ਆਦਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਦਮ (ਨਾਂ,ਪੁ) ਬਾਈਬਲ ਅਤੇ ਕੁਰਾਨ ਅਨੁਸਾਰ, ਸਭ ਤੋਂ ਪਹਿਲਾ ਮਨੁੱਖ ਜਿਸਨੂੰ ਖ਼ੁਦਾ ਨੇ ਮਿੱਟੀ ਤੋਂ ਆਪਣੀ ਸ਼ਕਲ ਦਾ ਬਣਾਇਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਦਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਦਮ [ਨਾਂਪੁ] ਆਦਮੀ, ਮਨੁੱਖ, ਮਾਨਵ; ਆਦਿ ਮਾਨਵ; ਇਸਲਾਮ ਧਰਮ ਦੇ ਪਹਿਲੇ ਪੈਗ਼ੰਬਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਦਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਦਮ. ਸੰਗ੍ਯਾ—ਭਾਈ ਭਗਤੂ ਦਾ ਪਿਤਾ , ਜੋ ਸਤਿਗੁਰੂ ਰਾਮਦਾਸ ਜੀ ਦਾ ਅਨੰਨ ਸਿੱਖ ਸੀ. ਦੇਖੋ, ਭਗਤੂ ਭਾਈ

       ੨ ਆਦਮ. Adam. ਅ਼ ਅਦੀਮੁਲ ਅਰਦ (ਮਿੱਟੀ) ਤੋਂ ਪੈਦਾ ਹੋਇਆ (ਬਾਈਬਲ ਅਤੇ ਕੁਰਾਨ ਦੇ ਲੇਖ ਅਨੁਸਾਰ) ਸਭ ਤੋਂ ਪਹਿਲਾ (ਆਦਿਮ) ਮਨੁੱਖ, ਜਿਸ ਨੂੰ ਖ਼ੁਦਾ ਨੇ ਆਪਣੀ ਸ਼ਕਲ ਦਾ ਬਣਾਇਆ.1 “ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ” (ਭੈਰ ਕਬੀਰ)

      ਬਾਈਬਲ ਵਿੱਚ ਕਥਾ ਹੈ ਕਿ ਜਦ ਆਦਮ ਸੌਂ ਗਿਆ ਤਦ ਖ਼ੁਦਾ ਨੇ ਉਸ ਦੀ ਇੱਕ ਪਸਲੀ ਕੱਢਕੇ ਉਸ ਤੋਂ ਨਾਰੀ ਰਚੀ, ਜੋ “ਹਵਾ” (Eve) ਅਖਾਈ. ਰੱਬ ਨੇ ਇਸ ਜੋੜੇ ਨੂੰ “ਅਦਨ” ਬਾਗ ਵਿੱਚ ਰੱਖਕੇ ਹੁਕਮ ਦਿੱਤਾ ਕਿ ਤੁਸੀਂ ਏਥੇ ਆਨੰਦ ਨਾਲ ਰਹੋ ਅਤੇ ਫਲ ਆਦਿ ਪਦਾਰਥ ਖਾਓ, ਪਰ ਇੱਕ ਖਾਸ ਬੂਟਾ ਦੱਸਕੇ ਹਦਾਇਤ ਕੀਤੀ, ਕਿ ਇਸ ਦਾ ਫਲ ਕਦੇ ਨਾ ਖਾਣਾ. ਸ਼ੈਤਾਨ ਨੇ ਆਕੇ ਆਦਮ ਅਤੇ ਹਵਾ ਨੂੰ ਵਰਗਲਾਇਆ, ਜਿਸ ਤੋਂ ਉਨ੍ਹਾਂ ਨੇ ਵਰਜਿਤ ਫਲ ਖਾਧਾ, ਅਤੇ ਬਾਗ ਤੋਂ ਇਸ ਅਪਰਾਧ ਬਦਲੇ ਕੱਢੇ ਗਏ ਅਤੇ ਖ਼ੁਦਾ ਤੋਂ ਸ੍ਰਾਪ (ਸ਼ਾਪ) ਮਿਲਿਆ ਕਿ ਆਦਮ ਦੀ ਔਲਾਦ ਮੇਹਨਤ ਕਰਕੇ ਗੁਜ਼ਾਰਾ ਕਰੇ ਅਤੇ ਮੌਤ ਦਾ ਸ਼ਿਕਾਰ ਹੋਵੇ. ਆਦਮ ਦੀ ਉਮਰ ਬਾਈਬਲ ਵਿੱਚ ੯੩੦ ਵਰ੍ਹੇ ਦੀ ਲਿਖੀ ਹੈ, ਅਤੇ ਇਸ ਦੇ ਪੁਤ੍ਰ ਕ਼ਾਯਿਨ (Cain2), ਹਾਬਿਲ (Abel3) ਅਤੇ ਸੇਤ (Seth) ਦੱਸੇ ਹਨ. ਬਾਈਬਲ ਅਨੁਸਾਰ ਆਦਮ ੪੦੦੪ ਵਰ੍ਹੇ ਈਸਾ ਦੇ ਜਨਮ ਤੋਂ ਪਹਿਲਾਂ ਹੋਇਆ ਹੈ. ਮੁਸਲਮਾਨ ਲੇਖਕਾਂ ਨੇ ਆਦਮ ਦਾ ਸਨ ਹਿਜਰੀ ਦੇ ਆਰੰਭ ਤੋਂ ੭੦੦੦ ਵਰ੍ਹੇ ਪਹਿਲਾਂ ਹੋਣਾ ਲਿਖਿਆ ਹੈ, ਅਰ ਇਸੇ ਲਈ ਆਦਮ ਨੂੰ ਹਫ਼ਤ ਹਜ਼ਾਰੀ ਕਹਿੰਦੇ ਹਨ.

      T. P. Hughes ਇਸਲਾਮ ਦੀ ਡਿਕਸ਼ਨਰੀ ਵਿੱਚ ਲਿਖਦਾ ਹੈ ਕਿ ਜਦ ਆਦਮ ਤੇ ਹਵਾ ਸੁਰਗੋਂ ਡਿੱਗੇ, ਤਦ ਆਦਮ ਤਾਂ ਲੰਕਾ ਅਤੇ ਹਵਾ ਅਰਬ ਵਿੱਚ ਜੱਦਾਹ ਦੇ ਪਾਸ ਡਿੱਗੀ, ਦੋ ਸੌ ਵਰ੍ਹੇ ਦੋਵੇਂ ਜੁਦੇ ਰਹੇ. ਫੇਰ ਜਬਰਾਈਲ ਫਰਿਸ਼ਤੇ ਨੇ ਆਦਮ ਨੂੰ ਮੱਕੇ ਪਾਸ “ਅਰਫ਼ਾਹ” ਪਹਾੜ ਤੇ ਲਿਆਕੇ ਹਵਾ ਮਿਲਾਈ. ਆਦਮ ਆਪਣੀ ਔਰਤ ਨੂੰ ਲੈਕੇ ਫੇਰ ਲੰਕਾ (Cylon) ਚਲਾ ਗਿਆ. ਲੰਕਾ ਵਿੱਚ ਆਦਮ ਦੀ ਪਹਾੜੀ , ਜਿਸ ਦੀ ਉਚਾਈ ੭੪੨੬ ਫੁੱਟ ਹੈ, ਅਤੇ ਉਸ ਦੇ ਨਾਉਂ ਦਾ ਪੁਲ ਹੁਣ ਤੀਕ ਪ੍ਰਸਿੱਧ ਹੈ.4

      ਕਈ ਕਵੀ ਖਿਆਲ ਕਰਦੇ ਹਨ ਕਿ ਰਾਮ ਆਦਮ ਅਤੇ ਸੀਤਾ ਹਵਾ ਹੈ. ਜਿਵੇਂ ਨੂਹ ਅਤੇ ਮਨੁ ਇੱਕੋ ਆਦਮੀ ਹੈ. ਕਿਤਨਿਆਂ ਦਾ ਖਿਆਲ ਹੈ ਕਿ ਸ਼ਿਵ ਆਦਮ ਅਤੇ ਪਾਰਵਤੀ ਹਵਾ ਹੈ। ੩ ਵਿ—ਚਮੜੇ ਵਿੱਚ ਲਿਪਟਿਆ ਹੋਇਆ। ੪ ਕਣਕ ਰੰਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਦਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਮ (ਸੰ.। ਅ਼ਰਬੀ ਨਾਮ ਹੈ ਪਹਿਲੇ ਮਨੁੱਖ ਦਾ) ਮੁਹੰਮਦੀਆਂ, ਯਹੂਦੀਆਂ ਅਰ ਈਸਾਈਆਂ ਦੇ ਮਤ ਅਨੁਸਾਰ ਪਹਿਲਾ ਆਦਮੀ ਜਿਸ ਨੂੰ ਰੱਬ ਨੇ ਅਦਨ ਬਾਗ ਵਿਚ ਪੈਦਾ ਕਰ ਕੇ ਰੱਖਿਆ ਸੀ। ਯਥਾ-‘ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ। ਉਨਿ ਭੀ ਭਿਸਤਿ ਘਨੇਰੀ ਪਾਈਕਈ ਲੋਕ ਇਥੇ ਸ਼ਿਵ ਦਾ ਅਰਥ ਲੈਂਦੇ ਹਨ ਕਿ ਉਸ ਨੂੰ ਕੁਛ ਈਸ਼੍ਵਰ ਦੀ ਸੂਝ ਸੀ, ਪਰ ਭਾਵ ਇਹ ਠੀਕ ਜਾਪਦਾ ਹੈ ਕਿ ਚੰਗਾ ਸੁਰਗ ਪਾਇਆ ਆਦਮ ਨੇ, ਜੋ ਛੇਤੀ ਕੱਢਿਆ ਗਿਆ ਤੇ ਉਨ੍ਹਾਂ ਦੇ ਹੀ ਮਤ ਅਨੁਸਾਰ ਪਾਪ ਦਾ ਮੁੰਢ ਕਰ ਗਿਆ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਆਦਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਦਮ : ਬਾਬਾ ਆਦਮ ਨੂੰ ਸਭ ਤੋਂ ਪਹਿਲਾ ਮਨੁੱਖ ਹੋਣ ਕਰਕੇ ਅਬੁੱਲਬਸ਼ਰ ਅਰਥਾਤ ਮਨੁੱਖ ਦਾ ਪਿਉ ਕਹਿੰਦੇ ਹਨ। ਕੁਰਾਨ ਵਿਚ ਆਇਆ ਹੈ ਕਿ ਜਦੋਂ ਖੁਦਾ ਨੇ ਧਰਤੀ ਅਤੇ ਅਸਮਾਨ ਦੀ ਰਚਨਾ ਕੀਤੀ ਤਾਂ ਫ਼ਰਿਸ਼ਤਿਆਂ ਨੂੰ ਕਿਹਾ “ਮੈਂ ਧਰਤੀ ਤੇ ਆਪਦਾ ਖ਼ਲੀਫ਼ਾ ਭੇਜ ਰਿਹਾ ਹਾਂ।” ਇਸ ਦੇ ਉੱਤਰ ਵਿਚ ਫ਼ਰਿਸ਼ਤਿਆਂ ਨੇ ਕਿਹਾ “ਅਸੀਂ ਤਾਂ ਤੁਹਾਡੀ ਇਬਾਦਤ ਕਰਦੇ ਹਾਂ ਤੇ ਤੁਹਾਡਾ ਨਾਮ ਜਪਦੇ ਹਾਂ ਪਰ ਤੁਸੀਂ ਘਰਤੀ ਤੇ ਅਜਿਹਾ ਵਿਅਕਤੀ ਨਿਯਤ ਕਰ ਰਹੇ ਹੋ ਜਿਹੜਾ ਬੁਰਾਈ ਕਰੇਗਾ ਅਤੇ ਖੂਨ ਦੀਆਂ ਨਦੀਆਂ ਵਗਾਵੇਗਾ।”

          ਰੱਬ ਨੇ ਆਦਮ ਨੂੰ ਫਿਰ ਸਾਰੀਆਂ ਚੀਜ਼ਾਂ ਦੇ ਨਾਂ ਦੱਸੇ। ਫ਼ਰਿਸ਼ਤਿਆਂ ਨੂੰ ਇਹ ਨਾਂ ਨਹੀਂ ਆਉਂਦੇ ਸਨ। ਇਸ ਲਈ ਆਦਮ ਨੇ ਉਨ੍ਹਾਂ ਨੂੰ ਇਹ ਨਾਂ ਸਿਖਾਏ। ਇਸ ਤੋਂ ਮਗਰੋਂ ਖੁਦਾ ਨੇ ਆਦਮ ਨੂੰ ਸਿਜਦਾ ਕਰਨ ਲਈ ਫ਼ਰਿਸਤਿਆਂ ਨੂੰ ਹੁਕਮ ਦਿੱਤਾ, ਇਬਲੀਸ਼ ਤੋਂ ਬਿਨਾਂ ਸਾਰਿਆਂ ਨੇ ਆਦਮ ਨੂੰ ਸਿਜਦਾ ਕੀਤਾ। ਇਬਲੀਸ਼ ਨੇ ਆਪਣਾ ਦਰਜਾ ਆਦਮ ਤੋਂ ਉਚੇਰਾ ਰੱਖਿਆ ਅਤੇ ਇਹ ਦਲੀਲ ਦਿੱਤੀ ਕਿ ਮੈਂ ਤਾਂ ਅੱਗ ਤੋਂ ਬਣਾਇਆ ਗਿਆ ਹਾਂ ਪਰ ਆਦਮ ਮਿੱਟੀ ਤੋਂ ਪੈਦਾ ਕੀਤਾ ਗਿਆ ਹੈ। ਮੈਂ ਨਾਰੀ ਹਾਂ ਇਹ ਖਾਕੀ ਹੈ। ਇਬਲੀਸ਼ ਨੂੰ ਜੰਨਤ ਦੇ ਉਸ ਬਾਗ਼ ਵਿਚੋਂ ਕੱਢ ਦਿੱਤਾ ਗਿਆ ਜਿਸ ਵਿਚ ਆਦਮ ਅਤੇ ਉਸ ਦੀ ਪਤਨੀ ਹਵਾ ਨੂੰ ਖੁਸ਼ੀਆਂ ਭਰਿਆ ਜੀਵਨ ਬਿਤਾਉਣ ਲਈ ਰੱਖਿਆ ਗਿਆ ਸੀ। ਪਰ ਨਾਲ ਹੀ ਉਨ੍ਹਾਂ ਨੂੰ ਇਕ ‘ਖਾਸ ਦਰਖ਼ਤ’ ਤੌਂ ਦੂਰ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਆਦਮ ਤੇ ਉਸ ਦੀ ਪਤਨੀ ਨੂੰ ਉਨ੍ਹਾਂ ਦੇ ਨੰਗੇਜ ਬਾਰੇ ਚੇਤੰਨ ਕਰਨ ਲਈ ਸ਼ੈਤਾਨ ਨੇ ਉਨ੍ਹਾਂ ਦੇ ਕੰਨਾਂ ਵਿਚ ਕਿਹਾ ਕਿ ਰੱਬ ਨੇ ਉਨ੍ਹਾਂ ਨੂੰ ਉਸ ‘ਖਾਸ ਦਰਖ਼ਤ’ ਦੇ ਨੇੜੇ ਜਾਣ ਤੋਂ ਇਸ ਲਈ ਵਰਜਿਆ ਹੈ, ਤਾਂ ਜੋ ਉਹ ਕਿਤੇ ਫ਼ਰਿਸ਼ਤੇ ਬਣ ਕੇ ਅਮਰ ਨਾ ਹੋ ਜਾਣ। ਆਦਮ ਤੇ ਉਸ ਦੀ ਪਤਨੀ ਨੇ ਉਸ ਦਰਖ਼ਤ ਦਾ ਸਵਾਦ ਚੱਖਿਆ ਅਤੇ ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਪਣੇ ਨੰਗੇਜ਼ ਦਾ ਖਿਆਲ ਆ ਗਿਆ। ਉਨ੍ਹਾਂ ਫਿਰ ਬਾਗ਼ ਦੇ ਪੱਤੇ ਜੋੜ ਕੇ ਉਨ੍ਹਾਂ ਨਾਲ ਆਪਣੇ ਸਰੀਰ ਨੂੰ ਢਕਿਆ। ਇਸ ਕਸੂਰ ਬਦਲੇ-ਖੁਦਾ ਨੇ ਉਨ੍ਹਾਂ ਦੋਹਾਂ ਨੂੰ ਹੇਠਾਂ ਦੋਸ਼ੀਆਂ ਵਾਂਗ ਰਹਿਣ ਲਈ ਧਰਤੀ ਤੇ ਪਟਕ ਦਿੱਤਾ। ਜਦੋਂ ਆਦਮ ਨੇ ਆਪਣੇ ਕਸੂਰ ਲਈ ਮੁਆਫ਼ੀ ਮੰਗੀ ਤਾਂ ਖੁਦਾ ਨੇ ਆਦਮ ਨੂੰ ਧਰਤੀ ਉੱਤੇ ਅਗਵਾਈ ਦੇਣ ਦਾ ਬਚਨ ਕੀਤਾ। ਕਿਹਾ ਜਾਂਦਾ ਹੈ ਕਿ ਉਸ ਸਮੇਂ ਖੁਦਾ ਨੇ ਆਦਮ ਤੋਂ ਇਹ ਇਕਰਾਰ ਲਿਆ ਕਿ ਉਹ ਸ਼ੈਤਾਨ ਦਾ ਹੁਕਮ ਨਹੀਂ ਮੰਨੇਗਾ, ਪਰ ਆਦਮ ਇਸ ਇਕਰਾਰ ਨੂੰ ਭੁੱਲ ਬੈਠਾ। ਆਦਮ ਨੂੰ ਖੁਦਾ ਵੱਲੋਂ ਉਵੇਂ ਹੀ ਚੁਣਿਆ ਗਿਆ ਸੀ ਜਿਵੇਂ ਮਗਰੋਂ ਨੂਹ, ਆਲਿ ਇਬਰਾਹੀਮ ਤੇ ਆਲਿ ਇਮਰਾਨ ਚੁਣੇ ਗਏ। ਪਰ ਆਦਮ ਵਾਂਗ ਮਗਰੋਂ ਸਿਰਫ਼ ਈਸਾ ਨੂੰ ਇਕ ਖਾਸ ਵਿਧੀ ਨਾਲ ਪੈਦਾ ਕੀਤਾ ਗਿਆ। ਇਸ ਸਬੰਧੀ ਬਾਈਬਲ ਤੋਂ ਕੁਝ ਵੱਖਰੀ ਕਹਾਣੀ ਯਹੂਦੀਆਂ ਅਤੇ ਕੁਝ ਹਾਲਾਤ ਵਿਚ ਈਸਾਈ ਰਵਾਇਤ ਵਿਚ ਵੀ ਮਿਲਦੀ ਹੈ। ਆਦਮ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਖੁਦਾ ਦੀ ਫ਼ਰਿਸ਼ਤਿਆਂ ਨਾਲ ਗੱਲਬਾਤ ਅਤ ਨਾਂਵਾਂ ਬਾਰੇ ਗਿਆਨ ਹੋਣ ਦੇ ਕਾਰਨ ਆਦਮ ਨੂੰ ਫ਼ਰਿਸ਼ਤਿਆਂ ਤੋਂ ਉਚੇਰੇ ਦਰਜੇ ਬਾਰੇ ਵੇਰਵਾ ‘ਬੇਰੇਸ਼ਿਤ ਰੱਬ’, ‘ਬੇਮਿਦਬਰ ਰੱਬ’, ‘ਐਸ. ਬੂਬਰ ਦੀ ਸੰਪਾਦਤ ‘ਪੇਸਿਕਤ’ ਅਤੇ ‘ਵਿਟ ਆਦਮੀ’ ਵਿਚ ਮਿਲਦਾ ਹੈ। ਯਹੂਦੀ ਲਿਖਤਾਂ ਅਨੁਸਾਰ ਖੁਦਾ ਨੇ ਫ਼ਰਿਸ਼ਿਤਿਆਂ ਨੂੰ ਆਦਮ ਨੂੰ ਸਿਜਦਾ ਕਰਨ ਦਾ ਹੁਕਮ ਨਹੀਂ ਦਿੱਤਾ ਸੀ। ਫ਼ਰਿਸ਼ਤੇ ਤਾਂ ਆਦਮ ਦਾ ਖੁਦਾ ਵਾਂਗ ਸਨਮਾਨ ਕਰਨਾ ਚਾਹੁੰਦੇ ਸਨ। ਖੁਦਾ ਦੇ ਹੁਕਮ ਨਾਲ ਆਦਮ ਦੇ ਸੌਂ ਜਾਣ ਕਾਰਨ ਫ਼ਰਿਸ਼ਤੇ ਅਜਿਹਾ ਨਾ ਕਰ ਸਕੇ। ਦੂਜੇ ਪਾਸੇ ਅਥਾਨਾਸੀਅਸ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸ਼ੈਤਾਨ ਦੇ ਕੱਢੇ ਜਾਣ ਦਾ ਕਾਰਨ ਉਸ ਦਾ ਆਦਮ ਨੂੰ ਸਿਜਦਾ ਕਰਨ ਤੋਂ ਇਨਕਾਰ ਕਰਨਾ ਹੈ (ਪਰ ਮਗਰੋਂ ਅਥਾਨਾਸੀਅਸ ਨੇ ਇਸ ਮਨੌਤ ਨੂੰ ਰੱਦ ਕਰ ਦਿੱਤਾ ਹੈ)। ‘ਵਿਟ ਆਦਮੀ’ (ਪਹਿਲੀ ਸਦੀ ਜਿਸ ਦੇ ਮੂਲ ਨੁਸਖੇ ਬਾਰੇ ਕੁਝ ਨਿਸ਼ਚਿਤ ਨਹੀਂ ਹੋ ਸਕਿਆ) ਵਿਚ ਮੈਕਾਈਲ ਨਾਂ ਦਾ ਫ਼ਰਿਸ਼ਤਾ ਪਹਿਲਾਂ ਆਪ ਆਦਮ ਸਾਹਮਣੇ ਝੁਕਿਆ ਅਤੇ ਮਗਰੋਂ ਉਸ ਨੇ ਦੂਜੇ ਫ਼ਰਿਸ਼ਤਿਆਂ ਨੂੰ ਵੀ ਇਵੇਂ ਹੀ ਕਰਨ ਲਈ ਪ੍ਰੇਰਿਆ। ਮੈਕਾਈਲ ਦੀ ਇਸ ਕਾਰਗੁਜ਼ਾਰੀ ਸਬੰਧੀ ਭਾਵੇਂ ਸਪਸ਼ਟ ਤੌਰ ਤੇ ਕੁਝ ਨਹੀਂ ਲਿਖਿਆ ਗਿਆ ਪਰ ਇਉਂ ਜਾਪਦਾ ਹੈ ਕਿ ਇਸ ਕੰਮ ਵਿਚ ਉਨ੍ਹਾਂ ਦੇ ਇਸ ਅਮਲ ਨੂੰ ਪਰਵਾਨ ਕਰ ਲਿਆ ਗਿਆ ਸੀ। ਬੈਂਜੋਲਡ ਦੀ ਸੰਪਾਦਤ ਕੀਤੀ ਹੋਈ ਈਸਾਈ ਮਤ ਦੀ ਸੁਰਿਆਨੀ ਪੁਸਤਕ ‘ਕੇਵ ਆਫ ਟ੍ਰੇਅੱਈਅਰਜ਼’ ਵਿਚ ਖ਼ੁਦਾ ਨੇ ਸਾਰੇ ਜੀਵਾਂ ਉੱਪਰ ਆਦਮ ਨੂੰ ਅਖ਼ਤਿਆਰ ਦਿੱਤੇ ਅਤੇ ਉਸ ਈਰਖਾਲੂ ਸ਼ੈਤਾਨ ਤੋਂ ਸਿਵਾ, ਜਿਸ ਨੂੰ ਜੰਨਤ ਵਿਚੋਂ ਕੱਢ ਦਿੱਤਾ ਗਿਆ ਸੀ, ਹੋਰ ਸਾਰੇ ਫ਼ਰਿਸ਼ਤਿਆਂ ਨੇ ਉਸ ਨੂੰ ਸਿਜਦਾ ਕੀਤਾ। ਰੱਬ ਅਤੇ ਆਦਮ ਦੇ ‘ਇਕਰਾਰ’ ਦਾ ਜ਼ਿਕਰ ਹੋਰ ਵੀ ਕਈਆਂ ਪੁਸਤਕਾਂ ਵਿਚ ਆਉਂਦਾ ਹੈ।

          ਕੁਰਾਨ ਤੋਂ ਪਿਛਲੇਰੇ ਸਮੇਂ ਦੀਆਂ ਰਵਾਇਤਾਂ ਵਿਚ ਆਦਮ ਸਬੰਧੀ ਕਈ ਕਹਾਣੀਆਂ ਜੋੜੀਆਂ ਗਈਆਂ ਹਨ ਅਤੇ ਉਨ੍ਹਾਂ ਵਿਚ ਬਹੁਤ ਹੱਦ ਤਕ ਯਹੂਦੀਆਂ ਅਤੇ ਈਸਾਈਆਂ ਦਾ ਅਸਰ ਹੈ। ਇਹ ਕਹਾਣੀ ਆਮ ਕਰਕੇ ਹਦੀਸਾਂ, ਕਿੱਸਿਆਂ, ਆਮ ਇਤਿਹਾਸ ਦੀਆਂ ਪੁਸਤਕਾਂ ਅਤੇ ਕੁਰਾਨ ਦੇ ਟੀਕਿਆਂ ਵਿਚ ਮਿਲਦੀਆਂ ਹਨ।

          ਕਿਹਾ ਜਾਂਦਾ ਹੈ ਕਿ ਆਦਮ ਨੂੰ ਪੈਦਾ ਕਰਨ ਲਈ ਰੱਬ ਨੇ ਪਹਿਲਾਂ ਜਬਰੀਲ ਨੂੰ ਮਗਰੋਂ ਮੈਕਾਈਲ ਨੂੰ ਧਰਤੀ ਤੇ ਮਿੱਟੀ ਲੈਣ ਲਈ ਭੇਜਿਆ ਪਰ ਧਰਤੀ ਨੇ ਇਸ ਮੰਤਵ ਲਈ ਮਿੱਟੀ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਇਜ਼ਰਾਈਲ ਨਾਂ ਦੇ ਫ਼ਰਿਸ਼ਤੇ ਨੂੰ ਭੇਜਿਆ ਗਿਆ ਅਤੇ ਉਸ ਨੇ ਜ਼ਬਰਦਸਤੀ ਲਾਲ, ਚਿੱਟੀ ਅਤੇ ਕਾਲੀ ਮਿੱਟੀ ਦੀਆਂ ਮੁੱਠੀਆਂ ਭਰ ਲਈਆਂ (ਇਹੀ ਕਾਰਨ ਹੈ ਕਿ ਮਨੁੱਖਾਂ ਦੇ ਰੰਗ ਵੱਖਰੇ ਵੱਖਰੇ ਹਨ)। ਕਿਉਂਕਿ ਆਦਮ ਦਾ ਖ਼ਮੀਰ ‘ਅਦੀਮ’ ਅਰਥਾਤ ਧਰਤੀ ਉਪਰੋਂ ਮਿੱਟੀ ਲੈ ਕੇ ਬਣਾਇਆ ਗਿਆ ਸੀ, ਇਸ ਲਈ ਇਸ ਨੂੰ ਆਦਮ ਕਿਹਾ ਗਿਆ। ਕਈ ਲੇਖਕ ਦੱਸਦੇ ਹਨ ਕਿ ਇਬਲੀਸ਼ ਆਦਮ ਦੇ ਮੂੰਹ ਰਾਹੀਂ ਦਾਖ਼ਲ ਹੋਇਆ ਅਤੇ ਗੁਦਾ ਰਾਹੀਂ ਬਾਹਰ ਆਇਆ ਫਿਰ ਗੁਦਾ ਵੱਲੋਂ ਦਾਖ਼ਲ ਹੋ ਕੇ ਮੂੰਹ ਰਾਹੀਂ ਬਾਹਰ ਆਇਆ। ਫਿਰ ਉਸ ਵਿਚ ਖੁਦਾ ਵੱਲੋ ਰੂਹ ਫੂਕੀ ਗਈ ਜਿਹੜੀ ਉਸ ਦੇ ਦਿਮਾਗ਼, ਅੱਖਾਂ ਤੇ ਕੰਨਾਂ ਤੋਂ ਹੁੰਦੀ ਹੋਈ ਸਾਰੇ ਸਰੀਰ ਵਿਚ ਪ੍ਰਵੇਸ਼ ਕਰ ਗਈ। ਇਸ ਤੋਂ ਮਗਰੋਂ ਉਸ ਦਾ ਸਰੀਰ ਮਾਸ, ਲਹੂ, ਹੱਡੀਆਂ, ਨਸਾਂ ਤੇ ਰਗਾਂ ਦਾ ਬਣ ਗਿਆ। ਇਕ ਹੋਰ ਮਸ਼ਕੂਕ ਹਦੀਸ ਅਨੁਸਾਰ ਆਦਮ ਦੇ ਸਿਰ ਲਈ ਮਿੱਟੀ ਕਾਅਬੇ ਤੋਂ, ਧੜ ਲਈ ਯਰੋਸ਼ਲਮ ਤੋਂ ਅਤੇ ਲੱਤਾਂ ਲਈ ਯਮਨ ਆਦਿ ਤੋਂ ਲਈ ਗਈ। ਇਕ ਯਹੂਦੀ ਰਵਾਇਤ ਅਨੁਸਾਰ ਆਦਮ ਦੇ ਸਰੀਰ ਲਈ ਰੰਗ ਬਰੰਗੀ ਮਿੱਟੀ ਪੂਜਾ ਅਸਥਾਨ ਜਾਂ ਸਾਰੀ ਦੁਨੀਆਂ ਵਿਚੋਂ ਇਕੱਠੀ ਕੀਤੀ ਗਈ ਅਤੇ ਆਦਮ ਦੇ ਸਰੀਰ ਦਾ ਪਹਿਲਾਂ ਲੋਥੜਾ ਬਣਾਇਆ ਗਿਆ। ਈਸਾਈ ਮਤ ਵਿਚ ਵੀ ਇਸ ਨਾਲ ਮਿਲਦੀ ਜੁਲਦੀ ਇਕ ਰਵਾਇਤ ਹੈ। ਆਦਮ ਦੇ ਸਰੀਰ ਦੀ ਸੰਦੁਰਤਾ ਅਤੇ ਕੱਦ ਦਾ ਜ਼ਿਕਰ ਇਸਲਾਮੀ ਰਵਾਇਤ ਅਤੇ ਯਹੂਦੀ ਤੇ ਈਸਾਈ ਸਾਹਿਤ ਵਿਚ ਵੀ ਮਿਲਦਾ ਹੈ।

          ਯੂਹਦੀ ਸਾਹਿਤ ਵਿਚ ਬਾਈਬਲ ਵਾਲੀ ਕਹਾਣੀ ਹੀ ਦਿੱਤੀ ਗਈ ਹੈ ਜਿਸ ਵਿਚ ਸੱਪ ਨੇ ਆਦਮ ਨੂੰ ਪਾਪ ਕਰਨ ਲਈ ਪ੍ਰੇਰਿਆ ਹੈ। ‘ਵਿਟ ਆਦਮੀ’ ਅਨੁਸਾਰ ਸ਼ੈਤਾਨ ਸੱਪ ਦੇ ਮੂੰਹ ਵਿਚੋਂ ਬੋਲਿਆ। ਈਸਾਈ ਰਵਾਇਤ ਵੀ ਇਹੋ ਹੀ ਹੈ। ਕੁਰਾਨ ਵਿਚ ਤਾਂ ਸ਼ੈਤਾਨ ਬਾਰੇ ਬਸ ਇੰਨਾ ਹੀ ਦੱਸਿਆ ਗਿਆ ਹੈ ਕਿ ਉਹ ਪਾਪ ਕਰਨ ਲਈ ਪ੍ਰੇਰਦਾ ਹੈ, ਪਰ ਇਸਲਾਮੀ ਰਵਾਇਤ ਨੇ ਸੱਪ ਦੀ ਕਹਾਣੀ ਵੀ ਸ਼ਾਮਲ ਕਰ ਲਈ ਹੈ। ਸੱਪ ਇਬਲੀਸ਼ ਦੇ ਹੁਕਮ ਨਾਲ ਬੋਲਿਆ ਜਾਂ ਸੱਪ ਇਬਲੀਸ਼ ਨੂੰ ਆਪਣੇ ਮੂੰਹ ਜਾਂ ਪੇਟ ਵਿਚ ਜਾ ਕੇ ਜੰਨਤ ਦੇ ਬਾਗ਼ ਵਿਚ ਲੈ ਆਇਆ। ਅਲਕਿਸਾਈ ਅਤੇ ਅਲ–ਸਾਲਬੀ ਦੇ ਕਿੱਸਿਆਂ ਵਿਚ ਮੋਰ ਦਾ ਜ਼ਿਕਰ ਆਉਂਦਾ ਹੈ। ਆਦਮ ਨੂੰ ਪਾਪ ਵੱਲ ਪ੍ਰੇਰਨ ਲਈ ਇਬਲੀਸ਼ ਜੰਨਤ ਵਿਚ ਆਇਆ ਪਰ ਖੁਦਾ ਨੇ ਉਸ ਨੂੰ ਰੋਕਿਆ। ਫਿਰ ਉਹ ਮੋਰ ਅਰਥਾਤ ਜੰਨਤ ਦੇ ਜਾਨਵਰਾਂ ਦੇ ਮੁੱਖੀ ਨੂੰ ਮਿਲਿਆ ਅਤੇ ਉਸ ਨੂੰ ਦੱਸਿਆ ਕਿ ਸਾਰੇ ਜੀਵ ਮਰ ਜਾਣਗੇ ਪਰ ਉਹ ਦੱਸ ਸਕਦਾ ਹੈ ਕਿ ਸਦੀਵਤਾ ਦਾ ਦਰਖ਼ਤ ਕਿੱਥੇ ਹੈ, ਮੋਰ ਨੇ ਇਹ ਗੱਲ ਸੱਪ ਨੂੰ ਦੱਸੀ ਅਤੇ ਸੱਪ ਇਬਲੀਸ਼ ਪਾਸ ਆਇਆ। ਇਬਿਲੀਸ ਛੇਤੀ ਨਾਲ ਉਸ ਦੇ ਮੂੰਹ ਵਿਚ ਬੈਠ ਕੇ ਬਾਗ਼ ਅੰਦਰ ਆ ਗਿਆ ਅਤੇ ਸੱਪ ਰਾਹੀਂ ਆਦਮ ਤੇ ਹਵਾ ਨਾਲ ਗੱਲ–ਬਾਤ ਕੀਤੀ। ਹਵਾ ਨੇ ਵੁਸ ਵਰਜਿਤ ਦਰਖ਼ਤ ਦਾ ਫਲ ਖਾ ਲਿਆ। ਯਹੂਦੀਆਂ ਦੀ ਰਵਾਇਤ ਵਿਚ ਇਹ ਵਰਜਿਤ ਹੋਇਆ ਫਲ ਆਮ ਕਰਕੇ ਸੇਬ, ਅੰਜੀਰ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਦੇ ਜਾਂ ਕੁਝ ਹੋਰ ਤਰ੍ਹਾਂ ਦੇ ਵਿਚਾਰ ਈਸਾਈ ਅਤੇ ਇਸਲਾਮੀ ਰਵਾਇਤ ਵਿਚ ਵੀ ਮਿਲਦੇ ਹਨ।

          ਤਬਰੀ ਅਨੁਸਾਰ ਇਸ ਰਵਾਇਤ ਦਾ ਕਿ ਆਦਮ ਪਹਿਲਾਂ ਹਿੰਦੁਸਤਾਨ ਵਿਚ ਉਤਰਿਆ ਸੀ, ਅਜੇ ਤਕ ਮੁਸਲਮਾਨ, ਈਸਾਈ ਜਾਂ ਯਹੂਦੀ ਵਿਦਵਾਨਾਂ ਨੇ ਖੰਡਨ ਨਹੀਂ ਕੀਤਾ। ਆਮ ਰਵਾਇਤ ਅਨੁਸਾਰ ਆਦਮ ਲੰਕਾ ਵਿਚ ਅਤੇ ਉਸ ਦੀ ਪਤਨੀ ਹਵਾ ਜਿੱਦਾ ਵਿਚ, ਇਬਲੀਸ਼ ਬੇਸਾਨ ਵਿਚ ਅਤੇ ਸੱਪ ਇਸਫ਼ਹਾਨ ਵਿਚ ਉਤਰਿਆ। ਮਗਰੋਂ ਆਦਮ ਹਵਾ ਮੁਜ਼ਦਲਿਫ਼ ਅਤੇ ਅਰਫ਼ਾ ਵਿਚ ਆ ਕੇ ਮਿਲੇ। ਇੱਥੇ ਇਹ ਗੱਲ ਵੀ ਜਾਣਨ ਦੀ ਲੋੜ ਹੈ ਕਿ ਆਦਮ ਨੇ, ਜਿਸ ਬਾਰੇ ਯਹੂਦੀਆਂ ਦੇ ਤਿਉਹਾਰਾਂ ਨੂੰ ਸ਼ੁਰੂ ਕਰਨ ਦੀ ਰਵਾਇਤ ਹੈ, ਹੱਜ ਵੀ ਕੀਤਾ। ਸੰਗਿਅਸਵਦ ਆਦਮ ਨੂੰ ਜੰਨਤ ਤੋਂ ਭੇਜਿਆ ਗਿਆ ਸੀ। ਇਸ ਤੋਂ ਮਗਰੋਂ ਉਸ ਨੇ ‘ਕਾਅਬਾ’ ਦੀ ਉਸਾਰੀ ਕੀਤੀ। ਇਕ ਹੋਰ ਯਹੂਦੀ ਰਵਾਇਤ ਅਨੁਸਾਰ ਆਦਮ ਤੇ ਹਵਾ ਨੇ ਦਸਤਕਾਰੀ, ਅੱਗ ਬਾਲਣ ਤੇ ਖੇਤੀ–ਬਾੜੀ ਕਰਨ ਦੀ ਜਾਚ ਵੀ ਸਿੱਖੀ। ਸਾਲਬੀ ਅਨੁਸਾਰ ਉਸ ਨੇ ਦਿਰਹਮ ਅਤੇ ਦੀਨਾਰ ਆਦਿ ਸਿੱਕੇ ਵੀ ਬਣਾਏ ਕਿਉਂ ਜੋ ਆਮ ਜੀਵਨ ਵਿਚ ਇਨ੍ਹਾਂ ਦੀ ਬਹੁਤ ਲੋੜ ਸੀ। ਆਦਮ ਨੇ ਸਾਰੇ ਨਾਂ, ਸਲਾਮ–ਦੁਆ ਦੇ ਢੰਗ ਅਤੇ ਧਰਮ ਸੂਤਰ ਵੀ ਸਿਖੇ। ਕਿਹਾ ਜਾਂਦਾ ਹੈ ਕਿ ਉਸ ਨੇ ਅਰਾਮੀ ਭਾਸ਼ਾ ਬੋਲੀ। ਹਲਬੀ ਕਹਿੰਦਾ ਹੈ ਕਿ ਆਦਮ ਵਿਚ ਅਰਬੀ ਅਤੇ ਧਰਤੀ ਤੇ ਸੁਰਿਆਨੀ ਬੋਲਦਾ ਸੀ। ਉਸ ਨੇ ਬਾਰਾਂ (12) ਮਸ਼ਹੂਰ ਕਿਸਮ ਦੀਆਂ ਲਿਪੀਆਂ ਵਰਤੀਆਂ। ਕਿਸਾਈ ਅਨੁਸਾਰ ਆਦਮ 700 ਬੋਲੀਆਂ ਬੋਲ ਸਕਦਾ ਸੀ ਜਿਨ੍ਹਾਂ ਵਿਚੋਂ ਸਬ ਤੋਂ ਚੰਗੀ ਅਰਬੀ ਹੈ। ਉਸ ਨੇ ਪੁਸਤਕਾਂ ਵੀ ਲਿਖੀਆਂ ਸਨ।

          ਆਦਮ ਤੇ ਹਵਾ ਨੇ ਔਲਾਦ ਵੀ ਪੈਦਾ ਕੀਤੀ। ਹਵਾਲ ਦੇ ਜੌੜੇ ਪੈਦਾ ਹੁੰਦੇ ਸਨ, ਜਿਨ੍ਹਾਂ ਵਿਚ ਇਕ ਮੁੰਡਾ ਹੁੰਦਾ ਸੀ ਅਤੇ ਇਕ ਕੁੜੀ। ਇਕ ਝੋਲ ਦੇ ਮੁੰਡੇ ਦਾ ਵਿਆਹ ਦੂਜੇ ਝੋਲ ਦੀ ਕੁੜੀ ਨਾਲ ਕੀਤਾ ਜਾਂਦਾ ਸੀ। ਵੱਡਾ ਮੁੰਡਾ ਕਾਬੀਲ ਅਤੇ ਉਸ ਤੋਂ ਛੋਟਾ ਹਾਬੀਲ ਸੀ। ਕਾਬੀਲ ਨੇ ਈਰਖਾ ਵਜੋਂ ਹਾਬੀਲ ਦੇ ਸਿਰ ਉੱਤੇ ਪੰਥਰ ਮਾਰ ਕੇ ਉਸ ਨੂੰ ਮਾਰ ਦਿੱਤਾ। ਇਸ ਗ਼ਮ ਵਿਚ ਆਦਮ ਘੁਲ ਘੁਲ ਕੇ ਮਰ ਗਿਆ। ਆਦਮ ਦਾ ਸ਼ੀਸ ਨਾਂ ਦਾ ਪੁੱਤਰ, ਜਿਸ ਦੇ ਨਾਲ ਕੋਈ ਭੈਣ ਨਹੀਂ ਜੰਮੀ ਸੀ, ਆਦਮ ਨੂੰ ਬਹੁਤ ਪਿਆਰਾ ਸੀ ਅਤੇ ਆਦਮ ਉਸ ਨੂੰ ਆਪਣਾ ਵਸੀ ਸਮਝਦਾ ਸੀ। ਆਦਮ ਦੇ ਹੋਰ ਵੀ ਕਈ ਪੁੱਤਰ ਹੋਏ। ਉਨ੍ਹਾਂ ਵਿਚੋਂ ਇਕ ਦਾ ਨਾਂ ਅਬਦੁਲ ਹਾਰਿਸ ਸੀ। ਸਾਲਬੀ ਕਹਿੰਦਾ ਹੈ ਕਿ ਹਵਾ ਨੇ 20 ਵਾਰੀ ਜੌੜੇ ਜੰਮੇ ਅਤੇ ਆਦਮ ਦੇ ਮਰਨ ਤੋਂ ਪਹਿਲਾਂ ਉਸ ਦੇ ਪਰਿਵਾਰ ਦੇ ਜੀਆਂ ਦੀ ਗਿਣਤੀ 40,000 ਸੀ। ਹਲਬੀ ਨੇ ਆਦਮ ਦੇ ਪੰਜਾਂ ਪੁੱਤਰਾਂ ਦਾ ਜ਼ਿਕਰ ਕੀਤਾ ਹੈ ਜੋ ਅਰਬ ਲੋਕਾਂ ਦੇ ਫ਼ਰਿਸ਼ਤੇ ਸਨ। ਇਬਲੀਸ਼ ਨੇ ਉਨ੍ਹਾਂ ਦੇ ਬੁੱਤ ਬਣਾਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਪੂਜਾ ਕਰਨ ਲਗ ਪਈਆਂ।

          ਖੁਦਾ ਨੇ ਇਕ ਵਾਰੀ ਆਦਮ ਦੀ ਪਿੱਠ ਰਗੜੀ ਅਤੇ ਉਸ ਦੀ ਸਾਰੀ ਸੰਤਾਨ ਸਣੇ ਦਾਊਦ ਦੇ ਉਸ ਦੇ ਸਾਹਮਣੇ ਹਾਜ਼ਰ ਹੋ ਗਈ। ਜਦੋਂ ਆਦਮ ਨੂੰ ਪਤਾ ਲੱਗਾ ਕਿ ਦਾਊਦ ਦੀ ਉਮਰ ਬਹੁਤ ਥੋੜ੍ਹੀ ਹੈ ਤਾਂ ਉਸ ਨੇ ਆਪਣੀ ਉਮਰ ਵਿਚੋਂ 40 ਸਾਲ ਉਸ ਨੂੰ ਦੇ ਦਿੱਤੇ ਤੇ ਇਸ ਤਰ੍ਹਾਂ ਉਸ ਨੇ ਆਪਣੀ 1,000 ਸਾਲ ਦੀ ਨਿਸ਼ਚਿਤ ਉਮਰ ਘਟਾ ਲਈ। ਯਹੂਦੀ ਰਵਾਇਤ ਵਿਚ ਵੀ ਇਸੇ ਤਰ੍ਹਾਂ ਕਿਹਾ ਗਿਆ ਹੈ ਅਤੇ ਇਸ ਨਾਲ ਮਿਲਦਾ ਜੁਲਦਾ ਖ਼ਿਆਲ ਕਿ ਸਭ ਕੁਝ ਉਸ ਸਮੇਂ ਹੀ ਪੈਦਾ ਕੀਤਾ ਗਿਆ, ਈਸਾਈ ਰਵਾਇਤ ਵਿਚ ਵੀ ਮਿਲਦਾ ਹੈ।

          ਆਦਮ ਨੂੰ 6 ਨੀਸਾਂਨਾਂ, ਸੰਨ 1 ਨੂੰ ਜੁਮੇ ਵਾਲੇ ਦਿਨ ਪੈਦਾ ਕੀਤਾ ਗਿਆ। ਉਸ ਨੂੰ ਉਸੇ ਦਿਨ ਜੰਨਤ ਵਿਚੋਂ ਕੱਢਿਆ ਗਿਆ ਅਤੇ ਉਹ ਉਸੇ ਮਹੀਨੇ ਦੀ ਉਸੇ ਤਾਰੀਖ਼ ਨੂੰ ਜੁਮੇ ਵਾਲੇ ਦਿਨ ਮਰ ਗਿਆ। ਉਸਨੂੰ ਹਵਾ ਦੇ ਨਾਲ ਮੱਕੇ ਦੇ ਨੇੜੇ ਅਬੂ ਕੁਬੈਜ਼ ਦੇ ਦਾਮਨ ਵਿਚ ਇਕ ਗੁਫ਼ਾ ਵਿਚ ਦਫ਼ਨਾਇਆ ਗਿਆ। ਸਾਲਬੀ ਦਸਤਾ ਹੈ ਕਿ ‘ਤੂਫ਼ਾਨ’ ਦੇ ਮਗਰੋਂ ਉਸ ਨੂੰ ਯੋਰੋਸ਼ਲਮ ਵਿਚ ਲਿਆਂਦਾ ਗਿਆ ਅਤੇ ਈਸਾਈ ਰਵਾਇਤ ਅਨੁਸਾਰ ਉਹ ਕਿਸ਼ਤੀ ਤੋਂ ਧਰਤੀ ਦੇ ਕੇਂਦਰ ਗੋਲਗੋਥਾ ਵਿਚ ਲਿਆਂਦਾ ਗਿਆ।

          ਆਦਮ ਨਾ ਸਿਰਫ਼ ਪਹਿਲਾ ਮਨੁੱਖ ਹੀ ਸੀ ਸਗੋਂ ਪਹਿਲਾ ਪੈਗ਼ੰਬਰ ਵੀ ਸੀ। ਇਸ ਲਈ ਉਸ ਦਾ ਅਸਰ ਇਸਲਾਮੀ ਵਿਚਾਰਧਾਰਾ ਤੇ ਪਿਆ। ਈਸਾਈ ਮੱਤ ਵਿਚ ਈਸਾ ਦੂਜਾ ਆਦਮ ਸੀ। ਇਵੇਂ ਹੀ ਇਸਲਾਮ ਵਿਚ ਇਹੋ ਸਬੰਧ ਆਦਮ ਤੇ ਮੁਹੰਮਦ ਸਾਹਿਬ ਵਿਚ ਜੋੜਿਆ ਗਿਆ। ਆਦਮ ਨੂੰ ਪਹਿਲਾ ਅਤੇ ਮੁਹੰਮਦ ਸਾਹਿਬ ਨੂੰ ਆਖ਼ਰੀ ਰਸੂਲ ਮੰਨਿਆ ਜਾਂਦਾ ਹੈ। ਸਬ੍ਹੀਆ ਸਿਸਟਮ ਅਨੁਸਾਰ ਆਦਮ ਸੱਤ ਨਾਤਿਕਾਂ ਵਿਚੋਂ ਪਹਿਲਾ ਸੀ । ਕਈ ਕਹਿੰਦੇ ਹਨ ਕਿ ਉਸ ਤੋਂ ਪਹਿਲਾਂ ਵੀ ਆਦਮੀ ਅਤੇ ਨਾਤਿਕ ਮੌਜੂਦ ਸਨ। ਸੂਫ਼ੀਆਂ ਅਨੁਸਾਰ ਸਾਰੀ ਮਨੁੱਖ ਜਾਤੀ ਲਈ ਮੁਹੰਮਦ ਸਾਹਿਬ ਹੀ ਸਭ ਕੁਝ ਹਨ ਅਤੇ ਉਨ੍ਹਾਂ ਦਾ ਨੂਰ ਹੀ ਆਦਮ ਵਿਚ ਸੀ। ਸਾਰੀ ਖ਼ਲਕਤ ਮੁਹੰਮਦ ਸਾਹਿਬ ਲਈ ਪੈਦਾ ਕੀਤੀ ਗਈ ਅਤੇ ਆਦਮ ਤੇ ਉਸ ਦੀ ਸੰਤਾਨ ਉਨ੍ਹਾਂ ਦੇ ਨੂਰ ਤੋਂ ਹੀ ਪੈਦਾ ਕੀਤੇ ਗਏ ਸਨ।

          ਹ. ਪੁ. – ਐਨ. ਇਸ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-21, ਹਵਾਲੇ/ਟਿੱਪਣੀਆਂ: no

ਆਦਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਆਦਮ :  ਸੰਸਾਰ ਦਾ ਪਹਿਲਾ ਮਨੁੱਖ ਅਤੇ ਮਨੁੱਖ ਜਾਤੀ ਦਾ ਪਿਤਾਮਾ ਆਦਮ ਨੂੰ ਹੀ ਮੰਨਿਆ ਜਾਂਦਾ ਹੈ। ਮੁਸਲਮਾਨਾਂ, ਈਸਾਈਆਂ ਅਤੇ ਯਹੂਦੀਆਂ ਦੇ ਧਰਮ-ਗ੍ਰੰਥਾਂ ਵਿਚ ਆਦਮ ਬਾਰੇ ਬਹੁਤ ਜ਼ਿਕਰ ਮਿਲਦਾ ਹੈ। ਕੁਰਾਨ ਵਿਚ ਦੱਸਿਆ ਹੈ ਕਿ ਜਦੋਂ ਖ਼ੁਦਾ ਨੇ ਧਰਤੀ ਅਤੇ ਅਸਮਾਨ ਦੀ ਸਿਰਜਨਾ ਕੀਤੀ ਤਾਂ ਫਰਿਸ਼ਤਿਆਂ ਨੇ ਆਦਮ ਨੂੰ ਧਰਤੀ ਤੇ ਭੇਜਣ ਬਾਰੇ ਗਿਲਾ ਕੀਤਾ। ਇਹ ਵੀ ਕਿਹਾ ਕਿ ਇਹ ਪਰਮਾਤਮਾ ਦੀ ਨਿੰਦਾ ਵੀ ਕਰੇਗਾ ਪਰੰਤੂ ਖ਼ੁਦਾ ਨੇ ਫਿਰ ਵੀ ਆਦਮ ਨੂੰ ਸਿਰਜਿਆ ਅਤੇ ਸਾਰੇ ਫਰਿਸ਼ਤਿਆਂ ਨੂੰ ਇਸ ਦਾ ਸਿਜਦਾ ਕਰਨ ਦਾ ਆਦੇਸ਼ ਦਿਤਾ। ਇਬਲੀਸ ਨੇ ਹੁਕਮ ਨਾ ਮੰਨਿਆ। ਇਸ ਲਈ ਉਸ ਨੂੰ ਅੱਲ੍ਹਾ ਨੇ ਫਰਿਸ਼ਤਿਆਂ ਦੀ ਬਿਰਦਾਰੀ ਵਿਚੋਂ ਕੱਢ ਦਿੱਤਾ ਅਤੇ ਸ਼ੈਤਾਨ ਬਣਾ ਦਿਤਾ। ਇਸ ਸ਼ੈਤਾਨ ਨੇ ਆਦਮ ਅਤੇ ਹਵਾ ਨੂੰ ਉਨ੍ਹਾਂ ਦੇ ਨੰਗੇਜ ਬਾਰੇ ਚੇਤੰਨ ਕਰਵਾਇਆ। ਫ਼ਲਸਰੂਪ ਆਦਮ ਨੇ ਹਵਾ ਦੀ ਪ੍ਰੇਰਨਾ ਉੱਤੇ ਬਹਿਸ਼ਤ ਦਾ ਵਿਵਰਜਤ ਫ਼ਲ ਤੋੜ ਕੇ ਖਾਧਾ। ਪ੍ਰਸਿੱਧ ਕਿੱਸਾਕਾਰ ਵਾਰਸ ਸ਼ਾਹ ਕਣਕ ਖਾਧੇ ਜਾਣ ਦਾ ਜ਼ਿਕਰ ਕਰਦਾ ਹੈ:- 'ਆਦਮ ਛੱਡ ਬਹਿਸ਼ਤ ਦਾ ਬਾਗ਼ ਨੱਠਾ, ਭਲੇ ਵੇਲੜੇ ਕਣਕ ਨੂੰ ਖਾਇ ਗਿਆ'। ਇਸ ਕਸੂਰ ਬਦਲੇ ਅੱਲ੍ਹਾ ਨੇ ਆਦਮ ਅਤੇ ਹਵਾ ਨੂੰ ਧਰਤੀ ਉੱਤੇ ਅਗਵਾਈ ਦੇਣ ਦਾ ਬਚਨ ਕੀਤਾ।

        ਬਾਈਬਲ ਵਿਚ ਇਹ ਲਿਖਿਆ ਮਿਲਦਾ ਹੈ ਕਿ ਆਦਮ ਤੋਂ ਬਾਅਦ ਸਿਰਫ਼ ਈਸਾ ਨੂੰ ਹੀ ਘੜਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਧਰਤੀ ਉੱਪਰੋਂ ਸੱਤ ਫਰਿਸ਼ਤੇ ਮਿੱਟੀ ਲੈ ਕੇ ਗਏ ਸਨ। ਇਸੇ ਲਈ ਮਨੁੱਖਾਂ ਦੇ ਰੰਗ ਵਿਚ ਭਿੰਨਦਾ ਮਿਲਦੀ ਹੈ।

        ਮੁਸਲਮਾਨ ਆਦਮ ਨੂੰ ਦੁਨੀਆ ਦਾ ਸਭ ਤੋਂ ਪਹਿਲਾ ਪੈਗ਼ੰਬਰ ਮੰਨਦੇ ਹਨ ਅਤੇ ਪਹਿਲਾ ਇਲਹਾਮ ਆਦਮ ਨੂੰ ਹੀ ਹੋਇਆ ਮੰਨਦੇ ਹਨ। ਅੱਲ੍ਹਾ ਨੇ ਆਦਮ ਨੂੰ ਸੰਸਾਰ ਵਿਚ ਪੈਦਾ ਹੋਣ ਵਾਲੇ ਸਾਰੇ ਪੈਗ਼ੰਬਰਾਂ ਦੇ ਦਰਸ਼ਨ ਕਰਵਾ ਦਿੱਤੇ ਸਨ। ਆਦਮ ਦਾ ਜੇਠਾ ਪੁੱਤਰ ਕਾਬੀਲ ਸੀ। ਅੱਲ੍ਹਾ ਨੇ ਆਦਮ ਨੂੰ ਇਕ ਹਜ਼ਾਰ ਸਾਲ ਦੀ ਲੰਮੀ ਉਮਰ ਵੀ ਦਿੱਤੀ। ਕਿਹਾ ਜਾਂਦਾ ਹੈ ਕਿ ਇਸ ਨੇ ਆਪਣੀ ਉਮਰ ਦੇ 40 ਸਾਲ ਇਕ ਹੋਰ ਪੈਗ਼ੰਬਰ ਡੇਵਿਡ ਨੂੰ ਦੇ ਦਿੱਤੇ ਜਿਸ ਦੀ ਉਮਰ ਕੇਵਲ ਇਕ ਦਿਨ  ਦੀ ਸੀ। ਇਸ ਤਰ੍ਹਾਂ ਆਦਮ ਨੇ 960 ਸਾਲ ਦੀ ਉਮਰ ਭੋਗੀ। ਆਦਮ ਦਾ ਕਦ ਨੌ ਗਜ਼ ਲਗਭਗ 8.5 ਮੀ.) ਲੰਬਾ ਸੀ ਅਤੇ ਇਸ ਦੀ ਚਮੜੀ ਨਹੁੰਆ ਵਰਗੀ ਸਖ਼ਤ ਸੀ।

        ਸਵਰਗ ਵਿਚੋਂ ਆਦਮ ਨੂੰ ਜਦੋਂ ਧਰਤੀ ਉੱਪਰ ਸੁਟਿਆ ਗਿਆ ਤਾਂ ਇਹ ਲੰਕਾ ਦੀ ਇਕ ਪਹਾੜੀ ਉੱਪਰ ਜਾ ਡਿਗਿਆ। ਇਸ ਪਹਾੜੀ ਦੀ ਇਕ ਚੱਟਾਨ ਉੱਪਰ ਇਸ ਦੇ ਪੈਰ-ਚਿੰਨ੍ਹ ਮਿਲੇ ਦੱਸੇ ਗਏ ਹਨ। ਹਿੰਦੂ ਇਨ੍ਹਾਂ ਚਿੰਨ੍ਹਾਂ ਨੂੰ ਸ਼ਿਵ ਜੀ ਦੇ ਪੈਰਾਂ ਦੇ ਚਿੰਨ੍ਹ ਮੰਨਦੇ ਹਨ। ਬੋਧੀ ਬੁੱਧ ਦੇ ਪੈਰਾਂ ਦੇ ਅਤੇ ਮੁਸਲਮਾਨ ਪੈਗ਼ਬੰਰ ਆਦਮ ਦੇ। ਇਸ ਨੂੰ 6 ਨੀਸਾਂਨਾਂ, ਸੰਨ 1 ਨੂੰ ਜੁਮੇ ਵਾਲੇ ਦਿਨ ਪੈਦਾ ਕੀਤਾ ਗਿਆ। ਇਸ ਨੂੰ ਇਸੇ ਦਿਨ ਜ਼ੱਨਤ ਵਿਚੋਂ ਕੱਢਿਆ ਗਿਆ ਅਤੇ ਇਸ ਮਹੀਨੇ ਦੀ ਇਸੇ ਤਾਰੀਖ਼ ਨੂੰ ਜੁਮੇ ਵਾਲੇ ਦਿਨ ਮਰ ਗਿਆ। ਇਸ ਨੂੰ ਮੱਕੇ ਦੇ ਨੇੜੇ ਅਬੂ ਕੁਬੈਜ਼ ( ਕਹੇਸ਼) ਦੀ ਥਾਂ ਤੇ ਹਵਾ ਨਾਲ ਦਫ਼ਨਾਇਆ ਗਿਆ। ਹਜ਼ਰਤ ਨੂਹ ਦੇ ਸਮੇਂ ਜਦੋਂ ਪਰਲੋ ਆਈ ਤਾਂ ਉਥੋਂ ਆਦਮ ਦੀ ਦੇਹ ਨੂੰ ਕੱਢ ਕੇ ਯੂਰੋਸ਼ਲਮ ਲਿਜਾਇਆ ਗਿਆ।

        ਈਸਾਈ ਮਤ ਵਿਚ ਈਸਾ ਨੂੰ ਦੂਜਾ ਆਦਮ ਮੰਨਿਆ ਗਿਆ। ਇਸਲਾਮ  ਵਿਚ ਇਸ ਦਾ ਸਬੰਧ ਹਜ਼ਰਤ ਮੁਹੰਮਦ ਸਾਹਿਬ ਨਾਲ ਜੋੜਿਆ ਗਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-04-17-39, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 2 : 246; ਪੰ. ਲੋ. ਵਿ. ਕੋ. 2 : 292.

ਆਦਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਦਮ, ਪੁਲਿੰਗ : ੧. ਆਦਮੀ, ਮਨੁੱਖ ਜਾਤੀ; ੨. ਪਹਿਲਾ ਮਨੁੱਖ ਜੋ ਕੁਝ ਮੱਤਾਂ ਅਨੁਸਾਰ ਪਰਮੇਸ਼ਰ ਨੇ ਪੈਦਾ ਕੀਤਾ ਤੇ ਅੱਗੇ ਕੁਲ ਮਨੁੱਖ ਮਾਤਰ ਨੂੰ ਜਿਸ ਦੀ ਸੰਤਾਨ ਉਨ੍ਹਾਂ ਨੇ ਮੰਨਿਆ; ੩. ਬਹੁਤ ਸਾਰੇ ਆਦਮੀਆਂ ਦਾ ਸਮੂਹ

–ਆਦਮ ਹੱਵਾ, ਪੁਲਿੰਗ / ਇਸਤਰੀ ਲਿੰਗ : ਸ਼ਾਮੀਂ ਮੱਤਾਂ ਅਨੁਸਾਰ ਪਹਿਲਾ ਮਰਦ ਅਤੇ ਪਹਿਲੀ ਤੀਵੀਂ ਜਿਨ੍ਹਾਂ ਤੋਂ ਸਾਰੀ ਖਲਕਤ ਦਾ ਹੋਣਾ ਉਨ੍ਹਾਂ ਨੇ ਮੰਨਿਆ ਹੈ

–ਆਦਮ ਕੱਦ, ਵਿਸ਼ੇਸ਼ਣ : ਆਦਮੀ ਦੇ ਪੂਰੇ ਕੱਦ ਦਾ, ਜਿਸ ਦਾ ਅਕਾਰ ਆਦਮੀ ਦੇ ਸਰੀਰ ਜਿੱਡਾ ਹੋਵੇ

–ਆਦਮ ਖੋਰ, ਪੁਲਿੰਗ : ਆਦਮੀ ਨੂੰ ਖਾਣ ਵਾਲਾ ਰਾਕਸ਼, ਦੈਂਤ

–ਆਦਮ ਖੋਰੀ, ਇਸਤਰੀ ਲਿੰਗ : ਆਦਮਖੋਰ ਦਾ ਕਰਮ ਜਾਂ ਸੁਭਾ

–ਆਦਮ ਗਿਣਤੀ, (ਇ.ਵਿ.) / ਇਸਤਰੀ ਲਿੰਗ : ਮਰਦਮ ਸ਼ੁਮਾਰੀ ਜਨਗਣਨਾ, ਜਨਸੰਖਿਆ

–ਆਦਮਜ਼ਾਦ, ਪੁਲਿੰਗ : ਆਦਮ ਦੀ ਉਲਾਦ, ਆਦਮੀ ਦਾ ਬੱਚਾ

–ਆਦਮ ਦੀ ਉਲਾਦ, ਪੁਲਿੰਗ : ਇਨਸਾਨ, ਮਨੁੱਖ ਮਾਤਰ

–ਬਾਬੇ ਆਦਮ ਦੇ ਵੇਲੇ ਦਾ (ਦੀ), ਵਿਸ਼ੇਸ਼ਣ : ਬਹੁਤ ਪੁਰਾਣਾ, ਆਦ ਤੋਂ ਚੱਲਿਆ ਆ ਰਿਹਾ, ਪੁਰਾਤਨ

–ਆਦਮ ਬੋ ਆਦਮ ਬੋ ਕਰਨਾ, ਮੁਹਾਵਰਾ : ੧. ਆਦਮੀ ਦੀ ਬੋ ਆਉਂਦੀ ਹੈ ਆਦਮੀ ਦੀ ਬੋ ਆਉਂਦੀ ਹੈ ਕਹਿਣਾ, ਆਪਣੀ ਜਾਲਮਾਨਾ ਆਦਤ ਪੂਰੀ ਕਰਨ ਲਈ ਆਦਮੀਆਂ ਦੇ ਪਿੱਛੇ ਪੈਣਾ, ਸ਼ਿਕਾਰ ਲਈ ਆਦਮੀ ਲੱਭਦੇ ਫਿਰਨਾ, ਦੈਂਤਾਂ ਵਾਂਗੂ ਬੰਦਿਆਂ ਦੇ ਪਿੱਛੇ ਪੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-03-30-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.