ਈਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈਦ [ਨਾਂਇ] ਇਸਲਾਮ ਦਾ ਇੱਕ ਪ੍ਰਸਿੱਧ ਤਿਉਹਾਰ; ਖ਼ੁਸ਼ੀ, ਪ੍ਰਸੰਨਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਈਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਈਦ (ਸੰ.। ਅ਼ਰਬੀ ੲ਼ੀਦ) ਖੁਸ਼ੀ ਦਾ ਦਿਨ। ਰੋਜ਼ਿਆਂ ਦੇ ਮਹੀਨੇ ਗੁਜ਼ਰਨ ਤੇ ਜੋ ਖੁਸ਼ੀ ਦਾ ਦਿਨ ਮੁਸਲਮਾਨ ਮਨਾਉਂਦੇ ਹਨ। ਯਥਾ-‘ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਈਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਈਦ : ਈਦ (ਬਹੁ ਵਚਨ ਐਯਾਦ) ਇਕ ਅਰਬੀ ਸ਼ਬਦ ਹੈ ਜਿਹੜਾ ਔਦ (ਮੁੜ ਆਉਣਾ) ਧਾਤੂ ਤੋਂ ਨਿਕਲਿਆ ਹੈ। ਹਰ ਵਰ੍ਹੇ ਮੁੜ ਆਉਣ ਕਾਰਣ ਇਸ ਨੂੰ ‘ਈਦ’ ਆਖਦੇ ਹਨ। ਇਸ ਦੇ ਅਰਥ ਹਨ– ਖੁਸ਼ੀ, ਉਤਸਵ ਜਾਂ ਤਿਉਹਾਰ ਆਦਿ। ਇਹ ਮੁਸਲਮਾਨਾਂ ਦੇ ਸਾਰੇ ਸੰਸਾਰ ਵਿਚ ਮਨਾਏ ਜਾਣ ਵਾਲੇ ਦੋ ਪ੍ਰਸਿੱਧ ਤਿਉਹਾਰ ਆਦਿ। ਇਹ ਮੁਸਲਮਾਨਾਂ ਦੇ ਸਾਰੇ ਸੰਸਾਰ ਵਿਚ ਮਨਾਏ ਜਾਣ ਵਾਲੇ ਦੋ ਪ੍ਰਸਿੱਧ ਤਿਉਹਾਰ ਹਨ।

          (1) ਈਦ–ਉਲ–ਫ਼ਿਤਰ–ਇਹ ਤਿਉਹਾਰ ਰਮਜ਼ਾਨ (ਨੌਵਾਂ ਇਸਲਾਮੀ ਮਹੀਨਾ) ਦੇ ਰੋਜ਼ੇ ਸਮਾਪਤ ਹੋਣ ਤੇ ਸਵਾਲ (ਦਸਵਾਂ ਇਸਲਾਮੀ ਮਹੀਨਾ) ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਈਦੁਸਗ਼ੀਰ ਦੀ ਆਖਦੇ ਹਨ। (2) ਈਦ–ਉਲ–ਅਜ਼ਰਾ–ਇਸ ਨੂੰ ਈਦ–ਉਲ–ਕਬੀਰ, ਕੁਰਬਾਨੀ ਦੀ ਈਦ ਜਾਂ ਬਕਰੀਦ ਵੀ ਆਖਦੇ ਹਨ। ਇਹ ਤਿਉਹਾਰ ਜ਼ਿਅਲ ਹਜਾਹ (ਬਾਰ੍ਹਵਾਂ ਇਸਲਾਮੀ ਮਹੀਨਾ) ਦੀ ਦਸਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਈਦ ਹਜ਼ਰਤ ਇਬਰਾਹੀਮ ਦੁਆਰਾ ਰੱਬੀ ਰਾਹ ਤੇ ਆਪਣੇ ਪੁੱਤਰ ਇਸਮਾਈਲ ਦੀ ਦਿੱਤੀ ਗਈ ਬਲੀ ਦੀ ਯਾਦ ਵਿਚ ਮਨਾਈ ਜਾਂਦੀ ਹੈ। ਇਸ ਵਿਚ ਪਸ਼ੂ  (ਭੇਡ, ਬੱਕਰਾ ਤੇ ਗਾਂ ਆਦਿ) ਦੀ ਕੁਰਬਾਨੀ ਕਰਨੀ ਜ਼ਰੂਰੀ ਹੈ। ਕੁਰਬਾਨ ਕੀਤੇ ਜਾਂ ਬਲੀ ਚੜ੍ਹਾਏ ਗਏ ਪਸ਼ੂ ਦੇ ਮਾਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਭਾਗ ਆਪਣੇ ਸੱਕੇ ਸੰਬੰਧੀਆਂ ਨੂੰ ਅਤੇ ਦੂਜਾ ਗ਼ਰੀਬ ਗ਼ੁਰਬੇ ਵਿਚ ਵੰਡਿਆ ਜਾਂਦਾ ਹੈ। ਤੀਜਾਹ ਭਾਗ ਆਪਣੇ ਵਰਤਣ ਲਈ ਰੱਖਿਆ ਜਾਂਦਾ ਹੈ।

          ਪਹਿਲੀ ਈਦ ਰਮਜ਼ਾਨ ਦੇ ਮਹੀਨੇ ਦੀ ਸੰਜਮ ਭਰਪੂਰ ਰੋਜ਼ੋਦਾਰੀ ਤੋਂ ਬਾਅਦ ਚੰਗਾ ਖਾਣ ਪਹਿਨਣ ਤੇ ਸ਼ਰੀਰਿਕ ਖੁਸ਼ੀਆਂ ਮਨਾਉਣ ਦਾ ਤਿਉਹਾਰ ਹੈ ਅਤੇ ਦੂਜੀ ਨਮਾਜ਼ ਪੜ੍ਹਨ ਦੇ ਦਾਨ ਖ਼ੈਰਾਤ ਆਦਿ ਦੇ ਕੇ ਆਤਮਿਕ ਪ੍ਰਸੰਨਤਾ ਪ੍ਰਾਪਤ ਕਰਨ ਦਾ ਉਤਸਵ ਹੈ। ਇਨ੍ਹਾਂ ਦੋਹਾਂ ਈਦਾਂ ਨੂੰ ਈਦੈਨ (ਈਦ ਦਾ ਦਵੈ ਵਚਨ) ਵੀ ਆਖਦੇ ਹਨ। ਇਹ ਦੋਵੇਂ ਤਿਉਹਾਰ ਮਨਾਉਣ ਦਾ ਆਰੰਭ ਹਿਜਰੀ ਸੰਨ ਦੇ ਦੂਜੇ ਵਰ੍ਹੇ (623 ਈਸਵੀ) ਵਿਚ ਹੋਇਆ ਸੀ।

[ਸਹਾ.ਗ੍ਰੰਥ–F.A. Klein : The Religion of Islam; ਕਾਜ਼ੀ ਜੈਨ–ਉਲ–ਆਬਿਦੀਨ ਸੱਜਾਦ ਮੇਰਠੀ : ‘ਕਾਮੂਸ–ਉਲ–ਕੁਰਾਨ’ (ਉਰਦੂ); ਮ. ਕੋ]     


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਈਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਦ: ਮੁਸਲਮਾਨੀ ਵਿਸ਼ਵਾਸ ਅਨੁਸਾਰ ਰੱਬ ਨੇ ਆਪਣੇ ਬੰਦਿਆਂ ਨੂੰ ਵਧੇਰੇ ਖੁਸ਼ੀਆਂ ਮਨਾਉਣ ਲਈ ਇਕ ਸਾਲ ਵਿਚੋਂ ਦੋ ਦਿਨ ਬਖ਼ਸ਼ੇ ਹਨ ਜਿਨ੍ਹਾਂ ਵਿਚੋਂ ਇਕ ਤਾਂ ‘ਈਦ-ਉਲ-ਫਿ਼ਤਰ’ ਹੈ ਅਤੇ ਦੂਜੇ ਨੂੰ ‘ਈਦ-ਉਲ-ਜ਼ਹਾ’ ਕਹਿੰਦੇ ਹਨ। ‘ਈਦ-ਉਲ-ਫ਼ਿਤਰ’ ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਪੂਰੇ ਹੋਣ ਤੇ ਸ਼ੱਵਾਲ ਦੀ ਪਹਿਲੀ ਤਾਰੀਖ਼ ਨੂੰ ਮਨਾਈ ਜਾਂਦੀ ਹੈ। ਇਸ ਈਦ ਵਿਚ ਮੁਸਲਮਾਨ ਸਵੇਰ ਨੂੰ ਨਹਾ ਧੋ ਕੇ, ਵਧੀਆ, ਸਾਫ਼ ਅਤੇ ਭੜਕੀਲੇ ਕੱਪੜੇ ਪਾਉਂਦੇ ਹਨ। ਸੂਰਜ ਚੜ੍ਹਣ ਤੇ ਸ਼ਹਿਰੋਂ ਬਾਹਰ ਈਦਗਾਹ ਵਿਚ ਜਾ ਕੇ ਸ਼ੁਕਰਾਨੇ ਦਾ ਸਿਜਦਾ ਅਦਾ ਕਰਦੇ ਹਨ, ਅਰਥਾਤ ਦੋ-ਵਕਤੀ ਨਮਾਜ਼ ਪੜ੍ਹਦੇ ਹਨ। ਇਸ ਈਦ ਵਾਲੇ ਦਿਨ ਘਰ ਘਰ ਵਧੀਆ ਖਾਣੇ ਤਿਆਰ ਕੀਤੇ ਜਾਂਦੇ ਹਨ। ਆਮ ਤੌਰ ਤੇ ‘ਸ਼ੀਰ’ ਦਾ ਰਿਵਾਜ ਹੈ। ‘ਸ਼ੀਰ’ ਸ਼ਬਦ ਦਾ ਅਰਥ ਉਂਜ ਤਾਂ ਦੁੱਧ ਹੈ ਪਰ ਇਹ ‘ਸ਼ੀਰ’ ਦੁੱਧ ਵਿਚ ਬਾਰੀਕ ਸੇਵੀਆਂ ਅਤੇ ਸਮਰੱਥਾ ਅਨੁਸਾਰ ਵੱਖ -ਵੱਖ ਕਿਸਮ ਦੇ ਮੇਵੇ ਆਦਿ ਪਾ ਕੇ ਬਣਾਇਆ ਜਾਂਦਾ ਹੈ। ਈਦ ਦੀ ਨਮਾਜ਼ ਪਿੱਛੋਂ ਨਮਾਜ਼ੀ ਇਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹਨ ਅਤੇ ਮੁਬਾਰਕਬਾਦ ਦਿੰਦੇ ਹਨ। ਈਦ ਤੋਂ ਪਹਿਲਾਂ ਦੋ ਦਿਨਾਂ ਦਾ ਫ਼ਿਤਰਾ (ਖ਼ਰਾਕ) ਗ਼ਰੀਬਾਂ ਅਤੇ ਮੁਥਾਜਾਂ ਨੂੰ ਵੰਡਿਆਂ ਜਾਂਦਾ ਹੈ ਜਿਸ ਦੀ ਇਕ ਖ਼ਾਸ ਮਿਕਦਾਰ ਸ਼ਰ੍ਹਾ ਅਨੁਸਾਰ ਮੁਕੱਰਰ ਕੀਤੀ ਹੋਈ ਹੈ। ਇਹ ਫ਼ਿਤਰਾ ਹਰ ਬਾਲਗ਼ ਜਾਂ ਨਾਬਾਲਗ਼ ਲਈ ਦੇਣਾ ਜ਼ਰੂਰੀ ਹੈ। ਕੁਝ ਘਰਾਂ ਵਿੱਚ ‘ਸ਼ੀਰ’ ਤੋਂ ਛੁੱਟ ਵੰਨ ਸੁਵੰਨੇ ਹਲਵੇ ਵੀ ਬਣਾਏ ਜਾਂਦੇ ਹਨ ਅਤੇ ਸਾਰੀ ਬਰਾਦਰੀ ਵਿਚ ਤੋਹਫਿਆਂ ਦਾ ਦਿਨ ਭਰ ਲੈਣ ਦੇਣ ਹੁੰਦਾ ਰਹਿੰਦਾ ਹੈ। ਦੂਜੀ ਈਦ-ਉਲਾ-ਜ਼ੁਹਾ ਹੈ। ਇਹ ਈਦ ਪਹਿਲੀ ਈਦ ਤੋਂ ਦੋ ਮਹੀਨੇ ਨੌਂ ਦਿਨ ਪਿੱਛੋਂ ਹਿਜਰੀ ਮਹੀਨੇ ਜ਼ਿਲੱਹਜ ਦੀ ਦਸਵੀਂ ਤਾਰੀਖ਼ ਨੂੰ ਮਨਾਈ ਜਾਂਦੀ ਹੈ। ਇਸ ਈਦ ਵਿਚ ਰੱਬ ਦੀ ਮਿਹਰ ਪ੍ਰਾਪਤ ਕਰਨ ਲਈ ਜਿਉਂਦੇ ਜਾਨਵਰ ਦੀ ਕੁਰਬਾਨੀ ਦਿੱਤੀ ਜਾ ਸਕਦੀ ਹੈ। ਹਜ਼ਰਤ ਇਬਰਾਹੀਮ ਨੇ ਖ਼ੁਦਾ ਦੇ ਹੁਕਮ ਦੀ ਪਾਲਣਾ ਵਿਚ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਪੇਸ਼ ਕੀਤੀ ਸੀ। ਇਸੇ ਕੁਰਬਾਨੀ ਦੀ ਯਾਦ ਵਿਚ ਖ਼ੁਦਾ ਨੇ ਹਰ ਮੁਸਲਮਾਨ ਉੱਤੇ ਇਸ ਰੋਜ਼ ਕੁਰਬਾਨੀ ਦੇਣ ਦਾ ਫ਼ਰਜ਼ ਬਣਾ ਦਿੱਤਾ ਹੈ। ਇਸ ਈਦ ਉਤੇ ਇਸ ਫ਼ਰਜ਼ ਨੂੰ ਹਰ ਮੁਸਲਮਾਨ ਆਪਣੀ ਸਮੱਰਥਾ ਅਨੁਸਾਰ ਹੀ ਨਿਭਾਉਂਦਾ ਹੈ। ਨਮਾਜ਼ ਵਾਂਗ ਇਸਤਰੀਆਂ ਵੱਲੋਂ ਇਹ ਫ਼ਰਜ਼ ਨਿਭਾਉਣ ਦੀ ਵੀ ਮਨਾਹੀ ਹੈ। ਇਸ ਈਦ ਤੇ ਵੀ ਅੱਠ ਨੌਂ ਵਜੇ ਸ਼ਹਿਰ ਤੋਂ ਬਾਹਰ ਈਦਗਾਹ ਵਿਚ ਇਬਾਦਤ ਕੀਤੀ ਜਾਂਦੀ ਹੈ । ਈਦ-ਉਲ-ਫਿ਼ਤਰ ਤੇ ਮੁਸਲਮਾਨ ਮਿੱਠੀ ਚੀਜ਼ ਖਾ ਕੇ ਨਮਾਜ਼ ਅਦਾ ਕਰਨ ਜਾਂਦੇ ਹਨ ਅਤੇ ਈਦ-ਉਲ-ਜ਼ੁਹਾ ਵਿਚ ਨਮਾਜ਼ ਤੋਂ ਪਹਿਲਾਂ ਕੁਝ ਖਾਣ ਦੀ ਮਨਾਹੀ ਹੈ। ਈਦ–ਉਲ–ਜ਼ੁਹਾ ਦੀ ਨਮਾਜ਼ ਤੋਂ ਪਹਿਲਾਂ ਹਜਾਮਤ ਕਰਾਉਣ ਅਤੇ ਨਹੁੰ ਕਟਵਾਉਣ ਦੀ ਵੀ ਮਨਾਹੀ ਹੈ। ਈਦ-ਉਲ-ਫ਼ਿਤਰ ਵਿਚ ਜਿਵੇਂ ਮਠਿਆਈ ਅਤੇ ‘ਸ਼ੀਰ’ ਵੰਡਿਆ ਜਾਂਦਾ ਹੈ, ਉਸੇ ਤਰ੍ਹਾਂ ਈਦ-ਉਲ-ਜ਼ੁਹਾ ਤੇ ਕੁਰਬਾਨੀ ਦਾ ਗੋਸ਼ਤ ਵੰਡਿਆ ਜਾਂਦਾ ਹੈ। ਇਸ ਗੋਸ਼ਤ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ। ਇਕ ਹਿੱਸਾ ਖ਼ੁਦਾ ਦੇ ਨਾਂ ਤੇ ਫ਼ਕੀਰਾਂ ਨੂੰ ਦੇਣਾ ਜ਼ਰੂਰੀ ਹੁੰਦਾ ਹੈ। ਦੂਜਾ ਹਿੱਸਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿਚ ਵੰਡਿਆ ਜਾਂਦਾ ਹੈ ਅਤੇ ਤੀਜਾ ਹਿੱਸਾ ਆਪ ਵਰਤ ਲਿਆ ਜਾਂਦਾ ਹੈ ਪਰ ਆਪਣਾ ਹਿੱਸਾ ਵੀ ਵੰਡ ਦੇਣ ਦੀ ਕੋਈ ਮਨਾਹੀ ਨਹੀਂ। ਇਸ ਈਦ ਉੱਤੇ ਹਰ ਤਰਾਂ ਦੇ ਮਾਲ ਦਾ ਢਾਈ ਫ਼ੀ ਸਦੀ ਜ਼ੁਕਤਾ ਵਜੋਂ ਕੱਢ ਕੇ ਖ਼ੁਦਾ ਦੇ ਰਾਹ ਦੇਣਾ ਜ਼ਰੂਰੀ ਹੈ। ਇਨ੍ਹਾਂ ਦੋ ਸ਼ਰੀਅਤੀ ਹੁਕਮਾਂ ਨੂੰ ਸੁੰਨੀ ਮੁਸਲਮਾਨ ਮੰਨਦੇ ਹਨ। ਸ਼ੀਆ ਮੁਸਲਮਾਨਾਂ ਦੀ ਈਦ ਉਨ੍ਹਾਂ ਦੇ ਵਿਸ਼ਵਾਸ ਅਤੇ ਧਰਮ ਵਾਂਗ ਸੁੰਨੀਆਂ ਤੋਂ ਬਿਲਕੁਲ ਵੱਖ ਹੈ। ਭਾਵੇਂ ਸ਼ੀਆ ਮੁਸਲਮਾਨ ਇਨ੍ਹਾਂ ਦੋਹਾਂ ਈਦਾਂ ਵਿਚ ਵੀ ਸ਼ਾਮਲ ਹੁੰਦੇ ਹਨ ਅਤੇ ਕੁਝ ਖੁੱਲ੍ਹ-ਦਿਲੇ ਸ਼ੀਆ ਨਮਾਜ਼ ਵੀ ਪੜ੍ਹਦੇ ਹਨ ਪਰ ਇਨ੍ਹਾਂ ਦੀਆਂ ਤਿੰਨੇ ਈਦਾਂ ਬਿਲਕੁਲ ਵੱਖ ਹਨ। ਇਨ੍ਹਾਂ ਵਿਚੋਂ ਪਹਿਲੀ ਈਦ-ਇ-ਗ਼ਦੀਰ, ਦੂਜੀ ਈਦ-ਇ-ਨੌਰੋਜ਼ ਅਤੇ ਤੀਜੀ ਈਦ-ਇ-ਬਾਬਾ-ਸ਼ੁਜਾਹ ਹੈ। ਈਦ-ਇ ਗ਼ਦੀਰ ਹੱਜ ਦੀ ਵਾਪਸੀ ਤੇ ਹਜ਼ਰਤ ਅਲੀ ਨੂੰ ਖ਼ਲੀਫਾ ਬਣਾਉਣ ਦੀ ਖੁਸ਼ੀ ਵਿਚ ਮਨਾਈ ਜਾਂਦੀ ਹੈ। ਈਦ-ਇ ਨੌਰੋਜ਼ ਮਨਾਉਣ ਦਾ ਖ਼ਾਸ ਕਾਰਨ ਸ਼ੀਆ ਲੋਕ ਇਹ ਦਸਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਅਰਥਾਤ ਮੌਸਮ ਬਹਾਰ ਦੀਆਂ ਮੁੱਢਲੀਆਂ ਤਾਰੀਖਾਂ ਵਿਚ ਹਜ਼ਰਤ ਅਲੀ ਨੇ ਖ਼ਿਲਾਫਤ ਦੇ ਤਖ਼ਤ ਉੱਤੇ ਬੈਠ ਕੇ ਦਰਬਾਰ ਲਾਇਆ ਸੀ । ਇਸ ਈਦ ਵਿਚ ਸਾਰੇ ਸ਼ੀਆ ਮੁਸਲਮਾਨ ਇਕ ਥਾਂ ਇਕੱਠੇ ਹੋ ਕੇ ਆਪਣੇ ਤਰੀਕੇ ਅਨੁਸਾਰ ਨਮਾਜ਼ ਅਦਾ ਕਰਦੇ ਹਨ, ਸਾਫ ਸੁਥਰੇ ਕੱਪੜੇ ਪਹਿਨਦੇ ਹਨ ਅਤੇ ਬਹੁਤ ਖੁਸ਼ੀਆਂ ਮਨਾਉਂਦੇ ਹਨ। ਈਦ-ਇ-ਬਾਬਾ ਸ਼ੁਜਾਹ ਹਜ਼ਰਤ ਉਮਰ ਦੀ ਸ਼ਹਾਦਤ ਦੀ ਖੁਸ਼ੀ ਵਿਚ ਮਨਾਈ ਜਾਂਦੀ ਹੈ ਕਿਉਂਕਿ ਹਜ਼ਰਤ ਉਮਰ ਇਕ ਕਾਫ਼ਰ ਦੇ ਹੱਥੋਂ ਸ਼ਹੀਦ ਹੋਏ ਸਨ, ਇਸ ਲਈ ਸ਼ੀਆ ਮੁਸਲਮਾਨਾਂ ਨੇ ਇਸ ਈਦ ਦਾ ਨਾਂ ਵੀ ਈਦ-ਇ-ਬਾਬਾ ਸ਼ੁਜਾਹ ਰਖਿਆ ਹੈ। ਇਸ ਈਦ ਤੇ ਨਮਾਜ਼ ਅਦਾ ਨਹੀਂ ਕੀਤੀ ਜਾਂਦੀ, ਕੇਵਲ ਮਠਿਆਈਆਂ ਹੀ ਵੰਡੀਆਂ ਜਾਂਦੀਆ ਹਨ, ਰੌਸ਼ਨੀ ਕੀਤੀ ਜਾਂਦੀ ਹੈ ਅਤੇ ਆਪਸ ਵਿਚ ਮੁਬਾਰਕਾਂ ਲਈਆਂ ਦਿਤੀਆਂ ਜਾਂਦੀਆਂ ਹਨ। ਮੁਸਲਮਾਨਾਂ ਦੇ ਇਕ ਹੋਰ ਫ਼ਿਰਕੇ ਵਿਚ ਇਕ ਹੋਰ ਈਦ ਹਜ਼ਰਤ ਮੁਹੰਮਦ ਦੇ ਜਨਮ ਦਿਨ ਦੀ ਖੁਸ਼ੀ ਵਿਚ ਮਨਾਈ ਜਾਂਦੀ ਹੈ। ਇਸ ਦਾ ਨਾਂ ਈਦ-ਇ-ਮੀਲਾਦੁੱਨਬੀ ਹੈ। ਰਜਬ ਦੇ ਮਹੀਨੇ ਦੀ ਬਾਰਾਂ ਤਾਰੀਖ਼ ਨੂੰ ਬੜੀ ਧੂਮ ਨਾਲ ਜਲੂਸ ਕੱਢੇ ਜਾਂਦੇ ਹਨ, ਲੰਗਰ ਚਲਾਏ ਜਾਂਦੇ ਹਨ ਤੇ ਵੰਨ-ਸੁਵੰਨੇ ਖਾਣੇ ਤਿਆਰ ਕਰ ਕੇ ਗ਼ਰੀਬ ਗ਼ੁਰਬੇ ਨੂੰ ਵੰਡੇ ਜਾਂਦੇ ਹਨ। ਮੀਲਾਦ ਦਾ ਸਿਲਸਿਲਾ ਸਾਰਾ ਮਹੀਨਾ ਰਹਿੰਦਾ ਹੈ ਪਰ ਜਲੂਸ ਅਤੇ ਖ਼ੈਰਾਤ ਦੀ ਰਸਮ ਸਿਰਫ਼ ਇਕ ਦਿਨ ਹੀ ਅਦਾ ਕੀਤੀ ਜਾਂਦੀ ਹੈ। ਸ਼ਰ੍ਹਾ ਦੇ ਆਲਮ ਇਸ ਰਸਮ ਨੂੰ ਸ਼ਰ੍ਹਾ ਦੇ ਉਲਟ ਸਮਝਦੇ ਹਨ। ਇਸ ਲਈ ਉਹ ਇਨ੍ਹਾਂ ਜਲੂਸਾਂ ਵਿਚ ਸ਼ਾਮਲ ਨਹੀਂ ਹੁੰਦੇ। ਭਾਰਤ ਵਿਚ ਇਹ ਈਦ ਆਮ ਮਨਾਈ ਜਾਂਦੀ ਹੈ। ਇਸ ਮਹੀਨੇ ਦੀ ਨੌਵੀਂ ਤਾਰੀਖ਼ ਨੂੰ ਹੱਜ ਕੀਤਾ ਜਾਂਦਾ ਹੈ। ਅਰਬ ਵਿਚ ਊਠਾਂ ਅਤੇ ਦੁੰਬਿਆਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਪਹਿਲੀ ਤਾਰੀਖ਼ ਤੋਂ ਰੋਜ਼ੇ ਵੀ ਰੱਖੇ ਜਾਂਦੇ ਹਨ।

 

 


ਲੇਖਕ : ਮਕਬੂਲਰਹਿਮਾਨ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਈਦ  : ਮੁਸਲਮਾਨੀ ਵਿਸ਼ਵਾਸ ਅਨੁਸਾਰ ਰੱਬ ਨੇ ਆਪਣੇ ਬੰਦਿਆਂ ਨੂੰ ਖ਼ੁਸ਼ੀਆਂ ਮਨਾਉਣ ਲਈ ਇਕ ਸਾਲ ਵਿਚ ਦੋ ਦਿਨ ਬਖ਼ਸ਼ੇ ਹਨ ਜਿਨ੍ਹਾਂ ਵਿਚ ਇਕ ਤਾਂ 'ਈਦੁਲਫ਼ਿਤਰ' ਹੈ ਅਤੇ ਦੂਜੇ ਨੂੰ 'ਈਦੁਲਜ਼ੁਹਾ' ਕਹਿੰਦੇ ਹਨ।

        'ਈਦੁਲਫ਼ਿਤਰ' ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਪੂਰੇ ਹੋਣ ਤੇ ਸ਼ੱਵਾਲ ਦੀ ਪਹਿਲੀ ਤਾਰੀਖ਼ ਨੂੰ ਮਨਾਈ ਜਾਂਦੀ ਹੈ। ਇਸ ਈਦ ਦੇ ਦਿਨ ਮੁਸਲਮਾਨ ਸਵੇਰੇ ਨਹਾ ਧੋ ਕੇ ਵਧੀਆ ਤੇ ਸਾਫ਼ ਕੱਪੜੇ ਪਾਉਂਦੇ ਹਨ। ਸੂਰਜ ਚੜ੍ਹਨ ਤੇ ਸ਼ਹਿਰੋਂ ਬਾਹਰ ਈਦਗਾਹ ਵਿਚ ਜਾ ਕੇ ਸ਼ੁਕਰਾਨੇ ਦਾ ਸਿਜਦਾ ਅਦਾ ਕਰਦੇ ਹਨ। ਈਦ ਦੀ ਨਮਾਜ਼ ਪਿੱਛੋਂ ਨਮਾਜ਼ੀ ਇਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹਨ ਅਤੇ ਮੁਬਾਰਕਬਾਦ ਦਿੰਦੇ ਹਨ। ਘਰਾਂ ਵਿਚ ਵਖ ਵਖ ਤਰ੍ਹਾਂ ਦੇ ਖਾਣੇ ਪਕਾਏ ਜਾਂਦੇ ਹਨ ਅਤੇ ਸਾਰੀ ਬਰਾਦਰੀ ਵਿਚ ਤੁਹਫ਼ਿਆਂ ਦਾ ਲੈਣ ਦੇਣ ਹੁੰਦਾ ਹੈ। ਗਰੀਬਾਂ ਨੂੰ ਦਾਨ ਕੀਤਾ ਜਾਂਦਾ ਹੈ। ਮਠਿਆਈ ਤੇ ਸ਼ੀਰਨੀ ਵੰਡੀ ਜਾਂਦੀ ਹੈ।

        ਦੂਜੀ ਈਦ, 'ਈਦੁਲਜ਼ੁਹਾ' ਹੈ। ਇਹ ਈਦ ਪਹਿਲੀ ਈਦ ਤੋਂ ਦੋ ਮਹੀਨੇ ਨੌਂ ਦਿਨ ਪਿੱਛੋਂ ਹਿਜਰੀ ਮਹੀਨੇ ਜ਼ਿਲਹੱਜ ਦੀ ਦਸਵੀ ਤਾਰੀਖ਼ ਨੂੰ ਮਨਾਈ ਜਾਂਦੀ ਹੈ। ਇਸ ਈਦ ਵਿਚ ਰੱਬ ਦੀ ਮਿਹਰ ਪ੍ਰਾਪਤ ਕਰਨ ਲਈ ਕਿਸੇ ਵੀ ਜਿਉਂਦੇ ਜਾਨਵਰ ਦੀ ਕੁਰਬਾਨੀ ਦਿੱਤੀ ਜਾ ਸਕਦੀ ਹੈ। ਹਜ਼ਰਤ ਇਬਰਾਹੀਮ ਨੇ ਖ਼ੁਦਾ ਦੇ ਹੁਕਮ ਦੀ ਪਾਲਣਾ ਵਿਚ ਆਪਣੇ ਪਿਆਰੇ ਪੁੱਤਰ ਦੀ ਕੁਰਾਬਾਨੀ ਪੇਸ਼ ਕੀਤੀ ਸੀ। ਇਸੇ ਕੁਰਬਾਨੀ ਦੀ ਯਾਦ ਵਿਚ ਖ਼ੁਦਾ ਨੇ ਹਰ ਮੁਸਲਮਾਨ ਉਤੇ ਇਸ ਰੋਜ਼ ਕੁਰਬਾਨੀ ਦੇਣ ਦਾ ਫ਼ਰਜ਼ ਬਣਾ ਦਿੱਤਾ ਹੈ। ਨਮਾਜ਼ ਵਾਂਗ ਇਸਤਰੀਆਂ ਵੱਲੋਂ ਇਹ ਫ਼ਰਜ਼ ਨਿਭਾਉਣ ਦੀ ਵੀ ਮਨਾਹੀ ਹੈ। ਇਸ ਈਦ ਤੇ ਵੀ ਸੂਰਜ ਚੜ੍ਹਨ ਤੇ ਸ਼ਹਿਰੋਂ ਬਾਹਰ ਈਦਗਾਹ ਵਿਚ ਇਬਾਦਤ ਕੀਤੀ ਜਾਂਦੀ ਹੈ। ਈਦੁਲਫ਼ਿਤਰ ਤੇ ਮੁਸਲਮਾਨ ਕੋਈ ਮਿੱਠੀ ਚੀਜ਼ ਖਾ ਕੇ ਨਮਾਜ਼ ਅਦਾ ਕਰਨ ਜਾਂਦੇ ਹਨ ਅਤੇ ਈਦੁਲਜ਼ੁਹਾ ਵਿਚ ਨਮਾਜ਼ ਤੋਂ ਪਹਿਲਾਂ ਕੁਝ ਖਾਣ ਦੀ ਮਨਾਹੀ ਹੈ।

        ਈਦੁਲਫ਼ਿਤਰ ਵਿਚ ਜਿਵੇਂ ਮਠਿਆਈ ਅਤੇ ਸ਼ੀਰਨੀ ਵੰਡੀ ਜਾਂਦੀ ਹੈ, ਉਸੇ ਤਰ੍ਹਾਂ ਇਸ ਈਦ ਤੇ ਕੁਰਬਾਨੀ ਦਾ ਗੋਸ਼ਤ ਵੰਡਿਆ ਜਾਂਦਾ ਹੇ। ਇਸ ਗੋਸ਼ਤ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ। ਇਕ ਹਿੱਸਾ ਖ਼ੁਦਾ ਦੇ ਨਾਂ ਤੇ ਫ਼ਕੀਰਾਂ ਨੂੰ ਦੇਣਾ ਜ਼ਰੂਰੀ ਹੁੰਦਾ ਹੈ, ਦੂਜਾ ਹਿੱਸਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿਚ ਵੰਡਿਆ ਜਾਂਦਾ ਹੈ ਅਤੇ ਤੀਜਾ ਹਿੱਸਾ ਆਪ ਵਰਤ ਲਿਆ ਜਾਂਦਾ ਹੈ। ਇਸ ਈਦ ਉੱਤੇ ਹਰ ਤਰ੍ਹਾਂ ਦੇ ਮਾਲ ਦਾ ਢਾਈ ਫ਼ੀ ਸਦੀ ਜ਼ਕਾਤ ਵੱਜੋਂ ਕੱਢ ਕੇ ਖ਼ੁਦਾ ਦੇ ਰਾਹ ਦੇਣਾ ਜ਼ਰੂਰੀ ਹੈ। ਇਨ੍ਹਾਂ ਦੋ ਸ਼ਰੀਅਤੀ ਹੁਕਮਾਂ ਨੂੰ ਸੁੰਨੀ ਮੁਸਲਮਾਨ ਮੰਨਦੇ ਹਨ।

        ਸ਼ੀਆ ਮੁਸਲਮਾਨਾਂ ਦੀ ਈਦ ਉਨ੍ਹਾਂ ਦੇ ਵਿਸ਼ਵਾਸ਼ ਅਤੇ ਧਰਮ ਵਾਂਗ ਸੁੰਨੀਆਂ ਤੋਂ ਬਿਲਕੁਲ ਵਖ ਹੈ। ਖੁੱਲ੍ਹ ਦਿਲੇ ਸ਼ੀਆ ਉਪਰੋਕਤ ਦੋਵੇਂ ਈਦਾਂ ਵਿਚ ਸ਼ਾਮਲ ਹੋ ਜਾਂਦੇ ਹਨ ਪਰ ਸ਼ੀਆ ਦੀਆਂ ਤਿੰਨੇ ਈਦਾਂ ਬਿਲਕੁਲ ਵਖ ਹਨ।

        ਪਹਿਲੀ ਈਦ-ਗਦੀਰ ਹੱਜ ਦੀ ਵਾਪਸੀ ਤੇ ਹਜ਼ਰਤ ਅਲੀ ਨੂੰ ਖਲੀਫ਼ਾ ਬਨਾਉਣ ਦੀ ਖ਼ੁਸ਼ੀ ਵਿਚ ਮਨਾਈ ਜਾਂਦੀ ਹੈ।

        ਦੂਜੀ ਈਦ-ਨੌਰੇਜ਼ ਮਨਾਉਣ ਦਾ ਖ਼ਾਸ ਕਾਰਨ ਇਹ ਹੈ ਕਿ ਇਨ੍ਹਾਂ ਦਿਨਾਂ ਵਿਚ ਅਰਥਾਤ ਮੌਸਮ ਬਹਾਰ ਦੀਆਂ ਮੁੱਢਲੀਆਂ ਤਾਰੀਖਾਂ ਵਿਚ ਹਜ਼ਰਤ ਅਲੀ ਖ਼ਿਲਾਫ਼ਤ ਨੇ ਤਖ਼ਤ ਉੱਤੇ ਬੈਠ ਕੇ ਦਰਬਾਰ ਲਾਇਆ।

        ਤੀਜੀ ਈਦ-'ਬਾਬਾ ਸੁਜ਼ਾਹ' ਹਜ਼ਰਤ ਉਮਰ ਦੀ ਸ਼ਹਾਦਤ ਦੀ ਯਾਦ ਵਿਚ ਮਨਾਈ ਜਾਂਦੀ ਹੈ।

        ਮੁਸਲਮਾਨਾਂ ਦਾ ਇਕ ਫ਼ਿਰਕਾ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਵਿਚ 'ਈਦ-ਮੀਲਾ-ਦੁਲ ਨਬੀ' ਮਨਾਉਂਦਾ ਹੈ। ਰਮਜ਼ਾਨ ਦੇ ਮਹੀਨੇ ਦੀ ਬਾਰਾਂ ਤਾਰੀਖ ਨੂੰ ਜਲੂਸ ਕੱਢੇ ਜਾਂਦੇ ਹਨ, ਵਖ ਵਖ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਜਾਂਦੇ ਹਨ ਅਤੇ ਗ਼ਰੀਬਾਂ ਨੂੰ ਦਾਨ ਦਿੱਤਾ ਜਾਂਦਾ ਹੈ। ਇਸ ਮਹੀਨੇ ਦੀ ਨੌਵੀਂ ਤਾਰੀਖ਼ ਨੂੰ ਹੱਜ ਕੀਤਾ ਜਾਂਦਾ ਹੈ। ਅਰਬ ਵਿਚ ਊਠਾਂ ਅਤੇ ਦੁੰਬਿਆਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਪਹਿਲੀ ਤਾਰੀਖ਼ ਤੋਂ ਰੋਜ਼ੇ ਵੀ ਰੱਖੇ ਜਾਂਦੇ ਹਨ।

        ਈਦ ਦਾ ਜ਼ਿਕਰ ਪੰਜਾਬੀ ਗੀਤਾਂ, ਅਖਾਣਾਂ ਤੇ ਮੁਹਾਵਰਿਆਂ ਵਿਚ ਆਮ ਮਿਲਦਾ ਹੈ ਜਿਵੇਂ-ਈਂਦ ਦਾ ਚੰਨ ਹੋਣਾ, ਈਦ ਪਿੱਛੋਂ ਤੰਬਾ ਫੁਕਣੈ ਆਦਿ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-04-11-04, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ; ਮ. ਕੋ; ਪੰ. ਲੋ. ਵਿ. ਕੋ.

ਈਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਈਦ, (ਅਰਬੀ) / ਇਸਤਰੀ ਲਿੰਗ : ੧. ਕੋਈ ਤਿਉਹਾਰ, ਪੁਰਬ, ਖੁਸ਼ੀ, ਐਸ਼: ੨. ਮੁਸਲਮਾਨਾਂ ਦਾ ਇਕ ਤਿਉਹਾਰ ਜੋ ਰੋਜ਼ਿਆਂ ਪਿਛੋਂ ਆਉਂਦਾ ਹੈ

–ਈਦਗਾਹ, ਇਸਤਰੀ ਲਿੰਗ : ਉਹ ਅਸਥਾਨ ਜਿਥੇ ਮੁਸਲਮਾਨ ਈਦ ਦੀ ਨਿਮਾਜ਼ ਪੜ੍ਹਨ ਲਈ ਇਕੱਠੇ ਹੁੰਦੇ ਹਨ।

–ਈਦ ਦਾ ਚੰਦ ਹੋਣਾ, ਈਦ ਦਾ ਚੰਨ ਹੋਣਾ, ਮੁਹਾਵਰਾ : ਕਦੇ ਕਦਾਈਂ ਦਿਸਣਾ, ਬਹੁਤ ਚਿਰ ਪਿਛੋਂ ਆਉਣਾ ਜਾਂ ਮਿਲਣਾ

–ਈਦ ਪਿਛੋਂ ਟਰੂ, ਅਖੌਤ : ਇਕ ਖੁਸ਼ੀ ਦੇ ਬਾਦ ਦੂਜੀ ਖੁਸ਼ੀ, ਧਾਰਮਕ ਪੁਰਬ ਮਗਰੋਂ ਮੌਜ ਮੇਲੇ ਦਾ ਦਿਨ

–ਈਦ ਪਿਛੋਂ ਤੰਬਾ ਫੂਕਣਾ, ਅਖੌਤ : ਮੌਕਾ ਖੁੰਝਾ ਕੇ ਚੀਜ਼ ਮਿਲਣ ਨੂੰ ਨਿੰਦਿਆ ਹੈ।

–ਬਕਰਈਦ, ਇਸਤਰੀ ਲਿੰਗ : ਉਹ ਈਦ ਜਿਹੜੀ ਹੱਜ ਦੇ ਦਿਨ ਮਨਾਈ ਜਾਂਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-03-55-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.