ਕ੍ਰੋਨੋਗ੍ਰਾਫ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕ੍ਰੋਨੋਗ੍ਰਾਫ਼ : ਜਿਸ ਤਰ੍ਹਾਂ ਕਿ ਕ੍ਰੋਨੋਗ੍ਰਾਫ਼ ਸ਼ਬਦ ਤੋਂ ਹੀ ਸਪਸ਼ਟ ਹੈ ਕਿ ਇਹ ਉਹ ਯੰਤਰ ਹੈ, ਜਿਸ ਨਾਲ ਸਮਾਂ ਰਿਕਾਰਡ ਕੀਤਾ ਜਾਂਦਾ ਹੈ। ਸਧਾਰਨ ਕਿਸਮ ਦੇ ਯੰਤਰ ਵਿਚ ਇਕ ਡਰੰਮ ਉਤੇ ਕਾਗਜ਼ ਦੀ ਸ਼ੀਟ ਲਪੇਟੀ ਹੁੰਦੀ ਹੈ ਅਤੇ ਡਰੰਮ ਨੂੰ ਇਕ ਚੱਕਰ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਘੁਮਾਇਆ ਜਾਂਦਾ ਹੈ। ਇਕ ਬਿਜਲਈ ਚੁੰਬਕ ਦੇ ਆਰਮੇਚਰ ਨਾਲ ਇਕ ਪੈੱਨ ਲਗਾਇਆ ਹੁੰਦਾ ਹੈ ਜਿਹੜਾ ਕਿ ਇਕ ਸਕਰੂ ਦੁਆਰਾ ਡਰੰਮ ਦੇ ਧੁਰੇ ਦੇ ਸਮਾਂਤਰ ਚਲਦਾ ਹੈ ਅਤੇ ਕਾਗ਼ਜ਼ ਉਤੇ ਇਕ ਵਲਦਾਰ ਰੇਖਾ ਵਾਹੁੰਦਾ ਹੈ। ਬਿਜਲਈ ਚੁੰਬਕ, ਇਕ ਬਿਜਲਈ ਸਰਕਟ ਵਿਚ ਇਕ ਸਟੈਂਡਰਡ ਘੜੀ ਨਾਲ ਇਸ ਤਰ੍ਹਾਂ ਜੁੜਿਆ ਹੁੰਦਾ ਹੈ ਕਿ ਹਰ ਸੈਕੰਡ ਮਗਰੋਂ ਪੈੱਨ ਇਕ ਪਾਸੇ ਨੂੰ ਥੋੜ੍ਹਾ ਜਿਹਾ ਹਿਲਦਾ ਹੈ ਜਿਸ ਨਾਲ ਵਲਦਾਰ ਰੇਖਾ ਉਤੇ ਸੈਕੰਡਾਂ ਦੇ ਦਰਜੇ ਲੱਗ ਜਾਂਦੇ ਹਨ। ਸਰਕਟ ਵਿਚ ਇਕ ‘ਕੀ’ ਅਜਿਹੇ ਢੰਗ ਨਾਲ ਲਾਈ ਜਾਂਦੀ ਹੈ ਕਿ ਹਰ ਵਾਰ ਜਦੋਂ ‘ਕੀ’ ਲਾਈ ਜਾਂਦੀ ਹੈ ਤਾਂ ਵਲਦਾਰ ਰੇਖਾ ਉਤੇ ਹੋਰ ਦਰਜੇ ਲਗ ਜਾਂਦੇ ਹਨ। ਜਦੋਂ ਕਾਗ਼ਜ਼ ਦੀ ਸ਼ੀਟ ਡਰੰਮ ਉਤੋਂ ਲਾਹੀ ਜਾਂਦੀ ਹੈ ਤਾਂ ‘ਕੀ’ ਨੂੰ ਦਬਾਉਣ ਨਾਲ ਅਤੇ ਘੜੀ ਦੁਆਰਾ ਲੱਗੇ ਨਿਸ਼ਾਨਾਂ ਵਿਚਕਾਰਲੇ ਫ਼ਾਸਲੇ ਨੂੰ ਮਿਣਨ ਲਈ ਇਕ ਪੈਮਾਨੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ‘ਕੀ’ ਨੂੰ ਦਬਾਉਣ ਦਾ ਸਮਾਂ ਤੁਰੰਤ ਹੀ ਸੈਕੰਡ ਤੱਕ ਮਿਣਿਆ ਜਾ ਸਕਦਾ ਹੈ। ਜੇਕਰ ਸਮੇਂ ਦੀ ਮਿਣਤੀ ਬਿਲਕੁਲ ਸਹੀ ਕਰਨੀ ਹੋਵੇ ਤਾਂ ਡਰੰਮ ਨੂੰ ਹੋਰ ਤੇਜ਼ੀ ਨਾਲ ਘੁਮਾਇਆ ਜਾ ਸਕਦਾ ਹੈ ਅਤੇ ਸਮੇਂ ਦੇ ਦਰਜਿਆਂ ਲਈ ਇਕ ਟਿਊਨਿੰਗ ਫ਼ੋਰਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਈ ਕ੍ਰੋਨੋਗ੍ਰਾਫ਼ਾਂ ਵਿਚ ਹੌਲੀ-ਹੌਲੀ ਘੁੰਮਦੇ ਕਾਗ਼ਜ਼ ਦੇ ਟੁਕੜੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਉਤੇ ਪੈੱਨ ਸਮੇਂ ਨੂੰ ਰਿਕਾਰਡ ਕਰਦਾ ਹੈ।

          ਛਪਾਈ ਵਾਲੀ ਕਿਸਮ ਵਾਲੇ ਯੰਤਰ ਵਿਚ ਟਾਈਪ ਪਹੀਆਂ ਦੇ ਰੂਪ ਵਿਚ ਇਕ ਸਟੈਂਡਰਡ ਘੜੀ ਦੁਆਰਾ ਘੁਮਾਇਆ ਜਾਂਦਾ ਹੈ ਅਤੇ ਕਿਸੇ ਵੀ ਮੌਕੇ ਤੇ ਸਮਾਂ ਪਤਾ ਕਰਨ ਲਈ ‘ਕੀ’ ਨੂੰ ਦਬਾਇਆ ਜਾਂਦਾ ਹੈ। ਕਾਗ਼ਜ਼ ਉਪਰ ਸੈਕੰਡ ਦੇ ਲਗਭਗ 100ਵੇਂ ਹਿੱਸੇ ਤੱਕ ਸਮਾਂ ਪ੍ਰਿੰਟ ਹੋ ਜਾਂਦਾ ਹੈ।

          ਕ੍ਰੋਨੋਗ੍ਰਾਫ਼ ਦੀ ਵਰਤੋਂ ਭੁਚਾਲਾਂ ਦੁਆਰਾ ਉਤਪੰਨ ਹੋਈਆਂ ਕੰਪਨਾਂ ਦਾ ਰਿਕਾਰਡ ਕਰਨ ਵਾਲੇ ਯੰਤਰ ਵਿਚ ਵੀ ਕੀਤਾ ਜਾਂਦਾ ਹੈ।

          ਹ. ਪੁ.––ਵਾ. ਨਾ. ਐਨ. : 350; ਐਨ. ਬ੍ਰਿ. 4 : 749


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.