ਕ੍ਰਿਸੋਬੇਰਿਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

I ਕ੍ਰਿਸੋਬੇਰਿਲ : ਪੀਲੇ ਜਾਂ ਹਰੇ ਰੰਗ ਦਾ ਇਹ ਮਣੀ ਪੱਥਰ ਆਪਣੀ ਕਠੋਰਤਾ ਕਾਰਨ ਪ੍ਰਸਿੱਧ ਹੈ। ਇਸ ਤੋਂ ਵੱਧ ਕਠੋਰਤਾ ਕੇਵਲ ਕੋਰੰਡਮ ਅਤੇ ਹੀਰੇ ਦੀ ਹੁੰਦੀ ਹੈ। ਇਸ ਦੀ ਰਸਾਇਣਿਕ ਬਣਤਰ BeAl2O4 ਹੁੰਦੀ ਹੈ ਅਰਥਾਤ ਇਹ ਬੈਰੀਲੀਅਮ ਅਤੇ ਐਲੂਮਿਨੀਅਮ ਦਾ ਆਕਸਾਈਡ ਹੈ। ਇਸ ਦੇ ਰਵੇ ਆੱਰਥੋਰ੍ਹਾਂਬਿਕ ਸਿਸਟਮ ਵਿਚ ਹੁੰਦੇ ਹਨ। ਇਹ ਰਵੇ ਆਮ ਕਰਕੇ ਸਾਹਮਣੇ ਪਿਨੇਕਾੱਇਡ ਦੇ ਸਮਾਂਤਰ ਚਪਟੇ ਹੁੰਦੇ ਹਨ ਅਤੇ ਜ਼ਿਆਦਾਤਰ ਆਭਾਸੀ ਛੇ-ਭੁਜੀ ਜੋੜਿਆਂ ਵਿਚ ਮਿਲਦੇ ਹਨ।

          ਕੱਚ ਵਾਂਗ ਚਮਕਦੇ ਇਸ ਪੱਥਰ ਦੀ ਕਠੋਰਤਾ 8.5 (ਮੋ ਪੈਮਾਨੇ ਉਤੇ) ਅਤੇ ਵਿਸ਼ਿਸ਼ਟ ਘਣਤਾ 3.7-3.8 ਹੁੰਦੀ ਹੈ। ਕ੍ਰਿਸੋਬੇਰਿਲ ਦੋ ਕਿਸਮ ਦੇ ਪੱਥਰਾਂ ਦੇ ਰੂਪ ਵਿਚ ਮਿਲਦਾ ਹੈ। ਐਲਿਗਜ਼ੈਨਡ੍ਰਾਈਟ, ਉੱਤਮ ਮਣੀ ਪੱਥਰਾਂ ਵਿਚੋਂ ਇਕ ਹੈ। ਇਸ ਦਾ ਰੰਗ ਹਰਾ ਹੁੰਦਾ ਹੈ ਪਰ ਪਾਰਗਮਿਤ ਜਾਂ ਬਣਾਵਟੀ ਪ੍ਰਕਾਸ਼ ਵਿਚ ਲਾਲ ਵਿਖਾਈ ਦਿੰਦਾ ਹੈ। ਕੈਟ ’ਸ ਆਈ ਜਾਂ ਸਿਮੋਫ਼ੇਨ ਇਕ ਹਰੀ ਬਦਲਵੀਂ ਚਮਕ ਵਾਲੀ ਕਿਸਮ ਹੈ ਅਤੇ ਇਸ ਦੀ ਚਮਕ ਇਸ ਤਰ੍ਹਾਂ ਬਦਲਦੀ ਰਹਿਦੀ ਹੈ ਜਿਵੇਂ ਬਿੱਲੀ ਦੀ ਅੱਖ ਦੀ ਚਮਕ ਹਨੇਰੇ ਵਿਚ।

          ਕ੍ਰਿਸੋਬੇਰਿਲ ਗ੍ਰੈਨਾਈਟੀ ਚਟਾਨਾਂ, ਪੈੱਗਮੇਟਾਈਟ ਅਤੇ ਅਬਰਕ ਸ਼ਿਸ਼ਟਾਂ ਵਿਚ ਮਿਲਦਾ ਹੈ। ਸਿਮੋਫ਼ੇਨ, ਜ਼ਿਆਦਾਤਰ ਸ੍ਰੀਲੰਕਾ ਦੀਆਂ ਪੱਥਰੀ ਕੰਕਰੀਟਾਂ ਵਿਚੋਂ ਪ੍ਰਾਪਤ ਹੁੰਦਾ ਹੈ। ਐਲਿਗਜ਼ੈਨਡ੍ਰਾਈਟ, ਯੂਰਾਲ ਪਹਾੜਾਂ ਵਿਚੋਂ ਮਿਲਦਾ ਹੈ। ਕ੍ਰਿਸੋਬੇਰਿਲ ਨੂੰ ਅਕਸਰ ਗ਼ਲਤੀ ਨਾਲ ਕ੍ਰਿਸੋਲਾਈਟ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਰੰਗ ਕ੍ਰਿਸੋਲਾਈਟ ਨਾਲ ਮਿਲਦਾ ਜੁਲਦਾ ਹੈ। ਇਹ ਕ੍ਰਿਸੋਲਾਈਟ ਨਾਲੋਂ ਵਧੇਰੇ ਕਠੋਰ ਅਤੇ ਠੋਸ ਖਣਿਜ ਹੈ।

          ਵਪਾਰਕ ਤੌਰ ਤੇ ਕ੍ਰਿਸੋਬੇਰਿਲ ਦਾ ਸੰਸ਼ਲੇਸ਼ਣ ਲਾਟ-ਸੰਯੋਜਨ ਵਿਧੀ ਦੁਆਰਾ ਕੀਤਾ ਜਾਂਦਾ ਹੈ, ਪਰ ਇਸ ਤਰ੍ਹਾਂ ਤਿਆਰ ਕੀਤਾ ਕ੍ਰਿਸੋਬੇਰਿਲ ਕੁਦਰਤ ਵਿਚ ਮਿਲਣ ਵਾਲੇ ਕ੍ਰਿਸੋਬੇਰਿਲ ਨਾਲੋਂ ਚੰਗਾ ਨਹੀਂ ਹੁੰਦਾ।

          ਹ. ਪੁ.––ਐਨ. ਬ੍ਰਿ. 5 : 733; ਮੈਕ. ਐਨ. ਸ. ਟ. 3 : 116


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.