ਖਜੂਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Date palm (ਡੇਇਟ ਪਾਮ) ਖਜੂਰ: ਇਹ ਖੁਸ਼ਕ ਉਪ-ਊਸ਼ਣ ਖੇਤਰਾਂ ਦਾ ਇਕ ਸਿੱਧਾ ਲੰਬਾ ਬਿਰਖ ਹੈ। ਇਹ ਵਿਸ਼ੇਸ਼ ਤੌਰ ਤੇ ਗਰਮ ਮਾਰੂਥਲਾਂ ਦੇ ਨਖਲਸਤਾਨ (oasis) ਤੇ ਪਾਏ ਜਾਂਦੇ ਹਨ। ਇਸ ਤੋਂ ਪ੍ਰਾਪਤ ਖਜੂਰਾਂ (ਤਾਜ਼ੀਆਂ ਤੇ ਸੁੱਕੀਆਂ) ਜਿਹੜੀਆਂ ਅਤਿ ਮਿੱਠੀਆਂ ਅਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਖ਼ੁਸ਼ਕ ਖਜੂਰਾਂ ਅੰਤਰਰਾਸ਼ਟਰੀ ਮੰਡੀਆਂ ਵਿੱਚ ਪ੍ਰਵੇਸ਼ ਕਰਦੀਆਂ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਖਜੂਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਜੂਰ [ਨਾਂਇ] ਇੱਕ ਫਲ਼ ਦਾ ਨਾਮ; ਇਸ ਫਲ਼ ਦੇ ਰੁੱਖ ਦਾ ਨਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਜੂਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਜੂਰ. ਸੰ. ਖਜੂ੗ਰ. ਸੰਗ੍ਯਾ—ਇੱਕ ਬਿਰਛ, ਜਿਸ ਦਾ ਫਲ ਛੁਹਾਰਾ ਹੁੰਦਾ ਹੈ. Phoenix sylvestris. “ਜਲ ਕੀ ਮਾਛੁਲੀ ਚਰੈ ਖਜੂਰਿ.” (ਟੋਡੀ ਨਾਮਦੇਵ) ਭਾਵ—ਅਣਬਣ ਗੱਲਾਂ ਕਰ ਰਹੇ ਹਨ। ੨ ਚਾਂਦੀ. ਰਜਤ. “ਕੰਚਨ ਔਰ ਖਜੂਰ ਦਯੋ ਪੁਨ ਦਾਸੀ ਦਈ” (ਨਾਪ੍ਰ) ੩ ਬਿੱਛੂ. ਠੂਹਾਂ। ੪ ਹੜਤਾਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਜੂਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖਜੂਰ : ਇਹ ਫਲਦਾਰ ਰੁੱਖ ਕਾਫ਼ੀ ਪੁਰਾਣੀਆਂ ਫ਼ਸਲਾਂ ਵਿਚੋਂ ਇਕ ਹੈ। ਇਸ ਦੀ ਕਾਸ਼ਤ ਦਾ ਅਨੁਮਾਨ 5,000 ਸਾਲ ਪਹਿਲਾਂ ਦਾ ਲਗਾਇਆ ਜਾਂਦਾ ਹੈ। ਖਜੂਰ ਦਾ ਵਿਗਿਆਨਕ ਨਾਂ ਫੀਨਿਕਸ ਡੈਕਟਾਈਲੀਫੇਰਾ (Phoenix dactylifera) ਹੈ। ਇਸਦਾ ਮੂਲ ਸ਼ਾਇਦ ਭਾਰਤ ਜਾਂ ਅਰੇਬੀਆ ਮੰਨਿਆ ਜਾਂਦਾ ਹੈ ਪਰ ਦੱਖਣ-ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਵਿਚ ਵੀ ਇਹ ਕਾਫ਼ੀ ਚਿਰ ਤੋਂ ਮੌਜੂਦ ਹੈ।

          ਖਜੂਰ ਇਕ ਪਾਮ ਹੈ ਜਿਸ ਦਾ ਤਣਾ ਪਤਲਾ ਹੁੰਦਾ ਹੈ ਅਤੇ ਇਹ 25 ਤੋਂ 30 ਮੀ. ਦੀ ਉਚਾਈ ਤੱਕ ਵੀ ਚਲੀ ਜਾਂਦੀ ਹੈ। ਇਸ ਦੇ ਮੁੱਢ ਤੋਂ ਕਈ ਤਰ੍ਹਾਂ ਦੀਆਂ ਟਾਹਣੀਆਂ ਨਿਕਲ ਆਉਂਦੀਆਂ ਹਨ ਅਤੇ ਅਕਸਰ ਇਹ ਝੁੰਡਾਂ ਵਿਚ ਉੱਗੇ ਹੋਏ ਵਿਖਾਈ ਦਿੰਦੇ ਹਨ। ਇਸ ਦੇ ਸਿਰੇ ਤੇ ਸਖ਼ਤ, ਖੰਭਾਂ ਦੀ ਸ਼ਕਲ ਵਿਚ ਉੱਪਰ ਵਲ ਨੂੰ ਵਧ ਰਹੇ ਜਾਂ ਹੇਠਾਂ ਵਲ ਨੂੰ ਆ ਰਹੇ ਪੱਤੇ ਹੁੰਦੇ ਹਨ ਜਿਨ੍ਹਾਂ ਦੀ ਲੰਬਾਈ 3ਮੀ. ਤੋਂ 7 ਮੀ. ਤੱਕ ਹੁੰਦੀ ਹੈ। ਇਸ ਦੇ ਪੁਸ਼ਪ ਕ੍ਰਮ ਵਿਚ ਬਹੁਤ ਸਾਰੇ ਫੁੱਲ ਹੁੰਦੇ ਹਨ ਜਿਨ੍ਹਾਂ ਦੀ ਗਿਣਤੀ 10,000 ਤੱਕ ਹੁੰਦੀ ਹੈ। ਇਸ ਦੇ ਪੁਸ਼ਪ-ਕ੍ਰਮ ਇਕ ਸਾਪੇਥ ਦੁਆਰਾ ਘਿਰੇ ਹੁੰਦੇ ਹਨ। ਇਸ ਰੁਖ ਦੇ ਨਰ ਅਤੇ ਮਾਦਾ ਫੁੱਲ ਅਲੱਗ ਅਲੱਗ ਰੁੱਖਾਂ ਤੇ ਲਗਦੇ ਹਨ। ਕਾਸ਼ਤ ਵੇਲੇ ਤਕਰੀਬਨ 90 ਪ੍ਰਤੀਸ਼ਤ ਨਰ ਰੁੱਖਾਂ ਨੂੰ ਕਢ ਦਿੱਤਾ ਜਾਂਦਾ ਹੈ। ਇਸ ਦਾ ਫਲ ਥੋੜਾ ਗੋਲ ਡਰੂਪ ਜਾਂ ਇਕ-ਬੀਜ ਵਾਲੀ ਬੈਰੀ ਹੁੰਦਾ ਹੈ ਜੋ ਪਹਿਲਾਂ ਪਹਿਲ ਸਖ਼ਤ ਅਤੇ ਹਰੇ ਰੰਗ ਦਾ ਹੁੰਦਾ ਹੈ ਪਰ ਕੁਝ ਸਮੇਂ ਬਾਅਦ ਇਹ ਪੀਲੇ ਜਾਂ ਲਾਲ ਰੰਗ ਦਾ ਹੋ ਜਾਂਦਾ ਹੈ। ਇਸ ਦੇ ਫਲ ਦਾ ਗੁੱਦਾ ਸੰਘਣਾ ਅਤੇ ਬਹੁਤ ਮਿੱਠਾ ਹੁੰਦਾ ਹੈ ਜੋ ਨਰਮ ਅਤੇ ਖੁਸ਼ਕ ਹੁੰਦਾ ਹੈ। ਖਜੂਰ ਦੀ ਕਾਸ਼ਤ ਲਈ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ। ਇਹੋ ਕਾਰਨ ਹੈ ਕਿ ਇਹ ਮਾਰੂਥਲਾਂ ਦੇ ਲੋਕਾਂ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਅਕਸਰ ਇਸ ਦੀ ਵਰਤੋਂ ਕੱਚੇ ਅਨਾਜ ਜਾਂ ਸ਼ੱਕਰ ਅਤੇ ਫਲਾਂ ਦੀ ਥਾਂ ਕੀਤੀ ਜਾਂਦੀ ਹੈ।

          ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਚ ਫ੍ਰਕਟੋਸ ਜਾਂ ਗਲੂਕੋਸ ਦੀ ਮਾਤਰਾ ਲਗਭਗ 65 ਪ੍ਰਤੀਸ਼ਤ ਹੈ। ਕੈਲੀਫ਼ੋਰਨੀਆ ਵਿਚ ਕਾਸ਼ਤ ਕੀਤੀ ਜਾਂਦੀ ਇਕ ਕਿਸਮ ਡੈਗਲੈਟ ਨੂਰ ਵਿਚ ਸਿਰਫ਼ ਸੁਕਰੋਸ ਸ਼ੱਕਰ ਹੀ ਹੁੰਦੀ ਹੈ। ਕੁਝ ਹੋਰ ਕਿਸਮਾਂ ਵਿਚ ਮੈਡਜੂਲ (ਮੋਰਾਕੋ), ਖਾਡਰਾਵੀ, ਜਾਹੀਦੀ ਅਤੇ ਹਾਲਾਵੀ (ਇਰਾਕ) ਸ਼ਾਮਲ ਹਨ।

          ਇਰਾਕ ਵਿਚ ਸਭ ਤੋਂ ਜ਼ਿਆਦਾ ਖਜੂਰ ਦੀ ਪੈਦਾਵਾਰ ਹੁੰਦੀ ਹੈ ਅਤੇ ਦੁਨੀਆ ਦੀ ਵਪਾਰਕ ਖਜੂਰ ਦਾ 80 ਪ੍ਰਤੀਸ਼ਤ ਹਿੱਸਾ ਇਸੇ ਹੀ ਮੁਲਕ ਤੋਂ ਆਉਂਦਾ ਹੈ। ਇਕ ਅਨੁਮਾਨ ਅਨੁਸਾਰ ਇਸਦੀ ਕਾਸ਼ਤ ਹੇਠ 20,000,000 ਰੁੱਖ ਹਨ।

          ਖਜੂਰ ਰੁੱਖ ਦੇ ਸਾਰੇ ਹਿੱਸੇ ਦੀ ਆਰਥਕ ਪੱਖੋਂ ਵਰਤੋਂ ਵਿਚ ਲਿਆਏ ਜਾਂਦੇ ਹਨ। ਇਸ ਦੀ ਲੱਕੜ ਇਮਾਰਤਾਂ ਅਤੇ ਫਰਨੀਚਰ ਆਦਿ ਬਨਾਉਣ ਵਿਚ ਕੰਮ ਆਉਂਦੀ ਹੈ। ਇਸ ਦੇ ਪੱਤਿਆਂ ਤੋਂ ਟੋਕਰੀਆਂ ਬਣਦੀਆਂ ਹਨ ਅਤੇ ਮੁੱਢ ਬਾਲਣ ਦੇ ਕੰਮ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਇਸ ਦੇ ਰੇਸ਼ੇ ਰੱਸੇ ਅਤੇ ਸਾਮਾਨ ਦੀ ਪੈਕਿੰਗ ਲਈ ਵਰਤੇ ਜਾਂਦੇ ਹਨ। ਬੀਜਾਂ ਨੂੰ ਕਈ ਵਾਰ ਬਰੀਕ ਪੀਸ ਕੇ ਪਸ਼ੂਆਂ ਦੀ ਖ਼ੁਰਾਕ ਵਿਚ ਸ਼ਾਮਲ ਕੀਤਾ ਜਾਂਦਾ ਹੈ। ਫਲਾਂ ਦੇ ਰਸ ਤੋਂ ਸਿਰਪ, ਸ਼ਰਾਬ ਅਤੇ ਸਿਰਕਾ ਆਦਿ ਤਿਆਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਰੁੱਖ ਦਾ ਹਰ ਹਿੱਸਾ ਮਨੁੱਖੀ ਵਰਤੋਂ ਵਿਚ ਆਉਂਦਾ ਹੈ।

          ਹ. ਪੁ.– ਇ. ਬਾ. 418; ਐਨ. ਬ੍ਰਿ. 7 : 88; ਮੈਕ. ਐਨ. ਸ. ਟ. 2 : 417


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.