ਉਤਪਾਦਿਕਤਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Productivity (ਪਰੌਡਅਕਟਿਵਟਿ) ਉਤਪਾਦਿਕਤਾ: ਇਕ ਅਜਿਹੀ ਕੁਸ਼ਲਤਾ (efficiency) ਜਿਸ ਨਾਲ ਉਤਪਾਦਨ ਦੇ ਸਾਧਨ (factors of production) ਪ੍ਰਯੋਗ ਕੀਤੇ ਗਏ ਹਨ। ਉਤਪਾਦਨ ਦੀ ਉਹ ਮਾਤਰਾ ਜੋ ਕਿਸੇ ਉਤਪਾਦਨ ਕਾਰਕ ਦੀ ਨਿਸ਼ਚਿਤ ਮਾਤਰਾ ਅਤੇ/ਜਾਂ ਹੋਰ ਕਾਰਕਾਂ ਦੀਆਂ ਨਿਸ਼ਚਿਤ ਮਾਤਰਾਵਾਂ ਦੇ ਸਹਿਯੋਗ ਨਾਲ, ਇਕ ਨਿਸ਼ਚਿਤ ਸਮੇਂ ਵਿੱਚ ਪੈਦਾਵਾਰ ਦਾ ਹੋਣਾ ਹੈ। ਉਤਪਾਦਿਕਤਾ ਨੂੰ ਅਕਸਰ ਕਿਰਤੀਆਂ ਨਾਲ ਜੋੜਿਆ ਜਾਂਦਾ ਹੈ ਪਰ ਇਸ ਨੂੰ ਅਨੇਕਾਂ ਤੱਤ ਪ੍ਰਭਾਵਿਤ ਕਰਦੇ ਹਨ ਜਿਵੇਂ ਉਤਪਾਦਨ ਲਈ ਮਸ਼ੀਨਾਂ ਦੇ ਪ੍ਰਯੋਗ ਤੇ ਨਿਰਭਰ ਕਰਦਾ ਹੈ। ਸੰਖੇਪ ਵਿੱਚ ਵਧਦੀ ਉਤਪਾਦਿਕਤਾ ਦਾ ਮੰਤਵ ਘੱਟ ਲਾਗਤ ਤੇ ਵਸਤੂ ਦਾ ਉਤਪਾਦਨ ਪ੍ਰਤਿ ਇਕਾਈ ਵਧੇਰੇ ਕਰਨਾ ਹੁੰਦਾ ਹੈ, ਜਦੋਂ ਕਿ ਉਸ ਦਾ ਆਲਾਹ ਦਰਜਾ ਬਣਾਈ ਰੱਖਣਾ ਹੁੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਉਤਪਾਦਿਕਤਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਉਤਪਾਦਿਕਤਾ : ਉਤਪਾਦਨ ਦਾ ਸੰਬੰਧ ਵੱਖ-ਵੱਖ ਕਿਸਮ ਦੇ ਉਤਪਾਦਨ ਆਦਾਨ ਅਨੁਪਾਤਾਂ ਨਾਲ ਹੈ। ਕਹਿਣ ਤੋਂ ਭਾਵ ਹੈ ਕਿ ਇਹ ਉਤਪਾਦਨ ਦੇ ਸਾਧਨਾਂ, ਜਿਵੇਂ ਕਿ ਕਿਰਤ, ਪੂੰਜੀ ਆਦਿ ਦੀ ਵਰਤੋਂ ਦੀ ਕਾਰਜਕੁਸ਼ਲਤਾ ਨੂੰ ਦਰਸਾਉਂਦੀ ਹੈ। ਕਿਰਤ ਦੇ ਸੰਬੰਧ ਵਿੱਚ ਗੱਲ ਕਰੀਏ ਤਾਂ ਇਸ ਨੂੰ ਕਿਰਤ ਦੀ ਉਤਪਾਦਿਕਤਾ (Productivity) ਕਿਹਾ ਜਾਂਦਾ ਹੈ। ਕਿਰਤ ਦੀ ਉਤਪਾਦਿਕਤਾ ਦਾ ਅਰਥ ਹੈ ਕਿ ਕਿਰਤ ਦੀ ਇੱਕ ਇਕਾਈ ਇੱਕ ਨਿਸ਼ਚਿਤ ਸਮੇਂ ਵਿੱਚ ਕਿੰਨਾ ਉਤਪਾਦਨ ਕਰਦੀ ਹੈ, ਭਾਵ ਪ੍ਰਤਿ-ਘੰਟਾ ਕਿਰਤ ਦੁਆਰਾ ਪੈਦਾ ਕੀਤੇ ਉਤਪਾਦਨ ਦੀ ਮਾਤਰਾ ਕਿੰਨੀ ਹੈ। ਕੁੱਲ ਸਾਧਨ ਉਤਪਾਦਿਕਤਾ ਤੋਂ ਭਾਵ ਸਾਰੇ ਸਾਧਨਾਂ ਦੀ ਪ੍ਰਤਿ ਇਕਾਈ ਵਰਤੋਂ ਨਾਲ ਪੈਦਾ ਹੋਣ ਵਾਲਾ ਉਤਪਾਦਨ ਹੈ। ਉਤਪਾਦਿਕਤਾ ਦੀ ਇਹ ਧਾਰਨਾ ਉਤਪਾਦਨ ਪ੍ਰਕਿਰਿਆ ਵਿੱਚ ਲੱਗੇ ਇੱਕ ਸਾਧਨ ਦੀ ਬਜਾਏ ਸਾਰੇ ਸਾਧਨਾਂ ਦੀ ਕੁੱਲ ਕਾਰਜਕੁਸ਼ਲਤਾ ਵੀ ਸ਼ਾਮਲ ਹੁੰਦੀ ਹੈ, ਜਿਸ ਵਿੱਚ ਪੂਰਕ ਸਾਧਨ ਕਾਰਜਕੁਸ਼ਲਤਾ ਵੀ ਸ਼ਾਮਲ ਹੁੰਦੀ ਹੈ।

ਉਤਪਾਦਿਕਤਾ ਅਨੁਪਾਤ ਕਈ ਕਿਸਮ ਦੇ ਹੁੰਦੇ ਹਨ, ਕਿਉਂਕਿ ਹਰ ਕਿਸਮ ਦੀ ਉਤਪਾਦਿਕਤਾ ਵੱਖ-ਵੱਖ ਤਰ੍ਹਾਂ ਦੇ ਸਵਾਲਾਂ ਦੇ ਉੱਤਰ ਦਿੰਦੀ ਹੈ। ਹਰ ਇੱਕ ਉਤਪਾਦਿਕਤਾ ਕਿਸੇ ਇੱਕ ਸਾਧਨ ਦੇ ਮੁਕਾਬਲੇ ਕਿਸੇ ਦੂਸਰੇ ਸਾਧਨ ਦੀ ਉਤਪਾਦਿਕਤਾ ਨੂੰ ਦਰਸਾਉਂਦੀ ਹੈ। ਇਹ ਮੁਕਾਬਲਾ ਦਿੱਤੇ ਹੋਏ ਸਮੇਂ ਅਤੇ ਸਥਾਨ ਉੱਪਰ ਅਕਸਰ ਹੀ ਕਿਸੇ ਇੱਕ ਕਿਸਮ ਦੇ ਅਨੁਪਾਤ ਦਾ ਕਿਸੇ ਦੂਸਰੇ ਕਿਸਮ ਦੇ ਸੰਬੰਧਿਤ ਅਨੁਪਾਤ ਨਾਲ ਹੁੰਦਾ ਹੈ। ਇਹ ਮੁਕਾਬਲਾ ਆਮ ਤੌਰ ’ਤੇ ਸਾਪੇਖਿਕ ਰੂਪ ਵਿੱਚ ਹੁੰਦਾ ਹੈ, ਭਾਵ ਉਤਪਾਦਿਕਤਾ ਦੇ ਸੂਚਕ ਅੰਕ ਵਜੋਂ ਹੁੰਦਾ ਹੈ।

ਉਤਪਾਦਿਕਤਾ ਵਿੱਚ ਤਬਦੀਲੀ ਨੂੰ ਉਤਪਾਦਨ ਅਤੇ ਇੱਕ ਜਾਂ ਵਧੇਰੇ ਸਾਧਨਾਂ ਵਿੱਚ ਆਈ ਤਬਦੀਲੀ ਦੇ ਸੰਦਰਭ ਵਿੱਚ ਜਾਣਿਆ ਜਾਂਦਾ ਹੈ। ਇੱਥੇ ਕਈ ਵਾਰੀ ਸਿਰਫ਼ ਇੱਕ ਆਦਾਨ ਨੂੰ ਬਦਲਣਸ਼ੀਲ ਮੰਨਿਆ ਜਾਂਦਾ ਹੈ ਅਤੇ ਬਾਕੀਆਂ ਨੂੰ ਸਥਿਰ ਮੰਨ ਲਿਆ ਜਾਂਦਾ ਹੈ। ਉਦਾਹਰਨ ਦੇ ਤੌਰ ਉੱਤੇ ਫ਼ਰਜ਼ ਕਰੋ ਇੱਕ ਏਕੜ ਭੂਮੀ ਉੱਪਰ ਦੋ ਹਜ਼ਾਰ ਰੁਪਏ ਪੂੰਜੀ ਅਤੇ ਤਿੰਨ ਕਿਰਤੀ ਕੰਮ ਉੱਪਰ ਲਾ ਕੇ 20 ਕੁਇੰਟਲ ਕਣਕ ਪੈਦਾ ਕੀਤੀ ਜਾਂਦੀ ਹੈ। ਹੁਣ ਜੇਕਰ ਭੂਮੀ ਅਤੇ ਪੂੰਜੀ ਦੀ ਮਾਤਰਾ ਪਹਿਲਾਂ ਜਿੰਨੀ ਰੱਖ ਕੇ ਕਿਰਤ ਦੀ ਇੱਕ ਇਕਾਈ ਹੋਰ ਲਾ ਦਿੱਤੀ ਜਾਵੇ ਅਤੇ ਉਤਪਾਦਨ 22 ਕੁਇੰਟਲ ਹੋ ਜਾਵੇ ਤਾਂ ਉਤਪਾਦਨ ਵਿੱਚੋਂ ਦੋ ਕੁਇੰਟਲ ਦਾ ਵਾਧਾ ਚੌਥੇ ਕਿਰਤੀ ਦੀ ਸੀਮਾਂਤ ਉਤਪਾਦਿਕਤਾ ਹੈ।

ਉਤਪਾਦਿਕਤਾ ਦਾ ਇੱਕ ਰੂਪ ‘ਔਸਤ ਉਤਪਾਦਿਕਤਾ ਹੈ’ ਜਿਹੜੀ ਕਿ ਦਿੱਤੇ ਹੋਏ ਸਮੇਂ ਵਿੱਚ ਉਤਪਾਦਨ ਅਤੇ ਆਦਾਨ ਵਿਚਲੇ ਅਨੁਪਾਤ ਨੂੰ ਪ੍ਰਗਟਾਉਂਦੀ ਹੈ।

ਉਤਪਾਦਿਕਤਾ ਨਾਲ ਸੰਬੰਧਿਤ ਉਤਪਾਦਨ-ਆਦਾਨ ਅਨੁਪਾਤ ਨੂੰ ਭੌਤਿਕ ਇਕਾਈਆਂ ਜਾਂ ਸਥਿਰ ਕੀਮਤਾਂ ਵਿੱਚ ਮਿਣਿਆ ਜਾਂਦਾ ਹੈ। ਇਹ ‘ਭੌਤਿਕ ਉਤਪਾਦਿਕਤਾ’ ਜਿੱਥੇ ਕਿ ਉਤਪਾਦਨ ਨੂੰ ਭੌਤਿਕ ਰੂਪ ਵਿੱਚ ਮਿਣਿਆ ਜਾਂਦਾ ਹੈ, ‘ਮੁੱਲ ਉਤਪਾਦਿਕਤਾ’ ਤੋਂ ਵੱਖਰੀ ਹੈ, ਜਿਸ ਵਿੱਚ ਉਤਪਾਦਨ ਨੂੰ ਸਥਿਰ ਮੁਦਰਿਕ ਕੀਮਤਾਂ ਵਿੱਚ ਮਿਣਿਆ ਜਾਂਦਾ ਹੈ। ਇਹ ‘ਪ੍ਰਤਿ ਇਕਾਈ ਉਤਪਾਦਨ ਦੀ ਲਾਗਤ’ ਨਾਲੋਂ ਵੀ ਵੱਖਰੀ ਹੈ ਜਿੱਥੇ ਆਦਾਨ-ਉਤਪਾਦਨ ਅਨੁਪਾਤਾਂ ਲਈ ਆਦਾਨ ਚਾਲੂ ਕੀਮਤਾਂ ਉੱਪਰ ਵੇਖਿਆ ਜਾਂਦਾ ਹੈ ਜਦ ਕਿ ਉਤਪਾਦਨ ਨੂੰ ਭੌਤਿਕ ਇਕਾਈਆਂ ਵਿੱਚ ਮਿਣਿਆ ਜਾਂਦਾ ਹੈ।


ਲੇਖਕ : ਸੰਗੀਤਾ ਨਗਾਇਚ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-21-10-46-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.