ਗਿਰੰਥ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿਰੰਥ: ਦੀਵਾਨਾ ਸੰਪਰਦਾਇ ਦੀ ਧਾਰਮਿਕ ਪੁਸਤਕ ਦਾ ਸਿਰਲੇਖ ਹੈ। ਆਮ ਤੌਰ ‘ਤੇ ਇਸਦੇ ਲੇਖਕ ਹਰੀਆ ਅਤੇ ਬਾਲਾ ਮੰਨੇ ਜਾਂਦੇ ਹਨ। ਇਹ ਦੋਵੇਂ ਇਸ ਸੰਪਰਦਾਇ ਦੇ ਮੁੱਖ ਵਿਅਕਤੀ ਸਨ , ਜੋ ਚੌਥੇ ਨਾਨਕ , ਗੁਰੂ ਰਾਮਦਾਸ ਜੀ ਦੇ ਪੋਤੇ ਮਿਹਰਬਾਨ ਦੇ ਸ਼ਾਗਿਰਦ ਬਣ ਗਏ ਸਨ। ਇਸ ਗਿਰੰਥ ਦੇ ਖਰੜੇ ਦੀਆਂ ਕਾਪੀਆਂ ਵਿਚੋਂ ਇਕ ਅਣਪ੍ਰਕਾਸ਼ਿਤ ਖਰੜਾ ਪਟਿਆਲਾ ਵਿਖੇ ਪ੍ਰੋਫ਼ੈਸਰ ਪ੍ਰੀਤਮ ਸਿੰਘ ਦੇ ਨਿੱਜੀ ਸੰਗ੍ਰਹਿ ਵਿਚ ਸੁਰੱਖਿਅਤ ਪਿਆ ਹੈ। ਇਸ ‘ਤੇ ਮਿਤੀ ਜੇਠ 1792 ਬਿਕਰਮੀ/ ਮਈ 1735 ਈ. ਦਿੱਤੀ ਗਈ ਹੈ ਅਤੇ ਇਸਦੇ 694 ਪੰਨੇ ਹਨ। ਇਸ ਗਿਰੰਥ ਦੀ ਵਿਸ਼ਾ ਸੂਚੀ ਨੂੰ ਸਿੱਖ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਰਾਗਾਂ ਜਿਵੇਂ: ਗਉੜੀ, ਆਸਾ , ਭੈਰਉ, ਪ੍ਰਭਾਤੀ, ਗੂਜਰੀ, ਰਾਮਕਲੀ, ਸੋਰਠਿ, ਮਾਝ ਆਦਿ ਵਿਚ ਪ੍ਰਗਟਾਇਆ ਗਿਆ ਹੈ। ਵੱਖ-ਵੱਖ ਰਾਗਾਂ ਵਿਚ ਸ਼ਬਦਾਂ ਅਤੇ ਸਲੋਕਾਂ ਤੋਂ ਇਲਾਵਾ ਗਿਰੰਥ ਵਿਚ ਕੁਝ ਹੋਰ ਮਹੱਤਵਪੂਰਨ ਰਚਨਾਵਾਂ ਸੁਖਮਨੀ , ਕ੍ਰਿਸ਼ਨ ਅਵਤਾਰ ਲੀਲਾ ਅਤੇ ਗੋਸ਼ਟੀ ਗੋਰਖ ਗਨੇਸ਼ ਕੀ ਵੀ ਹਨ। ਸੁਖਮਨੀ (ਪੰਨੇ 189-405) ਜੋ ਖਰੜੇ ਦੇ ਤਕਰੀਬਨ ਇਕ ਤਿਹਾਈ (1/3) ਹਿੱਸੇ ਵਿਚ ਹੈ ਅਤੇ ਜਿਹੜੀ ਨਾਂ ਤੋਂ ਹਰੀਆ ਦੇ ਜ਼ੁੰਮੇ ਲਾਈ ਗਈ ਹੈ, ਗਿਰੰਥ ਦੀ ਸਭ ਤੋਂ ਮਹੱਤਵਪੂਰਨ ਰਚਨਾ ਹੈ। ਰੂਪ ਪੱਖੋਂ ਇਹ ਰਚਨਾ (ਸੁਖਮਨੀ) ਗੁਰੂ ਅਰਜਨ ਦੇਵ ਜੀ ਦੀ ਇਸੇ ਨਾਂ ਨਾਲ ਸੰਬੰਧਿਤ ਬਾਣੀ ਨਾਲ ਸਮਰੂਪੀ ਹੈ। ਇਸ ਵਿਚ 82 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਵਿਚ 8 ਪਉੜੀਆਂ ਹਨ ਅਤੇ ਹਰ ਪਉੜੀ ਵਿਚ ਦਸ ਸਤਰਾਂ ਹਨ। ਹਰ ਪਉੜੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਸੁਖਮਨੀ ਸਾਹਿਬ ਵਾਂਗ ਇਕ ਜਾਂ ਦੋ ਸਲੋਕ ਦਿੱਤੇ ਗਏ ਹਨ। ਹਰੀਆ, ਦੀ ਰਚਨਾ ਸਿਮਰਨ ‘ਤੇ ਜ਼ਿਆਦਾ ਬਲ ਦਿੰਦੀ ਹੈ, ਅਰਥਾਤ ਪਰਮਾਤਮਾ ਦੇ ਨਾਮ ਦਾ ਨਿਰੰਤਰ ਜਾਪ ਕਰਨਾ। ਇਸ ਗਿਰੰਥ ਦੀ ਸਮਾਪਤੀ 57ਵੇਂ ਕਾਵਿ ਬੰਦ ਦੇ ਸਿਰਲੇਖ ‘ਠੁੱਠਾ ’ (ਸ਼ਾਬਦਿਕ ਅਰਥ-ਮਿੱਟੀ ਦਾ ਬਣਿਆ ਕਟੋਰਾ ਜਾਂ ਭੀਖ ਮੰਗਣ ਵਾਲਾ ਕੌਲ) ਨਾਲ ਹੁੰਦੀ ਹੈ। ਇਹ ਸੰਗੀਤਿਕ ਕਵਿਤਾ ਜਾਪਦੀ ਹੈ ਜੋ ਇਸ ਪੰਥ ਦੇ ਅਨੁਯਾਈਆਂ ਦੁਆਰਾ ਗਾਉਣ ਲਈ ਰਚੀ ਗਈ ਸੀ। ਹਾਲਾਂਕਿ ਦੀਵਾਨਿਆਂ ਦਾ ਸਿੱਖ ਧਰਮ ਨਾਲ ਕੁਝ ਵੀ ਸਾਂਝਾ ਨਹੀਂ ਹੈ, ਪਰ ਗਿਰੰਥ ਦੇ ਲੇਖਕ ਆਪਣੇ ਆਪ ਨੂੰ ਨਾਨਕਪੰਥੀ, ਯਾਨੀ ਗੁਰੂ ਨਾਨਕ ਜੀ ਦੇ ਅਨੁਯਾਈ (ਪੰਨਾ 410) ਕਹਿੰਦੇ ਹਨ।


ਲੇਖਕ : ਕ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.