ਚਰਿਤ੍ਰੋਪਾਖਯਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਰਿਤ੍ਰੋਪਾਖਯਾਨ: ਦਸਮ ਗ੍ਰੰਥ ਦਾ ਲਗ-ਪਗ ਤੀਜਾ ਹਿੱਸਾ ਹੈ, ਇਸ ਲੰਮੀ ਰਚਨਾ ਵਿਚ ਇਸਤਰੀਆਂ ਦੀਆਂ ਛੰਦਬੱਧ ਕਹਾਣੀਆਂ ਸ਼ਾਮਲ ਹਨ। ਇਹ ਰਚਨਾ ਆਮ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੀ ਜਾਂਦੀ ਹੈ। ਵਿਚਾਰਵਾਨਾਂ ਦਾ ਇਕ ਗਰੁੱਪ ਕਹਿੰਦਾ ਹੈ ਕਿ ਦਸਮ ਗ੍ਰੰਥ ਵਿਚ ਸ਼ਾਮਲ ਚਰਿਤ੍ਰੋਪਾਖਯਾਨ ਅਤੇ ਕੁਝ ਦੂਜੀਆਂ ਰਚਨਾਵਾਂ, ਗੁਰੂ ਜੀ ਦੀ ਰਚਨਾ ਨਹੀਂ ਬਲਕਿ ਇਹਨਾਂ ਦੇ ਦਰਬਾਰੀ ਕਵੀਆਂ ਦੀਆਂ ਹਨ। ਆਖ਼ਰੀ ਚਰਿਤ੍ਰ ਵਿਚ ਦਰਸਾਈ ਗਈ ਮਿਤੀ ਅਨੁਸਾਰ ਇਹ ਰਚਨਾ 1753 ਬਿਕਰਮੀ/1696 ਈ. ਨੂੰ ਸੰਭਾਵਿਤ ਤੌਰ ਤੇ ਅਨੰਦਪੁਰ ਵਿਖੇ ਸਤਲੁਜ ਦਰਿਆ ਦੇ ਕੰਢੇ ਤੇ ਸੰਪੂਰਨ ਹੋਈ। ਚਰਿਤ੍ਰਾਂ ਦੀ ਲੜੀ ਵਿਚ ਆਖ਼ਰੀ ਰਚਨਾ ਦਾ 405 ਨੰਬਰ ਹੈ ਜਦੋਂ ਕਿ 325 ਨੰਬਰ ਦੀ ਰਚਨਾ ਗੁੰਮ ਹੈ। ਕਿੱਸਿਆਂ ਦਾ ਕੇਂਦਰ ਇਸਤਰੀਆਂ ਦੀ ਧੋਖ਼ੇਬਾਜੀ ਅਤੇ ਵਿਲਾਸਤਾ ਤੇ ਆਧਾਰਿਤ ਹੈ ਭਾਵੇਂ ਕਿ ਕੁਝ ਅਜਿਹੀਆਂ ਕਹਾਣੀਆਂ ਵੀ ਸ਼ਾਮਲ ਹਨ ਜੋ ਪੁਰਸ਼ਾਂ ਅਤੇ ਇਸਤਰੀਆਂ ਦੇ ਗੁਣਾਂ ਅਤੇ ਬਹਾਦਰੀ ਭਰਪੂਰ ਕਾਰਨਾਮਿਆਂ ਦਾ ਵਰਨਨ ਕਰਦੀਆਂ ਹਨ।

     ਪਹਿਲਾ ਚਰਿਤ੍ਰ ਇਕ ਲੰਮੀ ਭੂਮਿਕਾ ਵਾਲੀ ਰਚਨਾ ਹੈ। ਇਹ ਸ਼ਸਤਰਾਂ ਜਾਂ ਸ਼ਸਤਰਾਂ ਦੇ ਦੇਵਤਾ ਦੀ ਅਰਾਧਨਾ ਨਾਲ ਅਰੰਭ ਹੁੰਦੀ ਹੈ; ਫਿਰ ਕੁਝ ਹਿੰਦੂ ਮਿਥਿਹਾਸਿਕ ਸ਼ਖ਼ਸੀਅਤਾਂ ਸਾਮ੍ਹਣੇ ਆਉਂਦੀਆਂ ਹਨ ਅਤੇ ਦੇਵਤਿਆਂ ਅਤੇ ਰਾਖਸ਼ਾਂ ਦਰਮਿਆਨ ਘਮਸਾਣ ਯੁੱਧ ਅਰੰਭ ਹੋ ਜਾਂਦਾ ਹੈ। ਅਖੀਰ ਸ਼ੇਰ ਤੇ ਸਵਾਰ ਹੋ ਕੇ ਚੰਡੀ ਯੁੱਧ ਦੇ ਮੈਦਾਨ ਵਿਚ ਆਉਂਦੀ ਹੈ, ਉਸਦੇ ਦੁਸ਼ਮਣ ‘‘ਇਸ ਤਰ੍ਹਾਂ ਅਲੋਪ ਹੋ ਜਾਂਦੇ ਹਨ ਜਿਵੇਂ ਸੂਰਜ ਚੜ੍ਹਨ ਤੇ ਤਾਰੇ ।`` ਸਹਾਇਤਾ ਅਤੇ ਮਾਫ਼ੀ ਦੀ ਆਖ਼ਰੀ ਪ੍ਰਾਰਥਨਾ ਨਾਲ ਅਰੰਭਿਕ ਕਹਾਣੀ ਦਾ ਅੰਤ ਹੋ ਜਾਂਦਾ ਹੈ। ਆਖ਼ਰੀ 405 ਨੰਬਰ ਕਹਾਣੀ ਫਿਰ ਦੁਬਾਰਾ ਦੇਵਤਿਆਂ ਅਤੇ ਰਾਖਸ਼ਾਂ ਦੇ ਯੁੱਧ ਦਾ ਦ੍ਰਿਸ਼ ਪੇਸ਼ ਕਰਦੀ ਹੈ। ਜਦੋਂ ਚੰਡੀ ਘੋਰ ਸੰਕਟ ਵਿਚ ਹੁੰਦੀ ਹੈ ਤਾਂ ਅਕਾਲ ਪੁਰਖ ਰਾਖਸ਼ਾਂ ਤੇ ਬਿਮਾਰੀਆਂ ਦਾ ਪ੍ਰਕੋਪ ਪਾ ਕੇ ਉਹਨਾਂ ਨੂੰ ਖ਼ਤਮ ਕਰ ਦਿੰਦਾ ਹੈ।

     ਦੂਜਾ ਚਰਿਤ੍ਰ ਦੱਸਦਾ ਹੈ ਕਿ ਰਾਜਾ ਚਿਤ੍ਰ ਸਿੰਘ ਦਾ ਸੂਝਵਾਨ ਸਲਾਹਕਾਰ ਕਿਵੇਂ ਇਸਤਰੀਆਂ ਦੇ ਫ਼ਰੇਬਾਂ ਦੀਆਂ ਇਹਨਾਂ ਕਹਾਣੀਆਂ ਰਾਹੀਂ ਰਾਜੇ ਦੇ ਖ਼ੂਬਸੂਰਤ ਪੁੱਤਰ ਹਨੂਵੰਤ ਸਿੰਘ ਨੂੰ ਇਕ ਨੌਜਵਾਨ ਰਾਣੀ ਦੁਆਰਾ ਲਾਏ ਝੂਠੇ ਦੋਸ਼ਾਂ ਤੋਂ ਬਚਾਉਣ ਦਾ ਯਤਨ ਕਰਦਾ ਹੈ। ਇਹਨਾਂ ਵਿਚੋਂ ਕੁਝ ਚਰਿਤ੍ਰ ਪੁਰਾਤਨ ਪ੍ਰਚਲਿਤ ਹਿੰਦੂ ਕਥਾਵਾਂ ਅਤੇ ਗ੍ਰੰਥਾਂ ਤੋਂ ਲਏ ਗਏ ਹਨ ਜਿਵੇਂ ਕਿ ਮਹਾਂਭਾਰਤ , ਰਮਾਇਣ, ਪੁਰਾਣ , ਹਿਤੋਪਦੇਸ਼ , ਪੰਚਤੰਤਰ ਆਦਿ ‘ਚੋਂ, ਮੁਗ਼ਲ ਪਰਵਾਰਿਕ ਕਹਾਣੀਆਂ ‘ਚੋਂ, ਰਾਜਪੁਤਾਨਾ ਅਤੇ ਪੰਜਾਬ ਦੀਆਂ ਲੋਕ ਗਥਾਵਾਂ ‘ਚੋਂ; ਅਤੇ ਇੱਥੋਂ ਤਕ ਕਿ ਪੁਰਾਤਨ ਯਹੂਦੀ ਕਥਾ ਕਹਾਣੀਆਂ ਆਦਿ ਵਿਚੋਂ ਵੀ ਚਰਿਤ੍ਰ ਲਏ ਗਏ ਹਨ। ਇਹਨਾਂ ਕਥਾਵਾਂ ਦੀ ਸਿੱਖਿਆ ਦਾ ਉਦੇਸ਼ ਹੈ ਕਿ ਵਿਅਕਤੀ ਵਾਸਨਾ ਦਾ ਸ਼ਿਕਾਰ ਹੋ ਕੇ ਚਾਲਬਾਜ ਔਰਤਾਂ ਦੇ ਜਾਲ ਵਿਚ ਨਾ ਫਸੇ ਕਿਉਂਕਿ ਉਹਨਾਂ ਤੇ ਵਿਸ਼ਵਾਸ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਦਾ ਇਹ ਵੀ ਮਤਲਬ ਨਹੀਂ ਕਿ ਆਪਣੀ ਪਤਨੀ ਜਾਂ ਸ੍ਰੇਸ਼ਟ ਇਸਤਰੀਆਂ ਤੇ ਵਿਸ਼ਵਾਸ ਕਰਨਾ ਵੀ ਠੀਕ ਨਹੀਂ; ਪਰ ਇਹ ਅਟੱਲ ਹੈ ਕਿ ਅਣਜਾਣ ਇਸਤਰੀਆਂ ਦੇ ਮੋਹ ਅਤੇ ਉਹਨਾਂ ਦੀਆਂ ਚਾਲਾਂ ਵਿਚ ਫਸ ਕੇ ਲੋਕ ਅਤੇ ਪ੍ਰਲੋਕ ਦੋਵੇਂ ਨਰਕ ਬਣ ਜਾਂਦੇ ਹਨ। ਇਹਨਾਂ ਵਿਚੋਂ ਬਹੁਤੇ ਚਰਿਤ੍ਰਾਂ ਦਾ ਵਿਸ਼ਾ ਇਹ ਹੈ ਕਿ ਆਪਣੇ ਮਨ ਦੀ ਇੱਛਾ ਦੀ ਪੂਰਤੀ ਵਾਸਤੇ ਬਹੁਤੀਆਂ ਇਸਤਰੀਆਂ ਸਿਖਰ ਤੇ ਪੁੱਜ ਕੇ ਹੀ ਸ਼ਾਂਤ ਹੁੰਦੀਆਂ ਹਨ ਜਿਵੇਂ ਬਦਨਾਮੀ, ਸਾੜ-ਫੂਕ, ਕਤਲ ਆਦਿ; ਵਿਅਕਤੀ ਉਹਨਾਂ ਦੇ ਕਾਬੂ ਆ ਕੇ ਮਜਬੂਰ ਹੋ ਜਾਂਦੇ ਹਨ; ਅਤੇ ਜੇਕਰ ਵਿਅਕਤੀ ਉਹਨਾਂ ਦਾ ਤਿਰਸਕਾਰ ਕਰਦੇ ਹਨ ਤਾਂ ਉਹ ਖ਼ਤਰਨਾਕ ਅਤੇ ਭਿਆਨਕ ਦੁਸ਼ਮਣਾਂ ਵਾਂਗ ਬਦਲਾ ਲੈਂਦੀਆਂ ਹਨ; ਪਰ ਇਸਦੇ ਪ੍ਰਤੀਕੂਲ ਸਨਮਾਨਯੋਗ ਇਸਤਰੀਆਂ ਵਫ਼ਾਦਾਰ ਦੋਸਤਾਂ ਵਾਂਗ ਹੁੰਦੀਆਂ ਹਨ ਅਤੇ ਆਪਣੇ ਸਾਥੀਆਂ ਲਈ ਸਭ ਕੁਝ ਕੁਰਬਾਨ ਕਰਨ ਲਈ ਵਚਨਬੱਧ ਰਹਿੰਦੀਆਂ ਹਨ।

     ਦਸਮ ਗ੍ਰੰਥ ਵਿਚਲੇ ਹਰ ਇਕ ਚਰਿਤ੍ਰ ਦੇ ਅੰਤ ਵਿਚ ਇਕ ਸਿਰਲੇਖ ਦਿੱਤਾ ਗਿਆ ਹੈ। ਸਮੂਹ 404 ਚਰਿਤ੍ਰਾਂ ਵਿਚੋਂ 32 ‘ਤੇ ‘‘ਸਾਜ਼ਸ਼ੀ`` ਚਰਿਤ੍ਰਾਂ ਦਾ ਲੇਬਲ ਲਾਇਆ ਗਿਆ ਹੈ। ਬਾਕੀ 372 ਚਰਿਤ੍ਰਾਂ ਨੂੰ ‘‘ਇਸਤਰੀਆਂ ਦੇ ਚਲਿੱਤਰ`` ਨਾਂ ਹੇਠ ਰੱਖਿਆ ਗਿਆ ਹੈ। ਭਾਵੇਂ ਕਿ ਇਹਨਾਂ ਵਿਚੋਂ ਬਹੁਤੇ ਚਰਿਤ੍ਰ ਵਾਸਨਾਵਾਂ ਭਰਪੂਰ ਅਤੇ ਧੋਖੇਬਾਜ਼ ਇਸਤਰੀਆਂ ਬਾਰੇ ਹਨ, ਪਰ 74 ਚਰਿਤ੍ਰ ਇਸਤਰੀਆਂ ਦੀ ਬਹਾਦਰੀ ਅਤੇ ਬੌਧਿਕ ਸੂਝ ਨੂੰ ਪੇਸ਼ ਕਰਦੇ ਹਨ ਜਿਵੇਂ ਕਿ 102 ਨੰਬਰ ਚਰਿਤ੍ਰ ਵਿਚ ਦਰਸਾਇਆ ਗਿਆ ਹੈ ਕਿ ਜਦੋਂ ਦਸ਼ਰਥ ਦਾ ਸਾਰਥੀ ਮਾਰਿਆ ਜਾਂਦਾ ਹੈ ਤਾਂ ਰਾਣੀ ਕੈਕਈ ਰਾਜਾ ਦਸ਼ਰਥ ਨੂੰ ਯੁੱਧ ਦੇ ਮੈਦਾਨ ਵਿਚ ਲੈ ਕੇ ਜਾਂਦੀ ਹੈ; 137ਵਾਂ ਚਰਿਤ੍ਰ ਦਸਦਾ ਹੈ ਕਿ ਦਰੋਪਦੀ ਬੇਹੋਸ਼ ਅਰਜਨ ਨੂੰ ਬਚਾਉਂਦੀ ਹੈ, ਉਸਦੇ ਦੁਸ਼ਮਣਾਂ ਨਾਲ ਯੁੱਧ ਕਰਦੀ ਹੈ ਅਤੇ ਉਨ੍ਹਾਂ ਨੂੰ ਖਦੇੜ ਦਿੰਦੀ ਹੈ। ਕੁਝ ਚਰਿਤ੍ਰ ਪੁਰਸ਼ਾਂ ਦੁਆਰਾ ਕੀਤੀ ਜਾਂਦੀ ਧੋਖਾਧੜੀ ਨੂੰ ਵੀ ਪੇਸ਼ ਕਰਦੇ ਹਨ। ਇਹਨਾਂ ਵੱਖ-ਵੱਖ ਕਿਸਮਾਂ ਦੇ ਮਿਸ਼ਰਤ ਚਰਿਤ੍ਰਾਂ ਵਿਚ ਜੂਏਬਾਜੀ , ਸ਼ਰਾਬ ਪੀਣ ਅਤੇ ਅਫ਼ੀਮ ਖਾਣ ਦੀ; ਅਨੈਤਿਕਤਾ ਨੂੰ ਪੇਸ਼ ਕਰਦੇ ਦਸ ‘‘ਨੈਤਿਕ ਚਰਿਤ੍ਰ`` ਸ਼ਾਮਲ ਹਨ। ਇਹਨਾਂ ਚਰਿਤ੍ਰਾਂ ਵਿਚੋਂ ਕੁਝ ਲੋਕ-ਕਹਾਣੀਆਂ ਵੀ ਸਾਮ੍ਹਣੇ ਆਉਂਦੀਆਂ ਹਨ ਜਿਵੇਂ; ਕ੍ਰਿਸ਼ਣ ਅਤੇ ਰਾਧਾ: ਕ੍ਰਿਸ਼ਣ ਅਤੇ ਰੁਕਮਣੀ; ਔਰੰਗਜ਼ੇਬ ਦੀ ਭੈਣ (ਚਰਿਤ੍ਰ 278); ਅਤੇ ਬਾਈਬਲ ਵਿਚੋਂ ‘ਉਤਪਤੀ (ਜੈਨਸਿਸ) ਵਿਚ ਦਰਸਾਈ ਯੂਸਫ ਅਤੇ ਪੋਟੀਫਰ ਦੀ ਪਤਨੀ ਦੀ ਕਹਾਣੀ ਤੇ ਆਧਾਰਿਤ ਯੂਸਫ ਅਤੇ ਜ਼ੁਲੈਖਾਂ ਆਦਿ ਦੀਆਂ ਪ੍ਰੇਮ ਕਹਾਣੀਆਂ ਪ੍ਰਮੁਖ ਰੂਪ ਵਿਚ ਦੇਖਣ ਨੂੰ ਮਿਲਦੀਆਂ ਹਨ।

     405 ਚਰਿਤ੍ਰ ਦੇ ਅੰਤਿਮ ਬੰਦ ਵਿਚ ਅਕਾਲ ਪੁਰਖ ਦੀਆਂ ਮਹਾਨ ਸਿੱਖਿਆਵਾਂ, ਉਸ ਦਾ ਸਾਰਿਆਂ ਪ੍ਰਤਿ ਪ੍ਰੇਮ ਦਰਸਾਇਆ ਗਿਆ ਹੈ ਅਤੇ ਇਹ ਚਰਿਤ੍ਰ ਉਸ ਪਰਮਾਤਮਾ ਵੱਲੋਂ ਸਦਾ ਦਿੱਤੀ ਜਾਂਦੀ ਸੁਰੱਖਿਆ ਦੀ ਅਰਦਾਸ ਨਾਲ ਸਮਾਪਤ ਹੁੰਦਾ ਹੈ। ਰਚਨਾ ਸੰਪੂਰਨ ਕਰਨ ਵਿਚ ਸਹਾਇਤਾ ਲਈ ਧੰਨਵਾਦ ਦਾ ਬੰਦ, ਲੇਖਕ ਦੀ ਆਖ਼ਰੀ ਪ੍ਰਾਰਥਨਾ ਦਾ ਰੂਪ ਲੈਂਦਾ ਹੈ। ਇਸ ਤਰ੍ਹਾਂ ਔਰਤਾਂ ਦੀਆਂ ਸਾਜ਼ਸ਼ਾਂ ਦੀਆਂ ਕਹਾਣੀਆਂ ਦਾ ਵਿਲੱਖਣ ਮਿਸ਼ਰਣ, ਕਈ ਸ੍ਰੇਸ਼ਟ ਅਤੇ ਬਹੁਤੀਆਂ ਅਪਰਾਧਿਕ, ਕਥਾਵਾਂ ਨਾਲ ਸਮਾਪਤ ਹੁੰਦਾ ਹੈ ਜਿਨ੍ਹਾਂ ਵਿਚ ਪੁਰਸ਼ਾਂ ਨੂੰ ਜ਼ਿਆਦਾਤਰ ਇਹਨਾਂ ਧੋਖੇਬਾਜ਼ ਇਸਤਰੀਆਂ ਦੇ ਛਲਾਵੇ ਵਾਲੇ ਰੂਪ ਦੇ ਜਾਲ ਵਿਚ ਫਸਿਆ ਹੋਇਆ ਦਿਖਾਇਆ ਗਿਆ ਹੈ।


ਲੇਖਕ : ਸੀ.ਐਚ.ਲ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1258, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.