ਕੋਬਾਲਟ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cobalt (ਕੋਬਅਲਟ) ਕੋਬਾਲਟ: ਇਕ ਖ਼ਾਸ ਕਿਸਮ ਦੀ ਧਾਤ, ਜਿਸ ਦੀ ਵਰਤੋਂ ਫ਼ੌਲਾਦ ਬਣਾਉਣ ਵਾਸਤੇ ਕੀਤੀ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕੋਬਾਲਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੋਬਾਲਟ : ਇਹ ਇਕ ਭੂਰੇ ਰੰਗ ਦਾ ਧਾਤਵੀ ਤੱਤ ਹੈ ਜਿਹੜਾ ਕਿ ਮੁਕਤ ਅਤੇ ਸੰਯੋਜੀ ਹਾਲਤ ਵਿਚ ਨਿਕਲ ਅਤੇ ਲੋਹੇ ਨਾਲ ਮਿਲਦਾ-ਜੁਲਦਾ ਹੈ। ਇਸ ਦਾ ਰਸਾਇਣਿਕ ਚਿੰਨ੍ਹ Co ਹੈ। ਇਹ ਆਵਰਤੀ ਸਾਰਨੀ ਦੇ 8ਵੇਂ ਗਰੁੱਪ ਵਿਚ ਲੋਹੇ ਅਤੇ ਨਿਕਲ ਵਿਚਕਾਰ ਸਥਿਤ ਹੈ। ਇਹ ਕੁਦਰਤ ਵਿਚ ਆਮ ਮਿਲਦਾ ਹੈ ਅਤੇ ਲਗਭਗ ਧਰਤੀ ਦੀ ਪੇਪੜੀ ਦੀਆਂ ਅਗਨੀ-ਚਟਾਨਾਂ ਦੇ 0.001% ਦੇ ਬਰਾਬਰ ਹੈ। ਇਹ ਉਲਕਾਵਾਂ, ਸਿਤਾਰਿਆਂ, ਸਮੁੰਦਰ ਤੇ ਤਾਜ਼ੇ ਪਾਣੀਆਂ, ਮਿੱਟੀਆਂ, ਪੌਦਿਆਂ ਅਤੇ ਪਸ਼ੂਆਂ ਵਿਚ ਮਿਲਦਾ ਹੈ।

          ਮਿੰਗ ਰਾਜਬੰਸ ਸਮੇਂ ਚੀਨ ਵਿਚ ਕੋਬਾਲਟ ਦੀਆਂ ਕੱਚੀਆਂ ਧਾਤਾਂ ਨੂੰ ਚੀਨੀ ਦੇ ਭਾਂਡਿਆਂ ਉਤੇ ਨੀਲਾ ਰੰਗ ਚੜ੍ਹਾਉਣ ਲਈ ਵਰਤਿਆ ਜਾਂਦਾ ਰਿਹਾ ਹੈ। ਪਰਮਾਣੂ ਬੰਬ ਦੇ ਵਿਕਾਸ ਤੋਂ ਮਗਰੋਂ ਰੇਡੀਓ ਐਕਟਿਵ ਕੋਬਾਲਟ 60 (Co 60) ਸਾਧਾਰਨ ਕੋਬਾਲਟ-59 ਉੱਤੇ ਨਿਊਟ੍ਰਾੱਨਾਂ ਦੀ ਬੰਬਾਰੀ ਦੁਆਰਾ ਬਣਿਆ ਮੰਨਿਆ ਗਿਆ। ਕੋਬਾਲਟ-60 ਤੋਂ 𝛃 ਕਿਰਨਾਂ ਦੇ ਉਤਸਰਜਨ ਤੋਂ ਬਾਅਦ ਨਿਕਲ-60 ਬਣ ਜਾਂਦਾ ਹੈ। ਨਿਕਲ-60 ਸ਼ਕਤੀਸ਼ਾਲੀ r ਕਿਰਨਾਂ ਦਾ ਉਤਸਰਜਕ ਹੈ। ਕੋਬਾਲਟ -60 ਉਦਯੋਗ, ਖੋਜ ਅਤੇ ਡਾਕਟਰੀ ਲਈ ਬਹੁਤ ਲਾਹੇਵੰਦ ਹੈ। ਕਈ ਪਦਾਰਥਾਂ ਦੀ ਅੰਦਰੂਨੀ ਬਣਤਰ ਦਾ ਪਤਾ ਲਾਉਣ ਲਈ ਐਕਸ-ਕਿਰਨਾਂ ਅਤੇ ਰੇਡੀਅਮ ਦੀ ਥਾਂ Co60 ਦੀ ਵਰਤੋਂ ਜਾਂਦੀ ਹੈ। ਇਸ ਦੀ ਅਰਧ ਆਯੂ 5.3 ਸਾਲ ਹੈ।

          ਕੋਬਾਲਟ ਦੇ ਪ੍ਰਸਿੱਧ ਖਣਿਜ ਸਲਫ਼ਾਈਡ, ਆਰਸਨਾਈਡ ਅਤੇ ਆੱਕਸੀਕ੍ਰਿਤ ਯੋਗਿਕ ਹਨ। ਕਈ ਇਲਾਕਿਆਂ ਵਿਚ ਇਹ ਗੰਧਕ ਨਾਲ ਮਿਲਿਆ ਲਿਨੀਆਈਟ ਦੇ ਰੂਪ ਵਿਚ ਮਿਲਦਾ ਹੈ। ਕੋਬਾਲਟ ਦੇ ਆਰਸਨਾਈਡ ਜਿਵੇਂ ਕਿ ਸਮਾਲਟਾਈਟ, ਸੈਫ਼ੋਰਾਈਟ ਅਤੇ ਸਕਟਰੂਡਾਈਟ; ਕੈਨੇਡਾ, ਮਰਾਕੋ ਅਤੇ ਹੋਰ ਦੇਸ਼ਾਂ ਵਿਚ ਮਿਲਦੇ ਹਨ। ਸਲਫ਼-ਆਰਸਨਾਈਡ ਕੋਬਾਲਟਾਈਟ ਅਕਸਰ ਆਰਸਨਾਈਡਾਂ ਨਾਲ ਸੰਮਿਲਿਤ ਹੁੰਦਾ ਹੈ। ਆੱਕਸੀਕ੍ਰਿਤ ਕੋਬਾਲਟ ਖਣਿਜ ਇਸ ਤੱਤ ਲਈ ਚੰਗੇ ਸ੍ਰੋਤ ਹਨ। ਮੈਗਨੀਜ਼ ਅਤੇ ਕੋਬਾਲਟ ਆੱਕਸਾਈਡਾਂ ਦਾ ਇਕ ਅਸ਼ੁੱਧ ਮਿਸ਼ਰਨ, ਜਿਸ ਨੂੰ ਐਸਬੋਲਾਈਟ ਕਿਹਾ ਜਾਂਦਾ ਹੈ, ਨਿਊ ਕੈਲਿਡੋਨੀਆ ਦਾ ਮੁੱਖ ਕੋਬਾਲਟ ਖਣਿਜ ਮੰਨਿਆ ਜਾਂਦਾ ਹੈ।

          ਕੋਬਾਲਟ ਦਾ ਧਾਤਕਰਮ – ਕੱਚੀ-ਧਾਤ ਵਿਚ ਕੋਬਾਲਟ ਦੇ ਰੂਪ ਨੂੰ ਧਿਆਨ ਵਿਚ ਰੱਖਦਿਆਂ ਸ਼ੁੱਧ ਧਾਤ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਢੰਗ ਵਰਤੇ ਜਾ ਸਕਦੇ ਹਨ। ਕੈਨੇਡਾ, ਮਰਾਕੋ ਅਤੇ ਹੋਰ ਦੇਸ਼ਾਂ ਦੀਆਂ ਆਰਸਨਾਈਡ, ਸਲਫ਼-ਆਰਸੀਨਾਈਡ ਤੇ ਮਿਸ਼ਰਿਤ ਆੱਕਸਾਈਡ ਆਰਸਨਾਈਡ ਕੱਚੀਆਂ ਧਾਤਾਂ ਨੂੰ ਹੱਥ ਨਾਲ ਛਟਾਈ ਕਰਨ ਮਗਰੋਂ ਮੇਜ਼ਾਂ ਦੁਆਰਾ ਗੁਰੂਤਾ ਨਖੇੜ ਕਰਕੇ ਜਾਂ ਫ਼ਰਾਥ ਫ਼ਲੋਟੇਸ਼ਨ ਵਿਧੀ ਦੁਆਰਾ ਸੰਘਣਾ ਕੀਤਾ ਜਾਂਦਾ ਹੈ। ਫਿਰ ਇਸ ਸੰਘਣੇ ਪਦਾਰਥ ਨੂੰ ਕੋਲੇ ਅਤੇ ਚੂਨੇ ਦੇ ਪੱਥਰ ਨਾਲ ਮਿਲਾ ਕੇ ਝੌਂਕਾ ਭੱਠੀ ਵਿਚ ਪਾਇਆ ਜਾਂਦਾ ਹੈ ਅਤੇ ਗਾਲ ਕੇ ਸਪਾਈਸ ਜਾਂ ਅਸ਼ੁੱਧ ਮਿਸ਼ਰਣ ਵਿਚ ਬਦਲਿਆ ਜਾਂਦਾ ਹੈ। ਇਸ ਤੋਂ ਮਗਰੋਂ ਇਸ ਨੂੰ ਪੀਸ ਕੇ ਲੂਣ ਵਿਚ ਭੁੰਨਿਆ ਜਾਂਦਾ ਹੈ ਅਤੇ ਪਾਣੀ ਨਾਲ ਖੋਰ ਲਿਆ ਜਾਂਦਾ ਹੈ। ਅਘੁਲਣਸ਼ੀਲ ਕਲੋਰਾਈਡਾਂ ਨੂੰ ਗੰਧਕ ਦੇ ਤੇਜ਼ਾਬ ਨਾਲ ਪੀਹ ਕੇ ਧੋਣ ਉਪਰੰਤ ਫ਼ਿਲਟਰ ਕਰ ਲਿਆ ਜਾਂਦਾ ਹੈ ਅਤੇ ਇਸ ਰਲਵੇਂ ਘੋਲ ਦੇ ਆੱਕਸੀਕਰਨ ਉਪਰੰਤ ਇਸ ਨੂੰ ਚੂਨੇ ਨਾਲ ਉਦਾਸੀਨ ਕਰ ਲਿਆ ਜਾਂਦਾ ਹੈ। ਫ਼ੈਰਿਕ ਆਰਸਨੇਟ ਦੇ ਖਾਰੇ ਤਲਛਟ ਨੂੰ ਫ਼ਿਲਟਰ ਕਰ ਲਿਆ ਜਾਂਦਾ ਹੈ ਅਤੇ ਘੋਲ ਵਿਚ ਕੇਵਲ ਕੋਬਾਲਟ ਅਤੇ ਨਿਕਲ ਰਹਿ ਜਾਂਦੇ ਹਨ। ਕੁਝ-ਕੁ ਮਾਤਰਾ ਵਿਚ ਸੋਡੀਅਮ ਹਾਈਡ੍ਰਾੱਕਸਾਈਡ ਅਤੇ ਸੋਡੀਅਮ ਹਾਈਪੋਕਲੋਰਾਈਟ ਮਿਲਾਉਣ ਨਾਲ ਕੋਬਾਲਟ ਦਾ ਤਲਛਟ ਕੋਬਾਲਟਿਕ ਹਾਈਡ੍ਰਾੱਕਸਾਈਡ ਦੇ ਰੂਪ ਵਿਚ ਬਣ ਜਾਂਦਾ ਹੈ। ਮੁੱਢ ਵਿਚ ਤਲਛਟ ਇਕੱਲੇ ਕੋਬਾਲਟ ਦਾ ਹੁੰਦਾ ਹੈ ਅਤੇ ਮਗਰੋਂ ਕੋਬਾਲਟ ਅਤੇ ਨਿਕਲ ਦੋਹਾਂ ਦਾ ਸਾਂਝਾਂ ਤਲਛਟ ਬਣਨਾਂ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇਸ ਮਗਰਲੇ ਤਲਛਟ ਨੂੰ ਮੁੜ ਵਾਪਸ ਭੇਜਿਆ ਜਾਂਦਾ ਹੈ ਤਾਂ ਕਿ ਸ਼ੁੱਧ ਕੋਬਾਲਟਿਕ ਹਾਈਡ੍ਰਾੱਕਸਾਈਡ ਪ੍ਰਾਪਤ ਕੀਤਾ ਜਾ ਸਕੇ। ਕੋਬਾਲਟ ਦੇ ਤਲਛਟ ਨੂੰ ਸੁਕਾ ਕੇ ਪੀਹ ਲਿਆ ਜਾਂਦਾ ਹੈ ਅਤੇ ਗੋਲੀਆਂ ਬਣਾਉਣ ਵਾਲੀ ਮਸ਼ੀਨ ਦੁਆਰਾ ਮੋਟੀਆਂ ਜਾਂ ਗੋਲਾਕਾਰ ਟਿੱਕੀਆਂ ਬਣਾ ਲਈਆਂ ਜਾਂਦੀਆਂ ਹਨ। ਇਨ੍ਹਾਂ ਟਿੱਕੀਆਂ ਨੂੰ ਸੁਕਾ ਕੇ ਕੋਲੇ ਨਾਲ ਲਘੂਕਰਨ ਦੁਆਰਾ ਕੋਬਾਲਟ ਧਾਤ ਵਿਚ ਬਦਲ ਲਿਆ ਜਾਂਦਾ ਹੈ। ਇਸ ਤੋਂ ਮਗਰੋਂ ਠੰਢਾ ਕਰਕੇ ਅਤੇ ਚੁੰਬਕਾਂ ਦੁਆਰਾ ਨਖੇੜ ਕੇ ਮਾਰਕੀਟ ਲਈ ਤਿਆਰ ਕਰ ਲਿਆ ਜਾਂਦਾ ਹੈ।

          ਕੈਨੇਡੀਅਨ ਨਿਕਲ ਆੱਕਸਾਈਡ ਤੋਂ ਸ਼ੁੱਧ ਕੋਬਾਲਟ ਤਿਆਰ ਕਰਨ ਲਈ ਕਾਰਬੋਨਿਲ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਕਾਰਬੋਨਿਲ ਕਿਰਿਆ ਉਪਰੰਤ ਬਚੇ ਪਦਾਰਥ ਨੂੰ ਭੁੰਨਣ ਅਤੇ ਖੋਰਨ ਉਪਰੰਤ ਤਾਂਬਾ ਅਤੇ ਲੋਹਾ ਕੱਢ ਕੇ ਕੋਬਾਲਟ ਦਾ ਤਲਛਟ ਅਣਸੋਧੇ ਕੋਬਾਲਟਿਕ ਹਾਈਡ੍ਰਾੱਕਸਾਈਡ ਦੇ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ।

          ਗੁਣ – ਪਾਲਿਸ਼ ਕੀਤੇ ਕੋਬਾਲਟ ਦਾ ਰੰਗ ਹਲਕੀ ਸਾਧਾਰਨ ਨੀਲੀ ਭਾਹ ਮਾਰਦਾ ਚਾਂਦੀ ਵਰਗਾ ਚਿੱਟਾ ਹੁੰਦਾ ਹੈ। ਸਾਧਾਰਨ ਤਾਪਮਾਨ ਉਤੇ ਇਸ ਦਾ ਸਥਿਰ ਰੂਪ ਛੇਕੋਣਾ 𝛂 ਕੋਬਾਲਟ ਹੈ ਅਤੇ 400° ਸੈਂ. ਤੋਂ ਉਪਰ ਇਸ ਦੀ ਸਥਿਰ ਕਿਸਮ B- ਕੋਬਾਲਟ ਹੈ। ਕੋਬਾਲਟ ਦੀ ਵਿਸ਼ਿਸ਼ਟ ਘਣਤਾ 8.9 ਹੈ। ਇਹ ਲੋਹ-ਚੁੰਬਕੀ ਹੈ ਅਤੇ ਕਠੋਰਤਾ, ਤਣਾਉ-ਸਮਰਥਾ ਆਦਿ ਗੁਣ ਇਸ ਵਿਚ ਲੋਹੇ ਅਤੇ ਨਿਕਲ ਵਾਂਗ ਹੀ ਹਨ।

          ਇਸ ਦਾ ਪਰਮਾਣੂ ਭਾਰ 58.9332, ਪਰਮਾਣੂ-ਕ੍ਰਮ-ਅੰਕ 27, ਪਿਘਲਾਊ-ਦਰਜਾ 1,495 ਸੈਂ. ਉਬਾਲ-ਦਰਜਾ 2,900 ਸੈਂ. ਅਤੇ ਸੰਯੋਜਕਤਾ 2 ਜਾਂ 3 ਹੈ। ਸਾਧਾਰਨ ਤਾਪਮਾਨ ਉੱਤੇ ਹਵਾ ਜਾਂ ਪਾਣੀ ਦਾ ਇਸ ਉਤੇ ਕੋਈ ਅਸਰ ਨਹੀਂ ਹੁੰਦਾ। ਗੰਧਕ, ਹਾਈਡ੍ਰੋਕਲੋਰਿਕ ਅਤੇ ਨਾਈਟ੍ਰਿਕ ਐਸਿਡ ਇਸ ਉਤੇ ਜਲਦੀ ਕਿਰਿਆ ਕਰਦੇ ਹਨ ਪਰ ਅਮੋਨੀਆ, ਸੋਡੀਅਮ ਹਾਈਡ੍ਰਾਕਸਾਈਡ ਅਤੇ ਹਾਈਡ੍ਰੋਫਲੋਰਿਕ ਐਸਿਡ ਦੀ ਇਸ ਨਾਲ ਕਿਰਿਆ ਬਹੁਤ ਹੌਲੀ ਹੌਲੀ ਹੁੰਦੀ ਹੈ।

          ਕੋਬਾਲਟ ਦੇ ਮੁੱਖ ਯੋਗਿਕ ਇਸ ਪ੍ਰਕਾਰ ਹਨ :–

          (1) ਕੋਬਾਲਟ ਦੇ ਕਾਰਬਾਈਡ।

          (2) ਜਦੋਂ ਕੱਪੜੇ ਧੋਣ ਵਾਲੇ ਸੋਡੇ ਜਾਂ ਚੂਨੇ ਦੇ ਪੱਥਰ ਨੂੰ ਕੋਬਾਲਟ ਦੇ ਘੋਲ ਵਿਚ ਪਾਇਆ ਜਾਂਦਾ ਹੈ ਤਾਂ ਕੋਬਾਲਟਸ ਕਾਰਬੋਨੇਟ ਬਣਦਾ ਹੈ।

          (3) ਜਦੋਂ 200° ਸੈਂ. ਉਤੇ ਅਤੇ 100 ਵਾਯੂਮੰਡਲ ਦਬਾਓ ਵਾਲੇ ਖੇਤਰ ਵਿਚ ਲਘੂਕ੍ਰਿਤ ਕੋਬਾਲਟ ਪਾਊਡਰ ਅਤੇ ਕਾਰਬਨ ਮਾੱਨੋਆਕਸਾਈਡ ਲੰਘਾਈ ਜਾਵੇ ਤਾਂ ਕੋਬਾਲਟ ਕਾਰਬੋਨਿਲ ਬਣਦਾ ਹੈ।

          (4) ਹੈਲਾਈਡਾਂ ਵਿਚ ਕੋਬਾਲਟਸ ਕਲੋਰਾਈਡ ਵਧੇਰੇ ਮਹੱਤਵਪੂਰਨ ਹੈ ਅਤੇ ਕੋਬਾਲਟ ਕਲੋਰਾਈਡ ਦੀ ਵਰਤੋਂ ਫ਼ਲੋਰੋਕਾਰਬਨਾਂ ਦੇ ਸੰਸ਼ਲੇਸ਼ਣ ਵਿਚ ਕੀਤੀ ਜਾਂਦੀ ਹੈ।

          (5) ਜਦੋਂ ਕੋਬਾਲਟ ਦੇ ਘੋਲ ਵਿਚ ਐਲਕਲੀ-ਹਾਈਡ੍ਰਾੱਕਸਾਈਡ ਮਿਲਾਇਆ ਜਾਂਦਾ ਹੈ ਤਾਂ ਕੋਬਾਲਟਸ ਹਾਈਡ੍ਰਾਕਸਾਈਡ ਬਣਦਾ ਹੈ ਜਿਹੜਾ ਕਿ ਹੌਲੀ ਹੌਲੀ ਹਵਾ ਦੁਆਰਾ ਆਕਸੀਕ੍ਰਿਤ ਹੋ ਕੇ ਕੋਬਾਲਟਿਕ ਹਾਈਡ੍ਰਾਕਸਾਈਡ ਵਿਚ ਬਦਲ ਜਾਂਦਾ ਹੈ।

          (6) ਜਦੋਂ ਕੋਬਾਲਟ ਧਾਤ, ਆਕਸਾਈਡ, ਹਾਈਡ੍ਰਾੱਕਸਾਈਡ ਜਾਂ ਕਾਰਬੋਨੇਟ ਵਿਚ ਨਾਈਟ੍ਰਿਕ ਐਸਿਡ ਮਿਲਾਇਆ ਜਾਂਦਾ ਹੈ ਤਾਂ ਕੋਬਾਲਟਸ ਨਾਈਟ੍ਰੇਟ ਬਣਦਾ ਹੈ।

          (7) ਲੋਹੇ ਵਾਂਗ ਕੋਬਾਲਟ ਦੇ ਵੀ ਤਿੰਨ ਸਾਂਝੇ ਆੱਕਸਾਈਡ ਬਣਦੇ ਹਨ ਅਰਥਾਤ ਕੋਬਾਲਟਸ ਆੱਕਸਾਈਡ (CoO), ਕੋਬਾਲਟਿਕ ਆੱਕਸਾਈਡ (Co2O3) ਅਤੇ ਕੋਬਾਲਟੋਸਿਕ ਆੱਕਸਾਈਡ (Co34)।

          (8) ਕੋਬਾਲਟ ਸਿਲੀਕੇਟ ਧਾਤ-ਮੈਲਾਂ ਅਤੇ ਗਲੇਜ਼ਾਂ (ਮਿੱਟੀ ਦੇ ਭਾਂਡਿਆਂ ਉਤੇ ਚਮਕ ਲਿਆਉਣ ਵਾਲੇ ਰੰਗ ਆਦਿ) ਵਿਚ ਮਿਲਦੇ ਹਨ।

          (9) ਕੋਬਾਲਟ ਦੇ ਯੋਗਿਕਾਂ ਉਤੇ ਗੰਧਕ ਦੇ ਤੇਜ਼ਾਬ ਦੀ ਕਿਰਿਆ ਦੁਆਰਾ ਕੋਬਾਲਟਸ ਸਲਫ਼ੇਟ ਬਣਦਾ ਹੈ।

          (10) ਜਦੋਂ ਕੋਬਾਲਟ ਦੇ ਖਾਰੇ ਘੋਲ ਵਿਚੋਂ ਹਾਈਡ੍ਰੋਜਨ ਸਲਫ਼ਾਈਡ ਗੈਸ ਲੰਘਾਈ ਜਾਂਦੀ ਹੈ ਤਾਂ ਕੋਬਾਲਟਸ ਸਲਫ਼ਾਈਡ ਬਣਦਾ ਹੈ।

          ਉਪਯੋਗ – ਦੁਨੀਆ ਵਿਚ ਕੋਬਾਲਟ ਦੇ ਕੁੱਲ ਉਤਪਾਦਨ ਦਾ 80% ਧਾਤਵੀ ਰੂਪ ਵਿਚ ਵਰਤਿਆ ਜਾਂਦਾ ਹੈ। ਉੱਚੇ ਤਾਪਮਾਨ ਉੱਤੇ ਸਮਰਥਾ ਕਾਇਮ ਰੱਖਣ ਅਤੇ ਹੋਰ ਲੋੜੀਂਦੇ ਗੁਣਾਂ ਕਾਰਨ ਇਸ ਦੀਆਂ ਮਿਸ਼ਰਿਤ ਧਾਤਾਂ ਦੀ ਵਰਤੋਂ ਉੱਚ ਤਾਪਮਾਨ ਉੱਤੇ ਕੰਮ ਕਰਨ ਵਾਲੇ ਯੰਤਰਾਂ ਜਿਵੇਂ ਜੈੱਟ-ਜਹਾਜ਼ ਅਤੇ ਗੈਸ-ਟਰਬਾਈਨਾਂ ਵਿਚ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਵਧੇਰੇ ਮਿਸ਼ਰਿਤ ਧਾਤਾਂ ਵਿਚ 20% ਤੋਂ 65% ਕੋਬਾਲਟ ਅਤੇ ਬਾਕੀ ਨਿਕਲ, ਕ੍ਰੋਮੀਅਮ, ਮਾੱਲਿਬਡਿਨਮ, ਟੰਗਸਟਨ ਅਤੇ ਦੂਸਰੇ ਤੱਤ ਹੁੰਦੇ ਹਨ। ਕੋਬਾਲਟ ਦੀ ਕਾਫ਼ੀ ਮਾਤਰਾ ਚੁੰਬਕ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਸਭ ਤੋਂ ਵਧੀਆ ਵਪਾਰਕ ਚੁੰਬਕ ਵਾਲੇ ਸਟੀਲ ਵਿਚ 35% ਕੋਬਾਲਟ ਹੁੰਦਾ ਹੈ।

          ਕੋਬਾਲਟ-ਕ੍ਰੋਮੀਅਮ, ਟੰਗਸਟਨ ਮਿਸ਼ਰਿਤ ਧਾਤਾਂ ਜਿਨ੍ਹਾਂ ਵਿਚ 4265% ਕੋਬਾਲਟ ਹੁੰਦਾ ਹੈ, ਬਹੁਤ ਸਖ਼ਤ ਅਤੇ ਖੋਰ ਪ੍ਰਤਿਰੋਧੀ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਕੱਟਣ ਵਾਲੇ ਯੰਤਰਾਂ ਲਈ ਕੀਤੀ ਜਾਂਦੀ ਹੈ।

          ਹੁਣ ਤੱਕ ਮਨੁੱਖ ਦੁਆਰਾ ਬਣਾਇਆ ਗਿਆ ਸਭ ਤੋਂ ਸਖ਼ਤ ਪਦਾਰਥ ਟੰਗਸਟਨ ਕਾਰਬਾਈਡ ਮਸ਼ੀਨਾਂ ਦੇ ਪੁਰਜ਼ੇ, ਡਾਈਆਂ ਅਤੇ ਆਰੀਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਮੰਤਵ ਲਈ ਕੋਬਾਲਟ ਦੀ ਵਰਤੋਂ ਇਕ ਬਾਈਂਡਰ ਦੇ ਤੌਰ ਤੇ ਕੀਤੀ ਜਾਂਦੀ ਹੈ। ਸਟੈਂਡਰਡ ਹਾਈ ਸਪੀਡ ਸਟੀਲ ਵਿਚ 5 ਤੋਂ 12% ਕੋਬਾਲਟ ਮਿਲਾਉਂਣ ਨਾਲ ਉੱਚ-ਤਾਪਮਾਨ ਉੱਤੇ ਕੱਟਣ ਦੀ ਸੁਯੋਗਤਾ ਵਧ ਜਾਂਦੀ ਹੈ ਅਤੇ ਅਜਿਹੇ ਯੰਤਰਾਂ ਦੀ ਵਰਤੋਂ ਭਾਰੀ ਮਸ਼ੀਨਰੀ ਤਿਆਰ ਕਰਨ ਲਈ ਕੀਤੀ ਜਾਂਦੀ ਹੈ।

          ਸ਼ੀਸ਼ੇ ਅਤੇ ਧਾਤ ਵਿਚਕਾਰ ਸ਼ੀਟਾਂ ਬਣਾਉਣ ਲਈ 18% ਕੋਬਾਲਟ, 28% ਨਿਕਲ ਅਤੇ 54% ਲੋਹੇ ਵਾਲੀਆਂ ਮਿਸ਼ਰਿਤ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀ ਮਿਸ਼ਰਿਤ ਧਾਤ ਜਿਸ ਵਿਚ 36.5% ਲੋਹਾ, 9.5% ਕ੍ਰੋਮੀਅਮ ਅਤੇ 5.4% ਕੋਬਾਲਟ ਹੋਵੇ, ਦਾ ਪਸਾਰ-ਗੁਣਾਂਕ ਜ਼ੀਰੋ ਹੁੰਦਾ ਹੈ। ਦੰਦਾਂ ਦੇ ਇਲਾਜ ਲਈ ਅਤੇ ਸਰੀਰ ਦਾ ਚੀਰ-ਫਾੜ ਕਰਨ ਲਈ ਵੀ ਵਰਤੀ ਜਾਂਦੀ। ਮਿਸ਼ਰਿਤ ਧਾਤ ਵਿਟਾਲੀਅਮ ਕਹਾਉਂਦੀ ਹੈ। ਇਸ ਵਿਚ 65% ਕੋਬਾਲਟ, 30% ਕ੍ਰੋਮੀਅਮ ਅਤੇ 5% ਮਾੱਲਿਬਾਡਿਨਮ ਜਾਂ ਟੰਗਸਟਨ ਹੁੰਦਾ ਹੈ ਅਤੇ ਇਸ ਉਤੇ ਸਰੀਰ ਦੇ ਤਰਲਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਅਤੇ ਇਸ ਨਾਲ ਟਿਸ਼ੂਆਂ ਵਿਚ ਕੋਈ ਜਲਣ ਪੈਦਾ ਨਹੀਂ ਹੁੰਦੀ।

          ਕੋਬਾਲਟ ਦੀ ਵਰਤੋਂ ਬਿਜਲੱਈ-ਲੇਪਣਾਂ, ਸ਼ੀਸ਼ੇ ਨੂੰ ਰੰਗ ਚੜ੍ਹਾਉਣ ਲਈ ਅਤੇ ਚੀਨੀ-ਮਿੱਟੀ ਉਦਯੋਗ ਵਿਚ ਵੀ ਕਾਫ਼ੀ ਕੀਤੀ ਜਾਂਦੀ ਹੈ। ਕੋਬਾਲਟ ਕਈ ਉਤਪ੍ਰੇਰਕੀ ਕਿਰਿਆਵਾਂ ਵੀ ਕਰਦਾ ਹੈ ਜਿਹੜੀਆਂ ਕਿ ਸਾਇੰਸ ਪੱਖੋਂ ਅਤੇ ਆਰਥਿਕ ਤੌਰ ਤੇ ਕਾਫ਼ੀ ਮਹੱਤਵਪੂਰਨ ਹਨ।

          ਵਿਸ਼ਲੇਸ਼ਣ –– ਕੋਬਾਲਟ ਦੀ ਘੱਟ ਮਾਤਰਾ ਦਾ ਪਤਾ ਨਾਈਟ੍ਰੋਸੋ-R-ਲੂਣ ਜਾਂ ਅਮੋਨੀਅਮ ਥਾਇਓ-ਸਾਇਆਨੇਟ ਦੀ ਵਰਤੋਂ ਕਰਕੇ ਕਲਰੀਮੀਟਰੀ (ਵਰਨਮਿਤੀ) ਨਾਲ ਤੁਰੰਤ ਪਤਾ ਲੱਗਾ ਸਕਦਾ ਹੈ। ਇਸ ਤੋਂ ਇਲਾਵਾ ਸਪੈੱਕਟ੍ਰੋਗ੍ਰਾਫ਼ ਜਾਂ ਪੋਲੈਰੋਗ੍ਰਾਫ਼ ਦੁਆਰਾ ਵੀ ਕੋਬਾਲਟ ਦਾ ਸੰਸ਼ਲੇਸ਼ਣ ਕੀਤਾ ਜਾ ਸਕਦਾ ਹੈ। ਕੋਬਾਲਟ ਦੀ ਵਧੇਰੇ ਮਾਤਰਾ ਲਈ ਬਿਜਲ-ਅਪਘਟਨੀ ਢੰਗ ਬਹੁਤ ਸੰਤੋਸ਼ਜਨਕ ਹੈ।

          ਹ. ਪੁ.– ਐਨ. ਬ੍ਰਿ. 5 : 984 ; ਮੈਕ. ਐਨ. ਸ. ਟ. 3 : 246


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.