ਗਿੱਧਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗਿੱਧਾ: ਗਿੱਧਾ ਪੰਜਾਬੀ ਇਸਤਰੀਆਂ ਦਾ ਪ੍ਰਸਿੱਧ ਲੋਕ-ਨਾਚ ਹੈ, ਜੋ ਜਨਮ, ਵਿਆਹ, ਤੀਆਂ ਅਤੇ ਜਾਗੋ ਆਦਿ ਦੇ ਅਵਸਰਾਂ `ਤੇ ਨੱਚਿਆ ਜਾਂਦਾ ਹੈ। ਗਿੱਧੇ ਦੇ ਕੋਸ਼ਗਤ ਅਰਥ, ਗੀਤ-ਤਾਲ ਅਤੇ ਗਾਉਣ ਵੇਲੇ ਹੱਥ ਦੀ ਤਾੜੀ ਨਾਲ ਦਿੱਤੇ ਤਾਲ ਤੋਂ ਲਏ ਜਾਂਦੇ ਹਨ। ਗਿੱਧੇ ਵਿੱਚ ਅਕਸਰ ਕਿਸੇ ਵਿਆਹ ਅਵਸਰ `ਤੇ ਬਰਾਤ ਚੜ੍ਹਨ ਤੋਂ ਪਿੱਛੋਂ ਇਸਤਰੀਆਂ ਇਕੱਠੀਆਂ ਹੋ ਕੇ ਨੱਚਦੀਆਂ ਹਨ, ਜਿਸ ਨੂੰ ਗਿੱਧਾ ਪਾਉਣਾ ਕਿਹਾ ਜਾਂਦਾ ਹੈ। ਵਿਆਹ ਸਮੇਂ ਦੁਲਹਨ ਦੀ ਡੋਲੀ ਵਿਦਾ ਹੋਣ ਤੋਂ ਬਾਅਦ ਵੀ ਗਿੱਧਾ ਨੱਚੇ ਜਾਣ ਦਾ ਰਿਵਾਜ ਹੈ। ਪੰਜਾਬ ਦੇ ਬਹੁਤੇ ਖਿੱਤਿਆਂ (ਮਾਲਵਾ ਖੇਤਰ) ਵਿੱਚ ਵਿਆਹ ਤੋਂ ਇੱਕ ਦਿਨ ਪਹਿਲੀ ਰਾਤ ਇਸਤਰੀਆਂ ਵੱਲੋਂ ਪਿੱਤਲ ਦੀ ਗਾਗਰ ਦੇ ਮੂੰਹ ਉੱਤੇ ਰੱਖੀ ਥਾਲੀ ਵਿੱਚ ਅਤੇ ਗਾਗਰ ਦੇ ਆਲੇ-ਦੁਆਲੇ ਦੀਵੇ ਬਾਲ ਕੇ ਜਾਗੋ ਕੱਢਣ ਦੀ ਰੀਤ ਕੀਤੀ ਜਾਂਦੀ ਹੈ। (ਵੇਖੋ: ਜਾਗੋ) ਇਸ ਗੀਤ ਸਮੇਂ ਵੀ ਗਿੱਧਾ ਪਾਇਆ ਜਾਂਦਾ ਹੈ। ਵਿਆਹ ਵਿੱਚ ਸ਼ਾਮਲ ਇਸਤਰੀਆਂ ਵਿਆਹ ਵਾਲੀ ਕੰਨਿਆ ਦੀ ਭਰਜਾਈ ਜਾਂ ਮਾਮੀ ਨੂੰ ਗਾਗਰ ਚੁੱਕਾ ਕੇ ਗਲੀਆਂ ਵਿੱਚ ਗੀਤ ਗਾਉਂਦੀਆਂ ਹੋਈਆਂ ਗਿੱਧਾ ਪਾਉਂਦੀਆਂ ਹਨ। ਇੱਕ ਵਿਚਾਰ ਅਨੁਸਾਰ ਦੀਵਾ ਰੋਸ਼ਨੀ ਦਾ, ਗਾਗਰ ਕਾਇਆ ਦਾ ਅਤੇ ਗਾਗਰ ਵਿਚਲਾ ਜਲ, ਦੈਵੀ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਾਗੋ ਕੱਢਣ ਸਮੇਂ ਇਸਤਰੀਆਂ ਆਪਣੇ ਨੇੜੇ ਦੇ ਘਰਾਂ, ਪੱਤੀ (ਵਿਸਤਾਰ ਲਈ ਵੇਖੋ: ਪੱਤੀ) ਜਾਂ ਪਿੰਡ ਦੇ ਚੁਫ਼ੇਰੇ ਫਿਰਨੀ (ਰਸਤੇ) ਦੀ ਪਰਕਰਮਾ ਕਰਦੀਆਂ ਹਨ।

     ਤੀਆਂ ਦੇ ਤਿਉਹਾਰ ਸਮੇਂ ਵੀ ਗਿੱਧਾ ਪਾਇਆ ਜਾਂਦਾ ਹੈ। ਤੀਆਂ ਸਾਵਣ ਮਹੀਨੇ ਦਾ ਤਿਉਹਾਰ ਹੈ, ਜਿਸ ਵਿੱਚ ਵਿਆਹੀਆਂ ਕੁੜੀਆਂ ਪੇਕੇ ਘਰ ਆ ਕੇ ਅਤੇ ਪਿੰਡ ਦੀਆਂ ਮੁਟਿਆਰਾਂ ਮਿਲ ਕੇ ਪਿਪਲਾਂ `ਤੇ ਪਾਈਆਂ ਪੀਂਘਾਂ ਝੂਟਦੀਆਂ ਹਨ। ਕੁੜੀਆਂ ਗਿੱਧਾ ਪਾਉਂਦੀਆਂ ਹੋਈਆਂ ਗੀਤ ਗਾਉਂਦੀਆਂ ਹਨ। ਪਰ ਗਿੱਧਾ ਇਹਨਾਂ ਤਿਉਹਾਰਾਂ ਤੋਂ ਵੱਖਰੇ ਵੀ ਕਈ ਅਵਸਰਾਂ `ਤੇ ਨੱਚਿਆ ਜਾਂਦਾ ਹੈ।

     ਗਿੱਧੇ ਦੀ ਸਮੁੱਚੀ ਪੇਸ਼ਕਾਰੀ ਬਹੁਤ ਸਾਦੀ ਹੈ। ਪੰਜਾਬ ਦੇ ਹੋਰ ਲੋਕ-ਨਾਚਾਂ ਵਾਂਗ ਗਿੱਧੇ ਵਿੱਚ ਵੀ ਇਸਤਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ। ਗਿੱਧਾ ਪਾਉਣ ਸਮੇਂ ਇਸਤਰੀਆਂ ਆਸੇ-ਪਾਸੇ ਪਿੜ ਬੰਨ੍ਹ ਕੇ ਖਲੋ ਜਾਂਦੀਆਂ ਹਨ, ਜਿਸ ਨੂੰ ‘ਘੱਗਰੀ ਪਿੜ’ ਕਿਹਾ ਜਾਂਦਾ ਹੈ। ਗਿੱਧਾ ਸ਼ੁਰੂ ਕਰਨ ਸਮੇਂ ਇੱਕ ਜਾਂ ਦੋ ਕੁੜੀਆਂ ਬੋਲੀ ਸ਼ੁਰੂ ਕਰਦੀਆਂ ਹਨ। ਬਾਕੀ ਕੁੜੀਆਂ ਜਾਂ ਇਸਤਰੀਆਂ ਬੋਲਣ ਵਾਲੀ ਕੁੜੀ ਦੇ ਬੋਲ ਨੂੰ ਤਾੜੀਆਂ ਦੀ ਸਾਂਝੀ ਲੈਅ ਨਾਲ ਹੁੰਗਾਰਾ ਭਰਦੀਆਂ ਹੋਈਆਂ ਲੈ-ਬੱਧ ਕਰਦੀਆਂ ਹਨ। ਜਿਵੇਂ :

ਗਿੱਧਾ ਗਿੱਧਾ ਕਰੇਂ ਮੇਲਣੇ

ਗਿੱਧਾ ਪਊ ਬਥੇਰਾ

ਲੋਕ ਘਰਾਂ ਤੋਂ ਜੁੜ ਕੇ ਆ ਗੇ

ਕੀ ਬੁੱਢੜਾ ਕੀ ਠੇਰਾ

ਝਾਤੀ ਮਾਰ ਕੇ ਵੇਖ ਉਤਾਹ ਨੂੰ

ਭਰਿਆ ਪਿਆ ਬਨੇਰਾ

ਤੈਨੂੰ ਧੁੱਪ ਲਗਦੀ

ਸੜੇ ਕਾਲਜਾ ਮੇਰਾ

ਤੈਨੂੰ ਧੁੱਪ ਲਗਦੀ।

     ਬੋਲੀ ਦੀ ਅੰਤਿਮ ਤੁਕ ਜਿਸ ਨੂੰ ‘ਤੋੜਾ’ ਕਿਹਾ ਜਾਂਦਾ ਹੈ, ਸਾਰੀਆਂ ਕੁੜੀਆਂ ਵੱਲੋਂ ਬੋਲਿਆ ਅਤੇ ਦੁਹਰਾਇਆ ਜਾਂਦਾ ਹੈ। ਗਿੱਧੇ ਵਿੱਚ ਗਾਏ ਜਾਂ ਬੋਲੇ ਜਾਣ ਵਾਲੇ ਕਾਵਿ-ਉਚਾਰ ਨੂੰ ‘ਬੋਲੀ’ ਕਿਹਾ ਜਾਂਦਾ ਹੈ। ਬੋਲੀ ਦੀਆਂ ਸਾਰੀਆਂ ਤੁਕਾਂ ਨੂੰ ਗਾਇਆ ਜਾਂ ਉਚਾਰਿਆ ਜਾਂਦਾ ਹੈ। ਪਰ ਬੋਲੀ ਦੇ ਤੋੜੇ ਨੂੰ ਸਾਂਝੇ ਰੂਪ ਵਿੱਚ ਇੱਕਾ-ਇੱਕ ਚੁੱਕਣਾ ਅਤੇ ਨੱਚਦੇ ਹੋਏ ਬਾਰ-ਬਾਰ ਦੁਹਰਾਉਣਾ ਹੁੰਦਾ ਹੈ। ਇੱਕ ਜਾਂ ਦੋ ਕੁੜੀਆਂ ਰਲ ਕੇ ਬੋਲੀ ਉਚਾਰਦੀਆਂ ਹਨ ਤਾਂ ਬਾਕੀ ਦੀਆਂ ਕੁੜੀਆਂ ਤਾੜੀ ਨਾਲ ਲੈਅ ਅਤੇ ਹੁੰਗਾਰਾ ਭਰਦੀਆਂ ਹਨ। ਪਰ ਜਿਵੇਂ ਹੀ ਬਾਕੀ ਦੀਆਂ ਕੁੜੀਆਂ ਤੋੜੇ ਦੇ ਬੋਲ ਉਚਾਰਦੀਆਂ ਜਾਂ ਗਾਉਂਦੀਆਂ ਹਨ ਤਾਂ ਦੋ ਕੁੜੀਆਂ ਪਿੜ ਦੇ ਅੰਦਰ ਆ ਕੇ ਬੋਲੀ ਵਿਚਲੇ ਭਾਵ ਨੂੰ ਨਾਚ-ਮੁਦਰਾਵਾਂ ਦਾ ਰੂਪ ਦੇ ਕੇ ਨੱਚਣ ਲੱਗਦੀਆਂ ਹਨ। ਗਿੱਧਾ ਹੋਰ ਲੋਕ-ਨਾਚਾਂ ਦੇ ਟਾਕਰੇ ਸਭ ਤੋਂ ਲਚਕੀਲਾ ਅਤੇ ਵੰਨਗੀਆਂ ਭਰਪੂਰ ਨਾਚ ਹੈ, ਕਿਉਂਕਿ ਗਿੱਧੇ ਦੀਆਂ ਨਾਚ-ਮੁਦਰਾਵਾਂ ਨੇ ਬੋਲੀਆਂ ਅਨੁਸਾਰ ਚੱਲਣਾ ਹੁੰਦਾ ਹੈ। ਇਸ ਲਈ ਇਹਨਾਂ ਬੋਲੀਆਂ ਦੀ ਸ਼ਾਬਦਿਕ ਬਣਤਰ ਵਿੱਚ ਕਈ ਤਰ੍ਹਾਂ ਦੀ ਤਬਦੀਲੀ ਵੀ ਕਰ ਲਈ ਜਾਂਦੀ ਹੈ। ਗਿੱਧੇ ਦੇ ਪਿੜ ਵਿੱਚ ਜਿਹੜੀ ਮੁਟਿਆਰ ਜਾਂ ਤ੍ਰੀਮਤ ਨੱਚਣੋਂ ਝਿਜਕ ਜਾਵੇ, ਉਸ ਨੂੰ ‘ਬਾਬੇ ਦੀ ਰੰਨ’ ਕਹਿ ਕੇ ਮੇਹਣਾ ਮਾਰਿਆ ਜਾਂਦਾ ਹੈ। ਜਿਸ ਦੇ ਸਿੱਟੇ ਵਜੋਂ ਕੋਈ ਕੁੜੀ ਨੱਚਣ ਤੋਂ ਨਾਂਹ ਨਹੀਂ ਕਰਦੀ।

     ਗਿੱਧੇ ਵਿੱਚ ਪਾਈਆਂ ਜਾਣ ਵਾਲੀਆਂ ਬੋਲੀਆਂ ਦੀ ਚੋਣ ਗਿੱਧੇ ਦੀ ਗਤੀ ਅਨੁਸਾਰ ਕੀਤੀ ਜਾਂਦੀ ਹੈ। ਜੇਕਰ ਗਿੱਧਾ ਧੀਮੀ ਗਤੀ ਨਾਲ ਨਚਿਆ ਜਾ ਰਿਹਾ ਹੋਵੇ ਤਾਂ ਲੰਮੀ ਬੋਲੀ ਪਾਈ ਜਾਂਦੀ ਹੈ, ਤਾਂ ਜੋ ਨਾਚੀਆਂ ਸਾਹ ਲੈ ਸਕਣ, ਕਿਉਂਕਿ ਲੰਮੀ ਬੋਲੀ ਲਮਕਾ ਕੇ ਉਚਾਰੀ ਜਾਂਦੀ ਹੈ। ਗਿੱਧੇ ਵਿੱਚ ਨੱਚਣ ਵਾਲੀ ਹਰ ਕੁੜੀ/ਤ੍ਰੀਮਤ ਨੂੰ ਖੁੱਲ੍ਹ ਹੁੰਦੀ ਹੈ ਕਿ ਉਹ ਨੱਚਿਆ ਜਾ ਰਿਹਾ ਭਾਵ ਖਲੋ ਕੇ, ਬੈਠ ਕੇ, ਫੇਰੀ ਲੈ ਕੇ ਜਾਂ ਸੁਆਂਗ ਦਾ ਰੂਪ ਧਾਰ ਕੇ ਨੱਚ ਲਵੇ। ਵਿਆਹ ਵਿੱਚ ਗਿੱਧਾ ਇਸ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਗਿੱਧੇ ਤੋਂ ਬਿਨਾਂ ਵਿਆਹ ਦੀ ਖ਼ੁਸ਼ੀ ਨੂੰ ਸੰਪੂਰਨ ਨਹੀਂ ਸਮਝਿਆ ਜਾਂਦਾ।

     ਪੰਜਾਬ ਦੇ ਲੋਕ-ਨਾਚਾਂ ਵਾਂਗ ਗਿੱਧੇ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਸ ਵਿੱਚ ਪੇਸ਼ ਕਰਨ ਵਾਲੀ ਅਤੇ ਪ੍ਰਦਰਸ਼ਿਤ ਕਲਾ ਨੂੰ ਮਾਣਨ ਵਾਲੀ ਧਿਰ, ਵੱਖਰੀ-ਵੱਖਰੀ ਨਹੀਂ ਹੁੰਦੀ, ਸਗੋਂ ਪੇਸ਼ਕਰਤਾ ਅਤੇ ਮਾਣਨਹਾਰਾ ਇੱਕੋ ਹੀ ਹੁੰਦੇ ਹਨ।ਗਿੱਧਾ ਨੱਚਣ ਵਾਲੀਆਂ ਕੁੜੀਆਂ ਆਮ ਤੌਰ `ਤੇ ਗਿੱਧੇ ਦੇ ਪਿੜ ਅੰਦਰ ਆਪਸ ਵਿੱਚ ਉਲਟ ਦਿਸ਼ਾਵਾਂ ਤੋਂ ਪ੍ਰਵੇਸ਼ ਕਰਦੀਆਂ ਹਨ ਅਤੇ ਬੋਲੀ ਦੇ ਤੋੜੇ ਨੂੰ ਗਾਉਂਦੀਆਂ ਹੋਈਆਂ ਝੁਕ ਕੇ, ਤਾੜੀ ਮਾਰ ਕੇ ਅਤੇ ਜਿਸਮ ਨੂੰ ਇੱਕਾ-ਇੱਕ ਗਤੀ ਵਿੱਚ ਲਿਆ ਕੇ ਫੇਰੀ ਲੈਂਦੀਆਂ ਹੋਈਆਂ ਨੱਚਦੀਆਂ ਹਨ। ਬੋਲੀ ਤੋਂ ਬਾਅਦ ਗਿੱਧੇ ਵਿੱਚ ਅਕਸਰ ਦੋ ਕੁੜੀਆਂ ਨੱਚਦੀਆਂ ਹਨ। ਪਰ ਕਈ ਹਾਲਤਾਂ ਵਿੱਚ ਇੱਕ ਤੋਂ ਵਧੇਰੇ ਜੁੱਟ ਵੀ (ਜੋਸ਼ ਵਿੱਚ ਆ ਕੇ) ਨੱਚਣ ਲੱਗਦੇ ਹਨ। ਨਾਚੀਆਂ ਵੱਲੋਂ ਤੇਜ਼ਗਤੀ ਵਿੱਚ ਨੱਚਦਿਆਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਇੱਕੋ ਸਮੇਂ ਨਿੱਕੇ ਜਿਹੇ ਪਿੜ ਵਿੱਚ ਇੱਕ ਤੋਂ ਵਧੇਰੇ ਜੁੱਟ ਨੱਚਦੇ ਹੋਏ ਇੱਕ ਦੂਜੇ ਵਿੱਚ ਟਕਰਾਉਣ ਨਾ। ਜੇਕਰ ਗਿੱਧੇ ਵਿੱਚ ਉਸਾਰੀ ਜਾ ਰਹੀ ਬੋਲੀ ਦੀ ਗਤੀ ਤੇਜ਼ ਨਾ ਹੋਵੇ ਤਾਂ ਦੋ ਨਾਚੀਆਂ ਆਮ੍ਹੋ-ਸਾਮ੍ਹਣੇ ਖਲੋ ਕੇ ਬੋਲੀ ਦੀ ਭਾਵ ਨੱਚ ਲੈਂਦੀਆਂ ਹਨ। ਜੇਕਰ ਬੋਲੀ ਦਾ ਭਾਵ ਆਪਸੀ ਵਿਰੋਧ ਵਾਲਾ ਹੋਵੇ ਤਾਂ ਨੱਚਣ ਵਾਲੀਆਂ ਕੁੜੀਆਂ ਬੋਲੀ ਵਿਚਲੇ ਭਾਵ ਨੂੰ ਸੰਵਾਦ ਦਾ ਰੂਪ ਦੇ ਕੇ ਅਦਾਕਾਰੀ ਕਰਨ ਲੱਗਦੀਆਂ ਹਨ, ਜਿਸ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਦੋ ਵਿਅਕਤੀ ਲੜ ਰਹੇ ਹਨ ਅਤੇ ਇੱਕ ਦੂਜੇ ਦੇ ਵਿਪਰੀਤ ਸੁਭਾਅ ਦੇ ਮਾਲਕ ਹਨ ਜਾਂ ਇੱਕ ਦੂਜੇ ਨਾਲ ਪਿਆਰ ਕਰ ਰਹੇ ਹਨ। ਇਉਂ ਗਿੱਧਾ ਕਿਰਦਾਰਾਂ ਦੇ ਰੂਪ ਵਿੱਚ ਵੀ ਨੱਚਿਆ ਜਾਂਦਾ ਹੈ। ਅਜਿਹੇ ਸੰਵਾਦ ਨੂੰ ਜੇਕਰ ਹੋਰ ਵਿਸਤਾਰ ਦੇ ਲਿਆ ਜਾਵੇ ਤਾਂ ਉਹ ਸੁਆਂਗ ਬਣ ਜਾਂਦਾ ਹੈ।

     ਜ਼ਿਆਦਾ ਧੀਮੀ ਗਤੀ ਦੇ ਗਿੱਧੇ ਨਾਲ ਟੱਪੇ ਵੀ ਗਾਏ ਜਾਂਦੇ ਹਨ। ਟੱਪਾ ਇੱਕ ਤੁਕੀ ਬੋਲੀ ਨੂੰ ਕਿਹਾ ਜਾਂਦਾ ਹੈ। ਟੱਪੇ ਅਕਸਰ ਗਿੱਧੇ ਦੇ ਅਰੰਭ ਵਿੱਚ ਗਾਏ ਜਾਂਦੇ ਹਨ। ਟੱਪੇ ਦੇ ਗਾਏ ਜਾ ਰਹੇ ਬੋਲਾਂ ਅਤੇ ਤਾੜੀ ਵਿੱਚ ਇੱਕਸੁਰਤਾ ਲਿਆਉਣ ਅਤੇ ਬੋਲਾਂ ਦੀ ਤੇਜ਼ ਗਤੀ ਘੱਟ ਕਰਨ ਬਦਲੇ, ਟੱਪੇ ਦੇ ਬੋਲਾਂ ਵਿੱਚ ‘ਬੱਲੇ ਬੱਲੇ’ ਬੋਲ ਲਿਆ ਜਾਂਦਾ ਹੈ। ਜਿਵੇਂ :

ਬੱਲੇ ਬੱਲੇ ਬਈ ਤੋਰ ਮਜਾਜਣ ਦੀ

ਜੁੱਤੀ ਖੱਲ ਦੀ ਮਰੋੜਾ ਨਹੀਉਂ ਝੱਲਦੀ

ਬਈ ਤੋਰ ਮਜਾਜਣ ਦੀ।

     ਗਿੱਧਾ ਤੇਜ਼ ਗਤੀ ਵਿੱਚ ਨੱਚਣਾ ਹੋਵੇ ਤਾਂ ਨਿੱਕੀਆਂ ਬੋਲੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਉਂ ਤੋੜਾ ਛੇਤੀ-ਛੇਤੀ ਆਉਂਦਾ ਹੈ।

     ਤੀਆਂ ਦਾ ਗਿੱਧਾ ਜਿੱਥੇ ਸਹੇਲੀਆਂ ਦਾ ਗਿੱਧਾ ਹੁੰਦਾ ਹੈ, ਉੱਥੇ ਵਿਆਹ ਦੇ ਗਿੱਧੇ ਨੂੰ ਮੇਲਣਾ ਦਾ ਗਿੱਧਾ ਕਿਹਾ ਜਾਂਦਾ ਹੈ। ਵਿਆਹ ਦੇ ਗਿੱਧੇ ਵਿੱਚ ਦੋ ਲੱਛਣ ਅਕਸਰ ਦੇਖਣ ਨੂੰ ਮਿਲਦੇ ਹਨ। ਛੱਜ ਕੁੱਟਣਾ ਅਤੇ ਜਾਗੋ ਕੱਢਣੀ। ਛੱਜ ਕੁੱਟ ਕੇ ਇੱਕ ਤਰ੍ਹਾਂ ਵਿਆਹ ਵਿੱਚ ਆਏ ਨਾਨਕਾ ਮੇਲ ਨੂੰ ਬਰਾਬਰ ਗਿੱਧਾ ਪਾਉਣ ਲਈ ਵੰਗਾਰਿਆ ਜਾਂਦਾ ਹੈ।

     ਮੁੰਡੇ ਦੇ ਵਿਆਹ ਸਮੇਂ ਪਹਿਲੀ ਰਾਤ ਨਾਨਕਾ ਮੇਲ (ਮਾਤਰਵੰਸ਼ੀ ਅੰਗ ਸਾਕ) ਪੁੱਜਣ `ਤੇ ਜਾਗੋ ਕੱਢੀ ਜਾਂਦੀ ਹੈ। ਜਾਗੋ ਦਾ ਗਿੱਧਾ ਜਦੋਂ ਇਸਤਰੀਆਂ ਦੇ ਜਲੂਸ ਦੀ ਸ਼ਕਲ ਵਿੱਚ ਪਿੰਡ ਜਾਂ ਨੇੜੇ-ਤੇੜੇ ਦੀਆਂ ਗਲੀਆਂ ਵਿੱਚੋਂ ਲੰਘਦਾ ਹੈ ਤਾਂ ਮੱਛਰੀਆਂ ਹੋਈਆਂ ਮੁਟਿਆਰਾਂ ਜਿੱਥੇ ਬੋਲੀਆਂ ਰਾਹੀਂ ਦਿਉਰਾਂ, ਜੇਠਾਂ ਅਤੇ ਸੱਸਾਂ ਨੂੰ ਕਟਾਖਸ਼ ਕਰਦੀਆਂ ਹਨ, ਉੱਥੇ ਚੁੱਲ੍ਹੇ ਚੌਂਕੇ ਢਾਹੁੰਦੀਆਂ ਅਤੇ ਪਰਨਾਲੇ ਆਦਿ ਪੁੱਟ ਕੇ ਇੱਕ ਕਿਸਮ ਦਾ ਮੌਜੂਦਾ ਰਹਿਤਲ ਪ੍ਰਤਿ ਵਿਦਰੋਹ ਦਾ ਪ੍ਰਗਟਾਵਾ ਕਰਦੀਆਂ ਹਨ। ਜਾਗੋ ਵਿੱਚ ਪੈਣ ਵਾਲੀਆਂ ਬੋਲੀਆਂ ਧੀਮੀ ਗਤੀ ਵਾਲੀਆਂ ਹੁੰਦੀਆਂ ਹਨ। ਜਿਵੇਂ :

ਆਉਂਦੀ ਕੁੜੀਏ, ਜਾਂਦੀਏ ਕੁੜੀਏ

ਚੱਕ ਲਿਆ ਬਜ਼ਾਰ ਵਿੱਚੋਂ ਛੈਣੇ

ਏਥੋਂ ਦੇ ਸ਼ੁਕੀਨ ਗੱਭਰੂ

ਚਿੱਟੇ ਚਾਦਰੇ ਜ਼ਮੀਨਾਂ ਪਈਆਂ ਗਹਿਣੇ

ਨੀਂ ਏਥੋਂ ਦੇ ਸ਼ੁਕੀਨ ਗੱਭਰੂ।

     ਜਾਗੋ ਦਾ ਇਹ ਇਕੱਠ ਜਿਉਂ ਹੀ ਪਰਤ ਕੇ ਵਿਆਹ ਵਾਲੇ ਘਰ ਮੁੜਦਾ ਹੈ, ਇਹੋ ਇਕੱਠ ਗਿੱਧੇ ਦੇ ਪਿੜ ਵਿੱਚ ਬਦਲ ਜਾਂਦਾ ਹੈ। ਜਿਉਂ-ਜਿਉਂ ਗਿੱਧਾ ਸਿਖਰ ਵੱਲ ਵੱਧਦਾ ਹੈ, ਇਸ ਦੀ ਗਤੀ ਤੇਜ਼ ਅਤੇ ਬੋਲੀਆਂ ਦਾ ਲਹਿਜਾ ਕਰਾਰਾ ਹੁੰਦਾ ਜਾਂਦਾ ਹੈ। ਜਦੋਂ ਗਿੱਧਾ ਕਰਾਰੇ ਸਿਖਰ `ਤੇ ਪੁੱਜ ਜਾਵੇ ਤਾਂ ਇਸ ਨੂੰ ‘ਫੜੂਹਾ’ ਕਹਿੰਦੇ ਹਨ। ਇਸ ਸਮੇਂ ਨੱਚਣ ਵਾਲੀਆਂ ਕੁੜੀਆਂ ਮੂੰਹ ਨਾਲ ਫੂ-ਫੂ ਦੀਆਂ ਅਵਾਜ਼ਾਂ ਕੱਢਦੀਆਂ ਹੋਈਆਂ ਰੁਮਾਂਟਿਕ ਅਦਾਵਾਂ ਕਰਦੀਆਂ ਹਨ, ਜਿਸ ਕਾਰਨ ਗਿੱਧੇ ਦਾ ਇਹ ਰੂਪ ਕਾਮੁਕ ਹੋ ਜਾਂਦਾ ਹੈ।

     ਕਈ ਵੇਰੀਂ ਨੱਚਦੀਆਂ ਹੋਈਆਂ ਕੁੜੀਆਂ ਬੇਲੀ ਦੇ ਸੰਵਾਦ ਅਨੁਸਾਰ, ਕੁਝ ਨਾਟਕੀ ਅਦਾਵਾਂ ਦਾ ਪ੍ਰਦਰਸ਼ਨ ਵੀ ਕਰਨ ਲੱਗਦੀਆਂ ਹਨ। ਅਜਿਹੀਆਂ ਨਾਚ-ਮੁਦਰਾਵਾਂ ਇੱਕ ਤਰ੍ਹਾਂ ਸੁਆਂਗ (ਸਾਂਗ) ਦਾ ਰੂਪ ਧਾਰ ਲੈਂਦੀਆਂ ਹਨ। ਮਿਸਾਲ ਵਜੋਂ ਨੱਚਦੇ ਸਮੇਂ ਵੇਸ਼-ਭੂਸ਼ਾ ਬਦਲਣਾ ਸੰਭਵ ਨਹੀਂ ਹੁੰਦਾ, ਇਸ ਲਈ ਨੱਚਦੇ-ਨੱਚਦੇ ਹੋਏ ਮੁੰਡਾ ਬਣਨ ਲਈ ਕੇਵਲ ਚੁੰਨੀ ਨੂੰ ਸਿਰ ਤੇ ਪੱਗੜੀ ਦੇ ਰੂਪ ਵਿੱਚ ਲਪੇਟ ਲੈਣਾ ਹੀ ਕਾਫ਼ੀ ਹੁੰਦਾ ਹੈ। ਇਹਨਾਂ ਨਾਟ- ਅਦਾਵਾਂ ਰਾਹੀਂ ਕਿਸੇ ਪਾਤਰ (ਕਿਰਦਾਰ) ਦੀ ਨਕਲ ਉਤਾਰੀ ਜਾਂਦੀ ਹੈ। ਅਜਿਹੀਆਂ ਨਾਚ-ਮੁਦਰਾਵਾਂ ਵਿੱਚ ਇਸਤਰੀਆਂ ਅਕਸਰ ਆਪਣੇ ਅੰਤਰੀਵ ਮਨ ਦੀਆਂ ਦੱਬੀਆਂ ਘੁੱਟੀਆਂ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਹਨ।

     ਗਿੱਧੇ ਨੂੰ ਅੱਡੀ ਦੀ ਧਮਕ ਅਤੇ ਤਾੜੀ ਦਾ ਨਾਚ ਵੀ ਕਿਹਾ ਜਾਂਦਾ ਹੈ। ਦੂਜੇ ਲੋਕ-ਨਾਚਾਂ ਵਾਂਗ ਇਸ ਦੇ ਨਿਯਮ ਵੀ ਬੱਝਵੇਂ ਨਹੀਂ ਹਨ। ਇਸ ਨਾਚ ਵਿੱਚ ਭਾਵੇਂ ਸਮੁੱਚੇ ਤੌਰ ਤੇ ਲਚਕੀਲਾ ਜਿਸਮ ਹੀ ਭਾਗੀਦਾਰ ਬਣਨ ਦੇ ਕਾਬਲ ਹੁੰਦਾ ਹੈ, ਪਰ ਫਿਰ ਵੀ ਪ੍ਰਮੁਖ ਬਲ, ਪੱਟ, ਲੱਕ, ਅੱਡੀ, ਹੱਥਾਂ, ਬਾਹਵਾਂ ਅਤੇ ਚਿਹਰੇ ਦੀਆਂ ਮੁਦਰਾਵਾਂ `ਤੇ ਦਿੱਤਾ ਜਾਂਦਾ ਹੈ। ਕਈ ਵੇਰੀ ਤਾਲ ਵਜੋਂ ਢੋਲਕੀ ਵੀ ਵਜਾਈ ਜਾਂਦੀ ਹੈ।

     ਸਮੁੱਚੇ ਤੌਰ `ਤੇ ਗਿੱਧਾ ਖ਼ੁਸ਼ੀ ਨਾਲ ਸੰਬੰਧਿਤ ਲੋਕ-ਨਾਚ ਹੈ, ਜੋ ਹਰ ਖ਼ੁਸ਼ੀ ਸਮੇਂ ਨੱਚਿਆ ਜਾਂਦਾ ਹੈ। ਭਾਵੇਂ ਉਹ ਵਿਆਹ, ਤੀਆਂ ਜਾਂ ਕਿਸੇ ਬਾਲ ਜੰਮਣ ਦੀ ਖ਼ੁਸ਼ੀ ਹੀ ਕਿਉਂ ਨਾ ਹੋਵੇ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 37047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗਿੱਧਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਧਾ (ਨਾਂ,ਪੁ) ਢੋਲਕੀ ਜਾਂ ਹੱਥ ਨਾਲ ਤਾੜੀ ਵਜਾ ਕੇ ਦਿੱਤੇ ਤਾਲ ਨਾਲ ਬੋਲੀਆਂ ਪਾ ਕੇ ਤੇਜ਼ ਗਤੀ ਵਿੱਚ ਨੱਚਿਆ ਜਾਣ ਵਾਲਾ ਇਸਤਰੀਆਂ ਦਾ ਲੋਕ-ਨਾਚ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਿੱਧਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਧਾ [ਨਾਂਪੁ] ਪੰਜਾਬੀ ਸਭਿਆਚਾਰ ਦਾ ਨਾਚ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਿੱਧਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗਿੱਧਾ : ਵੇਖੋ ‘ਲੋਕ–ਨਾਚ’

ਲੋਕ–ਨਾਚ : ਲੋਕ–ਨਾਚ ਜਾਂ ਲੋਕ–ਨ੍ਰਿਤ ਤੋਂ ਮੁਰਾਦ ਕੁਦਰਤੀ ਤੇ ਸੁਭਾਵਿਕ ਨਾਚ ਹੈ। ਲੋਕ–ਜੀਵਨ ਵਿਚ ਆਇਆ ਜਜ਼ਬੇ ਦਾ ਹੜ੍ਹ ਲੋਕ–ਗੀਤਾਂ ਤੇ ਲੋਕ–ਨਾਚਾਂ ਵਿਚੋਂ ਦੀ ਵਗ ਨਿਕਲਦਾ ਹੈ। ਕਲਾਤਮਕਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਸਗੋਂ ਲੋਕੀ ਨਾਚ ਨੂੰ ਸੁਭਾਵਿਕ ਤੇ ਮਸਤ ਰੰਗ ਵਿਚ ਨੱਚਦੇ ਹਨ। ਜਦੋਂ ਆਦਮੀ ਹਾਲੀਂ ਜੰਗਲਾਂ ਵਿਚ ਪਸ਼ੂਆਂ ਵਾਲਾ ਅਸੱਭਯ ਜੀਵਨ ਬਤੀਤ ਕਰ ਰਿਹਾ ਸੀ, ਲੋਕ–ਨਾਚ ਉਸ ਵੇਲੇ ਵੀ ਉਸ ਦੇ ਨਾਲ ਰਿਹਾ।

          ‘ਲੋਕ–ਨਾਚ’ ਲੋਕ–ਜੀਵਨ ਦੇ ਕਿਸੇ ਅਨੁਭਵ ਦੀ ਤਾਲ ਰਾਹੀਂ ਅਭਿਵਿਅੰਜਨਾ ਹੈ। ਸਾਧਾਰਣ ਤੌਰ ਤੇ ਲੋਕ–ਨਾਚ ਸਮੂਹਿਕ ਰੂਪ ਵਿਚ ਨੱਚੇ ਜਾਂਦੇ ਹਨ।

          ਪੰਜਾਬ ਦੇ ਲੋਕੀ ਵਿਆਹਾਂ, ਸ਼ਾਦੀਆਂ, ਮੇਲਿਆਂ, ਮੁਸਾਹਬਿਆਂ ’ਤੇ ਜੋ ਨਾਚ ਨੱਚਦੇ ਹਨ, ਉਨ੍ਹਾਂ ਵਿਚੋਂ ਸਭ ਤੋਂ ਵਧੇਰੇ ਪ੍ਰਸਿੱਧ ਭੰਗੜਾ ਹੈ। ਕਿੱਕਲੀ, ਗਿੱਧਾ, ਲੁੱਡੀ, ਝੁੰਮਰ ਆਦਿਕ ਪੰਜਾਬ ਦੇ ਹੋਰ ਲੋਕ–ਨਾਚ ਹਨ।

          ਲੋਕ–ਨਾਚ ਵਿਚ ਮਨੁੱਖੀ ਜੀਵਨ ਦੇ ਲੌਕਿਕ ਪੱਖ ਅਤੇ ਇਸ ਦੇ ਕਈ ਸੂਖ਼ਮ ਭਾਵਾਂ ਨੂੰ ਪ੍ਰਗਟ ਕੀਤਾ ਹੁੰਦਾ ਹੈ। ਲੋਕ–ਨਾਚ ਨੂੰ ਸ਼ਾਸਤ੍ਰੀ ਨਾਚ ਦਾ ਪਿਤਾਮਾ ਆਖਿਆ ਜਾ ਸਕਦਾ ਹੈ।

          ਹੁਣ ਪੰਜਾਬ ਦੇ ਹੇਠਾਂ ਲਿਖੇ ਪ੍ਰਸਿੱਧ ਲੋਕ–ਨਾਚਾਂ ਬਾਰੇ ਵਿਚਾਰ ਕਰਦੇ ਹਾਂ :

          (1) ਭੰਗੜਾ : ਇਸ ਨਾਚ ਵਿਚ ਢੋਲਚੀ ਵਿਚਕਾਰ ਹੁੰਦਾ ਹੈ ਤੇ ਉਸ ਨੇ ਜਦੋਂ ਢੋਲ ਉੱਤੇ ਡੱਗਾ ਲਾਇਆ, ਭੰਗੜੇ ਵਾਲੇ ਮੈਦਾਨ ਵਿਚ ਨਿੱਤਰ ਆਏ ਅਤੇ ਜਿਵੇਂ ਜਿਵੇਂ ਢੋਲ ਦਾ ਤਾਲ ਬਦਲਿਆ, ਨਾਚਿਆਂ ਦੀਆਂ ਹਰਕਤਾਂ ਵਿਚ ਤਬਦੀਲੀ ਆਉਂਦੀ ਗਈ। ਭੰਗੜੇ ਵਿਚ ਆਮ ਤੌਰ ਤੇ ਕੌਈ ਢੋਲਾ ਗਾਇਆ ਜਾਂਦਾ ਹੈ। ਪਹਿਲਾਂ ਕਿੰਨਾ ਚਿਰ ਭੰਗੜਾ ਪਾਉਣ ਵਾਲੇ ਚੁੱਪ ਚਾਪ ਢੋਲ ਦੇ ਡਗੇ ਨਾਲ ਤਾਲ ਮਿਲਾ ਕੇ ਨੱਚਦੇ ਰਹਿੰਦੇ ਹਨ ਤੇ ਕਝੁ ਚਿਰ ਮਗਰੋਂ ਭੰਗੜੇ ਦੇ ਪਿੜ ਵਿਚੋਂ ਇਕ ਜੁਆਨ ਢੋਲਚੀ ਦੇ ਕੋਲ ਜਾ ਕੇ ਤੇ ਕੰਨ ਉੱਤੇ ਇਕ ਹੱਥ ਰੱਖ ਕੇ ਕਿਸੇ ਲੋਕ–ਗੀਤ ਦਾ ਬੋਲ ਛੁੰਹਦਾ ਹੈ। ਵਿਸਾਖੀ ਦੇ ਮਾਘੀ ਦੇ ਮੇਲਿਆਂ ਉੱਤੇ ਭੰਗੜੇ ਬੜੇ ਉਤਸ਼ਾਹ ਨਾਲ ਪਾਏ ਜਾਂਦੇ ਹਨ। ਇਹ ਨਾਚ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ, ਸਭ ਦਾ ਸਾਂਝਾ ਨਾਚ ਹੈ। ਹੁਣ ਇਹ ਲੋਕ–ਨਾਚ ਸ਼ਹਿਰੀ ਹਲਕਿਆਂ ਵਿਚ ਹੋਣ ਵਾਲੇ ਅਨੇਕ ਸਮਾਗਮਾਂ ਦਾ ਅੰਗ ਬਣਦਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ, ਗਣਤੰਤਰ ਦਿਵਸ ਵਿਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਭੰਗੜੇ ਦੀਆਂ ਟੀਮਾਂ ਨੂੰ ਖ਼ਾਸ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ।

          (2) ਗਿੱਧਾ : ਪੰਜਾਬ ਦੀਆਂ ਮੁਟਿਆਰਾਂ (ਕਈ ਵਾਰ ਗੱਭਰੂ) ਰਲ ਕੇ ਇਕਸਾਰ ਤਾਲਮਈ ਤਾੜੀ ਨਾਲ ਗੀਤ ਗਾਉਂਦੀਆਂ ਤੇ ਬੋਲੀਆਂ ਪਾਉਂਦੀਆਂ ਹਨ। ਇਨ੍ਹਾਂ ਤਾੜੀਆਂ ਨੂੰ ਹੀ ਗਿੱਧਾ ਆਖਿਆ ਜਾਂਦਾ ਹੈ। ਪਰ ਸਿਰਫ਼ ਤਾੜੀਆਂ ਹੀ ਗਿੱਧਾ ਨਹੀਂ, ਇਸ ਵਿਚ ਕਈ ਵਾਰ ਭੰਗੜੇ ਵਾਂਗ ਪਿੜ ਬੱਝ ਜਾਂਦਾ ਹੈ। ਇਕ ਜਣੀ ਬੋਲੀ ਪਾਉਦੀ ਹੈ ਤੇ ਇਕ ਦੋ ਪਿੜ ਵਿਚਕਾਰ ਨੱਚਣ ਲਈ ਤਿਆਰ ਹੁੰਦੀਆਂ ਹਨ। ਬੋਲੀ ਦੇ ਅੰਤਿਮ ਟੱਪੇ ਉੱਤੇ ਪਿੜ ਮੱਲੀ ਖਲੋਤੀਆਂ ਔਰਤਾਂ ਤਾੜੀਆਂ ਸ਼ੁਰੂ ਕਰ ਦਿੰਦੀਆਂ ਹਨ ਤੇ ਵਿਚਕਾਰ ਖਲੋਤੀਆਂ ਇਕ ਦੋ ਨੱਚਣ ਲੱਗ ਪੈਂਦੀਆਂ ਹਨ। ਕਈ ਵਾਰ ਢੋਲਕੀ ਜਾਂ ਗੜਵੇ ਤੇ ਚੱਪਣ ਖੜਕਾ ਕੇ ਗਿੱਧੇ ਦੇ ਤਾਲ ਨੂੰ ਉਭਾਰਿਆ ਜਾਂਦਾ ਹੈ। ਨੱਚਣ ਵਾਲੀਆਂ ਇਕ ਦੋ ਔਰਤਾਂ ਕਈ ਵਾਰ ਚੁਟਕੀਆਂ ਵਜਾ ਵਜਾ ਕੇ ਮੂੰਹ ਨਾਲ ਰੂੰ ਪਿੰਜ ਪਿੰਜ ਕੇ ਇਕ ਖ਼ਾਸ ਰੋਮਾਂਚਿਕ ਰੰਗ ਬੰਨ੍ਹ ਦਿੰਦੀਆਂ ਹਨ।

          ਗਿੱਧੇ ਵਿਚ ਲਗਭਗ ਹਰ ਤਰ੍ਹਾਂ ਦੇ ਲੋਕ–ਗੀਤ ਗਾਏ ਜਾਂਦੇ ਹਨ। ਵਿਆਹਾਂ, ਸ਼ਾਦੀਆਂ, ਮੰਗਣੇ–ਮੰਗਣੀਆਂ, ਆਦਿ ਦੇ ਸ਼ੁਭ ਅਵਸਰਾਂ ਉੱਤੇ ਤੇ ਸਾਵਦ ਦੇ ਮਹੀਨੇ ਤੀਆਂ ਦੇ ਦਿਨੀਂ ਬਹੁਤ ਗਿੱਧਾ ਪਾਇਆ ਜਾਂਦਾ ਹੈ। ਔਰਤਾਂ ਇਸ ਵਿਚ ਵਧੇਰੇ ਭਾਗ ਲੈਂਦੀਆਂ ਹਨ। ਕਈ ਵਾਰ ਨੌਜਵਾਨ ਮਰਦ ਆਪਣਾ ਵੱਖਰਾ ਪਿੜ ਬਣਾ ਕੇ ਗਿੱਧਾ ਪਾਉਂਦੇ ਹਨ। ਗਿੱਧਾ ਸਾਰੇ ਪੰਜਾਬੀਆਂ ਦੀ ਸਾਂਝ ਤੇ ਪਰਸਪਰ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ। ਗਿੱਧੇ ਦੇ ਪਿੜ ਵਿਚ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਦਾ ਭਿੰਨ–ਭੇਦ ਮਿਟ ਜਾਂਦਾ ਹੈ। ਇੰਜ ਇਹ ਲੋਕ–ਨਾਚ ਸਾਡੇ ਵਿਚ ਮਨੁੱਖੀ ਸਾਂਝ ਉਤਪੰਨ ਕਰਨ ਵਾਲਾ ਹੈ।

          (3) ਝੁੰਮਰ ਤੇ ਸੰਮੀ : ਝੁੰਮਰ ਇਕ ਅਤਿ ਪੁਰਾਣਾ ਅਰਥਾਤ ਚਿਰਾਂ ਤੋਂ ਟੁਰਿਆਂ ਆ ਰਿਹਾ ਲੋਕ–ਨਾਚ ਹੈ। ਝੁੰਮਰ ਨੱਚਣ ਵਾਲੇ ਇਕ ਘੇਰੇ ਵਿਚ ਨੱਚਦੇ ਹਨ ਤੇ ਢੋਲ ਵਾਲਾ ਉਨ੍ਹਾਂ ਦੇ ਐਨ ਵਿਚਕਾਰ ਖਲੋ ਕੇ ਢੋਲ ਵਜਾਉਂਦਾ ਹੈ। ਸੰਮੀ ਔਰਤਾਂ ਦਾ ਨਾਚ ਹੈ ਤੇ ਝੁੰਮਰ ਨਾਲੋਂ ਇਹ ਇਸ ਗੱਲ ਵਿਚ ਭਿੰਨ ਹੈ ਕਿ ਜਿੱਥੇ ਝੁੰਮਰੀਆਂ ਦੇ ਵਿਚਕਾਰ ਢੋਲਚੀ ਹੁੰਦਾ ਹੈ, ਇੱਥੇ ਕੋਈ ਢੋਲਚੀ ਨਹੀਂ ਹੁੰਦਾ।

          ਝੁੰਮਰਰ ਤੇ ਸੰਮੀ ਦੋਵੇਂ ਖੁਸ਼ੀਆਂ ਦੇ ਲੋਕ–ਨਾਚ ਹਨ। ਝੁੰਮਰ ਨੱਚਣ ਵਾਲੇ ਗੱਭਰੂ ਭਰਾਈ (ਢੋਲਚੀ) ਨੂੰ ਸਦਵਾ ਲੈਂਦੇ ਹਨ। ਭਰਾਈ ਇਕ ਖੁੱਲ੍ਹੀ ਮੋਕਲੀ ਥਾਂ ਵੇਖ ਕੇ ਪਿੜ ਮਲ ਖਲੋਂਦਾ ਹੈ ਤੇ ਝੁੰਮਰੀਆਂ ਨੂੰ ਉਤਸ਼ਾਹਿਤ ਕਰਨ ਲਈ ਢੋਲ ਉੱਤੇ ਡੱਗਾ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਹ ਤਾਲਾ ਸੁਣਕੇ ਗੱਭਰੂ ਪਿੜ ਵਿਚ ਆਉਣ ਲਈ ਤਿਆਰ ਹੋ ਜਾਂਦੇ ਹਨ। ਦੂਜਾ ਤਾਲ ਬਦਲਦਾ ਹੈ ਤਾਂ ਝੁੰਮਰ ਨੱਚਣ ਵਾਲੇ ਭਰਾਈ ਦੇ ਦੁਆਲੇ ਝੁਰਮਟ ਪਾ ਲੈਂਦੇ ਹਨ ਤੇ ਤਾਲ ਦੇ ਮੁਤਾਬਕ ਹੱਥਾਂ ਪੈਰਾਂ ਨੂੰ ਇਕ ਖ਼ਾਸ ਅਦਾ ਨਾਲ ਹਿਲਾਉਣਾ ਸ਼ੁਰੂ ਕਰ ਦਿੰਦੇ ਹਨ। ਹੱਥ ਹੇਠਾਂ ਤੋਂ ਚੁੱਕ ਕੇ ਦੋ ਵਾਰ ਉਹ ਛਾਤੀ ਅੱਗੇ ਮੁੱਠੀਆਂ ਜਿਹੀਆਂ ਮੀਟ ਕੇ ਮਟਕਾਉਂਦੇ ਹਨ, ਫਿਰ ਦੋਵੇਂ ਬਾਹਵਾਂ ਸਿਰ ਤੋਂ ਉਤਾਂਹ ਕੱਢ ਕੇ ਇਕ ਵਾਰ ਲਹਿਰਾਉਣ ਪਿੱਛੋਂ ਮੁੜ ਹੱਥ ਛਾਤੀ ਉੱਤੇ ਵਾਪਸ ਲਿਆ ਕੇ ਪਹਿਲੇ ਦੀ ਤਰ੍ਹਾਂ ਕੇਵਲ ਇਕ ਵਾਰ ਮਟਕਾਉਂਦੇ ਹਨ। ਹੱਥ ਮਟਕਾਉਣ ਪਿੱਛੋਂ ਬਾਹਵਾਂ ਫਿਰ ਆਪਣੇ ਅਸਲੀ ਟਿਕਾਣੇ ਉੱਤੇ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ। ਝੁੰਮਰ ਵਿਚ ਉਹ ਬਾਰ ਬਾਰ ਇਸੇ ਤਰ੍ਹਾਂ ਕਰਦੇ ਹੋਏ ਨੱਚਦੇ ਰਹਿੰਦੇ ਹਨ। ਝੁੰਮਰ ਨਾਚ ਨੱਚਣ ਵਾਲੇ ਨੂੰ ਝੁੰਮਰੀ ਆਖਦੇ ਹਨ। ਝੁੰਮਰ ਨਾਚ ਨੂੰ ਵੇਖਣ ਲਈ ਆਲੇ ਦੁਆਲੇ ਤੋਂ ਦਰਸ਼ਕਾਂ ਦੀ ਭੀੜ ਆ ਜੁੜਦੀ ਹੈ। ਕਈ ਵਾਰ ਭਰਾਈ ਕਿਸੇ ਲੋਕ ਗੀਤ ਦੀ ਪਹਿਲੀ ਤੁਕ ਮੂੰਹੋਂ ਕੱਢਦਾ ਹੈ ਤੇ ਝੁੰਮਰੀ ਉਸ ਗੀਤ ਦੀਆਂ ਤੁਕਾਂ ਰਲ ਕੇ ਗਾਉਂਦੇ ਅਤੇ ਨਾਲੋਂ ਨਾਲੋਂ ਨੱਚਦੇ ਵੀ ਰਹਿੰਦੇ ਹਨ। ਝੁੰਮਰੀਆਂ ਵਿਚੋਂ ਜਦੋਂ ਵੀ ਕੋਈ ਚਾਹੇ ਨਾਚ ਛੱਡ ਕੇ ਦਰਸ਼ਕਾਂ ਵਿਚ ਆ ਬੈਠਦਾ ਹੈ ਤੇ ਬੈਠੇ ਹੋਏ ਮਰਦਾਂ ਵਿਚੋਂ ਕੋਈ ਵੀ ਮਰਦ ਦਿਲ ਦੀ ਇੱਛਾ ਉੱਤੇ ਨਾਚ ਵਿਚ ਸ਼ਾਮਲ ਹੋ ਸਕਦਾ ਹੈ। ‘ਧਮਾਲ’ ਦੇ ‘ਚੀਣਾ ਛੜਨਾ’ ਝੁੰਮਰ ਦੇ ਖ਼ਾਸ ਤਾਲ ਹਨ। ਝੁੰਮਰ ਨਾਚ ਨਾਲ ਗਾਇਆ ਜਾਣ ਵਾਲਾ ਇਕ ਝੁੰਮਰ ਗੀਤ ਪੇਸ਼ ਹੈ :

                   ਵੇ ਯਾਰ ਕੰਗਣਾਂ ਦੇ ਨਾਲ

                   ਊਹਾ ਗੱਲ ਹੋ ਕੰਗਣਾਂ ਦੇ ਨਾਲ

                   ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ!

                   ਕੰਗਣਾਂ ਦੇ ਨਾਲ।

                   ਕੰਗਣਾਂ ਦੇ ਨਾਲ ਮੇਰੀਆਂ ਅੱਲੀਆਂ,

                   ਛਣਕਾਰ ਪੌਂਦਾ ਵਿਚ ਗੱਲੀਆਂ,

                   ਵੇ ਯਾਰ ਕੰਗਣਾਂ ਦੇ ਨਾਲ

                   ਊਹਾ ਗੱਲ ਹੋ ਕੰਗਣਾਂ ਦੇ ਨਾਲ

                   ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ!

                   ਕੰਗਣਾਂ ਦੇ ਨਾਲ

                   ਕੰਗਣਾਂ ਦੇ ਨਾਲ ਮੇਰੇ ਬੀੜੇ,

                   ਜੱਟੀ ਧੋ ਧੋ ਵਾਲ ਨਪੀੜੇ,

                   ਵੇ ਯਾਰ ਕੰਗਣਾਂ ਦੇ ਨਾਲ,

                   ਊਹਾ ਗੱਲ ਹੋ ਕੰਗਣਾਂ ਦੇ ਨਾਲ

                   ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ! ਕੰਗਣਾਂ ਦੇ ਨਾਲ।

                   ਕੰਗਣਾਂ ਦੇ ਨਾਲ ਮੇਰਾ ਢੋਲਣਾ,

                   ਕੂੜੇ ਸੱਜਣਾਂ ਨਾਲ ਕੀ ਬੋਲਣਾ,

                   ਵੇ ਯਾਰ ਕੰਗਣਾਂ ਦੇ ਨਾਲ

                   ਊਹਾ ਗੱਲ ਹੋ ਕੰਗਣਾਂ ਦੇ ਨਾਲ

                   ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ! ਕੰਗਣਾਂ ਦੇ ਨਾਲ।

          (4) ਲੁੱਡੀ : ਲੁੱਡੀ ਪੱਛਮੀ (ਪਾਕਿਸਤਾਨ) ਦਾ ਇਕ ਲੋਕ–ਨਾਚ ਹੈ। ਇਸ ਵਿਚ ਨੱਚਣ ਵਾਲੇ ਕੋਈ ਗੀਤ ਨਹੀਂ ਗਾਉਂਦੇ, ਬਸ ਨੱਚਦੇ ਹੀ ਰਹਿੰਦੇ ਹਨ। ਬਾਹਵਾਂ ਲਹਿਰਾ ਲਹਿਰਾ ਕੇ ਸ਼ਰੀਰ ਦੇ ਲਗਭਗ ਹਰ ਅੰਗ ਨੂੰ ਹਰਕਤ ਦਿੱਤੀ ਜਾਂਦੀ ਹੈ ਤੇ ਲੁੱਡੀ ਨੱਚਣ ਵਾਲੇ ਘੰਟਿਆਂ ਬੱਧੀ ਇਕ ਨਸ਼ੇ ਤੇ ਮਸਤੀ ਵਿਚ ਰਹਿੰਦੇ ਹਨ ਤੇ ਬਸ ਨੱਚਦੇ ਰਹਿੰਦੇ ਹਨ।

          ਭੰਗੜੇ ਵਾਲੇ ਲੁੱਡੀ ਦੇ ਪਿੜ ਦੇ ਵਿਕਾਰ ਵੀ ਢੋਲਚੀ ਹੁੰਦਾ ਹੈ। ਇਹ ਢੋਲ ਵਜਾਉਣਾ ਸ਼ੁਰੂ ਕਰਦਾ ਹੈ ਤਾਂ ਨੱਚਣ ਵਾਲੇ ਵਾਰੀ ਵਾਰੀ ਪੈਰ ਉਪਰ ਚੁੱਕਦੇ ਹਨ ਤੇ ਬਾਹਵਾਂ ਸਿਰ ਤੋਂ ਉੱਚੀਆਂ ਲੈ ਜਾ ਕੇ ਲਹਿਰਾਉਂਦੇ ਹਨ। ਇਨ੍ਹਾਂ ਵਿਚੋਂ ਇਕੱਲਾ ਇਕੱਲਾ ਇਕ ਅੱਡੀ ਦੇ ਭਾਰ ਬੈਠ ਕੇ ਭੁਆਟਣੀਆਂ ਲੈਂਦਾ ਹੈ ਤੇ ਇਹ ਇੰਜ ਢੋਲਚੀ ਦੇ ਦੁਆਲੇ ਘੂਕਦੇ ਰਹਿੰਦੇ ਹਨ। ਲੁੱਡੀ ਰਸਦੀ ਹੈ ਤਾਂ ‘ਸ਼ੂੰ ਸ਼ੂੰ’ ਦੀ ਆਵਾਜ਼ ਨਾਲ ਨੱਚਣ ਵਾਲੇ ਇਕ ਰੰਗ ਬੰਨ੍ਹ ਦਿੰਦੇ ਹਨ। ਲੁੱਡੀ ਮਰਦਾਂ ਦਾ ਨਾਚ ਹੈ। ਔਰਤਾਂ ਇਸ ਵਿਚ ਸ਼ਾਮਲ ਨਹੀਂ ਹੁੰਦੀਆਂ। ਮਿੰਟਗੁਮਰੀ, ਸਰਗੋਧਾ, ਲਾਇਲਪੁਰ, ਗੁਜਰਾਂਵਾਲਾ ਤੇ ਗੁਜਰਾਤ ਦੇ ਜ਼ਿਲ੍ਹਿਆਂ ਵਿਚ ਇਹ ਲੋਕ–ਨਾਚ ਬੜਾ ਸਰਬ–ਪ੍ਰਿਯ ਤੇ ਪ੍ਰਸਿੱਧ ਹੈ।

          (5) ਕਿਕਲੀ : ਇਹ ਅੱਲ੍ਹੜ ਤੇ ਮਾਸੂਮ ਬਾਲੜੀਆਂ ਦਾ ਨਾਚ ਹੈ। ਬਚਪਨ, ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਗੀਤਾਂ ਨਾਲ ਥਰਕਣ ਲੱਗ ਪੈਂਦਾ ਹੈ। ਘੂਕਦੀਆਂ ਕੁੜੀਆਂ ਦੀਆਂ ਚੁੰਨੀਆਂ ਹਵਾ ਵਿਚ ਲਹਿਰਾਉਣ ਲੱਗ ਪੈਂਦੀਆਂ, ਉਨ੍ਹਾਂ ਦੀਆਂ ਗੁੱਤਾਂ ਦੇ ਬੰਬਲ ਨੱਚ ਉਠਦੇ ਹਨ ਤੇ ਉਨ੍ਹਾਂ ਦੀਆਂ ਚੂੜੀਆਂ ਉਨ੍ਹਾਂ ਦੇ ਹਾਸਿਆਂ ਨਾਲ ਇਕ–ਸੁਰ ਹੋ ਕੇ ਇਕ ਸੁਖਾਵਾਂ ਸੰਗੀਤ ਉਤਪੰਨ ਕਰਨ ਲੱਗ ਪੈਂਦੀਆਂ ਹਨ। ਕੁੜੀਆਂ ਗਾਉਂਦੀਆਂ ਹਨ :

                   ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

                   ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।

          ਦੋ–ਦੋ ਕੁੜੀਆਂ ਇਕ ਦੂਜੀ ਨਾਲ ਹੱਥਾਂ ਦੀਆਂ ਕਲੰਘੜੀਆਂ ਪਾ ਕੇ ਤੇ ਆਪਣਾ ਭਾਰ ਪਿਛਾਹਾਂ ਨੂੰ ਸੁੱਟ ਕੇ ਤੇ ਪੈਰਾਂ ਨਾਲ ਪੈਰ ਜੋੜ ਕੇ ਇਕ ਚੱਕਰ ਵਿਚ ਘੂਕਣ ਲੱਗ ਪੈਂਦੀਆਂ ਹਨ। ਇਹੋ ਕਿੱਕਲੀ ਦਾ ਨਾਚ ਹੈ।

          ਪੰਜਾਬੀ ਲੋਕ–ਨਾਚਾਂ ਨੂੰ ਜੀਉਂਦਾ ਜੀਵਨ ਹੈ, ਖ਼ੁਸ਼ੀ ਤੇ ਜੋਸ਼ ਦੇ ਹੜ੍ਹ ਹਨ, ਰਸ ਤੇ ਹੁਲਾਸ ਦੇ ਦਰਿਆ ਹਨ ਕਿਉਂਕਿ ਇਨ੍ਹਾਂ ਦੇ ਨੱਚਣ ਵਾਲੇ ਜਬ੍ਹੇ ਵਾਲੇ ਜੀਉਂਦੇ ਜਾਗਦੇ, ਜੋਸ਼ੀਲੇ ਤੇ ਸੂਰਬੀਰ ਲੋਕ ਹਨ ਅਤੇ ਰਸਿਕ ਪ੍ਰੀਤਾਂ ਨੂੰ ਤੋੜ ਤਕ ਨਿਭਾਉਣ ਵਾਲੇ ਬੰਦੇ ਹਨ।   

 


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗਿੱਧਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਿੱਧਾ : ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦਾ ਸਭ ਤੋਂ ਪਿਆਰਾ ਲੋਕ-ਨਾਚ ਹੈ, ਇਸ ਵਿਚ ਨਰੋਈ ਸਿਹਤ ਵਾਲੀਆਂ ਉੱਚੀਆਂ ਲੰਮੀਆਂ ਪੰਜਾਬੀ ਮੁਟਿਆਰਾਂ ਪੂਰੇ ਜੋਸ਼, ਵਲਵਲੇ, ਤੇਜ਼ੀ ਅਤੇ ਸਾਹਸ ਨਾਲ ਨੱਚਦੀਆਂ ਹਨ। ਸਾਂਦਲ ਬਾਰ ਦੀਆਂ ਜਾਂਲਣਾਂ ਦੇ ਝੁੰਮਰ, ਕੁੱਲੂ ਤੇ ਕਾਂਗੜਾ ਦੀਆਂ ਮੁਟਿਆਰਾਂ ਦੇ ਨਾਟੀ ਅਤੇ ਗੱਦੀ, ਹਰਿਆਨਣਾਂ ਦੇ ਫ਼ਾਗ, ਗੁਜਰਾਤਣਾਂ ਤੇ ਗਰਬੇ ਅਤੇ ਕਸ਼ਮੀਰਨਾਂ ਦੇ ਰੁਫ ਨਾਚ ਨਾਲੋਂ ਵੀ ਪੰਜਾਬਣਾਂ ਦਾ ਗਿੱਧਾ ਵਧੇਰੇ ਪ੍ਰਸਿੱਧ ਹੈ। ਇਨ੍ਹਾਂ ਨਾਚਾਂ ਦੇ ਮੁਕਾਬਲੇ ਗਿੱਧਾ ਪਾਇਆ ਵੀ ਵਧੇਰੇ ਜਿੰਦ-ਜਾਨ ਅਤੇ ਗਰਮਜੋਸ਼ੀ ਨਾਲ ਜਾਂਦਾ ਹੈ। ਪੋਲੇ ਪੋਲੇ ਪੈਰਾਂ ਦੀ ਚਾਲ-ਕਦਮੀ ਦਾ ਇਹ ਨਾਚ ਨਹੀਂ। ਇਹਦੇ ਵਿਚ ਤਾਂ ਲੰਮ-ਸਲੰਮੀਆਂ ਮੁਟਿਆਰਾਂ ਜਦੋਂ ਨੱਚਦੀਆਂ ਹਨ ਤਾਂ ਉਨ੍ਹਾਂ ਦੇ ਸਰੀਰ ਦਾ ਹਰ ਅੰਗ ਆਪਣੀ ਪੂਰੀ ਹਰਕਤ ਵਿਚ ਹੁੰਦਾ ਹੈ ਅਤੇ ਇਕ ਵੇਰ ਤਾਂ ਮੁਟਿਆਰਾਂ ਧਰਤੀ ਪੁੱਟਣ ਵਾਲੀ ਕਰ ਦਿੰਦੀਆਂ ਹਨ। ਸ਼ਾਇਦ ਇਸ ਦੀ ਜ਼ਿੰਦ-ਦਿਲੀ ਕਰਕੇ ਹੀ ਗਿੱਧਾ ਦੇਸ਼ਾਂ-ਪਰਦੇਸ਼ਾਂ ਵਿਚ ਦਿਨ-ਬ-ਦਿਨ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। ਗਿੱਧਾ ਪੰਜਾਬ ਦੀਆਂ ਕੁੜੀਆਂ ਨੂੰ ਜਨਮ ਲੈਣ ਵੇਲੇ ਵਿਰਸੇ ਚੋਂ ਹੀ ਮਿਲਿਆ ਹੁੰਦਾ ਹੈ। ਨਿੱਕੀਆਂ ਨਿੱਕੀਆਂ ਬੱਚੀਆਂ ਦੀ ਕਿੱਕਲੀ, ਗਿੱਧੇ ਦੀ ਸ਼ੁਰੂਆਤ ਹੈ। ਦੋ ਦੋ ਤਿੰਨ ਤਿੰਨ ਸਾਲ ਦੀਆਂ ਬੱਚੀਆਂ ਗਿੱਧੇ ਦੇ ਪਿੜ ਵਿਚ ਤਾੜੀ ਮਾਰੇ ਬਿਨਾਂ ਨਹੀਂ ਰਹਿੰਦੀਆਂ। ਇਸ ਮੌਕੇ ਤੇ ਕੁੜੀਆਂ ਵੱਲੋਂ ਬੋਲੀ ਪਾਈ ਜਾਂਦੀ ਹੈ, ‘ਗਿੱਧਾ ਪਾਓ ਕੁੜੀਓ, ਨਵੀਂ ਸਹੇਲੀ ਆਈ।’ ਭਰ ਜੁਆਨ ਮੁਟਿਆਰਾਂ ਤਾਂ ਗਿੱਧਾ ਪਾਉਣ ਦਾ ਅਥਾਹ ਸ਼ੌਕ ਰੱਖਦੀਆਂ ਹਨ। ਘੰਟਿਆਂ ਬੱਧੀ ਗਿੱਧਾ ਪਾ ਕੇ ਵੀ ਉਨ੍ਹਾਂ ਦਾ ਚਾਅ ਨਹੀਂ ਲਹਿੰਦਾ, ਨੱਚ ਨੱਚ ਕੇ ਚੂਰ ਹੋ ਜਾਣ ਨੂੰ ਉਨ੍ਹਾਂ ਦਾ ਜੀਅ ਕਰਦਾ ਹੈ। ਉਨ੍ਹਾਂ ਦਾ ਇਹ ਸ਼ੌਕ ਟੱਪਿਆਂ ਤੋਂ ਜ਼ਾਹਿਰ ਹੁੰਦਾ ਹੈ––

          ਧਰਤੀ ਨੂੰ ਕਲੀ ਕਰਾਦੇ ਨੱਚੂੰਗੀ ਸਾਰੀ ਰਾਤ ਵੇ।

          ਨੀ ਮੈਨੂੰ ਦਿਓਰ ਦੇ ਵਿਆਹ ਵਿਚ ਨੱਚ ਲੈਣ ਦੇ,

          ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ।

          ਇਨ੍ਹਾਂ ਸਹਿਜ-ਸੁਭਾਅ ਤੇ ਆਪ-ਮੁਹਾਰੇ ਕੁਦਰਤੀਪਣ ਵਿਚ ਗਾਈਆਂ ਬੋਲੀਆਂ ਤੋਂ ਵੀਰ ਤੇ ਭੈਣ, ਮਾਂ ਤੇ ਧੀ, ਧੀ ਤੇ ਪਿਓ, ਸੱਸ ਤੇ ਨੂੰਹ, ਦਿਉਰ ਤੇ ਭਰਜਾਈ, ਸਾਲੀ ਤੇ ਜੀਜਾ ਵਿਆਹੀ ਮੁਟਿਆਰ ਤੇ ਉਸਦੇ ਕੰਤ ਅਤੇ ਸਹੇਲੀਆਂ ਦੇ ਆਪਸੀ ਰਿਸ਼ਤੇ ਦੀ ਸੰਜੀਦਗੀ ਅਤੇ ਨੇੜਤਾ ਦੇ ਵਖਰੇਵੇਂ ਦਾ ਪਤਾ ਸਾਨੂੰ ਭਲੀ-ਭਾਂਤ ਲਗਦਾ ਹੈ। ਗਿੱਧੇ ਦੇ ਨੱਚਣ ਨੂੰ ਗਿੱਧਾ ਪਾਉਣਾ ਕਹਿੰਦੇ ਹਨ। ਇਸ ਵਿਚ ਦੋਹਾਂ ਹੱਥਾਂ ਨਾਲ ਤਾੜੀ ਮਾਰ-ਮਾਰ ਕੇ ਤਾਲ ਪੈਦਾ ਕੀਤਾ ਜਾਂਦਾ ਹੈ ਅਤੇ ਜਦੋਂ ਇਸ ਤਾਲ ਨਾਲ ਨੱਚਿਆ ਜਾਂਦਾ ਹੈ ਤਾਂ ਇਸਨੂੰ ਗਿੱਧਾ ਪਾਉਣਾ ਕਹਿੰਦੇ ਹਨ। ਗਿੱਧਾ ਪਾਉਣ ਵੇਲੇ ਕੁੜੀਆਂ ਅਤੇ ਔਰਤਾਂ ਇਕ ਘੇਰੇ ਵਿਚ ਖੜ੍ਹੀਆਂ ਹੋ ਜਾਂਦੀਆਂ ਹਨ। ਇਨ੍ਹਾਂ ਵਿਚ ਇਕ ਕੁੜੀ ਘੇਰੇ ਦੇ ਅੰਦਰਲੇ ਪਾਸੇ ਢੋਲਕੀ ਜਾਂ ਘੜਾ ਲੈ ਕੇ ਬੈਠ ਜਾਂਦੀ ਹੈ। ਢੋਲਕੀ ਵਜਦੀ ਹੈ ਤਾਂ ਇਕ ਕੁੜੀ ਘੇਰੇ ਵਿਚ ਆ ਕੇ ਬੋਲੀ ਪਾਉਂਦੀ ਹੈ ਅਤੇ ਚਾਰੇ ਪਾਸੇ ਘੁੰਮਦੀ ਹੈ ਤਾਂ ਜੋ ਸਾਰੀਆਂ ਔਰਤਾ ਉਸਨੂੰ ਵੇਖ ਸਕਣ। ਘੇਰੇ ਵਿਚ ਖੜ੍ਹੀਆਂ ਸਾਰੀਆਂ ਕੁੜੀਆਂ ਟੱਪੇ ਨੂੰ ਚੁੱਕ ਲੈਦੀਆਂ ਹਨ ਅਤੇ ਆਪਣੇ ਹੱਥਾਂ ਨਾਲ ਤਾਲ ਦਿੰਦੀਆਂ ਹਨ। ਇਸ ਤਰ੍ਹਾਂ ਬੋਲੀ ਦੇ ਚੁੱਕਣ ਸਾਰ ਹੀ ਕੋਈ ਦੋ ਕੁੜੀਆਂ ਘੇਰੇ ਵਿਚਕਾਰ ਨੱਚਣ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਪਿੜ ਵਿਚ ਬੋਲੇ ਜਾਂਦੇ ਬੋਲੀ ਦੇ ਬੋਲ, ਨੱਚਣ ਵਾਲੀਆਂ ਦੀ ਝਾਂਜਰ ਦੀ ਛਣਕਾਰ, ਪੈਰਾਂ ਦੀ ਧਮਕ, ਢੋਲਕੀ ਤੇ ਘੜੇ ਦੀ ਤਾਲ ਦੇ ਨਾਲ ਰਲਵੀਂ ਤਾਲ ਵਿਚ ਵਜਦੀਆਂ ਤਾੜੀਆਂ ਦੀ ਹੌਲੀ ਤੇ ਤੇਜ਼ ਹੁੰਦੀ ਆਵਾਜ਼ ਵਿਚ ਕਦੇ ਕਦਾਈਂ ਉਡਦੇ ਰੰਗ-ਬਰੰਗੇ ਦੁਪੱਟਿਆਂ ਦੀ ਲਿਸ਼ਕ ਸਮੇਂ ਨੂੰ ਬੰਨ੍ਹ ਕੇ ਰੱਖ ਦਿੰਦੀ ਹੈ। ਜਦ ਤੱਕ ਪਿੜ ਬੋਲੀ ਚੁੱਕੀ ਰੱਖਦਾ ਹੈ ਤਦ ਤੱਕ ਇਹ ਜੋੜੀ ਨੱਚਦੀ ਰਹਿੰਦੀ ਹੈ ਤੇ ਫਿਰ ਗਿੱਧੇ ਦੇ ਪਿੜ ਵਿਚਲੀਆਂ ਔਰਤਾਂ ਵਿਚ ਮਿਲ ਜਾਂਦੀ ਹੈ। ਇਸ ਤਰ੍ਹਾਂ ਫਿਰ ਕੋਈ ਹੋਰ ਕੁੜੀ ਵਿਚਕਾਰ ਆਕੇ ਬੋਲੀ ਪਾਉਂਦੀ ਹੈ ਤੇ ਕੋਈ ਹੋਰ ਦੋ ਕੁੜੀਆਂ ਆ ਕੇ ਨੱਚਦੀਆਂ ਹਨ। ਇਸ ਤਰ੍ਹਾਂ ਇਹ ਸਿਲਸਿਲਾ ਘੰਟਿਆਂ ਬੱਧੀ ਚਲਦਾ ਰਹਿੰਦਾ ਹੈ। ਵੈਸੇ ਤਾਂ ਗਿੱਧਾ ਖੁਸ਼ੀ ਦੇ ਹਰ ਮੌਕੇ ਤੇ ਹੀ ਪਾਇਆ ਜਾ ਸਕਦਾ ਹੈ ਪਰ ਵਿਆਹ, ਮੰਗਣੇ, ਮੁੰਡੇ ਦੇ ਜਨਮ, ਲੋਹੜੀ ਅਤੇ ਤੀਆਂ ਆਦਿ ਤੇ ਗਿੱਧਾ ਪਾਉਣ ਦਾ ਖ਼ਾਸ ਰਿਵਾਜ ਹੈ।

          ਤੀਆਂ ਦਾ ਗਿੱਧਾ ਸਾਉਣ ਦੇ ਮਹੀਨੇ ਇਕ ਤਿਉਹਾਰ ਦੇ ਰੂਪ ਵਿਚ ਪਾਇਆ ਜਾਂਦਾ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਸੁਦੀ ਪੱਖ ਦੀ ਤੀਜੀ ਤਿਥ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਚਲਦਾ ਹੈ। ਇਨ੍ਹਾਂ ਬਾਰਾਂ ਦਿਨਾਂ ਵਿਚ ਦਿਨ ਢਲੇ ਪਿੰਡਾਂ ਦੀਆਂ ਕੁੜੀਆਂ ਤੇ ਔਰਤਾਂ ਆਪਣੇ ਆਪਣੇ ਘਰਾਂ ਦੇ ਕੰਮਾਂ-ਕਾਰਾਂ ਤੋਂ ਛੇਤੀ ਛੇਤੀ ਵਿਹਲੀਆਂ ਹੋ ਕੇ ਪਿੰਡ ਦੀ ਸੱਥ ਵਿਚ ਬੋਹੜ, ਪਿੱਪਲ ਜਾਂ ਕਿਸੇ ਸਾਂਝੀ ਥਾਂ ਤੇ ਹੋਰਨਾਂ ਬਿਰਛਾਂ ਦੀ ਛਾਵੇਂ ਇਕੱਠੀਆਂ ਹੋ ਕੇ ਰੱਜਵਾਂ ਗਿੱਧਾ ਪਾਉਂਦੀਆਂ ਹਨ। ਚੰਨ-ਚਾਨਣੀ ਰਾਤ ਵਿਚ ਵੀ ਕਿਸੇ ਸਾਂਝੇ ਘਰ ਵਿਚ ਇਹ ਗਿੱਧਾ ਪਾਇਆ ਜਾਂਦਾ ਹੈ। ਹਰ ਨਵੀਂ ਵਿਆਹੀ ਕੁੜੀ ਇਸ ਤਿਓਹਾਰ ਤੇ ਪੇਕੇ ਘਰ ਜ਼ਰੂਰ ਆਉਂਦੀ ਹੈ।

          ਤੀਆਂ ਦੇ ਗਿੱਧੇ ਦਾ ਇਕ ਖ਼ਾਸ ਰੂਪ ਹੈ ਬੱਲ੍ਹੋ। ਇਹ ਤੀਆਂ ਵਿਛੜਨ (ਅਖੀਰਲੇ) ਵਾਲੇ ਦਿਨ ਪਾਈ ਜਾਂਦੀ ਹੈ। ਇਹ ਨਜ਼ਾਰਾ ਅਤਿ ਮਨੋਹਰ ਹੁੰਦਾ ਹੈ। ਬੱਲ੍ਹੋ-ਗਿੱਧੇ ਵਿਚ ਕੇਵਲ ਸਰੂ-ਕੱਦ ਸ਼ਾਦੀ-ਸ਼ੁਦਾ ਮੁਟਿਆਰਾਂ ਹੀ ਭਾਗ ਲੈ ਸਕਦੀਆਂ ਹਨ। ਪੰਜਾਬ ਵਿਚ ਬੱਲ੍ਹੋ ਪਾਉਣ ਦਾ ਰਿਵਾਜ ਕੁਝ ਕੁ ਵੱਡੇ ਵੱਡੇ ਪਿੰਡਾਂ ਵਿਚ ਹੈ। ਹਾਕੀ ਦੀ ਖੇਡ ਵਾਂਗ ਇਸ ਵਿਚ ਵੀ ਗਿਆਰਾਂ ਗਿਆਰਾਂ ਲੜਕੀਆਂ ਦੋ ਹਿੱਸਿਆਂ ਵਿਚ ਵੰਡੀਆਂ ਜਾਂਦੀਆਂ ਹਨ। ਇਨ੍ਹਾਂ ਸਭਨਾ ਦੇ ਤੇੜ ਰੰਗ ਬਰੰਗੇ ਘੱਗਰੇ ਪਾਏ ਜਾਂਦੇ ਹਨ ਅਤੇ ਗਹਿਣਿਆਂ ਨਾਲ ਲੱਦੀਆਂ ਹੁੰਦੀਆਂ ਹਨ। ਗਿਆਰਾਂ ਲੜਕੀਆਂ ਇਕ ਦੂਜੇ ਦੀ ਬਾਂਹ ਵਿਚ ਬਾਂਹ ਪਾ ਕੇ ਕਤਾਰ ਬਣਾ ਕੇ ਇਕ ਪਾਸੇ ਖੜ੍ਹੀਆਂ ਹੋ ਜਾਂਦੀਆਂ ਹਨ। ਤਕਰੀਬਨ ਸੌ ਕੁ ਫੁੱਟ ਦੀ ਵਿੱਥ ਉਤੇ ਇਸੇ ਤਰ੍ਹਾਂ ਦੂਜੀ ਟੋਲੀ ਇਨ੍ਹਾਂ ਵੱਲ ਮੂੰਹ ਕਰਕੇ ਅਤੇ ਬਾਹ ਅਤੇ ਬਾਂਹ ਪਾ ਕੇ ਖੜ੍ਹੀ ਹੋ ਜਾਂਦੀ ਹੈ। ਇਸ ਦਾ ਭਾਵ ਤੀਆਂ ਦਾ ਵਿਆਹ ਕਰਕੇ ਸਾਲ ਭਰ ਵਾਸਤੇ ਸਹੁਰੇ ਭੇਜਣ ਤੋਂ ਹੁੰਦਾ ਹੈ। ਇਕ ਟੋਲੀ ਮੁੰਡੇ ਦਾ ਪੱਖ ਪੂਰਦੀ ਹੈ ਤੇ ਦੂਜੀ ਟੋਲੀ ਕੁੜੀ ਦਾ। ਮੁੰਡੇ ਵਾਲੀ ਟੋਲੀ ਦੀਆਂ ਕੁੜੀਆਂ ਕਤਾਰ ਵਿਚ ਹੀ ਗਿੱਧਾ ਪਾਉਂਦੀਆਂ ਕੁੜੀ ਵਾਲੀ ਟੋਲੀ ਕੋਲ ਪਹੁੰਚਦੀਆਂ ਹਨ ਤੇ ਉਥੋਂ ਪੁੱਠੇ ਪੈਰੀਂ ਗਿੱਧਾ ਪਾਉਂਦੀਆਂ ਅਤੇ ਗਾਉਂਦੀਆਂ ਆਪਣੀ ਪਹਿਲੀ ਥਾਂ ਉੱਤੇ ਆ ਖੜ੍ਹਦੀਆਂ ਹਨ। ਉਨ੍ਹਾਂ ਦੇ ਬੋਲ ਇਹ ਹੁੰਦੇ ਹਨ।

          ਦਿਓ ਸਖੀ ਦਾ ਵਿਆਹ ਸੀਸਾ ਲਾਲੜੀਆ……….

          ਇਸ ਟੋਲੀ ਦੇ ਆਪਣੀ ਥਾਂ ਉੱਤੇ ਪਹੁੰਚਣ ਤੋਂ ਬਾਅਦ ਕੁੜੀ-ਪੱਖੀ ਟੋਲੀ ਕਿਸੇ ਤਰ੍ਹਾਂ ਪਹਿਲੀ ਟੋਲੀ ਕੋਲ ਪਹੁੰਚ ਕੇ ਪੁੱਠੇ ਪੈਰੀਂ ਇਹ ਗਾਉਂਦੀ ਅਤੇ ਗਿੱਧਾ ਪਾਉਂਦੀ ਮੁੜਦੀ ਹੈ–

          ਨਾ ਘਰ ਆਟਾ ਨਾ ਘਰ ਲੂਣ         

          ਕੀਕੂੰ ਦੇਈਏ ਸਖੀ ਦਾ ਵਿਆਹ ਸੀਸਾ ਲਾਲੜੀਆ……..

          ਫਿਰ ਜਵਾਬ ਵਿਚ ਮੁੰਡੇ ਦੇ ਪੱਖ ਦੀ ਟੋਲੀ ਇਹ ਕਹਿੰਦੀ ਜਾਂਦੀ ਅਤੇ ਆਉਂਦੀ ਹੈ …….ਆਟਾ ਵੀ ਦੇਵਾਂਗੇ ਲੂਣ ਵੀ ਦੇਵਾਂਗੇ ਦਿਓ ਸਖੀ ਦਾ ਵਿਆਹ ………

          ਇਹ ਸਿਲਸਿਲਾ ਇਸੇ ਤਰ੍ਹਾਂ ਕਾਫ਼ੀ ਦੇਰ ਜਾਰੀ ਰਹਿੰਦਾ ਹੈ ਜਿਸ ਵਿਚ ਵਿਆਹ ਦਾ ਰਾਸ਼ਨ ਪਾਣੀ, ਗਹਿਣੇ, ਕੱਪੜੇ ਆਦਿ ਸਭ ਕੁਝ ਗਿਣਿਆ ਜਾਂਦਾ ਹੈ। ਇਸ ਤੋਂ ਪਿਛੋਂ ਦੋਵੇਂ ਟੋਲੀਆਂ ਇਕ ਦੂਜੇ ਨੂੰ ਮਿਹਣੇ ਤਾਹਨੇ ਦੇਣ ਤੇ ਉੱਤਰ ਆਉਂਦੀਆਂ ਹਨ। ਇਹ ਸਭ ਕੁਝ ਗਿੱਧਾ ਪਾਉਂਦੇ ਹੋਏ, ਗਾਉਂਦੇ ਹੋਏ ਅਤੇ ਉਸੇ ਤਰ੍ਹਾਂ ਆਉਂਦੇ ਜਾਂਦੇ ਕੀਤਾ ਜਾਂਦਾ ਹੈ।

          ਅਖੀਰ ਵਿਚ ਕਸ਼ਮਕਸ਼ ਵਧ ਜਾਂਦੀ ਹੈ ਤੇ ਮਾਮਲਾ ਹੱਥੋ-ਪਾਈ ਤੇ ਆ ਜਾਂਦਾ ਹੈ। ਮੁੰਡੇ ਵਾਲੀ ਟੋਲੀ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਇਕ ਲੜਕੀ ਨੂੰ ਖਿੱਚ ਕੇ ਅੱਡ ਕਰ ਲਿਆ ਜਾਵੇ ਪਰ ਦੂਜੀ ਟੋਲੀ ਬਚਣ ਦੀ ਕੋਸ਼ਿਸ਼ ਕਰਦੀ ਹੈ। ਜਿਉਂ ਹੀ ਕੋਈ ਕੁੜੀ ਕੁੜੀਆਂ ਵਾਲੀ ਟੋਲੀ ਤੋਂ ਅੱਡ ਹੁੰਦੀ ਹੈ ਤਾਂ ਘੇਰ ਕੇ ਗਿੱਧਾ ਪਾਇਆ ਜਾਂਦਾ ਹੈ ਤੇ ‘ਵਰ੍ਹੇ ਦਿਨਾਂ ਨੂੰ ਫੇਰ ਤੀਆਂ ਤੀਜ ਦੀਆਂ’ ਆਦਿ ਬੋਲੀਆਂ ਤੇ ਗਿੱਧਾ ਪਾ ਕੇ ਤੀਆਂ ਵਿਛੜ ਜਾਂਦੀਆਂ ਹਨ।

          ਵਿਆਹੁਲੇ ਗਿੱਧੇ ਦਾ ਆਪਣਾ ਹੀ ਸੁਆਦ ਹੁੰਦਾ ਹੈ। ਇਸ ਵਿਚ ਕੇਵਲ ਘਰ ਦੀਆਂ ਸੁਆਣੀਆਂ ਜਾਂ ਆਂਢਣਾਂ-ਗੁਆਂਢਣਾਂ ਹੀ ਨਹੀਂ ਸਗੋਂ ਵਿਆਹ ਵਿਚ ਆਈਆਂ ਮੇਲਣਾਂ ਵੀ ਵਧ-ਚੜ੍ਹ ਕੇ ਹਿੱਸਾ ਲੈਦੀਆਂ ਹਨ। ਵਿਆਹ ਵਾਲੇ ਮੁੰਡੇ ਦੇ ਨਾਨਕਿਆਂ ਤੋਂ ਆਏ ਮੇਲ ਦੀ ਆਪਣੀ ਵੱਖਰੀ ਹੀ ਥਾਂ ਹੁੰਦੀ ਹੈ। ਵਿਆਹੁਲੇ ਗਿੱਧੇ ਵਿਚ ਨੱਚਣ ਤੋਂ ਪਹਿਲਾਂ ਪਿੰਡ ਵਿਚ ਜਾਗੋ ਕੱਢਣ ਦਾ ਰਿਵਾਜ ਵੀ ਪ੍ਰਚਲੱਤ ਹੈ। ਕੁੜੀ ਦੇ ਵਿਆਹ ਵਿਚ ਵੀ ਵਿਆਹ ਤੋਂ ਪਹਿਲਾਂ ਤੇ ਕਈ ਥਾਂਈ ਡੋਲੀ ਤੋਰ ਕੇ ਗਿੱਧਾ ਪਾਇਆ ਜਾਂਦਾ ਹੈ। ਮੁੰਡੇ ਦੇ ਵਿਆਹ ਵਿਚ ਬਰਾਤ ਵਾਲੇ ਦਿਨ ਜੰਞ ਚੜ੍ਹਾ ਕੇ ਘਰ ਦੀਆਂ ਔਰਤਾਂ ਤੇ ਮੇਲਣਾਂ (ਪਹਿਲਿਆਂ ਦਿਨਾਂ ਵਿਚ ਜਦੋਂ ਜੰਞ ਰਾਤ ਠਹਿਰਦੀ ਹੁੰਦੀ ਸੀ ਤਾਂ) ਹਨੇਰਾ ਪੈਣ ਤੇ ਪਹਿਰ ਰਾਤ ਤੱਕ ਗਿੱਧਾ ਪਾਉਂਦੀਆਂ ਰਹਿੰਦੀਆਂ ਸਨ ਪਰ ਹੁਣ ਵਿਆਹ ਇਕੋ ਦਿਨ ਵਿਚ ਖ਼ਤਮ ਹੋਣ ਕਰਕੇ ਗਿੱਧਾ ਵੀ ਦਿਨ ਵਿਚ ਹੀ ਪਾਉਣਾ ਸ਼ੁਰੂ ਕਰ ਦਿਤਾ ਹੈ। ਇਸ ਸਮੇਂ ਮਰਦਾਂ ਦੇ ਘਰ ਵਿਚ ਨਾ ਹੋਣ ਕਰਕੇ ਗਿੱਧੇ ਵਿਚ ਕਈ ਤਰ੍ਹਾਂ ਦੇ ਸਵਾਂਗ ਰਚੇ ਜਾਂਦੇ ਹਨ। ਜਿਨ੍ਹਾਂ ਵਿਚ ਸੱਸ, ਸੁਹਰੇ, ਸੌਕਣ, ਜੇਠ, ਦੇਓਰ ਅਤੇ ਅਣਜੋੜ ਵਰ ਦੇ ਸਵਾਂਗ ਮੁੱਖ ਹੁੰਦੇ ਹਨ ਇਨ੍ਹਾਂ ਤੋਂ ਇਲਾਵਾ ਬਣੀਆਂ ਸਾਧਾਂ, ਬੀਨਾ ਵਾਲੇ ਜੋਗੀ, ਫ਼ਰੇਬੀ, ਵਣਜਾਰਾ, ਕਿੱਤਾ-ਕਾਰਾਂ, ਸ਼ਰਾਬੀ ਮਰਦ ਅਤੇ ਨੌਕਰ ਦੇ ਸਵਾਂਗ ਹੀ ਰਚੇ ਜਾਂਦੇ ਹਨ। ਸਵਾਂਗ ਰਚਣ ਵਿਚ ਥੋੜ੍ਹੀ ਵਡੇਰੀ ਉਮਰ ਦੀਆਂ ਔਰਤਾਂ ਜ਼ਿਆਦਾ ਮਾਹਿਰ ਹੁੰਦੀਆਂ ਹਨ। ਉਦਾਹਰਣ ਵਜੋਂ ਇਕ ਔਰਤ ਸਿਰ ਤੇ ਪੱਗ ਬੰਨ੍ਹ ਕੇ ਹੱਥ ਵਿਚ ਸੋਟੀ ਤੇ ਬੋਤਲ ਫੜ ਕੇ ਸ਼ਰਾਬੀ ਮਰਦ ਦਾ ਸਵਾਂਗ ਰਚਦੀ ਤੇ ਉਸ ਦੇ ਨਾਲ ਦੂਸਰੀ ਔਰਤ ਬੋਲੀ ਪਾਉਂਦੀ ਹੈ––

          ਮੇਰਾ ਦਾਰੂ ਪੀਣਾ ਆਇਆ

          ਨੀ ਕੁੰਡਾ ਖੋਲ੍ਹ ਦੇ।

          ਗਿੱਧੇ ਵਿਚ ਹਰ ਕੁੜੀ ਆਪਣੀ ਅਨੋਖੀ ਅਦਾ ਨਾਲ ਨੱਚਦੀ ਹੈ ਅਤੇ ਆਪਣੇ ਸਰੀਰ ਦੀ ਲਚਕ ਆਦਿ ਦਾ ਪ੍ਰਗਟਾਅ ਕਰਦੀ ਹੈ। ਕਦੇ ਕਦੇ ਨੱਚਦੀਆਂ ਕੁੜੀਆਂ ਆਪਣੇ ਦੁਪੱਟੇ ਉੱਪਰ ਉਡਾ ਉਡਾ ਕੇ ਤੇ ਕਦੇ ਘੁੰਡ ਕੱਢ ਕੱਢ ਕੇ ਨੱਚਦੀਆਂ ਹੋਈਆਂ ਤਾਲ ਉੱਤੇ ਉਈ ਉਈ ਆਖ ਕੇ ਪੀਪੂ ਬਲਾਉਂਦੀਆਂ ਹਨ। ਕਦੇ ਕਦੇ ਬੁੱਲ੍ਹਾਂ ਨੂੰ ਬੰਦ ਕਰਕੇ ਫੂਕ ਫੂੰ ਫੂੰ ਦੀ ਆਵਾਜ਼ ਕਢਦੀਆਂ ਹਨ ਜਿਸਨੂੰ ਖਰੂੰਡਾਂ ਬੁਲਾਉਣਾ ਕਹਿੰਦੇ ਹਨ। ਇਹ ਨਾਚ ਇੰਨਾ ਸਰੂਰ-ਭਰਿਆ ਹੁੰਦਾ ਹੈ ਕਿ ਨੱਚਣ ਵਾਲੀਆਂ ਹੀ ਨਹੀਂ ਸਗੋਂ ਪਿੜ ਵਿਚ ਖਲੋਤੀਆਂ ਸਾਰੀਆਂ ਨੱਢੀਆਂ ਹੀ ਮਸਤ ਹੋ ਜਾਂਦੀਆਂ ਹਨ। ਵਿਅਾਹੁਲਾ ਗਿੱਧਾ ਸ਼ੁਰੂ ਕਰਨ ਤੋਂ ਪਹਿਲਾਂ ਘਰ ਦੀਆਂ ਔਰਤਾਂ ਤੇ ਖ਼ਾਸ ਕਰਕੇ ਮੇਲਣਾਂ ਵਿਆਹ ਵਾਲੇ ਘਰ ਦੇ ਚੁਬਾਰੇ ਉੱਤੇ ਚੜ੍ਹ ਕੇ ਗਿੱਧਾ ਪਾਉਂਦੀਆਂ ਹਨ ਅਤੇ ਛੱਜ ਤੋੜਿਆ ਜਾਂਦਾ ਹੈ। ਛੱਜ ਤੇ ਸੋਟੀ ਮਾਰ ਮਾਰ ਕੇ ਆਵਾਜ਼ ਵੀ ਕੀਤੀ ਜਾਂਦੀ ਹੈ ਇਸ ਦਾ ਭਾਵ ਆਂਢੀਆਂ-ਗੁਆਂਢੀਆਂ ਨੂੰ ਗਿੱਧੇ ਤੇ ਆਉਣ ਲਈ ਇਕ ਕਿਸਮ ਦਾ ਸੱਦਾ ਹੁੰਦਾ ਹੈ। ਇਸ ਵਿਚ ਇਕ ਦੂਜੇ ਨੂੰ ਛੇੜਾ-ਛਾੜੀ ਕਰਨ ਲਈ ਨਾਨਕਿਆਂ ਵੱਲੋਂ ਦਾਦਕਿਆਂ ਦੇ ਤੇ ਇਸ ਤੋਂ ਉਲਟ ਬੱਕਰੇ ਵੀ ਬੁਲਾਏ ਜਾਂਦੇ ਹਨ।

          ਗਿੱਧਾ ਪਾਉਂਦਿਆਂ ਕੇਵਲ ਤਾੜੀ ਦੀ ਤਾਲ ਤੇ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਭਾਵਾਂ ਨੂੰ ਪਰਗਟ ਕਰਨ ਲਈ ਇਸ ਦੇ ਨਾਲ ਗਾਇਆ ਵੀ ਜਾਂਦਾ ਹੈ। ਇਨ੍ਹਾਂ ਗੀਤਾਂ ਨੂੰ ਬੋਲੀਆਂ ਕਹਿੰਦੇ ਹਨ। ਇਨ੍ਹਾਂ ਬੋਲੀਆਂ ਦੁਆਰਾ ਕੁੜੀਆਂ ਆਪਣੇ ਮਨ ਦੇ ਪਿਆਰ-ਉਛਾਲ ਨੂੰ ਜਾਂ ਸਮਾਜੀ ਦਬਾਅ ਹੇਠ ਦਬੇ ਹੋਏ ਵਿਚਾਰਾਂ ਨੂੰ ਪਰਗਟ ਕਰਦੀਆਂ ਹਨ। ਇਹ ਬੋਲੀਆਂ ਸਿੱਧੇ-ਸਾਦੇ ਸ਼ਬਦਾਂ ਵਿਚ ਮਨ ਦੇ ਡੂੰਘੇ ਵਲਵਲੇ ਦਸਦੀਆਂ ਹਨ। ਇਨ੍ਹਾਂ ਬੋਲੀਆਂ ਦੇ ਰਚਣਹਾਰਿਆਂ ਦਾ ਪਤਾ ਨਹੀਂ ਹੁੰਦਾ ਪਰ ਇਨ੍ਹਾਂ ਵਿਚੋਂ ਪੰਜਾਬ ਦੇ ਇਤਿਹਾਸ, ਸਭਿਆਚਾਰਕ ਅਤੇ ਆਰਥਕ ਹਾਲਤ ਦੀ ਮੁੱਢ ਤੋਂ ਲੈ ਕੇ ਹੁਣ ਤੱਕ ਦੀ ਤਸਵੀਰ ਜ਼ਰੂਰ ਨਜ਼ਰ ਆਉਂਦੀ ਹੈ। ਇਨ੍ਹਾਂ ਸਹਿਜ-ਸੁਭਾਅ ਤੇ ਆਪ-ਮੁਹਾਰੇ ਕੁਦਰਤੀਪਣ ਵਿਚ ਗਾਈਆਂ ਬੋਲੀਆਂ ਤੋਂ ਵੀਰ ਤੇ ਭੈਣ, ਮਾਂ ਤੇ ਧੀ, ਧੀ ਤੇ ਪਿਓ, ਸੱਸ ਤੇ ਨੂੰਹ, ਦਿਓਰ ਤੇ ਭਰਜਾਈ, ਸਾਲੀ ਤੇ ਜੀਜਾ, ਵਿਆਹੀ ਮੁਟਿਆਰ ਤੇ ਉਸਦੇ ਕੰਤ ਅਤੇ ਸਹੇਲੀਆਂ ਦੇ ਆਪਸੀ ਰਿਸ਼ਤੇ ਦੀ ਸੰਜੀਦਗੀ ਤੇ ਨੇੜਤਾ ਤੇ ਵਖਰੇਵੇਂ ਦਾ ਪਤਾ ਸਾਨੂੰ ਭਲੀ-ਭਾਂਤ ਲਗਦਾ ਹੈ।

          ਬੋਲੀਆਂ ਆਮ ਤੌਰ ਤੇ ਇਕ ਤੁਕੀ ਹੀ ਹੁੰਦੀਆਂ ਹਨ ਪਰ ਇਸ ਦੇ ਸੁਆਦ ਨੂੰ ਲਮਕਾਉਣ ਲਈ ਕਈ ਵਾਰੀ ਇਨ੍ਹਾਂ ਦੇ ਨਾਲ ਪਹਿਲਾਂ ਬੱਲੇ ਬੱਲੇ ਜੋੜ ਲਿਆ ਜਾਂਦਾ ਹੈ ਜਿਵੇਂ ਹੇਠ ਲਿਖੀ ਇਕ ਤੁਕੀ ਬੋਲੀ

          ਤੇਰੇ ਲੌਂਗ ਦਾ ਪਿਆ ਲਿਸ਼ਕਾਰਾ

          ਹਾਲੀਆਂ ਨੇ ਹੱਲ ਛੱਡ ਤੇ।

          ਤੇ ਇਸੇ ਬੋਲੀ ਨੂੰ ਲਮਕਾ ਕੇ ਇਸ ਤਰ੍ਹਾਂ ਵੀ ਪਾਇਆ ਜਾਂਦਾ ਹੈ––

          ਬੱਲੇ ਬੱਲੇ, ਬਈ ਹਾਲੀਆਂ ਨੇ ਹਲ ਛੱਡ ਤੇ

          ਤੇਰੇ ਲੌਂਗ ਦਾ ਪਿਆ ਲਿਸ਼ਕਾਰਾ।

          ਇਨ੍ਹਾਂ ਗੀਤਾਂ ਵਿਚੋਂ ਹੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਵੀ ਇਜ਼ਹਾਰ ਹੁੰਦਾ ਹੈ। ਭੈਣਾਂ ਤੋਂ ਆਪਣੇ ਭਰਾਵਾਂ ਦਾ ਚਾਅ ਨਹੀਂ ਚੁੱਕਿਆ ਜਾਂਦਾ। ਭੈਣ ਆਪਣੇ ਵੀਰ ਤੇ ਫ਼ਖਰ ਕਰਦੀ ਦਸਦੀ ਹੈ :––

          ਠਾਣੇਦਾਰ ਦੇ ਬਰੋਬਰ ਡਹਿੰਦੀ,

          ਕੁਰਸੀ ਮੇਰੇ ਵੀਰ ਦੀ।

          ਅਤੇ ਜਿਸ ਭੈਣ ਦਾ ਵੀਰ ਨਹੀਂ ਹੁੰਦਾ ਉਸਦੀ ਨੱਚਦੀ ਦੀ ਵੀ ਤਾਂਘ ਇਹੀ ਰਹਿੰਦੀ ਤੇ ਦੁਆ ਕਰਦੀ ਹੈ :––

          ਇਕ ਵੀਰ ਦੇਈਂ ਵੀ ਰੱਬਾ,

          ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।

          ਵੀਰ ਨਾਲ ਭੈਣ ਦਾ ਰਿਸ਼ਤਾ ਇੰਨਾ ਸਦੀਵੀ ਤੇ ਚਾਵਾਂ ਭਰਿਆ ਹੁੰਦਾ ਹੈ ਕਿ ਉਸਦੇ ਘਰ ਪੁੱਤਰ ਜੰਮਣ ਤੇ ਵੀ ਉਹ ਗਾਏ ਬਿਨਾਂ ਨਹੀਂ ਰਹਿ ਸਕਦੀ :––

          ਚੰਨ ਚੜ੍ਹਿਆ ਬਾਪ ਦੇ ਵਿਹੜੇ,

          ਵੀਰ ਘਰ ਪੁੱਤ ਜੰਮਿਆ।

          ਜਾਂ ਭਰਾ ਦੇ ਘਰ ਧੀ ਹੋਣ ਤੇ ਵੀ ਕੁੜੀ ਵੱਲੋਂ ਕਹਿੰਦੀ ਹੈ :––

          ਗਿੱਧਾ ਪਾਓ ਕੁੜੀਓ ਨੀ ਮੈਂ ਵੀ ਤੁਰੀ ਆਉਨੀ ਐਂ।

          ਫਿਰ ਜਦੋਂ ਕੁੜੀਆਂ ਥੋੜ੍ਹੀ ਥੋੜ੍ਹੀ ਹੋਸ਼ ਸੰਭਾਲਦੀਆਂ ਹਨ ਤਾਂ ਹਾਣ ਦੀਆਂ ਇਕੱਠੀਆਂ ਹੋ ਕੇ ਬੋਲੀਆਂ ਪਾ ਕੇ ਨੱਚ ਨੱਚ ਵੇਖਦੀਆਂ ਹਨ ਤੇ ਆਪਣੀ ਉਮਰ ਦੇ ਵਲਵਲੇ ਜ਼ਾਹਿਰ ਕਰਨ ਲਈ ਨਿੱਕੀਆਂ ਨਿੱਕੀਆਂ ਬੋਲੀਆਂ ਪਾਉਂਦੀਆਂ ਹਨ।

          ਇਥੇ ਹੀ ਬੱਸ ਨਹੀਂ ਗਿੱਧੇ ਦੇ ਸਾਂਝੇ ਪਿੜ ਵਿਚ ਦਿਲਾਂ ਦਾ ਜੋੜ-ਮੇਲਾ ਵੀ ਹੁੰਦਾ ਹੈ ਤੇ ਜਵਾਨ ਦਿਲਾਂ ਵਿਚ ਆਪਾ ਪਰਗਟ ਕਰਨ ਦੀ ਰੀਝ ਜਾਗ ਉਠਦੀ ਹੈ ਅਤੇ ਜੀਵਨ-ਨਾਟਕ ਦੀਆਂ ਅਮੁੱਕ-ਝਾਕੀਆਂ ਸ਼ਬਦ ਚਿਤਰਾਂ (ਬੋਲੀਆਂ) ਰਾਹੀਂ ਸਹਿਜ-ਸੁਭਾਅ ਹੀ ਖਿੱਚੀਆਂ ਜਾਂਦੀਆਂ ਹਨ ਜੋ ਗੂੜ੍ਹੀ ਸਥਾਨਕ-ਰੰਗਣ ਨਾਲ ਰੰਗੀਆਂ ਹੁੰਦੀਆਂ ਹਨ। ਜਵਾਨੀ ਵਿਚ ਸੋਹਣੇ ਲੱਗਣ ਦਾ ਚਾਅ ਅਤੇ ਸ਼ਿੰਗਾਰ ਕਰਨ ਦੀ ਰੀਝ ਗਿੱਧੇ ਦੀ ਪਿੜ ਵਿਚ ਅਨੇਕਾਂ ਅਜਿਹੀਆਂ ਬੋਲੀਆਂ ਨੂੰ ਜਨਮ ਦਿੰਦੀ ਹੈ :––

          ਮਾਏ ਨੀ ਮਾਏ ਮੈਨੂੰ ਕੁੜਤੀ ਸੁਆ ਦੇ

          ਕੁੜਤੀ ਸੁਆ ਦੇ ਉੱਤੇ ਜੇਬ ਲੁਆ ਦੇ

          ਜੇਬ ਵਿਚ ਡੱਬੀ, ਡੱਬੀ ਵਿਚ ਨਾਗ

          ਨਾਗ ਪਿਆ ਜਾਗ

          ਨਾਗ ਤੋਂ ਮੈਂ ਬਚਗੀ

          ਕਿਸ ਗੱਭਰੂ ਦੇ ਭਾਗ

          ਨਾਗ ਤੋਂ ਮੈਂ ਬਚਗੀ।

          ਆਪਣੀ ਕਲਪਨਾ ਦੇ ਕੰਤ ਦੀ ਇੱਛਾ ਵੀ ਆਪਣੇ ਬਾਬਲ ਨੂੰ ਗਿੱਧੇ ਵਿਚ ਹੀ ਪ੍ਰਗਟਾਉਂਦੀ ਹੈ :––

          ਮਾਝੇ ਸਾਕ ਨਾ ਦਈਂ ਵੇ ਬਾਬਲਾ

          ਮਾਝੇ ਦੇ ਜੱਟ ਬੁਰੇ ਸੁਣੀਂਦੇ

          ਮੱਝਾਂ ਨੂੰ ਪਾਉਂਦੇ ਖਲ ਵੇ

          ਖਲ ਤਾਂ ਸਾਥੋਂ ਕੁੱਟੀ ਨੀ ਜਾਂਦੀ

          ਗੁੱਤੋਂ ਤਾਂ ਲੈਂਦੇ ਫੜ ਵੇ

          ਮੇਰਾ ਉਡੇ ਡੋਰੀਆ

          ਮਹਿਲਾਂ ਵਾਲੇ ਘਰ ਵੇ।

          ਗਿੱਧੇ ਵਿਚ ਕਹੇ ਸਹਿਜ-ਸੁਭਾਅ ਬੋਲਾਂ ਤੋਂ ਵੀ ਖ਼ੂਨ ਦੇ ਰਿਸ਼ਤਿਆਂ ਦੀ ਨੇੜਤਾ ਤੇ ਦੂਰ ਦੇ ਸਬੰਧਾਂ ਦੇ ਸਦੀਵੀ ਤੱਥ ਭਲੀ-ਭਾਂਤ ਸਾਡੇ ਸਾਹਮਣੇ ਆ ਜਾਂਦੇ ਹਨ, ਜਿਵੇਂ :––

          ਛੱਕਾਂ ਪੂਰਦੇ ਅੰਮਾਂ ਦੇ ਜਾਏ, ਚਾਚੇ ਤਾਏ ਮਤਲਬ ਦੇ।

                                      ਜਾਂ

          ਮੇਰੀ ਰੁਲਗੀ ਬਣਾਂ ਦੇ ਵਿਚ ਗਠੜੀ ਸਰਵਣ ਵੀਰ ਬਿਨਾਂ।

          ਨੌਕਰ ਨੂੰ ਨਾ ਦਈਂ ਵੇ ਬਾਬਲਾ

          ਹਾਲੀ ਪੁੱਤ ਬਥੇਰੇ

          ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ

          ਵਿਚ ਪਰਦੇਸੀ ਡੇਰੇ,

          ਨੌਕਰ ਨਾਲੋਂ ਤਾਂ ਐਵੇਂ ਚੰਗੀ,

          ਦਿਨ ਕੱਟ ਲਊਂ ਘਰ ਤੇਰੇ

          ਮੈਂ ਤੈਨੂੰ ਵਰਜ ਰਹੀ ਦਈਂ ਨਾ ਬਾਬਲਾ ਫੇਰੇ….

          ਗਿੱਧਾ ਮੁੱਖ ਤੌਰ ਦੇ ਤਾਂ ਭਾਵੇਂ ਔਰਤਾਂ ਦਾ ਨਾਚ ਹੈ, ਪਰ ਮੇਲਿਆਂ ਆਦਿ ਤੇ ਮੁੰਡੇ ਵੀ ਗਿੱਧਾ ਪਾਉਂਦੇ ਹਨ। ਮੇਲਿਆਂ ਉੱਤੇ ਪਿੰਡਾਂ ਦੀਆਂ ਢਾਣੀਆਂ ਤੇ ਜੱਥੇ ਆਪਣੇ ਵੱਲੋਂ ਵੱਖ ਕਿਸਮ ਦੇ ਲਿਬਾਸਾਂ, ਸ਼ਿੰਗਾਰਾਂ ਤੇ ਸਾਜ਼ਾਂ ਨਾਲ ਸਜੇ ਭੀੜਾਂ ਨੂੰ ਚੀਰਦੇ ਤੇ ਬੱਕਰੇ ਬੁਲਾਉਂਦੇ ਆਉਂਦੇ ਹਨ। ਇਹ ਟੋਲੀਆਂ ਆਮ ਤੌਰ ਤੇ ਮੇਲੇ ਜਾਂਦੇ ਹੋਏ ਛਾਂ ਦਾਰ, ਵੱਡੇ ਵੱਡੇ ਰੁੱਖਾਂ ਹੇਠਾਂ ਜਾਂ ਚੌਂਕਾਂ ਵਿਚ ਜਾਂ ਕਿਸੇ ਦੂਜੇ ਪਿੰਡ ਦੀ ਢਾਣੀ ਨੂੰ ਲੰਘਦੀ ਵੇਖਕੇ ਗਿੱਧਾ ਪਾਉਣ ਲੱਗ ਜਾਂਦੇ ਹਨ। ਔਰਤਾਂ ਦੀਆਂ ਬੋਲੀਆਂ ਦੇ ਉਲਟ, ਇਨ੍ਹਾਂ ਦੀਆਂ ਬੋਲੀਆਂ ਵਿਚ ਆਪੋ ਆਪਣੇ ਪਿੰਡਾਂ ਦੀ ਸ਼ਲਾਘਾ, ਦੂਜੇ ਪਿੰਡ ਦੀ ਨਿਖੇਧੀ, ਔਰਤਾਂ, ਸ਼ਰਾਬ ਦੇ ਮੁਕੱਦਮੇ ਆਦਿ ਦਾ ਜ਼ਿਕਰ ਹੁੰਦਾ ਹੈ।

          ਗਿੱਧੇ ਦੇ ਮੌਜੂਦਾ ਰੂਪਾਂ ਵਿਚ ਮੁੰਡੇ ਤੇ ਕੁੜੀਆਂ ਦੋਵੇਂ ਹੀ ਆਪੋ ਆਪਣੀ ਥਾਂ ਨਵੇਂ ਪ੍ਰਭਾਵ ਗ੍ਰਹਿਣ ਕਰ ਰਹੇ ਹਨ। ਹੁਣ ਦੀਆਂ ਬੋਲੀਆਂ ਵਿਚ ਬਿਜਲੀ, ਪੜ੍ਹਾਈ ਸਫ਼ਾਈ ਆਦਿ ਦਾ ਤੇ ਨਵੀਂ ਜਾਗ੍ਰਿਤੀ ਦਾ ਜ਼ਿਕਰ ਆਮ ਮਿਲਦਾ ਹੈ :––

          ਬਾਰ੍ਹੀ ਬਰਸੀਂ ਖੱਟਣ ਗਿਆ ਸੀ,

          ਖਟ ਕੇ ਲਿਆਂਦੇ ਛੈਣੇ

          ਵਿੱਦਿਆ ਪੜ੍ਹਾ ਦੇ ਬਾਬਲਾ

          ਭਾਵੇਂ ਦੇਈਂ ਨਾ ਦਾਜ ਵਿਚ ਗਹਿਣੇ।

          ਅੰਤ ਵਿਚ ਇਸ ਬਾਰੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਗਿੱਧੇ ਦਾ ਜਨਮ ਸਾਂਝੇ ਵਲਵਲਿਆਂ ਨੂੰ ਇਕੋ ਲੜੀ ’ਚ ਪਰੋਣ ਲਈ ਹੋਇਆ ਤੇ ਇਹ ਗਿੱਧਾ ਦਿਲਾਂ ਦਾ ਇਕ ਸਾਂਝਾ ਪਿੜ ਹੈ। ਇਸ ਪਿੜ ਵਿਚ ਆ ਕੇ ਦਿਲਾਂ ਵਿਚ ਜਾਤਪਾਤ ਤੇ ਊਚ-ਨੀਚ ਦੀਆਂ ਬਹੁਤੀਆਂ ਵਿੱਥਾਂ ਨਹੀਂ ਰਹਿੰਦੀਆਂ। ਇਸੇ ਲਈ ਗਿੱਧੇ ਦੇ ਇਸ ਗੌਰਵ ਨੂੰ ਪਛਾਣਦੇ ਹੋਏ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਜਕਲ੍ਹ ਸਕੂਲਾਂ ਅਤੇ ਕਾਲਜਾਂ ਆਦਿ ਦੇ ਵੱਖ ਵੱਖ ਸਮਾਰੋਹਾਂ ਵਿਚ ਗਿੱਧੇ ਦਾ ਜੋ ਨਵਾਂ ਸਰੂਪ ਵੇਖਣ ਵਿਚ ਆ ਰਿਹਾ ਹੈ। ਉਹ ਪੰਜਾਬਣ ਮੁਟਿਆਰ ਦੇ ਗਿੱਧੇ ਦੇ ਮੌਲਿਕ ਰੂਪ ਤੋਂ ਬਹੁਤ ਵੱਖਰਾ ਹੈ। ਇਸ ਲਈ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਇਸ ਦੇ ਅਸਲੀ ਰੂਪ ਵਿਚ ਸੰਭਾਲਣ ਦੀ ਲੋੜ ਹੈ।

          ਮਰਦਾਂ ਦਾ ਗਿੱਧਾ––ਗਿੱਧਾ ਕੇਵਲ ਔਰਤਾਂ ਦਾ ਨਾਚ ਹੀ ਨਹੀਂ ਪੰਜਾਬ ਵਿਚ ਅਤੇ ਖਾਸ ਕਰਕੇ ਮਾਲਵੇ ਵਿਚ ਇਸ ਨੂੰ ਮਰਦ ਵੀ ਪਾਉਂਦੇ ਹਨ। ਮਰਦ ਵੀ ਤੀਵੀਆਂ ਵਾਂਗ ਵਿਆਹ-ਸ਼ਾਦੀਆਂ ਜਾਂ ਹੋਰ ਜਸ਼ਨਾਂ ਦੇ ਮੌਕਿਆਂ ਤੇ ਹੀ ਗਿੱਧਾ ਨਹੀਂ ਪਾਉਂਦੇ। ਇਹ ਆਮ ਕਰਕੇ ਮੇਲਿਆਂ ਆਦਿ ਉੱਤੇ ਵੀ ਪਾਉਂਦੇ ਹਨ। ਇਸ ਪੱਖੋਂ ਛਪਾਰ ਦਾ ਮੇਲਾ ਮਸ਼ਹੂਰ ਹੈ ਜਿਥੇ ਗਿੱਧੇ ਦੀਆਂ ਕਈ ਕਈ ਟੋਲੀਆਂ ਆਉਂਦੀਆਂ ਹਨ ਅਤੇ ਇਕ ਦੂਜੇ ਦਾ ਮੁਕਾਬਲਾ ਵੀ ਕਰਦੀਆਂ ਹਨ। ਤਕਨੀਕ ਮਰਦਾਂ ਦੇ ਗਿੱਧੇ ਦੀ ਵੀ ਤੀਵੀਆਂ ਵਾਲੇ ਗਿੱਧੇ ਵਾਲੀ ਹੀ ਹੈ। ਉਵੇਂ ਘੇਰਾ ਬੰਨ੍ਹ ਕੇ ਖਲੋਂਦੇ ਹਨ। ਬੋਲੀਆਂ ਪਾਉਂਦੇ ਹਨ ਅਤੇ ਨੱਚਦੇ ਹਨ ਪਰ ਕਈਆਂ ਗੱਲਾਂ ਵਿਚ ਇਹ ਉਸ ਤੋਂ ਵੱਖਰਾ ਹੁੰਦਾ ਹੈ। ਮਰਦਾਂ ਦੇ ਗਿੱਧੇ ਵਿਚ ਬੋਲੀ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਅਤੇ ਬੋਲੀ ਆਮ ਕਰਕੇ ਲੰਬੀ ਪਾਈ ਜਾਂਦੀ ਹੈ ਅਤੇ ਆਖ਼ਰੀ ਟੱਪੇ ਨੂੰ ਲੰਬੇਅਰਸੇ ਲਈ ਗਾਇਆ ਜਾਂਦਾ ਹੈ। ਮਰਦਾਂ ਦੇ ਗਿੱਧੇ ਦੀਆਂ ਬੋਲੀਆਂ ਦੀ ਕਿਸਮ ਲਗਭਗ ਇਕੋ ਜਿਹੀ ਹੀ ਹੁੰਦੀ ਹੈ। ਇਨ੍ਹਾਂ ਵਿਚ ਮੁੰਡਿਆਂ ਦੀ, ਮੁੰਡਿਆਂ ਦੇ ਪਿੰਡ ਦੀ ਸ਼ਕੀਨੀ ਦੀ, ਜਵਾਨੀ ਦੀ, ਵੈਲੀਪੁਣੇ ਆਦਿ ਦੀ ਸਿਫ਼ਤ ਹੀ ਕੀਤੀ ਹੁੰਦੀ ਹੈ। ਮਿਸਾਲ ਲਈ :––

          ਆਰੀ ਆਰੀ ਆਰੀ

          ਮੇਲਾ ਤੇ ਛਪਾਰ ਲਗਦਾ, ਜਿਹੜਾ ਲਗਦਾ ਜਗਤ ਤੋਂ ਭਾਰੀ,

          ਕੱਠ ਮੁਸ਼ਟੰਡਿਆਂ ਦਾ, ਉਥੇ ਬੋਤਲਾਂ ਮੰਗਾਲੀਆਂ ਚਾਲੀ,

          ਤਿੰਨ ਸੇਰ ਸੋਨਾ ਚੁੱਕਿਆ, ਭਾਨ ਚੱਕ ਲੀ ਹੱਟੀ ਦੀ ਸਾਰੀ,

          ਰਤਨ ਸਿੰਘ ਕੱਕੜਾਂ ਦਾ, ਜੀਹ ਤੇ ਚੱਲਗੇ ਮੁਕੱਦਮੇ ਚਾਲੀ,

          ਠਾਣੇਦਾਰ ਤਿੰਨ ਚੜ੍ਹਗੇ ਨਾਲੇ ਪੁਲਿਸ ਚੜ੍ਹੀ ਸਰਕਾਰੀ,

          ਈਸੂ ਧੂਰੀ ਦਾ ਜਿਹੜਾ, ਡਾਂਗ ਦਾ ਬਹਾਦਰ ਭਾਰੀ,

          ਮੰਗੂ ਖੇੜੀ ਦਾ ਪੁੱਠੇ ਹੱਥ ਦੀ ਗੰਡਾਸੀ ਉਹਨੇ ਮਾਰੀ,

          ਠਾਣੇਦਾਰ ਇਉਂ ਡਿੱਗਿਆ, ਜਿਵੇ ਹੱਲ ’ਚੋਂ ਡਿੱਗੇ ਪੰਜਾਲੀ,

          ਕਾਹਨੂੰ ਛੇੜੀ ਸੀ ਨਾਗਾਂ ਦੀ ਪਟਿਆਰੀ

          ..……….ਕਾਹਨੂੰ ਛੇੜੀ ਸੀ………..

          ਦੂਜਾ ਵੱਡਾ ਫ਼ਰਕ ਇਕ ਹੁੰਦਾ ਹੈ ਕਿ ਮਰਦਾਂ ਦੇ ਗਿੱਧੇ ਵਿਚ ਵਧੇਰੇ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਢੋਲ, ਤੂੰਬਾ, ਚਿਮਟਾ, ਇਕਤਾਰਾ, ਬੁਗਧੂ, ਨਗੋਜ਼ਾ, ਸੱਪ ਕਾਟੋ ਆਦਿ ਸਾਰੇ ਸਾਜ਼ ਇਕੱਠੇ ਹੀ ਵਜਾਏ ਜਾਂਦੇ ਹਨ। ਗਿੱਧੇ ਦੀ ਤਾਲ ਢੋਲ ਨਾਲ ਹੀ ਜੁੜੀ ਰਹਿੰਦੀ ਹੈ।

          ਅੱਜ ਕਲ੍ਹ ਮਰਦਾਂ ਦੇ ਗਿੱਧੇ ਦਾ ਰਿਵਾਜ ਬਹੁਤ ਘਟ ਗਿਆ ਹੈ। ਦਿਨ-ਬ-ਦਿਨ ਅਲੋਪ ਹੀ ਹੁੰਦਾ ਜਾ ਰਿਹਾ ਹੈ ਅਤੇ ਇਸ ਦੀ ਥਾਂ ਭੰਗੜਾ ਲਈ ਜਾ ਰਿਹਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗਿੱਧਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗਿੱਧਾ : ਪੰਜਾਬ ਦੇ ਮੈਦਾਨੀ ਇਲਾਕੇ ਦੇ ਲੋਕ-ਨਾਚਾਂ ਵਿਚੋਂ ਗਿੱਧਾ ਸਭ ਤੋਂ ਪ੍ਰਸਿੱਧ ਨਾਚ ਹੈ। ਇਹ ਇਸ ਇਲਾਕੇ ਦਾ ਮੌਲਿਕ ਅਤੇ ਬਹੁਤ ਪ੍ਰਚਲਿਤ ਨਾਚ ਹੈ ਜੋ ਖੁਸ਼ੀ ਦੇ ਮੌਕੇ ਤੇ ਨੱਚਿਆ ਜਾਂਦਾ ਹੈ। ਇਸ ਨੂੰ ਗਿੱਧਾ ਪਾਉਣਾ ਕਿਹਾ ਜਾਂਦਾ ਹੈ। ਵਿਆਹ ਸ਼ਾਦੀ ਦੇ ਸਮੇਂ ਪਾਉਣ ਵਾਲੇ ਗਿੱਧੇ ਨੂੰ ਵਖਰੇਵਾਂ ਦੇਣ ਲਈ ਵਿਆਹੁਲਾ ਗਿੱਧਾ ਕਿਹਾ ਜਾਂਦਾ ਹੈ। ਸਾਵਣ ਦੇ ਮਹੀਨੇ ਤੀਆਂ ਦੇ ਤਿਉਹਾਰ ਸਮੇਂ ਵੀ ਗਿੱਧਾ ਪਾਇਆ ਜਾਂਦਾ ਹੈ। ਵਿਆਹੀਆਂ ਕੁੜੀਆਂ ਆਪਣੇ ਪੇਕੇ ਜਾਂਦੀਆਂ ਹਨ ਤੇ ਤੀਆਂ ਦਾ ਤਿਉਹਾਰ ਇਕੱਠੀਆਂ ਰਲ ਕੇ ਮਨਾਉਂਦੀਆਂ ਹਨ। ਗਿੱਧਾ ਬਹੁਤ ਜ਼ੋਰ ਅਤੇ ਚਾਅ ਨਾਲ ਪਾਇਆ ਜਾਂਦਾ ਹੈ।

ਗਿੱਧਾ ਪਾਉਣ ਵੇਲੇ ਕੁੜੀਆਂ ਪਹਿਲਾਂ ਬੋਲੀਆਂ ਪਾਉਂਦੀਆਂ ਹਨ। ਬੋਲੀ ਪਾਉਣ ਤੋਂ ਬਾਅਦ ਦੋ ਕੁੜੀਆਂ ਤਾੜੀ ਮਾਰ ਕੇ ਨਚਦੀਆਂ ਹਨ। ਬੋਲੀਆਂ ਵਿਚ ਕੁੜੀਆਂ ਦੇ ਮਨ ਦੇ ਡੂੰਘੇ ਵਲਵਲੇ ਪ੍ਰਗਟ ਹੁੰਦੇ ਹਨ। ਕਈ ਬੋਲੀਆਂ ਇਕ ਤੁਕੀ ਹੁੰਦੀਆਂ ਹਨ, ਇਨ੍ਹਾਂ ਨੂੰ ਗਿੱਧੇ ਵਿਚ ਇਸ ਤਰ੍ਹਾਂ ਪਾਇਆ ਜਾਂਦਾ ਹੈ।

         ਬੱਲੇ ਬੱਲੇ, ਬਈ ਯਾਰਾ ਤੇਰਾ ਘੁੱਟ ਭਰ ਲਾਂ,

          ਤੈਨੂੰ ਦੇਖ ਕੇ ਸਬਰ ਨਾ ਆਵੇ,

          ਯਾਰਾ ਤੇਰਾ ਘੁੱਟ ਭਰ ਲਾਂ ।

         ਇਨ੍ਹਾਂ ਤੋਂ ਇਲਾਵਾ ਲੰਬੀਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ, ਜਿਵੇਂ -

          ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ

          ਇਕੋ ਜਹੀਆਂ ਮੁਟਿਆਰਾਂ,

          ਚੰਦ ਦੇ ਚਾਨਣ ਇਉਂ ਚਮਕਦੀਆਂ

           ਜਿਉਂ ਸੋਨੇ ਦੀਆਂ ਤਾਰਾਂ,

            ਗਲੀਂ ਉਨ੍ਹਾਂ ਦੇ ਰੇਸ਼ਮੀ ਕੁੜਤੀਆਂ

            ਤੇੜ ਲੰਮੀਆਂ ਸਲਵਾਰਾਂ,

            ਕੁੜੀਆਂ ਇਉਂ ਨੱਚਣ

             ਜਿਉਂ ਹਿਰਨਾਂ ਦੀਆਂ ਡਾਰਾਂ ।

             ਵਿਆਹ ਸ਼ਾਦੀ ਤੇ ਗਿੱਧਾ ਪਾਉਣ ਵੇਲੇ ਇਉਂ ਬੋਲੀਆਂ ਪਾਈਆਂ ਜਾਂਦੀਆਂ ਹਨ -

              ਕੋਈ ਸੋਨਾ ਕੋਈ ਚਾਂਦੀ,

              ਕੋਈ ਪਿੱਤਲ ਭਰੀ ਪਰਾਂਤ ।

              ਧਰਤੀ ਨੂੰ ਕਲੀ ਕਰਾ ਦੇ ਵੇ,

              ਨਚੂੰਗੀ ਸਾਰੀ ਰਾਤ ।

              ਕੁੜੀਆਂ ਆਪਣੇ ਵਰ ਦੀ ਸ਼ਲਾਘਾ ਕਰਦੀਆਂ ਇਉਂ ਨੱਚਦੀਆਂ ਹਨ-

               ਨੀ ਲਾਲ ਪੌਣਾ, ਨੀ ਹਰਾ ਪੌਣਾ।

               ਮੇਰੇ ਬਾਪ ਦਾ ਜਵਾਈ ਨੀ ਬੜਾ ਸੋਹਣਾ।

               ਗਿੱਧਾ ਪਾਉਣ ਲਈ ਜ਼ਰੂਰੀ ਨਹੀਂ ਕਿ ਕੋਈ ਸਾਜ਼ ਨਾਲ ਹੋਵੇ, ਕੁੜੀਆਂ ਤਾੜੀ ਮਾਰ ਕੇ ਤਾਲ ਦਿੰਦੀਆਂ ਹਨ ਅਤੇ ਨੱਚਣ ਵਾਲੀਆਂ ਉਸੇ ਤਾਲ ਤੇ ਨਚਦੀਆਂ ਹਨ। ਕਦੀ ਕਦੀ ਢੋਲਕੀ ਜਾਂ ਘੜੇ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ। ਕੁੜੀਆਂ ਘੇਰਾ ਬਣਾ ਕੇ ਖੜ੍ਹੀਆਂ ਹੁੰਦੀਆਂ ਹਨ। ਇਕ ਕੁੜੀ ਬੋਲੀ ਪਾਉਂਦੀ ਹੈ, ਬਾਕੀ ਦੀਆਂ ਸਾਰੀਆਂ ਤਾੜੀਆਂ ਮਾਰਦੀਆਂ ਹਨ। ਬੋਲੀ ਦੇ ਅਖੀਰਲੇ ਟੱਪੇ ਨੂੰ ਸਾਰੀਆਂ ਕੁੜੀਆਂ ਚੁੱਕ ਲੈਂਦੀਆਂ ਹਨ ਤੇ ਦੋ ਕੁੜੀਆਂ ਵਿਚਕਾਰ ਆ ਕੇ ਨਚਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਜਦੋਂ ਕੁੜੀਆਂ ਟੱਪਾ ਬੋਲਣਾ ਬੰਦ ਕਰਦੀਆਂ ਹਨ ਤਾਂ ਨਾਲ ਹੀ ਨੱਚਣ ਵਾਲੀਆਂ ਕੁੜੀਆਂ ਵੀ ਘੇਰੇ ਵਿਚ ਵਾਪਸ ਆ ਜਾਂਦੀਆ ਹਨ।

ਗਿੱਧੇ ਵਿਚ ਨੱਚਣ ਵਾਲੀਆਂ ਕੁੜੀਆਂ ਆਪਦੇ ਸਰੀਰ ਦੀ ਲਚਕ ਦਿਖਾਉਂਦੀਆਂ ਹਨ। ਨਚਦੇ ਨਚਦੇ ਸਰੀਰ ਨੂੰ ਵਲ ਦੇਣਾ, ਬਾਹਾਂ ਨੂੰ ਉਲਾਰ ਕੇ ਹਿਲਾਉਣਾ, ਤਾੜੀ ਮਾਰਦੇ ਹੋਏ ਨੀਵੇਂ ਹੋ ਕੇ ਨੱਚਣਾ, ਘੁੰਡ ਕੱਢ ਕੇ ਨਚਣਾ ਆਦਿ ਗਿੱਧੇ ਦੇ ਖ਼ਾਸ ਲੱਛਣ ਹਨ। ਕਦੀ ਕਦਾਈਂ ਕੁੜੀਆਂ ਦੋਵੇਂ ਬੁੱਲ੍ਹਾਂ ਨੂੰ ਬੰਦ ਕਰ ਕੇ ਫੂਕ ਮਾਰ ਕੇ ਅਵਾਜ਼ ਕੱਢਦੀਆਂ ਹਨ। ਇਸ ਨੂੰ ‘ਖਰੂੰਡਾ ਬੁਲਾਉਣਾ’ ਵੀ ਕਿਹਾ ਜਾਂਦਾ ਹੈ। ਗਿੱਧਾ ਕੇਵਲ ਕੁੜੀਆਂ ਦਾ ਹੀ ਨਾਚ ਨਹੀ ਸਗੋਂ ਮਰਦ ਵੀ ਗਿੱਧਾ ਪਾਉਂਦੇ ਹਨ। ਮਰਦ ਗਿੱਧੇ ਵਿਚ ਹਰ ਤਰ੍ਹਾਂ ਦੇ ਸਾਜ਼ਾਂ ਦੀ ਵਰਤੋਂ ਕਰਦੇ ਹਨ ਜਿਵੇਂ ਤੂੰਬਾ, ਕਾਟੋ, ਸੱਪ, ਚਿਮਟਾ, ਇਕਤਾਰਾ, ਅਲਗੋਜ਼ੇ ਆਦਿ ਸਭ ਵਰਤੇ ਜਾਂਦੇ ਹਨ। ਢੋਲ ਅਤੇ ਢੋਲਕੀ ਦੀ ਵਰਤੋਂ ਬਹੁਤ ਹੁੰਦੀ ਹੈ। ਮਰਦਾਂ ਦਾ ਇਹ ਗਿੱਧਾ ਭੰਗੜੇ ਨਾਲੋਂ ਇਸ ਪੱਖੋਂ ਵੱਖਰਾ ਹੁੰਦਾ ਹੈ ਕਿ ਇਸ ਵਿਚ ਸਰੀਰਕ ਕਿਰਿਆਵਾਂ ਦੀ ਥਾਂ ਬੋਲੀਆਂ ਪਾਉਣ ਤੇ ਵਧੇਰੇ ਜ਼ੋਰ ਹੁੰਦਾ ਹੈ।

ਪਿਛਲੇ ਕੁਝ ਸਮਿਆਂ ਤੋਂ ਸਕੂਲਾਂ ਅਤੇ ਕਾਲਜਾਂ ਦੇ ਮੇਲਿਆਂ ਉੱਤੇ ਵੀ ਗਿੱਧੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਦੂਰਦਰਸ਼ਨ ਅਤੇ ਪੰਜਾਬੀ ਫਿਲਮਾਂ ਵਿਚ ਵੀ ਗਿੱਧੇ ਨੂੰ ਵਿਸ਼ੇਸ਼ ਸਥਾਨ ਹਾਸਲ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-08-03-02-43, ਹਵਾਲੇ/ਟਿੱਪਣੀਆਂ: ਹ. ਪੁ. -ਪੰ. -ਰੰਧਾਵਾ; 118, ਪੰ. ਲੋ. ਵਿ. ਕੋ. -ਵਣਜਾਰਾ ਬੇਦੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.