ਕੰਘੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਘੀ (ਨਾਂ,ਇ) 1 ਇੱਕ ਪਾਸੇ ਜਾਂ ਦੁਵੱਲੀ ਦੰਦੇ ਚੀਰ ਕੇ ਵਾਲ ਸੁਆਰਨ ਲਈ ਵਰਤੀਂਦੀ ਦੰਦੇਦਾਰ ਸਿੱਪੀ 2 ਤਾਣੀ ਵਿਚਲੇ ਪੇਟੇ ਦੇ ਧਾਗੇ ਲੰਘਾਉਣ ਲਈ ਵਰਤੀਂਦਾ ਜੁਲਾਹਿਆਂ ਦਾ ਸੰਦ 3 ਕੁਸ਼ਤੀ ਦਾ ਇੱਕ ਦਾਅ 4 ਆਪਸ ਵਿੱਚ ਦੋਹਾਂ ਹੱਥਾਂ ਦੀਆਂ ਉਂਗਲਾਂ ਫਸੀਆਂ ਹੋਣ ਦੀ ਹਾਲਤ 5 ਹਲਟ ਦੇ ਬੈੜ ਦੀ ਕਿੱਲੀ ਉੱਤੇ ਲੱਗੀ ਟਿੰਡ ਨੂੰ ਥੰਮ੍ਹਣ ਵਾਲੀ ਪੱਤਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਘੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਘੀ. ਸੰ. कङ्कतिका —ਕੰਕਤਿਕਾ. ਛੋਟਾ ਕੰਘਾ । ੨ ਦੋਹਾਂ ਹੱਥਾਂ ਦੀਆਂ ਅੰਗੁਲੀਆਂ ਘੁੱਟਕੇ ਮਿਲਾਈਆਂ ਹੋਈਆਂ। ੩ ਜੁਲਾਹੇ ਦੇ ਰੱਛ ਦੀ ਕੰਘੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਘੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੰਘੀ : ਇਹ ਸ਼ਿੰਗਾਰ ਸਮੱਗਰੀ ਦਾ ਇਕ ਦੰਦਾਂ ਵਾਲਾ ਸਾਧਨ ਹੈ ਜੋ ਵਾਲਾਂ ਨੂੰ ਸਾਫ਼ ਕਰਨ ਅਤੇ ਤਰਤੀਬ ਦੇਣ ਲਈ ਵਰਤਿਆ ਜਾਂਦਾ ਹੈ। ਵਾਲਾਂ ਨੂੰ ਤਰਤੀਬ ਦੇਣ ਪਿੱਛੋਂ ਇਨ੍ਹਾਂ ਨੂੰ ਇਕ ਥਾਂ ਟਿਕਾਈ ਰੱਖਣ ਲਈ ਇਸ ਦੀ ਵਰਤੋਂ ਕੀਤਾ ਜਾਂਦੀ ਹੈ। ਇਹ ਸ਼ਬਦ ਕਈ ਹੋਰ ਸੰਦਾਂ ਲਈ ਵੀ ਵਰਤਿਆ ਜਾਂਦਾ ਹੈ। ਬੈੜ ਦੇ ਡੰਡੇ ਨੂੰ ਲੱਗਾ ਹੋਇਆ ਚੱਪਾ ਕੁ ਲੋਹਾ ਜਿਸ ਦੇ ਸਹਾਰੇ ਮਾਲ੍ਹ ਬੈੜ ਤੇ ਚਲਦੀ ਹੈ, ਨੂੰ ਵੀ ਕੰਘੀ ਕਿਹਾ ਜਾਂਦਾ ਹੈ। ਉੱਨ ਅਤੇ ਕਈ ਹੋਰ ਰੇਸ਼ੇਦਾਰ ਵਸਤਾਂ ਨੂੰ ਸੁਧਾਉਣ, ਕੁਕੜਾਂ ਦੀ ਕਲਗੀ ਅਤੇ ਮੱਖੀਆਂ ਦੇ ਛੱਤੇ ਵਿਚ ਮੋਮ ਭਰੇ ਹੋਏ ਸੈੱਲਾ ਦੇ ਉਭਾਰਾ ਲਈ ਵਰਤੇ ਜਾਂਦੇ ਸੰਦਾਂ ਨੂੰ ਕੰਘੀ ਕਹਿੰਦੇ ਹਨ।

          ਵਾਲਾਂ ਵਾਲੀਆਂ ਕੰਘੀਆਂ ਬਹੁਤ ਪੁਰਾਤਨ ਸਮੇਂ ਨਾਲ ਸਬੰਧ ਰਖਦੀਆਂ ਹਨ। ਸਵਿਟਜ਼ਰਲੈਂਡ ਦੀਆਂ ਝੀਲਾਂ ਦੇ ਵਸੇਬਿਆਂ ਤੋਂ ਮਿਲੇ ਕਈ ਨਮੂਨੇ ਲੱਕੜ, ਹੱਡੀਆਂ ਅਤੇ ਸਿੰਗਾਂ ਦੇ ਬਣੇ ਹੋਏ ਹਨ। ਯੂਨਾਨ ਅਤੇ ਰੋਮ ਦੇ ਨਮੂਨਿਆਂ ਵਿਚ ਇਕ ਸ਼ਾਨਦਾਰ ਲੱਕੜ, (ਬਾਕਸ ਵੁੱਡ ਤੋਂ ਅਤੇ ਮਿਸਰ ਵਿਚ ਇਹ ਹਾਥੀ ਦੰਦ ਦੇ ਬਣੇ ਹੋਏ ਹਨ। ਅਜੋਕੀਆਂ ਕੰਘੀਆਂ ਵਿਚ ਵੀ ਇਹ ਪਦਾਰਥ ਵਰਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਕੱਛੂ ਦਾ ਖੋਲ, ਧਾਤ, ਇੰਡੀਆ ਰਬੜ, ਸੈਲੂਲਾੱਇਡ ਅਤੇ ਕਈ ਹੋਰ ਬਣਾਵਟੀ ਪਲਾਸਟਿਕ ਪਦਾਰਥ ਵੀ ਸ਼ਾਮਲ ਹਨ।

          ਕਿਸੇ ਚੰਗੇ ਜਿਹੇ ਪਦਾਰਥ ਤੋਂ ਲੋੜੀਂਦੀ ਮੋਟਾਈ ਅਤੇ ਆਕਾਰ ਦੀ ਇਕ ਸਲੇਟ ਕੱਟ ਲਈ ਜਾਂਦੀ ਹੈ। ਇਸ ਦੇ ਇਕ ਪਾਸੇ ਅਤੇ ਬਹੁਤੀ ਵਾਰ ਦੋਵੇਂ ਪਾਸੇ ਇਕ ਗੋਲ ਆਰੇ ਨਾਲ ਬਾਰੀਕ ਚੀਰ ਪਾ ਦਿਤੇ ਜਾਂਦੇ ਹਨ।

          ਹ. ਪੁ.––ਐਨ. ਬ੍ਰਿ. 6 : 119 ; ਪੰ. ਕੋ. 1 : 410


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕੰਘੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਘੀ, (ਸੰਸਕ੍ਰਿਤ: ਕੰਕਤਿਕਾ) / ਇਸਤਰੀ ਲਿੰਗ : ਵਾਲ ਸੁਆਰਨ ਦੀ ਇੱਕ ਚੀਜ਼ ਜਿਸ ਦੇ ਦੋਹੀਂ ਪਾਸੀਂ ਦੰਦੇ ਹੁੰਦੇ ਹਨ ਤੇ ਜਿਸ ਨੂੰ ਤੀਵੀਆਂ ਵਰਤਦੀਆਂ ਹਨ, ਇੱਕ ਲਮੇਰੀ ਦੰਦਿਆਂ ਵਾਲੀ ਚੀਜ਼ ਜੋ ਵਾਲ ਸੁਆਰਨ ਲਈ ਤੀਵੀਆਂ ਵਰਤਦੀਆਂ ਹਨ ਤੇ ਜਿਸ ਦੇ ਦੰਦੇ ਇਕੋ ਪਾਸੇ ਹੁੰਦੇ ਹਨ (ਲਾਗੂ ਕਿਰਿਆ ਹੋਣਾ, ਕਰਨਾ, (ਫੇਰਨਾ, ਵਾਹੁਣਾ); ੨. ਜੁਲਾਹਿਆਂ ਦਾ ਇੱਕ ਸੰਦ ਜਿਸ ਦੇ ਵਿਚੋਂ ਦੀ ਤਾਣੀ ਦੇ ਧਾਗੇ ਲੰਘੇ ਹੁੰਦੇ ਹਨ ਤੇ ਜਿਸ ਨਾਲ ਪੇਟੇ ਦੀ ਹਰ ਤਾਰ ਵਗ ਜਾਣ ਪਿਛੋਂ ਉਸ ਨੂੰ ਠੋਕਿਆ ਜਾਂਦਾ ਹੈ;  ੩. ਦੋਹਾਂ ਹੱਥਾਂ ਦੀਆਂ ਉਂਗਲੀਆਂ ਆਪਸ ਵਿੱਚ ਫਸੀਆਂ ਹੋਣ ਦੀ ਹਾਲਤ (ਲਾਗੂ ਕਿਰਿਆ : ਪਾਉਣਾ, ਪੈਣਾ; ਫਸਣਾ, ਫਸਾਉਣਾ); ੪. (ਕਿਰਿਆ) ਬੈੜ ਦੇ ਡੰਡੇ ਨੂੰ ਲੱਗਾ ਹੋਇਆ ਚੱਪਾ ਕੁ ਲੋਹਾ ਜਿਸ ਦੇ ਸਹਾਰੇ ਮਾਲ੍ਹ ਬੈੜ ਤੇ ਚੱਲਦੀ ਹੈ, ਚੱਪਾ; ੫. ਪਹਿਲਵਾਨਾਂ ਦਾ ਇੱਕ ਦਾਉ; ੬.(ਲਹਿੰਦੀ) : ਇੱਕ ਕਿਸਮ ਦੀ ਮੱਛੀ

–ਕੰਘੀ ਘਾੜਾ, ਵਿਸ਼ੇਸ਼ਣ / ਪੁਲਿੰਗ : ਕੰਘੀਆਂ ਬਣਾਉਣ ਵਾਲਾ, ਜੋ ਕੰਘੇ ਕੰਘੀਆਂ ਬਣਾਉਣ ਦਾ ਕੰਮ ਕਰੇ

–ਕੰਘੀ ਪੱਟੀ, ਇਸਤਰੀ ਲਿੰਗ : ਕੇਸਾਂ ਦਾ ਸਵਾਰਨ ਬਣਾਉਣ, ਬਣਨ ਫੱਬਣ, ਹਾਰ-ਸ਼ਿੰਗਾਰ, ਕੇਸਾਂ ਦੀ ਗੋਂਦ (ਲਾਗੂ ਕਿਰਿਆ : ਹੋਣਾ, ਕਰਨਾ)

–ਕੰਘੀ ਪਾਉਣਾ, ਮੁਹਾਵਰਾ : ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ ਆਪੋ ਵਿੱਚ ਫਸਾਉਣਾ, ਦੋਵੇਂ ਗੋਡੇ ਜੋੜ ਕੇ ਉਨ੍ਹਾਂ ਉੱਪਰ ਹੱਥਾਂ ਦੀਆਂ ਉਂਗਲਾਂ ਮਿਲਾਉਣਾ

–ਕੰਘੀ ਬਾਨ੍ਹਾ, ਪੁਲਿੰਗ : ਜੋ ਜੁਲਾਹਿਆਂ ਦੀਆਂ ਕੰਘੀਆਂ ਬੰਨ੍ਹਦਾ ਹੈ

–ਸਿਰੋਂ ਗੰਜੀ ਕੰਘੀਆਂ ਦਾ ਜੋੜਾ, ਅਖੌਤ : ਅਣਬਣ ਦੀ ਰੀਝ ਕਰਨ ਵਾਲੇ ਵਾਸਤੇ ਕਹਿੰਦੇ ਹਨ

–ਮਨ ਵਿੱਚ ਕੰਘੀ ਮਾਰਨਾ, ਮੁਹਾਵਰਾ : ਸੋਚਣਾ, ਵਿਚਾਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-12-11-59-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.