ਈਥਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਈਥਰ: ਇਸ ਨੂੰ ਈਥਰ ਸਲਫ਼ਿਊਰਿਕ ਵੀ ਕਹਿੰਦੇ ਹਨ। ਇਹ ਈਥਾਈਲ ਅਲਕੋਹਲ ਅਤੇ ਗੰਧਕ ਦੇ ਤੇਜ਼ਾਬ ਦੇ ਯੋਗ ਨਾਲ ਬਣਾਇਆ ਜਾਂਦਾ ਹੈ। ਈਥਾਈਲ ਅਤੇ ਈਥਰ ਦੋਵੇਂ ਹੀ ਸ਼ਬਦ ਲਾਤੀਨੀ ਦੇ ਈਥਰ ਅਤੇ ਯੂਨਾਨ ਦੇ ਸ਼ਬਦਾਂ ਵਿਚੋਂ (ਰੌਸ਼ਨ ਕਰਨਾ) ਨਿਕਲੇ ਹਨ ਜਿਨ੍ਹਾਂ ਦਾ ਅਰਥ ਹੈ ਸਾੜਨਾ ਜਾ ਸੜਨਾ। ਇਹ ਕਹਿਣਾ ਔਖਾ ਹੈ ਕਿ ਸਭ ਤੋਂ ਪਹਿਲਾਂ ਈਥਰ ਕਿਸ ਨੇ ਤਿਆਰ ਕੀਤਾ। ਤੇਰ੍ਹਵੀਂ ਸਦੀ ਦੇ ਰਸਾਇਣ-ਵਿਗਿਆਨੀ ਰੇਮੰਡ ਲਲੀ ਨੂੰ ਈਥਰ ਤਿਆਰ ਕਰਨ ਦਾ ਤਰੀਕਾ ਆਉਂਦਾ ਸੀ। ਬੇਸਿਲ ਵੈਲੈਂਟਾਈਨ ਅਤੇ ਵੈਲੇਰੀਅਸ ਕਾਰਡਸ ਦੇ ਲੇਖਾਂ ਵਿਚ ਵੀ ਈਥਰ ਅਤੇ ਉਸ ਦੇ ਗੁਣਾਂ ਦਾ ਜ਼ਿਕਰ ਮਿਲਦਾ ਹੈ ਪਰ ਈਥਰ ਨਾਂ ਇਸ ਨੂੰ ਮਗਰੋਂ ਦਿੱਤਾ ਗਿਆ। ਅਸਲ ਵਿਚ 1730 ਈ. ਵਿਚ ਜਰਮਨੀ ਦੇ ਐਫ . ਜੀ. ਫਰੌਬਿਨੀਅਸ ਨੇ ਇਸ ਨੂੰ ਈਥਰੀਅਸ ਸਪਿਰਟਸ ਦਾ ਨਾਂ ਦਿੱਤਾ। ਰਸਾਇਣ ਵਿਗਿਆਨ ਦੀ ਅਜੋਕੀ ਸ਼ਬਦਾਵਲੀ ਵਿਚ ਉਸ ਵਰਗ ਦੇ ਸਾਰੇ ਯੋਗਿਕਾਂ ਨੂੰ ਈਥਰ ਕਿਹਾ ਜਾਂਦਾ ਹੈ ਜੋ ਪਾਣੀ ਦੇ ਅਣੂ ਦੇ ਦੋਹਾਂ ਹਾਈਡ੍ਰੋਜਨਾਂ ਦੇ ਐਲਕਾਈਲ ਰੈਡੀਕਲਾਂ ਰਾਹੀਂ ਵਟਾਂਦਰੇ ਨਾਲ ਬਣਦੇ ਹਨ। ਜੇ ਪਾਣੀ ਦੇ ਅਣੂ ਦੇ ਇਕ ਹਾਈਡ੍ਰੋਜਨ ਦਾ ਵਟਾਂਦਰਾ ਐਲਕਾਈਲ ਰੈਡੀਕਲ ਨਾਲ ਹੋਵੇ ਤਾਂ ਅਲਕੋਹਲ ਵਰਗ ਦੇ ਯੋਗਿਕ ਬਣਦੇ ਹਨ।H–O–H R–O–H R–O–Rਪਾਣੀ ਅਲਕੋਹਲ ਈਥਰਇਥੇ R ਦਾ ਅਰਥ ਹੈ ਕੋਈ ਐਲਕਾਈਲ ਰੈਡੀਕਲ, ਜਿਵੇਂ CH3, C2H5, C3H7 ਆਦਿ। ਇਸ ਰਚਨਾ ਅਨੁਸਾਰ ਅਸੀਂ ਈਥਰਾਂ ਨੂੰ ਡਾਈ ਐਲਕਾਈਲ ਆੱਕਸਾਈਡ ਵੀ ਕਹਿ ਸਕਦੇ ਹਾਂ। ਜੇ ਕਿਸੇ ਈਥਰ ਦੇ ਅਣੂ ਵਿਚ ਦੋਵੇਂ ਐਲਕਾਈਲ ਰੈਡੀਕਲ ਇਕ ਹੋਣ, ਅਰਥਾਤ R-R ਤਾਂ ਇਨ੍ਹਾਂ ਨੂੰ ਸਦਾ ਈਥਰ ਕਿਹਾ ਜਾਂਦਾ ਹੈ ਪਰ ਜੇ ਦੋਵੇਂ ਰੈਡੀਕਲ ਵੱਖ ਵੱਖ ਹੋਣ ਤਾਂ ਇਨ੍ਹਾਂ ਨੂੰ ਮਿਸ਼ਰਿਤ ਈਥਰ ਕਹਿੰਦੇ ਹਨ: - ਫ਼ਾਰਮੂਲਾ ਉਬਾਲ ਦਰਜਾ CH3–O–CH3 (ਡਾਈ-ਮੀਥਾਈਲ ਈਥਰ) - 23.6° ਸੈਂ.C2H5–O–C2H5 (ਡਾਈ-ਈਥਾਈਲ ਈਥਰ) + 34.6° ਸੈਂ.C3H7-O-C3H7 ( ਡਾਈ-ਪ੍ਰੋਪਾਈਲ ਈਥਰ ) + 90.7° ਸੈਂ .C4H9–O–C4H9 (ਡਾਈ-ਬਿਊਟਾਈਲ ਈਥਰ) + 141° ਸੈਂ.C5H11–O–C5H11 (ਡਾਈ-ਐਮਾਈਲ ਈਥਰ) + 60-61° ਸੈਂ. ( 10 ਮੀ. ਮੀ. )ਆਮ ਪ੍ਰਚਲਿਤ ਈਥਰ ਡਾਈ-ਈਥਾਈਲ ਈਥਰ ਹੈ ਅਤੇ ਇਹ ਈਥਾਈਲ ਅਲਕੋਹਲ ਅਤੇ ਗੰਧਕ ਤੇ ਤੇਜ਼ਾਬ ਦੇ ਯੋਗ ਨਾਲ ਤਿਆਰ ਕੀਤਾ ਜਾਂਦਾ ਹੈ। ਪ੍ਰਸਿੱਧ ਰਸਾਇਣ-ਵਿਗਿਆਨੀ ਵਿਲੀਅਮਸਨ ਨੇ ਸਭ ਤੋਂ ਪਹਿਲਾਂ ਉਨ੍ਹਾਂ ਸਭ ਅਮਲਾਂ ਦਾ ਵਿਸਥਾਰ ਨਾਲ ਅਧਿਐਨ ਕੀਤਾ ਜਿਨ੍ਹਾਂ ਰਾਹੀਂ ਅਲਕੋਹਲ ਨੂੰ ਈਥਰ ਵਿਚ ਬਦਲਿਆ ਜਾਂਦਾ ਹੈ। ਪਹਿਲਾਂ ਤਾਂ ਅਲਕੋਹਲ, ਗੰਧਕ ਦੇ ਤੇਜ਼ਾਬ ਨਾਲ ਸੰਯੁਕਤ ਹੋ ਕੇ ਈਥਾਈਲ ਹਾਈਡ੍ਰੋਜਨ ਸਲਫ਼ੇਟ ਬਣਾਉਂਦਾ ਹੈ :-C2H5OH+H.HSO4→C2H5+HSO4+H2O(ਈਥਾਈਲ ਹਾਈਡ੍ਰੋਜਨ ਸਲਫ਼ੇਟ )ਇਹ ਈਥਾਈਲ ਹਾਈਡ੍ਰੋਜਨ ਸਲਫ਼ੇਟ, ਅਲਕੋਹਲ ਦੇ ਦੂਜੇ ਅਣੂ ਨਾਲ ਸੰਯੁਕਤ ਹੋ ਕੇ ਈਥਰ ਬਣਾਉਂਦਾ ਹੈ ਅਤੇ ਗੰਧਕ ਦਾ ਤੇਜ਼ਾਬ ਫਿਰ ਨਿੱਖੜ ਜਾਂਦਾ ਹੈ :-C2H5HSO4+C2H5OH→C2H5.O.C2H5+H2SO4ਇੰਜ ਇਹ ਕਿਰਿਆ ਦੋ ਪੜਾਵਾਂ ਵਿਚ ਖ਼ਤਮ ਹੁੰਦੀ ਹੈ। ਅਲਕੋਹਲ ਵਿਚ ਜਦੋਂ ਹਲਕਾ ਗੰਧਕ ਤੇਜ਼ਾਬ ਮਿਲਾਇਆ ਜਾਂਦਾ ਹੈ ਤਾਂ ਗਰਮੀ ਪੈਦਾ ਹੁੰਦੀ ਹੈ ਅਤੇ ਇਹ ਮਿਸ਼ਰਣ ਗਰਮ ਹੋ ਜਾਂਦਾ ਹੈ। ਬਾਹਰੋਂ ਗਰਮ ਕਰਕੇ ਇਹ ਤਾਪਮਾਨ ਹੋਰ ਵਧਾਇਆ ਜਾ ਸਕਦਾ ਹੈ ਅਤੇ ਅਜਿਹਾ ਕਰਨ ਨਾਲ ਈਥਰ ਦੀ ਕਸ਼ੀਦ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਭਬਕੇ ਵਿਚ ਅਲਕੋਹਲ ਦੀ ਧਾਰ ਲਗਾਤਾਰ ਗਿਰਾਈ ਜਾਂਦੀ ਹੈ। ਗਰਮੀ ਉੱਤੇ ਇਸ ਤਰ੍ਹਾਂ ਕੰਟਰੋਲ ਰਖਦੇ ਹਨ ਕਿ ਤਾਪਮਾਨ 130° ਸੈਂ. ਦੇ ਨੇੜੇ ਤੇੜੇ ਹੀ ਟਿਕਿਆ ਰਹੇ। ਜਦੋਂ ਗੰਧਕ ਦੇ ਤੇਜ਼ਾਬ ਦੇ ਆਇਤਨ ਦਾ ਪੰਜ ਗੁਣਾ ਅਲਕੋਹਲ ਕਿਰਿਆ ਕਰ ਚੁੱਕਦਾ ਹੈ ਤਾਂ ਤਾਪਮਾਨ 141° ਸੈਂ. ਤਕ ਵਧਾ ਦਿੱਤਾ ਜਾਂਦਾ ਹੈ। ਇੰਜ ਜਿਹੜਾ ਈਥਰ ਮਿਲਦਾ ਹੈ ਉਸ ਵਿਚ ਕੁਝ ਅਲਕੋਹਲ, ਕੁਝ ਗੰਧਕ ਦਾ ਤੇਜ਼ਾਬ ਅਤੇ ਕੁਝ ਪਾਣੀ ਵੀ ਰਲਿਆ ਹੋਇਆ ਹੁੰਦਾ ਹੈ। ਤੇਜ਼ਾਬੀ ਮਾਦੇ ਨੂੰ ਖ਼ਤਮ ਕਰਨ ਲਈ ਈਥਰ ਨੂੰ ਪਹਿਲਾ ਸੋਡੇ ਦੇ ਪਤਲੇ ਘੋਲ ਨਾਲ ਅਤੇ ਫਿਰ ਪਾਣੀ ਨਾਲ ਹਿਲਾਇਆ ਜਾਂਦਾ ਹੈ। ਫਿਰ ਪਾਣੀ ਨੂੰ ਸੋਕਣ ਲਈ ਇਸ ਵਿਚ ਪਾਣੀ ਰਹਿਤ ਕੈਲਸ਼ੀਅਮ ਕਲੋਰਾਈਡ ਪਾ ਕੇ ਰਾਤ ਭਰ ਰਹਿਣ ਦਿੱਤਾ ਜਾਂਦਾ ਹੈ। ਦੂਜੇ ਦਿਨ ਈਥਰ ਨੂੰ ਨਿਤਾਰ ਕੇ ਕਸ਼ੀਦ ਕੀਤਾ ਜਾਂਦਾ ਹੈ। ਈਥਰ (ਡਾਈ ਈਥਾਈਲ ਈਥਰ) ਬੇਰੰਗ, ਪਾਰਦਰਸ਼ਕ ਅਤੇ ਘੱਟ ਤਾਪਮਾਨ ਤੇ ਉਬਲਣ ਵਾਲਾ ਤਰਲ ਹੈ। ਇਸ ਦਾ ਅਪਵਰਤਨ ਅੰਕ (ਰਿਫ਼ਰੈਕਟਿਵ ਇੰਡੈਕਸ) ਕੀ ਕਾਫ਼ੀ ਉੱਚਾ ਹੈ। ਇਸ ਵਿਚ ਇਕ ਖ਼ਾਸ ਕਿਸਮ ਦੀ ਬੂ ਹੁੰਦੀ ਹੈ। ਜੇ ਇਸ ਦੇ ਵਾਸ਼ਪਾਂ ਨੂੰ ਬਹੁਤ ਦੇਰ ਤਕ ਸੁੰਘਿਆ ਜਾਵੇ ਤਾਂ ਬੇਹੋਸ਼ੀ ਹੋ ਜਾਂਦੀ ਹੈ। ਜੇ ਸਰੀਰ ਦੇ ਕਿਸੇ ਅੰਗ ਤੇ ਈਥਰ ਪਾਇਆ ਜਾਵੇ ਤਾਂ ਇਹ ਝੱਟ ਹੀ ਉੱਡ ਜਾਂਦਾ ਹੈ ਅਤੇ ਠੰਢ ਮਹਿਸੂਸ ਹੁੰਦੀ ਹੈ। ਇਸ ਦੀ ਵਿਸ਼ਿਸ਼ਟ ਘਣਤਾ 15.5° ਸੈਂ. ਤਾਪਮਾਨ ਤੇ 0.72 ਹੈ ਅਰਥਾਤ ਇਹ ਪਾਣੀ ਨਾਲੋਂ ਹੌਲਾ ਹੁੰਦਾ ਹੈ। ਇਹ 34.6 ਸੈਂ. ਤੇ ਉਬਲਦਾ ਹੈ ਅਤੇ ਹਵਾ ਇਸ ਦੀ ਭਾਫ਼ ਨਾਲੋਂ ਢਾਈ ਗੁਣਾ ਭਾਰੀ ਹੁੰਦੀ ਹੈ। ਜੇ ਤਰਲ ਨੂੰ -117.4° ਸੈਂ. ਤਕ ਠੰਢਾ ਕੀਤਾ ਜਾਵੇ ਤਾਂ ਇਹ ਜੰਮ ਕੇ ਬਰਫ਼ ਬਣ ਜਾਂਦਾ ਹੈ। ਈਥਰ 12 ਫ਼ੀਸਦੀ ਦੇ ਲਗਭਗ ਪਾਣੀ ਵਿਚ ਘੁਲ ਜਾਂਦਾ ਹੈ । ਈਥਰ ਨੂੰ ਅੱਗ ਬਹੁਤ ਛੇਤੀ ਲੱਗਦੀ ਹੈ। ਇਸ ਦੇ ਵਾਸ਼ਪਾਂ ਨੂੰ ਵੀ ਇਕ ਦਮ ਅੱਗ ਲੱਗਦੀ ਹੈ, ਇਸੇ ਕਰਕੇ ਇਸ ਨੂੰ ਅੱਗ ਤੋਂ ਦੂਰ ਰਖਣਾ ਚਾਹੀਦਾ ਹੈ । ਇਸ ਦੀ ਲਾਟ ਪੀਲੇ-ਚਿੱਟੇ ਰੰਗ ਦੀ ਹੁੰਦੀ ਹੈ। ਭਾਰਤ ਦੀ ਗਰਮੀਆਂ ਦੀ ਰੁੱਤ ਦੇ ਤਾਪਮਾਨ ਤੇ ਇਹ ਉੱਡ ਜਾਂਦਾ ਹੈ ਅਤੇ ਇਸ ਨੂੰ ਠੰਢੀ ਥਾਂ ਤੇ ਰੱਖਣਾ ਜ਼ਰੂਰੀ ਹੈ। ਚਰਬੀ, ਮਿੱਝ ਅਤੇ ਤੇਲਾਂ ਨੂੰ ਘੋਲਣ ਲਈ ਈਥਰ ਬਹੁਤ ਹੀ ਵਧੀਆ ਘੋਲਕ ਹੈ। ਇਨ੍ਹਾਂ ਗੁਣਾਂ ਕਰਕੇ ਹੀ ਈਥਰ ਦੀ ਵਰਤੋਂ ਰਸਾਇਣਿਕ ਪ੍ਰਯੋਗਸ਼ਾਲਾਵਾਂ ਵਿਚ ਘੋਲਕ ਦੇ ਤੌਰ ਤੇ ਬਹੁਤ ਹੁੰਦੀ ਹੈ। ਜੇਕਰ ਤੇਲ ਵਾਲੇ ਬੀਜਾਂ ਨੂੰ ਕੁੱਟ ਕੇ ਉਨ੍ਹਾਂ ਵਿਚ ਈਥਰ ਪਾਇਆ ਜਾਵੇ ਤਾਂ ਸਾਰਾ ਤੇਲ ਈਥਰ ਵਿਚ ਘੁਲ ਜਾਂਦਾ ਹੈ। ਇਸ ਗਰਮ ਕਰਨ ਤੇ ਈਥਰ ਪਹਿਲਾਂ ਉਡ ਕੇ ਨਿਕਲ ਆਉਂਦਾ ਹੈ ਅਤੇ ਤੇਲ ਪਿੱਛੇ ਰਹਿ ਜਾਂਦਾ ਹੈ। ਈਥਰ ਵਿਚ ਆਇਉਡੀਨ, ਗੰਧਕ, ਫ਼ਾੱਸਫ਼ੋਰਸ ਅਤੇ ਸਟਰੀਕਨਿਨ ਆਦਿ ਐੱਲਕੇਲਾਇਡ ਵੀ ਘੁਲ ਜਾਂਦੇ ਹਨ। ਈਥਰ ਦੀ ਵਰਤੋਂ ਜਮਾਵਕ ਮਿਸ਼ਰਣ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ। ਠੋਸ ਕਾਰਬਨ ਡਾਈਅੱਕਸਾਈਡ ਅਤੇ ਈਥਰ ਦੇ ਮਿਸ਼ਰਣ ਨਾਲ ਤਾਪਮਾਨ ਬਹੁਤ ਨੀਵਾਂ ਕੀਤਾ ਜਾ ਸਕਦਾ ਹੈ। ਜੇ ਮਨੁੱਖਾਂ ਜਾਂ ਪਸ਼ੂਆਂ ਨੂੰ ਈਥਰ ਦਿੱਤਾ ਜਾਵੇ ਤਾਂ ਸ਼ੁਰੂ ਵਿਚ ਤਾਂ ਥੋੜ੍ਹੀ ਜਿਹੀ ਚੁਸਤੀ ਆਉਂਦੀ ਹੈ ਪਰ ਥੋੜ੍ਹੀ ਦੇਰ ਵਿਚ ਹੌਲੀ ਹੌਲੀ ਚੇਤਨਾ ਅਲੋਪ ਹੋ ਜਾਂਦੀ ਹੈ। ਇਸ ਗੁਣ ਦੇ ਕਾਰਨ ਹੀ ਪਹਿਲਾਂ ਪਹਿਲ ਸਰਜਰੀ ਵਿਚ ਬੇਹੋਸ਼ੀ ਲਿਆਉਣ ਲਈ ਈਥਰ ਦੀ ਵਰਤੋਂ ਕੀਤੀ ਜਾਂਦੀ ਸੀ। ਮਗਰੋਂ ਪਤਾ ਲੱਗਾ ਕਿ ਇਸ ਕੰਮ ਲਈ ਕਲੋਰੋਫ਼ਾਰਮ ਵਧੇਰੇ ਲਾਭਦਾਇਕ ਹੈ। ਸੰਨ 1795 ਵਿਚ ਡਾ. ਪੀਅਰਸਨ (1751-1828) ਨੇ ਈਥਰ ਦੇ ਵਾਸ਼ਪਾਂ ਦੀ ਵਰਤੋਂ ਦਮੇ ਦੇ ਰੋਗ ਨੂੰ ਦੂਰ ਕਰਨ ਲਈ ਕੀਤੀ। ਈਥਰ ਨਾਲ ਬੇਹੋਸ਼ੀ ਲਿਆਂਦੀ ਜਾ ਸਕਦੀ ਹੈ, ਇਸ ਸਬੰਧ ਵਿਚ ਇਤਿਹਾਸਕ ਵਰਤੋਂ ਗਾਡਵਿਨ (1822), ਫ਼ੈਰਾਡੇ, ਮਿਚਲ (1832), ਜੈਕਸਨ (1833) ਅਤੇ ਵੁਡ ਬੇਚ (1834) ਨੇ ਕੀਤੀ ਹੈ। ਡਾ. ਮਾਰਟਨ ਨੇ 1846 ਈ. ਵਿਚ ਪਹਿਲੀ ਵਾਰ ਈਥਰ ਦੀ ਵਰਤੋਂ ਦੰਦ ਕੱਢਣ ਲਈ ਕੀਤੀ। ਇਸ ਤਜਰਬੇ ਦੀ ਕਾਮਯਾਬੀ ਦੀ ਖ਼ਬਰ ਲੰਡਨ ਵਿਚ17 ਦਸੰਬਰ, 1846 ਨੂੰ ਪਹੁੰਚੀ ਅਤੇ 22 ਦਸੰਬਰ ਨੂੰ ਡਾ. ਰਾਬਿਨਸਨ ਅਤੇ ਲਿਸਟਨ (1794-1847) ਨੇ ਸਰਜਰੀ ਲਈ ਈਥਰ ਦੀ ਵਰਤੋਂ ਨੂੰ ਦੁਹਰਾਇਆ। ਇਕ ਸਾਲ ਤਕ ਸਰਜਰੀ ਵਿਚ ਈਥਰ ਵਰਤੋਂ ਦੀ ਧੁੰਮ ਪਈ ਰਹੀ। ਇਸ ਤੋਂ ਮਗਰੋਂ ਹੀ ਐਡਿਨਬਰਾ ਦੇ ਸਰ ਜੇ. ਵਾਈ. ਸਿਪੰਸਨ ਨੇ ਕਲੋਰੋਫ਼ਾਰਮ ਵਿਚ ਈਥਰ ਨਾਲੋਂ ਵੀ ਚੰਗੇ ਬੇਹੋਸ਼ ਕਰਨ ਵਾਲੇ ਗੁਣਾਂ ਦਾ ਅਨੁਭਵ ਕੀਤਾ।
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਈਥਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਈਥਰ, ਪੁਲਿੰਗ : ਉਹ ਅਗੋਚਰ ਵਸਤੂ ਜਿਸ ਵਿਚ ਆਕਾਸ਼ ਅਤੇ ਪ੍ਰਿਥਵੀ ਦੇ ਵਿਚਕਾਰਲੇ ਸਾਰੇ ਪਦਾਰਥ ਵਿਆਪਤ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-03-53-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First