ਇਨਕਲਾਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਨਕਲਾਬ [ਨਾਂਪੁ] ਕ੍ਰਾਂਤੀ, ਰਾਜਸੀ ਉਥਲ-ਪੁਥਲ; ਰਾਜ-ਪਲਟਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਇਨਕਲਾਬ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਇਨਕਲਾਬ: ਇਨਕਲਾਬ ਅਰਬੀ ਸ਼ਬਦ ਹੈ ਜੋ ਬਾਬਿਇਨ-ਫਿ਼ਆਲ ਵਿਚੋਂ ਹੈ। ਇਸ ਦਾ ਮੂਲ ਹੈ ਬਦਲਣਾ ਤੇ ਇਸ ਦਾ ਲਫ਼ਜ਼ੀ ਮਤਲਬ ਹੈ ਸਮੇਂ ਦਾ ਉਲਟ ਜਾਣਾ। ਆਮ ਤੌਰ ਤੇ ਇਸ ਦੀ ਵਰਤੋਂ ਇਕ ਵਿਸ਼ੇਸ਼ਣ ਨਾਲ ਹੁੰਦੀ ਹੈ, ਜਿਵੇਂ ਕਿ ਆਰਥਿਕ ਇਨਕਲਾਬ ਸਮਾਜਿਕ ਇਨਕਲਾਬ ਜਾਂ ਸਭਿਆਚਾਰਕ ਇਨਕਲਾਬ ਪਰ ਉੱਨੀਵੀਂ ਸਦੀ ਵਿਚ ਜਦੋਂ ਇਕੱਲਾ ਸ਼ਬਦ ਇਨਕਲਾਬ ਵਰਤਿਆ ਗਿਆ ਤਾਂ ਇਸ ਦਾ ਭਾਵ ਰਾਜਨੀਤਿਕ ਇਨਕਲਾਬ ਹੀ ਸੀ। ਇਹੋ ਕਾਰਨ ਹੈ ਕਿ ਇਨਕਲਾਬ ਤੇ ਹਿੰਸਾ ਬਾਰੇ ਵਿਚਾਰ ਇਕ ਦੂਜੇ ਨਾਲ ਮਿਲਦੇ ਜਿਹੇ ਜਾਪਦੇ ਹਨ ਅਤੇ ਇਹ ਵੀ ਲਗਭਗ ਠੀਕ ਕਿਉਂਕਿ ਇਤਿਹਾਸ ਗਵਾਹ ਹੈ ਕਿ ਸੰਸਾਰ ਵਿਚ ਕਦੇ ਵੀ ਕਿਸੇ ਦੇਸ਼ ਵਿਚ ਰਾਜਨੀਤਿਕ ਇਨਕਲਾਬ ਖ਼ੂਨ ਖ਼ਰਾਬੇ ਤੋਂ ਬਗ਼ੈਰ ਨਹੀਂ ਆਇਆ ਪਰ ਅੱਜਕੱਲ੍ਹ ਹਿੰਸਾ ਜਾਂ ਤਸ਼ੱਦਦ ਨੂੰ ਇਨਕਲਾਬ ਦਾ ਮੂਲ ਚਿੰਨ੍ਹ ਜਾਂ ਲੱਛਣ ਨਹੀਂ ਮੰਨਿਆ ਜਾਂਦਾ ਹੈ। ਪੂਰਨ ਰਾਜੀਨੀਤਿਕ ਇਨਕਲਾਬ ਲਿਆਉਣ ਲਈ ਸਭ ਤੋਂ ਪਹਿਲਾਂ ਸਮਾਜ ਵਿਚ ਬੁਨਿਆਦੀ ਤੌਰ ਤੇ ਤਬਦੀਲੀ ਲਿਆਉਣ ਦੀ ਲੋੜ ਹੈ। ਜਿੰਨੀ ਦੇਰ ਸਮਾਜ ਵਿਚ ਪ੍ਰਚੱਲਤ ਕੀਮਤਾਂ ਨੂੰ ਇਨਕਲਾਬ ਦੇ ਅਨੂਕੁਲ ਕੀਮਤਾਂ ਵਿਚ ਬਦਲਿਆ ਨਾ ਜਾਏ, ਉੱਨੀ ਦੇਰ ਤੀਕ ਕਿਸੇ ਰਾਜਨੀਤਿਕ ਇਨਕਲਾਬ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸਮਾਜਿਕ ਅਦਲਾ-ਬਦਲੀ ਤੋਂ ਬਿਨਾਂ ਸਾਧਾਰਣ ਜਿਹੀ ਰਾਜਸੀ ਤਬਦੀਲੀ ਤਾਂ ਹੋ ਸਕਦੀ ਹੈ ਪਰ ਕੋਈ ਮਹਾਨ ਇਨਕਲਾਬ ਨਹੀਂ ਆ ਸਕਦਾ। ਇਸ ਤੋਂ ਸਾਬਤ ਹੁੰਦਾ ਹੈ ਕਿ ਇਨਕਲਾਬ ਦਾ ਮੂਲ ਲੱਛਣ ਹਿੰਸਾ ਨਾਲੋਂ ਸਮਾਜਿਕ ਅਵਸਥਾ ਦੀ ਤਬਦੀਲੀ ਉੱਤੇ ਢੁਕਦਾ ਹੈ। ਇਨਕਲਾਬ ਦਾ ਇਹ ਪੱਖ ਇਸ ਨੂੰ ਬਗਾਵਤ ਜਾਂ ਫੌ਼ਜੀ ਕਬਜ਼ੇ ਨਾਲੋਂ ਵੱਖਰੀ ਚੀਜ਼ ਦਾ ਸਾਬਤ ਕਰਦਾ ਹੈ। ਇਸ ਲਈ ਇਸ ਲੇਖ ਵਿਚ ਇਨਕਲਾਬ ਦੇ ਸਮਾਜੀ ਪੱਖ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।ਇਨਕਲਾਬ ਨੂੰ ਚੰਗੀ ਤਰਾਂ ਸਮਝਣ ਲਈ ਉਸ ਸਮਾਜ ਦੀ ਬਣਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਸ ਵਿਚ ਇਨਕਲਾਬ ਜਨਮ ਲੈਂਦਾ ਹੈ। ਆਮ ਲਫ਼ਜ਼ਾਂ ਵਿਚ ਸਮਾਜ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਦੋ ਸ਼੍ਰੇਣੀਆਂ ਵਿਚ ਇਕ ਰਾਜਿਆਂ, ਮਹਾਰਾਜਿਆਂ, ਅਮੀਰਾਂ ਤੇ ਜਾਗੀਰਦਾਰਾਂ ਦੀ ਅਤੇ ਦੂਸਰੀ ਗ਼ਰੀਬ ਕਾਮਿਆਂ ਤੇ ਕਿਸਾਨਾਂ ਦੀ ਹੈ। ਪਹਿਲੀ ਸ਼੍ਰੇਣੀ ਕੁਦਰਤੀ ਵਸੀਲਿਆਂ ਅਤੇ ਉਪਜ ਦੇ ਬਹੁਤੇ ਹਿੱਸੇ ਉੱਤੇ ਕਬਜ਼ਾ ਜਮਾਈ ਰੱਖਦੀ ਹੈ ਅਤੇ ਦੂਸਰੀ ਸ਼੍ਰੇਣੀ ਛੋਟੇ ਮੋਟੇ ਕਿੱਤੇ ਕਰ ਕੇ ਆਪਣਾ ਨਿਰਬਾਹ ਕਰਦੀ ਹੈ। ਇਸ ਹੀ ਕਾਰਨ ਇਨ੍ਹਾਂ ਦੋਹਾਂ ਸ਼੍ਰੇਣੀਆਂ ਦੇ ਜੀਵਨ-ਪੱਧਰ ਵਿਚ ਜ਼ਮੀਨ ਅਸਮਾਨ ਜਿੰਨਾ ਫ਼ਰਕ ਹੁੰਦਾ ਹੈ। ਇਹ ਗੱਲ ਬੜੀ ਸਰਲ ਹੈ ਕਿ ਕੌਮੀ ਉਪਜ ਵਿਚੋਂ ਜੇ ਬਹੁਤ ਹਿੱਸਾ ਅਮੀਰਾਂ ਦੇ ਹੱਥਾਂ ਵਿਚ ਜਾਵੇਗਾ ਤਾਂ ਕੁਦਰਤੀ ਤੌਰ ਤੇ ਹੇਠਲੀ ਸ਼੍ਰੇਣੀ ਕੋਲ ਥੋੜ੍ਹਾ ਹੀ ਹਿੱਸਾ ਪੁੱਜ਼ੇਗਾ। ਇਸ ਤਰਾਂ ਅਮੀਰ ਹੋਰ ਅਮੀਰ ਹੁੰਦੇ ਜਾਣਗੇ ਤੇ ਗ਼ਰੀਬ ਹੋਰ ਗ਼ਰੀਬ। ਇਸ ਦਾ ਅਰਥ ਕੱਢ ਲੈਣਾ ਕਿਸੇ ਹੱਦ ਤਕ ਗ਼ਲਤ ਹੋਵੇਗਾ ਕਿ ਅਮੀਰ ਲੋਕ ਜਾਇਦਾਦ ਦੇ ਮਾਲਕ ਹੁੰਦੇ ਹਨ ਅਤੇ ਕੰਮ ਕਾਰ ਕਰਨ ਤੋਂ ਬਗ਼ੈਰ ਹੀ ਉਪਜ ਦੇ ਬਹੁਤੇ ਹਿੱਸੇ ਦੇ ਮਾਲਕ ਬਣ ਬੈਠਦੇ ਹਨ ਇਸ ਲਈ ਉਹ ਬਿਲਕੁਲ ਹੀ ਨਿਕੰਮੇ ਤੇ ਨਿਪੁੰਸਕ ਕਿਸਮ ਦੇ ਲੋਕ ਬਣ ਜਾਂਦੇ ਹਨ। ਇੰਗਲਿਸਤਾਨ ਦੀ ਜਾਗੀਰਦਾਰੀ ਸ਼੍ਰੇਣੀ ਵਿਚੋਂ ਕਈ ਮਹਾਨ ਰਾਜਸੀ ਆਗੂ ਪੈਦਾ ਹੋਏ ਹਨ। ਉੱਚੀ ਸ਼੍ਰੇਣੀਂ ਵਿਚੋ ਕਈ ਆਦਮੀ ਆਰਥਿਕ ਖੇਤਰ ਵਿਚ ਵੀ ਬੜੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਹ ਵਪਾਰ ਆਦਿ ਸ਼ੁਰੂ ਕਰ ਲੈਂਦੇ ਹਨ। ਜਿਸ ਨੂੰ ਚਲਾਉਣ ਲਈ ਤਨਖ਼ਾਹਦਾਰ ਮੁਲਾਜ਼ਮ ਰੱਖੇ ਜਾਂਦੇ ਹਨ। ਇਹ ਮੁਲਾਜ਼ਮ ਇਕ ਨਵੀਂ ਸ਼੍ਰੇਣੀ ਨੂੰ ਜਨਮ ਦਿੰਦੇ ਹਨ ਜਿਸ ਨੂੰ ਮੱਧ ਸ਼੍ਰੇਣੀ ਕਿਹਾਂ ਜਾਂਦਾ ਹੈ। ਭਾਵੇਂ ਇਸ ਮੱਧ-ਸ਼੍ਰੇਣੀ ਦੇ ਰੀਤਾਂ-ਰਿਵਾਜਾਂ ਦਾ ਕੁਝ ਅਸਰ ਜਰੂਰ ਰਾਜਸੀ ਅਤੇ ਇਨਕਲਾਬੀ ਲਹਿਰਾਂ ਉੱਤੇ ਪੈਂਦਾ ਹੈ ਜੋ ਪ੍ਰਗਟ ਨਹੀਂ ਹੁੰਦਾ ਪਰ ਅਸਲ ਵਿਚ ਹਰ ਇਨਕਲਾਬ ਉਪਰਲੀ ਤੇ ਹੇਠਲੀ ਸ਼੍ਰੇਣੀ ਦੀ ਟੱਕਰ ਤੋਂ ਹੀ ਪੈਦਾ ਹੁੰਦਾ ਹੈ। ਇਨਕਲਾਬ ਦੀ ਮਹਾਨਤਾ ਸਮਾਜਿਕ ਢਾਂਚੇ ਨੂੰ ਅਸ਼ਾਂਤਮਈ ਢੰਗ ਨਾਲ ਬਦਲਣ ਵਿਚ ਨਹੀਂ ਬਲਕਿ ਸਮਾਜਿਕ ਸ਼੍ਰੇਣੀਆਂ ਦੇ ਸਬੰਧਾਂ ਦੇ ਬਦਲਣ ਵਿਚ ਹੈ। ਇਸ ਅਦਲਾ-ਬਦਲੀ ਨਾਲ ਉਪਰਲੀ ਸ਼੍ਰੇਣੀ ਦੀ ਚੌਧਰ ਅਤੇ ਦਬਦਬਾ ਜਾਂਦੇ ਰਹਿੰਦੇ ਹਨ ਅਤੇ ਅਮੀਰਾਂ ਵਲੋਂ ਹੋ ਰਹੇ ਆਰਥਿਕ ਅੱਤਿਆਚਾਰ ਤੋਂ ਗਰੀਬ ਸ਼੍ਰੇਣੀ ਨੂੰ ਛੁਟਕਾਰਾ ਮਿਲ ਜਾਂਦਾ ਹੈ। ਇਵੇਂ ਪੁਰਾਣਾ ਸਮਾਜਿਕ ਢਾਂਚਾ ਖੇਰੂੰ ਖੇਰੂੰ ਹੋ ਜਾਂਦਾ ਹੈ ਅਤੇ ਉਸ ਦੀ ਥਾਂ ਨਵਾਂ ਸਮਾਜ ਉਸਾਰਿਆ ਜਾਂਦਾ ਹੈ।ਜਦੋਂ ਬਹੁ-ਗਿਣਤੀ (ਹੇਠਲੀ ਸ਼੍ਰੇਣੀ), ਘੱਟ-ਗਿਣਤੀ (ਉੱਚੀ ਸ਼੍ਰੇਣੀ ) ਦੇ ਵਿਰੁੱਧ ਇਕ ਸੰਗਠਿਤ ਲਹਿਰ ਸ਼ੁਰੂ ਕਰਦੀ ਹੈ ਉਦੋਂ ਇਨਕਲਾਬ ਦੀ ਨਹੀਂ ਰੱਖੀ ਜਾਂਦੀ ਹੈ। ਇਨਕਲਾਬ ਤੋਂ ਕੁਝ ਸਮਾਂ ਪਹਿਲਾਂ ਉੱਚ ਸ਼੍ਰੇਣੀ ਆਪਣੇ ਆਪ ਨੂੰ ਹੇਠਲੀ ਸ਼੍ਰੇਣੀ ਵੱਲੋਂ ਛੇਕੀ ਹੋਈ ਅਨੁਭਵ ਕਰਦੀ ਹੈ। ਅੰਤ ਵਿਚ ਗ਼ਰੀਬ ਸ਼੍ਰੇਣੀ ਅਮੀਰ ਸ਼੍ਰੇਣੀ ਉੱਤੇ ਛਾ ਜਾਂਦੀ ਹੈ। ਕਈ ਵਾਰੀ ਇਨਕਲਾਬ ਦੇ ਮਗਰੋਂ ਵੀ ਸ਼ਾਂਤੀ ਨਹੀਂ ਹੁੰਦੀ। ਹਾਰੀ ਹੋਈ ਉੱਚ ਸ਼੍ਰੇਣੀ ਇਸ ਅਦਲਾ-ਬਦਲੀ ਨਾਲ ਸੰਤੁਸ਼ਟ ਨਾ ਹੋਣ ਕਾਰਨ ਆਪਣੇ ਵੱਲੋਂ ਮੁਕਾਬਲੇ ਤੇ ਇਨਕਲਾਬ ਦੀ ਤਿਆਰੀ ਸ਼ੁਰੂ ਕਰ ਦੇਂਦੀ ਹੈ ਅਤੇ ਜੋ ਇਹੋ ਜਿਹਾ ਇਨਕਲਾਬ ਸਫ਼ਲ ਹੋ ਜਾਵੇ ਲੱਖਾਂ ਦੇ ਯਤਨਾਂ ਨਾਲ ਵੀ ਪੁਰਾਣਾ ਢਾਂਚਾ ਮੁੜ ਕਾਇਮ ਨਹੀਂ ਕੀਤਾ ਜਾ ਸਕਦਾ ਅਤੇ ਇਹੋ ਜਿਹੇ ਇਨਕਲਾਬ ਦੇ ਅਕਲਮੰਦ ਆਗੂ ਇਹ ਕਦੇ ਕੋਸ਼ਿਸ਼ ਨਹੀਂ ਕਰਦੇ ਕਿ ਸਾਰੀਆਂ ਉਖੜੀਆਂ ਪੁਖੜੀਆ ਕੀਮਤਾਂ ਨੂੰ ਮੁੜ ਕਾਇਮ ਕੀਤਾ ਜਾਵੇ। ਇਹ ਗੱਲ ਸੰਭਵ ਵੀ ਨਹੀਂ ਹੋ ਸਕਦੀ ਕਿਉਂਕਿ ਇਹੋ ਜਿਹਾ ਇਨਕਲਾਬ ਇਕ ਤਾਜ਼ੇ ਤਾਜ਼ੇ ਇਨਕਲਾਬ ਦੇ ਝਟ ਮਗਰੋਂ ਆਇਆ ਹੁੰਦਾ ਹੈ, ਇਸ ਲਈ ਇਕ ਕੁਦਰਤੀ ਗੱਲ ਹੈ ਕਿ ਇਹ ਬਹੁਤ ਸਾਰੀਆਂ ਚਾਲੂ ਕੀਮਤਾ ਤੇ ਗੌਤਾਂ ਰਿਵਾਜ਼ਾਂ ਨੂੰ ਅਪਣਾ ਲਵੇ। ਸੋ ਇਹ ਇਨਕਲਾਬ ਸਿੱਧਾਂਤਕ ਅਤੇ ਅਮਲੀ ਤੌਰ ਤੇ ਪੁਰਾਤਨਤਾ ਅਤੇ ਨਵੀਨਤਾ ਦਾ ਸੁਮੇਲ ਹੁੰਦਾ ਹੈ। ਇਹ ਤਬਦੀਲੀ ਨਾ ਤਾਂ ਲੋਕਾਂ ਨੂੰ ਪੁਰਾਣੇ ਰਾਹਾਂ ਤੇ ਹੀ ਮੋੜ ਲਿਆਉਂਦੀ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਇਨਕਲਾਬੀ ਰੁਚੀਆਂ ਦੀ ਲਖਾਇਕ ਹੁੰਦੀ ਹੈ।ਰੂਸ ਦੇ ਮਹਾਨ ਇਨਕਲਾਬੀ ਲੈਨਿਨ ਦਾ ਵਿਚਾਰ ਹੈ ਕਿ ਇਨਕਲਾਬ ਉਦੋਂ ਆੳਂਦਾ ਹੈ ਜਦੋਂ ਅਮੀਰ ਤੇ ਗ਼ਰੀਬ ਦੋਹਾਂ ਸ਼੍ਰੇਣੀਆਂ ਲਈ ਪੁਰਾਣੇ ਰਿਵਾਜਾਂ ਨੂੰ ਕਾਇਮ ਰੱਖ ਸਕਣ ਅਸੰਭਵ ਹੋ ਜਾਵੇ। ਇਨਕਲਾਬ ਉਦੋਂ ਜਨਮ ਲੈਂਦਾ ਹੈ ਜਦੋਂ ਉੱਚ ਸ਼੍ਰੇਣੀ ਪੁਰਾਣੇ ਰਿਵਾਜਾਂ ਨੂੰ ਕਾਇਮ ਦੇ ਯੋਗ ਜਾਂ ਸਮਰੱਥ ਨਹੀਂ ਰਹਿੰਦੀ ਅਤੇ ਹੇਠਲੀ ਸ਼੍ਰੇਣੀ ਲਈ ਅਮੀਰਾਂ ਦੇ ਅੱਤਿਆਚਾਰ ਨੂੰ ਸਹਾਰਨਾ ਅਸੰਭਵ ਹੋ ਜਾਂਦਾ ਹੈ।ਇਨਕਲਾਬੀ ਵਿਚਾਰਧਾਰਾ ਜਾਂ ਸਿੱਧਾਂਤ ਨੂੰ ਬਹੁਤੀ ਦੇਰ ਅਮਲੀ ਜੀਵਨ ਨਾਲੋਂ ਨਿਖੜਿਆ ਨਹੀਂ ਜਾ ਸਕਦਾ। ਇਸ ਸਿੱਧਾਂਤ ਨੂੰ ਅਮਲੀ ਸ਼ਕਲ ਦੇਣਾ ਜ਼ਰੂਰੀ ਹੈ। ਭਾਵ ਇਹ ਕਿ ਜਨਤਾ ਵਿਚ ਇਕ ਐਸਾ ਜੋਸ਼ ਭਰਨ ਦੀ ਲੋੜ ਹੈ ਜ਼ੋ ਇਕ ਬੜੀ ਵੱਡੀ ਅਦਲਾ ਬਦਲੀ ਨੂੰ ਲਿਆਉਣ ਲਈ ਲਾਜ਼ਮੀ ਹੁੰਦਾ ਹੈ। ਇਕ ਸੰਗਠਤ ਲਹਿਰ ਕਿਸੇ ਇਹੋ ਜਿਹੀ ਨਿੱਗਰ ਵਿਚਾਰਧਾਰਾ ਉੱਤੇ ਹੀ ਅਧਾਰਿਤ ਹੁੰਦੀ ਹੈ ਪਰ ਇਸ ਤੋਂ ਇਹ ਸਿੱਟਾ ਕੱਢ ਲੈਣਾ ਕਿ ਸਿੱਧਾਂਤ ਇਕ ਲਹਿਰ ਨਾਲੋਂ ਜ਼ਿਆਦਾ ਮਹੱਤਤਾ ਰੱਖਦਾ ਹੈ, ਇਕ ਬਹੁਤ ਵੱਡੀ ਭੁੱਲ ਹੋਵੇਗੀ। ਇਹ ਇਕ ਅਟੱਲ ਸਚਾਈ ਹੈ ਕਿ ਸਿੱਧਾਂਤ ਅਤੇ ਅਮਲੀ ਲਹਿਰ ਇਕ ਦੂਜੇ ਦੀ ਬਾਂਹ ਵਿਚ ਬਾਂਹ ਪਾ ਕੇ ਹੀ ਚਲਦੇ ਹਨ। ਸੰਸਾਰ ਤੋਂ ਦੂਰ ਕਿਸੇ ਪਹਾੜ ਦੀ ਖੁੰਦਰ ਵਿਚ ਬੈਠਾ ਵਿਚਾਰਵਾਨ ਕਦੇ ਵੀ ਕਿਸੇ ਇਨਕਲਾਬ ਲਈ ਪ੍ਰੇਰਣਾ ਨਹੀਂ ਬਣ ਸਕਦਾ। ਇਨਕਲਾਬ ਦੀ ਜਿੰਦ-ਜਾਨ ਬਣਨ ਲਈ ਇਕ ਵਿਚਾਰਵਾਨ ਨੂੰ ਅਮਲ ਦੇ ਮੈਦਾਨ ਵਿਚ ਬੜੀ ਸਰਗਰਮੀ ਨਾਲ ਹਿੱਸਾ ਲੈਣਾ ਪੈਦਾ ਹੈ।ਸਾਰੀਆਂ ਇਨਕਲਾਬੀ ਜੱਥੇਬੰਦੀਆਂ ਝਟ ਪਟ ਹੀ ਨਹੀਂ ਬਣਦੀਆਂ। ਬਹੁਤ ਸਾਰੀਆਂ ਹਾਲਤਾਂ ਵਿਚ ਸਮੇਂ ਦੀ ਸਰਕਾਰ ਨਾਲ ਜੁੜੀਆਂ ਹੋਈਆਂ ਕਈ ਜੱਥੇਬੰਦੀਆਂ ਸਰਕਾਰ ਦੇ ਵਿਰੁੱਧ ਹੋ ਜਾਂਦੀਆਂ ਹਨ ਅਤੇ ਇਸ ਨੂੰ ਖ਼ਤਮ ਕਰ ਦਿੰਦੀਆਂ ਹਨ। ਪਿੰਡ, ਸ਼ਹਿਰ ਅਤੇ ਕਾਰਖ਼ਾਨੇ ਆਦਿ ਇਨਕਲਾਬੀ ਟੱਕਰ ਵਿਚ ਬੜੀ ਸਰਗਰਮੀ ਨਾਲ ਹਿੱਸਾ ਲੈਣ ਲਗ ਪੈਂਦੇ ਹਨ। ਇਥੋਂ ਤਕ ਕਿ ਕਈ ਵਾਰੀ ਫ਼ੌਜਾਂ ਵੀ ਇਸ ਇਨਕਲਾਬ ਦਾ ਕਾਰਨ ਬਣਦੀਆਂ ਹਨ। ਫ਼ੌਜਾਂ ਇਨਕਲਾਬੀ ਸੇਵਾ ਨਹੀਂ ਕਰਦੀਆਂ ਸਗੋਂ ਸਮੇਂ ਦੀ ਸਰਕਾਰ ਨੂੰ ਜੋ ਇਸ ਤੇ ਨਿਰਭਰ ਹੁੰਦੀ ਹੈ, ਬੇਸਹਾਰਾ ਕਰ ਦਿੰਦੀਆ ਹਨ।ਜਦੋਂ ਵੀ ਕੋਈ ਮਹਾਨ ਇਨਕਲਾਬ ਜਨਮ ਲੈਂਦਾ ਹੈ, ਉਸ ਨੂੰ ਕਿਸੇ ਅੰਦਰੂਨੀ ਵਿਰੋਧ ਦਾ ਸਾਹਮਣਾ, ਸ਼ਾਇਦ ਕਦੇ ਵੀ ਨਹੀਂ ਕਰਨਾ ਪੈਂਦਾ। ਇਸ ਤਰ੍ਹਾਂ ਜਾਪਦਾ ਹੈ ਕਿ ਸਾਰੇ ਲੋਕ ਆਪਣੇ ਅੰਦਰੂਨੀ ਝਗੜੇ ਛੱਡ ਕੇ ਇਕ ਮੁੱਠ ਹੋ ਰਹੇ ਹੁੰਦੇ ਹਨ। ਰਾਜਨੀਤੀ ਦੇ ਇਸ ਮੁੱਖ ਭਾਵ ਇਨਕਲਾਬ ਦਾ ਅਸਰ ਹਰ ਕਿਸੇ ਉੱਤੇ ਹੁੰਦਾ ਹੈ ਅਤੇ ਇਸ ਵਿਚ ਗ਼ੈਰ-ਕੁਦਰਤੀ ਗੱਲ ਵੀ ਕੋਈ ਨਹੀਂ। ਇਹ ਮਨੁੱਖੀ ਸੁਭਾਅ ਹੈ ਕਿ ਉਹ ਸਮੇਂ ਦੀ ਹਵਾ ਦਾ ਅਸਰ ਕਬੂਲੇ। ਕੋਈ ਵੀ ਇਨਸਾਨ ਵਕਤ ਦੇ ਅਸਰ ਤੋਂ ਬਚ ਨਹੀਂ ਸਕਦਾ। ਜਦੋਂ ਕੋਈ ਇਨਕਲਾਬ ਸਫਲ ਹੋ ਜਾਂਦਾ ਹੈ ਤਾਂ ਇਨਕਲਾਬ ਦੇ ਵਿਰੋਧੀ ਵੀ ਆਪਣੇ ਪੁਰਾਣੇ ਵਿਸ਼ਵਾਸਾਂ ਤੋਂ ਡੋਲ ਜਾਂਦੇ ਹਨ। ਕੋਈ ਵਿਰਲਾ ਹੀ ਆਪਣੇ ਇਨਕਲਾਬ ਵਿਰੋਧੀ ਵਿਚਾਰਾਂ ਉੱਤੇ ਡਟਿਆ ਰਹਿ ਸਕਦਾ ਹੈ ਇਨਕਲਾਬ ਨੂੰ ਘਿਰਨਾ ਕਰਨ ਵਾਲੇ ਬਹੁਤ ਸਾਰੇ ਆਪਣੇ ਆਪ ਨੂੰ ਵਕਤ ਦੇ ਮੁਤਾਬਕ ਢਾਲ ਕੇ, ਇਨਕਲਾਬੀ ਬਣ ਜਾਂਦੇ ਹਨ। ਰਾਜਸੀ ਮੈਦਾਨ ਵਿਚ ਇਹ ਝੱਟ ਗਿਰਗਟ ਵਾਂਗ ਰੰਗ ਬਦਲ ਲੈਂਦੇ ਹਨ । ਬਹੁਤ ਸਾਰੇ ਬਦਲੇ ਹੋਏ ਆਦਮੀ ਆਪਣੇ ਸਾਰੇ ਬੀਤੇ ਜ਼ਮਾਨੇ ਨੂੰ ਭੁੱਲ ਗਏ ਜਾਪਦੇ ਹਨ। ਇਨ੍ਹਾਂ ਵਿਚੋਂ ਕਈ ਤਾਂ ਸ਼ਾਇਦ ਇਹ ਵੀ ਅਨੁਭਵ ਕਰਨ ਲਗ ਪੈਂਦੇ ਹਨ ਕਿ ਆਪਣੇ ਪਿਛਲੇ ਜੀਵਨ ਵਿਚ ਉਹ ਪੁਰਾਣੇ ਰਾਜ ਦੇ ਗਲਤ ਪ੍ਰਚਾਰ ਦਾ ਸ਼ਿਕਾਰ ਹੋਏ ਹਨ।ਹ. ਪੁ. –ਐਨ. ਸੋ. ਸਾ. 13 :; ਅਰਿਸਟਾੱਟਲ ਪਾਲੀਟਿਕਸ-ਡੇਵਿਸ, ਰਿਪਬਲਿਕ -ਪਲੈਟੋ

 


ਲੇਖਕ : ਡੀ. ਆਰ . ਸਚਦੇਵ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.