ਗਯਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਯਾ. ਸੰ. ਸੰਗ੍ਯਾ—ਹਿੰਦੂਆਂ ਦੀਆਂ ਸੱਤ ਪਵਿਤ੍ਰ ਪੁਰੀਆਂ ਵਿੱਚੋਂ ਇੱਕ ਪੁਰੀ, ਜੋ ਬਿਹਾਰ ਦੇਸ਼ ਵਿੱਚ ਪਟਨੇ ਦੇ ਇਲਾਕੇ ਫਲਗੂ ਨਦੀ ਦੇ ਕਿਨਾਰੇ ਹੈ. ਇਸ ਥਾਂ ਪਿਤਰਾਂ ਦੀ ਗਤੀ ਲਈ ਹਿੰਦੂ ਪਿੰਡਦਾਨ ਕਰਦੇ ਹਨ. ਸ੍ਰੀ ਗੁਰੂ ਨਾਨਕਦੇਵ ਨੇ ਇੱਥੇ ਚਰਣ ਪਾਏ ਅਤੇ ਅਕਾਲੀ ਧਰਮ ਦਾ ਉਪਦੇਸ਼ ਕੀਤਾ ਹੈ. ਆਸਾ ਰਾਗ ਦਾ ਸ਼ਬਦ “ਦੀਵਾ ਮੇਰਾ ਏਕ ਨਾਮੁ.” ਇੱਥੇ ਹੀ ਉਚਾਰਿਆ ਹੈ. ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਭੀ ਇਸ ਥਾਂ ਪਧਾਰੇ ਹਨ.

ਦੇਖੋ, ਗਯ ੭ ਅਤੇ ੮.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਯਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਯਾ  :  ਜ਼ਿਲ੍ਹਾ – ਇਹ ਬਿਹਾਰ ਰਾਜ (ਭਾਰਤ) ਦਾ ਇਕ ਜ਼ਿਲ੍ਹਾ ਹੈ। ਇਸ ਦੇ ਉੱਤਰ ਵਿਚ ਪਟਨਾ, ਪੂਰਬ ਵਿਚ ਹਜ਼ਾਰੀ ਬਾਗ, ਦੱਖਣ ਵਿਚ ਪਾਲਾਮਉ ਅਤੇ ਪੱਛਮ ਵਿਚ ਸ਼ਾਹਬਾਦ ਦੇ ਜ਼ਿਲ੍ਹੇ ਹਨ। ਇਸ ਦਾ ਕੁੱਲ ਖੇਤਰਫ਼ਲ 6,545 ਵ. ਕਿ. ਮੀ. ਹੈ ਅਤੇ ਆਬਾਦੀ 2,664,803 (1991) ਹੈ।

ਜ਼ਿਲ੍ਹੇ ਦਾ ਦੱਖਣੀ ਭਾਗ ਕਾਫ਼ੀ ਉੱਚਾ ਹੈ। ਦੁਰਵਾਸਾ ਰਿਸ਼ੀ ਇਸ ਜ਼ਿਲ੍ਹੇ ਦੀ ਮੁੱਖ ਚੋਟੀ ਹੈ ਜਿਸ ਦੀ ਉੱਚਾਈ ਲਗਭਗ 650 ਮੀ. ਹੈ। ਉੱਤਰ ਵੱਲ ਨੂੰ ਜਾਈਏ ਤਾਂ ਨਿਵਾਣ ਆਉਂਦੀ ਜਾਂਦੀ ਹੈ। ਇਸ ਤਰ੍ਹਾਂ ਛੋਟਾ ਨਾਗਪੁਰ ਦੇ ਉੱਚੇ ਇਲਾਕੇ ਤੋਂ ਕਈ ਦਰਿਆ ਨਿਕਲ ਕੇ ਜ਼ਿਲ੍ਹੇ ਵਿਚੋਂ ਗੁਜ਼ਰਦੇ ਹੋਏ ਉੱਤਰ ਵੱਲ ਨੂੰ ਵਹਿੰਦੇ ਹਨ। ਇਨ੍ਹਾਂ ਵਿਚ ਮੁੱਖ ਦਰਿਆ ਸਕਰੀ, ਧਨਰਜੀ, ਤਿਲਾਇਆ, ਧਾਧਾਰ, ਪੈਮਾਰ ਫਲਗੂ, ਜਮਨਾ, ਧਵਾ, ਮਦਰ, ਪੂਨਪੂਨ ਅਤੇ ਸੋਨ ਹਨ। ਇਨ੍ਹਾਂ ਵਿਚੋਂ ਫਲਗੂ ਅਤੇ ਪੂਨਪੂਨ ਦਰਿਆਵਾਂ ਨੂੰ ਪਵਿੱਤਰ ਦਰਿਆਵਾਂ ਵਿਚ ਗਿਣਿਆ ਜਾਂਦਾ ਹੈ। ਗਯਾ ਦੀ ਯਾਤਰਾ ਕਰਨ ਵਾਲਾ ਹਰ ਹਿੰਦੂ ਇਨ੍ਹਾਂ ਦਰਿਆਵਾਂ ਵਿਚ ਨਹਾਉਣਾ ਜ਼ਰੂਰੀ ਸਮਝਦਾ ਹੈ। ਇਨ੍ਹਾਂ ਸਾਰੇ ਦਰਿਆਵਾਂ ਵਿਚੋਂ ਸੋਨ ਦਰਿਆ ਸਭ ਤੋਂ ਵਧੇਰੇ ਮਹੱਤਵਪੂਰਨ ਹੈ। ਇਸ ਦਰਿਆ ਦਾ ਵਹਿਣ ਤਾਂ ਗੰਗਾ ਦਰਿਆ ਦੇ ਬਰਾਬਰ ਹੈ ਪ੍ਰੰਤੂ ਫਿਰ ਵੀ ਇਹ ਗਰਮੀਆਂ ਵਿਚ ਸੁੱਕ ਜਾਂਦਾ ਹੈ। ਮੀਂਹ ਦੇ ਦਿਨਾਂ ਵਿਚ ਇਸ ਵਿਚ ਬਹੁਤ ਤੇਜ਼ ਪਾਣੀ ਚਲਦਾ ਹੈ। ਇਸ ਵਿਚ 20 ਟਨ ਤੱਕ ਭਾਰ ਵਾਲੀਆਂ ਕਿਸ਼ਤੀਆਂ ਚਲਦੀਆਂ ਹਨ।

ਪਹਾੜੀ ਇਲਾਕੇ ਵਿਚ ਗ੍ਰੇਨਾਈਟ ਦੀਆਂ ਚਟਾਨਾਂ ਹਨ ਜਿਨ੍ਹਾਂ ਵਿਚੋਂ ਅਬਰਕ ਬਹੁਤ ਮਾਤਰਾ ਵਿਚ ਮਿਲਦਾ ਹੈ। ਦੱਖਣ ਦੇ ਪਰਬਤੀ ਭਾਗ ਜੰਗਲਾਂ ਨਾਲ ਢੱਕੇ ਹੋਏ ਹਨ। ਇਨ੍ਹਾਂ ਜੰਗਲਾਂ ਵਿਚ ਪਿੱਪਲ, ਅੰਬ, ਨਿੰਮ, ਜਾਮਨ, ਸਾਲ, ਬਬੂਲ ਅਤੇ ਸਿੰਮਲ ਦੇ ਰੁੱਖ ਅਤੇ ਬਿੱਜੂ, ਰਿੱਛ, ਜੰਗਲੀ ਸੂਰ, ਸ਼ੇਰ ਤੇ ਹਿਰਨ ਆਦਿ ਜਾਨਵਰ ਬਹੁਤ ਮਿਲਦੇ ਹਨ। ਨੀਲ ਗਊ ਵੀ ਕਦੇ ਕਦੇ ਸੋਨ ਦਰਿਆ ਦੇ ਕੰਢਿਆਂ ਤੇ ਵੇਖ ਜਾਂਦੀ ਹੈ। ਦੱਖਣੀ ਪਹਾੜੀਆਂ ਵਿਚ ਕਾਲੇ ਤਿੱਤਰ ਆਮ ਮਿਲਦੇ ਹਨ।

ਸਮੁੰਦਰ ਤੋਂ ਦੂਰ ਹੋਣ ਕਾਰਨ, ਗਯਾ ਦੀ ਜਲਵਾਯੂ ਬਿਹਾਰ ਦੇ ਹੋਰ ਇਲਾਕੇ ਨਾਲੋਂ ਗਰਮੀਆਂ ਵਿਚ ਵਧੇਰੇ ਗਰਮ ਅਤੇ ਸਰਦੀਆਂ ਵਿਚ ਵਧੇਰੇ ਠੰਢੀ ਹੁੰਦੀ ਹੈ। ਬਾਰਸ਼ ਵਧੇਰੇ ਹੋਣ ਕਾਰਨ ਸਥਾਨਕ ਦਰਿਆਵਾਂ ਵਿਚ ਗਰਮੀ ਦੇ ਦਿਨਾਂ ਵਿਚ ਅਕਸਰ ਹੜ੍ਹ ਆ ਜਾਂਦੇ ਹਨ।

ਪੁਰਾਤੱਤਵੀ ਮਹੱਤਤਾ ਪੱਖੋ ਇਹ ਜ਼ਿਲ੍ਹਾ ਬਹੁਤ ਪ੍ਰਸਿੱਧ ਹੈ। ਗਯਾਂ ਸ਼ਹਿਰ ਤੋਂ 10 ਕਿ. ਮੀ. ਦੂਰ ਬੋਧ-ਗਯਾ ਦਾ ਸਥਾਨ ਹੈ ਜਿਥੇ ਕਈ ਮੰਦਰ ਹਨ ਜਿਨ੍ਹਾਂ ਵਿਚ ਮਹਾਤਮਾ ਬੁੱਧ ਦੇ ਬੁੱਤ ਮਿਲਦੇ ਹਨ। ਇਸ ਇਲਾਕੇ ਵਿਚ ਹੋਰ ਵੀ ਕਈ ਪੁਰਾਣੀਆਂ ਚੀਜ਼ਾਂ ਮਿਲਦੀਆਂ ਹਨ, ਜਿਨ੍ਹਾਂ ਤੋਂ ਇਸ ਇਲਾਕੇ ਵਿਚ ਬੁੱਧ ਧਰਮ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਇਲਾਕੇ ਵਿਚ ਬੋਧੀਆਂ ਦੇ ਕਈ ਮੱਠ ਵੀ ਹਨ।

ਚੌਲ, ਕਣਕ, ਜੌ, ਮਸਰ, ਮਟਰ, ਉੜਦ ਅਤੇ ਮੂੰਗੀ ਇਸ ਇਲਾਕੇ ਦੀਆਂ ਮੁੱਖ ਫ਼ਸਲਾਂ ਹਨ। ਪਹਾੜੀ ਇਲਾਕੇ ਵਿਚ ਬਾਜਰਾ ਅਤੇ ਜਵੀ ਵੀ ਬਹੁਤ ਪੈਦਾ ਕੀਤੀ ਜਾਂਦੀ ਹੈ।

ਲੋਹਾ ਅਤੇ ਅਬਰਕ ਇਸ ਜ਼ਿਲ੍ਹੇ ਦੇ ਮੁੱਖ ਖਣਿਜਾਂ ਵਿਚੋਂ ਹਨ। ਇਥੋਂ ਦਾ ਗ੍ਰੇਨਾਈਟ ਅਤੇ ਲੈਟਰਾਈਟ ਪੱਥਰ ਬਹੁਤ ਪ੍ਰਸਿੱਧ ਹੈ ਜੋ ਇਮਾਰਤਾਂ ਬਣਾਉਣ ਵਿਚ ਕੰਮ ਆਉਂਦਾ ਹੈ। ਗਯਾ ਦਾ ਕਾਲਾ ਪੱਥਰ ਗਹਿਣੇ, ਭਾਂਡੇ ਤੇ ਮੂਰਤੀਆਂ ਆਦਿ ਬਣਾਉਣ ਦੇ ਕੰਮ ਆਉਂਦਾ ਹੈ।

ਚੌਲ, ਕਾਲੀ ਮਿਰਚ, ਮਹੂਏ ਦੇ ਫੁੱਲ, ਸਾਲਟ ਪੀਟਰ, ਅਬਰਕ, ਦਰੀਆਂ, ਪੱਥਰ, ਪਿੱਤਲ ਦੇ ਬਰਤਨ ਅਤੇ ਪਾਨ ਦੇ ਪੱਤੇ ਇਥੋਂ ਦੀਆਂ ਮੁੱਖ ਨਿਰਯਾਤ ਵਸਤਾਂ ਹਨ। ਸ਼ਾਲਾਂ, ਮਿੱਟੀ ਦਾ ਤੇਲ, ਚਾਹ, ਕਪਾਹ, ਇਮਾਰਤੀ ਲਕੜੀ, ਤੰਬਾਕੂ, ਤਾਜ਼ੇ ਫ਼ਲ ਆਦਿ ਆਯਾਤ ਕੀਤੇ ਜਾਂਦੇ ਹਨ।

ਜ਼ਿਲ੍ਹੇ ਵਿਚ ਅਨੇਕਾਂ ਸੁੰਦਰ ਸੜਕਾਂ ਹਨ। ਕੌਮੀ ਸ਼ਾਹ-ਰਾਹ ਇਸ ਵਿਚੋਂ ਗੁਜ਼ਰਦਾ ਹੈ। ਰੋਲ ਅਤੇ ਬੱਸ ਸਹੂਲਤਾਂ ਵੀ ਬਹੁਤ ਉਪਲਬਧ ਹਨ।

ਹ. ਪੁ. – ਐਨ. ਬ੍ਰਿ. 10 : 41; ਇੰਪ. ਗ. ਇੰਡ. 12 : 94; ਇੰਡੀਆ – 1966


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no

ਗਯਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਯਾ  : ਸ਼ਹਿਰ  – ਇਹ ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਅਸਥਾਨ ਹੈ ਜੋ ਭਾਰਤ ਦੇ ਬਿਹਾਰ ਰਾਜ ਵਿਚ ਇਸੇ ਹੀ ਨਾਂ ਦੇ ਜ਼ਿਲ੍ਹੇ ਵਿਚ ਫਲਗੂ ਦਰਿਆ ਦੇ ਖੱਬੇ ਕੰਢੇ ਤੇ ਵਾਕਿਆ ਹੈ। ਇਹ ਸ਼ਹਿਰ ਆਲੇ ਦੁਆਲੇ ਦੇ ਸ਼ਹਿਰਾ ਨਾਲ ਰੇਲ-ਮਾਰਗਾਂ ਰਾਹੀਂ ਜੁੜਿਆ ਹੋਇਆ ਹੈ। ਗਯਾ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਪੁਰਾਣੇ ਸ਼ਹਿਰ ਨੂੰ ਗਯਾ ਅਤੇ ਨਵੇਂ ਨੂੰ ਸਾਹਿਬਗੰਜ ਆਖਦੇ ਹਨ। ਸਾਹਿਬਗੰਜ ਵਿਚ ਸਰਕਾਰੀ ਦਫ਼ਤਰ, ਹਸਪਤਾਲ, ਡਾਕ ਬੰਗਲਾ, ਗਿਰਜਾਘਰ, ਪਬਲਿਕ ਲਾਇਬਰੇਰੀ ਅਤੇ ਹੋਰ ਕਈ ਸੰਸਥਾਵਾਂ ਮੌਜੂਦ ਹਨ। ਇਥੋਂ ਕੁਝ ਦੂਰੀ ਤੇ ਜੇਲ੍ਹ ਦੀ ਇਮਾਰਤ ਵੀ ਹੈ। ਪੁਰਾਣੇ ਗਯਾ ਵਿਚ ਵਿਸ਼ਨੂੰਪਦ ਦਾ ਮੰਦਰ ਅਤੇ ਕਈ ਹੋਰ ਧਾਰਮਿਕ ਸਥਾਨ ਹਨ ਜਿਨ੍ਹਾਂ ਉਪਰ ਗਯਾਵਾਲ ਪੁਜਾਰੀਆਂ ਦਾ ਕਬਜ਼ਾ ਹੈ।

ਭਾਗਵਤ ਪੁਰਾਣ ਅਨੁਸਾਰ ਗਯਾ ਨਾਂ ਦਾ ਇਕ ਰਾਜਾ ਤ੍ਰੇਤਾ ਯੁੱਗ ਵਿਚ ਇਥੇ ਰਾਜ ਕਰਦਾ ਸੀ। ਉਸਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਪਿਆ ਪਰ ਵਾਯੂ ਪੁਰਾਣ ਦੀ ਕਥਾ ਅਨੁਸਾਰ, ਗਯਾ ਇਕ ਅਸੁਰ ਦਾ ਨਾਂ ਸੀ ਜਿਸ ਨੇ ਅਜਿਹਾ ਤਪ ਕੀਤਾ ਜਿਸ ਤੇ ਖੁਸ਼ ਹੋ ਕੇ ਬ੍ਰਹਮਾ ਤੇ ਵਿਸ਼ਨੂੰ ਉਸ ਨੂੰ ਵਰ ਦੇਣ ਗਏ। ਗਯਾ ਨੇ ਵਰ ਮੰਗਿਆ ਕਿ ਜੋ ਮੇਰਾ ਦਰਸ਼ਨ ਕਰਕੇ ਉਹ ਬੈਕੁੰਠ ਜਾਵੇ। ਭਗਵਾਨ ਵਿਸ਼ਨੂੰ ਨੇ ਇਹ ਗੱਲ ਮੰਨ ਲਈ। ਗਯਾਸੁਰ ਦਿਨ ਰਾਤ ਪ੍ਰਿਥਵੀ ਤੇ ਫਿਰਨ ਲੱਗਾ। ਉਸ ਦੀ ਦੇਹ ਨੂੰ ਦੂਰੋਂ ਹੀ ਜੋ ਲੋਕ ਦੇਖਦੇ ਉਹ ਬੈਕੁੰਠ ਦੇ ਅਧਿਕਾਰੀ ਬਣ ਜਾਂਦੇ। ਉਸ ਦੀ ਦੇਹ 125 ਯੋਜਨ ਲੰਮੀ ਤੇ 60 ਯੋਜਨ ਚੌੜੀ ਸੀ। ਥੋੜ੍ਹੇ ਸਮੇਂ ਵਿਚ ਹੀ ਧਰਮਰਾਜ ਦਾ ਕੰਮ ਠੱਪ ਹੋ ਗਿਆ ਅਤੇ ਉਸ ਨੇ ਆਪਣੀ ਵਿਥਿਆ ਭਗਵਾਨ ਵਿਸ਼ਨੂੰ ਨੂੰ ਸੁਣਾਈ । ਇਸ ਤੇ ਦੇਵਤਿਆਂ ਨੇ ਗਯਾ ਤੋਂ ਦਾਨ ਮੰਗਿਆ ਕਿ ਆਪਣਾ ਸਰੀਰ ਸਾਨੂੰ ਦੇ ਦੇ। ਉਸ ਨੇ ਉਦਾਰਤਾ ਨਾਲ ਦੇਵਤਿਆਂ ਦੀ ਖਾਹਿਸ ਪੂਰੀ ਕੀਤੀ। ਦੇਵਤਿਆਂ ਨੇ ਉਸ ਦੇ ਸਰੀਰ ਨੂੰ ਪੱਥਰ ਦੀ ਚਟਾਨ ਹੇਠ ਦੱਬ ਦਿੱਤਾ ਪਰ ਉਸ ਦੀ ਇੱਛਾ ਅਨੁਸਾਰ ਇਹ ਵਰ ਦਿੱਤਾ ਕੇ ਜੋ ਇਸ ਸਥਾਨ ਤੇ ਜਿਥੇ ਤੇਰੀ ਦੇਹ ਦੱਬੀ ਹੋਈ ਹੈ, ਪਿੰਡ ਭਰਾਵੇਗਾ ਉਹ ਆਪ ਅਤੇ ਆਪਣੇ ਪਿਤਰਾਂ ਨੂੰ ਬੈਕੁੰਠ ਦਾ ਅਧਿਕਾਰੀ ਬਣਾਵੇਗਾ। ਇਸੇ ਸਥਾਨ ਦਾ ਨਾਂ ਗਯਾ ਹੈ।

ਭਾਰਤ ਦੇ ਹਰ ਹਿੱਸੇ ਵਿਚੋਂ ਹਜ਼ਾਰਾਂ ਹਿੰਦੂ ਇਥੇ ਯਾਤਰਾ ਲਈ ਆਉਂਦੇ ਹਨ। ਇਥੇ 45 ਮਸ਼ਹੂਰ ਸਥਾਨ ਹਨ ਜਿੱਥੇ ਯਾਤਰੀ ਪਿੰਡ ਭਰਾਉਂਦੇ ਹਨ ਪਰ ਜ਼ਿਆਦਾਤਰ ਲੋਕ ਤਿੰਨ ਜਾਂ ਵੱਧ ਤੋਂ ਵੱਧ ਸੱਤ ਥਾਵਾਂ ਤੇ ਹੀ ਜਾਂਦੇ ਹਨ। ਪੁਰਾਣੇ ਗਯਾ ਵਿਚ ਠੋਸ ਚਟਾਨ ਤੇ ਭਗਵਾਨ ਵਿਸ਼ਨੂੰ ਦੇ ਪੈਰ ਦੇ ਨਿਸ਼ਾਨ ਬਣਿਆ ਵਿਸ਼ਨੂੰਪਦ ਮੰਦਰ ਹੀ ਇਥੋਂ ਦਾ ਮੁਖ ਮੰਦਰ ਹੈ। ਇੰਦੌਰ ਦੇ ਰਾਜੇ ਹੁਲਕਰ ਦੀ ਵਿਧਵਾ ਅਹਲਿਆ ਬਾਈ ਨੇ 18ਵੀਂ ਸਦੀ ਵਿਚ ਇਹ ਮੰਦਰ ਬਣਵਾਇਆ ਸੀ।

ਆਬਾਦੀ – 2,94,427(1991)

24º49' ਉ. ਵਿਥ.; 85º 1' ਪੂ. ਲੰਬ.

 ਹ. ਪੁ. – ਇੰਪ. ਗ. ਇੰਡ. 12 : 208; ਮ. ਕੋ. 397.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.