ਇਸ ਤਰ੍ਹਾਂ ਉਦਯੋਗ ਦੇ ਖੇਤਰ ਵਿਚ ਵੀ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਪਹਿਲਾ ਸਥਾਨ ਹੈ। ਪੰਜਾਬ ਦਾ ਸਭ ਤੋਂ ਵੱਡਾ ਵੇਰਕਾ ਮਿਲਕ ਪਲਾਂਟ ਵੀ ਇਸੇ ਜ਼ਿਲ੍ਹੇ ਵਿਚ ਹੀ ਹੈ। ਪੰਜਾਬ ਵਿਚ ਸਾਲ 1971-72 ਵਿਚ ਦੁੱਧ ਦੀ ਕੁੱਲ ਉਪਜ 22,08,508,000 ਕਿ. ਗ੍ਰਾ. ਵਿਚੋਂ ਅੰਮ੍ਰਿਤਸਰ ਜ਼ਿਲ੍ਹੇ ਨੇ 3,25,113,000 ਕਿ. ਗ੍ਰਾ. ਪੈਦਾ ਕੀਤਾ। ਇਸ ਤਰ੍ਹਾਂ ਇਹ ਜ਼ਿਲ੍ਹਾ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਤੇ ਪਹਿਲੇ ਸਥਾਨ ਤੇ ਰਿਹਾ। ਇਸ ਜ਼ਿਲ੍ਹੇ ਵਿਚ ਪ੍ਰਤਿਦਿਨ ਪ੍ਰਤਿ ਜੀਅ ਦੁੱਧ ਦੀ ਮਿਕਦਰ 480 ਗ੍ਰਾ. ਸੀ।

          ਸੰਨ 1981 ਦੀ ਮਰਦਮਸ਼ੁਮਾਰੀ ਦੇ ਆਰਜ਼ੀ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੜ੍ਹੇ-ਲਿਖੇ ਵਿਅਕਤੀਆਂ ਦੀ ਗਿਣਤੀ 40.60% ਸੀ।

          ਸਿੱਖ ਧਰਮ ਦੇ ਇਤਿਹਾਸ ਵਿਚ ਇਸ ਜ਼ਿਲ੍ਹੇ ਦਾ ਸ਼੍ਰੋਮਣੀ ਸਥਾਨ ਹੈ। ਸਿੱਖਾਂ ਦਾ ਮੁਖ ਧਾਰਮਿਕ ਸ਼ਹਿਰ ਅੰਮ੍ਰਿਤਸਰ ਇਸ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਸ ਤੋਂ ਬਿਨਾਂ ਇਸ ਜ਼ਿਲ੍ਹੇ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਬਹੁਤ ਸਾਰੇ ਸਥਾਨ ਹਨ, ਜਿਵੇਂ ਕਿ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਦਮਦਮਾ ਸਾਹਿਬ, ਬਾਸਰਕੇ, ਛੋਹਾਰਟਾ, ਬਾਬਾ ਬਕਾਲਾ, ਗੁਰੂ ਕੀ ਵਡਾਲੀ, ਬਾਬੇ ਦੀ ਬੀੜ, ਰਮਦਾਸ, ਸੁਰ ਸਿੰਘ, ਗੱਗੋ ਬੁਆ, ਪੂਲ੍ਹਾ, ਪਹੂ ਵਿੰਡ, ਮਾੜੀ ਕੰਬੋਕੀ, ਸਿੰਘਪੁਰਾ, ਝਬਾਲ ਸਾਹਿਬ, ਰਾਜਾਸਾਂਸੀ, ਅਜਨਾਲਾ, ਸੰਗਰਾਣਾ ਸਾਹਿਬ, ਚੋਹਲਾ ਸਾਹਿਬ, ਡੇਹਰਾ ਸਾਹਿਬ, ਵੱਲਾ ਸਾਹਿਬ, ਕਥੂ ਨੰਗਲ, ਪੱਟੀ, ਨਾਰਲੀ, ਮੀਰਾਂ ਕੋਟ, ਤੁੜ, ਨਾਗੋਕੇ, ਖਾਨ ਛਾਬੜੀ, ਜੰਡਿਆਲਾ, ਮਹਿਤਾ ਅਤੇ ਫੇਰੂਮਾਨ ਆਦਿ। ਸਰਦਾਰ ਸ਼ਾਮ ਸਿੰਘ ਅਟਾਰੀ ਦਾ ਪਿੰਡ ਅਟਾਰੀ, ਸ਼ਾਹ ਮੁਹੰਮਦ ਦਾ ਪਿੰਡ ਵਡਾਲਾ ਅਤੇ ਹਾਸ਼ਮ ਦਾ ਪਿੰਡ ਜਗਦੇ ਕਲਾਂ ਵੀ ਇਸੇ ਜ਼ਿਲ੍ਹੇ ਵਿਚ ਹਨ। ਰਾਧਾ ਸੁਆਮੀਆਂ ਦਾ ਮੁਖ ਅਸਥਾਨ ਬਿਆਸ ਅਤੇ ਹੈੱਡ ਵਰਕਸ ਹਰੀਕੇ ਵੀ ਇਸੇ ਜ਼ਿਲ੍ਹੇ ਵਿਚ ਹੈ। ਹਿੰਦੂ ਧਰਮ ਦਾ ਪ੍ਰਸਿੱਧ ਅਸਥਾਨ ਰਾਮ ਤੀਰਥ, ਜਿਥੇ ਲਵ ਅਤੇ ਕੁਸ਼ ਨੇ ਰਿਸ਼ੀ ਬਾਲਮੀਕ ਜੀ ਦੇ ਆਸ਼ਰਮ ਵਿਚ ਸਿੱਖਿਆ ਪ੍ਰਾਪਤ ਕੀਤੀ ਸੀ, ਵੀ ਇਸੇ ਜ਼ਿਲ੍ਹੇ ਵਿਚ ਹੈ।

          ਸ਼ਹਿਰ-ਭਾਰਤ ਦਾ ਪੰਜਾਬ ਵਿਚ ਪ੍ਰਸਿੱਧ ਇਤਿਹਾਸਕ ਸ਼ਹਿਰ ਹੈ ਅਤੇ ਸਿੱਖਾਂ ਦਾ ਪ੍ਰਮੁਖ ਧਾਰਮਿਕ ਕੇਂਦਰ ਹੈ। ਇਹ ਸ਼ਹਿਰ ਪੰਜਾਬ ਅਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ (31º 38' ਉ. ਵਿਥ. ਅਤੇ 74º 52' ਪੂ. ਲੰਬ.) ਤੇ ਵਸਿਆ ਹੋਇਆ ਹੈ। ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ Ⅰ ਦਾ ਪਹਿਲਾ ਸ਼ਹਿਰ ਹੈ। ਵੰਡ ਤੋਂ ਪਹਿਲਾਂ ਕਲੱਕਤਾ–ਪਿਸ਼ਾਵਰ ਜੀ. ਟੀ. ਰੋਡ ਦਾ ਇਹ ਇਕ ਅਹਿਮ ਸਟੇਸ਼ਨ ਸੀ। ਕਲੱਕਤੇ ਤੋਂ ਅੰਮ੍ਰਿਤਸਰ ਲਗਭਗ 1,970 ਕਿ. ਮੀ. ਅਤੇ ਬੰਬਈ ਤੋਂ 2,020 ਕਿ. ਮੀ. ਦੂਰ ਹੈ। ਲਾਹੌਰ ਤੋਂ ਇਹ 33 ਮੀਲ ਪੂਰਬ ਵੱਲ ਹੈ।

          ਅੰਮ੍ਰਿਤਸਰ ਦਾ ਮੁੱਢ ਦਾ ਇਤਿਹਾਸ ਅਤੇ ਇਸ ਦੇ ਵਸਾਉਣ ਦਾ ਮਨੋਰਥ ਆਮ ਸ਼ਹਿਰਾਂ ਤੋਂ ਕੁਝ ਵੱਖਰਾ ਹੀ ਹੈ। ਇਹ ਸ਼ਹਿਰ ਸਿੱਖ ਗੁਰੂ ਸਾਹਿਬਾਨਾਂ ਨੇ ਧਾਰਮਿਕ ਨੁਕਤਾ-ਨਿਗਾਹ ਤੋਂ ਹੀ ਵਸਾਇਆ ਹੈ। ਗੁਰਬਾਣੀ ਵਿਚ ਇਸ ਸ਼ਹਿਰ ਦਾ ਜ਼ਿਕਰ ਇਸ ਤਰ੍ਹਾਂ ਆਇਆ ਹੈ :

“ਲਾਹੌਰ ਸਹਰੁ ਅੰਮ੍ਰਿਤਸਰ ਸਿਫਤੀ ਦਾ ਘਰੁ”

(ਮ–੩)

          ਕਹਿੰਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਲਾਹੌਰ ਵਾਸੀਆਂ ਦੀ ਵਿਥਿਆ ਸੁਣ ਕੇ ਹੀ ਸਦਾ ਪ੍ਰਭੂ ਦੀ ਸਿਫ਼ਤ ਸਲਾਹ ਦੀ ਮਹਿਕ ਵਿਚ ਭਿੰਨੇ ਰਹਿਣ ਵਾਲੇ ਸ਼ਹਿਰ, ਅੰਮ੍ਰਿਤਸਰ ਦੇ ਵਸਣ ਬਾਰੇ ਇਹ ਸਲੋਕ ਉਚਾਰਿਆ ਸੀ (ਫਰੀਦਕੋਟੀ ਟੀਕੇ ਅਨੁਸਾਰ )। ਇਸ ਉਦੇਸ਼ ਨੂੰ ਮੁਖ ਰਖਦਿਆਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਤੁੰਗ, ਸੁਤਤਾਨ-ਵਿੰਡ, ਗੁਮਟਾਲਾ ਅਤੇ ਗਿਲਵਾਲੀ ਪਿੰਡ ਦੇ ਵਿਚਕਾਰ (ਗਿਆਨੀ ਗਿਆਨ ਸਿੰਘ ਜੀ ਅਨੁਸਾਰ) ਉਸ ਢਾਬ ਦੇ ਕਿਨਾਰੇ ਜਿਥੋਂ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਲਈ ਅੰਮ੍ਰਿਤ ਬੂਟੀ ਲਭ ਕੇ ਲੈ ਗਏ ਸਨ, ਇਕ ਨਗਰ ਵਸਾਉਣ ਦਾ ਆਦੇਸ਼ ਦਿੱਤਾ। ਗੁਰੂ ਰਾਮਦਾਸ ਜੀ ਨੇ (ਗਜ਼ਟੀਅਰ ਅੰਮ੍ਰਿਤਸਰ ਪੰਨਾ 60 ਅਨੁਸਾਰ) ‘ਤੁੰਗ’ ਪਿੰਡ ਦੋ ਜ਼ਿਮੀਂਦਾਰਾਂ ਤੋਂ 700 ਰੁਪਏ ਦੀ ਜ਼ਮੀਨ ਖਰੀਦ ਕੇ 1574 ਈ. (ਮ. ਕੋ.) ਵਿਚ ਇਸ ਨਗਰ ਦੀ ਨੀਂਹ ਰੱਖੀ ਅਤੇ ਇਸ ਦਾ ਨਾਂ ‘ਗੁਰੂ ਦਾ ਚੱਕ’ ਰੱਖਿਆ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਪਿਛੋਂ ਗੁਰੂ ਕੇ ਚੱਕ ਵਿਚ ਹੀ ਗੁਰੂ ਜੋਤਿ ਜਗਾਉਣੀ ਆਰੰਭ ਕੀਤੀ। ਜਿਸ ਤੋਂ ਇਸ ਨਗਰੀ ਦਾ ਨਾਂ ‘ਰਾਮਦਾਸ ਪੁਰ’ ਪੈ ਗਿਆ। ਗੁਰੂ ਰਾਮਦਾਸ ਜੀ ਨੇ 1577 ਵਿਚ ਇਕ ਤਾਲ ਵੀ ਖੁਦਵਾਇਆ ਸੀ। ਜਿਸ ਨੂੰ ਉਨ੍ਹਾਂ ਤੋਂ ਪਿਛੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1586 ਈ. ਵਿਚ ਪੱਕਾ ਕਰਨਾ ਆਰੰਭਿਆ ਅਤੇ ਇਸ ਤਾਲ ਦਾ ਨਾਂ ਅੰਮ੍ਰਿਤਸਰ ਰੱਖਿਆ ਗਿਆ। ਇਸੇ ਤਾਲ ਦੀ ਛਬਿ ਅਤੇ ਪ੍ਰਸਿੱਧੀ ਕਾਰਨ ਹੌਲੀ ਹੌਲੀ ਇਸ ਨਗਰ ਦਾ ਨਾਂ ਵੀ ਅੰਮ੍ਰਿਤਸਰ ਹੀ ਪੈ ਗਿਆ। 1588 ਈ. ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੀਆਂ ਮੀਰ ਤੋਂ ਇਸ ਤਾਲ ਦੇ ਮੱਧ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਅਤੇ ਸੰਪੂਰਨ ਕਰਕੇ 1604 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕੀਤੀ। ਇਸ ਤਰ੍ਹਾਂ ਅੰਮ੍ਰਿਤਸਰ ਦਾ ਇਹ ਨਗਰ ਸ੍ਰੀ ਅਮਰਦਾਸ ਜੀ ਦੇ ਉਲੀਕ ਆਦਰਸ਼ ਮੁਤਾਬਕ ਸੱਚਮੁੱਚ ‘ਸਿਫ਼ਤੀ ਦਾ ਘਰੁ’ ਦੇ ਰੂਪ ਵਿਚ ਸਥਾਪਤ ਹੋ ਗਿਆ। ਇਸ ਪਵਿੱਤਰ ਅਸਥਾਨ ਦੀ ਉਸਾਰੀ ਲਈ ਭਾਈ ਸਾਲੋ, ਭਾਈ ਬਹਿਲੋ, ਭਾਈ ਮੰਝ, ਭਾਈ ਬੰਨੋ ਅਤੇ ਬਾਬਾ ਆਦਮ ਜੀ ਨੇ ਅਣਥੱਕ ਸੇਵਾ ਕੀਤੀ।

          ਅੰਮ੍ਰਿਤਸਰ ਆਦਿ ਤੋਂ ਹੀ ਸਿੱਖ ਸ਼ਕਤੀ ਦਾ ਕੇਂਦਰ ਅਤੇ ਅਮੁਕ ਸ੍ਰੋਤ ਰਿਹਾ ਹੈ। ਇਸ ਪਵਿੱਤਰ ਧਾਮ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਲਈ ਅਣਗਿਣਤ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਮੁਗ਼ਲੀਆ ਸਲਤਨਤ ਨੇ ਸਿੱਖਾਂ ਨੂੰ ਇਸ ਕੇਂਦਰ ਨਾਲੋਂ ਤੋੜਨ ਦੇ ਸਿਰਤੋੜ ਯਤਨ ਕੀਤੇ ਪਰ ਘੋਰ ਸੰਕਟ ਦੇ ਸਮੇਂ ਵੀ ਸਿੱਖ ਇਸ ਪਾਵਨ ਅਸਥਾਨ ਨਾਲ ਜੁੜੇ ਰਹੇ ਅਤੇ ਮੁਗ਼ਲਾਂ ਦੇ ਪਹਿਰਿਆਂ ਵਿਚ ਵੀ ਜਾਨ ਤੇ ਖੇਡਕੇ ਇਸ਼ਨਾਨ ਕਰ ਜਾਂਦੇ। ਸੰਨ 1740 ਵਿਚ ਜਦੋਂ ਮੱਸਾ ਰੰਘੜ (ਚੌਧਰੀ ਮਸਲਾਉਲ-ਦੀਨ) ਨੇ ਪਵਿੱਤਰ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਭਾਈ ਮਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਨੇ ਉਸ ਦਾ ਸਿਰ ਵੱਢ ਕੇ ਸੰਗਤ ਦੀ ਭੇਟ ਕੀਤਾ। ਸੰਨ 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਤੋਪਾਂ ਨਾਲ ਢਹਾ ਦਿੱਤੀ ਅਤੇ ਅੰਮ੍ਰਿਤਸਰ ਸਰੋਵਰ ਨੂੰ ਗਊਆਂ ਦੀਆਂ ਲਾਸ਼ਾਂ ਨਾਲ ਭਰਵਾ ਦਿੱਤਾ। ਖ਼ਾਲਸੇ ਨੇ 1765 ਈ. ਵਿਚ ਉਸੇ ਰੂਪ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ। ਸੰਨ 1810 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸੰਗਮਰਮਰ ਅਤੇ ਸੋਨੇ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਈ। ਸੰਨ 1977 ਵਿਚ ਸ੍ਰੀ ਅੰਮ੍ਰਿਤਸਰ ਦਾ 400 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣ ਵਾਲੇ ਅਖੰਡ ਕੀਰਤਨ ਨੂੰ ਪ੍ਰਸਾਰਨ ਲਈ ਰੇਡੀਓ ਸਟੇਸ਼ਨ ਦਾ ਮਤਾ ਪੇਸ਼ ਕੀਤਾ ਗਿਆ ਜੋ ਅਜੇ ਵਿਚਾਰ ਅਧੀਨ ਹੈ। ਅੰਮ੍ਰਿਤ ਸਰੋਵਰ ਵਿਚ ਹਰਿਮੰਦਰ ਦੀ ਇਮਾਰਤ ਦੀ ਦਿਖ ਤੇ ਛਬਿ ਅਦੁੱਤੀ ਅਤੇ ਅਨੂਪਮ ਹੈ। ਇੰਜ ਜਾਪਦਾ ਹੈ ਜਿਵੇਂ ਬਲੌਰੀ ਜਲ ਦੇ ਵਿਚਕਾਰ ਸਵਰਨ ਕਮਲ ਖੋੜਾ ਵੰਡ ਰਿਹਾ ਹੋਵੇ। ਹਰਿਮੰਦਰ ਦੀ ਇਮਾਰਤ ਅਤੇ ਪਰਿਕਰਮਾ ਦਾ ਚੌਗਿਰਦੇ ਨਾਲੋਂ ਨੀਵੀਂ ਥਾਂ ਤੇ ਹੋਣਾ ਅਧਿਆਤਮ ਵਿਚ ਨਿਮਰਤਾ ਦੀ ਮਹੱਤਤਾ ਨੂੰ ਪਰਗਟ ਕਰਦਾ ਹੈ। ਇਸ ਦੀ ਹਦੂਦ ਵਿਚ ਦਾਖ਼ਲ ਹੋਣ ਵਾਲੇ ਮਨੂੱਖੀ ਮਨ ਵੀ ਦੁਨਿਆਵੀ ਅਭਿਮਾਨ ਛੱਡ ਕੇ ਨਿਮਰਤਾ ਅਤੇ ਰੱਬੀ ਪ੍ਰੇਮ ਦੇ ਮੰਡਲ ਵਿਚ ਪ੍ਰਵੇਸ਼ ਕਰਦਾ ਹੈ। ਨਿਰੋਲ ਗੁਰਬਾਣੀ ਦਾ ਨਿੰਮ੍ਹਾ ਨਿੰਮ੍ਹਾ ਅਖੰਡ ਕੀਰਤਨ ਇਥੇ ਦੋ ਵਾਯੂ-ਮੰਡਲ ਨੂੰ ਸ੍ਵਛਤਾ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ। ਭਟਕੇ ਅਤੇ ਦੁਖੀ ਦਿਲਾਂ ਨੂੰ ਇਥੋਂ ਸੁਖ-ਸਹਿਜ ਦੀ ਦਾਤ ਪ੍ਰਾਪਤ ਹੁੰਦੀ ਹੈ।

          ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਅਤੇ ਪਿਛੋਂ ਵੀ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਮਤੀ ਵਸਤਾਂ ਭੇਟ ਚੜ੍ਹਾਈਆਂ ਗਈਆਂ ਹਨ। ਜਿਨ੍ਹਾਂ ਦੀ ਸਮੇਂ ਸਮੇਂ ਨੁਮਾਇਸ਼ ਵੀ ਲਗਾਈ ਜਾਂਦੀ ਹੈ। ਉਨ੍ਹਾਂ ਵਿਚੋਂ ਪ੍ਰਮੁਖ ਕੀਮਤੀ ਅਤੇ ਇਤਿਹਾਸਕ ਵਸਤਾਂ ਇਹ ਹਨ :

          1.       ਚਾਣਨੀ––ਜੋ ਹੈਦਰਾਬਾਦ ਦੱਖਣ ਦੇ ਨਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤੀ ਸੀ। ਮਹਾਰਾਜਾ ਨੇ ਇਹ ਚਾਨਣੀ ਗੂਰੂ ਦਰਬਾਰ ਦੀ ਭੇਟ ਕੀਤੀ। ਜਥੇਦਾਰ ਅਕਾਲ ਤਖ਼ਤ ਨੇ ਇਹ ਚਾਨਣੀ ਮਹਾਰਾਜੇ ਨੂੰ ਤਨਖ਼ਾਹ ਲਾ ਕੇ ਪ੍ਰਵਾਨ ਕਰ ਲਈ ਕਿਉਂਕਿ ਮਹਾਰਾਜੇ ਨੇ ਇਕ ਦਿਨ ਇਹ ਚਾਣਨੀ ਆਪਣੇ ਉਪਰ ਲਈ ਸੀ। ਇਹ ਚਾਨਣੀ ਜਲੌ ਦਾ ਸ਼ਿੰਗਾਰ ਹੀ ਰਹੀ ਹੈ ਪਰ ਹਰਿਮੰਦਰ ਸਾਹਿਬ ਵਿਚ ਕਦੇ ਲਾਈ ਨਹੀਂ ਗਈ। ਇਸ ਦਾ ਗੂੜ੍ਹੇ ਲਾਲ ਰੰਗ ਦੀ ਮਖਮਲੀ ਅਤੇ ਮੋਤੀਆਂ ਨਾਲ ਜੜੀ ਇਹ ਚਾਣਨੀ ਦਾ ਮੁੱਲ ਕਈ ਲੱਖ ਰੁਪਿਆ ਹੈ।

          2.       ਜੜਾਊ ਸਿਹਰਾ––ਇਹ ਸਿਹਰਾ ਸਹਿਜ਼ਾਦਾ ਸ਼ੇਰ ਸਿੰਘ ਦੇ ਵਿਆਹ ਸਮੇਂ ਤਿਆਰ ਕੀਤਾ ਗਿਆ ਸੀ ਜੋ ਸਹਿਜ਼ਾਦੇ ਨੇ ਬਿਨਾਂ ਆਪਣੇ ਸਿਰ ਉਪਰ ਸਜਾਏ ਦਰਬਾਰ ਸਾਹਿਬ ਦੀ ਭੇਟ ਕੀਤਾ। ਇਸ ਉਪਰ ਪੈਂਤੀ ਲੜੀਆਂ ਅਤੇ 108 ਸੁੱਚੇ ਮੋਤੀ ਜੜੇ ਹੋਏ ਹਨ ਜਿਨ੍ਹਾਂ ਦਾ ਮੁਲ ਲੱਖਾਂ ਵਿਚ ਹੈ।

          3.       ਜੜਾਊ ਛਤਰ––ਇਹ ਛਤਰ ਵੀ ਮੋਤੀਆਂ ਨਾਲ ਜੜਿਆ ਹੋਇਆ ਹੈ। ਇਸ ਉਪਰ ਮੋਰ ਦੀ ਸ਼ਕਲ ਬਹੁਤ ਸੁੰਦਰ ਬਣੀ ਹੋਈ ਹੈ। ਜਿਸਦੀ ਗਰਦਨ ਨੀਲਮ ਦੀ ਹੈ ਅਤੇ ਚੁੰਝ ਵਿਚ ਮੋਤੀਆਂ ਦੀ ਮਾਲਾ ਹੈ।

          4.       ਚੰਦਨ ਦਾ ਚੌਰ––ਇਹ ਚੌਰ ਇਕ ਮੁਸਲਮਾਨ ਫਕੀਰ ਨੇ 7 ਵਰ੍ਹੇ ਲਾ ਕੇ ਤਿਆਰ ਕੀਤਾ ਸੀ ਅਤੇ ਇਸ ਦੇ ਬਣਾਉਣ ਲਈ ਚੰਦਨ ਦੀ 7 ਮਣ ਲਕੜ ਖ਼ਰਚ ਆਈ ਸੀ।

          5.       ਸੋਨੇ ਦੀਆਂ ਜੋੜੀਆਂ––ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਲਈ ਸੋਨੇ ਦੀਆਂ ਇਹ ਚਾਰ ਜੋੜੀਆਂ ਵੀ ਤਿਆਰ ਕਰਵਾਈਆਂ ਸਨ।

          ਇਨ੍ਹਾਂ ਵਸਤਾਂ ਦਾ ਜਲੌ ਵਿਸ਼ੇਸ਼ ਗੁਰਪੁਰਬਾਂ ਦੇ ਅਵਸਰ ਤੇ ਲਾਇਆ ਜਾਂਦਾ ਹੈ।

          ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਸਰਾਂ ਅਤੇ ਗੁਰੂ ਨਾਨਕ ਨਿਵਾਸ ਵਿਚ ਯਾਤਰੂਆਂ ਦੇ ਠਹਿਰਨ ਲਈ ਮੁਫ਼ਤ ਰਿਹਾਇਸ਼ੀ ਪ੍ਰਬੰਧ ਹੈ। ਲੰਗਰ ਦੀ ਨਵੀਂ ਇਮਾਰਤ ਬਣ ਗਈ ਹੈ ਜਿਸ ਵਿਚ ਇਕੋ ਵੇਲੇ ਹਜ਼ਾਰਾਂ ਯਾਤਰੂਆਂ ਦੇ ਲੰਗਰ ਛਕਣ ਦੀ ਵਿਵਸਥਾ ਕੀਤੀ ਗਈ ਹੈ।

          ਅੰਮ੍ਰਿਤਸਰ ਵਿਚ ਚਾਰ ਹੋਰ ਸਰੋਵਰ ਹਨ––

          1. ਸੰਤੋਖ ਸਰ––ਇਹ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤੋਖੇ ਸਿੱਖ ਦੇ ਧਨ ਨਾਲ ਉਸ ਦੇ ਨਾਂ ਤੇ 1588 ਈ. (ਸੰਮਤ 1645) ਵਿਚ ਬਣਵਾਇਆ। ਇਸ ਸਰੋਵਰ ਦਾ ਆਰੰਭ ਸ੍ਰੀ ਗੁਰੂ ਰਾਮਦਾਸ ਜੀ ਕਰ ਗਏ ਸਨ।

          2. ਕੌਲ ਸਰ––ਇਹ ਸਰੋਵਰ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਕੌਲਾਂ (ਕਮਲਾ) ਦੇ ਨਾਂ ਤੇ 1627 (ਸੰਮਤ 684) ਵਿਚ ਤਿਆਰ ਕਰਵਾਇਆ।

          3. ਬਿਬੇਕ ਸਰ––ਇਹ ਸਰੋਵਰ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਵਿਵੇਕੀ ਬਿਹੰਗਮ ਦੇ ਨਿਵਾਸ ਵਾਸਤੇ 1628 ਈ. (ਸੰਮਤ 1685) ਵਿਚ ਬਣਵਾਇਆ।

4. ਰਾਮ ਸਰ––ਇਹ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1659-60 ਵਿਚ ਬਣਵਾਇਆ। ਇਸ ਦੇ ਕਿਨਾਰੇ ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ’ ਉਚਾਰੀ ਅਤੇ ਆਦਿ ਬੀੜ ਦਾ ਸੰਕਲਨ ਕੀਤਾ।

          ਸ੍ਰੀ ਅੰਮ੍ਰਿਤਸਰ ਵਿਚ ਹੋਰ ਇਤਿਹਾਸ ਅਤੇ ਪਵਿੱਤਰ ਅਸਥਾਨ ਇਹ ਹਨ:

          (1) ਅਕਾਲ ਤਖ਼ਤ––ਸ੍ਰੀ ਗੁਰੂ ਹਰਿਗੋਬਿੰਦ ਜੀ ਨੇ 1608 ਈ. (ਸੰਮਤ 1665) ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਰਾਜ ਸਿੰਘਾਸਨ ਤਿਆਰ ਕਰਵਾਇਆ ਅਤੇ ਇਸਦਾ ਨਾਂ ਅਕਾਲ ਬੁੰਗਾ ਰੱਖਿਆ। ਇਹ ਗੁਰਦੁਆਰਾ ਸਿੱਖਾਂ ਦਾ ਪਹਿਲਾ ਤਖ਼ਤ ਹੈ ਅਤੇ ਪੰਥ ਇਸ ਥਾਂ ਮੁੱਢ ਤੋਂ ਗੁਰਮਤੇ ਸੋਧਦਾ ਆਇਆ ਹੈ।

          (2) ਅਟਲ ਰਾਇ ਜੀ ਦਾ ਦੇਹਰਾ––ਇਹ ਕੌਲਸਰ ਦੇ ਕਿਨਾਰੇ ਹੈ। ਇਥੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਪੁੱਤਰ ਬਾਬਾ ਅਟਲ ਰਾਇ ਜੀ ਜੋਤੀ ਜੋਤਿ ਸਮਾਏ ਸਨ।

          (3) ਅਠਸਠਿ ਤੀਰਥ––ਅਮ੍ਰਿਤਸਰ ਜੀ ਦੇ ਕਿਨਾਰੇ ਦੁਖ ਭੰਜਨੀ ਆਤਮਾ ਦੇ ਜੋ ਕਰੁਣ ਤੇ ਵਿਅੰਗ ਚਿੱਤਰ ਇਸ ਨੇ ਖਿੱਚੇ ਹਨ, ਉਹ ਇਸ ਦੀ ਵੱਡਮੁੱਲੀ ਦੇਣ ਹਨ। ਇਹ ਸਫ਼ਲ ਗੀਤਕਾਰ ਵੀ ਹੈ। ਅੱਜ ਕੱਲ ਵੀ ‘ਨਾਗਮਣੀ’ ਵਿਚ ਅੰਮ੍ਰਿਤਾ ਦੀ ਕਵਿਤਾ ਕਾਫ਼ੀ ਛਪਦੀ ਹੈ ਪਰ ਹੁਣ ਇਸ ਦੀ ਰੁਚੀ ਨਾਵਲ ਦੇ ਖੇਤਰ ਵਲ ਵਧੇਰੇ ਹੈ।

          ਨਾਵਲਕਾਰ ਦੀ ਹੈਸੀਅਤ ਵਿਚ ਅੰਮ੍ਰਿਤਾ ਕਈ ਭਾਸ਼ਾਵਾਂ ਵਿਚ ਪੜ੍ਹੀ ਜਾਂਦੀ ਹੈ। ਇਸ ਦੇ ਲਗਭਗ 27 ਨਾਵਲ ਛਪ ਚੁੱਕੇ ਹਨ। ਹੁਣ ਤਕ, ਸਭ ਤੋਂ ਅਖੀਰਲਾ ‘ਕੋਰੇ ਕਾਗਜ਼’ ਹੈ। ਜੈ ਸ਼੍ਰੀ, ਡਾਕਟਰ ਦੇਵ, ਪਿੰਜਰ, ਆਲ੍ਹਣਾ, ਇਕ ਸੀ ਅਨੀਤਾ, ਰੰਗ ਦਾ ਪੱਤਾ, ਇਕ ਸਵਾਲ, ਬੰਦ ਦਰਵਾਜ਼ਾ, ਦਿੱਲੀ ਦੀਆਂ ਗਲੀਆਂ, ਚੱਕ ਨੰ. ਛੱਤੀ, ਧਰਤੀ ਸਾਗਰ ਤੇ ਸਿੱਪੀਆਂ, ਜਲਾਵਤਨ, ਜੇਬਕਤਰੇ, ਯਾਤਰੀ, ਪੰਜ ਵਰ੍ਹੇ, ਕੱਚੀ ਸੜਕ, ਪੱਕੀ ਹਵੇਲੀ, ਅੱਕ ਦਾ ਬੂਟਾ, ਅਤੇ ਅੱਗ ਦੀ ਲਕੀਰ ਆਦਿ ਇਸ ਦੇ ਮਸ਼ਹੂਰ ਨਾਵਲ ਹਨ। ਇਹ ਸਾਰੇ ਨਾਵਲ ਹਿੰਦੀ ਵਿਚ ਅਨੁਵਾਦ ਹੋ ਚੁੱਕੇ ਹਨ। ਇਸ ਦੇ ਨਾਵਲ ਉਰਦੂ, ਗੁਜਰਾਤੀ, ਮਰਾਠੀ, ਮਲਿਆਲਮ, ਸਿੰਧੀ, ਕੱਨੜ ਤੇ ਅੰਗ੍ਰੇਜ਼ੀ ਭਾਸ਼ਾਵਾਂ ਵਿਚ ਉਲਥਾਏ ਗਏ ਹਨ।

          ਅੰਮ੍ਰਿਤਾ ਦੇ ਹੁਣ ਤੱਕ 12 ਕਹਾਣੀ-ਸੰਗ੍ਰਹਿ ਛਪ ਚੁੱਕੇ ਹਨ। ‘ਇਕ ਸ਼ਹਿਰ ਦੀ ਮੌਤ’ ਹੁਣ ਤਕ ਅਖ਼ੀਰਲਾ ਕਹਾਣੀ ਸੰਗ੍ਰਹਿ ਹੈ। ਛੱਬੀ ਵਰ੍ਹੇ ਬਾਅਦ, ਜੰਗਲੀ ਬੂਟੀ, ਅਜਨਬੀ, ਕੁੰਜੀਆਂ (1944), ਨੇੜੇ ਨੇੜੇ (1944), ਚਾਨਣ ਦਾ ਹਉਕਾ (1962) ਆਦਿ ਪ੍ਰਸਿੱਧ ਕਹਾਣੀ-ਸੰਗ੍ਰਹਿ ਹਨ। ਬਹੁਤ ਸਾਰੀਆਂ ਕਹਾਣੀਆਂ ਹਿੰਦੀ ਵਿਚ ਅਨੁਵਾਦ ਹੋ ਚੁੱਕੀਆਂ ਹਨ।

          ਅੰਮ੍ਰਿਤਾ ਦੀ ਦੇਣ ਹੋਰ ਸਾਹਿਤ ਰੂਪਾਂ ਵੱਲ ਵੀ ਕੋਈ ਘੱਟ ਨਹੀਂ। ਹੁਣ ਤੱਕ ਇਹ 14 ਲੇਖ ਸੰਗ੍ਰਹਿ ਦੇ ਚੁੱਕੀ ਹੈ––ਕਿਰਮਚੀ ਲਕੀਰਾਂ, ਔਰਤ ਇਕ ਦ੍ਰਿਸ਼ਟੀਕੋਣ, ਸਫ਼ਰਨਾਮਾ, ਕਾਲਾ ਗੁਲਾਬ ਆਦਿ। ਤਿੰਨ ਲੋਕ-ਗੀਤ ਸੰਗ੍ਰਹਿ ਹਨ––ਪੰਜਾਬ ਦੀ ਆਵਾਜ਼, ਮੌਲੀ ਤੇ ਮਹਿੰਦੀ, ਆਸ਼ਮਾ। ਇਸ ਨੇ ਤਿੰਨ ਸਫ਼ਰਨਾਮੇ ਲਿਖੇ ਹਨ ਬਾਰੀਆਂ ਝਰੋਖੇ, ਅੱਗ ਦੀਆਂ ਲੀਕਾਂ ਆਦਿ। ਇਸ ਨੇ ਜੀਵਨੀਆਂ ਵੀ ਲਿਖੀਆਂ ਹਨ, ਜਿਨ੍ਹਾਂ ਵਿਚੋਂ ‘ਰਸੀਦੀ ਟਿਕਟ’ ਇਸ ਦੀ ਆਤਮਕਥਾ ਹੈ ਤੇ ਬਹੁਤ ਪ੍ਰਸਿੱਧ ਹੈ। ਇਸ ਤੋਂ ਬਿਨਾਂ ਇਸ ਦੇ ਅਨੁਵਾਦ ਅਤੇ ਸੰਪਾਦਨ ਦਾ ਕੰਮ ਵੀ ਕਾਫ਼ੀ ਕੀਤਾ ਹੈ ਜਿਵੇਂ ਕਿ ਤਿਆਗ-ਪੱਤ੍ਰ, ਆਤਮਕਥਾ ਡਾ. ਰਾਜੇਂਦਰ ਪ੍ਰਸ਼ਾਦ, ਜੀਵੀ (ਗੁਜਰਾਤੀ ਨਾਵਲ), ਜੰਗ ਤੋਂ ਪਿੱਛੋਂ (ਜਰਮਨ ਕਹਾਣੀਆਂ), ਤਾਮਿਲ ਕਹਾਣੀਆਂ, ਚੋਣਵੀਂ ਪੰਜਾਬੀ ਕਵਿਤਾ, ਅੱਖਰ, ਦਰਦਮੰਦਾਂ ਦੀਆਂ ਆਹੀਂ ਆਦਿ।

          ਅੰਮ੍ਰਿਤਾ ਦੇ ਦੋ ਨਾਵਲਾਂ ਦੇ ਆਧਾਰ ਤੇ ਦੋ ਫ਼ਿਲਮਾਂ ਬਣ ਚੁਕੀਆਂ ਹਨ, ‘ਧਰਤੀ, ਸਾਗਰ ਤੇ ਸਿੱਪੀਆਂ’ ਦੇ ਆਧਾਰ ਤੇ ‘ਕਾਦੰਬਰੀ’ ਅਤੇ ‘ਉਨ੍ਹਾਂ ਦੀ ਕਹਾਣੀ’ ਦੇ ਆਧਾਰ ਤੇ ‘ਡਾਕੂ’ ਫ਼ਿਲਮ।

          ਅੰਮ੍ਰਿਤਾ ਦੀ ਇਸ ਸਾਰੀ ਸਾਹਿਤਕ ਰਚਨਾ ਨੂੰ ਧਿਆਨ ਵਿਚ ਰੱਖ ਕੇ ਹੀ 1969 ਵਿਚ ਇਸ ਨੂੰ ਪਦਮ ਸ਼੍ਰੀ ਦਾ ਖ਼ਿਤਾਬ ਦਿੱਤਾ ਗਿਆ। 1973 ਵਿਚ ਦਿੱਲੀ ਯੂਨੀਵਰਸਿਟੀ ਨੇ ਇਸਨੂੰ ਡੀ.ਲਿਟ. ਦੀ ਡਿਗਰੀ ਦਿੱਤੀ। 1982 ਵਿਚ ਅੰਮ੍ਰਿਤਾ ਪ੍ਰੀਤਮ ਨੂੰ ਇਸ ਦੀ ਪੁਸਤਕ ‘ਕਾਗਜ਼ ਤੇ ਕੈਨਵਸ’ ਉੱਤੇ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ‘ਗਿਆਨ ਪੀਠ’ ਦਿੱਤਾ ਗਿਆ। ਇਹ ਮਹਾਨ ਕਵਿਤਰੀ ਦੀ ਇਸ ਪ੍ਰਾਪਤੀ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਵੀ 19 ਸਤੰਬਰ, 1982 ਨੂੰ ਇਸ ਨੂੰ ਸਨਮਾਨਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅੰਮ੍ਰਿਤਸਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਮ੍ਰਿਤਸਰ :  ਸ਼ਹਿਰ– ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ, ਪ੍ਰਸਿੱਧ ਇਤਿਹਾਸਕ ਸ਼ਹਿਰ ਅਤੇ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਕੇਂਦਰ ਹੈ। ਇਹ ਸ਼ਹਿਰ ਪੰਜਾਬ ਅਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਸਿਆ ਹੋਇਆ ਹੈ। ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ-1 ਦਾ ਪਹਿਲਾ ਸ਼ਹਿਰ ਹੈ। ਵੰਡ ਤੋਂ ਪਹਿਲਾਂ ਕਲਕੱਤਾ-ਪਿਸ਼ਾਵਰ ਜੀ.ਟੀ. ਰੋਡ ਦਾ ਇਹ ਇਕ ਅਹਿਮ ਸਟੇਸ਼ਨ ਸੀ। ਲਾਹੌਰ ਤੋਂ ਅੰਮ੍ਰਿਤਸਰ 53 ਕਿ. ਮੀ. ਪੂਰਬ ਵੱਲ ਹੈ।

        ਅੰਮ੍ਰਿਤਸਰ ਦਾ ਮੁੱਢਲਾ ਇਤਿਹਾਸ ਅਤੇ ਇਸ ਦੇ ਵਸਾਉਣ ਦਾ ਮਨੋਰਥ ਆਮ ਸ਼ਹਿਰਾਂ ਤੋਂ ਕੁਝ ਵੱਖਰਾ ਹੀ ਹੈ। ਇਹ ਸ਼ਹਿਰ ਸਿੱਖ ਗੁਰੂ ਸਾਹਿਬਾਨਾਂ ਨੇ ਧਾਰਮਿਕ ਨੁਕਤਾਨਿਗਾਹ ਤੋਂ ਹੀ ਵਸਾਇਆ ਹੈ। ਗੁਰਬਾਣੀ ਵਿਚ ਇਸ ਸ਼ਹਿਰ ਦਾ ਜ਼ਿਕਰ ਇਸ ਤਰ੍ਹਾਂ ਆਇਆ ਹੈ–

                ''ਲਾਹੌਰ ਸਹਰੁ ਅੰਮ੍ਰਿਤਸਰ ਸਿਫਤੀ ਦਾ ਘਰੁ''

        ਗੁਰੂ ਗ੍ਰੰਥ ਸਾਹਿਬ ਦੇ ਫ਼ਰੀਦਕੋਟੀ ਟੀਕੇ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਲਾਹੌਰ ਵਾਸੀਆਂ ਦੀ ਵਿਥਿਆ ਸੁਣ ਕੇ ਹੀ, ਸਦਾ ਪ੍ਰਭੂ ਦੀ ਸਿਫ਼ਤ ਸਲਾਹ ਵਿਚ ਭਿਜੇ ਰਹਿਣ ਵਾਲੇ ਸ਼ਹਿਰ, ਅੰਮ੍ਰਿਤਸਰ ਦੇ ਵਸਣ ਬਾਰੇ ਇਹ ਸਲੋਕ ਉਚਾਰਿਆ ਸੀ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਤੁੰਗ, ਸੁਲਤਾਨ-ਵਿੰਡ, ਗੁਮਟਾਲਾ ਅਤੇ ਗਿਲਵਾਨੀ ਪਿੰਡ ਦੇ ਵਿਚਕਾਰ ਨਗਰ ਵਸਾਉਣ ਲਈ ਕਿਹਾ। ਗਿਆਨੀ ਗਿਆਨ ਸਿੰਘ ਅਨੁਸਾਰ ਉਸ ਢਾਬ ਦੇ ਕਿਨਾਰੇ ਜਿਥੋਂ ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਲਈ ਅੰਮ੍ਰਿਤ ਬੂਟੀ ਲਭ ਕੇ ਲੈ ਗਏ ਸਨ  ਇਕ ਨਗਰ ਵਸਾਉਣ ਦਾ ਆਦੇਸ਼ ਦਿੱਤਾ ਸੀ। ਗੁਰੂ ਰਾਮਦਾਸ ਜੀ ਨੇ (ਗਜ਼ਟੀਅਰ ਅੰਮ੍ਰਿਤਸਰ, ਪੰਨਾ 60 ਅਨੁਸਾਰ) 'ਤੁੰਗ' ਪਿੰਡ ਦੇ ਜ਼ਿਮੀਂਦਾਰਾਂ ਤੋਂ 700 ਰੁਪਏ ਦੀ ਜ਼ਮੀਨ ਖਰੀਦ ਕੇ 1574 ਈ. ਵਿਚ ਇਸ ਨਗਰ ਦੀ ਨੀਂਹ ਰੱਖੀ ਅਤੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਗੁਰੂ ਕੇ ਚੱਕ ਵਿਚ ਹੀ ਗੁਰੂ ਜੋਤਿ ਜਗਾਉਣੀ ਆਰੰਭ ਕੀਤੀ ਜਿਸ ਤੋਂ ਇਸ ਨਗਰੀ ਦਾ ਨਾਂ 'ਰਾਮਦਾਸਪੁਰ' ਪੈ ਗਿਆ। ਗੁਰੂ ਰਾਮਦਾਸ ਜੀ ਨੇ 1577 ਈ. ਵਿਚ ਇਕ ਤਾਲ ਵੀ ਖੁਦਵਾਇਆ ਸੀ ਜਿਸ ਨੂੰ ਉਨ੍ਹਾਂ ਤੋਂ ਪਿੱਛੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1586 ਈ. ਵਿਚ ਪੱਕਾ ਕਰਨਾ ਆਰੰਭਿਆ ਅਤੇ ਇਸ ਤਾਲ ਦਾ ਨਾਂ ਅੰਮ੍ਰਿਤਸਰ ਰੱਖਿਆ ਗਿਆ। ਇਸੇ ਤਾਲ ਦੀ ਛਬਿ ਅਤੇ ਪ੍ਰਸਿੱਧੀ ਕਾਰਨ ਹੌਲੀ ਹੌਲੀ ਇਸ ਨਗਰ ਦਾ ਨਾਂ ਦਾ ਵੀ ਅੰਮ੍ਰਿਤਸਰ ਪੈ ਗਿਆ। ਸੰਨ 1588 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਪ੍ਰਸਿੱਧ ਫ਼ਕੀਰ ਸਾਈ ਮੀਆਂ ਮੀਰ ਤੋਂ ਇਸ ਤਾਲ ਦੇ ਮੱਧ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਅਤੇ ਸੰਪੂਰਨ ਹੋਣ ਉਪਰੰਤ 1604 ਈ. ਵਿਚ ਆਦਿਗ੍ਰੰਥ ਸਾਹਿਬ ਜੀ  ਦੀ ਬੀੜ ਤਿਆਰ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕੀਤੀ। ਇਸ ਤਰ੍ਹਾਂ ਅੰਮ੍ਰਿਤਸਰ ਦਾ ਇਹ ਨਗਰ ਸ੍ਰੀ ਅਮਰਦਾਸ ਜੀ ਦੇ ਉਲੀਕੇ ਆਦਰਸ਼ ਮੁਤਾਬਕ ਸੱਚ-ਮੁੱਚ 'ਸਿਫ਼ਤੀ ਦਾ ਘਰੁ' ਦੇ ਰੂਪ ਵਿਚ ਸਥਾਪਤ ਹੋ ਗਿਆ। ਇਸ ਪਵਿੱਤਰ ਅਸਥਾਨ ਦੀ ਉਸਾਰੀ ਲਈ ਭਾਈ ਸਾਲੋ, ਭਾਈ ਬਹਿਲੋ, ਭਾਈ ਮੰਝ, ਭਾਈ ਬੰਨੋ ਅਤੇ ਬਾਬਾ ਆਦਮ ਜੀ ਨੇ ਅਣਥੱਕ ਸੇਵਾ ਕੀਤੀ। (ਵਿਸਥਾਰ ਲਈ ਵੇਖੋ ਹਰਿਮੰਦਰ ਸਾਹਿਬ)

                ਅੰਮ੍ਰਿਤਸਰ ਵਿਚ ਚਾਰ ਹੋਰ ਸਰੋਵਰ ਹਨ: –

        1. ਸੰਤੋਖ ਸਰ– ਇਹ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤੋਖੇ ਸਿੱਖ ਦੇ ਧਨ ਨਾਲ ਉਸ ਦੇ ਨਾਂ ਤੇ 1588 ਈ. (ਸੰਮਤ 1645) ਵਿਚ ਬਣਵਾਇਆ। ਇਸ ਸਰੋਵਰ ਦਾ ਆਰੰਭ ਸ੍ਰੀ ਗੁਰੂ ਰਾਮਦਾਸ ਜੀ ਕਰ ਗਏ ਸਨ।

        2. ਕੌਲ ਸਰ––ਇਹ ਸਰੋਵਰ ਸ੍ਰੀ ਹਰਿਗੋਬਿੰਦ ਜੀ ਨੇ ਬੀਬੀ ਕੌਲਾਂ ਜੀ (ਕਮਲਾ) ਦੇ ਨਾਂ ਤੇ 1627 ਈ. (ਸੰਮਤ 1628) ਵਿਚ ਤਿਆਰ ਕਰਵਾਇਆ।

        3 ਬਿਬੇਕ ਸਰ––ਇਹ ਸਰੋਵਰ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਵਿਵੇਕੀ ਬਿਹੰਗਮ ਦੇ ਨਿਵਾਸ ਵਾਸਤੇ 1628 ਈ. (ਸੰਮਤ 1685) ਵਿਚ ਬਣਵਾਇਆ।

        4.  ਰਾਮ ਸਰ––ਇਹ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1659-60 ਵਿਚ ਬਣਵਾਇਆ। ਇਸ ਦੇ ਕਿਨਾਰੇ ਗੁਰੂ ਅਰਜਨ ਦੇਵ ਜੀ ਨੇ 'ਸੁਖਮਨੀ' ਉਚਾਰੀ ਅਤੇ ਆਦਿ ਬੀੜ ਦਾ ਸੰਕਲਨ ਕੀਤਾ।

        ਅੰਮ੍ਰਿਤਸਰ ਵਿਚ ਹੋਰ ਇਤਿਹਾਸਕ ਅਤੇ ਪਵਿੱਤਰ ਅਸਥਾਨ ਇਹ ਹਨ :

        1. ਅਕਾਲ ਤਖ਼ਤ––ਸ੍ਰੀ ਗੁਰੂ ਹਰਿਗੋਬਿੰਦ ਜੀ ਨੇ 1608 ਈ. (ਸੰਮਤ 1665) ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਰਾਜ ਸਿੰਘਾਸਨ ਤਿਆਰ ਕਰਵਾਇਆ ਅਤੇ ਇਸ ਦਾ ਨਾਂ ਅਕਾਲ ਬੁੰਗਾ ਰੱਖਿਆ। ਇਹ ਸਿੱਖਾਂ ਦਾ ਪਹਿਲਾਂ ਤਖ਼ਤ ਹੈ ਅਤੇ ਮੁੱਢ ਤੋਂ ਹੀ ਪੰਥ ਇਸ ਥਾਂ ਤੇ ਗੁਰਮਤੇ ਸੋਧਦਾ ਆਇਆ ਹੈ। (ਵਿਸਥਾਰ ਲਈ ਵੇਖੋ ਅਕਾਲ ਤਖ਼ਤ)

        2. ਅਟਲ ਰਾਇ ਜੀ ਦਾ ਦੇਹੁਰਾ –  ਇਹ ਕੌਲਸਰ ਦੇ ਕਿਨਾਰੇ ਹੈ। ਇਥੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਪੁੱਤਰ ਬਾਬਾ ਅਟਲ ਰਾਇ ਜੀ ਜੋਤੀ ਜੋਤਿ ਸਮਾਏ ਸਨ।

        3. ਅਠਸਠਿ ਤੀਰਥ–– ਹਰਿਮੰਦਰ ਸਾਹਿਬ ਦਾ ਕਿਨਾਰੇ ਦੁਖ ਭੰਜਨੀ ਬੇਰੀ ਅਤੇ ਥੜ੍ਹਾ ਸਾਹਿਬ ਕੋਲ ਇਕ ਖਾਸ ਥਾਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਚਰਨ ਪਾਏ ਅਤੇ ਇਥੇ ਹੀ ਬੈਠਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿਚ ਸ਼ਬਦ ਉਚਾਰਿਆ ਸੀ ' ' ਅਠਸਿਠ ਤੀਰਥ ਜਹ ਸਾਧੁ ਪਗ ਧਰਹਿ। ' '

        4. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ–– ਰਾਮਸਰ ਦੇ ਕੋਲ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਜਿਥੇ ਬਾਬਾ ਦੀਪ ਸਿੰਘ ਜੀ ਯੁੱਧ ਕਰ ਕੇ ਸ਼ਹੀਦ ਹੋਏ ਸਨ।

        5. ਸਾਲੋ ਭਾਈ ਦੀ ਧਰਮਸ਼ਾਲਾ–– ਇਥੇ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਨੇਕ ਵਾਰ ਸੰਗਤਾਂ ਨੂੰ ਨਿਹਾਲ ਕੀਤਾ।

        6. ਹਰਿ ਕੀ ਪਉੜੀ–– ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ ਪਉੜੀਆਂ ਵਾਲੇ ਘਾਟ ਨੂੰ ਹਰਿ ਕੀ ਪਉੜੀ ਕਿਹਾ ਜਾਂਦਾ ਹੈ। ਹਰਿਮੰਦਰ ਤਿਆਰ ਹੋਣ ਸਮੇਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਥੋਂ ਅੰਮ੍ਰਿਤ ਲਿਆ ਅਤੇ ਸਰੋਵਰ ਦੀ ਕਾਰ ਸੇਵਾ ਹੋਣ ਸਮੇਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਇਥੋਂ ਦੀ ਸੇਵਾ ਆਰੰਭ ਕੀਤੀ ਸੀ।

        7. ਗੁਰੂ ਕੇ ਮਹਿਲ–– ਗੁਰੂ ਦੇ ਬਾਜ਼ਾਰ ਕੋਲ ਗੁਰੂ ਜੀ ਦੇ ਰਿਹਾਇਸ਼ੀ ਮਕਾਨ ਹਨ ਜੋ ਗੁਰੂ ਰਾਮਦਾਸ ਜੀ ਨੇ ਤਿਆਰ ਕਰਵਾਏ ਸਨ। ਇਥੇ ਹੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਜੀ ਨੇ ਨਿਵਾਸ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਥੇ ਹੀ ਅਵਤਾਰ ਧਾਰਿਆ ਸੀ।

        8. ਥੜ੍ਹਾ ਸਾਹਿਬ (1)–– ਸਰੋਵਰ ਦੀ ਕਾਰਸੇਵਾ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਇਥੇ ਬਿਰਾਜਦੇ ਸਨ।

        9. ਥੜ੍ਹਾ ਸਾਹਿਬ (2)–– ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ ਤਾਂ ਪੁਜਾਰੀਆਂ ਨੇ ਇਹ ਸਮਝ ਕੇ ਕਿ ਕਿਤੇ ਹਰਿਮੰਦਰ ਸਾਹਿਬ ਤੇ ਕਬਜ਼ਾ ਹੀ ਨਾ ਕਰ ਲੈਣ ਅਗੋਂ ਦਰਵਾਜ਼ੇ ਬੰਦ ਕਰ ਲਏ ਸਨ। ਗੁਰੂ ਜੀ ਇਸ ਥਾਂ ਬਿਰਾਜ ਕੇ ਹੀ ਚਲੇ ਗਏ ਸਨ।

        10. ਦਮਦਮਾ ਸਾਹਿਬ –– ਰੇਲਵੇ ਸਟੇਸ਼ਨ ਤੋਂ ਦੋ ਮੀਲ ਦੂਰ ਮਾਲ ਮੰਡੀ ਦੇ ਕੋਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਹੈ। ਇਥੇ ਗੁਰੂ ਜੀ ਥੜ੍ਹਾ ਸਾਹਿਬ ਤੋਂ ਉਠ ਕੇ ਕੁਝ ਚਿਰ ਲਈ ਠਹਿਰੇ ਸਨ।

        11. ਪਿਪਲੀ ਸਾਹਿਬ –– ਲਾਹੌਰ ਵਾਲੀ ਸੜਕ ਉੱਤੇ ਅੰਮ੍ਰਿਤਸਰ ਸਟੇਸ਼ਨ ਤੋਂ ਡੇਢ ਮੀਲ ਦੇ ਕਰੀਬ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ ਜਿਥੇ ਗੁਰੂ ਜੀ ਸਰੋਵਰ ਦੀ ਸੇਵਾ ਸਮੇਂ ਕਾਬਲ ਦੀ ਸੰਗਤ ਦੇ ਪ੍ਰੇਮ ਵਿਚ ਖਿਚੇ ਸੁਆਗਤ ਲਈ ਇਥੇ ਪਹੁੰਚੇ ਸਨ।

        12. ਬੇਰ ਬਾਬਾ ਬੁੱਢਾ ਜੀ–– ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਬਾਬਾ ਬੁੱਢਾ ਜੀ ਦੀ ਬੇਰੀ ਹੈ ਜਿਥੇ ਬੈਠ ਕੇ ਬਾਬਾ ਜੀ ਕਾਰ-ਸੇਵਾ ਕਰਵਾਇਆ ਕਰਦੇ ਸਨ।

        13. ਲਾਚੀ ਬੇਰੀ–– ਦਰਸ਼ਨੀ ਦਰਵਾਜ਼ੇ ਦੇ ਕੋਲ ਭਾਈ ਸਾਲੋ ਜੀ ਦੀ ਬੇਰੀ ਹੈ ਜਿਸ ਨੂੰ ਲਾਚੀਆਂ ਵਰਗੇ ਬੇਰ ਲਗਦੇ ਹਨ। ਇਸ ਕਰ ਕੇ ਇਸ ਦਾ ਨਾਂ ਲਾਚੀ ਬੇਰੀ ਪੈ ਗਿਆ। ਇਸ ਬੇਰੀ ਹੇਠ ਬੈਠ ਕੇ ਭਾਈ ਸਾਲੋ ਜੀ ਕਾਰ-ਸੇਵਾ ਕਰਵਾਇਆ ਕਰਦੇ ਸਨ।

        14. ਲੋਹਗੜ੍ਹ ਕਿਲਾ–– ਲੋਹਗੜ੍ਹ ਦਰਵਾਜ਼ੇ ਦੇ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ। ਇਥੇ ਗੁਰੂ ਜੀ ਨੇ ਇਕ ਕਿਲਾ ਬਣਵਾਇਆ ਸੀ। ਸੰਨ 1629 (ਸੰਮਤ 1686) ਵਿਚ ਗੁਰੂ ਸਾਹਿਬ ਨੇ ਇਥੇ ਹੀ ਸਵੈ-ਰੱਖਿਆ ਲਈ ਸ਼ਾਹੀ ਸੈਨਾ ਦਾ ਟਾਕਰਾ ਕੀਤਾ ਸੀ।

        ਦੁਰਗਾ ਦੇਵੀ ਦਾ ਮੰਦਰ ਵੀ ਅੰਮ੍ਰਿਤਸਰ ਵਿਖੇ ਹੀ ਹੈ ਜਿਸ ਨੂੰ ਦੁਰਗਿਆਨਾ ਮੰਦਰ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ਇਹ ਮੰਦਰ 1852 ਈ. ਵਿਚ ਤਿਆਰ ਕੀਤਾ ਗਿਆ।

   

ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ

1. ਸਾਰਾਗੜ੍ਹੀ ਮੈਮੋਰੀਅਲ (ਗੁਰਦੁਆਰਾ)– ਕੋਹਾਟ ਜ਼ਿਲ੍ਹੇ ਵਿਚ ਸਾਰਾਗੜ੍ਹੀ ਪਿੰਡ ਵਿਖੇ 36 ਸਿੱਖ ਪਲਟਨ ਦੇ 21 ਸਿੰਘਾਂ ਦੇ ਹਜ਼ਾਰਾਂ ਅਫਰੀਦੀਆਂ ਦਾ ਟਾਕਰਾ ਕਰ ਕੇ ਸ਼ਹੀਦੀ ਪਾਉਣ ਦੀ ਪ੍ਰਸੰਸਾ ਵਿਚ ਸਰਕਾਰ ਵੱਲੋਂ ਇਕ ਯਾਦਗਾਰ ਕਾਇਮ ਕੀਤੀ ਗਈ ਹੈ ਜਿਸ ਨੂੰ ਅੱਜਕੱਲ੍ਹ ਸਾਰਾਗੜ੍ਹੀ ਗੁਰਦੁਆਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸਥਾਨ ਸਰਕਾਰੀ ਹਾਇਰ ਸੈਕੰਡਰੀ ਸਕੂਲ, ਟਾਊਨ ਹਾਲ ਦੇ ਬਿਲਕੁਲ ਨੇੜੇ ਹੈ।

ਜਲ੍ਹਿਆਂ ਵਾਲਾ ਬਾਗ਼

2. ਜਲ੍ਹਿਆਂ ਵਾਲਾ ਬਾਗ਼–– ਇਹ ਉਹ ਅਸਥਾਨ ਹੈ ਜਿਥੇ 13 ਅਪ੍ਰੈਲ, 1919 ਨੂੰ ਅੰਗਰੇਜ਼ੀ ਸਰਕਾਰ ਦੇ ਅਧਿਕਾਰੀ ਜਨਰਲ ਡਾਇਰ ਨੇ ਪੰਜਾਬੀਆਂ ਦੇ ਇਕ ਵੱਡੇ ਇਕੱਠ ਉੱਤੇ ਅੰਨ੍ਹੇਵਾਹ ਗੋਲੀ ਚਲਵਾਈ ਸੀ। (ਵਿਸਥਾਰ ਲਈ ਵੇਖੋ ਜ਼ਲ੍ਹਿਆਂ ਵਾਲਾ ਬਾਗ਼)

        ਅੱਜਕੱਲ੍ਹ ਅੰਮ੍ਰਿਤਸਰ, ਪੰਜਾਬ ਦਾ ਇਕ ਘੁੱਗ ਵਸਦਾ ਸ਼ਹਿਰ ਹੈ। ਦੇਸ਼ ਦੀ ਵੰਡ ਪਿੱਛੋਂ ਇਸ ਦੇ ਅੰਤਰਰਾਸ਼ਟਰੀ ਸਰਹੱਦ ਉੱਤੇ ਵਾਕਿਆ ਹੋਣ ਕਰ ਕੇ ਭਾਵੇਂ ਇਸ ਨੂੰ ਆਰਥਿਕ ਪੱਖੋਂ ਕਾਫ਼ੀ ਧੱਕਾ ਲੱਗਾ ਹੈ ਪਰ ਸਿੱਖਾਂ ਨੇ ਇਹ ਸ਼ਹਿਰ ਛੱਡਣਾ ਫਿਰ ਵੀ ਪਰਵਾਨ ਨਹੀਂ ਕੀਤਾ ਅਤੇ ਹੁਣ ਫੇਰ ਇਹ ਚੜ੍ਹਦੀਕਲਾ ਵੱਲ ਜਾ ਰਿਹਾ ਹੈ। ਅੱਜ ਵੀ ਵਪਾਰ ਤੇ ਉਦਯੋਗ ਪੱਖੋਂ ਇਸ ਸ਼ਹਿਰ ਨੇ ਬਹੁਤ ਤਰੱਕੀ ਕੀਤੀ  ਹੈ। ਸੂਤੀ, ਊਨੀ ਤੇ ਰੇਸ਼ਮੀ ਕੱਪੜਾ ਬੁਣਨ ਤੇ ਦਰੀਆਂ ਤੇ ਸ਼ਾਲਾਂ ਬਣਾਉਣ ਦੇ ਉਦਯੋਗ ਮੁੱਖ ਹਨ। ਇਸ ਤੋਂ ਇਲਾਵਾ ਕੱਪੜੇ ਦੀ ਰੰਗਾਈ, ਛਪਾਈ ਤੇ ਕਢਾਈ ਦੇ ਉਦਯੋਗ ਵੀ ਬਹੁਤ ਉੱਨਤ ਹਨ। ਬਿਜਲੀ ਦੇ ਪੱਖੇ, ਰਸਾਇਣਿਕ ਪਦਾਰਥਾਂ, ਲੋਹੇ ਦੀਆਂ ਚਾਦਰਾਂ ਤੇ ਪਲਾਸਟਿਕ ਦਾ ਸਮਾਨ ਬਣਾਉਣ ਵਿਚ ਵੀ ਇਹ ਸ਼ਹਿਰ ਮਹੱਤਤਾ ਰੱਖਦਾ ਹੈ। ਇਸ ਦਾ ਹਵਾਈ ਅੱਡਾ ਰਾਜਾ ਸਾਂਸੀ ਵਿਖੇ ਹੈ। ਇਥੋਂ ਅੰਤਰ-ਰਾਸ਼ਟਰੀ ਉਡਾਣਾਂ ਭਰੀਆਂ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਜਨਮ ਉਤਸਵ ਦੇ ਮੌਕੇ (1969 ਈ. ਵਿਚ) ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਸਥਾਪਤ ਕੀਤੀ ਗਈ। ਇਸ ਤੋਂ ਇਲਾਵਾ ਇਥੋਂ ਦਾ ਖ਼ਾਲਸਾ ਕਾਲਜ (1899 ਈ. ) ਵੀ ਬਹੁਤ ਪ੍ਰਸਿੱਧ ਹੈ ਜਿਸ ਦੀ ਇਮਾਰਤ ਖ਼ਾਸ ਕਰ ਕੇ ਵੇਖਣ ਯੋਗ ਹੈ। ਇਥੇ ਲੜਕੀਆਂ ਦਾ ਸਰਕਾਰੀ ਕਾਲਜ, ਡੈਂਟਲ ਕਾਲਜ ਅਤੇ ਮੈਡੀਕਲ ਕਾਲਜ ਵੀ ਹੈ।

 

        ਸਥਿਤੀ    –  310     38'       ਉ.     ਵਿਥ. ;     740      53'      ਪੂ.    ਲੰਬ

        ਆਬਾਦੀ    –   7, 08, 835    (1991) 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-02-38-51, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਬ੍ਰਿ. ਮਾ. 1:330 ਪੰ. ਵਿ. ਕੋ. –1:472; ਹਿੰ. ਵਿ. ਕੋ. 1:277; ਪੰ.–ਰੰਧਾਵਾ; ਗਜ਼. ਆਫ਼ ਅੰਮ੍ਰਿਤਸਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.