ਕਲਪ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Era (ਇਅਰਅ) ਕਲਪ: ਭੂ-ਵਿਗਿਆਨੀਆਂ ਨੇ ਭੂ-ਵਿਗਿਆਨਿਕ ਸਮੇਂ ਨੂੰ ਚਟਾਨਾਂ ਦੇ ਹੋਂਦ ਵਿੱਚ ਆਉਣ ਦੇ ਸਮੇਂ ਦੇ ਆਧਾਰ ਤੇ ਕਈ ਕਾਲਾਂ ਵਿੱਚ ਵੰਡਿਆ ਹੈ। ਕਲਪ (era) ਨੂੰ ਯੁੱਗਾਂ (pe-riods) ਅਤੇ ਯੁੱਗਾਂ ਨੂੰ ਦੌਰਾਂ (epochs) ਵਿੱਚ ਅਤੇ ਹਰ ਦੌਰ ਨੂੰ ਪੀੜ੍ਹੀਆਂ (ages) ਵਿੱਚ ਵੰਡਿਆ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕਲਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਪ. ਸੰ. कल्प. ਸੰਗ੍ਯਾ—ਵਿਧਿ. ਕਰਨ ਯੋਗ੍ਯ ਕਰਮ । ੨ ਵੇਦ ਦਾ ਇੱਕ ਅੰਗ , ਜਿਸ ਵਿਚ ਯਗ੍ਯ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ ਅਤੇ ਵੇਦਮੰਤ੍ਰਾਂ ਦੇ ਪਾਠ ਦੇ ਮੌਕੇ ਅਤੇ ਫਲ ਵਰਣਨ ਕੀਤੇ ਹਨ। ੩ ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇੱਕ ਦਿਨ , ਜੋ ੪੩੨੦੦੦੦੦੦੦ ਵਰ੍ਹੇ ਦਾ ਹੁੰਦਾ ਹੈ।1 ੪ ਕਲਪਵ੍ਰਿ੖ (ਬਿਰਛ) ੫ ਕਲਪਨਾ ਦਾ ਸੰਖੇਪ. “ਅੰਤਰਿ ਕਲਪ ਭਵਾਈਐ ਜੋਨੀ.” (ਪ੍ਰਭਾ ਅ: ਮ: ੫) “ਰੋਵੇ ਪੂਤ ਨ ਕਲਪੈ ਮਾਈ.” (ਆਸਾ ਮ: ੧) ੬ ਸਿੰਧੀ. ਕਲਪੁ. ਸੰਸਾ. ਸ਼ੱਕ. ਇਹ ਕਲਪਨਾ ੬ ਦਾ ਰੁਪਾਂਤਰ ਹੈ। ੭ ਸੰ. ਵਿ—ਯੋਗ੍ਯ ਲਾਯਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਪ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਲਪ (ਸੰ.। ਸੰਸਕ੍ਰਿਤ ਕਲਪ=ਫੁਰਨਾ) ਸੰਕਲਪ , ਇੱਛਾ , ਫੁਰਨਾ। ਯਥਾ-‘ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਲਪ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲਪ : ਇਸ ਨਾਂ ਦੇ ਚਾਰ ਵਿਅਕਤੀ ਹੋਏ ਹਨ ਜਿਨ੍ਹਾਂ ਵਿਚੋਂ ਇਕ ਰਾਜਾ ਉਤਾਨਪਾਦ ਦੇ ਪੁੱਤਰ, ਪ੍ਰਸਿੱਧ ਭਗਤ ਧਰੂ ਦਾ ਪੁੱਤਰ ਸੀ। ਦੂਸਰਾ ਕਲਪ ਯਾਦਵਵੰਸ਼ੀ ਵਸੂਦੇਵ ਦਾ ਪੁੱਤਰ ਸੀ। ਤੀਸਰਾ ਕਲਪ ਹਿਰਣਾਕਸ਼ਪ ਦੀ ਭੈਣ ਸਿੰਘਕਾ ਦੇ ਤੇਰ੍ਹਾਂ ਪੁੱਤਰਾਂ ਵਿਚੋਂ ਇਕ ਸੀ। ਚੌਥਾ ਕਲਪ ਇਕ ਮਹਾਂਰਿਸ਼ੀ ਸੀ ਜਿਸ ਦੀ ਕਥਾ ਸੋਕੰਦ ਪੁਰਾਣ ਵਿਚ ਮਿਲਦੀ ਹੈ।

          2. ਸ੍ਰਿਸ਼ਟੀ ਦੀ ਚਾਲ ਅਤੇ ਵਿਕਾਸ ਨੂੰ ਮਾਪਣ ਲਈ ਕਲਪ ਹਿੰਦੂਆਂ ਦਾ ਇਕ ਪਰਮ ਪ੍ਰਸਿੱਧ ਮਾਪਦੰਡ ਹੈ। ਬ੍ਰਹਮਾ ਦਾ ਇਕ ਦਿਨ ਕਲਪ ਕਿਹਾ ਜਾਂਦਾ ਹੈ, ਉਸ ਅਨੁਸਾਰ ਬ੍ਰਹਮਾ ਦੀ ਸੌ ਵਰ੍ਹੇ ਦੀ ਉਮਰ ਪੂਰੀ ਹੋਣ ਤੋਂ ਪਿਛੋਂ ਪਰਲੋ ਆਉਂਦੀ ਹੈ। ਪਰਲੋ ਬ੍ਰਹਮਾ ਦੀ ਇਕ ਰਾਤ ਹੈ, ਜਿਸ ਤੋਂ ਪਿਛੋਂ ਸ੍ਰਿਸ਼ਟੀ ਦੀ ਪੁਨਰ ਰਚਨਾ ਆਰੰਭ ਹੁੰਦੀ ਹੈ। ਚਾਰਾਂ ਯੁੱਗਾਂ ਦੇ ਇਕ ਚਕੱਰ ਨੂੰ ਚਤਰਯੁਗੀ ਕਹਿੰਦੇ ਹਨ। ਇਕ ਹਜ਼ਾਰ ਚਤਰਯੁੱਗੀਆਂ ਨੂੰ ਮਿਲਾ ਕੇ ਇਕ ਕਲਪ ਬਣਦਾ ਹੈ। ਬ੍ਰਹਮਾ ਦੇ ਇਕ ਮਹੀਨੇ ਵਿਚ ਤੀਹ ਕਲਪ ਹੁੰਦੇ ਹਨ ਜਿਨ੍ਹਾਂ ਦੇ ਵੱਖ ਵੱਖ ਨਾਂ ਹਨ। ਹਰ ਕਲਪ ਦੇ 14 ਹਿੱਸੇ ਹੁੰਦੇ ਹਨ ਅਤੇ ਇਨ੍ਹਾਂ ਭਾਗਾਂ ਨੂੰ ਮਨਵੰਤਰ ਕਹਿੰਦੇ ਹਨ। ਹਰ ਇਕ ਮਨਵੰਤਰ ਦਾ ਇਕ ਮਨੂੰ ਹੁੰਦਾ ਹੈ, ਇੰਜ ਚੌਦਾਂ ਮਨੂੰ ਹਨ। ਹਰ ਇਕ ਮਨਵੰਤਰ ਦੇ ਵਖ ਵਖ ਸਪਤ-ਰਿਸ਼ੀ, ਇੰਦਰ ਅਤੇ ਇੰਦਰਾਣੀ ਆਦਿ ਵੀ ਹੁੰਦੇ ਹਨ। ਇੰਜ ਇਕ ਕਲਪ ਚਾਰ ਅਰਬ ਬੱਤੀ ਕਰੋੜ ਵਰ੍ਹੇ ਦਾ ਮੰਨਿਆ ਜਾਂਦਾ ਹੈ।

          ਹ. ਪੁ.––ਹਿੰ. ਵਿ. ਕੋ. 2 : 385.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਲਪ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲਪ, (ਸੰਸਕ੍ਰਿਤ : कल्प=ਮਿਥਿਆ ਸਮਾਂ, ਵਿਧੀ) \ ਵਿਸ਼ੇਸ਼ਣ \ ਪੁਲਿੰਗ :  ੧. ਯੋਗ, ਲਾਇਕ ਕਾਬਲ; ੨. ਕਿਸੇ ਦੂਜੇ ਵਰਗੀ ਰੂਪਰੇਖਾ ਵਾਲਾ, ਸਮਾਨ; ੩. ਨੀਯਮ, ਨਿਜਮ, ਕਨੂੰਨ, ਵਿਧੀ, ਕਰਨਯੋਗ ਕਰਮ, ਅਸੂਲ, ੪. ਦਲੀਲ ਦਾ ਇੱਕ ਪੱਖ; ੫. ਇੱਕ ਨਾਚ ਦਾ ਨਾਂ; ੬. ਵੇਦ ਦਾ ਇੱਕ ਅੰਗ ਜਿਸ ਵਿੱਚ ਧਾਰਮਕ ਰੀਤੀਆਂ ਦੀ ਵਿਧੀ ਦੱਸੀ ਹੈ ਤੇ ਵੇਦ ਦੇ ਮੰਤਰਾਂ ਦੇ ਫਲ ਤੇ ਪਾਠ ਦੇ ਮੌਕੇ ਦੱਸੇ ਹਨ; ੭. ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇੱਕ ਦਿਨ ਜੋ ੧000 ਯੁਗ ਜਾਂ ੪ ਅਰਬ ੩੨ ਕਰੋੜ ਮਨੁੱਖੀ ਸਾਲਾਂ ਦੇ ਬਰਾਬਰ ਹੈ ਅਜੇਹੇ ੩0 ਸਾਲਾਂ ਪਿਛੋਂ ਸੰਸਾਰ ਦਾ ਅੰਤ ਹੋ ਜਾਵੇਗਾ

–ਕਲਪ ਅਗਨੀ, ਇਸਤਰੀ ਲਿੰਗ : ਕਲਪ ਦੇ ਅੰਤ ਅਥਵਾ ਸੰਸਾਰ ਦੇ ਖ਼ਤਮ ਹੋਣ ਪੁਰ ਨਾਸ਼ ਕਰਨ ਵਾਲੀ ਅੱਗ, ਪਰਲੋ-ਅੱਗ

–ਕਲਪ ਸਿਧਾਂਤ, ਪੁਲਿੰਗ : ਜੈਨੀਆਂ ਦਾ ਇੱਕ ਗਰੰਥ

–ਕਲਪਸੂਤਰ,  ਪੁਲਿੰਗ: ੧. ਆਸ਼ਵਲਾਯਨ ਅਤੇ ਆਪਸਤੰਬ ਆਦਿ ਰਿਖੀਆਂ ਦੇ ਬਣਾਏ ਗਰੰਥ ਜਿਨ੍ਹਾਂ ਵਿੱਚ ਯੱਗ ਆਦਿਕ ਕਰਮਾਂ ਦੀ ਵਿਧੀ ਦੱਸੀ ਹੈ; ੨. ਹਿਕਮਤ ਦੀ ਇੱਕ ਪੁਸਤਕ ਦਾ ਨਾਂ; ੩. ਜੈਨੀਆਂ ਦੀ ਇੱਕ ਪੁਸਤਕ ਜਿਸ ਵਿੱਚ ਮਹਾਵੀਰ ਦਾ ਜੀਵਨ ਦਿੱਤਾ ਹੈ, ਮਹਾਂਵੀਰ ਜੀਵਨੀ

–ਕਲਪਕਾਰ,  ਪੁਲਿੰਗ : ਧਾਰਮਕ ਨੇਮਾਂ ਤੇ ਵਿਧੀਆਂ ਦਾ ਬਣਾਉਣ ਵਾਲਾ

–ਕਲਪਚਿੰਤਾਮਨੀ, ਪੁਲਿੰਗ : ਇੱਕ ਗਰੰਥ ਦਾ ਨਾं

–ਕਲਪਤ, ਵਿਸ਼ੇਸ਼ਣ : ਮਨ ਵਿੱਚ ਲਿਆਂਦਾ ਹੋਇਆ, ਮਨ ਵਿੱਚ ਆਇਆ ਹੋਇਆ; ਮਿਥਿਆ ਜਾਂ ਫਰਜ਼ ਕੀਤਾ ਹੋਇਆ, ਖਿਆਲੀ

–ਕਲਪਤੰਤਰ, ਪੁਲਿੰਗ : ਇੱਕ ਗਰੰਥ ਦਾ ਨਾਂ

–ਕਲਪਤਰਵਰ,  ਕਲਪਤਰੁ, ਪੁਲਿੰਗ : ਕਲਪਬ੍ਰਿਛ

–ਕਲਪਧੇਣ, ਇਸਤਰੀ ਲਿੰਗ : ਕਲਪ ਗਾਂ; ਕਾਮਧੇਣ ਗਾਂ ਜੋ ਸੰਕਲਪ ਕਰਨ ਤੇ ਸਭ ਇਛਾਵਾਂ ਪੂਰੀਆਂ ਕਰਦੀ ਹੈ

–ਕਲਪ ਨਰਿਤ,  ਪੁਲਿੰਗ : ਇੱਕ ਕਿਸਮ ਦਾ ਨਾਚ

–ਕਲਪ ਪਰਦੀਪਕਾ, ਪੁਲਿੰਗ : ਇੱਕ ਗਰੰਥ ਦਾ ਨਾਂ

–ਕਲਪ ਬ੍ਰਿਛ, ਪੁਲਿੰਗ : ਸਾਰੀਆਂ ਕਾਮਨਾਂ ਤੇ ਇਛਾਵਾਂ ਪੁਰੀਆਂ ਕਰਨ ਵਾਲਾ ਇੱਕ ਰੁੱਖ, ਪਾਰਜਾਤ, ਕਲਪਤਰੁ

–ਕਲਪ ਲਤਾ,  ਇਸਤਰੀ ਲਿੰਗ :  ਸਰਬ ਇਛਾਪੂਰਕ ਵੇਲ

–ਕਲਪਵਾਯੂ, ਇਸਤਰੀ ਲਿੰਗ : ਹਰ ਕਲਪ ਦੇ ਅੰਤ ਦੇ ਚੱਲਣ ਵਾਲੀ ਹਵਾ, ਸੰਸਾਰ ਖ਼ਤਮ ਹੋਣ ਪੁਰ ਚਲਣ ਵਾਲੀ ਵਾਯੂ

–ਕਲਪਾਂਤ (ਕਲਾਪਅੰਤ), ਪੁਲਿੰਗ : ਕਲਪ ਦੇ ਮੁਕਣ ਦਾ ਸਮਾਂ, ਸੰਸਾਰ ਦੇ ਖ਼ਤਮ ਹੋਣ ਦਾ ਸਮਾਂ, ਪਰਲੋ, ਜੁਗਾਂਤ

–ਕਲਪਾਦ (ਕਲਪ ਆਦਿ), ਪੁਲਿੰਗ : ਕਲਪ ਦਾ ਆਰੰਭ, ਸੰਸਾਰ ਦੇ ਸ਼ੁਰੂ ਹੋਣ ਦਾ ਸਮਾਂ, ਆਦਿ ਕਾਲ, ਜੁਗਾਦ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-06-03-15-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.