ਉਲਟਬਾਂਸੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਟਬਾਂਸੀ (ਕਾਵਿ ਵਨਗੀ): ਇਸ ਤੋਂ ਭਾਵ ਹੈ ਉਹ ਕਾਵਿ-ਉਕਤੀ ਜਿਸ ਵਿਚ ਸਾਧਾਰਣ ਤੋਂ ਉਲਟ ਢੰਗ ਨਾਲ ਗੱਲ ਕਹੀ ਗਈ ਹੋਵੇ। ਇਸ ਵਿਚ ਵਿਰੋਧਾਭਾਸ ਅਲਿੰਕਾਰ ਦਾ ਕੁਝ ਨ ਕੁਝ ਅੰਸ਼ ਰਹਿੰਦਾ ਹੈ। ਇਸ ਰੂਪਾਕਾਰ ਦੋ ਪਿਛੋਕੜ ਨੂੰ ਘੋਖਣ’ਤੇ ਪ੍ਰਤੀਤ ਹੁੰਦਾ ਹੈ ਕਿ ਇਸ ਦੀ ਵਰਤੋਂ ਨਾਥ-ਯੋਗੀਆਂ ਦੇ ਸਾਹਿਤ ਵਿਚ ਆਮ ਮਿਲਦੀ ਹੈ। ਉਨ੍ਹਾਂ ਦੀ ਆਪਣੀ ਘੋਸ਼ਣਾ ਅਨੁਸਾਰ ਯੋਗੀਆਂ ਦੀ ਸਾਧਨਾ ‘ਤੀਨ ਲੋਕ ਸੇ ਨਿਆਰੀ’ ਸੀ। ਉਹ ਸਾਧਾਰਣ ਜਨਤਾ ਤੋਂ ਵਖਰੇ ਢੰਗ ਨਾਲ ਗੱਲ ਕਰਦੇ ਸਨ। ਉਨ੍ਹਾਂ ਅਨੁਸਾਰ ਸਾਰਾ ਸੰਸਾਰ ਗ਼ਲਤ ਮਾਰਗ ਉਤੇ ਚਲ ਰਿਹਾ ਹੈ। ਸੰਸਾਰ ਤੋਂ ਉਲਟ ਕਾਰਵਾਈ ਹੀ ਯੋਗੀਆਂ ਅਨੁਸਾਰ ਸਹੀ ਮਾਰਗ ਹੈ। ਇਸ ਲਈ ਸਾਹਿਤ ਜਾਂ ਬਾਣੀ ਵਿਚ ਉਨ੍ਹਾਂ ਨੇ ਉਲਟੇ ਢੰਗ ਦੀ ਗੱਲ ਕੀਤੀ ਸੀ। ਸਾਧਾਰਣ ਗੱਲ ਨੂੰ ਅਸਾਧਾਰਣ ਢੰਗ ਨਾਲ ਕਹਿਣ’ਤੇ ਹੀ ਉਹ ਆਪਣੇ ਪ੍ਰਤਿ ਵਿਸ਼ੇਸ਼ ਸ਼ਰਧਾ ਪੈਦਾ ਕਰ ਸਕੇ ਸਨ। ਉਨ੍ਹਾਂ ਦੀ ਸਾਰੀ ਸਾਧਨਾ ਹੀ ‘ਗੋਰਖ-ਧੰਧਾ’ ਸੀ।

            ਸੰਤ ਕਬੀਰ ਕੁਲ-ਪਰੰਪਰਾ ਤੋਂ ਨਾਥ-ਯੋਗੀਆਂ ਨਾਲ ਬਹੁਤ ਜੁੜੇ ਹੋਏ ਸਨ, ਇਸ ਲਈ ਉਨ੍ਹਾਂ ਦੇ ਪ੍ਰਭਾਵ ਤੋਂ ਬਚ ਨ ਸਕੇ। ਉਨ੍ਹਾਂ ਨੇ ਆਪਣੇ ਅਧਿਆਤਮਿਕ ਅਨੁਭਵ ਦੇ ਗੂੜ੍ਹ ਰਹੱਸਾਂ ਨੂੰ ਪ੍ਰਗਟਾਉਣ ਲਈ ‘ਉਲਟਬਾਂਸੀ’ ਰੂਪਾਕਾਰ ਦੀ ਵਰਤੋਂ ਕੀਤੀ। ਨਮੂਨੇ ਵਜੋਂਪਹਿਲਾ ਪੂਤੁ ਪਿਛੈਰੀ ਮਾਈ ਗੁਰੁ ਲਾਗੋ ਚੇਲੇ ਕੀ ਪਾਈ ਏਕੁ ਅਚੰਭਉ ਸੁਨਹੁ ਤੁਮ ਭਾਈ ਦੇਖਤ ਸਿੰਘੁ ਚਰਾਵਤ ਗਾਈ ਰਹਾਉ ਜਲ ਕੀ ਮਛੁਲੀ ਤਰਵਰਿ ਬਿਆਈ ਦੇਖਤ ਕੁਤਰਾ ਲੈ ਗਈ ਬਿਲਾਈ ਤਲੈ ਰੇ ਬੈਸਾ ਊਪਰਿ ਸੂਲਾ ਤਿਸ ਕੈ ਪੇਡਿ ਲਗੇ ਫਲ ਫੂਲਾ ਘੋਰੈ ਚਰਿ ਭੈਸ ਚਰਾਵਨ ਜਾਈ ਬਾਹਰਿ ਬੈਲੁ ਗੋਨਿ ਘਰਿ ਆਈ ਕਹਤ ਕਬੀਰ ਜੁ ਇਸ ਪਦ ਬੂਝੈ ਰਾਮ ਰਮਤ ਤਿਸੁ ਸਭੁ ਕਿਛੁ ਸੂਝੈ (ਗੁ.ਗ੍ਰੰ. 481)

            ਇਸ ਉਲਟਬਾਂਸੀ ਵਿਚ ਕਬੀਰ ਜੀ ਨੇ ਦਸਿਆ ਹੈ ਕਿ ਪਰਮਾਤਮਾ ਦਾ ਅੰਸ਼ ਜੀਵਾਤਮਾ (ਪੁੱਤਰ) ਪਹਿਲਾਂ ਸੀ ਅਤੇ ਮਾਇਆ (ਮਾਈ) ਬਾਦ ਵਿਚ ਹੋਈ ਹੈ। ਪਰ ਵਿਚਿਤ੍ਰ ਗੱਲ ਇਹ ਹੈ ਕਿ ਵੱਡੇ ਮਹੱਤਵ ਵਾਲਾ (ਗੁਰੂ) ਛੋਟੇ ਚੇਲੇ ਦੇ ਪੈਰੀਂ ਲਗ ਰਿਹਾ ਹੈ (ਅਰਥਾਤ— ਜੀਵਾਤਮਾ ਮਾਇਆ ਦੇ ਪ੍ਰਭਾਵ ਵਿਚ ਆ ਗਿਆ ਹੈ)। ਹੇ ਭਾਈ! ਅਚੰਭੇ ਦੀ ਇਕ ਗੱਲ ਸੁਣੋ ਕਿ ਅਪਾਰ ਸ਼ਕਤੀ ਵਾਲਾ ਜੀਵਾਤਮਾ (ਸਿੰਘ) ਇੰਦ੍ਰੀਆਂ (ਗਊਆਂ) ਨੂੰ ਪ੍ਰਸੰਨਤਾ ਪੂਰਵਕ ਪਾਲ ਰਿਹਾ ਹੈ (ਅਰਥਾਤ — ਜੀਵਾਤਮਾ ਸ਼ਕਤੀ ਸੰਪੰਨ ਹੁੰਦਾ ਹੋਇਆ ਵੀ ਇੰਦ੍ਰੀਆਂ ਦੇ ਵਸ ਵਿਚ ਹੋ ਗਿਆ ਹੈ।) ਸਤਿ-ਸੰਗਤ ਦੇ ਆਸਰੇ ਜੀਉਣ ਵਾਲੀ ਜੀਵਾਤਮਾ (ਮੱਛਲੀ) ਸੰਸਾਰਿਕ ਪ੍ਰਪੰਚ (ਤਰਵਰ) ਵਿਚ ਉਲਝ ਗਈ ਹੈ (ਅਰਥਾਤ— ਜੀਵਾਤਮਾ ਸੰਸਾਰਿਕਤਾ ਵਿਚ ਉਲਝ ਕੇ ਸਤਿ-ਸੰਗਤ ਤੋਂ ਬੇਮੁਖ ਹੋ ਗਈ ਹੈ) ਅਤੇ ਸਾਡੇ ਵੇਖਦਿਆਂ ਵੇਖਦਿਆਂ ਤ੍ਰਿਸ਼ਣਾ ਰੂਪੀ ਬਿੱਲੀ ਸੰਤੋਖ ਰੂਪੀ ਕਤੂਰੇ ਨੂੰ ਫੜ ਕੇ ਲੈ ਗਈ ਹੈ (ਅਰਥਾਤ—ਜੀਵਾਤਮਾ ਦਾ ਸੰਤੋਖ ਨਸ਼ਟ ਹੋ ਗਿਆ ਹੈ।)। ਬ੍ਰਿਛ ਦੀਆਂ ਟਹਿਣੀਆ ਹੇਠਾਂ ਨੂੰ ਅਤੇ ਜੜ੍ਹਾਂ ਉਪਰ ਨੂੰ ਹੋ ਗਈਆਂ ਹਨ ਅਤੇ ਤਣੇ ਨੂੰ ਫੁਲ ਫਲ ਲਗੇ ਹੋਏ ਹਨ (ਅਰਥਾਤ — ਜੀਵਾਤਮਾ ਦੇ ਮਾਇਕ ਪ੍ਰਪੰਚ ਵਿਚ ਫਸਣ ਕਾਰਣ ਸਾਰੀ ਸਥਿਤੀ ਉਲਟੀ ਹੋ ਗਈ ਹੈ)। ਵਾਸਨਾ ਰੂਪ ਭੈਂਸ ਮਨ ਰੂਪੀ ਘੋੜੇ ਉਤੇ ਚੜ੍ਹ ਕੇ ਉਸ ਨੂੰ ਵਿਸ਼ੇ ਭੋਗਣ ਲਈ ਪ੍ਰੇਰਿਤ ਕਰ ਰਹੀ ਹੈ। ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਧੀਰਜ ਰੂਪ ਬਲਦ ਬਾਹਰ ਨਿਕਲ ਗਿਆ ਹੈ ਅਤੇ ਵਾਸਨਾਵਾਂ ਰੂਪੀ ਛਟ ਅੰਦਰ ਹਿਰਦੇ ਵਿਚ ਪਹੁੰਚ ਗਈ ਹੈ। ਇਸ ਵਾਸਤਵਿਕਤਾ ਨੂੰ ਸਮਝ ਸਕਣ ਵਾਲਾ ਹੀ ਸਿਮਰਨ ਦੁਆਰਾ ਸਹੀ ਮਾਰਗ ਉਤੇ ਚਲਣ ਦੇ ਸਮਰਥ ਹੁੰਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.