ਕਾਲੋਰਾਡੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਲੋਰਾਡੋ : ਸੰਯੁਕਤ ਰਾਜ ਅਮਰੀਕਾ ਦਾ ਇਹ ਇਕ ਪਹਾੜੀ ਰਾਜ ਗਿਣਿਆ ਜਾਂਦਾ ਹੈ। ਇਸ ਦਾ ਕੁੱਲ ਖੇਤਰਫਲ 269,997 ਵ. ਕਿ. ਮੀ. ਹੈ ਅਤੇ ਆਬਾਦੀ 2,889,964 (1980) ਹੈ। ਰਾਜ 63 ਕਾਊਂਟੀਆਂ ਵਿਚ ਵੰਡਿਆ ਹੋਇਆ ਹੈ। ਕਾਲੋਰਾਡੋ ਰਾਜ ਦੀ ਸਰਹੱਦ ਉੱਤਰ ਵੱਲੋਂ ਵਾਈਓਮਿੰਗ ਤੇ ਨੈੱਬਰੈੱਸਕਾ ਨਾਲ, ਪੂਰਬ ਵੱਲੋਂ ਨੈੱਬਰੈੱਸਕਾ ਅਤੇ ਕੈਨਜ਼ਾਸ ਨਾਲ, ਦੱਖਣ ਵੱਲੋਂ ਓਕਲਾਹੋਮਾ ਅਤੇ ਨਿਊ ਮੈਕਸੀਕੋ ਨਾਲ ਅਤੇ ਪੱਛਮ ਵੱਲੋਂ ਇਹ ਊਟਾ ਨਾਲ ਲਗਦੀ ਹੈ। ਉੱਤਰ ਅਤੇ ਦੱਖਣ ਵਿਚ 41˚ ਅਤੇ 37˚ ਉੱਤਰੀ ਅਕਸ਼ਾਂਸ਼ ਅਤੇ ਪੂਰਬ ਤੇ ਪੱਛਮ ਵਿਚ 102˚ ਅਤੇ 109˚ ਪੱਛਮੀ ਰੇਖਾਂਸ਼ ਇਸ ਦੀ ਹੱਦ ਬਣਾਉਂਦੇ ਹਨ।

          ਭੂਗੋਲਕ ਪੱਖ ਤੋਂ ਕਾਲੋਰਾਡੋ ਤਿੰਨ ਮੁੱਖ ਖੇਤਰਾਂ ਵਿਚ ਵੰਡਿਆ ਹੋਇਆ ਹੈ––ਮੈਦਾਨੀ, ਪਹਾੜੀ ਅਤੇ ਪਠਾਰੀ। ਰਾਜ ਦਾ 2/5 ਪੂਰਬੀ ਹਿੱਸਾ ਮੈਦਾਨੀ ਹੈ ਜੋ ਪਹਾੜਾਂ ਦੀ ਪੱਬੀ ਵਲੋਂ 1800 ਮੀ. ਦੀ ਉੱਚਾਈ ਤੋਂ ਸ਼ੁਰੂ ਹੋ ਕੇ ਪੂਰਬੀ ਸਰਹੱਦ ਵਲ ਦਰਿਆਈ ਵਾਦੀਆਂ ਵਲ 990 ਮੀ. ਤਕ ਨੀਵਾਂ ਹੋ ਜਾਂਦਾ ਹੈ। ਮੈਦਾਨਾਂ ਤੋਂ ਅੱਗੇ ਉੱਤਰ ਤੋਂ ਦੱਖਣ ਵਲ ਨੂੰ ਇਕ ਦਮ 1500 ਮੀ. ਤੋਂ 2000 ਮੀ. ਉਪਰ ਉੱਠੇ ਰਾਕੀ ਪਰਬਤ ਆਉਂਦੇ ਹਨ, ਜਿਨ੍ਹਾਂ ਵਿਚ 4200 ਮੀ. ਦੀ ਉੱਚਾਈ ਦੀਆਂ 54 ਚੋਟੀਆਂ ਹਨ। ਇਹ ਪਰਬਤ ਰਾਜ ਦੇ ਕੇਂਦਰੀ ਹਿੱਸੇ ਵਿਚ ਪੂਰਬ ਤੋਂ ਪੱਛਮ ਨੂੰ ਇਕ ਮੁੱਖ ਰੁਕਾਵਟ ਪੈਦਾ ਕਰਦੇ ਹਨ। ਪੱਛਮੀ ਪਠਾਰੀ ਭਾਗ ਵਿਚ, ਜਿਹੜਾ ਕਿ ਕਾਲੋਰਾਡੋ ਪਠਾਰ ਦਾ ਹਿੱਸਾ ਹੈ, ਦਰਿਆਈ ਵਾਦੀਆਂ ਹਨ ਜਿਨ੍ਹਾਂ ਦੀ ਉੱਚਾਈ 1350 ਮੀ. ਹੈ।

          ਰਾਜ ਵਿਚ ਵੱਖ ਵੱਖ ਥਾਵਾਂ ਤੇ ਵੱਖ ਵੱਖ ਕਿਸਮ ਦਾ ਜਲਵਾਯੂ ਮਿਲਦਾ ਹੈ। ਵਰਖਾ ਵਧੇਰੇ ਪਹਾੜਾਂ ਤੇ ਹੁੰਦੀ ਹੈ ਅਤੇ ਗਰਮੀ ਬਹੁਤੀ ਮੈਦਾਨਾਂ ਵਿਚ ਪੈਂਦੀ ਹੈ। ਪਰਬਤੀ ਖੇਤਰ ਵਿਚ ਸਾਲ ਦੇ ਬਹੁਤੇ ਹਿੱਸੇ ਵਿਚ ਬਰਫ਼ ਪੈਂਦੀ ਹੈ।

          ਜਲਵਾਯੂ ਦੀ ਸਥਿੱਤੀ ਅਨੁਸਾਰ ਇਥੇ ਤਿੰਨ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ––ਸੇਂਜੂ, ਮਾਰੂ ਅਤੇ ਚਰਾਈ। ਵੱਖ-ਵੱਖ ਖੇਤਰਾਂ ਵਿਚ ਸਿੰਜਾਈ ਨਾਲ ਚਾਰਾ, ਲੂਸਣ, ਸ਼ਕਰਕੰਦੀ, ਮੱਕੀ, ਫਲੀਆਂ ਅਤੇ ਸਬਜ਼ੀਆਂ ਦੀ ਪੈਦਾਵਾਰ ਹੁੰਦੀ ਹੈ। ਮਾਰੂ ਖੇਤੀ ਵਿਚ ਕਣਕ, ਜੌਂ, ਚਰ੍ਹੀ ਅਤੇ ਦੋਗਲੀ ਮੱਕੀ ਅਦਿ ਤੋਂ ਇਲਾਵਾ ਆਲੂ, ਤੇਲਾਂ ਦੇ ਬੀਜ, ਗੰਢੇ, ਨਾਸ਼ਪਾਤੀ, ਆੜੂ ਅਤੇ ਸੇਬ ਆਦਿ ਦੀ ਪੈਦਾਵਾਰ ਸ਼ਾਮਲ ਹੈ। ਕਈ ਪਠਾਰਾਂ ਅਤੇ ਮੈਦਾਨਾਂ ਦੇ ਖ਼ੁਸ਼ਕ ਹਿੱਸਿਆਂ ਵਿਚ ਭੇਡਾਂ ਤੇ ਗਊਆਂ ਆਦਿ ਪਾਲਣ ਲਈ ਚਾਰਗਾਹਾਂ ਵੀ ਹਨ।

          ਕਾਲੋਰਾਡੋ ਖਣਿਜ ਅਤੇ ਕੱਚਾ ਤੇਲ ਪੈਦਾ ਕਰਨ ਵਾਲੇ ਵੀ ਮਹੱਤਵਪੂਰਨ ਹੈ। ਇਥੇ ਪੈਟ੍ਰੋਲ, ਕੋਲਾ ਆਦਿ ਤੋਂ ਇਲਾਵਾ ਯੂਰੇਨੀਅਮ-ਵੈਨੇਡੀਅਮ ਅਤੇ ਮਾਲਿਬਡਿਨਮ ਅਤੇ ਸਿੱਕਾ, ਜ਼ਿੰਕ, ਤਾਂਬਾ, ਸੋਨਾ ਅਤੇ ਚਾਂਦੀ ਵਰਗੀਆਂ ਹੋਰ ਧਾਤਾਂ ਵੀ ਕੱਢੀਆਂ ਜਾਂਦੀਆਂ ਹਨ।

          ਹ. ਪੁ.––ਐਨ. ਚੈਂਬ. 3:748; ਐਨ. ਬ੍ਰਿ. ਮੈ. 4:906


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਲੋਰਾਡੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਲੋਰਾਡੋ : ਦਰਿਆ––ਉੱਤਰੀ ਅਮਰੀਕਾ ਦਾ ਇਕ ਮੁੱਖ ਦਰਿਆ ਹੈ ਜਿਹੜਾ ਲਗਭਗ 2230 ਕਿ. ਮੀ. (1450 ਮੀਲ) ਲੰਬਾ ਹੈ ਅਤੇ ਇਹ ਸੰਯੁਕਤ ਰਾਜ ਵਿਚ ਉੱਤਰੀ ਕੇਂਦਰੀ ਕਾਲੋਰਾਡੋ ਵਿਚ ਰਾਕੀ ਮਾਊਨਟੇਨ ਨੈਸ਼ਨਲ ਪਾਰਕ ਵਿਚੋਂ ਨਿਕਲ ਕੇ, ਕਾਲੋਰਡੋ, ਦੱਖਣੀ-ਪੂਰਬੀ ਊਟਾ ਅਤੇ ਉੱਤਰ-ਪੱਛਮੀ ਐਰੀਜ਼ੋਨਾ ਦੀਆਂ ਉੱਚੀਆਂ ਪਠਾਰਾਂ ਵਿਚ ਕਈ ਵੱਡੇ-ਵੱਡੇ ਵਿੰਗ ਵਾਲਵੇਂ ਖਾਂਦਾ ਹੋਇਆ ਦੱਖਣ-ਪੱਛਮ ਦੀ ਦਿਸ਼ਾ ਨੂੰ ਵਹਿੰਦਾ ਹੈ। ਫਿਰ ਇਹ ਦਰਿਆ ਦੱਖਣ ਵੱਲ ਮੁੜ ਜਾਂਦਾ ਹੈ ਅਤੇ ਨੇਵਦਾਦਾ ਐਰੀਜ਼ੋਨਾ ਵਿਚਕਾਰ ਅਤੇ ਐਰੀਜ਼ੋਨਾ ਅਤੇ ਕੈਲਿਫੋਰਨੀਆ ਵਿਚਕਾਰ ਹੱਦ ਬਣਾਉਂਦਾ ਹੋਇਆ ਅਤੇ ਫਿਰ ਉੱਤਰ ਪੱਛਮੀ ਮੈਕਸੀਕੋ ਵਿਚ ਦਾਖ਼ਲ ਹੁੰਦਾ ਹੈ ਅਤੇ ਬਾਜਾ (ਲੋਇਰ) ਕੈਲਿਫੋਰਨੀਆ ਅਤੇ ਸੋਨੋਰਾ ਵਿਚਕਾਰਲੀ ਹੱਦ ਬਣਾਉਂਦਾ ਹੋਇਆ ਲੋਅਰ ਕੈਲਿਫੋਰਨੀਆ ਦੀ ਖਾੜੀ ਵਿਚ ਜਾ ਡਿੱਗਦਾ ਹੈ।

          ਯੂਨਿਟਾ ਅਤੇ ਹੋਰ ਦੱਖਣੀ ਰਾਕੀ ਪਹਾੜੀਆਂ ਉਪਰਲੀ ਪਿਘਲਦੀ ਹੋਈ ਬਰਫ ਅਤੇ ਰੁੜ੍ਹਦਾ ਪਾਣੀ ਇਸ ਦਰਿਆ ਦੇ ਪਾਣੀ ਦਾ ਸੋਮਾ ਹੈ। ਗਨੀਸਨ, ਡੋਲੋਰੈਸ, ਗਰੀਨ, ਸਾਨਵਾਨ, ਲਿਟਲ ਕਾਲੋਰਾਡੋ, ਵਰਜਿਨ ਅਤੇ ਹੀਲਾ ਇਸ ਦਰਿਆ ਦੇ ਮੁੱਖ ਸਹਾਇਕ ਦਰਿਆ ਹਨ। ਇਨ੍ਹਾਂ ਸਾਰਿਆਂ ਦਰਿਆਵਾਂ ਨਾਲ ਰਲ ਕੇ ਇਹ ਦਰਿਆ ਲਗਭਗ 534,400 ਵ. ਕਿ. ਮੀ. ਰਕਬੇ ਦਾ ਜਲ ਨਿਕਾਸ ਕਰਦਾ ਹੈ। ਆਪਣੇ ਵਿਚਲੇ ਦਰਿਆਈ ਮਾਰਗ ਵਿਚ ਇਹ ਦਰਿਆ ਕਈ ਸੌ ਮੀਲਾਂ ਤੀਕ ਕਈ ਸੁੰਦਰ ਡੂੰਘੀਆਂ-ਖੱਡਾਂ ਜਿਹੜੀਆਂ ਦੁਨੀਆ ਭਰ ਵਿਚ ਰਮਣੀਕ ਅਤ ਭੂ-ਵਿਗਿਆਨਕ ਪੱਖੋਂ ਪ੍ਰਸਿੱਧ ਹਨ, ਦੇ ਵਿਚੋਂ ਦੀ ਗੁਜ਼ਰਦਾ ਹੈ। ਉੱਤਰ-ਪੱਛਮੀ ਐਰੀਜ਼ੋਨਾ ਵਿਚਲਾ ਗਰੈਂਡ ਕੈਨੀਅਨ ਵਾਲਾ ਖੇਤਰ, ਜਿਹੜਾ ਮਾਰਬਲ ਕੈਨੀਅਨ ਤੋਂ ਗਰੈਂਡ ਵਾਸ਼ ਤੀਕ ਫੈਲਿਆ ਹੋਇਆ ਹੈ––ਸਭ ਤੋਂ ਵੱਧ ਪ੍ਰਭਾਵਸ਼ਾਲੀ ਹਿੱਸਾ ਹੈ। ਗਰੈਂਡ ਕੈਨੀਅਨ ਸਭ ਤੋਂ ਡੂੰਘੀ ਖੱਡ ਹੈ। ਇਹ ਦਰਿਆ ਕਈ ਖੂਬਸੂਰਤ ਪਹਾੜਾਂ, ਪਠਾਰਾਂ ਅਤੇ ਮਾਰੂਥਲਾਂ ਵਿਚੋਂ ਗੁਜ਼ਰਦਾ ਹੈ ਜਿਥੇ ਇਹ ਖ਼ੂਬਸੂਰਤ ਕੁਦਰਤੀ ਦ੍ਰਿਸ਼ ਪੇਸ਼ ਕਰਦਾ ਹੈ। ਇਥੇ ਇਹ ਦਰਿਆ ਬਹੁਪਰਬਤੀ ਤਹਿਦਾਰ ਚੱਟਾਨਾਂ ਵਿਚੋਂ ਗੁਜ਼ਰਦਾ ਹੈ ਜਿਨ੍ਹਾਂ ਨੂੰ ਹੌਲੀ-ਹੌਲੀ ਖੋਰ ਕੇ ਇਹ ਕੋਈ 1700 ਮੀ. (6000 ਫੁਟ) ਦੀ ਡੂੰਘਾਈ ਤਕ ਹੇਠਾਂ ਚਲਾ ਗਿਆ ਹੈ। ਦਰਿਆ ਦਾ ਇਹ ਹਿੱਸਾ ਸੈਲਾਨੀਆਂ ਅਤੇ ਭੂ-ਵਿਗਿਆਨੀਆਂ ਦੋਵਾਂ ਲਈ ਇਕ ਖਿਚ ਦਾ ਕੇਂਦਰ ਹੈ। ਭੂ-ਵਿਗਿਆਨੀਆਂ ਦਾ ਇਹ ਬਹੁਤ ਹੀ ਪੁਰਾਣਾ ਰਿਕਾਰਡ ਪੇਸ਼ ਕਰਦਾ ਹੈ। ਇਸ ਦਰਿਆ ਦਾ ਹੇਠਲਾ ਦਰਿਆਈ ਮਾਰਗ ਬਿਲਕੁਲ ਹੀ ਵੱਖਰਾ ਹੈ ਅਤੇ ਇਹ ਦਰਿਆ ਇਕ ਵਿਸ਼ਾਲ ਡੈਲਟਾ ਬਣਾਉਂਦਾ ਹੈ। ਪਿਛਲੇ ਭੂ-ਵਿਗਿਆਨਕ ਸਮੇਂ ਵਿਚ ਕਾਲੋਰਾਡੋ ਦਰਿਆ ਆਪਣੇ ਵਰਤਮਾਨ ਮੁਹਾਣੇ ਤੋਂ ਕੋਈ 100 ਕਿ. ਮੀ. ਉੱਤਰ ਵੱਲ ਯੂਮਾ ਦੇ ਸਥਾਨ ਤੇ ਕੈਲਿਫੋਰਨੀਆ ਖਾੜੀ ਵਿਚ ਦਾਖ਼ਲ ਹੁੰਦਾ ਸੀ। ਇਨ੍ਹਾਂ ਦੇ ਵਿਚਕਾਰ ਇਕ ਡੈਲਟਾ ਬਣਿਆ ਹੋਇਆ ਹੈ ਜਿਸ ਨੇ ਲੋਇਰ ਕੈਲਿਫੋਰਨੀਆ ਦੀ ਖਾੜੀ ਦੇ ਮੁਹਾਣੇ ਨੂੰ ਕੱਟ-ਵੱਢ ਕੇ ਭਰਿਆ ਹੋਇਆ ਹੈ ਜਿਸ ਨੂੰ ਅੱਜਕੱਲ੍ਹ ਸਾਲਟਨ ਸਿੰਕ ਆਖਦੇ ਹਨ।

          ਅੰਦਾਜ਼ੇ ਅਨੁਸਾਰ ਹੜ੍ਹਾਂ ਦੇ ਮੌਸਮ (ਅਪ੍ਰੈਲ ਅਤੇ ਮਈ) ਦੌਰਾਨ ਦਰਿਆ ਦੇ ਮੁਹਾਣੇ ਤੇ ਪਾਣੀ ਦਾ ਵੱਧ ਤੋਂ ਵੱਧ ਆਇਤਨ 1980 ਤੋਂ 3,110 ਘਣ ਮੀਟਰ (70,000 ਤੋਂ 110,000 ਘਣ ਫੁੱਟ) ਤੀਕ ਹੁੰਦਾ ਹੈ। ਪਾਣੀ ਦੀ ਔਸਤਨ ਮਾਤਰਾ 311 ਘਣ ਮੀਟਰ (11,000 ਘਣ ਫੁੱਟ) ਪ੍ਰਤਿ ਸੈਕਿੰਡ ਹੈ। 3 ਤੋਂ 6 ਪ੍ਰਤਿਸ਼ਤ ਤਕ ਆਇਤਨ ਦਾ ਹਿੱਸਾ ਗਾਦ ਤੇ ਮਿੱਟੀ ਵਗੈਰਾ ਦਾ ਹੁੰਦਾ ਹੈ।

          ਲਗਭਗ 420 ਵ. ਕਿ. ਮੀ. ਦੇ ਰਕਬੇ ਵਿਚ ਹਰ ਸਾਲ ਇਹ 1/3 ਮੀਟਰ (1 ਫੁਟ) ਗਾਰਾ ਅਤੇ ਬਜਰੀ ਦੀ ਭਲ ਪਾ ਸਕਦਾ ਹੈ। ਇੰਨੀ ਜ਼ਿਆਦਾ ਭਲ ਦੇ ਦਰਿਆ ਦਾ ਦੱਖਣੀ ਦਰਿਆਈ ਮਾਰਗ ਬਦਲ ਦਿਤਾ ਹੈ ਅਤੇ ਦਰਿਆ ਵਲਾਵਿਆਂ ਵਿਚ ਵਗਣ ਲਗ ਪਿਆ ਹੈ। ਇਸ ਦਰਿਆ ਨੇ ਕਈ ਧਨੁੱਖ-ਆਕਾਰੀ ਝੀਲਾਂ ਅਤੇ ਦਲਦਲਾਂ ਬਣਾਈਆਂ ਹਨ। ਕਾਲੋਰਾਡੋ ਦਰਿਆ ਆਪਣੇ ਹੇਠਲੇ ਹਿੱਸੇ ਵਿਚ ਵਧੇਰੇ ਕਰਕੇ ਖਾਈਆਂ ਦੇ ਰੂਪ ਵਿਚ ਵਹਿੰਦਾ ਹੈ।

          ਕਾਲੋਰਾਡੋ ਇਕ ਬਹੁਤ ਮਹੱਤਵਪੂਰਨ ਦਰਿਆ ਹੈ ਕਿਉਂਕਿ ਇਹ ਇਕ ਅਰਧ-ਖੁਸ਼ਕ ਇਲਾਕੇ ਵਿਚੋਂ ਦੀ ਖੁਸ਼ਕ ਇਲਾਕੇ ਵਲ ਨੂੰ ਵਹਿੰਦਾ ਹੈ ਅਤੇ ਇਸ ਦਾ ਪਾਣੀ ਸਿੰਜਾਈ ਅਤੇ ਬਿਜਲੀ ਲਈ ਵਰਤਿਆ ਜਾ ਸਕਦਾ ਹੈ। ਇਸ ਦਰਿਆ ਉਤੇ ਕਈ ਬਿਜਲੀ ਅਤੇ ਸਿੰਜਾਈ ਪ੍ਰਾਜੈਕਟਰ ਬਣਾਏ ਗਏ ਹਨ। ਇਨ੍ਹਾਂ ਵਿਚੋਂ ਨੈਵੇਦਾ ਅਤੇ ਐਰੀਜ਼ੋਨਾ ਵਿਚਕਾਰ ਬਲੈਕ ਕੈਨੀਅਨ ਵਿਚ ਬਣਾਇਆ ਹੂਵਰ ਬੰਨ੍ਹ ਸੱਭ ਤੋਂ ਪ੍ਰਸਿੱਧ ਹੈ। ਇਹ ਬੰਨ੍ਹ ਕਾਲੋਰਾਡੋ ਦਰਿਆ ਦੇ ਪਾਣੀ ਨੂੰ ਰੋਕ ਕੇ ਦੁਨੀਆ ਦੀ ਸੱਭ ਤੋਂ ਵੱਡੀ ਬਣਾਵਟੀ ਝੀਲ, ਮੀਡ, ਝੀਲ, ਜਿਸ ਦੀ ਡੂੰਘਾਈ ਲਗਭਗ 180 ਮੀ. (589 ਫੁੱਟ ਅਤੇ ਤੱਟ ਰੇਖਾ 885 ਕਿ. ਮੀ. ਹੈ), ਨੂੰ ਹੋਂਦ ਵਿਚ ਲਿਆਉਂਦਾ ਹੈ। ਯੂਮਾ ਦੇ ਦੱਖਣ ਵੱਲ ਨੂੰ, ਲਾਗੂਨਾ ਬੰਨ੍ਹ ਇਕ ਹੋਰ ਵੱਡਾ ਪ੍ਰਾਜੈਕਟ ਹੈ। ਇਹ ਬੰਨ੍ਹ ਅਤੇ ਸਿੰਜਾਈ ਵਾਲੀਆਂ ਨਹਿਰਾਂ ਮਈ ਦੇ ਮਹੀਨ ਵਿਚ ਆਉਣ ਵਾਲੇ ਹੜ੍ਹਾਂ ਨੂੰ ਰੋਕਦੀਆਂ ਹਨ। ਹੜ੍ਹ ਸਮੇਂ ਇਸ ਦਰਿਆ ਦਾ ਪਾਣੀ 12 ਮੀ. (40 ਫੁੱਟ) ਤੀਕ ਚੜ੍ਹ ਜਾਂਦਾ ਹੈ।

          ਹੇਠਲੇ ਦਰਿਆਈ ਮਾਰਗ ਵਿਚ ਕਈ ਸੌ ਮੀਲਾਂ ਤੀਕ ਪੱਧਰੇ ਥੱਲੇ ਵਾਲੀਆਂ ਦਰਿਆਈ ਕਿਸ਼ਤੀਆਂ ਚਲ ਸਕਦੀਆਂ ਹਨ ਪਰ ਜਲ-ਮਾਰਗ ਦੇ ਬਦਲਣ ਅਤੇ ਸੰਚਾਰ ਦੇ ਹੋਰਨਾਂ ਸਾਧਨਾਂ ਦੇ ਵਿਕਾਸ ਕਾਰਨ ਇਹ ਦਰਿਆ ਆਵਾਜਾਈ ਲਈ ਮਹੱਤਵਪੂਰਨ ਨਹੀਂ ਹੈ।

          ਕਾਲੋਰਾਡੋ ਦਰਿਆ ਦੀ ਵਾਦੀ ਨੂੰ ਅਮਰੀਕਨ ਮਹਾਂਦੀਪ ਦੇ ਕੁਝ ਆਦਿ ਵਾਸੀਆਂ ਨੇ ਆਬਾਦ ਕੀਤਾ ਸੀ ਅਤੇ ਇਥੋਂ ਦੇ ਖੰਡਰਾਤ ਇਸ ਗੱਲ ਦੀ ਸਾਖੀ ਭਰਦੇ ਹਨ ਕਿ ਕਾਲੋਰਾਡੋ ਦਰਿਆ ਦੇ ਨਾਲ ਨਾਲ ਕੋਈ ਦੋ ਹਜ਼ਾਰ ਵਰ੍ਹੇ ਪਹਿਲਾਂ ਮਨੁੱਖ ਰਿਹਾ ਕਰਦਾ ਸੀ। ਫ੍ਰਾਂਸਿਸਕੋ ਡੀ ਊਲੋਆ ਉਹ ਪਹਿਲਾਂ ਅੰਗਰੇਜ਼ ਸਪੇਨੀ ਸਿਪਾਹੀ ਅਤੇ ਖੋਜੀ ਸੀ, ਜਿਸ ਨੇ ਸੰਨ 1539 ਵਿਚ ਇਸ ਦਰਿਆ ਦੇ ਮੁਹਾਣੇ ਦਾ ਪਤਾ ਲਾਇਆ ਸੀ। ਸੰਨ 1540-41 ਵਿਚ ਫ੍ਰਾਂਸਿਸਕੋ ਵਾਜ਼ਕੁਵੇਜ਼ ਕਾਰੋਨਾਡੋ ਨਾਮੀ ਇਕ ਹੋਰ ਸਪੇਨੀ ਨੇ ਕਾਲੋਰਾਡੋ ਦਰਿਆ ਦੇ ਦੁਆਲੇ ਦੇ ਕੁਝ ਇਲਾਕੇ ਦੀ ਖੋਜ ਕੀਤੀ। ਹਰਨਨਦੋ ਡੀ ਅਲੈਰਕਨ ਨੇ ਦਰਿਆ ਦੇ ਮੁਹਾਣੇ ਤੋਂ ਹੀਲਾ ਦੇ ਨੇੜੇ ਵੱਲ ਨੂੰ ਯਾਤਰਾ ਕੀਤੀ ਸੀ ਅਤੇ ਗਾਰਸੀਆ ਲੋਪੇਸ ਡੀ ਕਾਰਡੀਨਾਸ ਨੇ ਗਰੈਂਡ ਕੈਨੀਅਨ ਨੂੰ ਲਭਿਆ ਸੀ। ਸੰਨ 1857 ਤੋਂ ਬਾਅਦ ਹੀ ਹੇਠਲੇ ਕਾਲੋਰਾਡੋ ਵਿਚ ਸਟੀਮ ਕਿਸ਼ਤੀ ਦੁਆਰਾ ਖੋਜ ਸ਼ੁਰੂ ਕੀਤੀ ਗਈ। ਕੈਪਟਨ ਜਾਰਜ ਏ. ਜਾਹਨਸਨ ਅਤੇ ਲੈਫਟੀਨੈਂਟ ਜੇ. ਈ. ਆਈਵਜ਼ ਹੇਠਲੇ ਕਾਲੋਰਾਡੋ ਦੇ ਖੋਜੀ ਸਨ।

          ਸੰਨ 1868-69 ਅਤੇ 1870-71 ਵਿਚ ਮੇਜਰ ਜੇ. ਡਬਲਯੂ. ਪਾਵੇਲ ਨੇ ਇਕ ਛੋਟੀ ਜਿਹੀ ਕਿਸ਼ਤੀ ਵਿਚ ਦਰਿਆ ਦੇ ਹੇਠਲੇ ਪਾਸੇ ਵੱਲ ਇਕਾ-ਦੁੱਕਾ ਦੋ ਚੱਕਰ ਮਾਰੇ ਅਤੇ ਕਈ ਤੇਜ਼ ਰੌਆਂ ਅਤੇ ਗਰੈਂਡ ਕੈਨੀਅਨ ਨੂੰ ਪਾਰ ਕੀਤਾ। ਸੰਨ 1922 ਵਿਚ ਇਸ ਦੇ ਪਾਣੀ ਦੀ ਵਰਤੋਂ ਸਬੰਧੀ ਸੱਤ-ਰਾਜਾਂ ਦਾ ਸਮਝੌਤਾ ਹੋਇਆ।

          ਹ. ਪੁ.––ਕੋਲ. ਐਨ. 5:337


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਲੋਰਾਡੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਲੋਰਾਡੋ : ਦਰਿਆ––ਟੈਕਸਾਸ ਰਾਜ (ਸ.ਰ.ਅ) ਦਾ ਇਕ ਦਰਿਆ ਹੈ ਜੋ ਰਾਜ ਦੀ ਪੱਛਮੀ ਸਰਹੱਦ ਦੇ ਨੇੜੇ ਪਲੇਨੋ ਐਸਟਾਕਡੋ ਦੀ ਪਠਾਰ ਵਿਚੋਂ ਨਿਕਲਦਾ ਹੈ ਅਤੇ ਮੈਕਸੀਕੋ ਖਾੜੀ ਦੀ ਦੱਖਣ-ਪੂਰਬ ਵੱਲ ਦੀ ਦਿਸ਼ਾ ਵੱਲ ਨੂੰ ਵਹਿੰਦਾ ਹੈ। ਸਿੱਧਾ ਫ਼ਾਸਲਾ ਕੋਈ 805 ਕਿ. ਮੀ. ਤੋਂ ਵੀ ਘੱਟ ਹੈ। ਪਰ ਦਰਿਆ ਦਾ ਮਾਰਗ ਲਗਭਗ 1355 ਕਿ. ਮੀ. (840 ਮੀਲ) ਦਸਿਆ ਜਾਂਦਾ ਹੈ ਅਤੇ ਇਹ ਦਰਿਆ 63,232 ਵ. ਕਿ. ਮੀ. (24,700 ਵ. ਮੀ.) ਦਾ ਜਲ-ਨਿਕਾਸ ਕਰਦਾ ਹੈ। ਸਿੰਜਾਈ ਲਈ ਵਰਤੇ ਜਾਣ ਵਾਲੇ ਪਾਣੀ ਨੂੰ ਬਿਉਕੈਨੈਨ ਜਲ-ਭੰਡਾਰ ਅਤੇ ਆਸਟਿਨ ਉਪਰਲੀ ਟਰੈਵਿਸ ਝੀਲ ਵਿਚ ਰੋਕ ਕੇ ਰੱਖਿਆ ਹੋਇਆ ਹੈ। ਆਸਟਿਨ ਦੇ ਸਥਾਨ ਤੇ ਇਹ ਦਰਿਆ ਪ੍ਰਸਿੱਧ ਬਲੈਕ ਵੈਕਸੀ ਪ੍ਰੇਅਰੀ ਨੂੰ ਪਾਰ ਕਰਦਾ ਹੈ ਅਤੇ ਇਸ ਤੋਂ ਪਰ੍ਹਾਂ ਇਹ ਦਰਿਆ ਸਾਹਿਲੀ ਮੈਦਾਨ ਨੂੰ ਪਾਰ ਕਰਦਾ ਹੋਇਆ ਆਪਣੇ ਹੜ੍ਹ ਵਾਲੇ ਮੈਦਾਨ ਵਿਚੋਂ ਦੀ ਵੰਗ ਵਲਾਵਿਆਂ ਵਿਚੋਂ ਦੀ ਬੇਰੋਕ ਵਹਿੰਦਾ ਹੈ ਅਤੇ ਮੈਟਾਗਾਰਡਾ ਖਾੜੀ ਦੀ ਸਾਹਿਲੀ ਲਾਗੂਨ ਵਿਚ ਜਾ ਡਿਗਦਾ ਹੈ।

          ਹ. ਪੁ.––ਚੈਂਬ. ਐਨ. 3 : 750


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਲੋਰਾਡੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਲੋਰਾਡੋ : ਮਾਰੂਥਲ––ਇਹ ਸਨੋਰਨ ਮਾਰੂਥਲ ਦਾ ਇਕ ਹਿੱਸਾ ਹੈ ਜੋ ਅਮਰੀਕਾ ਵਿਚ ਦੱਖਣੀ ਪੂਰਬੀ ਕੈਲਿਫੋਰਨੀਆ ਦੇ ਸੈਨ ਗਾਰਗੋਨੀਓ ਦੱਰੇ ਤੋਂ ਉੱਤਰੀ ਮੈਕਸੀਕੋ ਵਿਚ ਕਾਲੋਰਾਡੋ ਦਰਿਆ ਦੇ ਡੈਲਟੇ ਤੱਕ 264 ਕਿ. ਮੀ. ਵਿਚ ਫੈਲਿਆ ਹੋਇਆ ਹੈ। ਇਹ ਇਕ ਖੁਸ਼ਕ ਤੇ ਨੀਵਾਂ ਇਲਾਕਾ ਹੈ ਜੋ ਪੱਛਮ ਵੱਲੋਂ ਸ਼ਾਂਤ ਮਹਾਸਾਗਰ ਦੀਆਂ ਤੱਟੀ ਲੜੀਆਂ ਨਾਲ, ਉੱਤਰ ਤੇ ਪੂਰਬ ਵੱਲੋਂ ਸੈਨ ਬਰਨਾਰਡੀਨੋ, ਕਾਟਨਵੁੱਡ, ਚਕਵਾਲਾ, ਚਾਕਲੇਟ ਪਹਾੜਾਂ ਅਤੇ ਕਾਲੋਰਾਡੋ ਦਰਿਆ ਨਾਲ ਅਤੇ ਦੱਖਣ ਵੱਲੋਂ ਕੈਲਿਫੋਰਨੀਆ ਖਾਣੀ ਦੇ ਮੁਹਾਣੇ ਨਾਲ ਘਿਰਿਆ ਹੋਇਆ ਹੈ। ਇਸ ਦੇ ਉੱਤਰ-ਪੱਛਮ ਵਿਚ ਰੇਤ ਦੇ ਅਸਥਾਈ ਟਿੱਬੇ ਹਨ ਅਤੇ ਪੂਰਬ ਵਿਚ ਰੇਤਲੇ ਪਹਾੜ ਹਨ। ਮਾਰੂਥਲ ਦੇ ਵਿਚਕਾਰ ਕਰਕੇ ਖਾਰੇ ਪਾਣੀ ਦੀ ਇਕ ਝੀਲ ਹੈ ਜਿਸ ਨੂੰ ‘ਸਾਲਟਨ ਸੀ’ ਕਹਿੰਦੇ ਹਨ। ਇਸ ਝੀਲ ਦੇ ਉੱਤਰ-ਪੱਛਮ ਅਤੇ ਦੱਖਣ-ਪੂਰਬ ਵੱਲ ਫੈਲੀਆਂ ਕੌਆਚੈਲਾ ਅਤੇ ਇੰਪੀਰੀਅਲ ਇਥੋਂ ਦੀਆਂ ਉਪਜਾਊ ਸੇਜੂੰ ਵਾਦੀਆਂ ਹਨ। ਕਾਲੋਰਾਡੋ ਦਰਿਆ ਤੋਂ ਨਹਿਰਾਂ ਦੁਆਰਾ ਇਨ੍ਹਾਂ ਵਾਦੀਆਂ ਦੀ ਸਿੰਜਾਈ ਕੀਤੀ ਜਾਂਦੀ ਹੈ। ਇਸ ਮਾਰੂਥਲ ਦਾ ਨਾਂ ਵੀ ਕਾਲੋਰਾਡੋ ਦਰਿਆ ਤੇ ਹੀ ਹੈ। ਇਸ ਮਾਰੂਥਲ ਵਿਚ ਕਈ ਇੰਡੀਅਨ ਰੱਖਾਂ ਹਨ ਜਿਵੇਂ ‘ਸਾਲਟਨ ਸੀ’, ‘ਵਾਈਲਡ ਲਾਈਫ ਰੇੱਫਯੂਜ’ ਅਤੇ ‘ਪਾਮ’ ਸਪਿਰੰਗਜ਼।

          33˚ 15' ਉ. ਵਿਥ.; 115˚ 15' ਪ. ਲੰਬ.

          ਹ. ਪੁ.––ਐਨ. ਬ੍ਰਿ. ਮਾ. 3 : 19


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.