ਆੜ੍ਹਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆੜ੍ਹਤ (ਨਾਂ,ਇ) ਦਲਾਲੀ ਵਜੋਂ ਇਵਜ਼ਾਨਾ ਲੈ ਕੇ ਜਿਣਸਾਂ ਵੇਚਣ ਦਾ ਧੰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆੜ੍ਹਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆੜ੍ਹਤ [ਨਾਂਇ] ਆੜ੍ਹਤ ਦੀ ਦੁਕਾਨ ਵਿਚੋਂ ਹੋਈ ਆਮਦਨ; ਫਲ ਸਬਜ਼ੀਆਂ ਅਨਾਜ ਆਦਿ ਦੀ ਵੇਚ-ਖ਼ਰੀਦ ਦਾ ਕਮਿਸ਼ਨ ਲੈ ਕੇ ਸੌਦਾ ਕਰਵਾਉਣ ਦਾ ਕੰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆੜ੍ਹਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆੜ੍ਹਤ. ਸੰਗ੍ਯਾ—ਰੁਕਾਵਟ। ੨ ਆਢਕ (੪ ਸੇਰ) ਅੰਨ ਅਥਵਾ ਕੋਈ ਹੋਰ ਪਦਾਰਥ ਮਜ਼ਦੂਰੀ ਵਿੱਚ ਲੈ ਕੇ ਵਪਾਰ ਕਰਨ ਦੀ ਕ੍ਰਿਯਾ।1 ੩ ਮ੒ਦੂਰੀ ਵਿੱਚ ਲਈ ਵਸਤੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆੜ੍ਹਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆੜ੍ਹਤ: ਵਪਾਰ ਕਈ ਤਰ੍ਹਾਂ ਦੇ ਏਜੰਟਾਂ ਰਾਹੀ ਚਲਾਇਆ ਜਾਂਦਾ ਹੈ ਜਿਵੇਂ ਕਿ ਆੜ੍ਹਤੀ ,ਦਲਾਲ, ਕਮਿਸ਼ਨ ਏਜੰਟ, ਦਰਾਮਦ-ਬਰਾਮਦ ਏਜੰਟ, ਨੀਲਾਮ ਕਰਨ ਵਾਲੇ ਏਜੰਟ ਆਦਿ। ਆੜ੍ਹਤ ਇਨ੍ਹਾਂ ਵਿਚੋਂ ਇਕ ਖ਼ਾਸ ਕਿਸਮ ਦੀ ਏਜੰਸੀ ਹੁੰਦੀ ਹੈ। ਆੜ੍ਹਤੀਆਂ ਨੂੰ ਕਮਿਸ਼ਨ ਏਜੰਟ ਵੀ ਆਖਦੇ ਹਨ। ਇਹ ਆਮ ਤੌਰ ਤੇ ਕਿਰਸਾਨੀ ਉਪਜ, ਅਨਾਜ, ਕਪਾਹ, ਖੱਲਾਂ ਆਦਿ ਦੇ ਵਪਾਰ ਵਿਚ ਹਿੱਸਾ ਲੈਂਦੇ ਹਨ ਅਤੇ ਥੋਕ ਜਾਂ ਵੱਡੇ ਪੈਮਾਨੇ ਤੇ ਕੰਮ-ਕਾਜ ਕਰਦੇ ਹਨ।

          ਅਨਾਜ ਜਾਂ ਕਪਾਹ ਆਦਿ ਵੇਚਣ ਵਾਲੇ ਕਿਸਾਨ ਆਪਣਾ ਮਾਲ ਗੱਡਿਆਂ ਵਿਚ ਲੱਦ ਕੇ ਆੜ੍ਹਤੀਆਂ ਦੀਆਂ ਦੁਕਾਨਾਂ ਵੁਤੇ ਆ ਜਾਂਦੇ ਹਨ। ਆੜ੍ਹਤੀ ਮਾਲ ਆਪਣੇ ਗੋਦਾਮ ਵਿਚ ਜਾਂ ਦੁਕਾਨਾਂ ਦੇ ਸਾਹਮਣੇ ਚਬੂਤਰਿਆਂ ਉਤੇ ਢੇਰੀ ਕਰਵਾ ਲੈਂਦੇ ਹਨ। ਫਿਰ ਸਾਰੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਹੁੰਦੀ ਹੈ, ਉਹੋ ਹੀ ਇਸ ਦੇ ਵੇਚਣ ਦਾ ਪ੍ਰਬੰਧ ਕਰਦੇ ਹਨ ਅਤੇ ਉਹ ਹੀ ਇਸ ਨੂੰ ਸੰਭਾਲ ਕੇ ਰਖਦੇ ਹਨ, ਕਿਸਾਨ ਬੇਫ਼ਿਕਰ ਹੋ ਜਾਂਦਾ ਹੈ। ਆੜ੍ਹਤੀਆਂ ਨੂੰ ਮੰਡੀ ਦੇ ਭਾਅ ਅਤੇ ਵਪਾਰੀਆਂ ਦੀ ਪੂਰੀ ਜਾਣ-ਪਛਾਣ ਹੁੰਦੀ ਹੈ। ਉਨ੍ਹਾਂ ਨੂੰ ਵੇਚਣ ਜਾਂ ਖਰੀਦਣ ਦਾ ਬਹੁਤ ਅਨੁਭਵ ਹੁੰਦਾ ਹੈ। ਇਸ ਲਈ ਉਹ ਮਾਲ ਦੇ ਮਾਲਕ ਲਈ ਵੱਧ ਤੋਂ ਵੱਧ ਕੀਮਤ ਪ੍ਰਾਪਤ ਕਰ ਸਕਦੇ ਹਨ ਆਪਣੀ ਸੇਵਾ ਦੇ ਬਦਲੇ ਵਿਚ ਵਿੱਕਰੀ ਦੇ ਮੁੱਲ ਉਤੇ ਕਮਿਸ਼ਨ ਲੈਂਦੇ ਹਨ।

          ਵਿਕਣ ਵਾਲਾ ਮਾਲ ਉਦੋਂ ਤਕ ਆੜ੍ਹਤੀਆਂ ਦੇ ਕਬਜ਼ੇ ਵਿਚ ਰਹਿੰਦਾ ਹੈ ਜਦੋਂ ਤਕ ਕਿ ਉਹ ਵਿਕ ਨਾ ਜਾਵੇ, ਇਕ ਤਰ੍ਹਾਂ ਉਹ ਇਸ ਦੇ ਮਾਲਕ ਹੀ ਸਮਝੇ ਜਾਂਦੇ ਹਨ ਅਤੇ ਮਾਲਕਾਂ ਵਾਂਗ ਹੀ ਇਸ ਨੂੰ ਸੰਭਾਲ ਕੇ ਰੱਖਦੇ ਹਨ। ਮਾਲ ਦੀ ਸਹੀ ਸੰਭਾਲ ਰੱਖਣ ਲਈ ਉਨ੍ਹਾਂ ਦੇ ਪਾਸ ਵੱਡੇ ਵੱਡੇ ਗੋਦਾਮ ਜਾਂ ਕੋਠੇ ਹੁੰਦੇ ਹਨ। ਉਹ ਵਪਾਰੀਆਂ ਅਤੇ ਕਿਸਾਨਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਕਰਦੇ ਹਨ। ਵਪਾਰੀ ਇਕ ਤਰ੍ਹਾਂ ਦੇ ਪ੍ਰਾਹੁਣੇ ਹੀ ਹੁੰਦੇ ਅਤੇ ਉਨ੍ਹਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਆੜ੍ਹਤੀ ਮਾਲਕ ਦਾ ਨਾਂ ਨਹੀਂ ਦੱਸਦਾ ਤੇ ਸੌਦਾ ਆਪਣੇ ਨਾਂ ਉਤੇ ਹੀ ਕਰਦਾ ਹੈ ਜਿਵੇਂ ਕਿ ਉਹ ਆਪ ਇਸ ਦਾ ਮਾਲਕ ਹੁੰਦਾ ਹੈ। ਮਾਲ ਵੇਚ ਕੇ ਇਸ ਦਾ ਮੁੱਲ ਵਸੂਲ ਕਰਦਾ ਹੈ ਅਤੇ ਵਸੂਲੀ ਦੀ ਰਸੀਦ ਆਪਣੇ ਨਾਂ ਦੀ ਦਿੰਦਾ ਹੈ। ਉਸ ਨੂੰ ਜੋ ਮਾਲ ਦੇ ਮੁੱਲ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਜੋ ਉਹ ਇਸ ਦੀ ਰਸੀਦ ਦਿੰਦਾ ਹੈ ਉਹ ਕਾਨੂੰਨੀ ਤੌਰ ਤੇ ਠੀਕ ਸਮਝੀ ਜਾਂਦੀ ਹੈ। ਜੇ ਸੌਦੇ ਦੀਆਂ ਸ਼ਰਤਾਂ ਭੰਗ ਹੋ ਜਾਣ ਤਾਂ ਮੁਕੱਦਮੇਬਾਜ਼ੀ ਵੀ ਉਹ ਆਪੇ ਕਰ ਸਕਦਾ ਹੈ। ਜੇ ਉਹ ਕਿਸੇ ਵਪਾਰੀ ਨੂੰ ਕਿਸੇ ਕੀਮਤ ਉਤੇ ਮਾਲ ਵੇਚਣ ਦਾ ਬਚਨ ਦੇਵੇ ਪਰ ਬਚਨ ਪੂਰਾ ਨਾ ਕਰੇ ਤਾਂ ਮੁਕੱਦਮਾ ਆੜ੍ਹਤੀ ਉਤੇ ਹੀ ਹੁੰਦਾ ਹੈ ਅਤੇ ਜੇ ਖਰੀਦਣ ਵਾਲਾ ਸੌਦੇ ਤੋਂ ਕਿਸੇ ਤਰ੍ਹਾਂ ਪਿਛਾਂਹ ਹਟ ਜਾਵੇ ਤਾਂ ਆੜ੍ਹਤੀ ਆਪ ਵੀ ਉਸ ਉਤੇ ਮੁੱਕਦਮਾ ਕਰ ਸਕਦਾ ਹੈ। ਮੁੱਕਦਮਾ ਮਾਲਕ ਦੇ ਨਾਂ ਉਤੇ ਨਹੀਂ ਹੁੰਦਾ ਕਿਉਂਕਿ ਮਾਲਕ ਦਾ ਨਾਂ ਤਾਂ ਛੁਪਿਆ ਹੀ ਰਹਿੰਦਾ ਹੈ । ਜੇ ਮਾਲਕ ਆੜ੍ਹਤੀ ਦਾ ਕਮਿਸ਼ਨ ਦੇਣ ਤੋਂ ਇਨਕਾਰੀ ਹੋ ਜਾਵੇ ਤਾਂ ਆੜ੍ਹਤੀ ਦਾ ਹੱਕ ਮਾਲਕ ਦੇ ਮਾਲ ਉਤੇ ਪੈ ਜਾਂਦਾ ਹੈ ਅਰਥਾਤ ਉਹ ਮਾਲ ਨੂੰ ਵੇਚ ਕੇ ਉਸ ਦੇ ਮੁੱਲ ਵਿਚੋਂ ਆਪਣਾ ਕਮਿਸ਼ਨ ਕੱਟ ਸਕਦਾ ਹੈ। ਆੜ੍ਹਤੀ ਨਾ ਕੇਵਲ ਮਾਲ ਵੇਚਣ ਦਾ ਹੀ ਪ੍ਰਬੰਧ ਕਰਦੇ ਹਨ ਸਗੋਂ ਮਾਲ ਦੀ ਪੈਕਿੰਗ, ਢੁਆਈ, ਬੀਮੇ ਦਾ ਵੀ ਇੰਤਜ਼ਾਮ ਕਰਦੇ ਹਨ ਅਤੇ ਜਦ ਮਾਲ ਦੀ ਵਿਕਰੀ ਦਾ ਹਿਸਾਬ ਭੇਜਦੇ ਹਨ ਤਾਂ ਇਸ ਸਾਰੀ ਸੇਵਾ ਦਾ ਖਰਚ ਮਾਲ ਦੇ ਮੁੱਲ ਵਿਚੋਂ ਕੱਟ ਲੈਂਦੇ ਹਨ, ਤੇ ਨਾਲ ਹੀ ਕਮਿਸ਼ਨ ਕੱਨ ਕੇ ਬਾਕੀ ਰਕਮ ਮਾਲਕ ਨੂੰ ਭੇਜ ਦਿੰਦੇ ਹਨ। ਆੜ੍ਹਤੀ ਆਪਣੇ ਵਪਾਰਿਆਂ ਤੇ ਮਾਲ ਦੇ ਮਾਲਕਾਂ ਨੂੰ ਰੁਪਏ ਪੈਸੇ ਦੀ ਵੀ ਸਹਾਇਤਾ ਦਿੰਦੇ ਹਨ। ਜਦੋਂ ਮਾਲ ਉਨ੍ਹਾਂ ਨੂੰ ਸੌਂਪ ਦਿੱਤਾ ਜਾਂਦਾ ਹੈ ਤਾਂ ਉਹ ਉਸੇ ਵੇਲੇ ਕਈ ਵਾਰ ਮਾਲਕਾਂ ਨੂੰ ਰਕਮ ਦਾ ਭੁਗਤਾਨ ਕਰ ਦਿੰਦੇ ਹਨ ਅਤੇ ਮਾਲ ਵਿਕਣ ਤੇ ਆਪਣੀ ਰਕਮ ਮੁੱਲ ਵਿਚੋਂ ਕੱਟ ਲੈਂਦੇ ਹਨ। ਆੜ੍ਹਤੀ ਆਪਣੇ ਗਾਹਕਾਂ ਨੂੰ ਮੰਡੀ ਦੇ ਭਾਅ ਦੀ ਵੀ ਖਬਰ ਦਿੰਦੇ ਰਹਿੰਦੇ ਹਨ।

          ਆੜ੍ਹਤੀ ਦੋ ਤਰ੍ਹਾਂ ਦੇ ਹੁੰਦੇ ਹਨ- ਇਕ ਕੱਚੇ ਆੜ੍ਹਤੀ ਅਤੇ ਦੂਜੇ ਪੱਕੇ ਆੜ੍ਹਤੀ। ਵੱਡੀਆਂ-ਵੱਡੀਆਂ ਮੰਡੀਆਂ ਵਿਚ ਕੱਚੇ ਆੜ੍ਹਤੀ ਉਪਜ ਨੂੰ ਵੇਚਣ ਵਾਲੇ ਅਤੇ ਖਰੀਦਣ ਵਾਲਿਆਂ ਵਿਚਕਾਰ ਕੇਵਲ ਕਮਿਸ਼ਨ ਏਜੰਟ ਦਾ ਕੰਮ ਕਰਦੇ ਹਨ। ਉਹ ਉਪਜ ਨੂੰ ਆਪ ਨਹੀਂ ਖਰੀਦਦੇ ਭਾਵੇਂ ਖਰੀਦ ਸਕਦੇ ਵੀ ਹੋਣ। ਪਰ ਕਈ ਛੋਟੀਆਂ ਮੰਡੀਆਂ ਵਿਚ ਉਹ ਉਪਜ ਨੂੰ ਆਪ ਹੀ ਖਰੀਦ ਲੈਂਦੇ ਹਨ। ਪੱਕੇ ਆੜ੍ਹਤੀ ਚੋਟੀ ਦੀਆਂ ਫਰਮਾਂ ਹੁੰਦੀਆਂ ਹਨ। ਵਪਾਰ ਦੀ ਲੜੀ ਵਿਚ ਵਪਾਰੀ ਜਾਂ ਬਾਣੀਆ ਮੁਢਲੀ ਕੜੀ ਹੁੰਦਾ ਹੈ ਤੇ ਪੱਕਾ ਆੜ੍ਹਤੀਆਂ ਸਭ ਤੋਂ ਅਖ਼ਰੀ ਵਾਲੀ ਕੜੀ। ਪੱਕੇ ਆੜ੍ਹਤੀਆਂ ਦੀਆਂ ਫ਼ਰਮਾਂ ਬੜੀਆਂ ਮਾਲਦਾਰ ਹੁੰਦੀਆਂ ਹਨ ਅਤੇ ਉਨ੍ਹਾਂ ਦੀਆਂ ਸ਼ਾਖਾਂ ਦੇਸ਼ ਦੀਆਂ ਵੱਡੀਆਂ ਵੱਡੀਆਂ ਮੰਡੀਆਂ ਵਿਚ ਹੁੰਦੀਆਂ ਹਨ। ਇਹ ਕਾਰਖ਼ਾਨੇਦਾਰਾਂ ਤੇ ਬਰਾਮਦ ਕਰਨ ਵਾਲਿਆਂ ਲਈ ਮਾਲ ਇੱਕਠਾ ਕਰਦੇ ਹਨ। ਪੱਕੇ ਆੜ੍ਹਤੀ ਕੱਚੇ ਆੜ੍ਹਤੀਆਂ ਨੂੰ ਪੈਸੇ ਦੀ ਸਹਾਇਤਾ ਦਿੰਦੇ ਹਨ ਜੋ ਕਿ ਵਪਾਰਿਆਂ ਅਤੇ ਪੱਕੇ ਆੜ੍ਹਤੀਆਂ ਵਿਚਕਾਰ ਇਕ ਜ਼ਰੂਰੀ ਕੜੀ ਹੁੰਦੇ ਹਨ। ਪੱਕੇ ਆੜ੍ਹਤੀ ਮਾਲ ਦੇ ਵੱਡੇ ਸਟਾਕਿਸਟ ਹੁੰਦੇ ਹਨ।                                   


ਲੇਖਕ : ਕੇ.ਕੇ.ਡੈਵਿਟ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no

ਆੜ੍ਹਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆੜ੍ਹਤ, ਇਸਤਰੀ ਲਿੰਗ : ਕਮਿਸ਼ਨ, ਦਲਾਲੀ, ਦਸਤੂਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-59-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.