ਕਾਦਰਯਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਦਰਯਾਰ : ਕਾਦਰਯਾਰ ਦੇ ਜਨਮ ਅਤੇ ਮੌਤ ਬਾਰੇ ਕੋਈ ਪੱਕਾ ਸਬੂਤ ਨਹੀਂ ਮਿਲਦਾ। ਉਸ ਦੇ ਜਨਮ ਦਾ ਅਨੁਮਾਨ ਉਸ ਦੀ ਰਚਨਾ ਮਹਿਰਾਜਨਾਮਾ ਵਿੱਚ ਲਿਖੀ ਇੱਕ ਤਾਰੀਖ਼ ਤੋਂ ਹੀ ਲਗਾਇਆ ਜਾਂਦਾ ਹੈ। ਉਸ ਨੇ ਇਸ਼ਾਰਾ ਕੀਤਾ ਹੈ ਕਿ ਇਹ ਰਚਨਾ ਕਰਨ ਵੇਲੇ ਉਹ ਜਵਾਨੀ ਦੀ ਅਵਸਥਾ ਵਿੱਚ ਪੈਰ ਧਰ ਚੁੱਕਾ ਸੀ:

ਦਿਲ ਵਿੱਚ ਫਿਕਰ ਨਬੀ ਸਰਵਰ ਦਾ,

ਹੋਰ ਖਿਆਲ ਭੁਲਾਇਆ।

ਛੋਟੀ ਉਮਰ ਸਰ ਪਰ ਸਖਤੀ, ਇਹ ਮਹਿਰਾਜ ਬਣਾਇਆ।

ਬਾਰਾਂ ਸੌ ਸੰਤਾਲੀ ਸਾਲਾ ਪਾਕ ਨਬੀ ਦੇ ਪਿੱਛੋਂ।

          ਇਹ ਮਜ਼ਕੂਰ ਬਣਾਇਆ ਯਾਰੋ, ਵੇਖ ਮੁ-ਆਰਜ ਵਿੱਚੋਂ।

     ਕਵੀ ਦੇ ਆਪਣੇ ਕਥਨ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਹ ਰਚਨਾ ਉਸ ਨੇ 1832 ਦੇ ਨੇੜੇ-ਤੇੜੇ ਕੀਤੀ ਹੋਵੇਗੀ। ਸੋ ਉਸ ਵੇਲੇ ਜੇਕਰ ਉਹ ਛੱਬੀ-ਸਤਾਈ ਵਰ੍ਹਿਆਂ ਦਾ ਵੀ ਹੋਵੇ ਤਾਂ ਉਸ ਦਾ ਜਨਮ 1805 ਵਿੱਚ ਹੋਇਆ ਹੋਵੇਗਾ। ਕਿੱਸਾ ਪੂਰਨ ਭਗਤ ਦੇ ਅਖੀਰ ਵਿੱਚ ਉਸ ਨੇ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਹੈ:

    ਮੌਜ਼ਹ ਮਾਛੀ ਕੇ ਪਿੰਡ ਹੈ ਜਗਹ ਮੇਰੀ,

                    ਸੰਧੂ ਜ਼ਾਤ ਹੈ ਆਖ ਸੁਣਾਇਆ ਮੈਂ।

     ਇੰਞ ਪਤਾ ਲੱਗਦਾ ਹੈ ਕਿ ਉਹ ਪਿੰਡ ਮਾਛੀਕੇ, ਜ਼ਿਲ੍ਹਾ ਸ਼ੇਖੂਪੁਰਾ ਦਾ ਵਸਨੀਕ ਸੀ ਤੇ ਜਾਤ ਦਾ ਸੰਧੂ ਜੱਟ। ਪਰ ਇੱਕ ਹਵਾਲੇ ਅਨੁਸਾਰ ਉਸ ਨੂੰ ਢੰਡੂ, ਜ਼ਿਲ੍ਹਾ ਸਿਆਲਕੋਟ ਦਾ ਰਹਿਣ ਵਾਲਾ ਵੀ ਦੱਸਿਆ ਗਿਆ ਹੈ। ਉਸ ਦੇ ਮਾਪੇ ਨਿਸ਼ਚੇ ਹੀ ਖੇਤੀ-ਬਾੜੀ ਦਾ ਕੰਮ ਕਰਦੇ ਸਨ। ਭਾਵੇਂ ਕਾਦਰਯਾਰ ਨੇ ਆਪਣੇ-ਆਪ ਨੂੰ ਬੇਇਲਮ ਕਿਹਾ ਹੈ :

    ਜੋੜ ਮਿਅਰਾਜ ਮੁਰੱਤਬ ਕੀਤਾ, ਜੋ ਕੁਝ ਸਾਥੋਂ ਸਰਿਆ।

                    ਮੈਂ ਦਹਿਕਾਨ ਬੇ-ਇਲਮ ਵਿਚਾਰਾ, ਦੋਸ ਨਾ ਚਾਹੀਏ ਧਰਿਆ।

     ਪਰ ਇਉਂ ਉਸ ਦਾ ਆਪਣੇ-ਆਪ ਨੂੰ ਬੇ-ਇਲਮ ਆਖਣਾ ਉਸ ਦੀ ਨਿਮਰਤਾ ਜਾਪਦੀ ਹੈ। ਉਸ ਦੇ ਕਿੱਸੇ ਸੋਹਣੀ ਮਹੀਂਵਾਲ ਅਤੇ ਮਿਅਰਾਜਨਾਮਾ ਵਿੱਚ ਵਰਤੀ ਹੋਈ ਸ਼ਬਦਾਵਲੀ ਅਤੇ ਬਿੰਬਾਵਲੀ ਇਸ ਗੱਲ ਦਾ ਸਬੂਤ ਹੈ ਕਿ ਕਾਦਰਯਾਰ ਕਾਫ਼ੀ ਪੜ੍ਹਿਆ ਲਿਖਿਆ ਕਵੀ ਸੀ। ਕਾਦਰਯਾਰ ਇਸਲਾਮ ਵਿੱਚ ਯਕੀਨ ਰੱਖਣ ਵਾਲਾ ਪੱਕਾ ਮੁਸਲਮਾਨ ਸੀ। ਉਸ ਦੀ ਰਚਨਾ ਮਿਅਰਾਜਨਾਮਾ ਅਤੇ ਰੋਜ਼ਨਾਮਾ ਇਸ ਗੱਲ ਦਾ ਪ੍ਰਮਾਣ ਹਨ।

     ਉਸ ਦੀ ਸਭ ਤੋਂ ਮਹੱਤਵਪੂਰਨ ਰਚਨਾ ਪੂਰਨ ਭਗਤ ਦਾ ਕਿੱਸਾ ਹੈ। ਇਸ ਤੋਂ ਇਲਾਵਾ ਉਸ ਨੇ ਸੋਹਣੀ ਮਹੀਂਵਾਲ, ਰਾਜਾ ਰਸਾਲੂ, ਹਰੀ ਸਿੰਘ ਨਲੂਏ ਦੀ ਵਾਰ, ਪੂਰਨ ਭਗਤ ਦੀ ਵਾਰ, ਮਿਅਰਾਜਨਾਮਾ ਤੇ ਰੋਜ਼ਨਾਮਾ ਰਚਨਾਵਾਂ ਵੀ ਲਿਖੀਆਂ ਜੋ ਪੁਸਤਕਾਂ ਦੇ ਰੂਪ ਵਿੱਚ ਮਿਲਦੀਆਂ ਹਨ। ਇਹਨਾਂ ਸਾਰਿਆਂ ਵਿੱਚੋਂ ਸਿਰਫ਼ ਮਿਅਰਾਜਨਾਮਾ ਦੇ ਲਿਖਣ ਦਾ ਸੰਨ ਹੀ ਮਿਲਦਾ ਹੈ, ਜੋ 1832 ਹੈ। ਪੂਰਨ ਭਗਤ, ਰਾਜਾ ਰਸਾਲੂ ਤੇ ਹਰੀ ਸਿੰਘ ਨਲੂਆ ਬਾਰੇ ਲਿਖਣ ਵਾਲਾ ਉਹ ਪਹਿਲਾ ਕਵੀ ਸੀ। ਇਸ ਲਈ ਉਹ ਨਿਸ਼ਚੇ ਹੀ ਮਾਣ ਦਾ ਹੱਕਦਾਰ ਹੈ।

     ਕਾਦਰਯਾਰ ਦੀਆਂ ਸਾਰੀਆਂ ਰਚਨਾਵਾਂ ਵਿੱਚੋਂ ਬਹੁਤ ਮਸ਼ਹੂਰ ਹੋਇਆ ਪੂਰਨ ਭਗਤ ਦਾ ਕਿੱਸਾ ਉਸ ਦੇ ਆਪਣੇ ਕਥਨ ਅਨੁਸਾਰ 140 ਬੈਂਤਾਂ ਵਿੱਚ ਹੈ। ਇਸ ਦੇ ਲਿਖਣ ਉੱਤੇ ਵਕਤ ਲੱਗਿਆ ਸਿਰਫ਼ ਸੋਲਾਂ ਦਿਨਾਂ ਦਾ:

ਇੱਕ ਸੌ ਚਾਲੀ ਜਾਂ ਬੈਂਤ ਤਿਆਰ ਕੀਤੇ,

ਸਭਨਾਂ ਭਾਈਆਂ ਨੂੰ ਚਾ ਸੁਣਾਇਆ ਮੈਂ।

ਕਿੱਸਾ ਪੂਰਨ ਭਗਤ ਦਾ ਫ਼ਿਕਰ ਕਰ ਕੇ,

          ਸੋਲਾਂ ਰੋਜਾਂ ਦੇ ਵਿੱਚ ਬਣਾਇਆ ਮੈਂ।

     ਇਸ ਕਿੱਸੇ ਦੀ ਮਕਬੂਲੀਅਤ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਦਾ ਹੈ। ਇਸ ਵਿੱਚ ਇਸ਼ਕ ਦਾ ਉਹ ਰੂਪ ਬਿਆਨਿਆ ਗਿਆ ਹੈ ਜਿਹੜਾ ਹਿੰਦੁਸਤਾਨੀ ਨਜ਼ਰੀਏ ਦੇ ਬਹੁਤ ਨਜ਼ਦੀਕ ਹੈ। ਇਸ ਕਿੱਸੇ ਦੇ ਸੁਣਾਉਣ ਬਦਲੇ ਕਾਦਰਯਾਰ ਨੂੰ ਇੱਕ ਖੂਹ ਵੀ ਇਨਾਮ ਵਜੋਂ ਮਿਲਿਆ :

ਪੂਰਨ ਰਾਜੇ ਦੀ ਗੱਲ ਸੁਣਾਇਕੇ ਜੀ,

          ਇੱਕ ਖੂਹ ਇਨਾਮ ਲਿਖਾਇਆ ਮੈਂ।

     ਕਾਦਰਯਾਰ ਦਾ ਗੱਲ ਆਖਣ ਦਾ ਢੰਗ ਬੜਾ ਸਿੱਧਾ ਤੇ ਸਰਲ ਹੈ। ਬੋਲੀ ਠੇਠ, ਜਿੱਦਾਂ ਦੀ ਆਮ ਪੇਂਡੂ ਲੋਕ ਬੋਲਦੇ ਹਨ। ਵਿਦਵਤਾ ਤੇ ਬੌਧਿਕਤਾ ਦੇ ਭਾਰ ਤੋਂ ਮੁਕਤ ਉਸ ਦੀ ਆਖੀ ਹੋਈ ਗੱਲ ਧਰਤੀ ਦੇ ਬਹੁਤ ਨੇੜੇ ਹੈ। ਇਸੇ ਕਰ ਕੇ ਲੋਕਾਂ ਨੇ ਉਸ ਦੇ ਕਲਾਮ ਨੂੰ ਸਲਾਹਿਆ ਹੈ। ਪੂਰਨ ਭਗਤ ਦੇ ਕਿੱਸੇ ਦੀਆਂ ਕਈ ਟੂਕਾਂ ਤਾਂ ਲੋਕਾਂ ਦੀ ਜ਼ੁਬਾਨ `ਤੇ ਚੜ੍ਹ ਗਈਆਂ :

ਜ਼ਾਲ ਜ਼ਰਾ ਨਾ ਤਾਕਤ ਰਹੀ ਤਨ ਵਿੱਚ,

ਰਾਣੀ ਗਾਂਵਦੀ ਗਮਾਂ ਦੇ ਗੀਤ ਲੋਕੋ।

ਮੈਂ ਭੁੱਲੀ ਆਂ ਤੁਸੀਂ ਨਾ ਭੁੱਲਿਆ ਜੇ,

ਲਾਇਓ ਜੋਗੀਆਂ ਨਾਲ ਨਾ ਪ੍ਰੀਤ ਲੋਕੋ।

ਜੰਗਲ ਗਏ ਨਾ ਬਹੁੜੇ ਸੁੰਦਰਾਂ ਨੂੰ,

          ਜੋਗੀ ਨਹੀਂ ਜੇ ਕਿਸੇ ਦੇ ਮੀਤ ਲੋਕੋ।

     ਉਸ ਨੇ ਸੋਹਣੀ ਦੇ ਕਿੱਸੇ ਨੂੰ ਫ਼ਾਰਸੀ ਬਹਿਰ ਵਿੱਚ ਲਿਖ ਕੇ ਦਿਲਚਸਪ ਬਣਾ ਦਿੱਤਾ ਹੈ। ਇਸੇ ਬਹਿਰ ਵਿੱਚ ਜੰਗਨਾਮੇ ਲਿਖੇ ਜਾਂਦੇ ਸਨ। ਪੂਰਨ ਭਗਤ ਵਿੱਚ ਹਿੰਦੂ ਧਰਮ ਦੀਆਂ ਪ੍ਰਾਚੀਨ ਕਥਾਵਾਂ ਵੱਲ ਇਸ਼ਾਰੇ ਮਿਲਦੇ ਹਨ। ਇਸ ਗੱਲ ਤੋਂ ਇਹ ਟੋਹ ਮਿਲਦੀ ਹੈ ਕਿ ਉਸ ਨੂੰ ਹਿੰਦੂ ਮਿਥਿਹਾਸ ਬਾਰੇ ਭਰਵੀਂ ਜਾਣਕਾਰੀ ਸੀ। ਇੱਕ ਇਹ ਵੀ ਹਵਾਲਾ ਮਿਲਦਾ ਹੈ ਕਿ ਕਾਦਰਯਾਰ ਨੇ ਪੂਰਨ ਭਗਤ ਦੋ ਲਿਖੇ ਹਨ। ਇੱਕ ਕਿੱਸਾ ਹੈ ਜੋ ਬੈਂਤਾਂ ਵਿੱਚ ਹੈ ਅਤੇ ਦੂਜੀ ਵਾਰ ਹੈ ਜਿਸ ਵਿੱਚ ਨੌਂ ਸੌ ਕਲੀਆਂ ਹਨ।

ਕਾਦਰਯਾਰ ਦੀ ਕਾਵਿ-ਕਲਾ ਦੇ ਹੋਰ ਨਮੂਨੇ ਉਸ ਦੀਆਂ ਭਿੰਨ-ਭਿੰਨ ਰਚਨਾਵਾਂ `ਚੋਂ ਦੇਖੇ ਜਾ ਸਕਦੇ ਹਨ:

ਅਲਫ਼ ਆਖਦੇ ਅੱਲਾਹ ਦੀ ਪਾਕ ਸੂਰਤ,

ਅੱਲਾਹ ਪਾਕ ਸੂਰਤ ਜਿਹਨੂੰ ਚਾ ਦੇਵੇ।

ਸੂਰਤਵੰਦ ਨਾ ਕਿਸੇ ਦੇ ਵੱਲ ਵੇਖੇ,

ਹਰ ਕੋਈ ਬੁਲਾਂਵਦਾ ਹੱਸ ਕੇ ਵੇ।

ਮਾਰੇ ਸੂਰਤਾਂ ਦੇ ਮਰ ਗਏ ਆਸ਼ਕ,

ਇੱਕ ਸਾੜ ਫਰਾਕ ਦੀ ਅੱਗ ਦੇ ਵੇ।

ਕਾਦਰਯਾਰ ਮੀਆਂ ਸੂਰਤ ਵਾਲਿਆਂ ਨੂੰ,

          ਅਣਮੰਗੀਆਂ ਦੌਲਤਾਂ ਰੱਬ ਦੇਵੇ।

(ਪੂਰਨ ਭਗਤ)

ਪਾਣੀ ਇਸ਼ਕ ਝਨਾਂ ਦਾ ਜਾਦੂਗੀਰ ਵਹੇ।

ਇਸ਼ਕ ਝਨਾਉਂ ਲੱਭਦਾ, ਜੋ ਕੋਈ ਮੁੱਲ ਲਵੇ।

ਸਭ ਆਸ਼ਕ ਉਸ ਦੇ ਬਾਲਕੇ ਕੰਢੇ ਉਪਰ ਰਹੇ।     

     (ਸੋਹਣੀ ਮਹੀਂਵਾਲ)

     ਬਹੁਭਾਂਤੀ ਅਲੰਕਾਰਾਂ ਦੀ ਵਰਤੋਂ ਨੇ ਕਾਦਰਯਾਰ ਦੀ ਕਵਿਤਾ ਵਿੱਚ ਅਨੂਠਾ ਰੰਗ ਭਰ ਦਿੱਤਾ ਹੈ। ਇਹਨਾਂ ਦੀ ਚੋਣ ਆਮ ਲੋਕਾਂ ਦੇ ਜੀਵਨ ਤੇ ਚੁਗਿਰਦੇ ਵਿੱਚੋਂ ਕੀਤੀ ਗਈ ਹੈ :

ਸੂਰਤ ਉਸ ਦੀ ਚੰਦ ਮਹਿਤਾਬ ਵਾਂਗੂੰ,

ਜਦੋਂ ਬੈਠੀ ਸੀ ਜ਼ੇਵਰ ਪਾਇਕੇ ਜੀ।

ਕਾਦਰਯਾਰ ਕੀ ਆਖ ਸੁਣਾਵਸਾਂ ਮੈਂ,

          ਪੰਛੀ ਡਿਗਦੇ ਦਰਸ਼ਨਾ ਪਾਇ ਕੇ ਜੀ।

     ਲੋਕਾਂ ਵਿੱਚ ਪ੍ਰਚਲਿਤ ਕਥਨਾਂ, ਮੁਹਾਵਰਿਆਂ, ਅਖਾਣਾਂ ਅਤੇ ਅਟੱਲ ਸਚਾਈਆਂ ਦਾ ਕਾਦਰਯਾਰ ਨੂੰ ਭਰਵਾਂ ਗਿਆਨ ਹੈ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਜਿੱਥੇ ਮਨੁੱਖ ਦੇ ਬੁਨਿਆਦੀ ਜਜ਼ਬਿਆਂ ਨੂੰ ਬਖ਼ੂਬੀ ਚਿਤਰਿਆ ਹੈ, ਉੱਥੇ ਇਹ ਪੰਜਾਬੀ ਸੱਭਿਆਚਾਰ ਦਾ ਦਸਤਾਵੇਜ਼ ਵੀ ਬਣ ਗਈਆਂ ਹਨ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਾਦਰਯਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਦਰਯਾਰ : ਇਹ ਪੰਜਾਬੀ ਦਾ ਪ੍ਰਸਿੱਧ ਕਿੱਸਾਕਾਰ ਹੋਇਆ ਹੈ, ਜਿਹੜਾ ਆਪਣੀ ਅਰਮ ਰਚਨਾ ‘ਕਿੱਸਾ ਪੂਰਨ ਭਗਤ’ ਲਿਖ ਕੇ ਹੋਰ ਚੋਟੀ ਦੇ ਕਿੱਸਾਕਾਰਾਂ ਵਾਂਗ ਮਾਣ ਦਾ ਅਧਿਕਾਰੀ ਬਣਿਆ। ਇਸ ਦਾ ਜਨਮ ਪਾਕਿਸਤਾਨ ਵਿਚ ਗੁਜਰਾਂਵਾਲੇ ਤੋਂ ਐਮਨਾਬਾਦ ਨੂੰ ਜਾਂਦੀ ਸੜਕ ਉਤੇ ਸਥਿਤ ਪਿੰਡ ਮਾਛੀਕੇ ਵਿਖੇ 1802 ਈ. ਵਿਚ ਹੋਇਆ। ਇਹ ਜੱਟ ਜ਼ਿਮੀਂਦਾਰ ਸੀ ਅਤੇ ਥੋੜ੍ਹਾ ਜਿਹਾ ਪੜ੍ਹਿਆ ਲਿਖੀਆ ਸੀ। ਆਪਣੀ ਪਹਿਲੀ ਰਚਨਾ ‘ਮੇਅਰਾਜ ਨਾਮਾ’ ਵਿਚ ਆਪਣੀ ਨਿਮਰਤਾ ਦਾ ਸਬੂਤ ਦਿੰਦੇ ਹੋਏ ਇਹ ਲਿਖਦਾ ਹੈ :––‘ਮੈਂ ਦਹਿਕਾਨ ਬੇਇਲਮ ਵਿਚਾਰਾ, ਦੋਸ ਨਾ ਰਾਹੀਏ ਧਾਰਿਆ।’ ਇਸ ਨੇ ਆਪਣੇ ਜੀਵਨ ਦਾ ਵਧੇਰੇ ਹਿੱਸਾ ਆਪਣੇ ਪਿੰਡ ਵਿਚ ਹੀ ਗੁਜ਼ਾਰਿਆ, ਜਿਥੇ 1892 ਵਿਚ ਇਸ ਦੀ ਮੌਤ ਹੋ ਗਈ। ਇਹ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਸੀ।

          ਇਸ ਦੀਆਂ ਲਿਖਤਾਂ ਨੂੰ ਮੋਟੇ ਤੌਰ ਤੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ :––

          1. ਮੁਸਲਮਾਨਾਂ ਦੇ ਇਤਿਹਾਸ ਦੀਆਂ ਰਵਾਇਤਾਂ ‘ਮੇਅਰਾਜਨਾਮਾ’ ਅਤੇ ‘ਰੋਜ਼ਨਾਮਾ’।

          2. ਇਸ ਦ ਇਲਾਕੇ ਵਿਚ ਵਪਾਰੀਆਂ ਪ੍ਰਸਿੱਧ ਕਹਾਣੀਆਂ ਜਾਂ ਮਹਾਂਪੁਰਸ਼ਾਂ ਦੇ ਹਾਲ, ਜਿਵੇਂ ਪੂਰਨ ਭਗਤ, ਰਾਜਾ ਰਸਾਲੂ ਦੀ ਵਾਰ, ਵਾਰ ਰਾਣੀ ਕੋਕਲਾਂ, ਪੂਰਨ ਭਗਤ ਦੀ ਵਾਰ, ਸੋਹਣੀ ਮਹੀਂਵਾਲ, ਹਰੀ ਸਿੰਘ ਨਲੂਆ।

          ਹ. ਪੁ.––ਪੰ. ਸਾ. ਇ. 676; ਪੰ. ਸ਼ਾ. ਤਜ਼. 163.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.