ਕਾਰਣ-ਸ਼ਰੀਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਰਣ-ਸ਼ਰੀਰ: ਵੇਦਾਂਤ ਅਨੁਸਾਰ ਜੀਵ ਦੇ ਤਿੰਨ ਸ਼ਰੀਰ ਮੰਨੇ ਗਏ ਹਨ— ਸਥੂਲ, ਸੂਖਮ ਅਤੇ ਕਾਰਣ। ਅਵਿਦਿਆ ਨਾਲ ਯੁਕਤ ਆਤਮਾ ਨੂੰ ‘ਜੀਵ’ ਕਹਿੰਦੇ ਹਨ। ਜੀਵ ਦਾ ਸਥੂਲ ਸ਼ਰੀਰ ਭੌਤਿਕ ਤੱਤ੍ਵਾਂ ਨਾਲ ਰੂਪ ਧਾਰਦਾ ਹੈ। ਉਸ ਦਾ ਸੂਖਮ ਸ਼ਰੀਰ ਗਿਆਨ ਇੰਦ੍ਰੀਆਂ , ਕਰਮ ਇੰਦ੍ਰੀਆਂ, ਪ੍ਰਾਣ , ਮਨ ਅਤੇ ਬੁੱਧੀ ਨਾਲ ਬਣਦਾ ਹੈ।

            ਜੀਵ ਦਾ ਕਾਰਣ ਸ਼ਰੀਰ ਅਵਿਦਿਆ ਹੈ। ਇਹ ਮੁਕਾਬਲਤਨ ਸਥਾਈ ਹੁੰਦਾ ਹੈ। ਸਥੂਲ ਸ਼ਰੀਰ ਦੇ ਨਸ਼ਟ ਹੋਣ ’ਤੇ ਇਸ ਦਾ ਵਿਨਾਸ਼ ਨਹੀਂ ਹੁੰਦਾ। ਕਾਰਣ ਸ਼ਰੀਰ ਵਿਭਿੰਨ ਜਨਮਾਂ ਵਿਚ ਜੀਵ ਦੇ ਨਾਲ ਲਗਿਆ ਰਹਿੰਦਾ ਹੈ। ਕਾਰਣ ਸ਼ਰੀਰ ਨਾਲ ਯੁਕਤ ਹੋਣ ਕਰਕੇ ਜੀਵ ਨੂੰ ਪ੍ਰਾਗੑਯ (ਜੀਵਾਤਮਾ) ਕਹਿੰਦੇ ਹਨ। ਕਾਰਣ ਸ਼ਰੀਰ ਇਸ ਲਈ ਅਖਵਾਉਂਦਾ ਹੈ ਕਿ ਪ੍ਰਕ੍ਰਿਤੀ ਦਾ ਇਕ ਵਿਸ਼ਿਸ਼ਟ ਰੂਪ ਹੋਣ ਕਰਕੇ ਇਹ ਸਥੂਲ ਅਤੇ ਸੂਖਮ ਸ਼ਰੀਰ ਦਾ ਕਾਰਣ ਹੈ ਕਿਉਂਕਿ ਇਹ ਪ੍ਰਕ੍ਰਿਤੀ ਤੋਂ ਹੀ ਪੈਦਾ ਹੁੰਦਾ ਹੈ। ਜੀਵ ਨੂੰ ਜਦ ਗਿਆਨ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਨੂੰ ਆਪਣੇ ਆਤਮ-ਸਰੂਪ ਦਾ ਬੋਧ ਹੋ ਜਾਂਦਾ ਹੈ, ਤਦ ਅਵਿਦਿਆ ਨਾਲ ਬਣਿਆ ‘ਕਾਰਣ ਸ਼ਰੀਰ’ ਵੀ ਨਸ਼ਟ ਹੋ ਜਾਂਦਾ ਹੈ। ਤਦ ਜੀਵ ਜਨਮ-ਮਰਣ ਦੇ ਬੰਧਨ ਤੋਂ ਸਦਾ ਲਈ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਬਾਣੀ ਵਿਚ ਕਾਰਣ ਸ਼ਰੀਰ ਅਰਥਾਤ ਅਵਿਦਿਆ ਨੂੰ ਕਟਣ ਉਤੇ ਬਲ ਦਿੱਤਾ ਗਿਆ ਹੈ। ਵੇਖੋ ‘ਅਵਿਦਿਆ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.