ਗੋਬਿੰਦਗੜ੍ਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਬਿੰਦਗੜ੍ਹ. ਦੇਖੋ, ਕਮਲਾਹਗੜ੍ਹ।

੨ ਕਲਗੀਧਰ ਦੇ ਨਾਮ ਪੁਰ ਮਹਾਰਾਜਾ ਰਣਜੀਤ ਸਿੰਘ ਦਾ ਅਮ੍ਰਿਤਸਰ ਸ਼ਹਿਰ ਤੋਂ ਬਾਹਰ ਬਣਵਾਇਆ ਇੱਕ ਕਿਲਾ. ਇਹ ਸਨ ੧੮੦੫-੯ ਵਿੱਚ ਤਿਆਰ ਹੋਇਆ ਹੈ. ਦੇਖੋ, ਅਮ੍ਰਿਤਸਰ।

੩ ਭਟਿੰਡੇ ਦਾ ਕਿਲਾ. ਮਹਾਰਾਜਾ ਕਰਮ ਸਿੰਘ ਪਟਿਆਲਾਪਤਿ ਨੇ ਦਸ਼ਮੇਸ਼ ਦੇ ਨਾਉਂ, ਪੁਰ ਇਸ ਕਿਲੇ ਦੀ ਇਹ ਸੰਗ੍ਯਾ ਥਾਪੀ

ਪਿੰਡ ਦੌਧਰ (ਜਿਲਾ ਫ਼ਿਰੋਜ਼ਪੁਰ ਤਸੀਲ ਥਾਣਾ ਮੋਗਾ) ਤੋਂ ਉੱਤਰ ਦਿਸ਼ਾ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇੱਕੋ ਗੁਰਦ੍ਵਾਰਾ ਹੈ. ਇੱਥੇ ੧ ਅਕਤੂਬਰ ਸਨ ੧੯੧੪ ਨੂੰ ਜ਼ਮੀਨ ਵਿੱਚੋਂ ਦੋ ਤਾਂਬੇ ਦੇ ਪਤ੍ਰ ਨਿਕਲੇ. ਪਹਿਲੇ ਪੁਰ ਇੱਕ ਪਾਸੇ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ. “ਨਾਨਕ ਤਪਾ ਈਹਾਂ ਰਮੇ” ਦੂਜੇ ਪਾਸੇ “ਪਹਿਲੀ ਪਾਤਸ਼ਾਹੀ ਛੇਮੀ ਆਏ.” ਦੂਜਾ ਮੁਹਰ ਦੀ ਸ਼ਕਲ ਦਾ ਹੈ, ਜਿਸ ਪੁਰ “ਨਾਨਕ” ਲਿਖਿਆ ਹੋਇਆ ਹੈ. ਸੰਗਤਿ ਨੇ ਪ੍ਰੇਮਭਾਵ ਨਾਲ ਗੁਰਦ੍ਵਾਰਾ ਪ੍ਰਸਿੱਧ ਕੀਤਾ. ਅਕਾਲੀ ਸਿੰਘ ਪਿੰਡ ਵਾਲੇ ਸੇਵਾ ਕਰਦੇ ਹਨ. ਗੁਰਦ੍ਵਾਰੇ ਨਾਲ ਪੰਜ ਕਨਾਲ ਜ਼ਮੀਨ ਹੈ. ਰੇਲਵੇ ਸਟੇਸ਼ਨ ਅਜਿੱਤਵਾਲ ਤੋਂ ਚਾਰ ਮੀਲ ਪੱਛਮ ਕੱਚਾ ਰਸਤਾ ਹੈ।

ਰਿਆਸਤ ਨਾਭਾ , ਨਜਾਮਤ, ਤਸੀਲ ਅਤੇ ਥਾਣਾ ਅਮਲੋਹ ਦਾ ਇੱਕ ਪਿੰਡ, ਜਿਸ ਦੇ ਨਾਉਂ ਪੁਰ ਮੰਡੀ ਗੋਬਿੰਦਗੜ੍ਹ ਹੈ. ਇਸ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਰਣ ਪਾਏ ਹਨ. ਪਹਿਲੇ ਮੰਜੀ ਸਾਹਿਬ ਹੀ ਸੀ, ਪਰ ਸੰਮਤ ੧੯੭੯ ਤੋਂ ਪੱਕਾ ਗੁਰਦ੍ਵਾਰਾ ਬਣ ਰਿਹਾ ਹੈ. ਰੇਲਵੇ ਸਟੇਸ਼ਨ ਗੋਬਿੰਦਗੜ੍ਹ ਤੋਂ ਪੂਰਵ ਇੱਕ ਫਰਲਾਂਗ ਦੇ ਅੰਦਰ ਹੀ ਹੈ. ਹੋਲੇ ਨੂੰ ਮੇਲਾ ਹੁੰਦਾ ਹੈ। ੬ ਦੇਖੋ, ਰਾਣਵਾਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਬਿੰਦਗੜ੍ਹ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੋਬਿੰਦਗੜ੍ਹ (ਕਿਲ੍ਹਾ) :ਅੰਮ੍ਰਿਤਸਰ ਨਗਰ ਵਿਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਉਸਰਵਾਇਆ ਇਕ ਕਿਲ੍ਹਾ ਜੋ ਭੰਗੀ ਮਿਸਲ ਦੇ ਸ. ਗੁਜਰ ਸਿੰਘ ਵਲੋਂ ਬਣਵਾਈ ਇਕ ਗੜ੍ਹੀ ਦੇ ਥੇਹ ਉਤੇ ਕਾਇਮ ਕੀਤਾ ਗਿਆ ਅਤੇ ਇਸ ਦਾ ਨਾਂ ਦਸਮ ਗੁਰੂ ਜੀ ਦੇ ਨਾਂ ਨਾਲ ਸੰਬੰਧਿਤ ਕੀਤਾ ਗਿਆ। ਸੰਨ 1805 ਈ. ਤੋਂ 1809 ਈ. ਤਕ ਚਾਰ ਸਾਲ ਇਸ ਦੀ ਉਸਾਰੀ ਚਲਦੀ ਰਹੀ। ਸ. ਸ਼ਮੀਰ ਸਿੰਘ ਨੂੰ ਇਸ ਦਾ ਪਹਿਲਾ ਕਿਲ੍ਹੇਦਾਰ ਨਿਯੁਕਤ ਕੀਤਾ ਗਿਆ। ਇਸ ਕਿਲ੍ਹੇ ਅੰਦਰ ਸਿੱਕਿਆਂ ਦੀ ਟਕਸਾਲ ਤੋਂ ਇਲਾਵਾ ਖ਼ਜ਼ਾਨਾ, ਅਸਲਾ- ਖ਼ਾਨਾ , ਸ਼ਾਹੀ ਅਸਤਬਲ ਅਤੇ ਘੋੜਸਵਾਰ ਸੈਨਿਕ ਰਹਿੰਦੇ ਸਨ। ਫ਼ਕੀਰ ਇਮਾਮਉੱਦੀਨ ਵੀ ਕਾਫ਼ੀ ਸਮੇਂ ਤਕ ਇਸ ਦਾ ਵਿਵਸਥਾਪਕ ਰਿਹਾ ਸੀ। ਇਸ ਵਿਚ ਜੰਗੀ ਕੈਦੀਆਂ ਨੂੰ ਵੀ ਬੰਦ ਕੀਤਾ ਜਾਂਦਾ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੋਬਿੰਦਗੜ੍ਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੋਬਿੰਦਗੜ੍ਹ : ਇਸ ਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਕਈ ਕਿਲੇ ਹਨ––1. ਹਿਮਾਚਲ ਪ੍ਰਦੇਸ਼ ਰਾਜ ਦੇ ਮੰਡੀ ਸ਼ਹਿਰ ਤੋਂ ਲਗਭਗ 40 ਕਿ. ਮੀ. (24 ਮੀਲ) ਉੱਤਰ ਵੱਲ ਨੂੰ ਸਥਿਤ ਕਮਲਾਹਗੜ੍ਹ ਨਾਂ ਦੇ ਪਿੰਡ ਅਤੇ ਕਿਲੇ (ਜਿਥੇ ਦਸ਼ਮੇਸ਼ ਜੀ ਕੁਝ ਸਾਲ ਠਹਿਰੇ) ਦੇ ਪਾਸ ਹੀ ਇਹ ਕਿਲਾ ਹੈ ਜਿਸ ਨੂੰ ਰਿਆਸਤ ਮੰਡੀ ਦੇ ਰਾਜੇ ਨੇ ਬਣਵਾਇਆ ਸੀ।

          2. ਪੰਜਾਬ ਰਾਜ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰਵਾਰ ਕਲਗੀਧਰ ਦੇ ਨਾਮ ’ਤੇ ਮਹਾਰਾਜਾ ਰਣਜੀਤ ਸਿੰਘ ਦਾ ਬਣਵਾਇਆ ਇਹ ਇਕ ਪ੍ਰਸਿੱਧ ਕਿਲਾ ਹੈ। ਇਹ ਕਿਲਾ ਸੰਨ 1805-09 ਵਿਚ ਤਿਆਰ ਹੋਇਆ।

          3. ਪੰਜਾਬ ਰਾਜ ਦੇ ਜ਼ਿਲ੍ਹਾ ਬਠਿੰਡਾ ਦਾ ਸਦਰ-ਮੁਕਾਮ, ਬਠਿੰਡੇ ਵਿਚ ਬਣੇ ਹੋਏ ਬਠਿੰਡੇ ਦੇ ਕਿਲੇ ਨੂੰ ਮਹਾਰਾਜਾ ਕਰਮ ਸਿੰਘ ਪਟਿਆਲਾਪਤੀ ਨੇ ਦਸ਼ਮੇਸ਼ ਜੀ ਦੇ ਨਾਂ ’ਤੇ ਇਹ ਸੰਗਿਆ ਥਾਪੀ।

          4. ਪੰਜਾਬ ਰਾਜ ਦੇ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਤੇ ਥਾਣਾ ਮੋਗਾ ਦੇ ਪਿੰਡ ਦੋਪਰ ਤੋਂ ਅੱਧ ਮੀਲ ਦੇ ਕਰੀਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਇਥੇ ਗੁਰਦੁਆਰਾ ਹੈ। ਇਥੇ ਅਕਤੂਬਰ, 1914 ਨੂੰ ਜ਼ਮੀਨ ਵਿਚੋਂ ਦੋ ਤਾਂਬੇ ਦੇ ਪਤ੍ਰ ਨਿਕਲੇ, ਪਹਿਲੇ ਉਪਰ ਇਕ ਪਾਸੇ ਗੁਰਮੁਖੀ ਅੱਖਰਾਂ ਵਿਚ ਲਿਖਿਆ ਹੋਇਆ ਹੈ––

“ਨਾਨਕ ਤਪਾ ਈਹਾ ਰਮੇ”

          ਦੂਜੇ ਪਾਸੇ

“ਪਹਿਲੀ ਪਾਤਸ਼ਾਹੀ ਛੇਮੀ ਆਏ”

          ਦੂਜਾ ਮੁਹਰ ਦੀ ਸ਼ਕਲ ਦਾ ਹੈ ਜਿਸ ਉਪਰ ‘ਨਾਨਕ’ ਲਿਖਿਆ ਹੋਇਆ ਹੈ। ਸੰਗਤਿ ਨੇ ਪ੍ਰੇਮ-ਭਾਵ ਨਾਲ ਗੁਰਦੁਆਰਾ ਪ੍ਰਸਿੱਧ ਕੀਤਾ। ਗੁਰਦੁਆਰੇ ਦੇ ਨਾਲ ਪੰਜ ਕਨਾਲ ਜ਼ਮੀਨ ਹੈ। ਸਟੇਸ਼ਨ ਅਜਿੱਤਵਾਲ ਤੋਂ 6 ਕਿ. ਮੀ. (4 ਮੀਲ) ਪੱਛਮ ਵੱਲ ਕੱਚਾ ਰਸਤਾ ਹੈ।

          5. ਪੰਜਾਬ ਰਾਜ ਦੇ ਜ਼ਿਲ੍ਹਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਖੰਨੇ ਤੋਂ ਲਗਭਗ 18 ਕਿ. ਮੀ. (11 ਮੀਲ) ਪੂਰਬ ਵੱਲ ਸਥਿਤ ਪਿੰਡ ਮਣਵਾਂ ਤੋਂ ਪੂਰਬ ਵੱਲ ਦੋ ਫਰਲਾਂਗ ਤੇ ਦਸ਼ਮੇਸ਼ ਜੀ ਦਾ ਗੁਰਦੁਆਰਾ ‘ਗੋਬਿੰਦਗੜ੍ਹ’ ਹੈ। ਗੁਰੂ ਜੀ ਕੁਰੂਕਸ਼ੇਤਰ ਨੂੰ ਜਾਂਦੇ ਇਥੇ ਵਿਰਾਜੇ ਸਨ। ਸੁੰਦਰ ਦਰਬਾਰ ਮਹਾਰਾਜਾ ਕਰਮ ਸਿੰਘ ਪਟਿਆਲਾਪਤੀ ਦਾ ਬਣਵਾਇਆ ਹੋਇਆ ਹੈ। ਸਾਬਕਾ ਰਿਆਸਤ ਪਟਿਆਲਾ ਵਲੋਂ ਗੁਰਦੁਆਰਾ ਸਾਹਿਬ ਦੇ ਨਾਂ ਮਰਲਾ ਪਿੰਡ ਦੀ 300 ਵਿੱਘੇ ਜ਼ਮੀਨ ਲੱਗੀ ਹੋਈ ਹੈ।

          ਹ. ਪੁ.––ਮ. ਕੋ. : 430


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.