ਕਮਾਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਾਦ (ਨਾਂ,ਪੁ) ਵੇਲਣੇ ਦੁਆਰਾ ਕੱਢੀ ਰਹੁ ਕਾੜ੍ਹ ਕੇ ਗੁੜ ਸ਼ੱਕਰ ਚੀਨੀ ਆਦਿ ਬਣਾਏ ਜਾਣ ਵਾਲੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਮਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਾਦ [ਨਾਂਪੁ] ਗੰਨਾ , ਇੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਮਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਾਦ. ਸੰਗ੍ਯਾ—ਕੁ (ਜ਼ਮੀਨ) ਦਾ ਮਦ. ਇੱਖ. “ਤੋਇਅਹੁ ਅੰਨ ਕਮਾਦ ਕਪਾਹਾ.” (ਮ: ੧ ਵਾਰ ਮਲਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਮਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਮਾਦ : ਬਾਹਰਲੀ ਦੁਨੀਆ ਨੂੰ ਇਸ ਬਾਰੇ ਪਤਾ ਲਗਣ ਤੋਂ ਬਹੁਤ ਚਿਰ ਪਹਿਲਾਂ ਭਾਰਤੀ ਲੋਕ ਕਮਾਦ ਤੋਂ ਭਲੀ ਭਾਂਤ ਜਾਣੂ ਸਨ। ਸਿਕੰਦਰ ਮਹਾਨ ਅਤੇ ਉਸਦੇ ਸੈਨਿਕ ਜਦ ਹਿੰਦੁਸਤਾਨ ਦੀ ਮੁਹਿੰਮ ਤੋਂ ਬਾਅਦ ਵਾਪਸ ਪਰਤਣ ਲੱਗੇ ਤਾਂ ਉਹ ਕੁਝ ਕਮਾਦ ਆਪਣੇ ਨਾਲ ਲੈ ਗਏ, ਜਿਸ ਨੂੰ ਉਨ੍ਹਾਂ ਨੇ ਹਨੀ ਰੀਡ ਦਾ ਨਾਂ ਦਿਤਾ। ਕਮਾਦ ਵਰਗੀ ਚੀਜ਼ ਜਦ ਯੂਨਾਨ ਵਿਚ ਪਹੁੰਚੀ ਤਾਂ ਇਸ ਨੂੰ ਉਥੇ ਬਹੁਤ ਪ੍ਰਸਿੱਧਤਾ ਮਿਲੀ ਅਤੇ ਉਸ ਸਮੇਂ (350 ਈ. ਪੂ.) ਵੀ ਇਹ ਵੱਡਮੁੱਲੀ ਗਿਣੀ ਗਈ ਹੋਵੇਗੀ। ਅੱਠਵੀਂ ਸਦੀ ਦੇ ਚੀਨੀ ਕਾਮੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਕਮਾਦ ਅਤੇ ਇਸ ਤੋਂ ਪੈਦਾ ਹੁੰਦੀਆਂ ਉਪਜਾਂ ਦਾ ਗਿਆਨ ਭਾਰਤ (800 ਈ. ਪੂ.) ਤੋਂ ਹੀ ਪ੍ਰਾਪਤ ਹੋਇਆ ਸੀ। ਸਾਖੀਆ (ਚੰਦਰਗੁਪਤ ਦੇ ਸਮੇਂ) ਜਾਤੀ ਦੇ ਲੋਕਾਂ ਲਈ ਕਮਾਦ ਇਕ ਤਰ੍ਹਾਂ ਦਾ ਬੈਜ (ਚਿੰਨ੍ਹ) ਸੀ। ਸੰਨ 600 ਈ. ਪੂ. ਵਿਚ ਚੀਨ ਦੇ ਸ਼ਹਿਨਸ਼ਾਹ ਸਾਈ ਹੈਂਗ ਨੇ ਆਪਣੇ ਦੂਤ ਭਾਰਤ ਭੇਜੇ ਤਾਂ ਜੋ ਉਹ ਸ਼ੱਕਰ ਬਣਾਉਣ ਦੀ ਕਲਾ ਸਿਖ ਕੇ ਆਉਣ। ਸ਼ਾਇਦ ਇਹ ਪਹਿਲਾ ਪ੍ਰਮਾਣ ਹੈ ਕਿ ਜਦੋਂ ਕੋਈ ਤਕਨੀਕੀ ਕਮਿਸ਼ਨ ਇਸ ਤਰ੍ਹਾਂ ਦੀ ਕਲਾ ਬਾਰੇ ਕਿਸੇ ਬਾਹਰਲੇ ਦੇਸ਼ ਵਿਚ ਭੇਜਿਆ ਗਿਆ ਸੀ।

          ਉਤਪਤੀ––ਮੋਟੇ ਤਣੇ ਵਾਲੇ ਉੱਚੇ ਅਤੇ ਉੱਤਮ ਕਮਾਦ ਸੈਕਰਮ ਆਫ਼ੀਸਿਨੇਰਮ (Saccharum officinarum) ਦੀ ਉਤਪਤੀ ਨਿਊਗਿਨੀ ਖੇਤਰ ਵਿਚ ਜੰਗਲੀ ਕਿਸਮ ਸੈਕਰਮ ਰੋਬਸਟਮ (S. robustum) ਤੋਂ ਹੋਈ ਜਾਪਦੀ ਹੈ। ਉੱਤਰੀ ਭਾਰਤ ਦੀ ਦੇਸੀ ਕਿਸਮ ਸੈਕਰਮ ਸਾਈਨੈਂਸ ਅਤੇ ਸੈਕਰਮ ਬਾਰਬੇਰੀ (S. barbari) ਜਾਤੀਆਂ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਉੱਤਰੀ ਭਾਰਤ ਵਿਚ ਸੈਕਰਮ ਆਫ਼ੀਸਿਨੇਰਮ ਅਤੇ ਸੈਕਰਮ ਸਪੌਨਟੇਨੀਅਮ (S. spontaneum) ਦੇ ਕੁਦਰਤੀ ਦੋਗਲੇਪਣ ਤੋਂ ਪੈਦਾ ਹੋਈਆਂ।

          ਵਰਗੀਕਰਨ––ਕਮਾਦ ਸੈਕਰਮ ਪ੍ਰਜਾਤੀ ਨਾਲ ਸਬੰਧਤ ਹੈ। ਇਸ ਪ੍ਰਜਾਤੀ ਵਿਚ 5 ਜਾਤੀਆਂ ਸ਼ਾਮਲ ਹਨ। ਇਨ੍ਹਾਂ ਪੰਜਾਂ ਵਿਚੋਂ ਤਿੰਨ ਕਾਸ਼ਤ ਕੀਤੀਆਂ ਜਾਂਦੀਆਂ ਹਨ ਅਤੇ ਦੋ ਜੰਗਲੀ ਹਨ। ਇਹ ਜਾਤੀਆਂ ਇਵੇਂ ਹਨ––

          ਸੈਕਰਮ ਆਫ਼ੀਸਿਨੇਰਮ––ਇਸ ਜਾਤੀ ਵਿਚ ਨਿਊਗਿਨੀ ਖੇਤਰ ਦੇ ਊਸ਼ਣ-ਖੰਡੀ ਉੱਤਮ ਗੰਨੇ ਸ਼ਾਮਲ ਹਨ। ਇਸ ਦੇ ਗੰਨੇ ਸੰਘਣੇ, ਨਰਮ ਤਣੇ ਵਾਲੇ ਅਤੇ ਜ਼ਿਆਦਾ ਝਾੜ ਵਾਲੇ ਹਨ। ਇਨ੍ਹਾਂ ਵਿਚ ਸ਼ੱਕਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿਚ ਪ੍ਰਸਿੱਧ ਵਪਾਰਕ ਕਿਸਮ ਚੈਰੀਬੋਨ ਵੀ ਸ਼ਾਮਲ ਹਨ। ਉੱਤਮ ਸ਼ਬਦ ਜਾਵਾ ਦੇ ਕਾਮਿਆਂ ਦੁਆਰਾ ਇਸ ਲੰਬੇ, ਸੋਹਣੇ, ਮੋਟੇ ਤਣੇ ਵਾਲੇ ਅਤੇ ਰੰਗਦਾਰ ਗੰਨਿਆਂ ਲਈ ਵਰਤਿਆ ਗਿਆ ਸੀ। ਇਸ ਜਾਤੀ ਦੇ ਪੌਦੇ ਭੈੜੀਆਂ ਜਲਵਾਯੂ ਹਾਲਤਾਂ ਜਿਵੇਂ ਸੋਕਾ, ਕੋਰਾ ਅਤੇ ਬਿਮਾਰੀਆਂ ਆਦਿ ਸਹਿਣ ਨਹੀਂ ਕਰ ਸਕਦੇ।

          ਸੈਕਰਮ ਸਾਈਨੈਂਸ ਅਤੇ ਸੈਕਰਮ ਬਾਰਬੇਰੀ––ਇਨ੍ਹਾਂ ਜਾਤੀਆਂ ਦੇ ਗੰਨੇ ਪਤਲੇ ਤਣੇ, ਚੰਗੇ ਬਲ, ਜਲਦੀ ਪੱਕਣ ਵਾਲੇ ਹੁੰਦੇ ਹਨ ਅਤੇ ਇਨ੍ਹਾਂ ਵਿਚ ਸੋਕਾ, ਕੋਰਾ ਅਤੇ ਬਿਮਾਰੀਆਂ ਸਹਿ ਸਕਣ ਪ੍ਰਤਿ ਜ਼ਿਆਦਾ ਸਹਿਣ ਸ਼ਕਤੀ ਹੁੰਦੀ ਹੈ। ਇਸ ਜਾਤੀ ਦੇ ਪੌਦੇ ਚੀਨ ਅਤੇ ਭਾਰਤ ਦੇ ਮੂਲ ਸਥਾਨੀ ਹਨ।

          ਸੈਕਰਮ ਸਪੌਂਟੇਨੀਅਮ––ਇਸ ਜਾਤੀ ਦੀਆਂ ਕਿਸਮਾਂ ਦੇ ਗੰਨਿਆਂ ਦੇ ਤਣੇ ਪਤਲੇ, ਜ਼ਿਆਦਾ ਮੁੱਢ ਕੱਢਣ ਦੀ ਸਮਰੱਥਾ, ਜ਼ਿਆਦਾ ਰੇਸ਼ੇ ਦੀ ਮਾਤਰਾ ਅਤੇ ਬਹੁਤ ਘੱਟ ਸ਼ੱਕਰ ਵਾਲੇ ਹੁੰਦੇ ਹਨ। ਇਸ ਜਾਤੀ ਦੀਆਂ ਵਖ-ਵਖ ਕਿਸਮਾਂ ਸੋਕੇ ਅਤੇ ਕੋਰੇ ਦਾ ਬਹੁਤ ਹੱਦ ਤਕ ਮੁਕਾਬਲਾ ਕਰ ਸਕਦੀਆਂ ਹਨ।

          ਸੈਕਰਮ ਰੋਬਸਟਮ––ਇਕ ਜੰਗਲੀ ਕਿਸਮ ਹੈ ਜੋ ਨਿਊਗਿਨੀ ਵਿਚ 1928 ਵਿਚ ਲੱਭੀ ਗਈ। ਇਸ ਦੇ ਗੰਨੇ ਲੰਬੇ ਦਰਮਿਆਨੀ ਮੋਟਾਈ ਦੇ ਹੁੰਦੇ ਹਨ ਪਰ ਇਹ ਰੇਸ਼ੇਦਾਰ ਅਤੇ ਬਹੁਤ ਘੱਟ ਸ਼ੱਕਰ ਵਾਲੇ ਹੁੰਦੇ ਹਨ।

          ਇਸ ਜਾਤੀ ਦੀਆਂ ਵੱਖ-ਵੱਖ ਕਿਸਮਾਂ ਸੋਕੇ ਅਤੇ ਕੋਰੇ ਦਾ ਬਹੁਤ ਹੱਦ ਤਕ ਮੁਕਾਬਲਾ ਕਰ ਸਕਦੀਆਂ ਹਨ।

          ਕਮਾਦ ਦਾ ਪੌਦਾ––ਕਮਾਦ ਦਾ ਪੌਦਾ ਲੰਬਾ, ਮੋਟਾ ਤੇ ਤਣੇਦਾਰ ਘਾਹ ਹੈ ਜੈ ਗ੍ਰੈਮਿਨੀ ਕੁਲ ਨਾਲ ਸਬੰਧਤ ਹੈ। ਇਸ ਦਾ ਤਣਾ ਸਿਲਿੰਡਰਾ-ਕਾਰ ਹੁੰਦਾ ਹੈ, ਜਿਸਦਾ ਘੇਰਾ 2.0 ਤੋਂ 3.5 ਸੈਂ. ਮੀ. ਹੋ ਸਕਦਾ ਹੈ। ਇਸ ਦਾ ਤਣਾ ਜੋੜਾਂ ਜਾਂ ਭਾਗਾਂ ਦਾ ਬਣਿਆ ਹੁੰਦਾ ਹੈ। ਹਰੇਕ ਤਣੇ ਵਿਚ 10-15 ਜੋੜ ਹੁੰਦੇ ਹਨ ਜਿਨ੍ਹਾਂ ਦੀ ਗਿਣਤੀ ਕਿਸਮ ਤੇ ਨਿਰਭਰ ਕਰਦੀ ਹੈ। ਹਰੇਕ ਜੋੜ ਗੰਢਾਂ ਅਤੇ ਪੋਰੀਆਂ ਦਾ ਬਣਿਆ ਹੁੰਦਾ ਹੈ। ਹਰੇਕ ਗੰਢ ਤੇ ਇਕ ਅੱਖ ਜਾਂ ਡੋਡੀ ਹੁੰਦੀ ਹੈ ਪਰ ਜਿਸ ਵਿਚ ਨਵੇਂ ਪੌਦੇ ਦੀ ਭਰੂਣ ਟਿਕੀ ਰਹਿੰਦੀ ਹੈ ਅਤੇ ਇਹ ਅੱਖਾਂ ਤਣੇ ਉਪਰ ਦੋ ਕਤਾਰਾਂ ਵਿਚ ਬਦਲਵੀਂ ਹਾਲਤ ਵਿਚ ਹੁੰਦੀਆਂ ਹਨ। ਜੜ੍ਹਾਂ ਮੁਢਲੀਆਂ (ਪ੍ਰਾਈਮੌਰਡੀਅਲ) ਗੰਢਾਂ ਵਾਲੇ ਖੇਤਰ ਵਿਚ ਇਕ ਜਾਂ ਇਕ ਤੋਂ ਵੱਧ ਰਿੰਗਾਂ ਵਿਚ ਹੁੰਦੀਆਂ ਹਨ। ਕਮਾਦ ਦੇ ਤਣੇ ਦਾ ਰੰਗ ਹਰਾ, ਪੀਲਾ ਹਰਾ ਜਾਂ ਜਾਮਨੀ ਹੁੰਦਾ ਹੈ, ਜੋ ਕਿਸਮ ਤੇ ਨਿਰਭਰ ਕਰਦਾ ਹੈ। ਇਸ ਦੇ ਪੱਤੇ ਸ਼ੀਥ ਅਤੇ ਬਲੇਡ ਦੇ ਬਣੇ ਹੁੰਦੇ ਹਨ। ਜ਼ਮੀਨ ਹੇਠਲਾ ਹਿੱਸਾ ਜਿਸ ਨੂੰ ਸਟੁਬਲ ਕਿਹਾ ਜਾਂਦਾ ਹੈ ਬਹੁਤ ਸਾਰੇ ਛੋਟੇ ਜੋੜਾਂ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਵਿਚ ਗੰਢਾਂ ਅਤੇ ਪੋਰੀਆਂ ਹੁੰਦੀਆਂ ਹਨ। ਹਰੇਕ ਗੰਢ ਤੇ ਇਕ ਅੱਖ ਹੁੰਦੀ ਹੈ। ਇਕ ਵਧ ਰਿਹਾ ਪੌਦਾ ਪ੍ਰਾਇਮਰੀ ਜਾਂ ਮੁਢਲੀ ਸ਼ੂਟ ਅਤੇ ਸੈਕੰਡਰੀ ਸ਼ੂਟ ਜਾਂ ਟਿਲਰਜ਼ ਦਾ ਬਣਿਆ ਹੁੰਦਾ ਹੈ ਜਿਸ ਨੂੰ ਇਕੱਠੇ ਤੌਰ ਤੇ ਸਟੂਲ ਕਿਹਾ ਜਾਂਦਾ ਹੈ। ਪੌਦਿਆਂ ਦਾ ਵਾਧਾ ਪੌਦਿਆਂ ਦੇ ਹਿੱਸੇ ਕੱਟ ਕੇ ਜਾਂ ਸਾਰਾ ਪੌਦਾ ਵਰਤ ਕੇ ਹੀ ਕੀਤਾ ਜਾਂਦਾ ਹੈ। ਕਮਾਦ ਦਾ ਜੜ੍ਹ ਸਿਸਟਮ ਸਿਰਫ ਉਪਰਲੇ 30 ਸੈਂ. ਮੀ. ਡੂੰਘਾਈ ਤਕ ਹੀ ਸੀਮਿਤ ਹੁੰਦਾ ਹੈ ਪਰ ਜੜ੍ਹਾਂ 150 ਸੈਂ. ਮੀ. ਡੂੰਘਾਈ ਤਕ ਵੀ ਵੇਖੀਆਂ ਜਾ ਸਕਦੀਆਂ ਹਨ। ਜੜ੍ਹਾਂ ਪਤਲੀਆਂ, ਰੇਸ਼ੇਦਾਰ ਅਤੇ ਕਾਫ਼ੀ ਸ਼ਾਖ਼ਾਵਾਂ ਵਾਲੀਆਂ ਹੁੰਦੀਆਂ ਹਨ।

          ਕਮਾਦ ਨਸਲਕਸ਼ੀ ਅਤੇ ਕਿਸਮਾਂ––ਕਮਾਦ ਦੇ ਬੂਟਿਆਂ ਦਾ ਵਾਧਾ (ਕਾਇਆ ਪ੍ਰਵਰਧਨ) ਤਣੇ ਦੀਆਂ ਕਲਮਾਂ, ਜਿਨ੍ਹਾਂ ਨੂੰ ਸੀਡ ਸੈੱਟਸ ਕਿਹਾ ਜਾਂਦਾ ਹੈ, ਤੋਂ ਹੁੰਦਾ ਹੈ। ਹਰੇਕ ਸੈੱਟ ਉਪਰ ਦੋ ਜਾਂ ਤਿੰਨ ਅੱਖਾਂ ਹੁੰਦੀਆਂ ਹਨ। ਇਹ ਊਸ਼ਣ-ਖੰਡੀ ਖੇਤਰਾਂ ਵਿਚ ਬਹੁਤ ਜ਼ਿਆਦਾ ਫੁੱਲ ਪੈਦਾ ਕਰਦਾ ਹੈ ਪਰ ਉਪ-ਊਸ਼ਣੀ ਖੇਤਰਾਂ ਵਿਚ ਫੁੱਲਾਂ ਦੀ ਮਾਤਰਾ ਘਟ ਜਾਂਦੀ ਹੈ। ਕਮਾਦ ਦੇ ਪੁਸ਼ਪ-ਕ੍ਰਮ, ਜਿਸ ਨੂੰ ਤੀਰ ਕਿਹਾ ਜਾਂਦਾ ਹੈ, ਵਿਚ ਇਕ ਖੁੱਲ੍ਹੀ ਸ਼ਾਖ਼ ਵਾਲੀ ਪੈਨੀਕਲ ਹੁੰਦੀ ਹੈ, ਜਿਸ ਵਿਚ 10,000 ਫੁੱਲ ਹੁੰਦੇ ਹਨ। ਇਹ ਫੁੱਲ ਸਵੇਰ ਦੇ ਪਹਿਲੇ ਵੇਲੇ ਤੋਂ ਸ਼ਾਮ ਦੇ 5 ਤੋਂ 6 ਵਜੇ ਦੇ ਦਰਮਿਆਨ ਖੁੱਲ੍ਹਦੇ ਹਨ ਅਤੇ ਇਕ ਤੀਰ ਦੇ ਪੂਰੀ ਤਰ੍ਹਾਂ ਫੁੱਲ ਪੂਰੇ ਹੋਣ ਲਈ 10 ਤੋਂ 15 ਦਿਨ ਲਗ ਜਾਂਦੇ ਹਨ। ਆਮ ਤੌਰ ਤੇ ਕਮਾਦ ਵਿਚ ਪਰ-ਪਰਾਗਣ ਕਿਰਿਆ ਹੀ ਹੁੰਦੀ ਹੈ। ਬੀਜ ਬਹੁਤ ਹੀ ਛੋਟੇ ਅਤੇ ਇਨ੍ਹਾਂ ਉਪਰ ਚਾਂਦੀ ਰੰਗੇ ਵਾਲ ਹੁੰਦੇ ਹਨ। ਫੁੱਲ ਪੈਦਾ ਹੋਣ ਦੀ ਕਿਰਿਆ ਤੇ ਕਈ ਤਰ੍ਹਾਂ ਦੇ ਕਾਰਕ ਪ੍ਰਭਾਵ ਪਾਉਂਦੇ ਹਨ, ਜਿਵੇਂ ਤਾਪਮਾਨ, ਨਮੀ, ਬਾਰਸ਼, ਪੌਦੇ ਦੀ ਉਮਰ, ਫੋਟੋਪੀਰੀਅਡ ਦੀ ਲੰਬਾਈ ਅਤੇ ਜੀਨੋਟਾਈਪ ਆਦਿ। ਕਿਉਂਕਿ ਊਸ਼ਣ-ਖੰਡੀ ਖੇਤਰਾਂ ਵਿਚ ਫੁੱਲ ਜ਼ਿਆਦਾ ਪੈਂਦੇ ਹਨ, ਇਸ ਲਈ ਨਸਲਕਸ਼ੀ ਦਾ ਜ਼ਿਆਦਾ ਕੰਮ ਇਨ੍ਹਾਂ ਖੇਤਰਾਂ ਤਕ ਹੀ ਸੀਮਤ ਹੈ। ਪਰ ਫਿਰ ਵੀ ਉਪ-ਊਸ਼ਣ ਖੰਡੀ ਖੇਤਰਾਂ ਵਿਚ ਕਈ ਤਜਰਬਿਆਂ ਨਾਲ ਨਸਲਕਸ਼ੀ ਦਾ ਕੰਮ ਅੱਗੇ ਵਧਿਆ ਹੈ ਜਿਵੇਂ ਸੰਯੁਕਤ ਰਾਜ ਅਮਰੀਕਾ ਵਿਚ ਲੋਸੀਆਨਾ ਅਤੇ ਫਲੋਰਿਡਾ ਵਿਚ ਕੀਤੇ ਜਾ ਰਹੇ ਕੰਮ ਤੋਂ ਸਪੱਸ਼ਟ ਹੈ।

          ਸੰਨ 1888 ਤੋਂ ਪਹਿਲਾਂ ਕਮਾਦ ਦੇ ਬੀਜ ਪੈਦਾ ਕਰ ਸਕਣ ਦੀ ਸਮਰੱਥਾ ਬਾਰੇ ਗਿਆਨ ਘੱਟ ਹੀ ਸੀ। ਇਸ ਤੋਂ ਪਿੱਛੋਂ ਜਦ ਇਹ ਪਤਾ ਲੱਗਾ ਕਿ ਕਮਾਦ ਵਿਚ ਜਿਉਣ ਸਮਰੱਥਾ ਬੀਜ ਪੈਦਾ ਹੁੰਦੇ ਹਨ ਤਾਂ ਨਸਲਕਸ਼ੀ ਦਾ ਕੰਮ ਕਈ ਹਿੱਸਿਆਂ ਵਿਚ ਸ਼ੁਰੂ ਹੋਇਆ। ਕਮਾਦ ਦੀ ਨਸਲਕਸ਼ੀ ਵਿਚ ਵੱਡੀ ਪ੍ਰਾਪਤੀ ਉਦੋਂ ਹੋਈ ਜਦ ਡਾ. ਬਾਰਬੈਰ ਨੇ ਸ਼ੂਗਰ ਕੇਨ ਬਰੀਡਿੰਗ ਇੰਸਟੀਚਿਊਟ ਕਾਇੰਬਟੋਰ, ਭਾਰਤ ਵਿਚ ਸੈਕਰਮ ਆਫੀਸਿਨੇਰਮ ਅਤੇ ਸੈਕਰਮ ਸਪੌਂਨਟੇਨੀਅਮ ਵਿਚਕਾਰ ਅੰਤਰ ਜਾਤੀ ਕਰਾਸ ਬੜੀ ਸਫ਼ਲਤਾ ਨਾਲ ਕਰ ਲਿਆ। ਇਸ ਕਰਾਸ ਵਿਚ ਇਕ ਯੁਗ ਪਲਟਾਊ ਕਿਸਮ ਸੀ.ਓ. 205 ਚੁਣੀ ਗਈ ਅਤੇ 1922 ਵਿਚ ਕਾਸ਼ਤ ਕਰਨ ਲਈ ਕਾਸ਼ਤਕਾਰਾਂ ਦੇ ਸਪੁਰਦ ਕਰ ਦਿਤੀ ਗਈ। ਜਾਵਾ ਦੇ ਇਕ ਸਾਇੰਸਦਾਨ ਜੀਸੀਵਿਟ ਨੇ ਅਜਿਹੇ ਅੰਤਰ ਜਾਤੀ ਕਰਾਸ ਲਈ ਇਕ ਸ਼ਬਦ ‘ਨੋਬਲਾਈਜ਼ੇਸ਼ਨ’ ਵਰਤਿਆ। ਇਸ ਦਾ ਮਤਲਬ ਸੀ ਕਿ ਨੋਬਲ ਗੰਨਿਆਂ (ਸੈਕਰਮ ਆਫੀਸਿਨੇਰਮ) ਤੇ ਸਖ਼ਤ ਕਿਸਮਾਂ (ਸੈਕਰਮ ਸਪੌਂਨਟੇਨੀਅਮ) ਦੇ ਜੀਨ ਦੀ ਅਦਲਾ ਬਦਲੀ ਕਰਨੀ। ਹੁਣ ਸਾਰੀ ਦੁਨੀਆ ਵਿਚ ਕਾਸ਼ਤ ਕੀਤੇ ਜਾਂਦੇ ਦੋਗਲੇ ਕਮਾਦਾਂ ਵਿਚ ਸਪੌਂਨਟੇਨੀਅਮ ਦਾ ਅੰਸ਼ ਮੌਜ਼ੂਦ ਹੈ। ਅੱਜਕਲ੍ਹ ਦੋਗਲੇਪਣ ਦੀਆਂ ਚੋਣ ਤਕਨੀਕਾਂ ਤੇ ਜ਼ੋਰ ਇਸ ਲਈ ਦਿਤਾ ਜਾ ਰਿਹਾ ਹੈ ਕਿਉਂਕਿ ਕਮਾਦ ਦੇ ਪੌਦੇ ਦੀ ਕਿਸਮ ਬਹੁਤ ਜ਼ਿਆਦਾ ਵਿਖਮ ਹੈ ਅਤੇ ਇਸ ਵਿਚ ਕਰਾਸਾਂ ਤੋਂ ਉਤਪੰਨ ਹੋਣ ਵਾਲੀਆਂ ਕਿਸਮਾਂ ਵਿਚ ਬਹੁਤ ਜ਼ਿਆਦਾ ਤਬਦੀਲੀ ਮਿਲਦੀ ਹੈ।

          ਕਿਸਮਾਂ––ਭਾਰਤ ਵਿਚ ਕਮਾਦ ਦੀਆਂ ਕਾਸ਼ਤ ਥੱਲੇ 5 ਪ੍ਰਸਿੱਧ ਕਿਸਮਾਂ ਹਨ। ਇਹ COj64, CO419; CO740; CO6304 CO1148 ਹਨ। ਇਨ੍ਹਾਂ ਵਿਚੋਂ C0419, CO740 ਅਤੇ CO6304 ਊਸ਼ਣ-ਖੰਡੀ ਭਾਰਤ ਵਿਚ ਉਗਾਈਆਂ ਜਾਂਦੀਆਂ ਹਨ ਜਦ ਕਿ COj64 ਅਤੇ CO1148 ਉੱਤਰੀ ਭਾਰਤ ਵਿਚ ਪ੍ਰਮੁੱਖ ਹਨ COj64 ਜਲਦੀ ਪੱਕਣ ਵਾਲੀ ਤੇ ਜ਼ਿਆਦਾ ਸ਼ੱਕਰ ਵਾਲੀ ਹੈ ਅਤੇ ਇਸ ਵਿਚਲੀ ਪੈਦਾਵਾਰ ਅਤੇ ਸ਼ੱਕਰ ਦਾ ਮੇਲ ਵੱਡੇ ਦਰਜੇ ਦਾ ਹੈ। CO1148 ਇਕ ਜ਼ਿਆਦਾ ਝਾੜ ਦੇਣ ਵਾਲੀ, ਦੇਰ ਨਾਲ ਪੱਕਣ ਵਾਲੀ ਕਿਸਮ ਹੈ। CO419; CO740 ਅਤੇ CO6304 ਜ਼ਿਆਦਾ ਝਾੜ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਹਨ।

          ਕਾਸ਼ਤ––ਕਮਾਦ ਦੀ ਕਾਸ਼ਤ ਵਿਚ ਮੁਢਲੇ ਕੰਮ ਖੇਤ ਦੀ ਤਿਆਰੀ, ਬਿਜਾਈ, ਸਿੰਜਾਈ ਅਤੇ ਖਾਦਾਂ ਦੀ ਵਰਤੋਂ ਆਦਿ ਕੰਮ ਸ਼ਾਮਲ ਹਨ।

          ਖੇਤੀ ਨੂੰ ਦੇਸੀ ਹਲਾਂ ਜਾਂ ਟਰੈਕਟਰ ਨਾਲ ਚਲਾਏ ਜਾਣ ਵਾਲੇ ਹਲਾਂ ਨਾਲ ਦੋ ਵਾਰ ਵਾਹਿਆ ਜਾਂਦਾ ਹੈ। ਔਫ-ਸੈੱਟ ਹੈਰੋ ਦੀ ਵੀ ਵਰਤੋਂ ਦੋ ਵਾਰ ਕੀਤੀ ਜਾਂਦੀ ਹੈ। ਜਿਸ ਨਾਲ ਬੀਜੇ ਜਾਣ ਵਾਲੇ ਖੇਤ ਦੀ ਮਿੱਟੀ ਬਾਰੀਕ ਹੋ ਜਾਂਦੀ ਹੈ। ਇਸ ਤੋਂ ਬਾਅਦ ਖੇਤ ਨੂੰ ਸੁਹਾਗੇ ਨਾਲ ਪੱਧਰਾ ਕੀਤਾ ਜਾਂਦਾ ਹੈ। ਜੇਕਰ ਕਮਾਦ ਤੋਂ ਪਿੱਛੋਂ ਕਮਾਦ ਹੀ ਲਗਾਉਣਾ ਹੋਵੇ ਤਾਂ ਖੇਤ ਨੂੰ ਉਲਟਾਵੇਂ ਹਲ ਨਾਲ ਜਾਂ ਡਿਸਕ ਹਲ ਨਾਲ ਦੋ ਵਾਰ ਵਾਹ ਕੇ ਸੁਹਾਗਿਆ ਜਾਂਦਾ ਹੈ।

          ਬੀਜਾਈ ਲਈ ਪੱਧਰੇ ਅਤੇ ਖਾਈ ਪੁੱਟ ਕੇ ਦੋ ਤਰੀਕੇ ਜ਼ਿਆਦਾ ਪ੍ਰਚਲਿਤ ਹਨ। ਕਾਸ਼ਤ ਦਾ ਇਕ ਤਰੀਕਾ ਹੋਰ ਵੀ ਹੈ ਜਿਸ ਨੂੰ ਮੋਢਾ ਕਮਾਦ ਜਾਂ ਰਟੂਨਿੰਗ (Ratooning) ਕਿਹਾ ਜਾਂਦਾ ਹੈ। ਇਸ ਤਰੀਕੇ ਵਿਚ ਜਦ ਕਮਾਦ ਕੱਟਿਆ ਜਾਂਦਾ ਹੈ ਤਾਂ ਤਣੇ ਦਾ ਇਕ ਹਿੱਸਾ ਜ਼ਮੀਨ ਵਿਚ ਹੀ ਛੱਡ ਦਿਤਾ ਜਾਂਦਾ ਹੈ ਜਿਸ ਤੋਂ ਅਗਲੇਰੀ ਫ਼ਸਲ ਸਟਬਲ ਕਰਾਪ ਜਾਂ ਮੋਢੀ ਫ਼ਸਲ ਤਿਆਰ ਹੋ ਜਾਂਦੀ ਹੈ। ਮੋਢੀ ਫ਼ਸਲ ਆਮ ਤੌਰ ਤੇ ਲਗਾਤਾਰ ਤਿੰਨ ਸਾਲ ਲਈ ਲਾਈ ਜਾਂਦੀ ਹੈ ਕਿਉਂਕਿ ਮੋਢੀ ਫ਼ਸਲ ਦਾ ਝਾੜ ਹਰ ਸਾਲ ਘਟਦਾ ਜਾਂਦਾ ਹੈ। ਉੱਤਰੀ ਭਾਗ ਵਿਚ ਪੱਧਰੀ ਕਿਸਮ ਦੀ ਬਿਜਾਈ ਜ਼ਿਆਦਾ ਕੀਤੀ ਜਾਂਦੀ ਹੈ ਜਦ ਕਿ ਊਸ਼ਣ-ਖੰਡੀ ਖੇਤਰਾਂ ਵਿਚ ਖਾਈ ਪੁੱਟ ਕੇ ਬਿਜਾਈ ਹੁੰਦੀ ਹੈ। ਖਾਈ ਵਾਲੇ ਸਿਸਟਮ ਨਾਲ ਫ਼ਸਲ ਡਿਗਣ ਤੋਂ ਬਚ ਸਕਦੀ ਹੈ, ਪਾਣੀ ਦੀ ਵਰਤੋਂ ਵਿਚ ਵੀ ਸੰਜਮ ਹੋ ਸਕਦਾ ਹੈ ਅਤੇ ਨਾਈਟ੍ਰੋਜਨ ਖਾਦ ਵਿਚ ਵੀ।  ਪਰ ਇਹ ਤਰੀਕਾ ਮਹਿੰਗਾ ਪੈਂਦਾ ਹੈ।

          ਪੱਧਰ ਤਰੀਕੇ ਦੀ ਬਿਜਾਈ ਕਰਨ ਵੇਲੇ ਸਿਆੜ ਇਕ ਬਲਦਾਂ ਨਾਲ ਚੱਲਣ ਵਾਲੇ ਹਲਾਂ ਰਾਹੀਂ ਕੱਢੇ ਜਾ ਸਕਦੇ ਹਨ। ਬੀਜਾਂ ਵਾਲੀਆਂ ਪੋਰੀਆਂ ਸਿਆੜ ਵਿਚ ਰਖੀਆਂ ਜਾਦੀਆਂ ਹਨ ਤੇ ਬੀਜਾਂ ਨੂੰ ਸੁਹਾਗਾ ਚਲਾ ਕੇ ਮਿੱਟੀ ਨਾਲ ਢਕ ਦਿਤਾ ਜਾਂਦਾ ਹੈ। ਖਾਈ ਪੁੱਟਣ ਲਈ ਕਹੀ ਜਾਂ ਟਰੈਕਟਰ ਨਾਲ ਚੱਲਣ ਵਾਲੀ ਖਾਈ ਪੁੱਟਣ ਵਾਲੀ ਰਿਜਰ ਦੀ ਮੱਦਦ ਲਈ ਜਾਂਦੀ ਹੈ। ਖਾਈ ਦੀ ਡੂੰਘਾਈ 22.5 ਤੋਂ 25.0 ਸੈਂ. ਮੀ. ਤਕ ਹੋਣੀ ਚਾਹੀਦੀ ਹੈ। ਬੀਜੇ ਹੋਏ ਖੇਤਾਂ ਨੂੰ 4-5 ਦਿਨਾਂ ਬਾਅਦ ਸਿੰਜਿਆ ਜਾਂਦਾ ਹੈ। ਬਿਜਾਈ ਵੇਲੇ ਕਤਾਰਾਂ ਦੀ ਵਿੱਥ 90-120 ਸੈਂ. ਮੀ. ਰਖੀ ਜਾਂਦੀ ਹੈ।

          ਚੰਗੇ ਝਾੜ ਲਈ ਕਮਾਦ ਨੂੰ 2,000-2,300 ਮਿ.ਮੀ. ਸਿੰਜਾਈ ਦੀ ਲੋੜ ਪੂਰੇ ਵਧਣ ਕਾਲ ਤਕ ਚਾਹੀਦੀ ਹੁੰਦੀ ਹੈ। ਜਦ ਬਾਰਸ਼ਾਂ ਥੋੜ੍ਹੀਆਂ ਹੋਣ ਤਾਂ ਇਹ ਕਮੀ ਸਿੰਜਾਈ ਸਪਰੇਅ ਜਾਂ ਆੜਾਂ ਰਾਹੀਂ ਕਰ ਕੇ ਪੂਰੀ ਕੀਤੀ ਜਾ ਸਕਦੀ ਹੈ।

          90 ਮੀ. ਟਨ ਕਮਾਦ ਪੈਦਾ ਕਰਨ ਵੇਲੇ ਫ਼ਸਲ ਜ਼ਮੀਨ ਵਿਚੋਂ 120 ਕਿ. ਗ੍ਰਾ. ਨਾਈਟ੍ਰੋਜਨ, 90 ਕਿ. ਗ੍ਰਾ. ਫ਼ਾੱਸਫ਼ੋਰਸ (p2O5) ਅਤੇ 275. ਕਿ. ਗ੍ਰਾ. ਪੋਟਾਸ਼ (K2O) ਪ੍ਰਤਿ ਹੈਕਟੇਅਰ ਦੇ ਹਿਸਾਬ ਨਾਲ ਖ਼ਪਤ ਕਰਦੀ ਹੈ। ਸਾਰੇ ਭਾਰਤ ਵਿਚ ਨਾਈਟ੍ਰੋਜਨ ਦੀਆਂ ਖਾਦਾਂ ਦੀ ਵਰਤੋਂ ਜ਼ਿਆਦਾ ਕੀਤਾ ਜਾਂਦੀ ਹੈ। ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਰਾਜਾਂ ਵਿਚ ਫਿਰ ਵੀ ਫ਼ਾੱਸਫ਼ੈਟਿਕ ਅਤੇ ਪੋਟਾਸ਼ਿਕ ਖਾਦਾਂ ਦੀ ਲੋੜ ਪੈਂਦੀ ਹੈ। ਮਹਾਰਾਸ਼ਟਰ ਵਿਚ ਨਾਈਟ੍ਰੋਜਨ ਦੀ ਮਾਤਰਾ 350 ਕਿ. ਗ੍ਰਾ. ਅਤੇ ਦੂਜੇ ਰਾਜਾਂ ਵਿਚ 100-150 ਕਿ. ਗ੍ਰਾ. ਫ਼ਾੱਸਫ਼ੋਰਸ 50 ਕਿ. ਗ੍ਰਾ. ਅਤੇ ਪੋਟਾਸ਼ 100 ਕਿ. ਗ੍ਰਾ. ਪ੍ਰਤਿ ਹੈਕਟੇਅਰ ਦੀ ਸਿਫ਼ਾਰਸ਼ ਊਸ਼ਣ-ਖੰਡੀ ਰਾਜਾਂ ਵਾਸਤੇ ਕੀਤੀ ਜਾਂਦੀ ਹੈ।

          ਕਟਾਈ––ਜਦ ਫ਼ਸਲ ਪੂਰੇ ਜੋਬਨ ਤੇ ਹੋਵੇ ਤਾਂ ਇਸ ਦੀ ਕਟਾਈ ਕੀਤੀ ਜਾਣੀ ਚਾਹੀਦੀ ਹੈ। ਵਧਣ ਕਾਲ ਬਿਜਾਈ ਵਾਲੇ ਖੇਤਰ ਤੇ ਨਿਰਭਰ ਕਰਦਾ ਹੈ ਜਿਵੇਂ ਲੌਸਿਆਨਾ ਵਿਚ 8-9 ਮਹੀਨਿਆਂ ਤਕ ਹੈ, ਆਸਟ੍ਰੇਲੀਆ ਵਿਚ 15 ਮਹੀਨੇ ਅਤੇ ਦੱਖਣੀ ਅਫ਼ਰੀਕਾ ਅਤੇ ਪੀਰੂ ਵਿਚ 18-22 ਮਹੀਨਿਆਂ ਤਕ ਦਾ ਸਮਾਂ ਲਗਦਾ ਹੈ। ਪੱਕਣ ਸਮੇਂ ਤੇ ਨਿਰਭਰ ਕਰਦਿਆਂ ਪੰਜਾਬ ਰਾਜ ਵਿਚ COJ64 ਨਵੰਬਰ-ਦਸੰਬਰ ਵਿਚਿ COJ67 ਜਨਵਰੀ-ਫ਼ਰਵਰੀ ਅਤੇ CO1148 ਕਿਸਮ ਮਾਰਚ-ਅਪ੍ਰੈਲ ਵਿਚ ਕੱਟੀ ਜਾਂਦੀ ਹੈ। ਇਸ ਤਰ੍ਹਾਂ ਦੀ ਤਕਨੀਕ ਅਪਣਾ ਕੇ ਕਾਫ਼ੀ ਸ਼ੱਕਰ ਦੀ ਪ੍ਰਾਪਤੀ ਹੋ ਸਕਦੀ ਹੈ। ਫ਼ਸਲ ਦੀ ਕਟਾਈ ਤਿੱਖੇ ਕੱਟਣ ਵਾਲੇ ਦਾਤਰਾਂ ਨਾਲ ਕੀਤੀ ਜਾਂਦੀ ਹੈ। ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਕੱਟਣ ਲੱਗਿਆਂ ਕਟਾਈ ਜ਼ਮੀਨੀ ਸਤ੍ਹਾ ਤੋਂ ਹੀ ਕੀਤੀ ਜਾਵੇ।

          ਬਿਮਾਰੀਆਂ––ਕਮਾਦ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਿਚੋਂ ਪ੍ਰਸਿੱਧ ਇਹ ਹਨ : ਰੈੱਡ ਰਾਟ, ਵਿਲਟ ਜਾਂ ਸੋਕਾ, ਮੋਢਾ ਸੁਕਣਾ ਜਾਂ ਵਾਇਰਸ ਦਾ ਰੋਗ, ਗਰਾਸੀ ਸ਼ੂਟ ਜਾਂ ਵਾਇਰਸ ਅਤੇ ਕਾਂਗਿਆਰੀ ਆਦਿ।

          ਰੈੱਡ ਰਾਟ ਇਕ ਉੱਲੀ ਕੋਲੈਕਟੋਟਰਾਈਕਮ ਫੈਲਕੇਟਮ (Collectotrichum falcatum) ਦੁਆਰਾ ਫੈਲਦੀ ਹੈ। ਇਸ ਨਾਲ ਪੱਤਿਆਂ ਦੇ ਕਿਨਾਰੇ ਖ਼ੁਸ਼ਕ ਹੋ ਜਾਣੇ ਸ਼ੁਰੂ ਹੋ ਜਾਂਦੇ ਹਨ। ਪੋਰੀ ਦਾ ਵਿਚਕਾਰਲਾ ਹਿੱਸਾ ਲਾਲ ਹੋ ਜਾਂਦਾ ਹੈ ਜਿਸ ਵਿਚ ਕਿਤੇ ਕਿਤੇ ਚਿੱਟੇ ਬੈਂਡ ਦਿਖਾਈ ਦਿੰਦੇ ਹਨ। ਜਦ ਗੰਨੇ ਨੂੰ ਪਾੜਿਆ ਜਾਏ ਤਾਂ ਇਸ ਵਿਚੋਂ ਅਲਕੋਹਲ ਵਰਗੀ ਗੰਧ ਆਉਂਦੀ ਹੈ। ਇਹ ਜੁਲਾਈ ਤੋਂ ਪਿੱਛੋਂ ਪ੍ਰਗਟ ਹੁੰਦੀ ਹੈ। ਇਸ ਦੇ ਇਲਾਜ ਲਈ ਜੁਲਾਈ ਤੋਂ ਅਗਲੇਰੇ ਸਮੇਂ ਵਿਚ ਫ਼ਸਲ ਦਾ ਖ਼ਾਸ ਖ਼ਿਆਲ ਰਖਿਆ ਜਾਣਾ ਚਾਹੀਦਾ ਹੈ। ਬਿਮਾਰੀ ਵਾਲੇ ਖੱਤਿਆਂ ਤੋਂ ਬੀਜ ਨਹੀਂ ਲੈਣਾ ਚਾਹੀਦਾ।

          ਸੋਕੇ ਦਾ ਰੋਜ ਜਾਂ ਵਿਲਟ ਸੀਫੈਲੋਸਪੋਰੀਅਮ ਸੈਕਰਾਈ ਦੁਆਰਾ ਫੈਲਦੀ ਹੈ। ਇਹ ਬੀਮਾਰੀ ਵੀ ਜੁਲਾਈ ਤੋਂ ਅਗਲੇ ਸਮੇਂ ਵਿਚ ਪ੍ਰਗਟ ਹੁੰਦੀ ਹੈ। ਇਸ ਨਾਲ ਉਪਰਲੇ ਪੱਤੇ ਸੁੱਕ ਜਾਂਦੇ ਹਨ। ਗੰਨਿਆਂ ਨੂੰ ਪਾੜਣ ਵੇਲੇ ਇਸ ਵਿਚੋ਼ ਲਾਲ ਰੰਗ ਨਜ਼ਰ ਆਉਂਦਾ ਹੈ ਅਤੇ ਅਲਕੋਹਲ ਦੀ ਗੰਧ ਆਉਂਦੀ ਹੈ। ਇਹ ਬਿਮਾਰੀ ਦਾ ਇਲਾਜ ਵੀ ਰੈੱਡ ਰਾਟ ਵਾਂਗ ਹੀ ਹੈ।

          ਮੋਢਾ ਸੁੱਕਣਾ ਇਕ ਵਾਇਰਸ ਬਿਮਾਰੀ ਹੈ ਜਿਸ ਨਾਲ ਖ਼ਾਸ ਕਰਕੇ ਮੋਢੀ ਫ਼ਸਲ ਦਾ ਕੱਦ ਛੋਟਾ ਰਹਿ ਜਾਂਦਾ ਹੈ। ਬੂਟਾ ਪੂਰਾ ਨਹੀਂ ਫੈਲਦਾ, ਗੰਢਾਂ ਵਾਲੇ ਹਿੱਸੇ ਤੇ ਸੰਤਰੀ-ਲਾਲ ਜਾਂ ਲਾਲ ਧੱਬੇ ਮਿਲਦੇ ਹਨ। ਇਸ ਬਿਮਾਰੀ ਦੇ ਇਲਾਜ ਲਈ ਬਿਮਾਰੀ-ਰਹਿਤ ਫ਼ਸਲ ਤੋਂ ਬੀਜ ਲੈਣਾ ਚਾਹੀਦਾ ਹੈ। ਗਰਮ ਹਵਾ ਨਾਲ ਸੋਧੇ ਬੀਜ ਦੀ ਵਰਤੋਂ ਵੀ ਲਾਭਵੰਦ ਰਹਿੰਦੀ ਹੈ।

          ਕਮਾਦ ਦੀ ਇਕ ਹੋਰ ਗੰਭੀਰ ਬਿਮਾਰੀ ਕਾਂਗਿਆਰੀ ਹੈ ਜੋ ਇਕ ਉੱਲੀ ਅਸਟੀਲੈਗੋ ਸਟੀਮੀਨੀਆ (Ustilago scitiminea) ਦੁਆਰਾ ਫੈਲਦੀ ਹੈ। ਇਸ ਬਿਮਾਰੀ ਦਾ ਹਮਲਾ ਅਪ੍ਰੈਲ ਤੋਂ ਜੁਲਾਈ ਤਕ ਹੁੰਦਾ ਹੈ ਇਸ ਨਾਲ ਛਾਂਟੇ ਵਰਗਾ ਲੰਬਾ ਜਿਹਾ ਵਾਧਾ ਬਾਹਰ ਨਿਕਲਦਾ ਹੈ ਜਿਸ ਵਿਚ ਕਾਲੇ ਮਿੱਟੀ ਰੰਗੇ ਸਪੋਰ ਹੁੰਦੇ ਹਨ। ਇਸ ਦੇ ਇਲਾਜ ਲਈ ਬਿਮਾਰੀ-ਰੋਧਕ ਕਿਸਮਾਂ ਬੀਜੀਆਂ ਜਾਣੀਆਂ ਚਾਹੀਦੀਆਂ ਹਨ। ਚੰਗੇ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਕਾਂਗਿਆਰੀ ਵਾਲੇ ਛਾਂਟੇ ਹੌਲੀ ਜਿਹੀ ਪੁੱਟ ਕੇ ਬੋਰੀਆਂ ਵਿਚ ਪਾ ਦੇਣੇ ਚਾਹੀਦੇ ਹਨ।

          ਕੀੜੇ ਮਕੌੜੇ––ਕਮਾਦ ਦੀ ਫ਼ਸਲ ਨੂੰ ਨੁਕਸਾਨ ਕਰਨ ਵਾਲੇ ਕੁਝ ਕੁ ਕੀੜੇ ਮਕੌੜੇ ਸ਼ੂਟ ਬੋਰਰ, ਟੌਪ ਬੋਰਰ, ਗੁਰਦਾਸਪੁਰ ਬੋਰਰ ਅਤੇ ਪਿਰਿਲਾ ਆਦਿ ਹਨ।

          ਸ਼ੂਟ ਬੋਰਰ ਦੁਆਰਾ ਅਸਰ ਕੀਤੇ ਪੌਦਿਆਂ ਦੇ ਲੱਛਣਾਂ ਵਿਚ ਡੈੱਡ ਹਰਟਸ ਮਿਲਦੇ ਹਨ। ਇਹ ਕੀੜਾ ਅਪ੍ਰੈਲ ਤੋਂ ਮਈ ਤਕ ਅਸਰ ਕਰਦਾ ਹੈ। ਇਸ ਦੀ ਰੋਕਥਾਮ ਲਈ 15 ਕਿ. ਗ੍ਰਾ. ਬੀ.ਐੱਚ.ਸੀ. ਦਾ ਧੂੜਾ ਪ੍ਰਤਿ ਏਕੜ ਕਮਾਦ ਦੀਆਂ ਕਤਾਰਾਂ ਦੇ ਨਾਲ ਨਾਲ ਧੂੜ ਦੇਣਾ ਚਾਹੀਦਾ ਹੈ ਅਤੇ ਉੱਗੀ ਹੋਈ ਫ਼ਸਲ ਵਿਚ ਗੋਡੀ ਕਰਨ ਸਮੇਂ ਇਸ ਨੂੰ ਮਿੱਟੀ ਨਾਲ ਮਿਲਾ ਦੇਣਾ ਚਾਹੀਦਾ ਹੈ।

          ਟੌਪ ਬੋਰਰ ਜਾਂ ਉਪਰ ਤੋਂ ਮੋਰੀ ਕਰਨ ਵਾਲਾ ਕੀੜਾ ਜੁਲਾਈ ਤੋਂ ਅਗਸਤ ਤਕ ਹਮਲਾ ਕਰਦਾ ਹੈ। ਇਸ ਦੁਆਰਾ ਅਸਰ ਕੀਤੇ ਲੱਛਣ ਇਸ ਤਰ੍ਹਾਂ ਹੁੰਦੇ ਹਨ, ਪੱਤਿਆਂ ਤੇ ਚਿੱਟੀਆਂ ਧਾਰੀਆਂ ਪੈਦਾ ਹੁੰਦੀਆਂ ਹਨ ਜੋ ਬਾਅਦ ਵਿਚ ਲਾਲ ਰੰਗ ਦੀਆਂ ਹੋ ਜਾਂਦੀਆਂ ਹਨ। ਪੱਤਿਆਂ ਵਿਚ ਛੋਟੀਆਂ ਛੋਟੀਆਂ ਮੋਰੀਆਂ ਹੋ ਜਾਂਦੀਆਂ ਹਨ ਅਤੇ ਪਿਛਲੇਰੀ ਹਾਲਤ ਵਿਚ ਉਪਰਲੇ ਹਿੱਸੇ ਤੇ ਗੁੱਛਾ ਜਿਹਾ ਬਣ ਜਾਂਦਾ ਹੈ। ਇਸ ਦੀ ਰੋਕਥਾਮ ਲਈ ਜੂਨ ਵਿਚ 12 ਕਿ. ਗ੍ਰਾ. ਕਾਰਬੋਫਿਉਰਾਨ ਜਾਂ ਥਿਮਟ 10 ਕਿ. ਗ੍ਰਾ. ਪ੍ਰਤਿ ਏਕੜ ਦੇ ਹਿਸਾਬ ਲਾਈਨਾਂ ਦੇ ਨਾਲ ਨਾਲ ਪਾ ਕੇ ਪਾਣੀ ਦੇ ਦੇਣਾ ਚਾਹੀਦਾ ਹੈ।

          ਪਿਰਿਲਾ ਦੁਆਰਾ ਅਸਰ ਕੀਤੇ ਕਮਾਦ ਦੇ ਪੱਤਿਆਂ ਦਾ ਰੰਗ ਮੁਢਲੀ ਸਟੇਜ ਤੇ ਹਲਕਾ ਨੀਲਾ ਹੁੰਦਾ ਹੈ ਜਿਸ ਤੋਂ ਬਾਅਦ ਇਸ ਉਪਰ ਕਾਲੀ ਉੱਲੀ ਦੀ ਤਹਿ ਜੰਮ ਜਾਂਦੀ ਹੈ। ਇਸ ਕੀੜੇ ਦਾ ਹਮਲਾ ਮਾਰਚ ਤੋਂ ਅਪ੍ਰੈਲ ਅਤੇ ਸਤੰਬਰ ਤੋਂ ਅਕਤੂਬਰ ਤਕ ਹੁੰਦਾ ਹੈ। ਇਸ ਦੀ ਰੋਕਥਾਮ ਲਈ 500 ਮਿ. ਲਿ. ਐਂਡੋਸਲਫਾਨ 500 ਲਿ. ਪਾਣੀ ਵਿਚ ਪਾ ਕੇ ਇਸ ਏਕੜ ਵਿਚ ਸਪਰੇਅ ਕਰਨੀ ਚਾਹੀਦੀ ਹੈ ਜਾਂ ਬੀ. ਐਚ. ਸੀ. 16 ਕਿ. ਗ੍ਰਾ. ਪ੍ਰਤਿ ਏਕੜ ਦੇ ਹਿਸਾਬ ਧੂੜਾ ਦੇਣਾ ਚਾਹੀਦਾ ਹੈ।

          ਮਾਰਕੀਟਿੰਗ––ਲਗਭਗ 70 ਪ੍ਰਤਿਸ਼ਤ ਕਮਾਦ ਭਾਰਤ ਵਿਚ ਗੁੜ ਸ਼ੱਕਰ ਅਤੇ ਖੰਡਸਾਰੀ ਵਿਚ ਬਦਲ ਦਿਤਾ ਜਾਂਦਾ ਹੈ ਅਤੇ ਬਾਕੀ ਦੇ 30 ਪ੍ਰਤਿਸ਼ਤ ਹਿੱਸੇ ਦੀ ਮਿਲਾਂ ਦੁਆਰਾ ਖੰਡ ਬਣਾਈ ਜਾਂਦੀ ਹੈ। ਕਮਾਦ ਦੀ ਮਾਰਕੀਟਿੰਗ ਕਮਾਦ ਪੈਦਾ ਕਰਨ ਵਾਲੀਆਂ ਸਹਿਕਾਰੀ ਸੁਸਾਇਟੀਆਂ ਦੁਆਰਾ ਕੀਤੀ ਜਾਂਦੀ ਹੈ। ਜ਼ਿਮੀਂਦਾਰ ਆਪਣਾ ਕਮਾਦ ਖੰਡ ਮਿਲਾਂ ਤਕ ਰੇੜ੍ਹਿਆਂ, ਟਰੈਕਟਰ-ਟਰਾਲੀਆਂ ਜਾਂ ਟਰੱਕਾਂ ਰਾਹੀਂ ਲਿਜਾਂਦੇ ਹਨ।

          ਪੈਦਾਵਾਰ––ਭਾਰਤ ਵਿਚ ਕਮਾਦ ਹੇਠ ਕੁੱਲ ਰਕਬਾ 2.4 ਮਿਲੀਅਨ ਹੈਕਟੇਅਰ ਹੈ। ਇਸ ਵਿਚ 70 ਪ੍ਰਤਿਸ਼ਤ ਰਕਬਾ ਉਪ-ਊਸ਼ਣ ਖੰਡੀ ਖੇਤਰਾਂ (ਉੱਤਰੀ ਭਾਰਤ) ਵਿਚ ਹੈ। ਬਾਕੀ ਦਾ 30 ਪ੍ਰਤਿਸ਼ਤ ਕਮਾਦ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤਾਮਲਨਾਡੂ ਅਤੇ ਕਰਨਾਟਕਾ ਵਿਚ ਪੈਦਾ ਕੀਤਾ ਜਾਂਦਾ ਹੈ। ਕਮਾਦ ਦੀ ਕੁੱਲ ਪੈਦਾਵਾਰ ਲਗਭਗ 181628 ਹਜ਼ਾਰੀ ਮੀ. ਟਨ ਹੈ।

          ਵਰਤੋਂ––ਕਮਾਦ ਦੀ ਫ਼ਸਲ ਦੀ ਵਰਤੋਂ ਗੁੜ, ਸ਼ੱਕਰ, ਖੰਡਸਾਰੀ ਅਤੇ ਖੰਡ ਬਣਾਉਣ ਵਿਚ ਕੀਤੀ ਜਾਂਦੀ ਹੈ। ਇਸ ਫ਼ਸਲ ਦਾ ਥੋੜ੍ਹਾ ਹਿੱਸਾ ਦੁਬਾਰਾ ਫ਼ਸਲ ਲਾਉਣ ਅਤੇ ਚੂਸਣ ਦੇ ਕੰਮ ਵੀ ਆਉਂਦਾ ਹੈ। ਖੰਡ ਦੀਆਂ ਪ੍ਰਸਿੱਧ ਸਹਿ-ਉਪਜਾਂ ਬੈਗਾਸੇ, ਮੋਲੈਸਜ਼ ਅਤੇ ਪ੍ਰੈਸ ਮਡ ਆਦਿ ਹਨ। ਬੈਗਾਸੇ ਖੰਡ ਮਿਲਾਂ ਵਿਚ ਬਾਲਣ ਦੇ ਕੰਮ ਅਤੇ ਕਾਗਜ਼ ਬਣਾਉਣ ਦੇ ਕੰਮ ਆਉਂਦਾ ਹੈ। ਮੋਲੈਸਜ਼ ਡੰਗਰਾਂ ਦੀ ਖ਼ੁਰਾਕ ਅਤੇ ਅਲਕੋਹਲ ਬਣਾਉਣ ਦੇ ਕੰਮ ਆਉਂਦਾ ਹੈ। ਪ੍ਰੈਸ ਮਡ ਕਾਰਬਨੀ ਖਾਦ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਕੰਮ ਆਉਂਦੀ ਹੈ।


ਲੇਖਕ : ਡਾ. ਆਰ. ਐਸ. ਕੰਵਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.