ਈਮਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਨ ਸੰਗ੍ਯਾ—ਮੰਨ ਲੈਣਾ. ਯਕ਼ੀਨ ਕਰਨਾ. ਸ਼੍ਰੱਧਾ. ਵਿਸ਼੍ਵਾਸ. “ਹੋਇ ਕਿਰਸਾਣ ਈਮਾਨ ਜੰਮਾਇਲੈ.” (ਸ੍ਰੀ ਮ: ੧) ੨ ਧਰਮ. “ਸਚਿ ਰਹੈ ਈਮਾਣੁ.” (ਮ: ੧ ਬੰਨੋ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਈਮਾਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਈਮਾਨ : ਈਮਾਨ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮੂਲ ਅ-ਮ-ਨ ਹੈ। ਇਸ ਮੂਲ ਤੋਂ ਨਿਕਲਣ ਵਾਲੇ ਦੂਜੇ ਸ਼ਬਦ ‘ਅਮਨ’ ਅਤੇ ‘ਅਮਾਨਤਾ’ ਆਦਿ ਵੀ ਹਨ। ਕੋਸ਼ ਅਨੁਸਾਰ ਈਮਾਨ ਦਾ ਅਰਥ ਹੁੰਦਾ ਹੈ ਸੁਰੱਖਿਅਤ ਕਰ ਦੇਣ, ਕਿਸੇ (ਵਿਅਕਤੀ ਜਾਂ ਚੀਜ਼) ਉੱਤੇ ਭਰੋਸਾ ਰੱਖਣਾ, ਨਿਸ਼ਚਿੰਤ ਹੋਣਾ, ਤਸਦੀਕ ਕਰਨਾ, ਮੰਨ ਲੈਣਾ ਆਦਿ। ਇਸਲਾਮੀ ਸ਼ਰੀਅਤ ਦੀ ਸ਼ਬਦਾਵਲੀ ਵਿੱਚ ਅੱਲਾ ਵੱਲੋਂ ਉਤਾਰੀ ਗਈ ਵਹੀ (ਇਲਾਹੀ ਬਾਣੀ) ਨੂੰ ਮੰਨ ਲੈਣਾ ਈਮਾਨ ਹੈ। ਈਮਾਨ ਕਿਸੇ ਵਿਅਕਤੀ ਵੱਲੋਂ ਦਿਲੋਂ ਹੱਕ (ਸਤਿ) ਦਾ ਇਕਰਾਰ ਅਤੇ (ਮੂੰਹੋਂ) ਬੋਲ ਕੇ ਇਸ ਇਕਰਾਰ ਦੇ ਪ੍ਰਗਟਾਵੇ ਦਾ ਨਾਂ ਵੀ ਹੈ। ਈਮਾਨ ਦਾ ਅਰਥ ਅਧੀਨਗੀ ਤੇ ਆਜਜ਼ੀ ਦਾ ਪ੍ਰਗਟਾਵਾ ਭਾਵ ਸ਼ਰੀਅਤ ਅਤੇ ਸੁੰਨਤ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਉਸ ਤੇ ਆਪਣਾ ਵਿਸ਼ਵਾਸ ਧਰਨਾ ਅਤੇ ਦਿਲੋਂ ਉਸ ਦੀ ਤਸਦੀਕ ਕਰਨਾ ਵੀ ਮੰਨਿਆ ਗਿਆ ਹੈ। ਇਮਾਮ ਗਜ਼ਾਲੀ ਅਨੁਸਾਰ ਈਮਾਨ ਅਤੇ ਇਸਲਾਮ ਪਰਿਆਇਵਾਚੀ ਹਨ ਈਮਾਨ ਦਾ ਵਿਪਰੀਤ ਕੁਫ਼ਰ (ਰੱਦ ਕਰਨਾ, ਇਨਕਾਰ ਕਰਨਾ) ਹੈ। ਇਸੇ ਲਈ ਮੰਨਣ ਵਾਲੇ ਨੂੰ ਮੋਮਿਨ ਅਤੇ ਇਨਕਾਰ ਕਰਨ ਵਾਲੇ ਨੂੰ ਕਾਫ਼ਿਰ ਆਖਿਆ ਜਾਂਦਾ ਹੈ।

ਈਮਾਨ ਕਿਹੜੇ ਵਿਸ਼ਵਾਸਾਂ ਦਾ ਸੰਗ੍ਰਹਿ ਹੈ ਜਾਂ ਈਮਾਨ ਲਈ ਕੀ ਕੁਝ ਮੰਨਣਾ ਜ਼ਰੂਰੀ ਹੈ, ਇਸ ਬਾਰੇ ਜਾਣਕਾਰੀ ਵੱਖੋ-ਵੱਖ ਕੁਰਾਨੀ ਆਇਤਾਂ ਵਿੱਚ ਮੌਜੂਦ ਹੈ ਜਿਵੇਂ ਕਿ “ਹੇ ਲੋਕੋ ਜਿਹੜੇ ਈਮਾਨ ਲਿਆਏ ਹੋ, ਈਮਾਨ ਲਿਆਉ ਅੱਲਾ ਤੇ, ਉਸ ਦੇ ਰਸੂਲ ਤੇ, ਉਸ ਕਿਤਾਬ ਤੇ ਜਿਹੜੀ ਰਸੂਲ ਉੱਤੇ ਨਾਜ਼ਲ ਕੀਤੀ ਗਈ ਹੈ ਅਤੇ ਹਰ ਉਸ ਕਿਤਾਬ ਤੇ ਜਿਹੜੀ ਅੱਲਾ ਵੱਲੋਂ ਇਸ ਤੋਂ ਪਹਿਲਾਂ ਨਾਜ਼ਲ ਕੀਤੀ ਜਾ ਚੁੱਕੀ ਹੈ।”

ਅੱਲਾ ਤੇ ਈਮਾਨ ਦਾ ਭਾਵ ਹੈ ਅੱਲਾ ਨੂੰ ਆਪਣਾ ਇੱਕੋ-ਇੱਕ ਰੱਬ ਮੰਨਣਾ। ਰੱਬ ਨੂੰ ਮੰਨਣ ਲੱਗਿਆਂ ਉਸ ਨੂੰ ਰੱਬੀ ਸਿਫ਼ਤਾਂ ਜਿਹਾ ਕਿ ਸਰਬ-ਸ਼ਕਤੀਮਾਨ, ਸਰਬ-ਗਿਆਤਾ, ਸਰਬ-ਵਿਆਪਕ, ਸਰਬ-ਸਮਰਥ, ਸਿਰਜਨਹਾਰ, ਪਾਲਣਹਾਰ, ਨਿਆਇ, ਸਦੀਵੀ, ਲਾਫ਼ਾਨੀ, ਬਖ਼ਸ਼ਣਹਾਰ ਆਦਿ ਸਿਫ਼ਤਾਂ ਦਾ ਮਾਲਕ ਮੰਨਣਾ ਤਾਂ ਹੁੰਦਾ ਹੀ ਹੈ ਪਰ ਇਸ ਤੋਂ ਵੀ ਪਹਿਲਾਂ ਉਸ ਨੂੰ ਵਾਹਿਦ (ਆਪਣੇ ਜਿਹਾ ਇੱਕੋ-ਇੱਕ ਹੈ) ਤੇ ਆਹਦ (ਇਕੱਲਾ) ਮੰਨਣਾ ਜ਼ਰੂਰੀ ਹੈ।

ਇਸ ਤੋਂ ਭਾਵ ਇਹ ਹੈ ਕਿ ਪੂਰੀ ਸ੍ਰਿਸ਼ਟੀ ਵਿੱਚ ਅੱਲਾ ਆਪਣੇ-ਆਪ ਵਿੱਚ ਇੱਕੋ-ਇੱਕ ਮਿਸਾਲ ਹੈ। ਉਸ ਉੱਤੇ ਕੋਈ ਉਪਮਾ ਨਹੀਂ ਢੁਕਦੀ। ਕੋਈ ਹੋਰ ਉਸ ਜਿਹਾ ਨਾ ਹੈ ਨਾ ਹੋ ਸਕਦਾ ਹੈ ਅਤੇ ਨਾ ਉਹ ਆਪ ਕਿਸੇ ਹੋਰ ਜਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਕੋਈ ਵੀ ਉਸ ਦੀ ਖ਼ੁਦਾਈ ਵਿੱਚ ਸ਼ਰੀਕ (ਭਾਈਵਾਲ) ਨਹੀਂ। ਕਿਸੇ ਵੀ ਹਸਤੀ ਨੂੰ ਭਾਵੇਂ ਉਹ ਦ੍ਰਿਸ਼ਟਮਾਨ ਹੋਵੇ ਜਿਵੇਂ ਕਿ ਪੈਗ਼ੰਬਰ, ਪੀਰ, ਗੁਰੂ ਭਾਵੇਂ ਅਲੌਕਿਕ ਜਾਂ ਕਾਲਪਨਿਕ ਜਿਵੇਂ ਫ਼ਰਿਸ਼ਤੇ/ਦੇਵੀ-ਦੇਵਤੇ, ਪ੍ਰੇਤ ਆਦਿ, ਕਿਸੇ ਵੀ ਦਰਜੇ ਵਿੱਚ ਉਸ ਦੀਆਂ ਸ਼ਕਤੀਆਂ ਜਾਂ ਉਸ ਦੀ ਖ਼ੁਦਾਈ ਵਿੱਚ ਭਾਈਵਾਲ ਸਮਝਣਾ ਅੱਲਾ ਤੇ ਈਮਾਨ ਦੇ ਸਿਧਾਂਤ ਦੀ ਨਿਖੇਧੀ ਹੈ। ਸ਼ਰੀਕ ਸਮਝਣ ਵਿੱਚ, ਕਿਸੇ ਦੀ ਪੂਜਾ ਕਰਨਾ, ਕੁਝ ਮੰਗਣਾ, ਜਾਂ ਉਸ ਨੂੰ ਕਿਸੇ ਲਾਭ ਜਾਂ ਹਾਨੀ ਦਾ ਸਮਰਥ ਸਮਝਣਾ ਜਾਂ ਫਿਰ ਇਹ ਮੰਨਣਾ ਕਿ ਅੱਲਾ ਨੇ ਉਸ ਦਾ ਅਵਤਾਰ ਧਾਰਿਆ ਹੈ, ਸ਼ਾਮਲ ਹੈ ਅਤੇ ਅੱਲਾ ਤੇ ਈਮਾਨ ਦੇ ਵਿਰੁੱਧ ਹੈ, ਇਹੀ “ਸ਼ਿਰਕ” ਹੈ। ਅੱਲਾ ਤਾਅਲਾ ਆਪਣੇ ਬੰਦਿਆਂ ਤੇ ਦਿਆਲੂ ਹੈ ਅਤੇ ਬਖ਼ਸ਼ਣਹਾਰ ਹੈ ਆਪਣੇ ਦਇਆ ਭਾਵ ਸਦਕੇ ਉਹ ਸਾਰੇ ਗੁਨਾਹਾਂ ਦੀ ਸਜ਼ਾ ਮਾਫ਼ ਕਰ ਸਕਦਾ ਹੈ ਛੁਟ ‘ਸ਼ਿਰਕਾ’ ਤੋਂ। ਅਰਥਾਤ ਅੱਲਾ ਦੀ ਨਿਗਾਹ ਵਿੱਚ ਸ਼ਿਰਕ ਇੱਕ ਅਜਿਹਾ ਦੋਸ਼ ਹੈ ਜਿਹੜਾ ਕਿਵੇਂ ਵੀ ਮਾਫ਼ ਕੀਤੇ ਜਾਣ ਦੇ ਕਾਬਲ ਨਹੀਂ।

ਅੱਲਾਹ ਤੇ ਈਮਾਨ ਦਾ ਇੱਕ ਭਾਗ ਉਸ ਦੇ ਫਰਿਸ਼ਤਿਆਂ ਉੱਤੇ ਈਮਾਨ ਲਿਆਉਣਾ ਹੈ। ਇਸ ਦਾ ਮਤਲਬ ਇਹ ਮੰਨਣਾ ਹੈ ਕਿ ਫ਼ਰਿਸ਼ਤੇ ਵੀ ਮਨੁੱਖਾਂ ਵਾਂਗ ਅੱਲਾ ਦੀ ਸਿਰਜਣਾ ਹਨ। ਉਹ ਉਸ ਦੀ ਤਾਬੇਦਾਰ ਮਖ਼ਲੂਕ ਹਨ ਜਿਹੜਾ ਕੰਮ ਅੱਲਾ ਵੱਲੋਂ ਉਹਨਾਂ ਨੂੰ ਸੌਂਪਿਆ ਜਾਂਦਾ ਹੈ ਉਹ ਬਿਨਾਂ ਕਿੰਤੂ ਤੇ ਉਸ ਨੂੰ ਇੰਨ-ਬਿੰਨ ਪੂਰਾ ਕਰਦੇ ਹਨ ਅਤੇ ਅੱਲਾ ਵੱਲੋਂ ਬਖ਼ਸ਼ੀ ਸ਼ਕਤੀ ਨਾਲ, ਉਸ ਦੇ ਹੁਕਮਾਂ ਅਨੁਸਾਰ ਇਸ ਸ੍ਰਿਸ਼ਟੀ ਦੇ ਪ੍ਰਬੰਧ ਵਿੱਚ ਸਹਾਇਤਾ ਕਰਦੇ ਹਨ। ਅੱਲਾ ਦੀਆਂ ਹੋਰ ਮਖ਼ਲੂਕਾਂ ਲਈ ਖਾਣ-ਪੀਣ ਦਾ ਪ੍ਰਬੰਧ ਕਰਨਾ (ਇਸ ਲਈ ਵਰਖਾ ਕਰਾਉਣਾ ਜਾਂ ਧੁੱਪ ਕੱਢਣਾ ਜਾਂ ਹਵਾਵਾਂ ਚਲਾਉਣਾ ਆਦਿ ਸਭ ਸ਼ਾਮਲ ਹਨ), ਮਨੁੱਖਾਂ ਵੱਲੋਂ ਕੀਤੇ ਕੰਮਾਂ (ਚੰਗੇ ਜਾਂ ਮੰਦੇ) ਦਾ ਲੇਖਾ/ਰਿਕਾਰਡ ਰੱਖਣ, ਸਮਾਂ ਪੂਰਾ ਹੋਣ ਤੇ ਕਿਸੇ ਦੇ ਪ੍ਰਾਣ ਉਸ ਦੇ ਸਰੀਰ ਵਿੱਚੋਂ ਕੱਢ ਲੈਣਾ, ਜਾਂ ਇਸੇ ਤਰ੍ਹਾਂ ਦੇ ਹੋਰ ਕੰਮ ਫ਼ਰਿਸ਼ਤਿਆਂ ਦੇ ਹੀ ਹਨ। ਫ਼ਰਿਸ਼ਤਿਆਂ ਦੇ ਪੂਰੇ ਕੰਮਾਂ ਅਤੇ ਉਹਨਾਂ ਦੀ ਗਿਣਤੀ ਦਾ ਗਿਆਨ ਅੱਲਾ ਤੋਂ ਛੁੱਟ ਹੋਰ ਕਿਸੇ ਨੂੰ ਨਹੀਂ ਹੈ।

ਅੱਲਾ ਤਾਅਲਾ ਵੱਲੋਂ ਆਪਣੇ ਬੰਦਿਆਂ ਦੀ ਹਿਦਾਇਤ ਲਈ ਰਸੂਲਾਂ ਤੇ ਕਿਤਾਬਾਂ ਨਾਜ਼ਲ ਕੀਤੀਆਂ ਜਾਂਦੀਆਂ ਰਹੀਆਂ। ਇਹਨਾਂ ਕਿਤਾਬਾਂ ਨੂੰ ਸੱਚ ਅਤੇ ਅੱਲਾ ਵੱਲੋਂ ਉਤਰੀਆਂ ਮੰਨਣਾ ਵੀ ਈਮਾਨ ਦਾ ਭਾਗ ਹੈ। ਇਹਨਾਂ ਕਿਤਾਬਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਜਿਵੇਂ ਕਿ ਕਿਹੜੀਆਂ-ਕਿਹੜੀਆਂ ਕਿਤਾਬਾਂ ਕਦੋਂ, ਕਿੱਥੇ ਤੇ ਕਿਹੜੇ-ਕਿਹੜੇ ਪੈਗ਼ੰਬਰਾਂ ਤੇ ਨਾਜ਼ਲ ਹੋਈਆਂ ਛੁੱਟ ਅੱਲਾ ਤੋਂ ਕਿਸੇ ਹੋਰ ਨੂੰ ਨਹੀਂ ਹੈ ਅਤੇ ਨਾ ਹੀ ਇਸ ਜਾਣਕਾਰੀ ਦੇ ਆਭਾਵ ਨਾਲ ਈਮਾਨ ਵਿੱਚ ਕੋਈ ਕਮੀ ਆਉਂਦੀ ਹੈ। ਕੁਰਾਨ ਸਮੇਤ ਇਹਨਾਂ ਕਿਤਾਬਾਂ ਦਾ ਸੋਮਾ ‘ਅਲ-ਕਿਤਾਬ’ ਹੈ ਅਤੇ ਇਹਨਾਂ ਸਭ ਨੂੰ ਲਿਆਉਣ ਵਾਲੇ ਜ਼ਿਬਰਾਈ ਹਨ (ਕੁਰਾਨ 43.3)। ਕਿਤਾਬਾਂ ਉੱਤੇ ਈਮਾਨ ਲਿਆਉਣ ਲੱਗਿਆਂ ਇੱਕ ਮੁਸਲਮਾਨ ਇਹ ਮੰਨਦਾ ਹੈ ਕਿ ਕੁਰਾਨ ਦੇ ਨਾਜ਼ਲ ਹੋਣ ਸਮੇਂ ਉਸ ਤੋਂ ਪਹਿਲੀਆਂ ਕਿਤਾਬਾਂ ਵਿੱਚੋਂ ਕੋਈ ਵੀ ਆਪਣੀ ਮੂਲ ਸ਼ਕਲ ਵਿੱਚ ਮੌਜੂਦ ਨਹੀਂ ਸੀ ਸਗੋਂ ਲੋਕਾਂ ਵੱਲੋਂ ਆਪਣੀ ਮਰਜ਼ੀ ਤੇ ਸਹੂਲਤ ਨੂੰ ਮੁੱਖ ਰੱਖਦਿਆਂ ਇਹਨਾਂ ਵਿੱਚ ਘਟਾਅ-ਵਧਾਅ ਕਰ ਦਿੱਤਾ ਗਿਆ ਸੀ। ਇਹੀ ਤੱਥ ਕੁਰਾਨ ਦੇ ਨਾਜ਼ਲ ਹੋਣ ਦਾ ਕਾਰਨ ਬਣਿਆ।

ਰਸੂਲਾਂ ਤੇ ਈਮਾਨ ਲਿਆਉਣ ਦਾ ਭਾਵ ਹੈ ਇਸ ਤੱਥ ਨੂੰ ਸ੍ਵੀਕਾਰਨਾ ਕਿ ਅੱਲਾ ਤਾਅਲਾ ਵੱਲੋਂ ਮਨੁੱਖਤਾ ਦੀ ਅਗਵਾਈ ਅਤੇ ਉਸ ਨੂੰ ਕੁਰਾਹੇ ਜਾਣ ਤੋਂ ਰੋਕਣ ਲਈ ਜਦੋਂ ਵੀ ਤੇ ਜਿੱਥੇ ਵੀ ਲੋੜ ਹੋਈ ਆਪਣੇ ਰਸੂਲਾਂ ਜਾਂ ਪੈਗ਼ੰਬਰਾਂ ਨੂੰ ਭੇਜਿਆ ਗਿਆ। ‘ਰਸੂਲ’ ਜਿਸ ਦਾ ਅਰਥ ਹੁੰਦਾ ਹੈ ‘ਸੁਨੇਹਾ ਲਿਜਾਣ ਵਾਲਾ’ ਭਾਵ ਫ਼ਰਿਸ਼ਤਾ ਵੀ ਹੋ ਸਕਦਾ ਸੀ, ਪਰ ਰਸੂਲ ਸਦਾ ਹੀ ਮਨੁੱਖਾਂ ਵਿੱਚੋਂ ਹੀ ਬਣਾਏ ਗਏ। ਮਨੁੱਖਤਾ ਦੇ ਲੰਮੇ ਇਤਿਹਾਸ ਵਿੱਚ ਕਿੰਨੇ ਰਸੂਲ ਸੰਸਾਰ ਵਿੱਚ ਆਏ ਉਹਨਾਂ ਦੀ ਗਿਣਤੀ ਕਿਸੇ ਨੂੰ ਵੀ ਗਿਆਤ ਨਹੀਂ, ਨਾ ਹੀ ਕੁਰਾਨ ਵਿੱਚ ਇਸ ਦਾ ਵਰਣਨ ਹੈ ਪਰ ਇੱਕ ਕਥਨ ਅਨੁਸਾਰ ਹਜ਼ਰਤ ਮੁਹੰਮਦ ਵੱਲੋਂ ਇਹ ਗਿਣਤੀ 1,24000 ਦੱਸੀ ਗਈ ਹੈ। ਇਸਲਾਮ ਅਨੁਸਾਰ ਇਹ ਲੜੀ ਆਦਮ ਤੋਂ ਅਰੰਭ ਹੋ ਕੇ ਹਜ਼ਰਤ ਮੁਹੰਮਦ ਉੱਪਰ ਸੰਪੰਨ ਹੁੰਦੀ ਹੈ।

ਈਮਾਨ ਦਾ ਇੱਕ ਹੋਰ, ਅਤੇ ਬਹੁਤ ਮਹੱਤਵਪੂਰਨ ਪੱਖ ‘ਆਖ਼ਰਤ ਤੇ ਈਮਾਨ’ ਦਾ ਹੈ। ਆਖ਼ਰਤ ਦਾ ਮਤਲਬ ਹੋਇਆ ਅਗਲਾ, ਦੂਜਾ, ਅੰਤਲਾ (ਸੰਸਾਰ ਜਾਂ ਜੀਵਨਕਾਲ)। ਅਰਥਾਤ ਇਹ ਜੀਵਨ ਅਸਲ ਜਾਂ ਕਤਈ ਜੀਵਨ ਨਹੀਂ ਹੈ, ਇਸ ਪਿੱਛੋਂ ਇੱਕ ਹੋਰ (ਅਸਲੀ) ਜੀਵਨ ਦਾ ਆਉਣਾ ਨਿਸ਼ਚਿਤ ਤੇ ਅਟੱਲ ਹੈ। ਜਿਹੜਾ ਆਖ਼ਰੀ ਵੀ ਹੋਵੇਗਾ, ਉਸ ਪਿੱਛੋਂ ਕੋਈ ਮੌਤ ਨਹੀਂ ਹੋਵੇਗੀ। ਮੌਤ ਦੀ ਅਣਹੋਂਦ ਇਸ ਨੂੰ ਅੰਤਿਮ ਹੀ ਨਹੀਂ ਬਣਾਉਂਦੀ ਸਗੋਂ ਇਸ ਦੀ ਸਦੀਵਤਾ ਤੇ ਵਾਸਤਵਿਕਤਾ ਦੀ ਸਾਖੀ ਵੀ ਭਰਦੀ ਹੈ। ਆਖ਼ਰਤ ਤੇ ਈਮਾਨ ਦਾ ਮੂਲ ਅੱਲਾ ਤੇ ਈਮਾਨ ਵਿੱਚ ਹੀ ਹੈ। ਅੱਲਾ ਦੇ ਨਿੱਜੀ ਵਸਫ਼ਾਂ ਵਿਸ਼ੇਸ਼ਣਾਂ ਵਿੱਚੋਂ ਇੱਕ ਅਹਿਮ ਵਿਸ਼ੇਸ਼ਣ ਉਸ ਦਾ ਨਿਆਈ ਹੋਣਾ ਹੈ। ਨਿਆਂ ਦਾ ਨਿਯਮ ਇਸ ਦਾ ਤਕਾਜ਼ਾ ਕਰਦਾ ਹੈ ਕਿ ਹਰੇਕ ਪ੍ਰਾਣੀ ਨੂੰ ਉਸ ਦੇ ਚੰਗੇ ਮੰਦੇ ਦੋਹਾਂ ਪ੍ਰਕਾਰ ਦੇ ਕਰਮਾਂ ਦਾ ਸਿੱਟਾ ਮਿਲੇ। ਇਸ ਜੀਵਨ ਜਾਂ ਇਸ ਸੰਸਾਰ ਵਿੱਚ ਕਰਮਾਂ ਦੇ ਫਲ ਨੂੰ ਭੋਗਣ ਲਈ ਇੱਕ ਹੋਰ ਜੀਵਨ ਦਾ ਹੋਣਾ ਲਾਜ਼ਮੀ ਹੈ। ਆਖ਼ਰਤ ਵਿੱਚ ਹਰੇਕ ਮਨੁੱਖ ਦੇ ਭਾਗਾਂ ਦਾ ਫ਼ੈਸਲਾ ਕਰਨ ਲਈ ਇੱਕ ਦਿਨ ਨਿਯਤ ਕਰ ਦਿੱਤਾ ਗਿਆ ਹੈ ਜਿਸ ਨੂੰ ਕਿਆਮਤ ਜਾਂ ਫ਼ੈਸਲੇ ਦਾ ਦਿਨ (ਯੌਮਿੱਦੀਨ 1:3) ਆਖਿਆ ਗਿਆ ਹੈ ਜਿਸ ਦਾ ਆਉਣਾ ਅਟੱਲ ਹੈ, ਭਾਵੇਂ ਕਿ ਉਸ ਦੇ ਠੀਕ ਸਮੇਂ ਬਾਰੇ ਅੱਲਾ ਤੋਂ ਛੁੱਟ ਕਿਸੇ ਹੋਰ ਨੂੰ ਗਿਆਤ ਨਹੀਂ।

ਕੁਝ ਵਿਦਵਾਨਾਂ ਅਨੁਸਾਰ ਅੱਲਾ ਵੱਲੋਂ ਹਰੇਕ ਬੰਦੇ ਨੂੰ ਸੰਸਾਰ ਵਿੱਚ ਘੱਲਣ ਲੱਗਿਆਂ ਉਸ ਦੀ ਚੰਗੀ/ਮੰਦੀ ਤਕਦੀਰ ਦੀ ਬਖ਼ਸ਼ਿਸ਼ ਨੂੰ ਮੰਨਣਾ ਵੀ ਈਮਾਨ ਵਿੱਚ ਸ਼ਾਮਲ ਹੈ। ਉਹ ਆਪਣੀ ਦਲੀਲ ਦਾ ਆਧਾਰ ਮੁਸਲਿਮ ਵੱਲੋਂ ਦਰਜ਼ ਕੀਤੀ ਉਸ ਹਦੀਸ ਨੂੰ ਬਣਾਉਂਦੇ ਹਨ ਜਿਸ ਦਾ ਹਵਾਲਾ ਇਸ ਇੰਦਰਾਜ ਦੇ ਦੂਜੇ ਪੈਰੇ ਵਿੱਚ ਦਿੱਤਾ ਗਿਆ ਹੈ। ਇਸ ਤੋਂ ਭਾਵ ਇਹ ਹੈ ਕਿ ਮਨੁੱਖ ਇਹ ਮੰਨ ਲਵੇ ਕਿ ਉਸ ਨਾਲ ਚੰਗਾ ਜਾਂ ਮੰਦਾ ਜੋ ਕੁਝ ਵੀ ਵਾਪਰਦਾ ਹੈ ਉਹ ਉਸ ਦੇ ਰੱਬ ਦੇ ਹੁਕਮ ਨਾਲ ਹੀ ਵਾਪਰਦਾ ਹੈ।

ਇਸਲਾਮੀ ਧਰਮ ਸਿਧਾਂਤ ਵਿੱਚ ਈਮਾਨ ਦਾ ਬਹੁਤ ਮਹੱਤਵ ਹੈ। ਈਮਾਨ ਕਿਸੇ ਵੀ ਮੁਸਲਮਾਨ ਦੇ ਧਾਰਮਿਕ ਜੀਵਨ ਦਾ ਮੂਲਭੂਤ ਆਧਾਰ ਹੈ। ਇਸਲਾਮ ਵਿੱਚ ਕਿਸੇ ਵੀ ਕੰਮ ਤੋਂ ਪਹਿਲਾਂ ਉਸ ਬਾਰੇ ਨੀਯਤ ਅਤੇ ਵਿਸ਼ਵਾਸ (ਈਮਾਨ) ਨੂੰ ਠੀਕ ਕਰਨਾ ਜ਼ਰੂਰੀ ਹੈ। ਕਿਸੇ ਮਨੁੱਖ ਦਾ ਕੋਈ ਕੰਮ ਕਿੰਨਾ ਵੀ ਚੰਗਾ ਤੇ ਮਹਾਨ ਕਿਉਂ ਨਾ ਹੋਵੇ ਜੇ ਉਸ ਪਿੱਛੇ ਕੰਮ ਕਰ ਰਹੀ ਧਾਰਨਾ ਠੀਕ ਨਹੀਂ (ਜਿਸ ਨੂੰ ਦੂਜੇ ਸ਼ਬਦਾਂ ਵਿੱਚ ਈਮਾਨ ਕਹਿ ਸਕਦੇ ਹਾਂ) ਅਰਥਾਤ ਇਹ ਧਾਰਨਾ ਨਹੀਂ ਕਿ ਉਹ ਇਹ ਕੰਮ ਕੇਵਲ ਆਪਣੇ ਰੱਬ ਅੱਲਾ ਦੀ ਰਜ਼ਾ ਲਈ  ਅਤੇ ਉਸ ਦੇ ਹੁਕਮ ਅਨੁਸਾਰ (ਜਿਹੜਾ ਉਸ ਨੂੰ ਕੁਰਾਨ ਜਾਂ ਹਜ਼ਰਤ ਮੁਹੰਮਦ ਰਾਹੀਂ ਪੁੱਜਾ ਹੈ) ਕਰ ਰਿਹਾ ਹੈ ਕਿਸੇ ਹੋਰ ਦੀ ਖ਼ੁਸ਼ੀ ਜਾਂ ਡਰ ਕਾਰਨ ਜਾਂ ਵਿਖਾਵੇ ਲਈ ਨਹੀਂ ਕਰ ਰਿਹਾ, ਤਾਂ ਉਸ ਅਮਲ ਦਾ ਕੋਈ ਅਰਥ ਨਹੀਂ।


ਲੇਖਕ : ਤਾਰਿਕ ਕਿਫ਼ਾਇਤਉੱਲਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-12-03-06-58, ਹਵਾਲੇ/ਟਿੱਪਣੀਆਂ:

ਈਮਾਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਈਮਾਨ, ਅਰਬੀ / ਪੁਲਿੰਗ : ਨਿਹਚਾ, ਵਿਸ਼ਵਾਸ, ਸ਼ਰਧਾ, ਧਰਮ, ਮੱਤ, ਯਕੀਨ, ਭਰੋਸਾ, ਦਿਲ ਦੀ ਸਫ਼ਾਈ, ਸਚਿਆਈ

–ਈਮਾਨ ਹਾਰਨਾ, (ਹਾਰ ਦੇਣਾ) : ਈਮਾਨ ਗੁਆਉਣਾ, ਝੂਠੀ ਸੁਗੰਧ ਚੁੱਕਣਾ, ਦੇਣ ਵਾਲੀ ਰਕਮ ਦੱਬ ਬਹਿਣਾ, ਕਿਸੇ ਤੋਂ ਲਈ ਹੋਈ ਰਕਮ ਨਾ ਦੇਣਾ, ਧਰੋਹ ਕਰਨਾ, ਪਾਪ ਕਮਾਉਣਾ, ਧੋਖਾ ਦੇਣਾ, ਧਰਮ ਹਾਰਨਾ

–ਈਮਾਨਦਾਰ, ਵਿਸ਼ੇਸ਼ਣ : ਧਰਮ ਉੱਤੇ ਨਿਹਚਾ ਰੱਖਣ ਵਾਲਾ, ਧਰਮੀ, ਖਰਾ, ਸੱਚਾ

–ਈਮਾਨਦਾਰੀ, ਇਸਤਰੀ ਲਿੰਗ : ਧਰਮ, ਨਿਹਚਾ ਰੱਖਣ ਦਾ ਭਾਵ, ਖਰਾਪਣ, ਸਚਿਆਈ, ਦਿਆਨਤਦਾਰੀ

–ਈਮਾਨ ਨਾਲ, ਕਿਰਿਆ ਵਿਸ਼ੇਸ਼ਣ : ਸੱਚੀਂ, ਧਰਮ ਨਾਲ, ਸੱਚੇ ਦਿਲ ਨਾਲ, ਈਮਾਨ ਮੇਰਾ ਸਾਖੀ ਹੈ

–ਈਮਾਨ ਰਹਿਣਾ, ਮੁਹਾਵਰਾ : ਬਚਨ ਤੇ ਕਾਇਮ ਰਹਿਣਾ, ਸ਼ਿਸ਼ਟਾਚਾਰ ਜਾਂ ਸਚਿਆਈ ਬਰਕਰਾਰ ਰਹਿਣਾ, ਨਿਹਚੇ ਵਿਚ ਫਰਕ ਨਾ ਆਉਣਾ, ਸਿਦਕ ਨਿਭਣਾ

–ਈਮਾਨ ਲਿਆਉਣਾ, ਈਮਾਨ ਲੈ ਆਉਣਾ, ਮੁਹਾਵਰਾ : ਕਿਸੇ ਧਰਮ ਜਾਂ ਮਹਾ ਪੁਰਖ ਤੇ ਸ਼ਰਧਾ ਬਣਾ ਲੈਣਾ, ਕਿਸੇ ਨੂੰ ਗੁਰੂ ਜਾਂ ਦੇਵਤਾ ਮੰਨ ਲੈਣਾ

–ਈਮਾਨ ਵੇਚਣਾ, ਮੁਹਾਵਰਾ : ਝੂਠ ਬੋਲਕੇ ਜਾਂ ਧੋਖਾ ਦੇ ਕੇ ਈਮਾਨ ਗੁਆਉਣਾ, ਧਰਮ ਹਾਰਨਾ, ਸੱਚਾ ਸਾਬਤ ਨਾ ਹੋਣਾ, ਕਿਸੇ ਲਾਲਚ ਪਿੱਛੇ ਬਚਨ ਤੇ ਕਾਇਮ ਨਾ ਰਹਿਣਾ, ਰਿਸ਼ਵਤ ਲੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-03-55-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.