ਉੱਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਨ (ਨਾਂ,ਇ) ਭੇਡ ਦੀ ਜੱਤ ਮੁੰਨ ਕੇ ਪ੍ਰਾਪਤ ਕੀਤੀ ਲੂੰਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਉੱਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਨ [ਨਾਂਇ] ਭੇਡ ਬੱਕਰੀ ਆਦਿ ਦੀ ਜੱਤ ਤੋਂ ਬਣਿਆ ਸੂਤ , ਪਸ਼ਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉੱਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਨ ਸੰ. ऊर्णा —ਊਣ੗੠. ਸੰਗ੍ਯਾ—ਪਸ਼ਮ. ਭੇਡ ਆਦਿਕ ਜੀਵਾਂ ਦੇ ਵਾਲ (ਰੋਮਾਵਲੀ). ੨ ਮੱਕੜੀ ਦਾ ਸੂਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉੱਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉੱਨ : ਇਹ ਪਾਲਤੂ ਭੇਡਾਂ ਤੋਂ ਲਾਹੀ ਜਾਂਦੀ ਹੈ ਕਪਾਹ ਤੋਂ ਦੂਜੇ ਨੰਬਰ ਤੇ ਇਸ ਦੀ ਸਭ ਤੋਂ ਵੱਧ ਮਹਾਨਤਾ ਹੈ ਇਸ ਦੇ ਰੇਸ਼ੇ ਬਿਜਲੀ ਅਤੇ ਤਾਪ ਦੇ ਕੁਚਾਲਕ (bad conductor) ਹੁੰਦੇ ਹਨ ਖੁਰਦਬੀਨ ਰਾਹੀਂ ਦੀ ਸਤ੍ਹਾ ਉੱਘੜ ਦੁੱਘੜੇ, ਇਕ ਦੂਜੇ ਉੱਤੇ ਚੜ੍ਹੇ ਹੋਏ ਸੈਲਾਂ (cells) ਦੀ ਬਣੀ ਹੋਈ ਦਿਸਦੀ ਹੈ ਵੱਖੋ ਵੱਖ ਨਸਲਾਂ ਦੀਆਂ ਭੇਡਾਂ ਵਿਚ ਇਨ੍ਹਾਂ ਸੈਲਾਂ ਦਾ  ਆਕਾਰ ਅਤੇ ਰੂਪ ਵੱਖੋ ਵੱਖਰਾ ਹੁੰਦਾ ਹੈ ਜੇ ਸੈਲਾਂ ਦੇ ਕਿਨਾਰੇ ਮੋਟੀ ਉੱਨ ਦੇ ਰੇਸ਼ਿਆ ਦੇ ਮੁਕਾਬਲੇ ਵਿਚ ਵਧੇਰੇ ਨੇੜੇ ਹੋਣ ਤਾਂ ਉੱਨ ਬਾਰੀਕ ਹੁੰਦੀ ਹੈ ਗਰਮੀ ਅਤੇ ਨਮੀ ਦੇ ਅਸਰ ਨਾਲ ਇਹ ਰੇਸ਼ੇ ਇਕ ਦੂਜੇ ਨਾਲ ਜੁੜ ਜਾਂਦੇ ਹਨ ਇਨ੍ਹਾਂ ਦੀ ਚਮਕ ਸੈੱਲਾਂ ਦੀਆਂ ਸਕੇਲਾਂ (scales of plates) ਆਕਾਰ ਅਤੇ ਰੂਪ ਤੇ ਨਿਰਭਰ ਹੁੰਦੀ ਹੈ ਮੋਟੇ ਰੇਸ਼ੇ ਵਿਚ ਚਮਕ ਵਧੇਰੇ ਹੁੰਦੀ ਹੈ ਜੇ ਰੇਸ਼ੇ ਬਾਰੀਕ ਹੋਣ ਤਾਂ ਵਿਚਲੀ ਤਹਿ (medulla) ਨੂੰ ਨਹੀਂ ਦੇਖਿਆ ਜਾ ਸਕਦਾ ਪਰ ਜੇ ਰੇਸ਼ੇ ਮੋਟੇ ਹੋਣ ਤਾਂ ਉਸ ਤਹਿ ਨੂੰ ਵੇਖਿਆ ਜਾ ਸਕਦਾ ਹੈ ਮੈਡੁਲਾ ਵਿਚ ਹੀ ਉੱਨ ਦਾ ਰੰਗ ਵਾਲਾ ਅੰਸ਼ (pigment) ਹੁੰਦਾ ਹੈ ਮੈਡੁਲਾ ਦੀ ਵਧੇਰੇ ਮੋਟਾਈ ਰੇਸ਼ੇ ਨੂੰ ਸੰਗੁੜਨ ਤੋਂ ਰੋਕਦੀ ਹੈ ਕਪਾਹ ਦੇ ਰੇਸ਼ੇ ਨਾਲੋਂ ਉੱਨ ਦਾ ਰੇਸ਼ਾ ਇਕ ਚੌਥਾਈ ਵਧੇਰੇ ਸੁੰਗੜਦਾ ਹੈ

          ਵਧੇਰੇ ਸੰਭਵਾਨਾ ਇਹੋ ਹੈ ਕਿ ਬੁਣਨ ਲਈ ਸਭ ਤੋਂ ਪਹਿਲਾਂ ਉੱਨ ਦੀ ਹੀ ਵਰਤੋਂ ਸ਼ੁਰੂ ਹੋਈ ਊਨੀ ਕਪੜਿਆਂ ਦੇ ਟੁਕੜੇ ਮਿਸਰ, ਬੈਬੀਲੋਨ ਅਤੇ ਨਿਨੇਵੇਹ (Nineveh) ਦੀਆਂ ਕਬਰਾਂ, ਬਰਤਾਨੀਆਂ ਦੇ ਆਦਿ-ਵਾਸੀਆਂ ਦੀਆਂ ਝੌਂਪੜੀਆਂ ਅਤੇ ਪੀਰੂ (Peru) ਵਾਸੀਆਂ ਦੇ ਖੰਡਰਾਂ ਵਿਚੋਂ ਮਿਲੀਆਂ ਬਾਕੀ ਚੀਜ਼ਾਂ ਦੇ ਨਾਲ ਮਿਲੇ ਹਨ ਰੋਮਨਾਂ ਦੇ ਹਮਲੇ ਤੋਂ ਪਹਿਲਾਂ ਵੀ ਬਰਤਾਨੀਆਂ ਦੇ ਵਸਨੀਕ ਇਸ ਨੂੰ ਵਰਤਦੇ ਸਨ

          ਵਿੰਚੈਸਟਰ ਲੂਮ (Vinchestor Loom) ਨਾਂ ਦੀ ਫੈਕਟਰੀ ਕਾਇਮ ਹੋਣ ਨਾਲ ਉੱਨ ਦੀ ਵਰਤੋਂ ਦੇ ਢੰਗਾਂ ਦਾ ਵਿਕਾਸ ਹੋਇਆ ਵਿਲੀਅਮ ਵਿਜਈ (William the Conquerer) ਇਸ ਨੂੰ ਇੰਗਲੈਂਡ ਵਿਚ ਲੈ ਆਇਆ ਹੈਨਰੀ ਦੂਜੇ (Henry Ⅱ) ਨੇ ਕਾਨੂੰਨ ਰਾਹੀਂ ਕਪੜੇ ਦੀਆਂ ਦੁਕਾਨਾਂ ਅਤੇ ਜੁਲਾਹਿਆਂ ਦੇ ਸੰਘ (Weavers Guilds) ਬਣਾ ਕੇ ਇਸ ਉਦਯੋਗ ਨੂੰ ਉਤਸ਼ਾਹ ਦਿੱਤਾ ਪਰ 18ਵੀਂ ਸਦੀ

 

ਦੇ ਸੂਤੀ ਕੱਪੜੇ ਦੇ ਉਦਯੋਗ ਨੇ ਇਸ ਦੀ ਮਹੱਤਤਾ ਨੂੰ ਘਟਾ ਦਿੱਤਾ ਸੰਨ 1788 ਵਿਚ ਹਾਰਟਫੋਰਡ (Hartford) (ਅਮਰੀਕਾ), ਵਿਚ ਪਣ-ਸ਼ਕਤੀ ਨਾਲ ਚੱਲਣ ਵਾਲੀ ਉੱਨ ਦੀ ਫੈਕਟਰੀ ਲੱਗੀ ਰੂਸ, ਨਿਊਜ਼ੀਲੈਂਡ, ਅਰਜਨਟਾਈਨਾ (Argentina), ਆਸਟਰੇਲੀਆ, ਚੀਨ, ਭਾਰਤ, ਦੱਖਣੀ ਅਫ਼ਰੀਕਾ ਅਤੇ ਬਰਤਾਨੀਆਂ ਉੱਨ ਪੈਦਾ ਕਰਨ ਵਾਲੇ ਦੇਸ਼ਾਂ ਵਿਚੋਂ ਵਰਣਨ ਯੋਗ ਹਨ ਸੰਨ 1960 ਵਿਚ ਦੁਨੀਆ ਭਰ ਵਿਚ 5,000,000,000 ਪੌਂਡ ਉੱਨ ਪੈਦਾ ਹੋਈ

          ਊਨ ਰੇਸ਼ਿਆ ਦੀਆਂ ਕਿਸਮਾਂਉੱਨ ਦੀ ਕਿਸਮ, ਲੰਬਾਈ, ਰੇਸ਼ੇ ਦਾ ਵਿਆਸ, ਚਮਕ, ਮਜ਼ਬੂਤੀ ਅਤੇ ਸੁੰਗੜਨ ਆਦਿ ਉੱਤੇ ਭੇਡਾਂ ਦੀ ਨਸਲ ਦਾ ਬਹੁਤ ਅਸਰ ਪੈਂਦਾ ਹੈ ਉੱਨ ਦੇ ਰੇਸ਼ੇ ਪੰਜਾਂ ਹਿੱਸਿਆਂ ਵਿਚ ਵੰਡੇ ਜਾ ਸਕਦੇ ਹਨ :––

          (1) ਬਾਰੀਕ ਉੱਨ; (2) ਦਰਮਿਆਨੀ ਉੱਨ; (3) ਲੰਮੀ ਉੱਨ; (4) ਦੋਗਲੀ ਉੱਨ ਅਤੇ (5) ਕਾਲੀਨੀ ਉੱਨ

          ਜਲਵਾਯੂ, ਜ਼ਮੀਨ ਅਤੇ ਭੇਡਾਂ ਦੀ ਖ਼ੁਰਾਕ ਦਾ ਉੱਨ ਦੀ ਕਿਸਮ ਉੱਤੇ ਕਾਫ਼ੀ ਅਸਰ ਪੈਂਦਾ ਹੈ

                   ਬਾਰੀਕ ਉੱਨ–– ਇਹ ਉੱਨ ਮੈਰੀਨੋ (Marino) ਭੇਡਾਂ ਤੋਂ ਹੀ ਮਿਲਦੀ ਹੈ ਮੈਰੀਨੋ ਭੇਡਾਂ ਦੀਆਂ ਵਧੀਆਂ ਅਮਰੀਕੀ, ਆਸਟਰੇਲੀਆਈ, ਫਰਾਂਸੀਸੀ, ਸੈਕਸਨੀ (Saxony), ਸਪੇਨੀ, ਦੱਖਣੀ ਅਫ਼ਰੀਕੀ ਅਤੇ ਦੱਖਣੀ ਅਮਰੀਕੀ ਹਨ ਮੈਰੀਨੋ ਉੱਨ ਆਪਣੀ ਮੁਲਾਇਮੀ, ਬਾਰੀਕੀ, ਮਜ਼ਬੂਤੀ, ਲਚਕ, ਸੋਹਣੀ ਕਤਾਈ ਅਤੇ ਨਮਦਾ ਬਣ ਸਕਣ ਦੇ ਗੁਣਾਂ ਕਰਕੇ ਖ਼ਾਸ ਤੌਰ ਤੇ ਮਸ਼ਹੂਰ ਹੈ ਮੈਰੀਨੋ ਉੱਨ ਦੇ ਰੇਸ਼ਿਆਂ ਦੀ ਲੰਬਾਈ 3.7 ਸੈਂ. ਮੀ. ਤੋਂ 6.3 ਸੈਂ. ਮੀ. ਤਕ ਅਤੇ ਬਾਰੀਕੀ ਔਸਤਨ 17 ਤੋਂ 21 ਮਾਈਕਰੋਨ (1 ਮਾਈਕਰੋਨ=1/1000 ਮਿ. ਮੀ.) ਹੁੰਦੀ ਹੈ ਫਲਾਲੈਨ, ਵਧੀਆ ਕਿਸਮ ਦੇ ਹੱਥ ਦੇ ਬਣੇ ਹੋਏ ਕਪੜੇ, ਸੂਟ ਅਤੇ ਬਾਰੀਕ ਬਣਤਰ ਦੇ ਬਸਤਰ ਮੈਰੀਨੋ ਉੱਨ ਦੇ ਹੀ ਬਣਦੇ ਹਨ

          ਦਰਮਿਆਨੀ ਕਿਸਮ ਦੀ ਉੱਨਇਹ ਬਰਤਾਨਵੀ ਨਸਲ ਦੀਆਂ ਭੇਡਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਰੇਸ਼ੇ ਦੀ ਲੰਬਾਈ ਅਤੇ ਮੋਟਾਈ ਦੇ ਪੱਖ ਤੋਂ ਦਰਮਿਆਨੇ ਦਰਜੇ ਦੀ ਇਹ ਉੱਨ ਬੜੀ ਸੰਘਣੀ ਅਤੇ ਖ਼ੁਸ਼ਕ ਹੁੰਦੀ ਹੈ ਇਸ ਦੇ ਰੇਸ਼ਿਆਂ ਦੀ ਲੰਬਾਈ 5.0 ਤੋਂ 12.7 ਸੈਂ. ਮੀ. ਤਕ ਹੁੰਦੀ ਹੈ ਅਤੇ ਇਸ ਨੂੰ ਆਸਾਨੀ ਨਾਲ ਕੱਤਿਆ ਜਾ ਸਕਦਾ ਹੈ ਇਸ ਦੀ ਬਾਰੀਕੀ 24 ਤੋਂ 32 ਮਾਈਕਰੋਨ ਤਕ ਹੁੰਦੀ ਹੈ ਇਸ ਦੇ ਰੇਸ਼ੇ ਮੈਰੀਨੋ ਉੱਨ ਦੇ ਰੇਸ਼ਿਆਂ ਨਾਲੋਂ ਬਹੁਤ ਹਲਕੇ ਹੁੰਦੇ ਹਨ ਕਿਉਂਕਿ ਬਿਲਕੁਲ ਬਾਹਰ ਕਾਰਨ ਇਨ੍ਹਾਂ ਵਿਚ ਰੇਤਾ ਅਤੇ ਚਰਬੀ ਬਹੁਤ ਘਟ ਹੁੰਦੀ ਹੈ ਰੇਸ਼ਿਆਂ ਦਾ ਵਿਆਸ ਵੱਧ ਜਾਣ ਕਾਰਨ ਇਨ੍ਹਾਂ ਦਾ ਨਮਦਾ ਬਣਾਉਣ ਦਾ ਗੁਣ ਘਟਦਾ ਜਾਂਦਾ ਹੈ ਇਸ ਦੀ ਵਰਤੋਂ ਜ਼ਨਾਨੇ ਕਪੜਿਆਂ, ਟਵੀਡ, ਸਰਜ, ਫਲਾਲੈਨ, ਕੋਟਾਂ ਤੇ ਓਵਰਕੋਟਾਂ ਦੇ ਕਪੜੇ ਅਤੇ ਕੰਬਲ ਬਣਾਉਣ ਲਈ ਵਧੇਰੇ ਹੁੰਦੀ ਹੈ

          ਲੰਮੀ ਉੱਨ –– ਸਾਰੀਆਂ ਨਸਲਾਂ ਵਿਚ ਸਭ ਤੋਂ ਵੱਡੇ ਕੱਦ ਦੀਆਂ ਭੇਡਾਂ, ਜਿਨ੍ਹਾਂ ਦਾ ਮਾਸ ਖਾਣ ਦੇ ਕੰਮ ਆਉਂਦਾ ਹੈ, ਲੰਮੀ ਉੱਨ ਪੈਦਾਂ ਕਰਦੀਆਂ ਹਨ ਇਨ੍ਹਾਂ ਦੇ ਰੇਸ਼ੇ ਬਾਰੀਕ ਅਤੇ ਵਿਚਕਾਰਲੀ ਕਿਸਮ ਦੀ ਉੱਨ ਦੇ ਮੁਕਾਬਲੇ ਵਿਚ ਖੁੱਲ੍ਹੇ ਅਤੇ ਇਕ ਦੂਜੇ ਤੋਂ ਵੱਖਰੇ ਹੁੰਦੇ ਹਨ ਇਨ੍ਹਾਂ ਦੀ ਲੰਬਾਈ 25.4 ਸੈਂ. ਮੀ. ਤੋਂ 35.6 ਸੈਂ. ਮੀ. ਤਕ

ਅਤੇ ਮੋਟਾਈ 40 ਮਾਈਕੋਰਨ ਤਕ ਹੁੰਦੀ ਹੈ ਇਸ ਨਸਲ ਦੀਆਂ ਭੇਡਾਂ ਵਧੇਰੀਆਂ ਬਾਰਸ਼ਾਂ ਵਾਲੇ ਇਲਾਕਿਆਂ ਵਿਚ ਬਹੁਤ ਛੇਤੀ ਵਧਦੀਆਂ ਹਨ ਇਸ ਕਿਸਮ ਦੀ ਉੱਨ ਲਿੰਕਨ (lincoln), ਕੋਟਸਵੋਲਡ (costwold), ਲੀਸੈਸਟਰ (lecester) ਅਤੇ ਰੋਮਨੀ ਮਾਰਸ਼ (rommey marsh) ਨਾਂ ਨਾਲ ਮਸ਼ਹੂਰ ਹੈ ਲਿੰਕਨ ਉੱਨ ਦੀਆਂ ਲਿਟਾਂ ਚੌੜੀਆ ਅਤੇ ਉਨ੍ਹਾਂ ਦਾ ਬਾਹਰਲਾ ਹਿੱਸਾ ਘੁੰਗਰਾਲਾ ਹੁਦਾ ਹੈ ਇਸ ਵਿਚ ਚਰਬੀ ਘੱਟ ਹੋਣ ਕਾਰਨ ਲਚਕ ਵੀ ਘੱਟ ਹੁੰਦੀ ਹੈ ਤੇ ਇਸ ਕੁਝ ਮੋਟੀ ਵੀ ਹੁੰਦੀ ਹੈ ਇਸ ਨਸਲ ਦੀ ਭੇਡ 4.58 ਤੋਂ 6.35 ਕਿ. ਗ੍ਰਾ. (10 ਤੋਂ 14 ਪੌਂਡ) ਤਕ ਉੱਨ ਦੇਂਦੀ ਹੈ ਇਸ ਉੱਨ ਦੀ ਚਮਕ ਵੀ ਚੰਗੀ ਹੁੰਦੀ ਹੈ ਇਸ ਨੂੰ ਬਹੁਤਾ ਕਰਕੇ ਸਾਦੇ ਊਨੀ ਕਪੜੇ, ਟਵੀਡ, ਸਰਜ ਅਤੇ ਕੋਟਾਂ ਦੇ ਕਪੜੇ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ

          ਦੋਗਲੀ ਉੱਨ –– ਦਰਮਿਆਨੀ ਬਾਰੀਕ ਕਿਸਮ ਦੀ ਇਕ ਉੱਨ ਮੈਰੀਨੋ ਜਾਂ ਰੈਮਬੁਲੇ (rambuille) ਨਸਲ ਅਤੇ ਲੰਮੀ ਉੱਨ ਵਾਲੀਆਂ ਭੇਡਾਂ ਦੀ ਦੋਗਲੀ ਨਸਲ ਤੋਂ ਮਿਲਦੀ ਹੈ ਇਸ ਉੱਨ ਵਿਚ ਮੈਰੀਨੋ ਉੱਨ ਦੀ ਬਾਰੀਕੀ ਤੇ ਕੋਮਲਤਾ ਅਤੇ ਲੰਬੀ ਉੱਨ ਦੀ ਲੰਬਾਈ ਦੋਵੇਂ ਹੀ ਹੁੰਦੀਆਂ ਹਨ ਇਸ ਕਿਸਮ ਦੀਆਂ ਕੁਝ ਉੱਨਾਂ ਦਾ ਰੰਗ ਕਾਫ਼ੀ ਸੋਹਣਾ ਹੁੰਦਾ ਹੈ ਅਤੇ ਲਚਕ ਵੀ ਕਾਫ਼ੀ ਹੁੰਦੀ ਹੈ ਇਸ ਉੱਨ ਦੀ ਵਰਤੋਂ ਜੁਰਾਬਾਂ, ਬੁਨੈਣਾਂ, ਪਹਿਨਣ ਵਾਲੇ ਸਭ ਕਿਸਮਾਂ ਦੇ ਕਪੜੇ ਤੇ ਦਰਮਿਆਨੀ ਕਿਸਮ ਦੇ ਉੱਨ ਦੇ ਕਪੜੇ ਅਤੇ ਨਮਦੇ ਬਣਾਉਣ ਲਈ ਕੀਤੀ ਜਾਂਦੀ ਹੈ

          ਕਾਲੀਨੀ ਉੱਨ –– ਇਸ ਕਿਸਮ ਦੀ ਉੱਨ ਦੁਨੀਆ ਦੇ ਸਾਰੇ ਹਿੱਸਿਆਂ ਵਿਚ ਉਨ੍ਹਾਂ ਭੇਡਾਂ ਤੋਂ ਮਿਲਦੀ ਹੈ ਜੋ ਅਜੇ ਵੀ ਮੁੱਢਲੇ ਹਾਲਾਤ ਵਿਚ ਰਹਿੰਦੀਆਂ ਹਨ ਇਹ ਵਧੇਰੇ ਕਰਕੇ ਏਸ਼ਿਆਈ ਦੇਸ਼ਾਂ ਵਿਚ ਹੁੰਦੀਆਂ ਹਨ ਅਤੇ ਰੇਗਿਸਤਾਨੀ ਇਲਾਕਿਆਂ ਵਿਚ ਵੀ ਹਨ ਜਿੱਥੇ ਉਨ੍ਹਾਂ ਨੂੰ ਬਹੁਤ ਸਾਰਾ ਸਮਾਂ ਭੁੱਖਿਆਂ ਜਾਂ ਥੋੜ੍ਹੀ ਥੋੜ੍ਹੀ ਖ਼ੁਰਾਕ ਤੇ ਰਹਿਣਾ ਪੈਂਦਾ ਹੈ ਅਜਿਹੇ ਸਮੇਂ ਵਿਚ ਇਹ ਆਪਣੀ ਚੱਕੀ ਵਿਚਲੀ ਚਰਬੀ ਤੋਂ ਹੀ  ਗੁਜ਼ਾਰਾ ਕਰਦੀਆਂ ਹਨ ਜਿਨ੍ਹਾਂ ਦੇ ਪਿਛਲੇ ਹਿੱਸਿਆਂ ਵਿਚ ਚਰਬੀ ਜਮ੍ਹਾਂ ਰਹਿੰਦੀ ਹੈ, ਇਨ੍ਹਾਂ ਦੀ ਚੱਕੀ 23 ਤੋਂ 30.5 ਸੈਂ. ਮੀ. ਤਕ ਲੰਬੀ ਹੁੰਦੀ ਹੈ ਅਤੇ ਉਨ੍ਹਾਂ ਦੇ ਦੋਹਾਂ ਚਿੱਤੜਾਂ ਉੱਪਰ ਵੀ ਚਰਬੀ ਦੀ ਮੋਟੀ ਤਹਿ ਜੰਮੀ ਰਹਿੰਦੀ ਹੈ ਇਨ੍ਹਾਂ ਦਾ ਭਾਰ 92 ਕਿ. ਗ੍ਰਾ. ਤਕ ਅਤੇ ਚਰਬੀ 13.7 ਤੋਂ 18.2 ਕਿ. ਗ੍ਰਾ. ਤਕ ਹੁੰਦੀ ਹੈ ਇਨ੍ਹਾਂ ਦੇ ਸਰੀਰ ਉੱਤੇ ਲੰਬੀ ਵਾਲਾਂ ਦੀ ਇਕ ਤਹਿ ਹੁੰਦੀ ਹੈ ਅਤੇ ਇਸ ਦੇ ਹੇਠਾਂ ਅਸਲੀ ਉੱਨ ਹੁੰਦੀ ਹੈ ਜੋ ਘੱਟ ਗਰਮੀ, ਤੇਜ਼ ਹਵਾ, ਵਧੇਰੇ ਖ਼ੁਸ਼ਕੀ, ਬਹੁਤੀ ਵਰਖਾ ਅਤੇ ਪਾਲੇ ਤੋਂ ਇਨ੍ਹਾਂ ਨੂੰ ਬਚਾਉਂਦੀ ਹੈ ਉੱਪਰ ਦੱਸੇ ਦੋਹਾਂ ਕਿਸਮਾਂ ਦੇ ਰੇਸ਼ੇ ਆਮ ਤੌਰ ਤੇ ਕਾਲੀਨ ਬਣਾਉਣ ਦੇ ਕੰਮ ਆਉਂਦੇ ਹਨ ਇਸ ਕਿਸਮ ਦੀਆਂ ਭੇਡਾਂ ਦੀ ਉੱਨ ਵਿਚ  ਇਕ ਤੀਜੀ ਤਹਿ ਦਾ ਛੋਟਾ ਮੋਟਾ ਅਤੇ ਲਹਿਰਦਾਰ ਰੇਸ਼ਾ ਹੁੰਦਾ ਹੈ ਜਿਸ ਨੂੰ ਕੈਂਪ (Kamp) ਕਹਿੰਦੇ ਹਨ ਇਹ ਉੱਨ ਆਮ ਕਰਕੇ ਕਾਲੀਨ, ਮੋਟੇ ਕੰਬਲ (rugs) ਆਦਿ ਬਣਾਉਣ ਦੇ ਕੰਮ ਆਉਂਦੀ ਹੈ ਕਦੀ ਕਦੀ ਇਸ ਦੇ ਵਿਚ ਦੂਜੀਆਂ ਕਿਸਮਾਂ ਦੀ ਉੱਨ ਰਲਾ ਕੇ ਮੋਟਾ ਅਤੇ ਸਸਤੀ ਕਿਸਮ ਦਾ ਓਵਰਕੋਟ ਦਾ ਕਪੜਾ ਅਤੇ ਟਵੀਡ ਤਿਆਰ ਕੀਤਾ ਜਾਂਦਾ ਹੈ

          ਉੱਨ ਦਾ ਸੂਖ਼ਮ ਰੂਪਜੇ ਉੱਨ ਨੂੰ ਖ਼ੁਰਦਬੀਨ ਨਾਲ ਵੇਖਿਆ ਜਾਵੇ ਤਾਂ ਇਸ ਦੀ ਸਤ੍ਹਾ ਵੱਖੋ ਵੱਖੋ ਕਿਸਮ ਦੇ ਸੈੱਲਾਂ ਦੀ ਬਣੀ ਹੋਈ ਦਿਸਦੀ ਹੈ, ਜੋ ਪੌੜੀ ਦੀ ਡੰਡਿਆਂ ਵਾਂਗ ਇਕ ਦੂਜੇ ਦੇ ਉੱਪਰ ਚੜ੍ਹੇ ਹੋਏ ਜਾਪਦੇ ਹਨ ਵੱਖੋ ਵੱਖ ਨਸਲਾਂ ਦੀਆਂ ਭੇਡਾਂ ਵਿਚ ਇਸ ਦਾ ਆਕਾਰ ਅਤੇ ਸ਼ਕਲ ਵੱਖੋ ਵੰਖ ਹੁੰਦੇ ਹਨ ਉੱਨ ਬਾਰੀਕ ਹੋਵੇ ਤਾਂ ਇਨ੍ਹਾਂ ਸੈੱਲਾਂ ਦੇ ਕੰਢੇ ਮੋਟੀ ਕਿਸਮ ਦੀਆਂ ਉੱਨਾਂ ਨਾਲੋਂ ਵਧੇਰੇ ਨੇੜੇ ਨੇੜੇ ਹੁੰਦੇ ਹਨ ਇਨ੍ਹਾਂ ਨੂੰ ਸਿਰਫ਼ ਖ਼ੁਰਦਬੀਨ ਨਾਲ ਹੀ ਵੇਖਿਆ ਜਾ ਸਕਦਾ ਹੈ ਗਰਮੀ ਅਤੇ ਨਮੀ ਦੇ ਅਸਰ ਨਾਲ ਇਹ ਰੇਸ਼ੇ ਆਪੋ ਵਿਚ ਜੁੜ ਕੇ ਨਮਦੇ ਵਾਂਗ ਜੰਮ ਜਾਂਦੇ ਹਨ ਇਨ੍ਹਾਂ ਰੇਸ਼ਿਆਂ ਦੀ ਚਮਕ, ਸੈੱਲਾਂ ਦੇ ਆਕਾਰ ਅਤੇ ਸ਼ਕਲ ਅਨੁਸਾਰ ਹੁੰਦੀ ਹੈ ਮੋਟੀ ਕਿਸਮ ਦੇ ਰੇਸ਼ੇ ਦੀ ਚਮਕ ਵਧੇਰੇ ਹੁੰਦੀ ਹੈ ਸੈੱਲਾਂ ਦੀ ਉੱਪਰ ਦੱਸੀ ਪੌੜੀ ਨੁਮਾ ਸ਼ਕਲ ਤੋਂ ਰੇਸ਼ਿਆਂ ਦੀ ਮਜ਼ਬੂਤੀ ਵਧ ਜਾਂਦੀ ਹੈ ਬਾਰੀਕ ਉੱਨਾਂ ਦੇ ਰੇਸ਼ੇ ਦੀ ਅੰਦਰਲੀ ਤਹਿ, ਜਿਸ ਨੂੰ ਮੈਡੁਲਾ ਕਹਿੰਦੇ ਹਨ, ਦਿਸਦੀ ਨਹੀਂ ਪਰ ਮੋਟੀਆਂ ਕਿਸਮਾਂ ਵਿਚ ਵੇਖੀ ਜਾ ਸਕਦੀ ਹੈ ਮੈਡੁਲਾ ਵਿਚ ਹੀ ਉੱਨ ਦਾ ਰੰਗ ਵਾਲਾ ਅੰਸ਼ ਹੁੰਦਾ ਹੈ ਰੇਸ਼ੇ ਦੀ ਜੁੜਨ ਦੀ ਸ਼ਕਤੀ ਮੈਡੁਲਾ ਦੀ ਮੋਟਾਈ ਉੱਪਰ ਨਿਰਭਰ ਹੁੰਦੀ ਹੈ, ਜਿਉਂ ਜਿਉਂ ਇਹ ਵਧਦੀ ਜਾਂਦੀ ਹੈ ਇਹ ਰੇਸ਼ਾ ਵਧੇਰੇ ਟੁੱਟਣ ਯੋਗ ਹੁੰਦਾ ਜਾਂਦਾ ਹੈ

          ਉੱਨ ਦੇ ਭੌਤਿਕ ਗੁਣ

          ਘੁੰਗਰਾਲਾਪਨ (Crimpiness)– ਉੱਨ ਦੇ ਰੇਸ਼ੇ ਸੋਟੀ ਵਾਂਗ ਸਿੱਧੇ ਨਹੀਂ ਹੁੰਦੇ ਸਗੋਂ ਵਲਦਾਰ ਅਰਥਾਤ ਘੁੰਗਰਾਲੇ ਹੁੰਦੇ ਹਨ ਉੱਨ ਦੇ ਰੇਸ਼ਿਆਂ ਦੇ ਵਿਆਸ ਅਤੇ ਘੁੰਗਰਾਲੇ ਹੋਣ ਵਿਚ ਗੂੜ੍ਹਾ ਸੰਬੰਧ ਹੁੰਦਾ ਹੈ ਉੱਨ ਦਾ ਰੇਸ਼ਾ ਜਿੰਨਾ ਬਾਰੀਕ ਹੁੰਦਾ ਹੈ, ਉਸ ਵਿਚ ਉਤਨੇ ਹੀ ਵਲ ਵਧੇਰੇ ਹੁੰਦੇ ਹਨ ਇਕ ਸੈਂ. ਮੀ. ਵਿਚ 12 ਤੋਂ 23 ਤਕ ਵਲ ਹੁੰਦੇ ਹਨਉੱਨ ਦੇ ਰੇਸ਼ੇ ਦੀ ਕਿਸਮ ਦਾ ਅੰਦਾਜ਼ਾ ਵਲਾਂ ਤੋਂ ਹੀ ਲਾਇਆ ਜਾਂਦਾ ਹੈ

          ਲਚਕ –– ਉੱਨ ਦੇ ਰੇਸ਼ਿਆਂ ਦੇ ਖਿੱਚਣ ਤੋਂ ਪਿੱਛੋਂ ਮੁੜ ਕੇ ਪਹਿਲਾਂ ਵਾਲੀ ਥਾਂ ਤੇ ਜਾਣ ਦੇ ਗੁਣ ਨੂੰ ਲਚਕ ਆਖਦੇ ਹਨ ਜੇ ਉੱਨ ਦੇ ਢੇਰ ਨੂੰ ਦਬਾ ਕੇ ਛੱਡ ਦਿੱਤਾ ਜਾਵੇ ਤਾਂ ਉਹ ਫਿਰ ਪਹਿਲਾਂ ਵਾਂਗ ਹੀ ਫੁੱਲ ਜਾਂਦੀ ਹੈ ਉੱਨ ਦਾ ਇਹ ਗੁਣ ਉਸਦੇ ਵਲਾਂ ਅਤੇ ਸੈੱਲਾਂ ਕਰਕੇ ਹੁੰਦਾ ਹੈ ਉੱਨ ਦੇ ਰੇਸ਼ਿਆ ਨੂੰ ਖਿੱਚ ਕੇ ਤੋੜਨ ਦੇ ਬਗ਼ੈਰ ਹੀ 30 ਫ਼ੀ ਸਦੀ ਤਕ ਲੰਬਾ ਕੀਤਾ ਜਾ ਸਕਦਾ ਹੈ ਲਚਕ ਕਰਕੇ ਰੇਸ਼ਿਆਂ ਪਹਿਲਾਂ ਵਾਲੀ ਸ਼ਕਲ ਕਾਇਮ ਰਹਿੰਦੀ ਹੈ ਅਤੇ ਇਹ ਝੁਰੜੀਆਂ ਪੈਣ ਅਤੇ ਘਸਣ ਤੋਂ ਬਚ ਰਹਿੰਦੇ ਹਨ

          ਨਮਦਾ ਬਣਾਉਣਾਜੇ ਉੱਨ ਨੂੰ ਨਮੀ ਦੇਣ ਮਗਰੋਂ ਉੱਤੋਂ ਗਰਮੀ ਦੇ ਕੇ ਦਬਾ ਪਾਇਆ ਜਾਵੇ ਤਾਂ ਉਸ ਦੇ ਰੇਸ਼ੇ ਇਕ ਦੂਜੇ ਨਾਲ ਜੁੜ ਜਾਂਦੇ ਹਨ ਆਮ ਤੌਰ ਤੇ ਇਹ ਰੇਸ਼ੇ ਖਿੰਡੇ ਰਹਿੰਦੇ ਹਨ ਪਰ ਉੱਪਰ ਦੱਸਿਆ ਅਮਲ ਕਰਨ ਨਾਲ ਇਸ ਤੋਂ ਉਲਟ ਸਿੱਟਾ ਨਿਕਲਦਾ ਹੈ ਉੱਨ ਦਾ ਇਹ ਗੁਣ ਵੱਖ ਵੱਖ ਕਿਸਮਾਂ ਦੀਆਂ ਉੱਨਾ ਅਨੁਸਾਰ ਵੱਧ ਜਾਂ ਘੱਟ ਹੁੰਦਾ ਹੈ ਇਸ ਗੁਣ ਦੇ ਕਾਰਨ ਉੱਨ ਦੀ ਵਰਤੋਂ ਹੈਟ (hats), ਜੁੱਤੀਆਂ ਦੇ ਉੱਪਰਲੇ ਹਿੱਸਿਆਂ, ਫਰਸ਼ ਉੱਤੇ ਵਿਛਾਉਣ ਵਾਲੇ ਨਮਦਿਆਂ ਅਤੇ ਸ਼ਾਕ-ਪਰੂਫ (shock proof) ਅਤੇ ਆਵਾਜ਼-ਪਰੂਫ (sound proof) ਨਮਦੇ ਬਣਾਉਣ ਲਈ ਕੀਤੀ ਜਾਂਦੀ ਹੈ

          ਚਮਕਚਮਕ ਦੇ ਪੱਖ ਤੋਂ ਉੱਨ ਦੀਆਂ ਵੱਖ ਵੱਖ ਕਿਸਮਾਂ ਵਿਚ ਚੋਖਾ ਫ਼ਰਕ ਹੁੰਦਾ ਹੈ ਉੱਨ ਦੀ ਚਮਕ ਚਾਂਦੀ, ਕੱਚ ਅਤੇ ਰੇਸ਼ਮ ਵਰਗੀ ਤਿੰਨਾਂ ਕਿਸਮਾਂ ਦੀ ਹੁੰਦੀ ਹੈ ਚਾਂਦੀ ਵਰਗੀ ਜਾਂ ਹਲਕੀ ਚਮਕ ਬਾਰੀਕ ਜਾਂ ਵਧੇਰੇ ਵਲਾਂ ਵਾਲੀ ਮੈਰੀਨੋ ਉੱਨ ਦੀ ਹੁੰਦੀ ਹੈ ਕੱਚ ਵਰਗੀ ਚਮਕ ਸਭ ਤੋਂ ਵਧ ਸਿੱਧੇ ਅਤੇ ਚੀਕਣੇ ਰੇਸ਼ੇ ਦੀ ਅਤੇ ਰੇਸ਼ਮ ਵਰਗੀ ਚਮਕ ਲੰਬੇ ਰੇਸ਼ੇ ਤੇ ਲੰਬੇ ਵਲਾਂ ਵਾਲੀ ਉੱਨ ਦੀ ਹੁੰਦੀ ਹੈ

          ਰੰਗ- ਸਫ਼ੈਦ, ਕਾਲਾ ਅਤੇ ਭੂਰਾ ਉੱਨ ਦੇ ਕੁਦਰਤੀ ਰੰਗ ਹਨ ਪਾਲਤੂ ਭੇਡਾਂ ਦੀ ਉੱਨ ਬਹੁਤ ਕਰਕੇ ਚਿੱਟੀ ਹੁੰਦੀ ਹੈ ਰੰਗੀਨ ਉੱਨ ਸਭ ਤੋਂ ਵਧ ਪੁਰਾਣੀ ਨਸਲ ਦੀਆਂ  ਉਨਾਂ ਭੇਡਾਂ ਦੀ ਹੁੰਦੀ ਹੈ ਜਿਹੜੀਆਂ ਕਾਲੀਨ ਬਣਾਉਣ ਵਾਲੀ ਉੱਨ ਪੈਦਾ ਕਰਦੀਆਂ ਹਨ

          ਘਣਤਾ-ਕੁਦਰਤੀ ਰੇਸ਼ਿਆਂ ਵਿਚੋਂ ਉੱਨ ਸਭ ਤੋਂ ਹੌਲੀ ਹੁੰਦੀ ਹੈ ਇਸਦੀ ਘਣਤਾ 1.3 ਗਰਾਮ ਫੀ ਘਣ ਸੈਂ. ਮੀ. ਹੈ

          ਬਿਜਲਈ ਗੁਣ –– ਉੱਨ ਬਿਜਲੀ ਦੀ ਕੁਚਾਲਕ (bad conductor) ਹੈ ਅਤੇ ਇਸਨੂੰ ਰਗੜਨ ਨਾਲ ਇਸ ਦੇ ਵਿਚ ਆਸਾਨੀ ਨਾਲ ਸਥਿਰ ਬਿਜਲੀ ਪੈਦਾ ਹੋ ਜਾਂਦੀ ਹੈ ਜੋ ਉਸ ਨੂੰ ਸਾਫ਼ ਕਰਨ, ਇਕ ਦੂਜੇ ਤੋਂ ਵਖ ਕਰਨ ਅਤੇ ਸੁਕਾਉਣ ਦੇ ਕੰਮ ਵਿਚ ਰੋਕ ਪਾਉਂਦੀ ਹੈ

          ਗਰਮੀ ਦੀ ਸੰਭਾਲ –– ਉੱਨ ਦੀ ਗਰਮਾਇਸ਼ ਨੂੰ ਸਾਂਭ ਕੇ ਰੱਖਣ ਦਾ ਗੁਣ ਉਸਦੇ ਰੇਸ਼ੇ ਦੀ ਬਣਤਰ (ਵਲਾਂ) ਦੇ ਕਾਰਨ ਹੈ, ਜਿਨ੍ਹਾਂ ਕਰ ਕੇ ਉਸ ਵਿਚ ਹਵਾ ਦੇ ਛੋਟੇ ਛੋਟੇ ਖਾਨੇ ਬਣ ਜਾਂਦੇ ਹਨ ਜਿਨ੍ਹਾਂ ਵਿਚ ਰੁਕੀ ਹਵਾ ਗਰਮੀ ਨੂੰ ਆਪਣੇ ਵਿਚੋਂ ਲੰਘਣ ਤੋਂ ਰੋਕਦੀ ਹੈ ਉੱਨੀ ਕਪੜੇ ਅਣਗਿਣਤ ਰੇਸ਼ਿਆਂ ਦੇ ਬਣੇ ਹੋਏ ਹੋਣ ਕਾਰਨ, ਉਨ੍ਹਾਂ ਵਿਚ ਹਵਾ ਭਰੀ ਰਹਿੰਦੀ ਹੈ ਇਸ ਲਈ ਉਹ ਵੀ ਗਰਮੀ ਨੂੰ ਵਿਚੋਂ ਦੀ ਲੰਘ ਕੇ ਨਹੀਂ ਜਾਣ ਦਿੰਦੇ ੳਨ੍ਹਾਂ ਵਿਚ ਨਮੀ ਚੂਸਣ ਦਾ ਵੀ ਅਚੰਭੇ ਭਰਿਆ ਗੁਣ ਹੈ ਉੱਨ ਵਿਚ ਨਮੀ ਦੀ ਮਿਕਦਾਰ ਉਸ ਸਮੇਂ ਦੇ ਵਾਯੂਮੰਡਲ ਵਿਚ ਨਮੀ ਦੀ ਮਿਕਦਾਰ ਉੱਤੇ ਨਿਰਭਰ ਹੈ ਉੱਨ ਜਦੋਂ ਨਮੀ ਚੂਸਦੀ ਹੈ ਤਾਂ ਗਰਮੀ ਨਿਕਲਦੀ ਹੈ ਇਹ ਗਰਮੀ ਉਸ ਵਿਚ ਦਾਖ਼ਲ ਹੋਣ ਵਾਲੀ ਹਵਾ ਨੂੰ ਗਰਮ ਰੱਖਣ ਲਈ ਕਾਫ਼ੀ ਹੁੰਦੀ ਹੈ ਇਸ ਤੋਂ ਇਲਾਵਾ ਉੱਨ ਦੇ ਰੇਸ਼ਿਆਂ ਵਿਚ ਵਲਾਂ ਦੇ ਕਾਰਨ ਜੋ ਲਚਕ ਹੁੰਦੀ ਹੈ, ਉਸਦੇ ਸਿੱਟੇ ਵਜੋਂ ਅੰਦਰ ਵਾਲਾ ਕੱਪੜਾ ਸਰੀਰ ਨਾਲ ਨਹੀਂ ਜੁੜਦਾ ਅਤੇ ਸਰੀਰ ਤੇ ਕੱਪੜੇ ਦੇ ਵਿਚਕਾਰ ਹਵਾ ਦੀ ਇਕ ਪਤਲੀ ਤਹਿ ਪੈਦਾ ਹੋ ਜਾਂਦੀ ਹੈ ਜੋ ਗਰਮੀ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਦੀ ਹੈ

          ਕਰੜਾਈ –– ਕਰੜੀ ਹੋਣ ਕਰਕੇ ਉੱਨ ਇਕੱਠੀ ਨਹੀਂ ਹੁੰਦੀ, ਇਸ ਲਈ ਉੱਨ ਨੂੰ ਕੱਤਣਾ ਸੌਖਾ ਹੁੰਦਾ ਹੈ ਸੁੱਕੀ ਉੱਨ ਭਿੱਜੀ ਹੋਈ ਉੱਨ ਤੋਂ 15 ਗੁਣਾ ਵਧੇਰੇ ਕਰੜੀ ਹੁੰਦੀ ਹੈ ਇਸ ਲਈ ਮਿਲਾਂ ਵਿਚ, ਫ਼ੀ ਸਦੀ ਤਕ ਨਮੀ ਰੱਖਣੀ ਪੈਂਦੀ ਹੈ ਕਿਉਂਕਿ ਉੱਨ ਨੂੰ 15 ਤੋਂ 18 ਫ਼ੀ ਸਦੀ ਤਕ ਨਮੀ ਦੀ ਲੋੜ ਹੁੰਦੀ ਹੈ

          ਉੱਨ ਦੀ ਰਸਾਇਣਿਕ ਬਣਤਰ ਅਤੇ ਇਸ ਦੇ ਰਸਾਇਣਿਕ ਗੁਣ –– ਰਸਾਇਣਿਕ ਪੱਖ ਤੋਂ ਉੱਨ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਗੰਧਕ ਆਪੋ ਵਿਚ ਮਿਲੇ ਹੋਏ ਪ੍ਰੋਟੀਨਾਂ ਜਾਂ ਕੈਰਾਟੀਨਾਂ (Keratins) ਦੇ ਰੂਪ ਵਿਚ ਹੁੰਦੇ ਹਨ ਇਸ ਦੀ ਰਸਾਇਣਿਕ ਬਣਤਰ ਬਹੁਤ ਹੀ ਗੁੰਝਲਦਾਰ ਹੁੰਦੀ ਹੈ ਇਸ ਦੇ ਪ੍ਰੋਟੀਨਾਂ ਵਿਚ ਤੇਜ਼ਾਬੀ ਅਤੇ ਖਾਰੀ ਦੋਵੇਂ ਹੀ ਗੁਣ ਹੁੰਦੇ ਹਨ ਪਾਣੀ ਦੀ ਮਦਦ ਨਾਲ ਇਸਦਾ ਵਿਸ਼ਲੇਸ਼ਣ ਕਰਨ ਤੇ ਕਈ ਕਿਸਮਾਂ ਦੇ ਐਮੀਨੋ ਤੇਜ਼ਾਬ (amino acid) ਨਿਕਲਦੇ ਹਨ ਜੇ ਕਿਸੇ Oਤਿਕਰਮਕ (reagent) ਦੀ ਸਹਾਇਤਾ ਨਾਲ ਉੱਨ ਦੀ ਬਣਤਰ ਵਿਚ ਕਿਸੇ ਕਿਸਮ ਦੀ ਵੀ ਅਦਲਾ-ਬਦਲੀ ਕੀਤੀ ਜਾਵੇ ਤਾਂ ਊਨੀ ਰੇਸ਼ੇ ਦੇ ਕੁਦਰਤੀ ਗੁਣ ਨਸ਼ਟ ਹੋ ਜਾਂਦੇ ਹਨ ਆਮ ਤੌਰ ਤੇ ਆਕਸੀਕਾਰਕ (oxidizing agent) ਅਤੇ ਲਘੂਕਾਰਕ (reducing agent) ਰੌਸ਼ਨੀ ਤੇ ਖਾਰ ਉੱਨ ਦੇ ਸਿਸਟੀਨ ਲਿੰਕੇਜ (cysteine linkage) ਉੱਤੇ ਮਾੜਾ ਅਸਰ ਪਾਉਂਦੇ ਹਨ ਇਸ ਲਈ ਉੱਨ ਦੇ ਰੇਸ਼ਿਆਂ ਦਾ ਰੰਗਕਾਟ (bleaching) ਅਤੇ ਉਨ੍ਹਾਂ ਦੇ ਕਲੋਰੀਨੇਸ਼ਲ ਕਰਨ ਵੇਲੇ ਸੁਚੇਤ ਰਹਿਣਾ ਚਾਹੀਦਾ ਹੈ

          ਥੋੜ੍ਹੀ ਗਰਮੀ ਦਾ ਅਸਰ –– 4.5º ਤੋਂ 15.5 º ਸੈਂ. ਤਕ ਦੇ ਤਾਪਮਾਨ ਤੇ ਸਾਰੀਆਂ ਚਰਬੀ ਵਾਲੀਆਂ ਚੀਜ਼ਾਂ ਜੰਮ ਜਾਂਦੀਆਂ ਹਨ ਅਤੇ ਉਹ ਉੱਨ ਨੂੰ ਕਿਸੇ ਕਿਸਮ ਦੇ ਨੁਕਸਾਨ ਪਹੁੰਚਾਏ ਬਗ਼ੈਰ ਮਸ਼ੀਨੀ ਢੰਗ ਨਾਲ ਸਹਿਜੇ ਵੀ ਵਖ ਕੀਤੀਆਂ ਜਾ ਸਕਦੀਆਂ ਹਨ

          ਪਾਣੀ ਅਤੇ ਭਾਫ਼ ਦਾ ਅਮਲਠੰਢੇ ਜਾਂ ਗਰਮ ਪਾਣੀ ਅਤੇ ਭਾਫ਼  ਦੇ ਅਮਲ ਨਾਲ ਉੱਨ ਦੀ ਸ਼ਕਲ ਅਤੇ ਉਸ ਦੀ ਰੰਗੇ ਜਾਣ ਦੀ ਸ਼ਕਤੀ ਵਿਚ ਤਬਦੀਲੀ ਹੋ ਜਾਂਦੀ ਹੈ ਊਨੀ ਰੇਸ਼ਾ ਪਾਣੀ ਵਿਚ ਫੁੱਲ ਜਾਂਦਾ ਹੈ ਅਤੇ ਉਸ ਦਾ ਵਿਆਸ ਵਧ ਜਾਂਦਾ ਹੇ ਪਰ ਸੁੱਕ ਕੇ ਫੇਰ ਪਹਿਲਾਂ ਵਾਂਗ ਹੀ ਹੋ ਜਾਂਦਾ ਹੈ 120º ਸੈਂ. ਤੇ ਦਬਾ ਨਾਲ ਪਾਣੀ ਵਿਚ ਉਬਾਲਣ ਤੇ ਇਹ ਘੁਲ ਜਾਂਦਾ ਹੈ ਖ਼ੁਸ਼ਕ ਜਾਂ ਨਮੀਦਾਰ ਭਾਫ਼ ਦੇ ਅਸਰ ਨਾਲ ਉੱਨ ਕਮਜ਼ੋਰ ਹੋ ਜਾਂਦੀ ਹੈ ਜੇ ਇਸ ਨੂੰ ਬਹੁਤੀ ਦੇਰ ਤਕ ਦਬਾ ਕੇ ਰੱਖਿਆ ਜਾਵੇ ਤਾਂ ਇਹ ਕਮਜ਼ੋਰ ਹੁੰਦੀ ਜਾਂਦੀ ਹੈ ਤਾਪਮਾਨ ਦੇ ਵਾਧੇ ਨਾਲ ਇਹ ਨਰਮ ਹੋ ਜਾਂਦੀ ਹੈ ਅਤੇ ਫੇਰ ਠੰਢਾ ਪਾਣੀ ਵੀ ਉਸ ਨੂੰ ਉਸ ਦੀ ਪਹਿਲੀ ਹਾਲਤ ਵਿਚ ਨਹੀਂ ਲਿਆ ਸਕਦਾ ਇਹੋ ਸਿਧਾਂਤ ਹੀ ਉੱਨ ਅਤੇ ਇਸਦੀਆਂ ਬਣੀਆਂ ਚੀਜ਼ਾਂ ਦੇ ਆਖ਼ਰੀ ਅਮਲ ਦਾ ਆਧਾਰ ਹੈ

          ਤੇਜ਼ਾਬਾਂ ਦਾ ਅਮਲ –– ਹਲਕੇ ਤੇਜ਼ਾਬਾਂ ਦਾ ਉੱਨ ਉੱਤੇ ਕੋਈ ਬੁਰਾ ਅਸਰ ਨਹੀਂ ਪੈਂਦਾ, ਪਰ ਤੇਜ਼ ਤੇਜ਼ਾਬ ਇਸਨੂੰ ਕਮਜ਼ੋਰ ਕਰ ਦੇਂਦੇ ਹਨ ਜਾਂ ਕਦੀ ਕਦੀ ਰੇਸ਼ਿਆ ਨੂੰ ਘੋਲ ਵੀ ਦਿੰਦੇ ਹਨ  

          ਖਾਰਾਂ ਦਾ ਅਮਲਖਾਰ ਉੱਨ ਨੂੰ ਪੀਲੀ, ਸਖ਼ਤ ਤੇ ਨਮਦੇ ਵਰਗੀ ਬਣਾ ਦੇਂਦੇ ਹਨ ਸੋਡੀਅਮ ਕਾਰਬੋਨੇਟ (sodium carbonate) ਦੇ ਤੇਜ਼ ਜਾਂ ਗਰਮ ਅਤੇ ਹਲਕੇ ਘੋਲ ਨਾਲ ਉੱਨ ਖ਼ਰਾਬ ਹੋ ਜਾਂਦੀ ਹੈ ਹਲਕਾ ਕਾਸਟਿਕ ਸੋਡਾ (sodium hydro-oxide) ਵੀ ਉੱਨ ਨੂੰ ਖ਼ਰਾਬ ਕਰ ਦੇਂਦਾ ਹੈ ਕਾਸਟਿਕ ਖਾਰ ਦੇ ਗਰਮ ਘੋਲ ਵਿਚ ਤਾਂ ਉੱਨ ਬਿਲਕੁਲ ਹੀ ਘੁਲ ਜਾਂਦੀ ਹੈ

          ਕਲੋਰੀਨ (chlorine) ਅਤੇ ਹਾਈਪੋਕਲੋਰਾਈਟ (hypochorite) ਦਾ ਅਸਰਭਾਵੇਂ ਖ਼ੁਸ਼ਕ ਹਾਲਤ ਵਿਚ ਕਲੋਰੀਨ, ਬਰੋਮੀਨ ਅਤੇ ਆਇਉਡੀਨ ਦਾ ਉੱਨ ਉਤੇ ਖ਼ਾਸ ਅਸਰ ਨਹੀਂ ਪੈਂਦਾ ਤਾਂ ਵੀ ਨਮੀ ਵਿਚ ਉਹ ਉੱਨ ਨਾਲ ਰਲ ਕੇ ਹੈਲੋਜੈੱਨ (halogens) ਬਣਾਉਂਦੇ ਹਨ ਉੱਨ ਦੇ ਪ੍ਰੋਟੀਨਾਂ ਦਾ ਆਕਸੀਕਰਨ ਸ਼ੁਰੂ ਹੋ ਜਾਂਦਾ ਹੈ ਕਲੋਰੀਨ ਦੇ ਸਾਰੇ ਯੋਗਿਕ ਉੱਨ ਦੇ ਡਾਈਸਲਫਾਈਡ ਬੰਧਨ ਉੱਤੇ ਅਸਰ ਕਰ ਕੇ ਉਸ ਦੀ ਤਹਿ ਨੂੰ ਭੋਰਨਾ ਸ਼ੁਰੂ ਕਰ ਦੇਂਦੇ ਹਨ         

ਰੰਗਾਈਉੱਨ ਦਾ ਰੇਸ਼ਾ ਖਾਰ ਅਤੇ ਤੇਜ਼ਾਬ ਦੋਵੇਂ ਤਰ੍ਹਾਂ ਹੀ ਕੰਮ ਕਰਨ ਵਾਲਾ ਅਰਥਾਤ ਐਂਫੋਟੈਰਿਕ (amphoteric) ਰੇਸ਼ਾ ਹੈ ਇਸ ਲਈ ਇਹ ਸਭ ਤਰ੍ਹਾਂ ਦੇ ਰੰਗਾਂ ਨਾਲ ਰੰਗੀ ਜਾ ਸਕਦੀ ਹੈ ਉੱਨ ਨੂੰ ਰੰਗਣ ਲਈ ਸਭ ਤੋਂ ਮਹੱਤਵਪੂਰਨ ਤੇਜ਼ਾਬ ਅਤੇ ਕ੍ਰੋਮ ਵਾਲੇ ਰੰਗ ਹਨ ਕੁਝ ਵੈਟ (vat) ਰੰਗ ਦੀ ਲਾਭਦਾਇਕ ਹਨ

          ਫ਼ਾਰਮ-ਐਲਡਿਹਾਈਡ ਦਾ ਅਮਲ –– ਫਾਰਮ ਐਲਡਿਹਾਈਡ ਦੀ ਵਰਤੋਂ ਦੇ ਦੋ ਫਾਇਦੇ ਹਨ- ਇਕ ਤਾਂ ਇਹ ਖਾਰ ਅਤੇ ਤੇਜ਼ਾਬ ਦੇ ਅਸਰ ਤੋਂ ਬਚਾਉਂਦਾ ਹੈ, ਦੂਜੇ ਇਹ ਕੀਤਾ ਨਹੀਂ ਲੱਗਣ ਦੇਂਦਾ ਫ਼ਾਰਮ-ਐਲਡਿਹਾਈਡ ਦੇ 2.5 ਫੀ ਸਦੀ ਘੋਲ ਵਿਚ ਇਕ ਘੰਟੇ ਤਕ ਰੱਖਣ ਨਾਲ ਉੱਨ ਨੂੰ ਲੱਗਾ ਕੀਤਾ ਮਰ ਜਾਂਦਾ ਹੈ

          ਉੱਨ ਦੀ ਛਾਂਟੀਉੱਨ ਲਾਹੁਣ ਦੇ ਕਈ ਤਰੀਕੇ ਹਨ ਭੇਡਾਂ ਦੀ ਉੱਨ ਵੱਖ ਵੱਖ ਦੇਸ਼ਾਂ ਦੇ ਹਾਲਾਤ ਅਤੇ ਰਿਵਾਜ ਅਨੁਸਾਰ ਲਾਹੀ ਜਾਂਦੀ ਹੈ ਆਮ ਤੌਰ ਤੇ ਬੁੱਚੜ-ਖਾਨਿਆਂ ਵਿਚ ਭੇਜਣ ਤੋਂ ਪਹਿਲਾਂ ਅਤੇ ਰੇਤਲੇ ਇਲਾਕਿਆਂ ਵਿਚ ਚਰਨ ਲਈ ਘੱਲਣ ਤੋਂ ਪਹਿਲਾਂ ਉੱਨ ਲਾਹ ਲਈ ਜਾਂਦੀ ਹੈ ਉੱਨ ਸਾਲ ਵਿਚ ਵੱਧ ਤੋਂ ਵੱਧ ਦੋ ਵਾਰ ਲਾਹੁੰਦੇ ਹਨ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚ ਉੱਨ ਮਸ਼ੀਨ ਨਾਲ ਲਾਹੁੰਦੇ ਹਨ ਇਨ੍ਹਾਂ ਦੋਹਾਂ ਦੇਸ਼ਾ ਵਿਚ ਮਸ਼ੀਨ ਨਾਲ ਉੱਨਾ ਮੁੰਨਣ ਵਾਲੇ ਟੋਲੀਆਂ ਬਣਾ ਕੇ ਫਿਰਦੇ ਰਹਿੰਦੇ ਹਨ ਪਰ ਬਰਤਾਨੀਆ ਅਤੇ ਭਾਰਤ ਵਿਚ ਉੱਨ ਕੈਂਚੀਆਂ ਨਾਲ ਲਾਹੀ ਜਾਂਦੀ ਹੈ ਉੱਨ ਨੂੰ ਮੁੰਨਣ ਤੋਂ ਪਿੱਛੋਂ ਲੋੜ ਅਨੁਸਾਰ ਉਸਦੀ ਦਰਜਾਬੰਦੀ ਕੀਤੀ ਜਾਂਦੀ ਹੈ ਛਾਂਟੀ ਸਮੇਂ ਰੌਸ਼ਨੀ, ਉਪਰੋਂ ਪਾਉਂਦੇ ਹਨ ਕਿਉਂਕਿ ਹੋਰਾਂ ਪਾਸਿਆਂ ਤੋਂ ਰੌਸ਼ਨੀ ਆਉਣ ਨਾਲ ਦਰਜਾਬੰਦੀ ਠੀਕ ਤਰ੍ਹਾਂ ਨਹੀਂ ਹੋ ਸਕਦੀ

          ਉੱਨ ਦੀ ਛਾਂਟੀ ਸਮੇਂ ਬਹੁਤ ਸਾਵਧਾਨੀ ਤੋਂ ਕੰਮ ਲੈਂਦੇ ਹਨ ਕਿਉਂਕਿ ਪਹਾੜੀ ਭੇਡਾਂ ਦੀ ਉੱਨ ਵਿਚ ਕਈ ਵਾਰ ਅਜਿਹੇ ਕੀਟਾਣੂ ਹੁੰਦੇ ਹਨ ਜਿਨ੍ਹਾਂ ਨਾਲ ਮਨੁੱਖ ਨੂੰ ਐਂਥਰੈਕਸ (Anthrax) ਨਾਂ ਦੀ ਚਮੜੀ ਦੀ ਬੀਮਾਰੀ ਹੋ ਜਾਣ ਦਾ ਡਰ ਰਹਿਦਾ ਹੈ ਅਲਪਾਕਾ (Alpaka), ਕਸ਼ਮੀਰੀ, ਈਰਾਨੀ ਅਤੇ ਦੂਜੀ ਕਿਸਮ ਦੀਆਂ ਉੱਨਾ ਨੂੰ ਜਾਲੀਦਾਰ ਮੇਜ਼ ਉਤੇ ਖਿਲਾਰ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਉਹਦੇ ਹੇਠਾਂ ਪੱਖਾ ਚਲਾ ਦਿੱਤਾ ਜਾਂਦਾ ਹੈ, ਜਿਸ ਨਾਲ ਹਵਾ ਹੇਠਾਂ ਜਾਂਦੀ ਰਹਿੰਦੀ ਹੈ ਅਤੇ ਛਾਂਟੀ ਕਰਨ ਵਾਲਾ ਆਪਣਾ ਕੰਮ ਆਰਾਮ ਨਾਲ ਕਰ ਲੈਂਦਾ ਹੈ ਛਾਂਟੀ ਕਰਨ ਤੋਂ ਪਹਿਲਾਂ ਈਰਾਨੀ ਉੱਨ ਨੂੰ ਕੀਟਾਣੂ-ਰਹਿਤ ਕਰਨਾ ਜ਼ਰੂਰੀ ਹੈ

          ਉੱਨ ਦੀ ਛਾਂਟੀ ਉਸ ਦੀ ਬਾਰੀਕੀ, ਲੰਬਾਈ ਅਤੇ ਭੇਡ ਦੇ ਸਰੀਰ ਉੱਤੇ ਉਸ ਦੀ ਥਾਂ ਅਨੁਸਾਰ ਕੀਤੀ ਜਾਂਦੀ ਹੈ ਫੇਰ ਡਸਟਰ (duster) ਨਾਂ ਦੀ ਇਕ ਮਸ਼ੀਨ ਨਾਲ ਉੱਨ ਵਿਚ ਰਲੀ ਹੋਈ ਧੂੜ ਨੂੰ ਵੱਖ ਕੀਤਾ ਜਾਂਦਾ ਹੈ ਧੂੜ ਨੂੰ ਕੱਢਣ ਤੋਂ ਪਿੱਛੋਂ ਇਸ ਵਿਚੋਂ ਕੁਦਰਤੀ ਅਤੇ ਮਗਰੋਂ ਲੱਗੀ ਮੈਲ ਆਦਿ ਸਾਫ਼ ਕੀਤੀ ਜਾਂਦੀ ਹੈ

          ਕੁਦਰਤੀ ਮੈਲ ਵਿਚ ਇਕ ਕਿਸਮ ਦੀ ਮੋਮ ਵਰਗੀ ਭਾਰੀ ਚਿਕਨਾਹਟ ਹੁੰਦੀ ਹੈ ਜਿਸ ਨੂੰ ਅੰਗਰੇਜ਼ੀ ਵਿਚਯੋਕ’ (yolk) ਕਹਿੰਦੇ ਹਨ ਇਸ ਯੋਕ ਕਾਰਨ ਊਨੀ ਰੇਸ਼ਾ ਕੁਝ ਵੱਡਾ ਅਤੇ ਚੰਗੀ ਹਾਲਤ ਵਿਚ ਰਹਿੰਦਾ ਹੈ ਕੁਦਰਤੀ ਮੈਲ ਵਿਚ ਸੁੱਕਾ ਪਸੀਨਾ ਵੀ ਸ਼ਾਮਲ ਹੁੰਦਾ ਹੈ ਜੋ ਭੇਡ ਦੇ ਸਰੀਰ ਵਿਚੋਂ ਨਿਕਲ ਕੇ ਸੁੱਕ ਜਾਂਦਾ ਹੈ ਅਤੇ ਉੱਨ ਵਿਚ ਰਲ ਜਾਂਦਾ ਹੈ ਅੰਗਰੇਜ਼ੀ ਵਿਚ ਇਸ ਨੂੰਸੁਇੰਟ’ (suint) ਕਹਿੰਦੇ ਹਨ

          ਉੱਨ ਸਾਫ਼ ਕਰਨ ਦਾ ਤਰੀਕਾ ਇਹ ਹੈ ਕਿ ਪਹਿਲਾਂ ਉੱਨ ਨੂੰ ਕੋਸੇ ਪਾਣੀ ਵਿਚ ਭਿਉਂ ਦਿਤਾ ਜਾਂਦਾ ਹੈ, ਜਿਸ ਨਾਲ ਭੇਡ ਦਾ ਸੁੱਕਾ ਹੋਇਆ ਪਸੀਨਾ ਉੱਗਲ ਕੇ ਨਿਕਲ ਜਾਂਦਾ ਹੈ ਇਸ ਦੇ ਨਾਲ ਹੀ ਰੇਤ ਅਤੇ ਧੂੜ ਵੀ ਅੱਡ ਹੋ ਜਾਂਦੀ ਹੈ ਦੋ ਜਾਂ ਤਿੰਨ ਵਾਰ ਉਸ ਨੂੰ ਫੋਕੇ ਪਾਣੀ ਵਿਚ ਧੋਣ ਮਗਰੋਂ ਸਾਬਣ ਦੇ ਘੋਲ ਵਿਚ ਧੋ ਲਿਆ ਜਾਂਦਾ ਹੈ ਅੰਤ ਵਿਚ ਇਸ ਨੂੰ ਬਿਲਕੁਲ ਸਾਫ਼ ਪਾਣੀ ਵਿਚ ਧੋਇਆ ਜਾਂਦਾ ਹੈ

          ਉੱਨ ਦੇ ਧੋਣ ਨਾਲ ਇਕ ਕੀਮਤੀ ਚੀਜ਼ ਮਿਲਦੀ ਹੈ ਜਿਸ ਨੂੰ ਅੰਗਰੇਜ਼ੀ ਵਿਚ ਲੈਨੋਲਿਨ (lanolin) ਕਹਿੰਦੇ ਹਨ ਇਸ ਦੀ ਵਰਤੋਂ ਸੁੰਦਰਤਾ ਵਧਾਉਣ ਵਾਲੀ ਸ਼ਿੰਗਾਰ ਸਮੱਗਰੀ (cosmetics) ਤਿਆਰ ਕਰਨ ਲਈ ਕੀਤੀ ਜਾਂਦੀ ਹੈ ਇਸ ਨਾਲ ਮਨੁੱਖੀ ਚਮੜੀ ਚਿਕਨੀ ਅਤੇ ਮੁਲਾਇਮ ਹੋ ਜਾਂਦੀ ਹੈ ਇਸ ਨਾਲ ਉਦਯੋਗਿਕ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ ਚਿਹਰੇ ਤੇ ਲਾਉਣ ਵਾਲੀਆਂ ਕਰੀਮਾਂ, ਮੈਲ ਤੇ ਜ਼ੰਗਲ ਲਾਹੁਣ ਵਾਲੀਆਂ ਚੀਜ਼ਾਂ, ਮਲ੍ਹ, ਪਾਲਿਸ਼, ਸਿਆਹੀ, ਚਿੱਟੇ ਸਾਬਣ ਆਦਿ ਤਿਆਰ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ

          ਉੱਨ ਨੂੰ ਉੱਪਰ ਦੱਸੇ ਤਰੀਕੇ ਨਾਲ ਸਾਫ਼ ਕੀਤਿਆਂ ਕੁਦਰਤੀ ਮੈਲ ਲਹਿ ਜਾਂਦੀ ਹੈ ਪਰ ਕੱਖ ਕੰਡਾ ਆਦਿ ਕੁਝ ਚੀਜ਼ਾਂ ਫਿਰ ਵੀ ਉਸ ਵਿਚ ਫਸੀਆਂ ਰਹਿੰਦੀਆਂ ਹਨ  ਉੱਨ ਨੂੰ ਇਨ੍ਹਾਂ ਤੋਂ ਵੀ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ ਇਹ ਸਫ਼ਾਈ ਉੱਨ ਨੂੰ ਗੰਧਕ ਦੇ ਤੇਜ਼ਾਬ ਦੇ ਤਿੰਨ ਤੋਂ ਚਾਰ ਫ਼ੀ ਸਦੀ ਤਕ ਦੇ ਹਲਕੇ ਘੋਲ ਵਿਚ ਭਿਉਂ ਕੇ ਕੀਤੀ ਜਾਂਦੀ ਹੈ ਅਤੇ ਫਿਰ ਉਸ ਨੂੰ ਗਰਮ ਹਵਾ ਨਾਲ 121º ਸੈਂ. ਤਕ ਗਰਮ ਕੀਤਾ ਜਾਂਦਾ ਹੈ ਤਾਂ ਜੋ ਤੇਜ਼ਾਬ ਦਾ ਉੱਨ ਉੱਪਰ ਕੋਈ ਹਾਨੀਕਾਰਕ ਅਸਰ ਨਾ ਹੋਵੇ ਤੇਜ਼ਾਬ ਨਾਲ ਉਲੇਹਾ, ਭਖੜਾ ਆਦਿ ਸੜ ਜਾਂਦੇ ਹਨ

          ਤੁੰਬਾਈ (carding) – ਧੁਆਈ ਹੋ ਜਾਣ ਤੋਂ ਪਿੱਛੋਂ ਉੱਨ ਦੇ ਰੇਸ਼ੇ ਦਾ ਸੂਤ ਤਿਆਰ ਕਰਨ ਲਈ ਪਹਿਲਾਂ ਤੁੰਬਣ ਦੀ ਲੋੜ ਪੈਂਦੀ ਹੈ ਤੁੰਬਾਈ ਲਈ ਉੱਨ ਨੂੰ ਫੋਲ ਕੇ, ਫੇਰ ਮਸ਼ੀਨ ਰਾਹੀਂ ਇੰਜ ਇਕ-ਜਾਨ ਕੀਤਾ ਜਾਂਦਾ ਹੈ ਕਿ ਇਸਦੀ ਜਾਲੀ ਵਰਗੀ ਪਤਲੀ ਅਤੇ ਮੁਲਾਇਮ ਪੱਟੀ ਬਣ ਜਾਵੇ ਜਿਸ ਮਸ਼ੀਨ ਨਾਲ ਇਹ ਕੰਮ ਕੀਤਾ ਜਾਂਦਾ ਹੈ ਉਸ ਨੂੰ ਕਾਰਡਿੰਗ ਇੰਜਣ (carding engine) ਕਹਿੰਦੇ ਹਨ ਕਦੀ ਕਦੀ ਕਾਰਡਿੰਗ ਇੰਜਣ ਦੇ ਨਾਲ ਭਾਰੀ ਵੇਲਣੇ ਫਿੱਟ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਉੱਨ ਦੀ ਤੁੰਬਾਈ ਵਿਚ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਹੋ ਜਾਂਦੀ ਹੈ ਇਸ ਪਿੱਛੋਂ ਉੱਨ ਨੂੰ ਵੇਲਣਿਆਂ ਵਿਚੋਂ ਵੀ ਲੰਘਾਇਆ ਜਾਂਦਾ ਹੈ ਇਨ੍ਹਾਂ ਵੇਲਣਿਆਂ ਉਪਰ ਅਜਿਹਾਕਾਰਡਿੰਗ ਕਲਾਥ’ (carding cloth) ਚੜ੍ਹਿਆ ਹੋਇਆ ਹੁੰਦਾ ਹੈ ਜਿਸ ਵਿਚ ਲੋਹੇ ਦੀਆਂ ਬਾਰੀਕ ਅਤੇ ਛੋਟੀਆਂ ਛੋਟੀਆਂ ਹਜ਼ਾਰਾਂ ਤਾਰਾਂ ਹੁੰਦੀਆਂ ਹਨ ਇਹ ਤਾਰਾਂ ਰੋਲਰਾਂ ਵਿਚ ਇਕ ਦੂਜੇ ਦੇ ਸਾਹਮਣੇ ਲੱਗੀਆਂ ਹੋਈਆਂ ਹੁੰਦੀਆਂ ਹਨ ਅਤੇ ਲਚਕਦਾਰ ਹੁੰਦੀਆਂ ਹਨ ਇਨ੍ਹਾਂ ਨਾਲ ਉੱਨ ਦੇ ਰੇਸ਼ੇ ਸਿੱਧੇ ਤੇ ਸਮਾਂਤਰ ਹੋ ਜਾਂਦੇ ਹਨ ਕਈ ਹੋਰ ਵੇਲਣਿਆਂ ਦੇ ਵਿਚੋਂ ਦੀ ਹੁੰਦੀ ਹੋਈ ਉੱਨ ਅੰਤ ਵਿਚ ਬਿਲਕੁਲ ਪੱਧਰੀ ਤੇ ਫੁਲਵੀਂ ਪੱਟੀ ਬਣ ਜਾਂਦੀ ਹੈ ਫੇਰ ਮਸ਼ੀਨ ਦੇ ਆਖਰੀ ਹਿੱਸੇ ਵਿਚ ਕਈ ਤੰਗ ਪੱਟੀਆਂ ਵਿਚ ਵਟ ਜਾਂਦੀ ਹੈ ਅਤੇ ਚਮੜੇ ਦੇ ਵੱਡੇ ਪਟੇ ਉਪਰ ਚਲੀ ਜਾਂਦੀ ਹੈ ਪੂਣੀਆਂ ਬਣਾਉਣ ਵਿਚ ਹਥੇਲੀਆਂ ਵਾਂਗ ਕੰਮ ਕਰਦੇ ਹੋਏ ਇਹ ਪਟੇ ਰੇਸ਼ਿਆਂ ਨੂੰ ਤੰਗ ਘੇਰੇ ਵਿਚ ਦਬਾ ਲੈਂਦੇ ਹਨ ਇੰਜ ਕਤਾਈ ਲਈ ਪੂਣੀ ਤਿਆਰ ਹੋ ਜਾਂਦੀ ਹੈ ਇਉਂ ਕਰਦਿਆਂ ਹੋਇਆ ਟੁੱਟੇ ਹੋਏ ਰੇਸ਼ੇ ਅੱਡ ਨਿਕਲ ਜਾਂਦੇ ਹਨ ਇਸ ਕਿਸਮ ਦੇ ਸੂਤ ਨੁੰ ਊਨੀ ਸੂਤ ਕਹਿੰਦੇ ਹਨ ਅਤੇ ਇਸ ਨਾਲ ਜਿਹੜਾ ਕਪੜਾ ਤਿਆਰ ਹੁੰਦਾ ਹੈ ਉਹਨੂੰ ਊਨੀ ਕਪੜਾ ਕਹਿੰਦੇ ਹਨਵਰਸਟਡ ਕਲਾਥ’ (worsted cloth) ਵਿਚ ਉੱਨ ਦੇ ਰੇਸ਼ੇ ਇਕ ਦੂਜੇ ਦੇ ਸਮਾਂਤਰ ਰਹਿੰਦੇ ਹਨ ਅਤੇ ਇਸ ਲਈ ਇਹ ਕਪੜਾ ਕਾਫ਼ੀ ਲੰਮੇ ਰੇਸ਼ਿਆਂ ਨਾਲ ਬਣਦਾ ਹੈ

          ਸਮਾਂਤਰ ਢੰਗ ਨਾਲ ਰੇਸ਼ਿਆਂ ਨੂੰ ਕੱਢਣ ਲਈ ਉੱਨ ਦੇ ਗੋਹੜੇ ਨੂੰ ਦੂਹਰਾ ਕਰ ਦਿੱਤਾ ਜਾਂਦਾ ਹੈ ਅਤੇ ਉਸਨੂੰ ਦੋ ਵੇਲਣਿਆਂ ਦੇ ਵਿਚੋਂ ਦੀ ਲੰਘਾਇਆ ਜਾਂਦਾ ਹੈ ਉਸਦੇ ਅਗੇ ਦੋ ਹੋਰ ਵੇਲਣੇ ਕੁਝ ਤੇਜ਼ ਚਾਲ ਨਾਲ ਚਲਾਏ ਜਾਂਦੇ ਹਨ ਇਨ੍ਹਾਂ ਨਾਲ ਉੱਨ ਖਿੱਚੀ ਜਾਂਦੀ ਹੈ ਵੇਲਣਿਆਂ ਦੀ ਜੋੜੀ ਦੇ ਵਿਚਕਾਰ ਤੇਜ਼ੀ ਨਾਲ ਚਲਣ ਵਾਲੇ ਦੰਦੇ ਰੇਸ਼ਿਆਂ ਨੂੰ ਸਮਾਂਤਰ ਕਰਦੇ ਜਾਂਦੇ ਹਨ ਥੈਲੀ ਵਿਚ ਛੋਟੇ ਛੋਟੇ ਰੇਸ਼ੇ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਇਕ ਹੋਰ ਤਰੀਕੇ ਨਾਲ ਦੂਰ ਕੀਤਾ ਜਾਂਦਾ ਹੈ ਇਸ ਨੂੰ ਕੰਘੀ ਕਰਨਾ (combing) ਕਹਿੰਦੇ ਹਨ ਇਸ ਤੋਂ ਪਿੱਛੋਂ ਉੱਨ ਦਾ ਗੋਹੜਾ ਫੇਰ ਦੂਹਰਾ ਕਰ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਦੋ ਰੋਲਰਾਂ ਦੇ ਵਿਚੋਂ ਦੀ ਇਕ ਵਾਰ ਹੋਰ ਲੰਘਾਇਆ ਜਾਂਦਾ ਹੈ

          ਇਸ ਤੋਂ ਬਾਅਦ ਉੱਨ ਦੇ ਮੁੱਠੇ ਨੂੰ ਖਿੱਚ ਕੇ ਲੰਬਾ ਕੀਤਾ ਜਾਂਦਾ ਹੈ ਇਸ ਅਮਲ ਨੂੰ ਡਰਾਇੰਗ ਕਹਿੰਦੇ ਹਨ ਇਸ ਦਿਤੇ ਜਾਂਦੇ ਹਨ ਇਨ੍ਹਾਂ ਨੂੰ ਭਾਰੀ ਵੇਲਣਿਆਂ ਦੀਆਂ ਜੋੜੀਆਂ ਵਿਚੋਂ ਦੀ ਲੰਘਾਇਆ ਜਾਂਦਾ ਹੈ ਵੇਲਣਿਆਂ ਦੀ ਦੂਜੀ ਜੋੜੀ ਦੀ ਰਫ਼ਤਾਰ ਪਹਿਲੀ ਜੋੜੀ ਨਾਲੋਂ ਤੇਜ਼ ਹੁੰਦੀ ਹੈ ਇਸ ਅਮਲ ਨਾਲ ਮੋਟਾ ਸੂਤ ਪਤਲਾ ਹੁੰਦਾ ਜਾਂਦਾ ਹੈ ਲੋੜ ਅਨੁਸਾਰ ਪਤਲਾ ਹੋ ਜਾਣ ਤੇ ਕੱਚੇ ਸੂਤ ਨੂੰ ਫਿਰਕੀ ਜਾਂ ਨਲੀ ਉਪਰ ਲਪੇਟਿਆ ਜਾਂਦਾ ਹੈ

          ਉਪਰ ਦੱਸੇ ਗਏ ਕੱਚੇ ਸੂਤ ਨੂੰ ਵੱਟ ਲਿਆ ਜਾਂਦਾ ਹੈ ਜਿਸ ਨਾਲ ਇਹ ਪੱਕਾ ਹੋ ਜਾਂਦਾ ਹੈ ਫਿਰ ਇਸ ਸੂਤ ਦੀਆਂ ਅੱਟੀਆਂ ਬਣਾ ਲਈਆਂ ਜਾਂਦੀਆਂ ਹਨ ਜਿਹੋ ਜਿਹਾ ਸੂਤ ਤਿਆਰ ਕਰਨਾ ਹੋਵੇ ਉਹੋ ਜਿਹਾ ਹੀ ਉਸ ਨੂੰ ਵੱਟ ਚਾੜ੍ਹ ਦਿੱਤਾ ਜਾਂਦਾ ਹੈ ਇਸ ਅਮਲ ਨੂੰ ਕਤਾਈ ਕਹਿੰਦੇ ਹਨ ਸੂਤ ਦੀ ਕਤਾਈ ਲਈ ਕਿਸਮ ਦੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ

          ਕਪੜਾ ਬੁਣਨਾ –– ਜਿਸ ਮਸ਼ੀਨ ਤੇ ਕਪੜਾ ਬੁਣਿਆ ਜਾਂਦਾ ਹੈ ਉਸ ਦਾ ਨਾਂ ਖੱਡੀ ਹੈ ਖੱਡੀ ਜਾਂ ਤਾਂ ਹੱਥ ਨਾਲ ਚਲਦੀ ਹੈ ਜਾਂ ਬਿਜਲੀ ਨਾਲ ਖੱਡੀ ਉਪਰ ਕਪੜੇ ਦੀ ਬੁਣਾਈ ਦਾ ਕੰਮ ਬਹੁਤ ਕਰਕੇ ਉਸੇ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਸੂਤੀ ਅਤੇ ਰੇਸ਼ਮੀ ਕਪੜਾ ਬੁਣਨ ਦਾ ਬੁਣਾਈ ਮਗਰੋਂ ਕਪੜੇ ਨੂੰ ਚੰਗੀ ਤਰ੍ਹਾਂ ਵੇਖਿਆ ਜਾਂਦਾ ਹੈ ਤੇ ਜੇ ਕੋਈ ਕਸਰ ਰਹਿ ਜਾਵੇ ਤਾਂ ਉਹ ਪੂਰੀ ਕਰ ਦਿੱਤੀ ਜਾਂਦੀ ਹੈ ਕਦੀ ਕਦੀ ਬੁਣਾਈ ਵੇਲੇ ਕਪੜੇ ਵਿਚ ਗੰਢ ਪੈ ਜਾਂਦੀ ਹੈ ਜਾਂ ਕੁਝ ਧਾਗੇ ਰਹਿ ਜਾਂਦੇ ਹਨ ਇਹ ਨੁਕਸ ਹੱਥ ਨਾਲ ਠੀਕ ਕੀਤੇ ਜਾਂਦੇ ਹਨ

          ਬੁਣਾਈ ਵੇਲੇ ਕਪੜਾ ਗੰਦਾ ਹੋ ਜਾਂਦਾ ਹੈ, ਇਸ ਲਈ ਬੁਣਨ ਤੋਂ ਮਗਰੋਂ ਇਸ ਨੂੰ ਧੋ ਲਿਆ ਜਾਂਦਾ ਹੈ ਕਪੜੇ ਨੂੰ ਸਾਬਣ ਦੇ ਘੋਲ ਵਿਚ ਭਿਉਂ ਕੇ ਭਾਰੀ ਵੇਲਣਿਆਂ ਵਿਚੋਂ ਲੰਘਾਇਆ ਜਾਂਦਾ ਹੈ ਤਾਂ ਜੋ ਸਾਬਣ ਵਾਲਾ ਪਾਣੀ ਨਿਕਲ ਜਾਵੇ ਅੰਤ ਵਿਚ ਕਪੜੇ ਨੂੰ ਸਾਫ਼ ਪਾਣੀ ਨਾਲ ਧੋ ਕੇ ਸੁਕਾਇਆ ਜਾਂਦਾ ਹੈ ਸੁੱਕਣ ਤੇ ਕਪੜਾ ਸਖ਼ਤ ਹੋ ਜਾਂਦਾ ਹੈ

          ਕਪੜੇ ਵਿਚ ਸਫ਼ਾਈ ਲਿਆਉਣ ਲਈ ਇਸ ਤੋਂ ਨਿਕਲੇ ਹੋਏ ਧਾਗਿਆਂ ਨੂੰ ਮਸ਼ੀਨ ਨਾਲ ਛਾਂਟ ਦਿਤਾ ਜਾਂਦਾ ਹੈ ਜਿਸ ਮਸ਼ੀਨ ਰਾਹੀਂ ਧਾਗਿਆਂ ਦੀ ਛੰਟਾਈ ਦਾ ਕੰਮ ਹੁੰਦਾ ਹੈ ਉਸ ਵਿਚ ਦੋ ਗੋਲ ਛੁਰੀਆਂ ਹੁੰਦੀਆਂ ਹਨ, ਜਿੰਨਾਂ ਨਾਲ ਕਪੜੇ ਨੂੰ ਇਕ ਸਾਰ ਕਰ ਦਿੱਤਾ ਜਾਂਦਾ ਹੈ

          ਅੰਤ ਵਿਚ ਤਿਆਰ ਹੋਏ ਕਪੜੇ ਦੀ ਤਹਿ ਲਾਈ ਜਾਂਦੀ ਹੈ ਤਹਿ ਲਾਉਣ ਦਾ ਕੰਮ ਵੀ ਮਸ਼ੀਨ ਨਾਲ ਕੀਤਾ ਜਾਂਦਾ ਹੈ ਫਿਰ ਇਕ ਹੋਰ ਮਸ਼ੀਨ ਵਿਚ ਕਪੜੇ ਨੂੰ ਦਬਾਇਆ ਜਾਂਦਾ ਹੈ ਅਤੇ ਮਗਰੋਂ ਬਾਜ਼ਾਰ ਵਿਚ ਵਿਕਰੀ ਲਈ ਭੇਜ ਦਿੱਤਾ ਜਾਂਦਾ ਹੈ ਭਾਰਤ ਵਿਚ ਮੈਰੀਨੋ ਨਸਲ ਦੇ ਮੀਂਢੇ ਮੰਗਵਾਏ ਗਏ ਹਨ ਉਨ੍ਹਾਂ ਦਾ ਮਿਲਾਪ ਦੇਸੀ ਭੇਡਾਂ ਨਾਲ ਕਰਵਾਇਆ ਜਾ ਰਿਹਾ ਹੈ ਕਸ਼ਮੀਰ ਵਿਚ ਇਸ ਤਰ੍ਹਾਂ ਪੈਦਾ ਕੀਤੀ ਗਈ ਨਸਲ ਨੂੰਕਸ਼ਮੀਰੀ ਮੈਰੀਨੋਕਹਿੰਦੇ ਹਨ ਅਤੇ ਪੂਨੇ ਵਿਚ ਇਸੇ ਢੰਗ ਨਾਲ ਪੈਦਾ ਕੀਤੀ ਗਈ ਨਸਲ ਨੂੰਦੱਖਣੀ ਮੈਰੀਨੋਆਖਦੇ ਹਨ ਉੱਤਰ ੍ਰਦੇਸ਼ ਵਿਚ ਜਿੱਥੇ ਪਹਾੜਾਂ ਉਪਰ ਮੈਰੀਨੋ ਜਾਂਰੈਮਬੁਲੇਦਾ ਮੇਲ ਰਾਮਪੁਰ ਬੁਸ਼ਹਿਰ ਨਸਲ ਦੀਆਂ ਭੇਡਾਂ ਨਾਲ ਕਰਾਇਆ ਜਾ ਰਿਹਾ ਹੈ ਅਜੇ ਤਕ ਕੋਈ ਨਵੀਂ ਨਸਲ ਕਾਇਮ ਨਹੀਂ ਕੀਤੀ ਗਈ

          ਪਸ਼ਮੀਨਾ ਜੋ ਦੁਨੀਆ ਭਰ ਵਿਚ ਪਸ਼ੂਆਂ ਤੋਂ ਮਿਲਣ ਵਾਲੇ ਰੇਸ਼ਿਆਂ ਵਿਚੋਂ ਸਭ ਨਾਲੋਂ ਵਧੀਆਂ ਮੰਨਿਆ ਗਿਆ ਹੈ, ਕਸ਼ਮੀਰ ਅਤੇ ਤਿੱਬਤ ਦੀਆਂ ਬਕਰੀਆਂ ਤੋਂ ਮਿਲਦਾ ਹੈ

          ਗੁਣਾਂ ਦੇ ਪੱਖ ਤੋਂ ਮਾਹਿਰਾਂ ਨੇ ਉੱਨ ਨੂੰ ਵੱਖ ਵੱਖ ਕਿਸਮਾਂ ਵਿਚ ਵੰਡਿਆ ਹੈ, ਰੇਸ਼ੇ ਦੀ ਲੰਬਾਈ, ਉਸ ਦੇ ਵਲ, ਕੋਮਲਤਾ ਅਤੇ ਚਮਕ ਕੁਝ ਅਜਿਹੇ ਗੁਣ ਹਨ ਜਿਨ੍ਹਾਂ ਦੇ ਆਧਾਰ ਤੇ ਉੱਨ ਦੀ ਦਰਜਾਬੰਦੀ ਕੀਤੀ ਜਾਂਦੀ ਹੈ ਇਨ੍ਹਾਂ ਵਿਚੋਂ ਬਹੁਤੇ ਗੁਣ ਇਕ ਦੂਜੇ ਨਾਲ ਸੰਬੰਧ ਰਖਦੇ ਹਨ ਦੂਜੇ ਦੇਸ਼ਾਂ ਵਿਚ ਉੱਨ ਛਾਂਟਣ ਦਾ ਕੰਮ ਇਕ ਕਲਾ ਬਣ ਗਿਆ ਹੈ ਉਸ ਨੂੰ ਸੈਂਕੜੇ ਵਰਗਾਂ ਵਿਚ ਵੰਡਿਆ ਜਾਂਦਾ ਹੈ ਪਰ ਇਹ ਗੱਲ ਭਾਰਤੀ ਉੱਨ ਉਤੇ ਲਾਗੂ ਨਹੀਂ ਹੁੰਦੀ ਬਹੁਤੀਆਂ ਭਾਰਤੀ ਉੱਨਾਂ ਆਪਣੇ ਵਪਾਰਕ ਨਾਵਾਂ ਨਾਲ ਛਾਂਟੀਆਂ ਜਾਂਦੀਆਂ ਹਨ ਤੇ ਇਹ ਨਾਂ ਪੈਦਾਵਾਰ ਦੇ ਭੂਗੋਲਿਕ ਖੇਤਰ ਅਨੁਸਾਰ ਰਖੇ ਜਾਂਦੇ ਹਨ ਦਸੌਰ ਭੇਜੀਆਂ ਜਾਣ ਵਾਲੀਆਂ ਉੱਨਾਂ ਇਹ ਹਨ––

          ਜੋਰੀਆ, ਬੀਕਾਨੇਰੀ, ਰਾਪੂਤਾਨੀ, ਪਸ਼ੌਰੀ, ਬਿਆਵਰੀ, ਮਾਰਵਾੜੀ ਅਤੇ ਆਮ ਕਾਲੀ ਅਤੇ ਕਥਈ ਉੱਨ

          ਜਦ ਤੋਂ ਮਨੁੱਖ ਨੇ ਆਪਣੇ ਸਰੀਰ ਨੂੰ ਢਕਣ ਲਈ ਭੇਡ ਦੀ ਖੱਲ ਦੀ ਵਰਤੋਂ ਸ਼ੁਰੂ ਕੀਤੀ ਤਦ ਤੋਂ ਲੈ ਕੇ ਹੁਣ ਤਕ ਮਨੁੱਖ ਉੱਨ ਉੱਪਰ ਵਧੇਰੇ ਨਿਰਭਰ ਹੁੰਦਾ ਜਾ ਰਿਹਾ ਹੈ ਇਥੋਂ ਤਕ ਕਿ ਸਾਡੇ ਜੀਵਨ ਦਾ ਸ਼ਾਇਦ ਕੋਈ ਹੀ ਅਜਿਹਾ ਪਹਿਲੂ ਰਹਿ ਗਿਆ ਹੋਵੇਗਾ ਜਿਸ ਵਿਚ ਉੱਨ ਕੰਮ ਨਾ ਆਉਂਦੀ ਹੋਵੇ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਉੱਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉੱਨ, ਸੰਸਕ੍ਰਿਤ (ਉਰਣ) / ਇਸਤਰੀ ਲਿੰਗ : ਭੇਡ ਬੱਕਰੀ ਆਦਿ ਦੀ ਜੱਤ ਜਿਸ ਨੂੰ ਤੁੰਬ ਕੱਤ ਕੇ ਸੂਤ ਬਣਾਈ ਦਾ ਹੈ ਤੇ ਫੇਰ ਗਰਮ ਕੱਪੜੇ ਬਣਦੇ ਹਨ

–ਉੱਨ ਲਾਹੁਣਾ, ਮੁਹਾਵਰਾ : ਲਾਗ ਲੈਣਾ, ਠੱਗ ਲੈਣਾ, ਬਹੁਤਾ ਮੁਨਾਫ਼ਾ ਲੈਣਾ, ਮੁਨਾਸਬ ਤੋਂ ਵੱਧ ਮੁਲ ਲੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-02-32-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.