ਕੈਂਸਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਂਸਰ [ਨਾਂਪੁ] ਸਰੀਰ ਦੇ ਸੈੱਲਾਂ ਦੀ ਬੇਵੱਸ ਟੁੱਟ-ਭੱਜ ਕਾਰਨ ਬਣਿਆ ਇੱਕ ਲਾ-ਇਲਾਜ ਫੋੜਾ; ਅਜਿਹੀ ਦਸ਼ਾ ਤੋਂ ਉਤਪੰਨ ਰੋਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੈਂਸਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੈਂਸਰ  : ਮਨੁੱਖ ਵਿਚ ਕੈਂਸਰ ਸੌ ਤੋਂ ਵੀ ਵੱਧ ਸਬੰਧਤ ਬੀਮਾਰੀਆਂ ਦੇ ਇਕ ਸਮੂਹ ਦਾ ਨਾਂ ਹੈ। ਇਹ ਮਨੁੱਖੀ ਸਰੀਰ ਦੇ ਕਿਸੇ ਵੀ ਅੰਗ ਵਿਚ ਉਤਪੰਨ ਹੋ ਸਕਦਾਹੈ। ਇਸ ਕਾਰਨ ਪੈਦਾ ਹੋਣ ਵਾਲੇ ਅਸਾਧਾਰਣ ਸੈੱਲ, ਬੇਤਰਤੀਬੇ ਵਾਧੇ ਅਤੇ ਨਾ ਕੰਟਰੋਲ ਹੋ ਸਕਣ ਦੀ ਹਾਲਤ ਰਾਹੀਂ ਪਛਾਣੇ ਜਾਂਦੇ ਹਨ। ਜੇਕਰ ਇਨ੍ਹਾਂ ਸੈੱਲਾਂ ਦਾ ਵਾਧਾ ਨਾ ਰੋਕਿਆ ਜਾ ਸਕੇ ਤਾਂ ਇਹ ਲਾਗਲੇ ਟਿਸ਼ੂਆਂ ਵਿਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਇਨ੍ਹਾਂ ਨੂੰ ਤਬਾਹ ਕਰ ਦਿੰਦੇ ਹਨ। ਅਕਸਰ ਕੈਂਸਰ ਸੈੱਲ, ਸਰੀਰ ਦੇ ਕਿਸੇ ਦੂਰ ਸਥਿਤ ਹਿੱਸੇ ਤੇ ਵੀ ਪੁੱਜ ਜਾਂਦੇ ਹਲ ਜਿਥੋਂ ਇਹ ਮੈਟਾਸਟੇਸਸ ਨਾਂ ਦੀਆਂ ਕਲੋਨੀਆਂ ਵਿਚ ਵਧਦੇ ਹਨ।

          ਕੈਂਸਰ ਦੀ ਇਹ ਘਾਤਕ ਵਿਧੀ, ਅਸਾਧਾਰਣ ਸੈੱਲਾਂ ਦੀ ਬੇਰੋਕ ਵੰਡ ਵਜੋਂ ਸ਼ੁਰੂ ਹੁੰਦੀ ਹੈ। ਖ਼ੁਰਦਬੀਨ ਹੇਠ ਵੇਖਿਆਂ, ਕੈਂਸਰ ਸੈੱਲ ਬਣਤਰ ਅਤੇ ਕੰਮ ਪੱਖੋਂ ਉਨ੍ਹਾਂ ਸੈੱਲਾਂ ਨਾਲ ਰਲਦੇ ਮਿਲਦੇ ਹਨ ਜਿਨ੍ਹਾਂ ਤੋਂ ਇਹ ਪੈਦਾ ਹੋਏ ਹੁੰਦੇ ਹਨ। ਕੁਝ ਹਦ ਤਕ ਸਾਧਾਰਣ ਕੰਮ ਵੀ ਕਰ ਸਕਦੇ ਹਨ ਪਰ ਜਿਵੇਂ ਜਿਵੇਂ ਬੀਮਾਰੀ ਵਧਦੀ ਹੈ, ਤਿਵੇਂ ਤਿਵੇਂ ਕੈਂਸਰ ਸੈੱਲ ਦਿੱਖ, ਬਣਤਰ ਅਤੇ ਕਾਰਜ ਪੱਖੋਂ ਅਸਾਧਾਰਣ ਹੁੰਦੇ ਜਾਂਦੇ ਹਨ। ਘਾਤਕ ਸੈੱਲਾਂ ਵਿਚਲੇ ਕ੍ਰੋਮੋਸੋਮ ਵੰਡੇ ਜਾ ਰਹੇ ਸੈੱਲਾਂ ਵਿਚ ਅਧਿਕ ਆਕਾਰ ਵਾਲੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚ ਬੇਤਰਤੀਬੇ ਸਪਿੰਡਲ ਹੁੰਦੇ ਹਨ ਜਾਂ ਫਿਰ ਕੁਝ ਹੋਰ ਅਸਾਧਾਰਣਤਾਵਾਂ ਹੋ ਸਕਦੀਆਂ ਹਨ। ਕੈਂਸਰ ਦੀ ਘੱਟ ਦੁਖਦਾਈ ਰਸੌਲੀ ਦੇ ਉਲਟ, ਘਾਤਕ ਰਸੌਲੀ, ਕੈਪਸਿਊਲਾਂ ਵਿਚ ਨਹੀਂ ਪਈ ਹੁੰਦੀ ਜਾਂ ਜੇਕਰ ਹੋਵੇ ਵੀ ਤਾਂ ਕੈਪਸਿਉਲ ਪੂਰੇ ਨਹੀਂ ਹੁੰਦੇ।

          ਛੋਟੀਆਂ ਕਿਸਮਾਂ ਨੂੰ ਛੱਡ ਕੇ ਕੈਂਸਰ ਪ੍ਰਾਣੀਆਂ ਦੇ ਸਾਰੇ ਸਮੂਹਾਂ ਵਿਚ ਹੋ ਸਕਦੀ ਹੈ। ਬਹੁਤ ਸਾਰੇ ਪੌਦਿਆਂ ਉੱਤੇ ਵੀ ਕੈਂਸਰ ਵਰਗਾ ਵਾਧਾ ਉਤਪੰਨ ਹੋ ਜਾਂਦਾ ਹੈ। ਕੈਂਸਰ ਵਰਗੀਆਂ ਤਬਦੀਲੀਆਂ ਤਾਂ ਕਰੋੜਾਂ ਸਾਲ ਪੁਰਾਣੇ ਡਾਇਨੋਸਾਰ ਦੀਆਂ ਹੱਡੀਆਂ ਦੇ ਪਥਰਾਟਾਂ ਵਿਚ ਵੀ ਮਿਲਦੀਆਂ ਹਨ। ਮਨੁੱਖ ਵਿਚ ਇਹ ਕਿਰਿਆ ਬਹੁਤ ਪੁਰਾਣੇ ਸਮੇਂ ਤੋ ਜਾਰੀ ਹੈ।

          ਦੁਨੀਆ ਦੇ ਸਾਰੇ ਦੇਸ਼ਾਂ ਵਿਚ ਕੈਂਸਰ ਹੋਣ ਅਤੇ ਉਸ ਕਾਰਨ ਮੌਤ ਦਰ ਇਕ ਸਮਾਨ ਨਹੀਂ। ਬਹੁਤ ਸਾਰੇ ਪੱਛਮੀ ਦੇਸ਼ਾਂ ਵਿਚ ਜਿਥੇ ਛੂਤਕ ਬੀਮਾਰੀਆਂ ਤੇ ਕਾਬੂ ਪਾ ਲਿਆ ਗਿਆ ਹੈ, ਉਥੇ ਕੈਂਸਰ, ਮੌਤ ਦੇ ਕਾਰਨਾਂ ਵਿਚੋਂ ਦੂਜੇ ਨੰਬਰ ਤੇ ਆਉਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਇਸਤਰੀਆਂ ਨਾਲੋਂ ਆਦਮੀਆਂ ਵਿਚ ਕੈਂਸਰ ਕਾਰਨ ਮੌਤ ਦਰ ਵਧੇਰੇ ਹੈ। ਸਕਾਟਲੈਂਡ ਵਿਚ ਕੈਂਸਰ ਕਾਰਨ ਮੌਤ ਦਰ ਸੰਸਾਰ ਵਿਚ ਸਭ ਤੋਂ ਵੱਧ ਹੈ ਜਦੋਂ ਕਿ ਪੁਰਤਗਾਲ ਵਿਚ ਇਹ ਸਭ ਤੋਂ ਘੱਟ ਹੈ। ਚਿੱਲੀ ਵਿਚ ਇਸਤਰੀਆਂ ਕੈਂਸਰ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੀਆਂ ਹਨ ਜਦੋਂ ਕਿ ਪੁਰਤਗਾਲ ਵਿਚ ਸਭ ਤੋਂ ਵੱਧ ਸੁਰੱਖਿਅਤ ਰਹਿੰਦੀਆਂ ਹਨ।

          ਕਾਰਨ – ਭਾਵੇਂ ਕੈਂਸਰ ਦੀ ਘਾਤਕਤਾ ਦੇ ਕਾਰਨਾਂ ਬਾਰੇ ਪੂਰੀ ਜਾਣਕਾਰੀ ਉਪਲਭਧ ਨਹੀਂ, ਫਿਰ ਵੀ ਕਈ ਇਕੱਲੇ-ਦੁਕੱਲੇ ਤੱਥਾਂ ਦਾ ਪਤਾ ਲਾ ਲਿਆ ਗਿਆ ਹੈ, ਜੋ ਇਹ ਰੋਗ ਸ਼ੁਰੂ ਕਰਨ ਲਈ ਜ਼ਿੰਮੇਵਾਰ ਹਨ। ਰਸਾਇਣਿਕ ਪਦਾਰਥ, ਵਿਕਿਰਨਨ, ਅਨੁਵੰਸ਼ਿਕ ਕਾਰਕ ਅਤੇ ਕੁਝ ਹੀ ਚਿਰ ਪਹਿਲਾਂ ਪਤਾ ਲੱਗਾ ਇਕ ਵਾਇਰਸ ਆਦਿ ਕੈਂਸਰ ਦੀਆਂ ਬਹੁਤ ਸਾਰੀਆਂ ਕਿਸਮਾਂ ਲਈ ਜ਼ਿੰਮੇਵਾਰ ਹਨ।

          ਬਹੁਤ ਸਾਰੀਆਂ ਹਾਲਤਾਂ ਵਿਚ ਕੈਂਸਰਜਨਕ ਕਾਰਕਾਂ ਦੀ ਪਛਾਣ ਹੋ ਜਾਣ ਤੇ ਇਸ ਰੋਗ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕੈਂਸਰ ਦੇ ਕਾਰਨਾਂ ਦਾ ਪਤਾ ਹੋਣ ਤੇ ਜਾਂ ਤੇ ਇਨ੍ਹਾਂ ਨੂੰ ਉੱਕਾ ਹੀ ਮੁਕਾਇਆ ਜਾ ਸਕਦਾ ਹੈ ਜਾਂ ਰਸਾਇਣਿਕ ਜਾਂ ਹੋਰ ਤਰੀਕਿਆਂ ਨਾਲ, ਭਵਿੱਖ ਵਿਚ ਮਨੁੱਖੀ ਸਰੀਰ ਨੂੰ ਇਸ ਕਾਬਲ ਬਣਾਇਆ ਜਾ ਸਕਦਾ ਹੈ ਕਿ ਉਹ ਰੋਗ ਦਾ ਟਾਕਰਾ ਕਰ ਸਕੇ।

          ਰਸਾਇਣਿਕ ਪਦਾਰਥ–ਪ੍ਰਾਣੀਆਂ ਵਿਚ ਕੈਂਸਰ ਪੈਦਾ ਕਰਨ ਵਾਲੇ ਕਈ ਰਸਾਇਣਿਕ ਪਦਾਰਥਾਂ ਦਾ ਪਤਾ ਲਗ ਚੁੱਕਾ ਹੈ। ਇਨ੍ਹਾਂ ਵਿਚ ਧਾਤਾਂ, ਖਣਿਜ ਅਤੇ ਵਾਤਾਵਰਣ ਵਿਚ ਮਿਲਣ ਵਾਲੇ ਹੋਰ ਰਸਾਇਣ ਵੀ ਸ਼ਾਮਲ ਹਨ। ਇਹ ਵੇਖਣ ਵਿਚ ਆਇਆ ਹੈ ਕਿ ਕੁਝ ਉਦਯੋਗਾਂ ਅਤੇ ਕਈ ਤਰ੍ਹਾਂ ਦੇ ਕਿੱਤਿਆਂ ਕਾਰਨ ਵੀ ਕੈਂਸਰ ਹੋ ਸਕਦਾ ਹੈ।

          ਕੋਲਤਾਰ ਅਤੇ ਇਸ ਦੀਆਂ ਸਹਿਉਪਜਾਂ ਨਾਲ ਸਬੰਧਤ ਉਦਯੋਗ, ਪਿੱਚ, ਟਾਰ ਤੇਲ ਅਤੇ ਕਰੀਓਸੋਟ ਕਿੱਤਾਪਰਕ ਕੈਂਸਰ ਦਾ ਕਾਰਨ ਬਣਦੇ ਹਨ। ਆਰਸਨਿਕ ਯੋਗਿਕ ਫੇਫੜਿਆਂ ਅਤੇ ਸਰੀਰ ਦੇ ਕਈ ਹੋਰ ਅੰਗਾਂ ਤੇ ਕੈਂਸਰ ਪੈਦਾ ਕਰ ਸਕਦੇ ਹਨ। ਐੱਸਬੈਸਟਾਸ ਨਾਲ ਵੀ ਕੈਂਸਰ ਹੋ ਸਕਦਾ ਹੈ। ਬੀਟਾ- ਨੈਫ਼ਥਾਈਲੇਮਾਈਨ ਰੰਗ ਬਣਾਉਣ ਵਾਲੇ ਕਾਮਿਆਂ ਵਿਚ ਬਲੈਡਰ ਦਾ ਕੈਂਸਰ ਪੈਦਾ ਕਰਦਾ ਹੈ।

          ਵਾਯੂਮੰਡਲੀ ਰਸਾਇਣਿਕ ਪਦਾਰਥ – ਬਹੁਤ ਸਾਰੀਆਂ ਹਾਲਤਾਂ ਵਿਚ ਵਾਯੂਮੰਡਲ ਵਿਚ ਕੁਝ ਅਜਿਹੇ ਏਜੰਟ ਹੁੰਦੇ ਹਨ ਜੋ ਆਪ ਤਾਂ ਕੈਂਸਰਜਨਕ ਨਹੀਂ ਹੁੰਦੇ ਪਰ ਹੋਰ ਕੈਂਸਰਜਨਕ ਰਸਾਇਣਿਕ ਕਿਰਿਆਵਾਂ ਨੂੰ ਤੇਜ਼ ਕਰਦੇ ਹਨ। ਅਜਿਹੇ ਰਸਾਇਣਿਕ ਪਦਾਰਥਾਂ ਵਿਚੋਂ ਸਭ ਤੋਂ ਸ਼ਕਤੀਸ਼ਾਲੀ ਪਾਲੀਸਾਈਕਲਿਕ ਹਾਈਡ੍ਰੋਕਾਰਬਨ ਹਨ। ਇਹ ਹਾਈਡ੍ਰੋਕਾਰਬਨ ਸਵੈਚਾਲਿਤ ਮਸ਼ੀਨਾਂ ਵਿਚ ਬਾਲਣ ਦੇ ਅਧੂਰੇ ਬਲਣ ਤੋਂ ਪੈਦਾ ਹੁੰਦੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਅਜਿਹੇ ਕੀਟ ਨਾਸ਼ਕਾਂ ਦੀ ਵਿਕਰੀ ਤੇ ਪਾਬੰਦੀ ਲਾ ਦਿੱਤੀ ਗਈ ਹੈ ਜਿਨ੍ਹਾਂ ਦੇ ਕੈਂਸਰਜਨਕ ਹੋਣ ਬਾਰੇ ਪਤਾ ਲਗ ਚੁੱਕਾ ਹੈ।

          ਯੂਰਪ ਅਤੇ ਅਮਰੀਕਾ ਵਿਚ ਪਿਛਲੇ 40 ਸਾਲਾਂ ਅੰਦਰ ਫੇਫੜੇ ਦਾ ਕੈਂਸਰ ਦੂਸਰੀ ਕਿਸਮਾਂ ਦੇ ਕੈਂਸਰ ਨਾਲੋਂ ਬਹੁਤ ਵਧ ਗਿਆ ਹੈ। ਇਸ ਵਾਧੇ ਦਾ ਕਾਰਨ ਸਿਗਰਟ ਪੀਣਾ ਹੋ ਸਕਦਾ ਹੈ। ਇਹ ਗਿਣਤੀ ਸਿਗਰਟ ਨਾ ਪੀਣ ਵਾਲਿਆਂ ਨਾਲੋਂ 6 ਗੁਣਾਂ ਜ਼ਿਆਦਾ ਹੈ। ਫੇਫੜਿਆਂ ਦੇ ਕੈਂਸਰ ਦਾ ਇਕ ਹੋਰ ਕਾਰਨ ਵਾਯੂ-ਪ੍ਰਦੂਸ਼ਨ ਹੈ।

          ਵਿਕਿਰਨਨ – ਸੂਰਜ ਦੀਆਂ ਅਲਟ੍ਰਾਵਾਇਲਿਟ ਕਿਰਨਾ ਤੋਂ ਪੈਦਾ ਹੁੰਦੀ ਊਰਜਾ, ਐਕਸ ਕਿਰਨਾਂ, ਰੇਡੀਓਐੱਕਟਿਵ ਪਦਾਰਥਾਂ, ਰੇਡੀਅਮ ਅਤੇ ਉਦਯੋਗਾਂ ਤੋਂ ਆਇਨੀਕ੍ਰਿਤ ਵਿਕਿਰਨਨ ਨਾਲ ਕਈ ਕਿਸਮਾਂ ਦਾ ਕੈਂਸਰ ਪੈਦਾ ਹੁੰਦਾ ਹੈ।

          ਰੇਡੀਅਮ ਅਤੇ ਐਕਸ ਕਿਰਨਾ – ਕਿਰਨਾਂ ਨਾਲ ਸਬੰਧਿਤ ਕਾਮਿਆਂ ਨੂੰ ਚਮੜੀ ਦਾ ਕੈਂਸਰ ਹੋ ਜਾਂਦਾ ਹੈ। ਯੂਰੇਨੀਅਮ ਦੀਆਂ ਖਾਣਾਂ ਵਿਚ ਕੰਮ ਕਰਨ ਵਾਲਿਆਂ ਵਿਚ ਫੇਫੜਿਆਂ ਦਾ ਕੈਂਸਰ ਕਤੇ ਜ਼ਿਆਦਾ ਹੁੰਦਾ ਹੈ। ਰੇਡੀਅਮ ਦੇ ਲੂਣ ਹੱਡੀਆਂ ਵਿਚ ਰਚ ਜਾਂਦੇ ਹਨ ਅਤੇ ਕੈਂਸਰ ਪੈਦਾ ਕਰਦੇ ਹਨ। ਦੂਜੇ ਸੰਸਾਰ ਯੁੱਧ ਦੌਰਾਨ, ਜਾਪਾਨੀ ਲੋਕ ਜੋ ਮਸਟਰਡ ਗੈਸ ਦੀ ਤਿਆਰੀ ਵਿਚ ਕੰਮ ਕਰਦੇ ਸਨ, ਉਨ੍ਹਾਂ ਦੇ ਸਾਹ ਮਾਰਗ ਵਿਚ ਕੈਂਸਰ ਪੈਦਾ ਹੋ ਗਿਆ ਸੀ।

          ਵਾਯੂਮੰਡਲ ਵੀ ਕੈਂਸਰ ਪੈਦਾ ਕਰਨ ਵਿਚ ਕਾਫ਼ੀ ਹੱਦ ਤਕ ਹਿੱਸਾ ਪਾਉਂਦਾ ਹੈ। ਆਸਟ੍ਰੇਲੀਆ ਤੇ ਸੰਯੁਕਤ ਰਾਜ ਅਮਰੀਕਾ ਵਿਚ ਕੀਤੇ ਗਏ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਚਮੜੀ ਦਾ ਕੈਂਸਰ, ਧੁੱਪ ਜਜ਼ਬ ਕਰਨ ਦੀ ਮਾਤਰਾ ਅਤੇ ਚਮੜੀ ਦੇ ਰੰਗਾਂ ਨਾਲ ਵੀ ਸਬੰਧਤ ਹੈ ਜਿਵੇਂ ਚਿੱਟੀ ਚਮੜੀ ਵਾਲੇ ਲੋਕਾਂ ਵਿਚ ਚਮੜੀ ਦਾ ਕੈਂਸਰ ਬਹੁਤ ਜ਼ਿਆਦਾ ਮਿਲਦਾ ਹੈ। ਜਾਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਵਿਕਿਰਨਨ ਦੀ ਵਧੇਰੇ ਮਾਤਰਾ ਉਥੇ ਐਟਮ ਬੰਬ ਦੇ ਫ਼ਟਣ ਦੇ ਪ੍ਰਭਾਵ ਕਰਕੇ ਹੈ। ਉਹ ਬੱਚੇ ਜੋ ਜਨਮ ਤੋਂ ਪਹਿਲਾਂ ਵਿਕਿਰਨਨ ਦੇ ਅਸਰ ਹੇਠਾਂ ਆ ਜਾਂਦੇ ਹਨ, ਕੈਂਸਰ ਦਾ ਵਧੇਰੇ ਸ਼ਿਕਾਰ ਹੁੰਦੇ ਹਨ।

          ਵਾਇਰਸ – ਹੁਣ ਤੱਕ ਸੌ ਤੋਂ ਵੀ ਵੱਧ ਕੈਂਸਰਕਾਰੀ ਵਾਇਰਸਾਂ ਦਾ ਪਤਾ ਚਲ ਚੁੱਕਾ ਹੈ। ਇਨ੍ਹਾਂ ਵਿਚ ਹਰਪੀਜ਼ ਵਰਗੀ ਵਾਇਰਸ, ਮੈਮਰੀ ਟਿਊਮਰ ਵਾਇਰਸ ਅਤੇ ਸੀ-ਟਾਈਪ ਵਾਇਰਸ ਆਦਿ ਵੀ ਸ਼ਾਮਲ ਹਨ।

          ਅਨੁਵੰਸ਼ਿਕਤਾ – ਮਨੁੱਖੀ ਕੈਂਸਰ ਆਮ ਤੌਰ ਤੇ ਵੰਸ਼ਾਗਤ ਨਹੀਂ ਹੁੰਦੇ, ਫਿਰ ਵੀ ਕੁਝ ਪਰਿਵਾਰਾਂ ਵਿਚ ਵਿਸ਼ੇਸ਼ ਕਿਸਮ ਦੇ ਕੈਂਸਰ ਦੇ ਪੀੜ੍ਹੀ ਦਰ ਪੀੜ੍ਹੀ ਚਲਦੇ ਰਹਿਣ ਦੇ ਸਬੂਤ ਮਿਲਦੇ ਹਨ। ਬਚਪਨ ਵਿਚ ਹੀ ਲਿਊਕੀਮੀਆ ਦੇ ਬਹੁਤ ਸਾਰੇ ਕੇਸ ਕਿਸੇ ਪਰਿਵਾਰ ਵਿਚ ਹੋ ਸਕਦੇ ਹਨ। ਵਿਰਾਸਤ ਵਿਚ ਮਿਲਣ ਵਾਲੇ ਕੈਂਸਰ ਵਿਚ ਬੱਚੇਦਾਨੀ, ਪ੍ਰਾਸਟੇਟ, ਮਿਹਦੇ, ਕੋਲਨ-ਰੈਕਟਮ, ਫੇਫੜੇ ਆਦਿ ਦੇ ਕੈਂਸਰ ਮਿਲਦੇ ਹਨ। ਭਾਵੇਂ ਇਨ੍ਹਾਂ ਵਿਚ ਵਿਰਾਸਤ ਦਾ ਅਸਰ ਬਹੁਤ ਘੱਟ ਹੁੰਦਾ ਹੈ।

          ਟਰੌਮਾ – ਬਾਰ ਬਾਰ ਸੱਟ ਲਗਣੀ ਜਾਂ ਖ਼ੁਰਕ ਹੋਣੀ ਵੀ ਕੈਂਸਰ ਦਾ ਇਕ ਕਾਰਨ ਹੋਸਕਦਾ ਹੈ। ਕਈ ਹਾਲਤਾਂ ਵਿਚ ਦੰਦਾਂ ਦੀ ਬੀੜ ਚੰਗੀ ਤਰ੍ਹਾਂ ਫਿਟ ਨਾ ਹੋ ਸਕਣ ਨਾਲ ਵੀ ਕੈਂਸਰ ਹੋ ਜਾਂਦਾ ਹੈ। ਭਾਰਤ ਵਿਚ ਧੋਤੀ ਬੰਨ੍ਹਣ ਦੇ ਰਿਵਾਜ ਕਾਰਨ ਚਮੜੀ ਦੇ ਲਗਾਤਾਰ ਰਗੜ ਖਾਣ ਕਰਕੇ ਚੱਡਿਆਂ ਅਤੇ ਪੇਟ ਦੇ ਕੈਂਸਰ ਦੇ ਕਾਫ਼ੀ ਕੇਸ ਮਿਲਦੇ ਹਨ।

          ਕੈਂਸਰ ਫ਼ੈਲਣ ਦੇ ਤਰੀਕੇ – ਕੈਂਸਰ ਇਤਨੇ ਤਰੀਕਿਆਂ ਨਾਲ ਫ਼ੈਲ ਸਕਦਾ ਹੈ ਕਿ ਇਸ ਦੀ ਰੋਕਥਾਮ ਲਈ ਇਹੋ ਇਸ ਦੀ ਸਭ ਤੋਂ ਵੱਡੀ ਔਕੜ ਬਣ ਜਾਂਦੀ ਹੈ। ਜੇਕਰ ਇਨ੍ਹਾਂ ਵਿਚ ਇਹ ਵਿਸ਼ੇਸ਼ਤਾ ਨਾ ਹੋਵੇ ਤਾਂ ਇਹ ਬਹੁਤ ਸਫ਼ਲਤਾ ਨਾਲ ਕੰਟਰੋਲ ਕੀਤੇ ਜਾ ਸਕਦੇ ਹਨ।

          ਕੈਂਸਰ ਦਾ ਫ਼ੈਲਾਅ ਦੋ ਵਿਧੀਆਂ ਨਾਲ ਹੁੰਦਾ ਹੈ। ਇਕ ਵਿਧੀ ਅਨੁਸਾਰ ਇਕ ਜਗ੍ਹਾ ਦੇ ਕੈਂਸਰ ਸੈੱਲਾਂ ਦੇ ਲਾਗਲੇ ਟਿਸ਼ੂਆਂ ਤਕ ਘੁਸੜ ਜਾਣ ਨਾਲ ਅਤੇ ਦੂਜੀ ਵਿਧੀ ਵਿਚ ਇਕ ਕੈਂਸਰ ਸੈੱਲ ਜਾਂ ਸੈੱਲਾਂ ਦੇ ਗਰੁਪ, ਵੱਡੇ ਪੁੰਜ ਤੋਂ ਅਲੱਗ ਹੋ ਜਾਂਦੇ ਹਨ ਅਤੇ ਖ਼ੂਨ ਵਿਚ ਤਰਦੇ ਹੋਏ, ਲਿੰਫ ਸਿਸਟਮ ਵਿਚ ਦੀ ਹੁੰਦੇ ਹੋਏ ਸਰੀਰ ਦੇ ਹੋਰਨਾਂ ਹਿੱਸਿਆਂ ਵਿਚ ਜਾ ਪੁਜਦੇ ਹਨ। ਜੇਕਰ ਰਸਤੇ ਵਿਚ ਨਸ਼ਟ ਨਾ ਹੋਣ ਤਾਂ ਕਿਸੇ ਨਵੀਂ ਜਗ੍ਹਾ ਠਹਿਰ ਕੇ ਇਹ ਵਧਣਾ ਸ਼ੁਰੂ ਕਰ ਦਿੰਦੇ ਹਨ।

          ਕੈਂਸਰ ਦੀਆਂ ਕਿਸਮਾਂ – ਪੈਥਾਲੋਜਿਸਟ, ਕੈਂਸਰ ਨੂੰ ਦੋ ਤੱਥਾਂ ਦੇ ਆਧਾਰ ਤੇ ਵੰਡਦੇ ਹਨ। ਇਕ ਤਾਂ ਟਿਸ਼ੂ ਦੀ ਕਿਸਮ ਅਤੇ ਦੂਜੀ ਸੈੱਲ ਦੀ ਕਿਸਮ। ਇਸ ਵਰਗੀਕਰਨ ਅਨੁਸਾਰ ਮਨੁੱਖ ਵਿਚ ਮਿਲਦੇ ਕੈਂਸਰ ਦੀਆਂ 150 ਕਿਸਮਾਂ ਦਾ ਪਤਾ ਲੱਗ ਚੁੱਕਾ ਹੈ। ਸਹੂਲਤ ਪੱਖੋਂ ਕੈਂਸਰ ਦੀ ਵੰਡ ਸਰੀਰ ਦੇ ਅੰਗਾਂ (ਜਿਨ੍ਹਾਂ ਵਿਚ ਇਹ ਉਤਪੰਨ ਹੁੰਦੀ ਹੈ) ਦੀ ਸ਼੍ਰੇਣੀ ਵੰਡ ਕਰਕੇ ਵੀ ਕੀਤੀ ਜਾ ਸਕਦੀ ਹੈ।

          ਟਿਸ਼ੂ ਦੀਆਂ ਕਿਸਮਾਂ – ਸਰੀਰ ਦਾ ਹਰ ਇਕ ਅੰਗ ਜਾਂ ਸਿਸਟਮ ਟਿਸ਼ੂ ਦੀਆਂ ਕਈ ਕਿਸਮਾਂ ਦਾ ਬਣਿਆ ਹੋਇਆ ਹੁੰਦਾ ਹੈ। ਇਨ੍ਹਾਂ ਵਿਚੋ ਹਰ ਇਕ ਵੱਖਰੀ ਸ਼੍ਰੇਣੀ ਦੀ ਰਸੌਲੀ ਦਾ ਸੋਮਾ ਹੋ ਸਕਦਾ ਹੈ। ਕਿਸੇ ਵਿਸ਼ੇਸ਼ ਕਿਸਮ ਦੇ ਟਿਸ਼ੂ ਦੀ ਸ਼੍ਰੇਣੀ, ਅੰਗ ਦੇ ਹੋਰਨਾਂ ਟਿਸ਼ੂਆਂ ਵਾਂਗ ਨਹੀਂ ਹੁੰਦੀ ਪਰ ਇਹ ਉਸੇ ਕਿਸਮ ਦੇ ਟਿਸ਼ੂ ਵਿਚ ਪੈਦਾ ਹੋਣ ਵਾਲੀ ਰਸੌਲੀ ਦੀ ਬਣਤਰ ਅਤੇ ਵਤੀਰੇ ਨਾਲ ਬਹੁਤ ਮਿਲਦੀ ਜੁਲਦੀ ਹੁੰਦੀ ਹੈ।

          ਟਿਸ਼ੂਆਂ ਵਿਚ ਹੋਣ ਵਾਲੇ ਕੈਂਸਰ ਦੀਆਂ ਕਿਸਮਾਂ ਵਿਚ ਕਾਰਸੀਨੋਮਾ ਅਤੇ ਸਾਰਕੋਮਾ ਪ੍ਰਸਿੱਧ ਕਿਸਮਾਂ ਹਨ। ਕਾਰਸੀਨੋਮਾ ਐਪੀਥੀਲੀਅਲ ਟਿਸ਼ੂਆਂ ਨਾਲ ਸਬੰਧਤ ਹੈ। ਇਸ ਵਿਚ ਚਮੜੀ, ਛਾਤੀ, ਆਹਾਰ ਨਲੀ, ਅਤੇ ਭਰੂਣ ਦੀ ਆਹਾਰ ਨਲੀ ਤੋਂ ਉਤਪੰਨ ਅੰਗਾਂ ਦੇ ਕੈਂਸਰ ਸ਼ਾਮਲ ਹਨ। ਮਗਰਲੇ ਵਰਗ ਵਿਚ ਬਲਗ਼ਮ ਝਿੱਲੀ, ਜਿਗਰ, ਲੁੱਬਾ ਪੈਂਲ੍ਰੀਐਸ, ਆਂਤੜੀ, ਪ੍ਰਾਸਟੇਟ ਅਤੇ ਥਾਇਰਾਇਡ ਗਲੈਂਡ ਕੈਂਸਰ ਆਉਂਦੇ ਹਨ। ਸਾਰਕੋਮਾ ਸ਼ਬਦ ਜੋੜਕ ਟਿਸ਼ੂਆਂ ਵਿਚਲੇ ਕੈਂਸਰ ਲਈ ਵਰਤਿਆ ਜਾਂਦਾ ਹੈ ਜਿਵੇਂ ਪੇਸ਼ੀ, ਉਪ-ਅਸਥੀ, ਹੱਡੀ ਜਾਂ ਰੇਸ਼ੇਦਾਰ ਜੋੜਕ ਟਿਸ਼ੂ ਦੇ ਕੈਂਸਰ ਲਈ। ਲਿਊਕੀਮੀਆ ਲਿੰਫੋਮਾ ਅਤੇ ਲਹੂ ਬਣਾਉਣੇ ਟਿਸ਼ੂ ਦੇ ਕੈਂਸਰ ਨੂੰ ਵੱਖਰੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ, ਭਾਵੇਂ ਉਹ ਅਣ-ਐਪੀ-ਥੀਲੀਅਮੀ ਟਿਸ਼ੂ ਤੋਂ ਪੈਦਾ ਹੁੰਦੇ ਹਨ।

          ਸੈੱਲ ਕਿਸਮਾਂ – ਰਸੌਲੀਆਂ ਨੂੰ ਉਨ੍ਹਾਂ ਦੇ ਜਨਮ ਸੈੱਲਾਂ ਦੀ ਕਿਸਮ ਦੇ ਆਧਾਰ ਤੇ ਵੀ ਵੰਡਿਆ ਜਾਂਦਾ ਹੈ। ਇਸੇ ਲਈ ਹੀ ਬੇਸਲ ਸੈੱਲਾਂ ਤੋਂ ਬਣਿਆ ਚਮੜੀ ਦਾ ਕੈਂਸਰ, ਬੇਸਲ ਸੈੱਲ ਕਾਰਸੀਨੋਮਾ ਆਫ਼ ਦੀ ਸਕਿਨ ਅਖਵਾਉਂਦਾ ਹੈ। ਕਿਸੇ ਵੀ ਕਿਸਮ ਦੇ ਸੈੱਲ ਵਿਸ਼ੇਸ਼ ਹਾਲਤਾਂ ਅਧੀਨ ਘਾਤਕ ਬਣ ਸਕਦੇ ਹਨ। ਕੈਂਸਰ ਬਣਾਉਣ ਵਾਲੇ ਸੈੱਲ ਦੀ ਕਿਸਮ, ਇਸ ਦੀ ਦਿੱਖ, ਵਾਧੇ ਦੀ ਦਰ ਅਤੇ ਘਾਤਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਇਲਾਜ ਦੀ ਸੰਭਾਵਨਾ ਪੱਖੋਂ ਮਹੱਤਵਪੂਰਨ ਸਿੱਧ ਹੋ ਸਕਦੀ ਹੈ।

          ਕੈਂਸਰ ਪ੍ਰਭਾਵਿਤ ਅੰਗ – ਆਮ ਕਰਕੇ ਇਸਤਰੀਆਂ ਵਿਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਅਤੇ ਆਦਮੀਆਂ ਵਿਚ ਪ੍ਰਾਸਟੇਟ ਗਲੈਂਡ ਦਾ ਕੈਂਸਰ ਹੁੰਦਾ ਹੈ। ਫੇਫੜੇ, ਕੋਲਨ ਜਾਂ ਮਿਹਦੇ ਦਾ ਕੈਂਸਰ ਦੋਹਾਂ ਲਿੰਗਾਂ ਵਿਚ ਪਾਇਆ ਜਾਂਦਾ ਹੈ। ਕੈਂਸਰ ਅਕਸਰ ਚਮੜੀ, ਫੇਫੜੇ, ਮਿਹਦਾ, ਆਂਤੜੀ ਮਾਰਗ ਦੇ ਕਈ ਅੰਗਾਂ, ਛਾਤੀ, ਬੱਚੇਦਾਨੀ, ਅੰਡਕੋਸ਼ਾਂ ਅਤੇ ਪ੍ਰਾਸਟੇਟ ਗਲੈਂਡ ਵਿਚ ਹੁੰਦਾ ਹੈ। ਬੱਚਿਆਂ ਵਿਚ ਕੈਂਸਰ ਦੀਆਂ ਹੋਰਨਾਂ ਕਿਸਮਾਂ ਨਾਲੋਂ ਲਿਊਕੀਮੀਆ ਜ਼ਿਆਦਾ ਹੁੰਦਾ ਹੈ।       

          ਰੋਕਥਾਮ ਅਤੇ ਇਲਾਜ – ਅਜੋਕੇ ਗਿਆਨ ਸਦਕਾ ਜੇਕਰ ਸਾਰੇ ਨਹੀਂ ਤਾਂ ਕੁਝ ਕਿਸਮ ਦੇ ਕੈਂਸਰ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਫੇਫੜਿਆਂ ਦੇ ਕੈਂਸਰ ਆਮ ਕਰਕੇ ਸਿਗਰਟ ਪੀਣ ਨਾਲ ਅਤੇ ਚਮੜੀ ਦੇ ਕੈਂਸਰ, ਅਕਸਰ ਜ਼ਿਆਦਾ ਧੁੱਪ ਸਿੱਧੇ ਤੌਰ ਤੇ ਸਰੀਰ ਉਪਰ ਪੈਣ ਨਾਲ ਹੁੰਦੇ ਹਨ। ਇਨ੍ਹਾਂ ਕਾਰਨਾਂ ਨੂੰ ਘਟਾਉਣ ਨਾਲ ਉਪਰੋਕਤ ਕੈਂਸਰ ਕਿਸਮਾਂ ਦੀ ਗਿਣਤੀ ਕਾਫ਼ੀ ਹੱਦ ਤਕ ਘਟਾਈ ਜਾ ਸਕਦੀ ਹੈ। ਕਿੱਤਾਪਰਕ ਕੈਂਸਰ ਕਿਸਮਾਂ ਦੀ ਗਿਣਤੀ, ਉਨ੍ਹਾਂ ਦੇ ਪੈਦਾ ਕਰਨ ਕਰਕੇ ਕਾਰਨਾਂ ਨੂੰ ਘਟਾਇਆਂ, ਨਿਯੰਤਰਿਤ ਕੀਤੀ ਜਾ ਸਕਦੀ ਹੈ। ਖਾਣ ਪੀਣ ਵਾਲੀਆਂ ਚੀਜ਼ਾਂ, ਦਵਾਈਆਂ ਜਾਂ ਸ਼ਿੰਗਾਮਾ-ਸਮੱਗਰੀ ਵਿਚ ਕੈਂਸਰਜਨਕ ਰਸਾਇਣਿਕ ਪਦਾਰਥਾਂ ਦੀ ਵਰਤੋਂ ਤੇ ਪਾਬੰਦੀ ਲਾ ਕੇ ਕਈ ਤਰ੍ਹਾਂ ਦੇ ਕੈਂਸਰ ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲ ਸਕਦੀ ਹੈ।

          ਅੱਜਕਲ੍ਹ ਕਈ ਤਰ੍ਹਾਂ ਦੀਆਂ ਮੈਡੀਕਲ ਤਕਨੀਕਾਂ ਉਪਲੱਭਧ ਹਨ ਜਿਨ੍ਹਾਂ ਨਾਲ ਡਾਕਟਰ, ਮੁੱਢਲੀ ਅਵਸਥਾ ਤੇ ਹੀ ਕੈਂਸਰ ਦਾ ਪਤਾ ਲਾ ਲੈਂਦੇ ਹਨ। ਸਭ ਤੋਂ ਅਸਰਦਾਇਕ ਤਰੀਕਾ ਪੈਪ ਟੈੱਸਟ ਹੈ ਜਿਸ ਨਾਲ ਇਸਤਰੀਆਂ ਦੇ ਕੈਂਸਰ ਲੱਭੇ ਜਾਂਦੇ ਹਨ। ਇਸ ਤਰ੍ਹਾਂ ਦੀਆਂ ਤਕਨੀਕਾਂ ਨਾਲ ਹੀ ਫੇਫੜੇ ਦਾ ਕੈਂਸਰ ਮੁੱਢਲੀ ਹਾਲਤ ਵਿਚ ਹੀ ਪਛਾਣਿਆ ਜਾ ਸਕਦਾ ਹੈ। ਇਕ ਹੋਰ ਤਕਨੀਕ ਮੈਮੋਗ੍ਰਾਫ਼ੀ ਹੈ ਜਿਸ ਰਾਹੀ ਐਕਸ – ਕਿਰਨਾਂ ਦੀ ਵਰਤੋਂ ਨਾਲ ਇਸਤਰੀਆਂ ਦੀ ਛਾਤੀ ਦੇ ਕੈਂਸਰ ਲੱਭੇ ਜਾਂਦੇ ਹਨ। ਇਕ ਹੋਰ ਵਿਧੀ ਜ਼ੀਰੋ-ਰੇਡੀਉ-ਗ੍ਰਾਫ਼ੀ ਹੈ, ਜਿਸ ਨਾਲ ਇਲੈੱਕਟ੍ਰੋਸਟੈਟੀਕਲੀ ਸੈਂਸੀਟਾਈਜ਼ਡ ਪਲੇਟਾਂ ਅਤੇ ਸ਼ੀਟਾਂ ਦੀ ਸਹਾਇਤਾ ਨਾਲ ਇਸਤਰੀ ਦੇ ਛਾਤੀ ਦੇ ਕੈਂਸਰ ਦਾ ਸਹਿਜੇ ਹੀ ਨਿਰੀਖਣ ਕੀਤਾ ਜਾ ਸਕਦਾ ਹੈ। ਇਸ ਵਿਧੀ ਨਾਲ ਛਾਤੀ ਦੇ ਕੈਂਸਰ ਦੀ ਮੁੱਢਲੀ ਹਾਲਤ ਵਿਚ ਹੀ ਪਛਾਣ ਸੰਭਵ ਹੋ ਸਕਦੀ ਹੈ। ਇਕ ਨਵੀਂ ਤਕਨੀਕ ਥਰਮੋਗ੍ਰਾਫ਼ੀ ਹੈ। ਇਹ ਛਾਤੀ ਦੇ ਤਪਸ਼ ਨਮੂਨੇ ਰਿਕਾਰਡ ਕਰਦੀ ਹੈ ਇਸ ਨਾਲ ਵੀ ਡਾਕਟਰ ਕੈਂਸਰ ਦੇ ਮੁੱਢਲੇ ਲੱਛਣਾਂ ਦੀ ਪਛਾਣ ਕਰ ਸਕਦੇ ਹਨ।      

          ਇਲਾਜ – ਕੈਂਸਰ ਦਾ ਸਫ਼ਲਤਾ ਪੂਰਬਕ ਇਲਾਜ ਕੈਂਸਰ ਵਾਲੇ ਟਿਸ਼ੂਆਂ ਨੂੰ ਪੂਰੀ ਤਰ੍ਹਾਂ ਕੱਢ ਦੇਣ ਜਾ ਨਸ਼ਟ ਕਰ ਦੇਣ ਨਾਲ ਹੀ ਹੋ ਸਕਦਾ ਹੈ। ਜੇ ਇਲਾਜ ਕੇਵਲ ਕੈਂਸਰ ਸੈੱਲਾਂ ਨੂੰ ਪੂਰੀ ਤਰ੍ਹਾਂ ਕੱਢ ਦਿੱਤੇ ਜਾਣ ਨਾਲ ਕੀਤਾ ਜਾਂਦਾ ਹੈ ਤਾਂ ਉਸ ਨਾਲ ਕੈਂਸਰ ਮੁੜ ਪੈਂਦਾ ਹੋ ਸਕਦਾ ਹੈ। ਸਰਜਰੀ ਅਤੇ ਵਿਕਿਰਨਨ ਹੀ ਇਸ ਦੇ ਇਲਾਜ ਲਈ ਸਭ ਤੋਂ ਮਹੱਤਵਪੂਰਨ ਤਰੀਕੇ ਹਨ। ਇਲਾਜ ਦੀ ਚੋਣ ਕੈਂਸਰ ਦੀ ਕਿਸਮ, ਥਾਂ, ਆਕਾਰ ਅਤੇ ਰੋਗੀ ਦੀ ਹਾਲਤ ਤੇ ਵੀ ਨਿਰਭਰ ਕਰਦੀ ਹੈ। ਇਲਾਜ ਦੀ ਇਕ ਕਿਸਮ ਕੀਮੋਥੈਰੇਪੀ ਵੀ ਹੈ। ਇਸ ਵਿਚ ਦਵਾਈਆਂ ਅਤੇ ਹਾਰਮੋਨਾਂ ਨਾਲ ਕਈ ਤਰ੍ਹਾਂ ਦੇ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ।

          ਸਰਜਰੀ – ਸਰਜਰੀ ਦੇ ਅਸਰਦਾਇਕ ਹੋਣ ਲਈ ਇਹ ਜ਼ਰੂਰੀ ਹੈ ਕਿ ਅਪਰੇਸ਼ਨ ਉਸ ਸਮੇਂ ਤੋਂ ਪਹਿਲਾਂ ਹੀ ਕਰ ਦੇਣਾ ਚਾਹੀਦਾ ਹੈ ਜਦ ਤਕ ਕਿ ਕੈਂਸਰ ਅਜਿਹੇ ਟਿਸ਼ੂਆਂ ਜਾਂ ਅੰਗਾਂ ਵਿਚ ਨਾ ਚਲਾ ਜਾਵੇ, ਜਿਨ੍ਹਾਂ ਨੂੰ ਕੱਢਣਾ ਮੁਸ਼ਕਲ ਹੋ ਸਕਦਾ ਹੈ। ਸਰਜਰੀ ਕਾਰਨ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਆਪਰੇਸ਼ਨ ਤੋਂ ਪਹਿਲਾਂ ਹੀ ਸੰਭਾਲ, ਅਨੈਸਥੀਓਲੋਜੀ ਅਤੇ ਆਪਰੇਸ਼ਨ ਤੋਂ ਪਿੱਛੋਂ ਦੀ ਸੰਭਾਲ ਨਾਲ ਕਾਫ਼ੀ ਹੱਦ ਤਕ ਘਟਾਇਆ ਜਾ ਸਕਦਾ ਹੈ। ਭਵਿੱਖ ਵਿਚ ਹੱਡੀਆਂ ਜਾਂ ਲਹੂ ਨਾੜੀਆਂ ਅਤੇ ਕਈ ਹੋਰ ਅੰਗਾਂ ਦੀ ਤਬਦੀਲੀ ਸ਼ਾਇਦ ਕੈਂਸਰ ਸਰਜਰੀ ਦੀ ਸਫਲਤਾ ਵਿਚ ਬਹੁਤ ਵਾਧਾ ਸੰਭਵ ਕਰ ਸਕੇ।

          ਰੇਡੀਏਸ਼ਨ – ਇਹ ਇਲਾਜ ਆਇਨਕਾਰੀ ਰੇਡੀਏਸ਼ਨ ਦੀ ਵਰਤੋਂ ਨਾਲ ਹੁੰਦਾ ਹੈ। ਇਸ ਦੀਆਂ ਕਿਰਨਾਂ ਸੈੱਲਾਂ ਦੀ ਵੰਡੀਣਯੋਗਤਾ ਨੂੰ ਘਟਾਉਂਦੀਆਂ ਹਨ। ਰੇਡੀਏਸ਼ਨ ਖੇਤਰ ਵਿਚ ਹੋਏ ਵਿਕਾਸ ਸਦਕਾ ਹੁਣ ਕਈ ਤਰ੍ਹਾਂ ਦੀਆਂ ਡੂੰਘੀਆਂ ਥਾਵਾਂ ਤੇ ਵੀ ਇਹ ਵਿਧੀ ਕਾਰਗਾਰ ਸਿੱਧ ਹੋਈ ਹੈ।

          ਕੀਮੋਥੈਰੇਪੀ – ਇਹ ਥੈਰੇਪੀ ਕੈਂਸਰ ਦੀਆਂ ਕਈ ਵਿਸ਼ੇਸ਼ ਕਿਸਮਾਂ ਲਈ ਬਹੁਤ ਲਾਭਦਾਇਕ ਹੈ। ਦੋ ਪ੍ਰਕਾਰ ਦੇ ਕੈਂਸਰ ਜੋ ਦਵਾਈਆਂ ਨਾਲ ਅਕਸਰ ਠੀਕ ਹੋ ਸਕਦੇ ਹਨ, ਉਹ ਹਨ ਕੋਰੀਓਕਾਰਸੀਨੋਮਾ, ਇਹ ਇਕ ਤਰ੍ਹਾਂ ਦੀ ਰਸੌਲੀ ਹੈ ਜੋ ਪਲੈਸੈਂਟਾ ਵਿਚ ਉਤਪੰਨ ਹੁੰਦੀ ਹੈ ਅਤੇ ਬਰਕਿਟੈਸ ਲਿੰਫੋਮਾ ਜੋ ਅਕਸਰ ਅਫ਼ਰੀਕਨ ਬੱਚਿਆਂ ਵਿਚ ਹੁੰਦਾ ਹੈ। ਦਵਾਈਆਂ ਦੇ ਕਈ ਮੇਲਾਂ ਨਾਲ ਕੁਝ ਬੱਚਿਆਂ ਵਿਚ ਤੀਬਰ ਲਿਊਕੀਮੀਆ ਅਤੇ ਹਾਜਕਿਨ ਦੀ ਬਿਮਾਰੀ ਦਾ ਇਲਾਜ ਕੀਤਾ ਗਿਆ ਹੈ। ਚਮੜੀ ਦੇ ਕਈ ਕੈਂਸਰ ਇਨ੍ਹਾਂ ਦਵਾਈਆਂ ਨਾਲ ਠੀਕ ਹੋ ਗਏ ਹਨ। ਇਸ ਵਿਚ ਰੋਗੀ ਦੇ ਸਾਰੇ ਖ਼ੂਨ ਦੀ ਤਬਦੀਲੀ ਦੇ ਨਾਲ ਨਾਲ ਦਵਾਈਆਂ ਦੀ ਵਰਤੋਂ ਵੀ ਕੀਤੀ ਗਈ ਹੈ।

          ਖੋਜ ਅਤੇ ਨਵੇਂ ਆਸ਼ੇ – ਦੁਨੀਆ ਭਰ ਦੇ ਡਾਕਟਰੀ ਖੋਜ ਕਰਨ ਵਾਲੇ ਸਾਰੇ ਮਸ਼ਹੂਰ ਕੇਂਦਰ, ਨਵੀਆਂ ਕੈਂਸਰ ਦਵਾਈਆਂ, ਵੈਕਸੀਨਾਂ ਜਾਂ ਪ੍ਰਤਿ ਰੱਖਿਅਣ-ਵਿਧੀਆਂ ਦਾ ਵਿਕਾਸ ਕਰਨ ਅਤੇ ਕੈਂਸਰ ਦੇ ਕਾਰਕਾਂ ਨੂੰ ਪਛਾਣਨ ਤੇ ਨਸ਼ਟ ਕਰਨ ਜਾਂ ਕੈਂਸਰ ਸੈੱਲਾਂ ਦੀ ਕਾਰਜਵਿਧੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਜੁਟੇ ਹੋਏ ਹਨ।

          ਕੈਂਸਰ ਦੀ ਮਾਰ ਹੇਠ ਆਏ ਪੰਜਾਹ ਪ੍ਰਤਿਸ਼ਤ ਲੋਕ ਅਕਸਰ ਮਰ ਜਾਂਦੇ ਹਨ ਜਿਨ੍ਹਾਂ ਦਾ ਇਲਾਜ ਅਜੋਕੇ ਤਰੀਕਿਆਂ ਨਾਲ ਸੰਭਵ ਨਹੀਂ ਹੈ। ਕੈਂਸਰ ਦੀ ਖੋਜ ਦੇ ਸਿੱਟੇ ਇਨ੍ਹਾਂ ਨੂੰ ਬਚਾਉਣ ਲਈ ਲਾਹੇਵੰਦ ਸਿੱਧ ਹੋ ਸਕਦੇ ਹਨ। ਇਸ ਲਈ ਬਹੁਤ ਸਾਰੇ ਦੇਸ਼ ਮਿਲ ਕੇ ਕੈਂਸਰ ਦੀ ਖੋਜ ਲਈ ਪ੍ਰੋਗਰਾਮ ਬਣਾ ਰਹੇ ਹਨ। ਅਜਿਹੀਆਂ ਸੰਸਥਾਵਾਂ ਜਿਵੇਂ – ‘ਇੰਨਰਨੈਂਸਨਲ ਯੂਨੀਅਨ ਅਗੇਂਸਟ ਕੈਂਸਰ’, ‘ਦੀ ਇੰਟਰਨੈਂਸਨਲ ਏਜੈਂਸੀ ਫ਼ਾਰ ਰਿਸਰਚ ਆਨ ਕੈਂਸਰ’, ‘ਵਰਲਡ ਹੈਲਥ ਆਰਗੇਨਾਈਜ਼ੇਸ਼ਨ’ ਅਤੇ ‘ਪੈਨ ਅਮੈਰੀਕਨ ਹੈੱਲਥ ਆਰਗੇਨਾਈਜੇਸ਼ਨ’ ਆਦਿ ਅਜਿਹੇ ਕੰਮ ਵਿਚ ਪੂਰੀ ਤਰ੍ਹਾਂ ਸਹਿਯੋਗ ਦੇ ਰਹੀਆਂ ਹਨ।

          ਹ. ਪੁ.– ਐਨ. ਬ੍ਰਿ. ਮੈ. 3 : 763


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Attt


Suraj batth, ( 2022/07/30 10:4155)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.