ਕਮਿਊਨਿਜ਼ਮ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

          ਕਮਿਊਨਿਜ਼ਮ : ਵੇਖੋ ‘ਸਮਾਜਵਾਦ’

ਸਮਾਜਵਾਦ : ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ‘ਸਮਾਜਵਾਦ’ ਕਮਿਊਨਿਸਟ ਸਮਾਜਕ–ਆਰਥਿਕ ਬਣਤਰ ਦਾ ਪਹਿਲਾ ਦੌਰ ਹੈ। ਇਸ ਵਿਚ ਪਰੋਲਤਾਰੀ ਜਮਾਦ ਦੀ ਡਿਕਟੇਟਰਸ਼ਿਪ ਹੁੰਦੀ ਹੈ ਅਤੇ ਇਸੇ ਹੀ ਜਮਾਤ ਦਾ ਪੈਦਾਵਾਰੀ/ਉਪਜਾਊ ਸਾਧਨਾਂ ਉੱਤੇ ਕਬਜ਼ਾ ਹੁੰਦਾ ਹੈ। ਸਮਾਜਵਾਦ ਅਜਿਹਾ ਰਾਜਨੀਤਿਕ, ਸਮਾਜਕ ਅਤੇ ਆਰਥਿਕ ਨਿਜ਼ਾਮ ਹੈ ਜੋ ਮਨੁੱਖੀ ਇਤਿਹਾਸ ਵਿਚ ਪੂੰਜੀਵਾਦੀ ਨਿਜ਼ਾਮ ਤੋਂ ਬਾਅਦ ਹੋਂਦ ਵਿਚ ਆਇਆ। ਪੂੰਜੀਵਾਦ ਤੋਂ ਪਹਿਲਾਂ ਭੂਪਵਾਦ ਅਤੇ ਭੂਪਵਾਦ ਤੋਂ ਪਹਿਲਾਂ ਕਬੀਲਾਂ ਨਿਜ਼ਾਮ ਅਤੇ ਇਸ ਤੋਂ ਪਹਿਲਾਂ ਆਦਿ–ਕਾਲੀ ਕਮਿਊਨੀ–ਪ੍ਰਣਾਲੀ ਪ੍ਰਧਾਨ ਸੀ। ‘ਸਮਾਜਵਾਦ’ ਪੂੰਜੀਵਾਦ ਦੇ ਸਮੇਂ ਪ੍ਰਚੱਲਿਤ ਹਰ ਪ੍ਰਕਾਰ ਦੀ ਲੁੱਟ ਖਸੁੱਟ ਤੇ ਸ਼ੋਸ਼ਣ ਨੂੰ ਬੰਦ ਕਰਦਾ ਹੈ। ਇਸ ਨਿਜ਼ਾਮ ਵਿਚ ਭਿੰਨ ਭਿੰਨ ਰਾਸ਼ਟਰਾਂ, ਵੱਖ ਵੱਖ ਭਾਸ਼ਾਵਾਂ, ਸ਼ਹਿਰਾਂ ਤੇ ਪਿੰਡਾਂ, ਮਰਦਾਂ ਤੇ ਇਸਤ੍ਰੀਆਂ, ਦਿਮਾਗ਼ੀ ਤੇ ਸ਼ਰੀਰਿਕ ਕੰਮਾਂ ਦੀ ਬਰਾਬਰੀ ਦਾ ਸਿਧਾਂਤ ਕੰਮ ਕਰਦਾ ਹੈ। ਇਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਅਤੇ ਕੌਮ ਹੱਥੋਂ ਕੌਮ ਦੀ ਲੁੱਟ ਖ਼ਤਮ ਹੋ ਜਾਂਦੀ ਹੈ। ਇਸ ਸਮਾਜ ਵਿਚ ਹਰ ਬੰਦੇ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਦੇ ਬਰਾਬਰ ਮੌਕੇ ਉਪਲਬਧ ਹੁੰਦੇ ਹਨ।

          ਸਮਾਜਵਾਦੀ ਰਾਜ ਦੀ ਸਥਾਪਨਾ ਮਿਹਨਤਕਸ਼ ਮਜ਼ਦੂਰ ਵਰਗ ਅਤੇ ਛੋਟੀ ਕਿਸਾਨੀ ਰਲ ਕੇ ਜਮਾਤੀ ਘੋਲ ਦੁਆਰਾ ਬੁਰਜੁਆ ਵਰਗ ਤੇ ਦੂਜੀਆਂ ਸ਼੍ਰੇਣੀਆਂ ਨੂੰ ਭਾਂਜ ਦੇ ਕੇ ਹੁੰਦੀ ਹੈ। ਇਸ ਸੰਘਰਸ਼ ਦੀ ਸਹਾਇਤਾ ਚੇਤੰਨ ਬੁੱਧੀਜੀਵੀ ਵਰਗ ਕਰਦਾ ਹੈ। ਸਮਾਜਵਾਦੀ ਨਿਜ਼ਾਮ ਦਾ ਪ੍ਰਬੰਧ ਕਿਰਤੀ ਸ਼੍ਰੇਣੀ ਦੁਆਰਾ ਲੋਕ–ਤੰਤਰੀ ਢੰਗ ਨਾਲ ਹੁੰਦਾ ਹੈ ਅਤੇ ਕਿਰਤੀ ਸ਼੍ਰੇਣੀ ਦੀ ਅਗਵਾਈ ਕਮਿਊਨਿਸਟ ਪਾਰਟੀ ਕਰਦੀ ਹੈ।

          ਸਮਾਜਵਾਦ ਵਿਚ ਧਨ, ਪਦਾਰਥ ਤੇ ਦੌਲਤ ਦੇ ਭੰਡਾਰੇ ਨੂੰ ਹਰ ਇਕ ਨੂੰ ਉਸ ਦੀ ਯੌਗਤਾ ਅਨੁਸਾਰ, ਹਰ ਇਕ ਨੂੰ ਉਸ ਦੇ ਕੰਮ ਅਨੁਸਾਰ ਵੰਡਿਆ ਜਾਂਦਾ ਹੈ। ਇਹ ਨਿਯਮ ਕਿਰਤ ਦੀ ਮੁਕਤੀ ਅਤੇ ਫਤਹਿ ਦਾ ਪ੍ਰਤੀਕ ਹੈ ਅਤੇ ਇਹ ਨਿਯਮ ਸਮਾਜ ਦੀਆਂ ਉਤਪਾਦਨ ਸ਼ਕਤੀਆਂ ਵਿਚ ਉੱਨਤੀ ਅਤੇ ਵਿਕਾਸ ਲਈ ਜ਼ਾਮਨ ਬਣਦਾ ਹੈ। ਸਮਾਜਵਾਦ ਦੀ ਸਥਾਪਨਾ ਨਾਲ ਬੁਰਜੁਆ ਸਮਾਜ ਵੱਲੋਂ ਪੈਦਾਵਰੀ ਸ਼ਕਤੀਆਂ ਉਤੇ ਲਾਈਆਂ ਗਈਆਂ ਰੋਕਾਂ ਖ਼ਤਮ ਹੋ ਜਾਂਦੀਆਂ ਹਨ। ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਸਿਰਜੇ ਗਏ ‘ਸਮਾਜਵਾਦ’ ਦੇ ਇਸ ਸੰਕਲਪ ਨੂੰ ‘ਵਿਗਿਆਨਕ ਸਮਾਜਵਾਦ’ ਕਿਹਾ ਜਾਂਦਾ ਹੈ। ਮਾਰਕਸ ਦੇ ਇਸ ਸੰਕਲਪ ਤੋਂ ਪਹਿਲਾਂ ਸਮਾਜਵਾਦ ਦੇ ਕਈ ਤਰ੍ਹਾਂ ਦੇ ਸੰਕਲਪ ਉਭਰੇ ਪਰ ਉਨ੍ਹਾਂ ਦਾ ਆਧਾਰ–ਦਰਸ਼ਨ ਸਮਾਜਕ, ਆਰਥਿਕ ਤੇ ਰਾਜਨੀਤਿਕ ਪੱਖ ਤੋਂ ਠੋਸ ਤੱਥਾਂ ਉੱਤੇ ਆਧਾਰਿਤ ਨਹੀਂ ਸੀ, ਇਸ ਲਈ ਉਨ੍ਹਾਂ ਵਿਚੋਂ ਵੀ ਹਕੀਕਤ ਦਾ ਰੂਪ ਧਾਰਣ ਨਾ ਕਰ ਸਕਿਆ। ਮਾਰਕਸ ਤੇ ਏਂਗਲਜ਼ ਨੇ ਕਮਿਊਨਿਸਟ ਪਾਰਟੀ ਦੇ ਘੋਸ਼ਣਾ ਪੱਤਰ ਵਿਚ ਪਿਛਾਂਹ–ਖਿਚੂ ਸਮਾਜਵਾਦਾਂ ਦੇ ਪੂਰਬਲੇ ਸੰਕਲਪਾਂ ਜਿਵੇਂ ‘ਭੂਪਵਾਦੀ ਸਮਾਜਵਾਦ’, ‘ਪੈਟੀਬੁਰਜੁਆ ਸਮਾਜਵਾਦ’ ਅਤੇ ‘ਜਰਮਨ’ ਜਾਂ ‘ਸੱਚਾ ਸਮਾਜਵਾਦ’ ਦਾ ਤਰਕ ਪੂਰਣ ਖੰਡਨ ਕੀਤਾ ਹੈ। ਇਨ੍ਹਾ ਤੋਂ ਬਿਨਾ ਵੀ ਪਿਛਾਂਹ–ਖਿਚੂ ਸਮਾਜਵਾਦ ਦੇ ਹੋਰ ਵੀ ਸੰਕਲਪ ਹਨ ਜਿਵੇਂ ‘ਲੋਕਤੰਤਰੀ ਸਮਾਜਵਾਦ’, ‘ਫੈਬੀਅਨ ਸਮਾਜਵਾਦ’, ‘ਗਿਲਡ ਸਮਾਜਵਾਦ’, ‘ਮੰਤਰੀਵਾਦੀ ਸਮਾਜਵਾਦ’, ‘ਪੁਲਸੀ ਸਮਾਜਵਾਦ’, ‘ਯਟੋਪੀਆਈ ਸਮਾਜਵਾਦ’ ਆਦਿ। ਵਿਗਿਆਨਕ ਸਮਾਜਵਾਦ ਇਨ੍ਹਾਂ ਨਾਲੋਂ ਨਾ ਕੇਵਲ ਤਾਤਵਿਕ ਤੌਰ ਤੇ ਭਿੰਨ ਹੈ, ਸਗੋਂ ਇਨ੍ਹਾਂ ਦਾ ਪੁਰਜ਼ੋਰ ਖੰਡਨ ਵੀ ਕਰਦਾ ਹੈ। ਵਿਗਿਆਨਕ ਸਮਾਜਵਾਦ ਦਾ ਆਧਾਰ ਦ੍ਵੰਦਾਤਮਕ ਪਦਾਰਥਵਾਦ ਅਤੇ ਮਾਰਕਸਵਾਦ ਦਾ ਕ੍ਰਾਂਤੀਕਾਰੀ ਦਰਸ਼ਨ ਹੈ।

          ਦੁਨੀਆਂ ਦਾ ਸਭ ਤੋਂ ਪਹਿਲਾਂ ਸਮਾਜਵਾਦ ਸੋਵੀਅਤ ਯੂਨੀਅਨ ਵਿਚ ਕਾਇਮ ਹੋਇਆ, ਜਿੱਥੇ ਅਕਤੂਬਰ, 1917 ਦੇ ਇਨਕਲਾਬ ਦੇ ਫਲਸਰੂਪ ਕਾਮਰੇਡ ਲੈਨਿਨ ਦੀ ਅਗਵਾਈ ਹੇਠ ਇਸ ਨਵੀਂ ਸਮਾਜਕ–ਆਰਥਿਕ ਰਾਜ ਵਿਵਸਥਾ ਨੂੰ ਕਾਇਮ ਕੀਤਾ ਗਿਆ। ਏਸ਼ੀਆ ਵਿਚ ਸਮਾਜਵਾਦੀ ਰਾਜ ਸਭ ਤੋਂ ਪਹਿਲਾਂ ਚੀਨ ਵਿਚ ਮਾਓ–ਜ਼ੇ–ਤੁੰਗ ਦੀ ਅਗਵਾਈ ਵਿਚ 1949 ਈ. ਵਿਚ ਸਥਾਪਿਤ ਹੋਇਆ। ਇਨ੍ਹਾਂ ਤੋਂ ਬਿਨਾ ਕਈ ਹੋਰ ਯੂਰਪੀ ਤੇ ਏਸ਼ੀਆਈ ਦੇਸ਼ਾਂ ਵਿਚ ਸਮਾਜਵਾਦ ਦਾ ਬੋਲਬਾਲਾ ਹੋ ਗਿਆ। ਸਮਾਜਵਾਦ ਵਿਚ ਸਮਾਜਵਾਦੀ–ਸਭਿਆਚਾਰ ਦਾ ਵਿਕਾਸ ਹੁੰਦਾ ਹੈ। ਇਹ ਸਭਿਆਚਾਰ ਆਪਣੇ ਆਚਰਣਿਕ ਗੁਣਾਂ ਦੇ ਪੱਖ ਤੋਂ ਬੁਰਜੁਆ ਸਭਿਆਚਾਰ ਦਾ ਵਿਰੋਧੀ ਹੁੰਦੀ ਹੈ। ਅੱਜ ਦੁਨੀਆ ਦੇ ਬਹੁਤ ਵੱਡੇ ਹਿੱਸੇ ਅਤੇ ਬਹੁਤ ਵੱਡੀ ਜਨ–ਸੰਖਿਆ ਉਤੇ ਇਸ ਸਮਾਜਕ ਪ੍ਰਬੰਧ ਦੀ ਸਰਦਾਰੀ ਹੈ ਅਤੇ ਬਾਕੀ ਦੀ ਦੁਨੀਆ ਵਿਚ ਵੀ ਇਹ ਵਧੇਰੇ ਚਰਚਿਤ ਹੈ। ਸਮਾਜਵਾਦ ਅਤੇ ਸਾਮਵਾਦ (ਕਮਿਊਨਿਸਟ) ਦੇ ਪਰਸਪਰ ਅੰਗਿਕ ਸੰਬੰਧ ਹਨ।

          ਮਾਰਕਸਵਾਦੀ ਪੰਜਾਬੀ ਕਵੀ ਬਾਵਾ ਬਲਵੰਤ ਸਿੰਘ ਆਪਣੀ ਕਵਿਤਾ ‘ਸਮਾਜਵਾਦ’ ਵਿਚ ਸਮਾਜਵਾਦ ਬਾਰੇ ਲਿਖਦਾ ਹੈ :

                   ਮੇਰੇ ਪਿਛੇ ਹੋਰ ਹੈ ਮਿਹਰ ਦੀ ਬਾਰਸ਼ ਅਜੇ,

                   ਉਸ ਤੋਂ ਪਿੱਛੋਂ ਹੋਰ ਹੋ ਸਕਦਾ ਹੈ ਰਹਿਮਤ ਦਾ ਨਿਜ਼ਾਮ

                   ਸੂਝ ਇਨਸਾਨੀ ਕਿਸੇ ਦੀ ਰਹਿ ਨਹੀਂ ਸਕਦੀ ਗ਼ੁਲਾਮ,

                   ਜ਼ਿੰਦਗਾਨੀ ਨੂੰ ਸਦੀਵੀ ਬੇੜੀਆਂ ਕੋਈ ਨਹੀਂ,

                   ਜ਼ਿੰਦਗੀ ਦੇ ਸੁਪਨਿਆਂ ਦੀ ਮੈਂ ਹਾਂ ਇਕ ਤਸਵੀਰ ਹੀ।                            ––(ਬੰਦਰਗਾਹ)

          ਸਮਾਜਵਾਦ ਦੇ ਪ੍ਰਭਾਵ ਨੂੰ ਸੰਸਾਰ ਦੇ ਬਹੁਤ ਸਾਰੇ ਲੇਖਕਾਂ ਤੇ ਕਲਾਕਾਰਾਂ ਨੇ ਗ੍ਰਹਿਣ ਕੀਤਾ ਹੈ ਕਿਉਂਕਿ ਇਸ ਨੇ ਸਾਹਿੱਤਕਾਰ ਜਾਂ ਕਲਾਕਾਰ ਦੀ ਸਜਗ ਚੇਤਨਾ ਨੂੰ ਨਵੀਆਂ ਦਿਸ਼ਾਵਾਂ ਦਾ ਸੰਕੇਤ ਕੀਤਾ ਹੈ। ਪੰਜਾਬੀ ਸਾਹਿੱਤ ਵਿਚ ਵੀਹਵੀਂ ਸਦੀ ਦੀ ਪਹਿਲੀ ਚੋਥਾਈ ਤੋਂ ਬਾਅਦ ਸਮਾਜਵਾਦ ਨੂੰ ਇਕ ਆਦਰਸ਼ ਸਮਾਜਕ ਪ੍ਰਬੰਧ ਦੇ ਰੂਪ ਵਿਚ ਵੱਡੀ ਪੱਧਰ ਉੱਤੇ ਚਿਤਰਿਆ ਗਿਆ ਹੈ। ਇਸ ਨਿਜ਼ਾਮ ਦੀ ਸਥਾਵਨਾ ਲਈ ਜੂਝ ਰਹੇ ਵਿਅਕਤੀਆਂ ਨੂੰ ਨਾਇਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਸਮਾਜਵਾਦੀ ਧਾਰਾ ਦੇ ਪ੍ਰਮੁੱਖ ਸਿਰਜਨਾਤਮਕ ਲੇਖਕ ਹਨ ਸੰਤ ਸਿੰਘ ਸੇਖੋਂ, ਬਾਵਾ ਬਲਵੰਤ ਸਿੰਘ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਪਿਆਰਾ ਸਿੰਘ ਸਹਿਰਾਈ ਆਦਿ।

[ਸਹਾ. ਗ੍ਰੰਥ––(Karl Marx : Capital (3 Volumes); Frederic Engles : The Origin of    Family, Private Property and th State; Karl Marx and Frederic Engles : Selected     Works; Mao–Tse–Tung : Selected Works of Mao Tse–Tung; J.V. Stalin : Collected           Works; ਲੈਨਿਨ : ‘ਲੈਨਿਨ ਦੀ ਚੋਣਵੀਂ ਰਚਨਾ’; ਗੁਰਬਚਨ ਸਿੰਘ ਭੁੱਲਰ : ‘ਅਰਥ ਸ਼ਾਸਤਰ ਅਤੇ ਸ਼ਬਦ–          ਕੋਸ਼’; ਬਾਵਾ ਬਲਵੰਤ : ‘ਬੰਦਰਗਾਹ’]                 


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.