ਚੌਬੀਸਾਵਤਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੌਬੀਸਾਵਤਾਰ (ਕਾਵਿ): ਇਹ ‘ਦਸਮ-ਗ੍ਰੰਥ ’ ਵਿਚ ਸੰਕਲਿਤ ਇਕ ਮਹੱਤਵਪੂਰਣ ਰਚਨਾ ਹੈ। ਇਸ ਵਿਚ ਵਿਸ਼ਣੂ ਦੇ 24 ਅਵਤਾਰਾਂ ਦੀਆਂ ਚਰਿਤ੍ਰ-ਕਥਾਵਾਂ ਦਾ ਵਰਣਨ ਕੀਤਾ ਗਿਆ ਹੈ। ਅਵਤਾਰਾਂ ਦੀ ਇਹ ਸੂਚੀ ਇਸ ਪ੍ਰਕਾਰ ਹੈ— ਮੱਛ , ਕੱਛ , ਨਰ, ਨਾਰਾਇਣ, ਮੋਹਿਨੀ, ਬਰਾਹ, ਨਰਸਿੰਘ, ਬਾਮਨ, ਪਰਸਰਾਮ, ਬ੍ਰਹਮਾ, ਰੁਦ੍ਰ, ਜਲੰਧਰ, ਬਿਸਨ, ਸ਼ੇਸ਼ਸਈ, ਅਰਹੰਤ ਦੇਵ , ਮਨੁ ਰਾਜਾ , ਧਨੰਤਰ, ਸੂਰਜ , ਚੰਦ੍ਰ, ਰਾਮ, ਕ੍ਰਿਸ਼ਨ, ਨਰ (ਅਰਜਨ), ਬੁੱਧ , ਨਿਹਕਲੰਕੀ। ਇਨ੍ਹਾਂ ਵਿਚੋਂ ਕ੍ਰਿਸ਼ਨਾਵਤਾਰ ਦੀ ਕਥਾ ਸਭ ਤੋਂ ਵੱਡੀ ਹੈ, ਉਸ ਉਪਰੰਤ ਰਾਮਾਵਤਾਰ ਅਤੇ ਨਿਹਕਲੰਕੀ ਦੀਆਂ ਕਥਾਵਾਂ ਦਾ ਸਥਾਨ ਹੈ।

            ਭਾਰਤੀ ਧਰਮ ਸਾਧਨਾ ਵਿਚ ਅਵਤਾਰਵਾਦ ਦਾ ਵਿਸ਼ੇਸ਼ ਸਥਾਨ ਹੈ। ਪੁਰਾਣ ਸਾਹਿਤ ਦਾ ਇਹ ਪ੍ਰਧਾਨ ਅੰਗ ਹੈ। ਵੈਸ਼ਣਵ ਪੁਰਾਣਾਂ ਵਿਚ ਵਿਸ਼ਣੂ ਦੇ, ਸ਼ੈਵ ਪੁਰਾਣਾਂ ਵਿਚ ਸ਼ਿਵ ਦੇ ਅਤੇ ਹੋਰਨਾਂ ਪੁਰਾਣਾਂ ਵਿਚ ਹੋਰ ਅਨੇਕ ਦੇਵੀ ਦੇਵਤਿਆਂ ਦੇ ਅਵਤਾਰ ਪ੍ਰਸੰਗ ਦਰਜ ਹਨ। ਵਿਸ਼ਣੂ ਦੇ ਅਵਤਾਰਾਂ ਦਾ ਸਭ ਤੋਂ ਅਧਿਕ ਵਰਣਨ ਹੋਇਆ ਹੈ। ਉਸ ਦੇ ਦਸ ਅਵਤਾਰ ਸਰਬ ਪ੍ਰਸਿੱਧ ਹਨ— ਮੱਛ, ਕਛਪ, ਵਾਰਾਹ, ਨਰ ਸਿੰਘ , ਵਾਮਨ, ਪਰਸ਼ੁਰਾਮ, ਰਾਮ, ਕ੍ਰਿਸ਼ਣ, ਬੁੱਧ ਅਤੇ ਕਲਕੀ। ਬੁੱਧ ਦੇ ਸੰਬੰਧ ਵਿਚ ਕਿਤੇ ਕਿਤੇ ਮਤ -ਭੇਦ ਵੀ ਰਿਹਾ ਹੈ। ਇਨ੍ਹਾਂ ਵਿਚੋਂ ਪਹਿਲੇ ਪੰਜ ਕਾਲਪਨਿਕ ਹਨ, ਅਗਲੇ ਚੌਹਾਂ ਦਾ ਆਧਾਰ ਇਤਿਹਾਸਿਕ ਹੈ ਅਤੇ ਕਲਕੀ ਕਲਿਯੁਗ ਦੇ ਅੰਤ ਵਿਚ ਅਵਤਾਰ ਧਾਰ ਕੇ ਹਿੰਦੂ ਧਰਮ ਦੀ ਪੁਨਰ-ਸੰਸਥਾਪਨਾ ਕਰੇਗਾ ਅਤੇ ਵਿਰੋਧੀਆਂ ਦਾ ਨਾਸ਼ ਕਰੇਗਾ। ਇਨ੍ਹਾਂ ਦਸਾਂ ਅਵਤਾਰਾਂ ਵਿਚੋਂ ਕ੍ਰਿਸ਼ਣ ਦਾ ਅਧਿਕ ਵਰਣਨ ਹੋਇਆ ਹੈ।

            ਭਾਗਵਤ ਪੁਰਾਣ (ਸਕੰਧ ੧/੩) ਵਿਚ ਵਿਸ਼ਣੂ ਦੇ ਅਵਤਾਰਾਂ ਦੀ ਗਿਣਤੀ 22 ਮੰਨੀ ਗਈ ਹੈ, ਜਿਵੇਂ — ਬ੍ਰਾਹਮਣਾਂ ਦੇ ਰੂਪ ਵਿਚ, ਸੂਕਰ, ਨਾਰਦ, ਨਰ-ਨਾਰਾਹਿਣ, ਕਪਿਲ, ਦੱਤਾਤ੍ਰੇਯ, ਯੱਗ ਦੇ ਰੂਪ ਵਿਚ, ਰਿਸ਼ਭ ਦੇਵ, ਪ੍ਰਿਥੂ, ਮਤੑਸੑਯ, ਕਛਪ, ਧਨਵੰਤਰੀ, ਮੋਹਿਨੀ, ਨਰਸਿੰਘ, ਵਾਮਨ, ਪਰਸੁਰਾਮ, ਵਿਆਸ , ਰਾਮ, ਬਲਰਾਮ, ਕ੍ਰਿਸ਼ਣ, ਬੁੱਧ, ਕਲਕੀ। ਪਰ ਇਸੇ ਪੁਰਾਣ ਵਿਚ ਇਕ ਹੋਰ ਥਾਂ (ਸਕੰਧ ੨/੭)’ਤੇ ਇਹ ਗਿਣਤੀ ਵਧਾ ਕੇ 24 ਕਰ ਦਿੱਤੀ ਗਈ ਹੈ। ਉਥੇ ਨਾਰਦ ਅਤੇ ਮੋਹਿਨੀ ਦਾ ਜ਼ਿਕਰ ਨਹੀਂ ਹੋਇਆ ਅਤੇ ਬਲਰਾਮ ਅਤੇ ਕ੍ਰਿਸ਼ਣ ਨੂੰ ਇਕ ਹੀ ਮੰਨਿਆ ਗਿਆ ਹੈ। ਬਾਕੀ ਦੇ ਪੰਜ ਅਵਤਾਰ ਇਸ ਪ੍ਰਕਾਰ ਹਨ—ਮਨੁ, ਹੰਸ , ਹਯਗ੍ਰੀਵ, ਗਜ-ਤ੍ਰਾਸ-ਨਿਵਾਰਕ ਅਤੇ ਧੂ੍ਰਹ ਦੇ ਸਹਾਇਕ ਰੂਪ ਵਿਚ। ਇਸ ਵਿਵਰਣ ਤੋਂ ਸਪੱਸ਼ਟ ਹੈ ਕਿ ਇਕ ਹੀ ਪੁਰਾਣ ਵਿਚ ਵਿਸ਼ਣੂ ਦੇ ਅਵਤਾਰਾਂ ਦੀ ਕਲਪਨਾ ਸਮਾਨ ਰੂਪ ਵਿਚ ਨਹੀਂ ਹੋਈ। ਤਾਂ ਵੀ 24 ਗਿਣਤੀ ਕਾਫ਼ੀ ਪ੍ਰਸਿੱਧ ਹੈ। ਸਚ ਤਾਂ ਇਹ ਹੈ ਕਿ ਵਿਸ਼ਣੂ ਦੇ ਅਵਤਾਰਾਂ ਦਾ ਅੰਤ ਨਹੀਂ ਹੈ। ਭਾਗਵਤ ਪੁਰਾਣ (ਸਕੰਧ ੧/੩/੨੬) ਅਨੁਸਾਰ ਜਿਸ ਤਰ੍ਹਾਂ ਅਥਾਹ ਸਰੋਵਰ ਵਿਚੋਂ ਹਜ਼ਾਰਾਂ ਨਿੱਕੇ ਨਿੱਕੇ ਨਾਲੇ ਨਿਕਲਦੇ ਹਨ, ਉਸੇ ਤਰ੍ਹਾਂ ਹੀ ਉਸ ਪਰਮ ਸੱਤਾ ਤੋਂ ਅਣਗਿਣਤ ਅਵਤਾਰ ਜਨਮ ਲੈਂਦੇ ਹਨ। ਇਸ ਕਥਨ ਦੇ ਪ੍ਰਕਾਸ਼ ਵਿਚ ਅਵਤਾਰਾਂ ਦੀ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਤਾਂ ਵੀ ਵਿਸ਼ਣੂ ਦੇ ਪ੍ਰਸਿੱਧ ਅਵਤਾਰੀ ਰੂਪ ਉਹੀ ਮੰਨੇ ਜਾਣਗੇ ਜਿਨ੍ਹਾਂ ਦਾ ਜ਼ਿਕਰ ਉਪਰ ਹੋ ਚੁਕਿਆ ਹੈ। ਵਿਸ਼ਣੂ ਦੇ ਅਵਤਾਰਾਂ ਦਾ ਕਰਤੱਵ ਅਧਿਕਤਰ ਰਖਿਅਕ ਵਾਲਾ ਰਿਹਾ ਹੈ। ਆਮ ਤੌਰ ’ਤੇ ਵਿਸ਼ਣੂ ਉਸ ਵਕਤ ਅਵਤਾਰ ਲੈਂਦਾ ਹੈ ਜਦੋਂ ਧਰਮ ਦੀ ਹਾਨੀ ਅਤੇ ਅਧਰਮ ਦੀ ਪ੍ਰਬਲਤਾ ਹੋ ਜਾਵੇ। ਭਗਤਾਂ ਦੀ ਸਹਾਇਤਾ ਕਰਨਾ ਉਸ ਦੇ ਅਵਤਾਰੀ ਰੂਪਾਂ ਦਾ ਮੁੱਖ ਮੰਤਵ ਹੈ।

      ‘ਚੌਬੀਸਾਵਤਾਰ’ ਨਾਂ ਦੀ ਰਚਨਾ ਵਿਚ ਅਵਤਾਰਾਂ ਦੇ ਕਥਾ-ਪ੍ਰਸੰਗ ਦੇਣ ਤੋਂ ਪਹਿਲਾਂ 38 ਛੰਦਾਂ ਵਿਚ ਅਵਤਾਰਾਂ ਸੰਬੰਧੀ ਰਚੈਤਾ ਨੇ ਆਪਣੀ ਧਾਰਣਾ ਸਪੱਸ਼ਟ ਕੀਤੀ ਹੈ। ਵਿਚਾਰਾਧੀਨ ਅਵਤਾਰ-ਰਚਨਾ ਵਿਚ ਵਿਸ਼ਣੂ ਨੂੰ ਇਸ਼ਟ- ਦੇਵ ਨ ਮੰਨ ਕੇ ਕਾਲ-ਪੁਰਖ ਨੂੰ ਅਵਤਾਰਾਂ ਦਾ ਸਿਰਜਕ ਮੰਨਿਆ ਗਿਆ ਹੈ। ਇਥੇ ਰਚੈਤਾ ਨੇ ਅਵਤਾਰਾਂ ਦੇ ਜੀਵਨ ਅਤੇ ਕੰਮਾਂ ਦਾ ਚਿਤ੍ਰਣ ਕੀਤਾ ਹੈ। ਅਸਲ ਵਿਚ, ਉਸ ਵਕਤ ਧਰਮ-ਯੁੱਧ ਲਈ ਤਿਆਰ ਕੀਤੇ ਜਾ ਰਹੇ ਨਵੇਂ ਸਮਾਜ ਨੂੰ ਪੂਰਬ-ਵਰਤੀ ਕਥਾ-ਕਹਾਣੀਆਂ, ਧਾਰਮਿਕ ਪਰੰਪਰਾਵਾਂ ਤੋਂ ਜਾਣੂ ਕਰਾਉਣ ਲਈ ਸੰਸਕ੍ਰਿਤ ਤੋਂ ਹਟ ਕੇ ਭਾਖਾ ਵਿਚ ਇਹ ਰਚਨਾ ਇਕ ਪਾਠ-ਪੁਸਤਕ ਵਜੋਂ ਤਿਆਰ ਕੀਤੀ ਗਈ ਹੈ (ਕ੍ਰਿਸਨਾਵਤਾਰ—2491)। ਇਹ ਵੀ ਦਸਿਆ ਗਿਆ ਹੈ ਕਿ ਚੌਬੀਸ ਅਵਤਾਰਾਂ ਨੇ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਪਾਇਆ—ਜੋ ਚਉਬੀਸ ਅਵਤਾਰ ਕਹਾਏ ਤਿਨ ਭੀ ਤੁਮ ਪ੍ਰਭ ਤਨਕ ਪਾਏ ਇਥੇ ਪਰਮ ਸੱਤਾ ਦੇ ਵਖ ਵਖ ਗੁਣਾਂ ਦਾ ਉਲੇਖ ਵੀ ਕੀਤਾ ਗਿਆ ਹੈ ਜਿਨ੍ਹਾਂ ਦੇ ਆਧਾਰ’ਤੇ ਉਸ ਦੇ ਨਾਂਵਾਂ ਦੀ ਕਲਪਨਾ ਹੋਈ ਹੈ। ਇਸ ਤੋਂ ਇਲਾਵਾ ਧਰਮ ਦੇ ਸੰਸਥਾਪਕਾਂ ਵਲੋਂ ਕੀਤੇ ਭੇਖਾਂ , ਬਾਹਰਲੇ ਆਡੰਬਰਾਂ ਦਾ ਵੀ ਖੰਡਨ ਕੀਤਾ ਗਿਆ ਹੈ। ਇਸ ਤੋਂ ਬਾਦ ਅਵਤਾਰਾਂ ਦੇ ਪ੍ਰਸੰਗ ਚਿਤਰੇ ਗਏ ਹਨ ਜਿਨ੍ਹਾਂ ਬਾਰੇ ਲੋੜੀਂਦੀ ਜਾਣਕਾਰੀ ਅਗੇ ਦਿੱਤੀ ਜਾ ਰਹੀ ਹੈ।

(1)    ਮੱਛ ਅਵਤਾਰ: ਕੁਲ 16 ਛੰਦਾਂ ਦੀ ਇਸ ਰਚਨਾ ਵਿਚ ਮੱਛ ਅਵਤਾਰ ਅਤੇ ਉਸ ਨਾਲ ਸੰਖਾਸੁਰ ਦੇ ਯੁੱਧ ਦਾ ਵਰਣਨ ਹੋਇਆ ਹੈ। ਸਾਰਾਂਸ਼ ਰੂਪ ਵਿਚ ਇਹ ਅਵਤਾਰ-ਕਥਾ ਇਸ ਪ੍ਰਕਾਰ ਹੈ—ਸੰਖਾਸੁਰ ਨਾਂ ਦੇ ਦੈਂਤ ਦੇ ਬਹੁਤ ਸ਼ਕਤੀਸ਼ਾਲੀ ਹੋ ਜਾਣ ਕਾਰਣ ਵਿਸ਼ਣੂ ਨੇ ਉਸ ਨੂੰ ਨਸ਼ਟ ਕਰਨ ਲਈ ਮੱਛ ਦਾ ਅਵਤਾਰ ਧਾਰਿਆ। ਮੱਛ, ਪਹਿਲਾਂ ਨਿੱਕਾ ਜਿਹਾ ਰੂਪ ਧਾਰ ਕੇ, ਸਮੁੰਦਰ ਦੇ ਹੇਠਾਂ ਬੈਠਾ ਅਤੇ ਪਾਣੀ ਨੂੰ ਜ਼ੋਰ ਨਾਲ ਹਿਲਾਇਆ। ਫਿਰ ਉਸ ਦੁਆਰਾ ਆਪਣਾ ਰੂਪ ਵਿਸਥਾਰਨ’ਤੇ ਸੰਖਾਸੁਰ ਕ੍ਰੋਧਵਾਨ ਹੋਇਆ ਅਤੇ ਚੌਹਾਂ ਵੇਦਾਂ ਨੂੰ ਚੁਕ ਕੇ ਸਮੁੰਦਰ ਵਿਚ ਸੁਟ ਦਿੱਤਾ। ਵੇਦਾਂ ਦੀ ਰਖਿਆ ਲਈ ਮੱਛ ਨੇ ਸੰਖਾਸੁਰ ਨਾਲ ਘੋਰ ਯੁੱਧ ਕੀਤਾ ਅਤੇ ਉਸ ਨੂੰ ਮਾਰ ਕੇ ਵੇਦਾਂ ਦਾ ਉੱਧਾਰ ਕੀਤਾ। ਯੁੱਧ-ਵਰਣਨ ਬੜਾ ਸਜੀਵ ਹੈ ਅਤੇ 11 ਛੰਦਾਂ ਵਿਚ ਚਿਤਰਿਆ ਗਿਆ ਹੈ। ਭੁਜੰਗ ਪ੍ਰਯਾਤ ਛੰਦ ਦੀ ਵਰਤੋਂ ਹੋਈ ਹੈ।

(2)    ਕੱਛ ਅਵਤਾਰ: ਚਾਰ ਭੁਜੰਗ ਅਤੇ ਭੁਜੰਗ ਪ੍ਰਯਾਤ ਛੰਦਾਂ ਵਿਚ ਲਿਖੀ ਇਸ ਅਵਤਾਰ-­ਕਥਾ ਵਿਚ ਲਿਖਿਆ ਹੈ ਕਿ ਸਮੁੰਦਰ ਨੂੰ ਰਿੜਕਣ ਲਈ ਦੈਂਤ ਅਤੇ ਦੇਵਤੇ ਇਕੱਠੇ ਹੋਏ। ਮੰਦਰਾਚਲ ਨੂੰ ਉਨ੍ਹਾਂ ਨੇ ਮਧਾਣੀ ਅਤੇ ਵਾਸੁਕੀ ਨਾਗ ਨੂੰ ਨੇਤਰਾ ਬਣਾਇਆ। ਮਧਾਣੀ (ਮੰਦਰਾਚਲ) ਦੇ ਭਾਰ ਨੂੰ ਨ ਸੰਭਾਲੇ ਜਾਣ ਕਾਰਣ ਵਿਸ਼ਣੂ ਕਛਪ ਰੂਪ ਵਿਚ ਉਥੇ ਉਪਸਥਿਤ ਹੋਇਆ ਅਤੇ ਮਧਾਣੀ ਨੂੰ ਆਪਣੀ ਪਿਠ ਉਤੇ ਧਾਰਣ ਕੀਤਾ।

(3,4,5) ਨਰ-ਨਾਰਾਇਣ ਅਵਤਾਰ ਅਤੇ ਮਹਾਮੋਹਨੀ ਅਵਤਾਰ: ਇਨ੍ਹਾਂ ਤਿੰਨਾਂ ਅਵਤਾਰ ਪ੍ਰਸੰਗਾਂ ਦੇ ਆਰੰਭ ਵਿਚ ਛੀਰ ਸਮੁੰਦਰ ਤੋਂ ਪ੍ਰਗਟ ਹੋਏ ਚੌਦਾਂ ਰਤਨਾਂ ਦਾ ਵਿਵਰਣ ਹੈ। ਇਨ੍ਹਾਂ 14 ਛੰਦਾਂ ਤੋਂ ਬਾਦ ਨਰ-ਨਾਰਾਇਣ ਨਾਂ ਦੇ ਦੋਹਾਂ ਅਵਤਾਰਾਂ ਦੀ ਕਥਾ ਇਕੱਠੀ ਦਿੱਤੀ ਹੈ। ਚੌਦਾਂ ਰਤਨਾਂ ਦੀ ਵੰਡ ਵੇਲੇ ਦੈਂਤਾਂ ਅਤੇ ਦੇਵਤਿਆਂ ਦਾ ਝਗੜਾ ਸ਼ੁਰੂ ਹੁੰਦਾ ਹੈ। ਵਿਸ਼ਣੂ ਨਰ-ਨਾਰਾਇਣ ਰੂਪ ਵਿਚ ਅਵਤਾਰ ਲੈ ਕੇ ਦੈਂਤਾਂ ਨਾਲ ਯੁੱਧ ਕਰਦਾ ਹੈ। ਇਸ ਯੁੱਧ ਵਿਚ ਦੇਵਤਿਆਂ ਦਾ ਪਾਸਾ ਕਮਜ਼ੋਰ ਹੋ ਗਿਆ। ਅੰਮ੍ਰਿਤ ਦੀ ਪ੍ਰਾਪਤੀ ਲਈ ਵਿਸ਼ਣੂ ਨੂੰ ਮਹਾਮੋਹਿਨੀ ਦਾ ਅਵਤਾਰ ਧਾਰਨਾ ਪਿਆ। ਇਸ ਤੋਂ ਬਾਦ 8 ਛੰਦਾਂ ਵਿਚ ਪੰਜਵੇਂ ਅਵਤਾਰ ਮਹਾਮੋਹਿਨੀ ਦਾ ਵਰਣਨ ਹੈ। ਇਸ ਵਿਚ ਸੁੰਦਰ ਇਸਤਰੀ ਦਾ ਰੂਪ ਧਾਰ ਕੇ ਵਿਸ਼ਣੂ ਨੇ ਦੈਂਤਾਂ ਨੂੰ ਮੋਹਿਤ ਕੀਤਾ ਅਤੇ ਯੁੱਧ ਵਲੋਂ ਉਨ੍ਹਾਂ ਦੀ ਰੁਚੀ ਨੂੰ ਮੋੜਿਆ। ਦੈਂਤਾਂ ਅਤੇ ਦੇਵਤਿਆਂ ਵਿਚ ਰਤਨਾਂ ਦਾ ਵੰਡ-ਵੰਡਾਰਾ ਠੀਕ ਢੰਗ ਨਾਲ ਸਿਰੇ ਚੜ੍ਹ ਗਿਆ ਅਤੇ ਝਗੜਾ ਸਮਾਪਤ ਹੋ ਗਿਆ।

(6)   ਬੈਰਾਹ (ਵਾਰਾਹ) ਅਵਤਾਰ: ਚੌਦਾਂ ਛੰਦਾਂ ਦੀ ਇਸ ਅਵਤਾਰ-ਕਥਾਂ ਵਿਚ ਦਸਿਆ ਗਿਆ ਹੈ ਕਿ ਸਾਰੇ ਰਤਨਾਂ ਦੇ ਵੰਡੇ ਜਾਣ ਤੋਂ ਬਾਦ ਸਾਰੇ ਦੈਂਤ ਅਤੇ ਦੇਵਤੇ ਆਪਣੇ ਆਪਣੇ ਸਥਾਨਾਂ’ਤੇ ਚਲੇ ਗਏ। ਕੁਝ ਸਮਾਂ ਬੀਤਣ’ਤੇ ਫਿਰ ਦੋਹਾਂ ਵਿਚ ਵਿਰੋਧ ਵਧਿਆ। ਦੈਂਤਾਂ ਨੇ ਦੇਵਤਿਆਂ ਨੂੰ ਭਜਾ ਦਿੱਤਾ। ਹਿਰਿਨੑਯੋ (ਹਿਰਣੑ- ਯਾਕੑਸ਼) ਅਤੇ ਹਿਰੰਨਾਛਸ (ਹਿਰਣੑਯਕਸ਼ਿਪ) ਨਾਂ ਦੇ ਦੋ ਦੈਂਤਾਂ ਨੇ ਸਾਰੇ ਲੋਕਾਂ ਨੂੰ ਜਿਤ ਕੇ ਆਪਣਾ ਦਾਸ ਬਣਾ ਲਿਆ। ਹਿਰਣੑਯਾਕੑਸ਼ ਨੇ ਸਭ ਨੂੰ ਲਲਕਾਰਿਆ। ਉਸ ਦੇ ਡਰ ਦੇ ਮਾਰਿਆਂ ਧਰਤੀ ਅਤੇ ਵੇਦ ਰਸਾਤਲ ਵਿਚ ਚਲੇ ਗਏ। ਵਿਸ਼ਣੂ ਨੇ ਬੈਰਾਹ ਦਾ ਰੂਪ ਧਾਰ ਕੇ ਦੈਂਤਾਂ ਨੂੰ ਹਰਾਇਆ ਅਤੇ ਵੇਦਾਂ ਤੇ ਧਰਤੀ ਦਾ ਉੱਧਾਰ ਕੀਤਾ।

(7)    ਨਰਸਿੰਘ ਅਵਤਾਰ: ਇਸ ਅਵਤਾਰ-ਕਥਾ ਵਿਚ ਕੁਲ 42 ਛੰਦ ਹਨ। ਯੁੱਧ ਦਾ ਵਰਣਨ ਬੜਾ ਸਜੀਵ ਹੋਇਆ ਹੈ। ਰਚੈਤਾ ਅਨੁਸਾਰ ਜਦੋਂ ਦੇਵਤਿਆਂ ਦਾ ਅਭਿਮਾਨ ਵਧ ਗਿਆ ਤਾਂ ਦੈਂਤਾਂ ਨੇ ਉਨ੍ਹਾਂ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕੀਤਾ। ਦੈਂਤਾਂ ਦੇ ਰਾਜੇ ਹਿਰਣੑਯਕੑਸ਼ਿਪ ਦੀ ਪਤਨੀ ਦੇ ਗਰਭ ਤੋਂ ਪ੍ਰਹਿਲਾਦ ਭਗਤ ਦਾ ਜਨਮ ਹੋਇਆ। ਉਸ ਦੇ ਪਾਠਸ਼ਾਲਾ ਵਿਚ ਗੋਪਾਲ ਨਾਮ ਦਾ ਪਾਠ ਕਰਨ ਤੇ ਦੈਂਤ ਰਾਜਾ ਕ੍ਰੋਧ- ਵਾਨ ਹੋਇਆ ਅਤੇ ਖੰਭੇ ਨਾਲ ਬੰਨ੍ਹ ਕੇ ਉਸ ਨੂੰ ਮਾਰਨਾ ਚਾਹਿਆ। ਕਿਵਾੜ ਵਿਚੋਂ ਨਰਸਿੰਘ ਅਵਤਾਰ ਪ੍ਰਗਟ ਹੋਇਆ ਜਿਸ ਨੇ ਦੈਂਤ ਰਾਜੇ ਨੂੰ ਮਾਰ ਕੇ ਪ੍ਰਹਿਲਾਦ ਨੂੰ ਦੈਂਤਾਂ ਦਾ ਰਾਜਾ ਬਣਾਇਆ।

(8)    ਬਾਵਨ (ਵਾਮਨ) ਅਵਤਾਰ :ਇਸ ਅਵਤਾਰ-ਕਥਾ ਨੂੰ 27 ਛੰਦਾਂ ਵਿਚ ਵਰਣਿਤ ਕੀਤਾ ਗਿਆ ਹੈ। ਇਸ ਵਿਚ ਕਿਸੇ ਪ੍ਰਕਾਰ ਦੇ ਯੁੱਧ ਦਾ ਵਰਣਨ ਨਹੀਂ ਹੋਇਆ। ਇਸ ਪ੍ਰਸੰਗ ਵਿਚ ਦਸਿਆ ਗਿਆ ਹੈ ਕਿ ਨਰਸਿੰਘ ਅਵਤਾਰ ਨੂੰ ਹੋਇਆਂ ਜਦੋਂ ਕੁਝ ਸਮਾਂ ਬੀਤ ਗਿਆ, ਤਾਂ ਫਿਰ ਪਾਪ ਵਧਿਆ ਅਤੇ ਦੈਂਤ ਲੋਕ ਯੱਗ ਆਦਿ ਕਰਨ ਲਗੇ। ਦੈਂਤਾਂ ਦੇ ਰਾਜਾ ਬਲੀ ਨੇ ਇੰਦ੍ਰ ਦੀ ਰਾਜਧਾਨੀ ਨਸ਼ਟ ਕਰ ਦਿੱਤੀ। ਭੈ-ਭੀਤ ਦੇਵਤਿਆਂ ਨੇ ਕਾਲ ਪੁਰਖ ਪਾਸ ਆਪਣਾ ਦੁਖੜਾ ਰੋਇਆ। ਉਨ੍ਹਾਂ ਦੀ ਸਹਾਇਤਾ ਲਈ ਕਾਲ-ਪੁਰਖ ਨੇ ਵਿਸ਼ਣੂ ਨੂੰ ਅੱਠਵਾਂ ਅਵਤਾਰ ਧਾਰਣ ਲਈ ਆਦੇਸ਼ ਦਿੱਤਾ। ਵਿਸ਼ਣੂ ਨੇ ਇਕ ਨਿਰਧਨ ਬ੍ਰਾਹਮਣ ਦਾ ਰੂਪ ਧਾਰ ਕੇ ਬਲੀ ਰਾਜੇ ਦੇ ਦੁਆਰ ਤੇ ਵੇਦ ਪਾਠ ਦਾ ਉਚਾਰਣ ਕੀਤਾ। ਉਸ ਨੇ ਦੱਛਣਾ ਵਜੋਂ ਢਾਈ ਕਦਮ ਭੂਮੀ ਮੰਗੀ। ਦੈਂਤਾਂ ਦਾ ਗੁਰੂ ਸ਼ੁਕ੍ਰਾਚਾਰਯ ਸਾਰਾ ਭੇਦ ਸਮਝ ਗਿਆ। ਉਸ ਨੇ ਰਾਜੇ ਨੂੰ ਸਮਝਾਇਆ ਕਿ ਇਹ ਬ੍ਰਾਹਮਣ ਖ਼ੁਦ ਵਿਸ਼ਣੂ ਹੈ, ਇਸ ਲਈ ਇਸ ਦੀ ਮੰਗ ਨਹੀਂ ਮੰਨਣੀ। ਬਲੀ ਅਜਿਹਾ ਭਿਖਾਰੀ ਪ੍ਰਾਪਤ ਕਰਕੇ ਆਪਣੇ ਆਪ ਨੂੰ ਧੰਨ ਸਮਝਣ ਲਗਿਆ। ਉਸ ਨੇ ਸੰਕਲਪ ਕਰਨ ਲਈ ਜਲ ਭਰਿਆ ਕਮੰਡਲ ਚੁਕ ਲਿਆ। ਸ਼ਕ੍ਰਾਚਾਰਯ, ਰਾਜੇ ਨੂੰ ਸੰਕਲਪ ਕਰਨੋਂ ਰੋਕਣ ਲਈ, ਲਘੂ ਰੂਪ ਬਣਾ ਕੇ ਕਮੰਡਲ ਦੀ ਟੋਟਨੀ ਵਿਚ ਬੈਠ ਗਿਆ। ਟੋਟਨੀ ਤੋਂ ਪਾਣੀ ਨ ਨਿਕਲਦਿਆਂ ਵੇਖ ਕੇ ਬ੍ਰਾਹਮਣ ਦੇ ਸੁਝਾ’ਤੇ ਉਸ ਨੇ ਵਿਚ ਤੀਲਾ ਮਾਰਿਆ। ਸ਼ੁਕ੍ਰਾਚਾਰਯ ਦੀ ਅੱਖ ਵਿਚ ਤੀਲਾ ਲਗਣ ਕਾਰਣ ਨਿਕਲੇ ਜਲ ਨਾਲ ਰਾਜੇ ਨੇ ਸੰਕਲਪ ਕੀਤਾ। ਬ੍ਰਾਹਮਣ ਨੇ ਆਪਣਾ ਰੂਪ ਵਿਸਥਾਰਿਆ। ਇਕ ਕਦਮ ਨਾਲ ਧਰਤੀ ਅਤੇ ਇਕ ਕਦਮ ਨਾਲ ਆਕਾਸ਼ ਮਾਪ ਕੇ ਬਾਕੀ ਦੇ ਅੱਧੇ ਕਦਮ ਲਈ ਬਲੀ ਦਾ ਸ਼ਰੀਰ ਮਾਪਿਆ। ਬਲੀ ਦੇ ਇਸ ਦਾਨ ਤੋਂ ਪ੍ਰਸੰਨ ਹੋ ਕੇ ਵਾਮਨ ਨੇ ਉਸ ਨੂੰ ਆਸ਼ੀਰਵਾਦ ਦਿੱਤਾ।

(9)   ਪਰਸਰਾਮ ਅਵਤਾਰ: ਇਸ ਵਿਚ ਕੁਲ 35 ਛੰਦ ਵਰਤੇ ਗਏ ਹਨ। ਵੀਹ ਤੋਂ ਵਧ ਛੰਦਾਂ ਵਿਚ ਯੁੱਧ-ਵਰਣਨ ਹੋਇਆ ਹੈ। ਰਚੈਤਾ ਅਨੁਸਾਰ ਬਹੁਤ ਸਮਾਂ ਬੀਤਣ ਉਪਰੰਤ ਛਤ੍ਰੀਆਂ ਨੇ ਸਾਰੀ ਧਰਤੀ ਉਤੇ ਆਪਣਾ ਅਧਿਕਾਰ ਜਮਾ ਲਿਆ। ਉਨ੍ਹਾਂ ਦੇ ਅਤਿਆਚਾਰਾਂ ਤੋਂ ਤੰਗ ਹੋ ਕੇ ਦੇਵਤੇ ਇੰਦ੍ਰ ਪਾਸ ਗਏ। ਉਥੋਂ ਉਹ ਛੀਰ ਸਾਗਰ ਵਲ ਕਾਲ-ਪੁਰਖ ਕੋਲ ਗਏ। ਉਨ੍ਹਾਂ ਦੀ ਉਸਤਤਿ ਤੋਂ ਪ੍ਰਸੰਨ ਹੋ ਕੇ ਕਾਲ-ਪੁਰਖ ਨੇ ਵਿਸ਼ਣੂ ਨੂੰ ਜਮਦਗਨੀ ਦੇ ਘਰ ਜਾ ਕੇ ਅਵਤਾਰ ਧਾਰਣ ਦੀ ਆਗਿਆ ਦਿੱਤੀ। ਜਮਦਗਨੀ ਦੀ ਪਤਨੀ ਰੇਣੁਕਾ ਦੀ ਕੁਖ ਤੋਂ ਪਰਸਰਾਮ ਦਾ ਜਨਮ ਹੋਇਆ। ਰਾਜਾ ਸਹਸ੍ਰਬਾਹੂ ਨੇ ਜਮਦਗਨੀ ਨੂੰ ਮਾਰ ਕੇ ਉਸ ਕੋਲੋਂ ਕਾਮਧੇਨੁ ਦੀ ਪੁੱਤਰੀ ਨੰਦਨੀ ਨਾਂ ਦੀ ਗਊ ਖੋਹ ਲਈ। ਪਤਾ ਲਗਣ’ਤੇ ਪਰਸਰਾਮ ਸਹਸ੍ਰਬਾਹੂ ਨੂੰ ਮਾਰਨ ਗਿਆ। ਘੋਰ ਯੁੱਧ ਉਪਰੰਤ ਸਹਸ੍ਰਬਾਹੂ ਆਪਣੀ ਸੈਨਾ ਸਹਿਤ ਮਾਰਿਆ ਗਿਆ। ਪਰਸਰਾਮ ਨੇ ਛਤ੍ਰੀਆਂ ਤੋਂ ਰਾਜ ਖੋਹ ਕੇ ਬ੍ਰਾਹਮਣਾਂ ਨੂੰ ਦੇ ਦਿੱਤਾ। ਜਿਥੇ ਜਿਥੇ ਵੀ ਛਤ੍ਰੀਆਂ ਦੇ ਅਤਿਆਚਾਰਾਂ ਦੀ ਦਸ ਪਈ, ਉਥੇ ਉਥੇ ਜਾ ਕੇ ਪਰਸਰਾਮ ਨੇ ਛਤ੍ਰੀਆਂ ਦਾ ਬਧ ਕੀਤਾ। ਇਸ ਤਰ੍ਹਾਂ ਉਸ ਨੇ 21 ਵਾਰ ਧਰਤੀ ਨੂੰ ਛਤ੍ਰੀਆਂ ਤੋਂ ਰਹਿਤ ਕੀਤਾ।

(10)  ਬ੍ਰਹਮਾਵਤਾਰ: ਵਿਸ਼ਣੂ ਦੇ ਦਸਵੇਂ ਅਵਤਾਰ ਪ੍ਰਸੰਗ ਦਾ ਚਿਤ੍ਰਣ ਕੇਵਲ ਸੱਤ ਛੰਦਾਂ ਵਿਚ ਹੋਇਆ ਹੈ ਜਿਨ੍ਹਾਂ ਵਿਚੋਂ ਛੇ ਚੌਪਈ ਹਨ ਅਤੇ ਇਕ ਦੋਹਰਾ। ਬ੍ਰਹਮਾ ਦੇ ਇਸ ਅਵਤਾਰ-ਪ੍ਰਸੰਗ ਵਿਚ ਦਸਿਆ ਗਿਆ ਹੈ ਕਿ ਜਦੋਂ ਜਦੋਂ ਵੇਦ ਨਾਸ ਹੋ ਜਾਂਦੇ ਹਨ, ਅਰਥਾਤ ਵੇਦਾਂ ਪ੍ਰਤਿ ਲੋਕਾਂ ਵਿਚ ਅਰੁਚੀ ਪੈਦਾ ਹੋ ਜਾਂਦੀ ਹੈ, ਤਦੋਂ ਤਦੋਂ ਗਿਆਨ ਧਿਆਨ ਤੋਂ ਵਾਂਝੇ ਅਤੇ ਪਾਪ-ਕਰਮਾਂ ਵਿਚ ਮਗਨ ਲੋਕਾਂ ਨੂੰ ਵੇਦਾਂ ਦਾ ਗਿਆਨ ਦੇਣ ਲਈ ਬ੍ਰਹਮਾ ਪ੍ਰਗਟ ਹੁੰਦਾ ਹੈ। ਬ੍ਰਹਮਾ ਅਤੇ ਵਿਸ਼ਣੂ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਹੈ।

(11)   ਰੁਦ੍ਰਾਵਤਾਰ: ਕੁਲ 89 ਛੰਦਾਂ ਦੀ ਇਸ ਅਵਤਾਰ- ਕਥਾ ਦੇ ਆਰੰਭਿਕ ਅੱਠ ਛੰਦਾਂ ਵਿਚ ਰੁਦ੍ਰਾਵਤਾਰ ਦੇ ਪ੍ਰਗਟ ਹੋਣ ਦੀ ਲੋੜ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਇਸ ਦੀਆਂ ਮੁੱਖ ਘਟਨਾਵਾਂ ਇਸ ਪ੍ਰਕਾਰ ਹਨ—ਧਰਤੀ ਦਾ ਭਾਰ ਪੀੜਿਤ ਹੋ ਕੇ ਗਊ ਦੇ ਰੂਪ ਵਿਚ ਕਾਲ-ਪੁਰਖ ਪਾਸ ਜਾਣਾ ਅਤੇ ਕਾਲ-ਪੁਰਖ ਦਾ ਵਿਸ਼ਣੂ ਨੂੰ ਰੁਦ੍ਰ ਰੂਪ ਵਿਚ ਅਵਤਾਰ ਧਾਰਣ ਲਈ ਕਹਿਣਾ, ਸ਼ਿਵ ਦੁਆਰਾ ਬਾਣ ਚਲਾ ਕੇ ਤ੍ਰਿਪੁਰ ਦਾ ਨਾਸ ਕਰਨਾ, ਅੰਧਕ ਨਾਲ ਸ਼ਿਵ ਦਾ ਯੁੱਧ ਅਤੇ ਉਸ ਦੀ ਮ੍ਰਿਤੂ , ਜਲਿੰਧਰ ਦੀ ਉਤਪੱਤੀ ਅਤੇ ਸ਼ਿਵ ਦੇ ਵਰਦਾਨ ਕਾਰਣ 14 ਰਤਨਾਂ ਦੀ ਪ੍ਰਾਪਤੀ, ਜਲੰਧਰ ਦਾ ਦੇਵਤਿਆਂ ਨੂੰ ਭੈਭੀਤ ਕਰਨਾ, ਦਕੑਸ਼ ਦੀ ਪੁੱਤਰ ਗੌਰੀ ਦਾ ਸ਼ਿਵ ਨਾਲ ਵਿਆਹ , ਦਕੑਸ਼ ਦੇ ਯੱਗ ਵਿਚ ਅਪਮਾਨਿਤ ਗੌਰੀ ਦਾ ਆਪਣੇ ਆਪ ਨੂੰ ਸਾੜਨਾ ਅਤੇ ਸ਼ਿਵ ਅਤੇ ਵੀਰਭਦ੍ਰ ਦਾ ਦਕੑਸ਼ ਦੇ ਯੱਗ ਨੂੰ ਨਸ਼ਟ ਕਰਨਾ, ਸ਼ਿਵ ਦਾ ਦਕੑਸ਼ ਦੇ ਧੜ ਨੂੰ ਬਕਰੇ ਦਾ ਸਿਰ ਲਾ ਕੇ ਦੁਬਾਰਾ ਜੀਵਿਤ ਕਰਨਾ ਅਤੇ ਸ਼ਿਵ ਦਾ ਕਾਮਦੇਵ ਨੂੰ ਸਾੜਨਾ।

(12)  ਜਲੰਧਰ ਅਵਤਾਰ: ਕੁਲ 28 ਛੰਦਾਂ ਦੀ ਇਸ ਅਵਤਾਰ-ਕਥਾ ਦਾ ਵਰਣਨ ਚੌਪਈ, ਦੋਹਰਾ, ਤੋਟਕ, ਭੁਜੰਗ ਪ੍ਰਯਾਦ ਨਾਂ ਦੇ ਛੰਦਾਂ ਵਿਚ ਹੋਇਆ ਹੈ। ਇਸ ਕਥਾ ਦਾ ਸੰਬੰਧ 11ਵੀਂ ਅਵਤਾਰ-ਕਥਾ ਨਾਲ ਵੀ ਹੈ। ਰਚੈਤਾ ਅਨੁਸਾਰ ਸਤੀ (ਗੌਰੀ) ਦਾ ਪਰਬਤ ਦੇ ਰਾਜਾ ਦੇ ਘਰ ਪੁਨਰ ਜਨਮ ਹੋਇਆ ਅਤੇ ਉਸ ਦੇ ਜੁਆਨ ਹੋਣ’ਤੇ ਸ਼ਿਵ ਨਾਲ ਵਿਆਹ ਹੋਇਆ। ਉਸ ਦੀ ਰੂਪ-ਸੁੰਦਰਤਾ ਨੂੰ ਵੇਖ ਕੇ ਜਲੰਧਰ ਦਾ ਮਨ ਲੋਭਾਇਮਾਨ ਹੋ ਗਿਆ। ਉਸ ਨੇ ਆਪਣੇ ਦੂਤ ਰਾਹੀਂ ਸ਼ਿਵ ਤੋਂ ਪਾਰਬਤੀ ਦੇਣ ਜਾਂ ਯੁੱਧ ਕਰਨ ਲਈ ਤਿਆਰ ਹੋਣ ਦੀ ਚੁਨੌਤੀ ਦਿੱਤੀ। ਉਧਰ ਇਕ ਦਿਨ ਲੱਛਮੀ ਨੇ ਵਿਸ਼ਣੂ ਲਈ ਸੁਆਦੀ ਭੋਜਨ ਬਣਾਇਆ। ਪਰ ਵਿਸ਼ਣੂ ਦੇ ਖਾਣ ਤੋਂ ਪਹਿਲਾਂ ਹੀ ਨਾਰਦ ਭੋਜਨ ਕਰਨ ਲਈ ਪਹੁੰਚ ਗਿਆ। ਪਤੀ ਦੇ ਖਾਣ ਤੋਂ ਪਹਿਲਾਂ ਕਿਸੇ ਹੋਰ ਨੂੰ ਭੋਜਨ ਨ ਕਰਾ ਸਕਣ ਵਿਚ ਦ੍ਰਿੜ੍ਹ ਲੱਛਮੀ ਨੂੰ ਨਾਰਦ ਨੇ ਸਰਾਪ ਦਿੱਤਾ ਕਿ ਉਸ ਨੂੰ ਬ੍ਰਿੰਦਾ ਨਾਂ ਦੀ ਰਾਖਸ਼ੀ ਦੇ ਰੂਪ ਵਿਚ ਜਲੰਧਰ ਦੀ ਪਤਨੀ ਬਣਨਾ ਹੋਵੇਗਾ। ਵਿਸ਼ਣੂ ਦੇ ਆਉਣ’ਤੇ ਲੱਛਮੀ ਨੇ ਸਾਰੀ ਗੱਲ ਦਸੀ। ਵਿਸ਼ਣੂ ਨੇ ਲੱਛਮੀ ਦੀ ਛਾਇਆ ਲੈ ਕੇ ਬ੍ਰਿੰਦਾ ਦੀ ਰਚਨਾ ਕੀਤੀ ਅਤੇ ਧੂਮ੍ਰਕੇਸ਼ ਨਾਂ ਦੇ ਰਾਖਸ਼ ਦੇ ਘਰ ਉਸ ਨੂੰ ਜਨਮ ਦਿੱਤਾ। ਬ੍ਰਿੰਦਾ ਦਾ ਉੱਧਾਰ ਕਰਨ ਲਈ ਵਿਸ਼ਣੂ ਨੇ ਜਲੰਧਰ ਰੂਪ ਵਿਚ ਅਵਤਾਰ ਧਾਰਣ ਕੀਤਾ। ਇਧਰ ਜਲੰਧਰ ਸ਼ਿਵ ਨੂੰ ਔਖਾ ਕਰ ਰਿਹਾ ਸੀ। ਦੋਹਾਂ ਵਿਚ ਘੋਰ ਯੁੱਧ ਹੋਇਆ। ਵਿਆਕੁਲ ਸ਼ਿਵ ਨੇ ਕਾਲ-ਪੁਰਖ ਦਾ ਧਿਆਨ ਕੀਤਾ ਜਿਸ ਕਰਕੇ ਵਿਸ਼ਣੂ ਨੇ ਜਲੰਧਰ ਦਾ ਰੂਪ ਧਾਰਿਆ। ਇਸ ਜਲੰਧਰ ਨੇ ਬ੍ਰਿੰਦਾ ਦਾ ਸਤਿ ਭੰਗ ਕੀਤਾ। ਫਲਸਰੂਪ ਰਾਖਸ਼ ਜਲੰਧਰ ਦਾ ਬਲ ਛੀਣ ਹੋ ਗਿਆ ਅਤੇ ਉਧਰ ਸ਼ਿਵ ਦੀ ਸਹਾਇਤਾ ਲਈ ਦੁਰਗਾ ਜਲੰਧਰੀ ਬਣ ਕੇ ਆਈ। ਯੁੱਧ ਵਿਚ ਜਲੰਧਰ ਨਸ਼ਟ ਹੋ ਗਿਆ।

(13)  ਅਦਿੱਤੀ ਪੁੱਤਰ ਵਿਸ਼ਣੂ: ਇਸ ਅਵਤਾਰ-ਪ੍ਰਸੰਗ ਵਿਚ ਦਸਿਆ ਗਿਆ ਹੈ ਕਿ ਭਾਰ ਪੀੜਿਤ ਧਰਤੀ ਆਪਣੀ ਸਹਾਇਤਾ ਲਈ ਕਾਲ-ਪੁਰਖ ਪਾਸ ਗਈ। ਕਾਲ-ਪੁਰਖ ਨੇ ਸਾਰਿਆਂ ਦੇਵਤਿਆਂ ਦਾ ਤੱਤ੍ਵ ਲੈ ਕੇ ਅਤੇ ਉਸ ਵਿਚ ਆਪਣਾ ਤੱਤ੍ਵ ਠਹਿਰਾ ਕੇ, ਵਿਸ਼ਣੂ ਰੂਪ ਵਿਚ ਅਦਿੱਤੀ ਦੇ ਘਰ ਜਨਮ ਲਿਆ। ਅਦਿੱਤੀ ਪੁੱਤਰ ਵਿਸ਼ਣੂ ਨੇ ਧਰਤੀ ਦਾ ਭਾਰ ਹਰਿਆ , ਰਾਖਸ਼ਾਂ ਦਾ ਨਾਸ ਕੀਤਾ ਅਤੇ ਫਿਰ ਕਾਲ-ਪੁਰਖ ਵਿਚ ਸਮਾ ਗਿਆ। ਚੌਪਈ-ਦੋਹਰਾ ਸ਼ੈਲੀ ਵਿਚ ਲਿਖੀ ਇਸ ਪੰਜ ਛੰਦਾਂ ਦੀ ਕਥਾ ਦਾ ਸਰੋਤ ਪੁਰਾਣ ਸਾਹਿਤ ਵਿਚ ਉਪਲਬਧ ਨਹੀਂ।

(14)  ਮਧੂ ਕੈਟਭ ਦੇ ਸੰਘਾਰਕ ਰੂਪ ਦਾ ਅਵਤਾਰ: ਸੱਤ ਛੰਦਾਂ ਦੀ ਇਸ ਰਚਨਾ ਵਿਚ ਦੋਹਰਾ-ਚੌਪਈ ਛੰਦਾਂ ਦੀ ਵਰਤੋਂ ਹੋਈ ਹੈ। ਇਸ ਅਵਤਾਰ ਦਾ ਰਚੈਤਾ ਨੇ ਕੋਈ ਵਿਸ਼ੇਸ਼ ਨਾਂ ਨਹੀਂ ਦਿੱਤਾ। ਇਤਨਾ ਲਿਖਿਆ ਹੈ ਕਿ ਕੰਨਾਂ ਦੀ ਮੈਲ ਤੋਂ ਪੈਦਾ ਹੋਏ ਦੋਹਾਂ ਦੈਂਤਾਂ ਨੂੰ ਸੰਘਾਰਨ ਲਈ ਵਿਸ਼ਣੂ ਨੇ ਜੋ ਅਵਤਾਰ ਧਾਰਿਆ, ਉਹੀ ਚੌਦਵਾਂ ਅਵਤਾਰ ਹੈ। ਮਧੂ ਕੈਟਭ ਨੇ ਵਿਸ਼ਣੂ ਨਾਲ ਪੰਜ ਹਜ਼ਾਰ ਸਾਲ ਯੁੱਧ ਕੀਤਾ, ਅੰਤ ਵਿਚ ਕਾਲ-ਪੁਰਖ ਦੀ ਸਹਾਇਤਾ ਨਾਲ ਵਿਸ਼ਣੂ ਨੇ ਦੋਵੇਂ ਦੈਂਤ ਮਾਰ ਦਿੱਤੇ

(15)  ਅਰਹੰਤ ਦੇਵ ਅਵਤਾਰ: ਵੀਹ ਛੰਦਾਂ ਦੀ ਇਸ ਅਵਤਾਰ-ਕਥਾ ਵਿਚ ਦੋਹਰਾ-ਚੌਪਈ ਛੰਦ-ਸ਼ੈਲੀ ਦੀ ਵਰਤੋਂ ਹੋਈ ਹੈ। ਇਸ ਅਵਤਾਰ ਪ੍ਰਸੰਗ ਦਾ ਸੰਬੰਧ ਜੈਨ ਮਤ ਦੇ ਮੋਢੀ ਆਦਿ-ਤੀਰਥਾਂਕਰ ਨਾਲ ਹੈ। ਸਾਰੇ ਦੈਂਤਾਂ ਨੇ ਮਿਲ ਕੇ ਇਸ ਗੱਲ ਬਾਰੇ ਵਿਚਾਰ ਕੀਤਾ ਕਿ ਦੇਵਤੇ ਸਦਾ ਜਿਤਦੇ ਕਿਉਂ ਹਨ ਅਤੇ ਦੈਂਤ ਹਾਰਦੇ ਕਿਉਂ ਹਨ ? ਦੈਂਤਾਂ ਦੇ ਗੁਰੂ ਨੇ ਉਨ੍ਹਾਂ ਨੂੰ ਦਸਿਆ ਕਿ ਉਹ ਯੱਗ ਕਰਦੇ ਹਨ ਅਤੇ ਯਸ਼ ਖਟਣ ਕਾਰਣ ਜਿਤਦੇ ਹਨ। ਇਸ ਵਾਸਤੇ ਤੁਸੀਂ ਵੀ ਯੱਗ ਕਰੋ। ਦੈਂਤਾਂ ਨੇ ਯੱਗ ਕਰਨੇ ਸ਼ੁਰੂ ਕੀਤੇ। ਦੇਵਤਿਆਂ ਨੇ ਡਰ ਕੇ ਵਿਸ਼ਣੂ ਨੂੰ ਦਸਿਆ। ਵਿਸ਼ਣੂ ਨੇ ਕਾਲ-ਪੁਰਖ ਦੀ ਆਗਿਆ ਨਾਲ ਅਰਹੰਤ ਦੇਵ ਦੇ ਰੂਪ ਵਿਚ ਅਵਤਾਰ ਧਾਰਿਆ ਅਤੇ ਨਵਾਂ ਪੰਥ ਚਲਾ ਕੇ ਦੈਂਤਾਂ ਨੂੰ ਯੱਗ ਕਰਨ ਤੋਂ ਵਰਜਿਆ। ਯੱਗ ਨ ਕਰਨ ਕਰਕੇ ਦੈਂਤਾਂ ਦਾ ਬਲ ਘਟ ਗਿਆ ਅਤੇ ਉਹ ਗ਼ਲਤ ਮਾਰਗ ਉਤੇ ਪੈ ਗਏ।

(16)  ਮਨੁ ਰਾਜਾ ਅਵਤਾਰ: ਅੱਠ ਛੰਦਾਂ ਦੇ ਇਸ ਸੰਖਿਪਤ ਪ੍ਰਸੰਗ ਵਿਚ ਦੋਹਰਾ ਅਤੇ ਚੌਪਈ ਛੰਦਾਂ ਦੀ ਵਰਤੋਂ ਹੋਈ ਹੈ। ਰਚੈਤਾ ਨੇ ਦਸਿਆ ਹੈ ਕਿ ਅਰਹੰਤ ਰੂਪ ਵਿਚ ਹੋਏ ਅਵਤਾਰ ਨੇ ਜੈਨ ਮਾਰਗ ਦੀ ਜੋ ਸਥਾਪਨਾ ਕੀਤੀ ਸੀ, ਉਸ ਦੇ ਪ੍ਰਭਾਵ ਕਾਰਣ ਲੋਕ ਧਰਮ ਕਾਰਜ ਤੋਂ ਹਟ ਗਏ। ਇਸ ਸਥਿਤੀ ਤੋਂ ਬਚਣ ਲਈ ਕਾਲ-ਪੁਰਖ ਦੀ ਆਗਿਆ ਨਾਲ ਵਿਸ਼ਣੂ ਨੇ ਮਨੁ ਰਾਜਾ ਦੇ ਰੂਪ ਵਿਚ ਅਵਤਾਰ ਧਾਰਿਆ। ਉਸ ਨੇ ‘ਮਨੁ ਸਮ੍ਰਿਤੀ’ ਦੀ ਰਚਨਾ ਕਰਕੇ ਸਾਰੇ ਕੁਪੰਥੀਆਂ ਨੂੰ ਸਹੀ ਪੰਥ ਦਾ ਅਨੁਸਾਰੀ ਕੀਤਾ। ਇਸ ਤਰ੍ਹਾਂ ਜੈਨ ਮਤ ਤੋਂ ਲੋਕੀ ਦੂਰ ਹਟਣ ਲਗੇ।

(17)  ਧਨਵੰਤਰ ਅਵਤਾਰ: ਦੋਹਰਾ-ਚੌਪਈ ਸ਼ੈਲੀ ਦੇ ਕੁਲ ਛੇ ਛੰਦਾਂ ਵਿਚ ਲਿਖੀ ਇਸ ਨਿੱਕੀ ਜਿਹੀ ਕਥਾ ਵਿਚ ਧਨਵੰਤਰ ਅਵਤਾਰ ਦੀ ਗੱਲ ਕਹੀ ਗਈ ਹੈ। ਇਸ ਵਿਚ ਇਹ ਦਸਿਆ ਗਿਆ ਹੈ ਕਿ ਜਦੋਂ ਹਰ ਪਾਸੇ ਲੋਕੀਂ ਧਨ-ਦੌਲਤ ਅਤੇ ਅਨਾਜ ਨਾਲ ਸੁਖੀ ਹੋ ਗਏ ਅਤੇ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਉਪਲਬਧ ਹੋ ਗਈਆਂ, ਤਾਂ ਉਦੋਂ ਕਈ ਪ੍ਰਕਾਰ ਦੇ ਰੋਗ ਪਸਰ ਗਏ। ਸਾਰੀ ਪ੍ਰਜਾ ਰੋਗ ਪੀੜਿਤ ਹੋ ਗਈ। ਸਾਰੇ ਦੁਖੀਆਂ ਵਲੋਂ ਪ੍ਰਾਰਥਨਾ ਕਰਨ’ਤੇ ਕਾਲ-ਪੁਰਖ ਨੇ ਵਿਸ਼ਣੂ ਨੂੰ ਧਨਵੰਤਰ ਰੂਪ ਵਿਚ ਅਵਤਾਰ ਧਾਰਣ ਦਾ ਆਦੇਸ਼ ਦਿੱਤਾ। ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ। ਉਸ ਵਿਚੋਂ ਰੋਗਾਂ ਦਾ ਨਾਸ਼ ਕਰਨ ਵਾਲੇ ਧਨਵੰਤਰੀ ਨੇ ਜਨਮ ਲਿਆ ਜਿਸ ਨੇ ਆਯੁਰ- ਵੇਦ ਦੀ ਰਚਨਾ ਕਰਕੇ ਹਰ ਪ੍ਰਕਾਰ ਦੇ ਰੋਗਾਂ ਦਾ ਨਾਸ਼ ਕੀਤਾ। ਪਰ ਸਮਾਂ ਆਉਣ’ਤੇ ਸੱਪਾਂ ਦੇ ਸੁਆਮੀ ਤੱਛਕ ਨਾਗ ਨੇ ਉਸ ਨੂੰ ਡਸ ਲਿਆ।

(18)  ਸੂਰਜ ਅਵਤਾਰ: ਪ੍ਰਸਤੁਤ ਕਥਾ-ਪ੍ਰਸੰਗ ਅਨੁਸਾਰ ਦੈਂਤਾਂ ਦਾ ਜਦੋਂ ਅਧਿਕ ਬਲ ਵਧ ਗਿਆ ਤਾਂ ਕਾਲ -ਪੁਰਖ ਨੇ ਸੂਰਜ ਰੂਪ ਅਵਤਾਰ ਧਾਰਣ ਲਈ ਵਿਸ਼ਣੂ ਨੂੰ ਕਿਹਾ। ਸੂਰਜ ਨੇ ਅਸੁਰਾਂ ਦਾ ਨਾਸ ਕਰਕੇ ਧਰਤੀ ਦਾ ਹਨੇਰਾ ਦੂਰ ਕੀਤਾ। ਸੂਰਜ ਦੇ ਨਿਕਲਣ ਨਾਲ ਸਾਰੇ ਲੋਕ ਆਲਸ ਨੂੰ ਤਿਆਗ ਕੇ ਉਠਦੇ ਹਨ ਅਤੇ ਪੂਜਾ-ਪਾਠ ਆਦਿ ਕਰਮ ਕਰਦੇ ਹਨ। ਇਸ ਤਰ੍ਹਾਂ ਕਰਦਿਆਂ ਜਦੋਂ ਬਹੁਤ ਸਮਾਂ ਬੀਤ ਗਿਆ ਤਾਂ ਦੀਰਘ -ਕਾਯ ਨਾਂ ਦਾ ਇਕ ਰਾਖਸ਼ ਪੈਦਾ ਹੋਇਆ ਜਿਸ ਨੇ ਸੂਰਜ ਦਾ ਰਥ ਰੋਕ ਦਿੱਤਾ। ਉਸ ਨਾਲ ਸੂਰਜ ਦਾ ਭਿਆਨਕ ਯੁੱਧ ਹੋਇਆ ਅਤੇ ਰਾਖਸ਼ ਮਾਰਿਆ ਗਿਆ। ਇਸ ਵਿਚ ਕੁਲ 27 ਛੰਦ ਹਨ ਅਤੇ ਚੌਪਈ, ਅਰਧ ਨਰਾਜ, ਅਨੁਭਵ, ਤੋਟਕ, ਦੋਹਰਾ ਨਾਂ ਦੇ ਛੰਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਵਿਚੋਂ 19 ਛੰਦਾਂ ਵਿਚ ਸੂਰਜ ਨਾਲ ਦੀਰਘ-ਕਾਯ ਰਾਖਸ਼ ਦਾ ਯੁੱਧ-ਵਰਣਨ ਹੋਇਆ ਹੈ। ਇਸ ਯੁੱਧ ਵਰਣਨ ਬਹੁਤ ਸਜੀਵ ਅਤੇ ਯੁਗ ਅਨੁਰੂਪ ਹੈ।

(19)  ਚੰਦ੍ਰ ਅਵਤਾਰ: ਇਸ ਅਵਤਾਰ-ਕਥਾ ਦਾ ਵਰਣਨ ਕੁਲ 15 ਛੰਦਾਂ ਵਿਚ ਹੋਇਆ ਹੈ ਅਤੇ ਦੋਧਕ, ਤੋਮਰ, ਚੌਪਈ ਨਾਂ ਦੇ ਛੰਦਾਂ ਦੀ ਵਰਤੋਂ ਹੋਈ ਹੈ। ਇਸ ਵਿਚ ਦਸਿਆ ਗਿਆ ਹੈ ਕਿ ਸੂਰਜ ਦੇ ਪ੍ਰਕਾਸ਼ ਨਾਲ ਧਰਤੀ ਸੜਨ ਲਗੀ , ਹਨੇਰੀਆਂ ਬਹੁਤ ਚਲਣ ਲਗੀਆਂ, ਅੰਨ ਪੈਦਾ ਹੋਣੋ ਬੰਦ ਹੋ ਗਿਆ, ਲੋਕ ਭੁਖੇ ਮਰਨ ਲਗੇ, ਇਸਤਰੀਆਂ ਕਾਮ ਤੋਂ ਪ੍ਰੇਰਿਤ ਨ ਹੋਣ ਕਾਰਣ ਪਤੀਆਂ ਦੀ ਸੇਵਾ ਕਰਨੋ ਹਟ ਗਈਆਂ। ਅਜਿਹੀ ਅਵਸਥਾ ਵਿਚ ਕਾਲ-ਪੁਰਖ ਨੇ ਵਿਸ਼ਣੂ ਨੂੰ ਚੰਦ੍ਰ ਅਵਤਾਰ ਧਾਰਣ ਲਈ ਆਗਿਆ ਦਿੱਤੀ। ਚੰਦ੍ਰ ਅਵਤਾਰ ਦੇ ਪ੍ਰਗਟ ਹੋਣ ਨਾਲ ਇਸਤਰੀਆਂ ਵਿਚ ਕਾਮ-ਭਾਵਨਾ ਜਾਗਣ ਲਈ, ਉਹ ਪਤੀ-ਸੇਵਾ ਵਲ ਰੁਚਿਤ ਹੋਈਆਂ, ਖੇਤੀ ਵੀ ਜੰਮਣ ਲਗੀ, ਕੁਝ ਕਾਲ ਬੀਤਣ’ਤੇ ਚੰਦ੍ਰਮਾ ਨੂੰ ਆਪਣੀ ਸੁੰਦਰਤਾ ਦਾ ਅਭਿਮਾਨ ਹੋਣ ਲਗਾ ਅਤੇ ਉਸ ਨੇ ਬ੍ਰਹਸਪਤੀ ਦੀ ਇਸਤਰੀ ਦਾ ਸਤਿ ਭੰਗ ਕੀਤਾ। ਮੁਨੀ ਨੇ ਉਸ ਨੂੰ ਸਰਾਪ ਦਿੱਤਾ ਅਤੇ ਚੰਦ੍ਰਮਾ ਕਲੰਕਿਤ ਹੋ ਗਿਆ। ਉਸ ਦਾ ਸਰੂਪ ਅਸਥਿਰ ਹੋ ਕੇ ਘਟਣ ਵਧਣ ਲਗਾ। ਚੰਦ੍ਰਮਾ ਬਹੁਤ ਲਜਿਤ ਹੋਇਆ ਅਤੇ ਉਸ ਦਾ ਅਭਿਮਾਨ ਖ਼ਤਮ ਹੋ ਗਿਆ।

(20) ਰਾਮਾਵਤਾਰ: ‘ਚੌਬੀਸ ਅਵਤਾਰ’ ਰਚਨਾ ਵਿਚ ‘ਰਾਮਾਵਤਾਰ’ ਦਾ ਵਿਸ਼ੇਸ਼ ਸਥਾਨ ਹੈ ਕਿਉਂਕਿ ਇਹ 864 ਛੰਦਾਂ ਦੀ ਵੱਡੇ ਆਕਾਰ ਦੀ ਰਚਨਾ ਹੈ। ‘ਚੌਬੀਸ ਅਵਤਾਰ’ ਵਿਚ ਆਕਾਰ ਦੇ ਪੱਖ ਤੋਂ ਇਸ ਦਾ ਦੂਜਾ ਸਥਾਨ ਹੈ। ਅੰਦਰਲੀ ਗਵਾਹੀ ਅਨੁਸਾਰ ਇਸ ਦੀ ਰਚਨਾ ਹਾੜ ਦੀ ਪ੍ਰਥਮ ਵਦੀ , ਸੰਮਤ 1755 ਬਿ. (1698 ਈ.) ਨੂੰ ਨੈਣਾ ਦੇਵੀ ਪਰਬਤ ਤੋਂ ਹੇਠਾਂ ਵਲ ਸਤਲੁਜ ਨਦੀ ਦੇ ਕੰਢੇ ਉਤੇ ਹੋਈ ਸੀ।

          ਇਸ ਅਵਤਾਰ-ਕਥਾ ਨੂੰ ਨਿੱਕੇ ਨਿੱਕੇ ਉਪ-ਖੰਡਾਂ ਵਿਚ ਵੰਡਿਆ ਗਿਆ ਹੈ। ਖੰਡਾਂ ਵਿਚ ਛੰਦਾਂ ਦੀ ਗਿਣਤੀ ਪੱਖੋਂ ਵੰਡ ਨਹੀਂ ਹੋਈ, ਸਗੋਂ ਜਿਥੇ ਕੋਈ ਨਿੱਕਾ ਵੱਡਾ ਪ੍ਰਸੰਗ ਮੁਕਿਆ, ਉੱਥੇ ਹੀ ਪੁਸ਼ਪਿਕਾ ਲਿਖ ਦਿੱਤੀ। ਇਸ ਵਿਚ ਛੰਦਾਂ ਦੀ ਵਿਵਿਧਤਾ ਵਿਸ਼ੇਸ਼ ਵੇਖਣ ਯੋਗ ਹੈ। ਛੰਦ-ਪਰਿਵਰਤਨ ਬਹੁਤ ਜਲਦੀ ਜਲਦੀ ਹੋਇਆ ਹੈ, ਖ਼ਾਸ ਕਰਕੇ ਯੁੱਧ ਵਰਣਨ ਵੇਲੇ। ਯੁੱਧ ਦੀ ਗਤਿ ਨਿੱਕੇ ਵੱਡੇ ਛੰਦਾਂ ਦੀ ਬਦਲੀ ਨਾਲ ਸਾਫ਼ ਮਹਿਸੂਸ ਹੋਣ ਲਗ ਜਾਂਦੀ ਹੈ। ਇਸ ਕਥਾ ਦਾ ਮੁੱਖ ਸਰੋਤ ਬਾਲਮੀਕੀ ਰਾਮਾਇਣ ਹੈ। ਇਹ ਗੱਲ ਇਸ ਦੀ ਅੰਤਿਮ ਪੁਸ਼ਪਿਕਾ (ਇਤਿ ਸ੍ਰੀ ਰਾਮਾਯਣ ਸਮਾਪਤਮ ਸਤੁ) ਤੋਂ ਹੀ ਸਪੱਸ਼ਟ ਹੈ।

          ਸਮੁੱਚੇ ਤੌਰ’ਤੇ ਇਸ ਅਵਤਾਰ-ਕਥਾ ਦਾ ਮੇਲ ਬਾਲਮੀਕੀ ਰਾਮਾਇਣ (ਅਤੇ ਕੁਝ ਹਦ ਤਕ ਅਧਿਆਤਮ ਰਾਮਾਇਣ) ਨਾਲ ਬੈਠਦਾ ਹੈ। ਇਹੀ ਇਸ ਦੇ ਮੁੱਖ ਸਰੋਤ ਹਨ। ਕੁਝ ਕਥਾ-ਪ੍ਰਸੰਗਾਂ ਵਿਚ ਲੋਕ- ਪਰੰਪਰਾ ਕਰਕੇ ਵਾਧ ਘਾਟ ਵੀ ਹੋਈ ਹੈ। ਇਸ ਅਵਤਾਰ-ਪ੍ਰਸੰਗ ਵਿਚ ਰਚੈਤਾ ਨੇ ਕਥਾ ਦੀ ਸੰਖੇਪਤਾ ਵਲ ਬਹੁਤ ਧਿਆਨ ਦਿੱਤਾ ਹੈ। ਰਾਮਾਇਣ ਦੇ ‘ਕਿਸ਼ਕਿੰਧਾ’ ਅਤੇ ‘ਸੁੰਦਰ’ ਨਾਂ ਵਾਲੇ ਕਾਂਡਾਂ ਦਾ ਪ੍ਰਸੰਗ ਨਾਂ-ਮਾਤ੍ਰ ਵਰਣਿਤ ਕੀਤਾ ਗਿਆ ਹੈ ਅਤੇ ਰਾਮਾਇਣ ਦੇ ਅਪ੍ਰਸੰਗਿਕ ਉਪਾਖਿਆਨਾਂ ਨੂੰ ਵੀ ਕੋਈ ਸਥਾਨ ਨਹੀਂ ਦਿੱਤਾ ਗਿਆ। ਕਈ ਹੋਰ ਮਾਰਮਿਕ ਪ੍ਰਸੰਗ ਵੀ ਛਡ ਦਿੱਤੇ ਗਏ ਹਨ, ਜਿਵੇਂ ਚਿਤ੍ਰਕੂਟ, ਮਾਤਾ- ਮਿਲਨ, ਮਾਰਗ ਦੀਆਂ ਯਾਤ੍ਰਾਵਾਂ ਦਾ ਵਰਣਨ ਇਸ ਕਥਾ ਵਿਚ ਨਹੀਂ ਮਿਲਦਾ। ਉਂਜ ਦੋਹਾਂ ਪ੍ਰਸੰਗਾਂ ਵਿਚ ਲੰਕਾਂ ਉਪਰ ਰਾਮ ਦੇ ਹਮਲੇ ਤੋਂ ਪਹਿਲਾਂ ਦੀਆਂ ਘਟਨਾਵਾਂ ਵਿਚ ਸਮਾਨਤਾ ਅਧਿਕ ਹੈ ਪਰ ਅਭਿ- ਵਿਅਕਤੀ ਸੰਬੰਧੀ ਅੰਤਰ ਸਰਬੱਤ੍ਰ ਹੈ। ‘ਰਾਮਾਵਤਾਰ’ ਵਿਚ ਲਵ ਕੁਸ਼ ਦੇ ਯੁੱਧ ਦਾ ਵਰਣਨ ਬੜੀ ਤਲੀਨਤਾ ਨਾਲ ਕੀਤਾ ਗਿਆ ਹੈ, ਪਰ ਰਾਮਾਇਣ ਵਿਚ ਇਸ ਦਾ ਚਿਤ੍ਰਣ ਨਹੀਂ ਹੋਇਆ। ਸਪੱਸ਼ਟ ਹੈ ਕਿ ‘ਰਾਮਾ- ਵਤਾਰ’ ਦੇ ਅਜਿਹੇ ਅੰਸ਼ ਲੋਕ ਪ੍ਰਸਿੱਧ ਪਰੰਪਰਾਵਾਂ ਤੋਂ ਆਏ ਹਨ।

           ‘ਰਾਮਾਵਤਾਰ’ ਦਾ ਮੁੱਖ ਆਸ਼ਾ ਰਾਮ ਚੰਦਰ ਦੇ ਵੀਰ ਰੂਪ ਅਤੇ ਵੈਰੀ ਨਾਸ਼ਕ ਰੂਪ ਨੂੰ ਅਧਿਕ ਚਿਤਰਨਾ ਹੈ ਕਿਉਂਕਿ ਇਥੇ ਰਚੈਤਾ ਦਾ ਉਦੇਸ਼ ਨਿਰੀ ਅਵਤਾਰ-ਕਥਾ ਦਸਣੀ ਨਹੀਂ, ਸਗੋਂ ਯੁਗ ਅਨੁਸਾਰ ਉਸ ਦੇ ਉਪਯੋਗੀ ਤੱਥਾਂ ਅਤੇ ਪੱਖਾਂ ਨੂੰ ਅਧਿਕ ਉਘਾੜਨਾ ਸੀ। ਧਰਮ-ਯੁੱਧ ਲਈ ਤਿਆਰ ਕੀਤੇ ਜਾ ਰਹੇ ਸਿੱਖ ਭਾਈਚਾਰੇ ਵਾਸਤੇ ਯੁੱਧ ਦੀ ਪ੍ਰੇਰਣਾ ਦੇਣ ਵਾਲੇ ਪ੍ਰਸੰਗਾਂ ਨੂੰ ਚਿਤਰਨਾ ਅਤਿ ਆਵੱਸ਼ਕ ਸੀ ਅਤੇ ਇਸ ਆਵੱਸ਼ਕਤਾ ਦੀ ਪੂਰਤੀ ਯੁੱਧ- ਵਰਣਨ ਤੋਂ ਹੀ ਹੋ ਸਕਦੀ ਸੀ। ਯੁੱਧ-ਵਰਣਨ ਵਿਚ ਯੁਗ ਅਨੁਰੂਪਤਾ ਦਾ ਧਿਆਨ ਰਖਿਆ ਗਿਆ ਹੈ। ਵਰਣਨ ਅਤੇ ਅਭਿਵਿਅਕਤੀ ਦੇ ਪੱਖ ਤੋਂ ‘ਰਾਮਾ- ਵਤਾਰ’ ਇਕ ਉੱਤਮ ਰਚਨਾ ਹੈ ਕਿਉਂਕਿ ਇਸ ਵਿਚ ਯੁੱਧ ਦੇ ਸ਼ੰਕਾ ਪੱਖ ਤੋਂ ਲੈ ਕੇ ਸਮਾਧਾਨ ਪੱਖ ਦਾ ਬੜਾ ਸਜੀਵ ਚਿਤ੍ਰਣ ਹੋਇਆ ਹੈ। ਯੁੱਧ ਦਾ ਸਮੁੱਚਾ ਵਾਤਾਵਰਣ ਬਹੁਤ ਉਤਸਾਹ ਵਰਧਕ ਹੈ। ਛੰਦਾਂ ਦੀ ਚਾਲ ਯੁੱਧ ਦੇ ਪੈਂਤੜੇ ’ਤੇ ਨਿਸ਼ਚਿਤ ਹੋਈ ਹੈ। ਅਲੰਕਾਰਾਂ ਦੀ ਯੋਜਨਾ ਨੇ ਪ੍ਰਭਾਵ ਨੂੰ ਤੀਬਰ ਕੀਤਾ ਹੈ। ਭਾਸ਼ਾ ਨੇ ਯੁੱਧ ਧੁਨੀਆਂ ਨੂੰ ਸਿਰਜਿਆ ਹੈ। ਮੁੱਖ ਤੌਰ’ਤੇ ਇਸ ਚਰਿਤ੍ਰ-ਕਥਾ ਦੀ ਭਾਸ਼ਾ ਬ੍ਰਜ ਹੈ, ਅਵਧੀ ਜਾਂ ਰਾਜਸਥਾਨੀ ਵੀ ਵਰਤੀ ਗਈ ਹੈ। ਕਿਤੇ ਕਿਤੇ ਪੰਜਾਬੀ ਦਾ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਰਚਨਾ ਪ੍ਰਬੰਧ-ਕਾਵਿ ਦਾ ਰੂਪ ਧਾਰਦੀ ਪ੍ਰਤੀਤ ਹੁੰਦੀ ਹੈ। ਯੋਧਿਆਂ ਦੀਆਂ ਆਪਸ ਵਿਚ ਹੋਈਆਂ ਗੱਲਾਂ , ਉਕਤੀਆਂ-ਪ੍ਰਤਿਉਕਤੀਆਂ, ਵਿਅੰਗ ਆਦਿ ਦਾ ਵੀ ਪ੍ਰਭਾਵਸ਼ਾਲੀ ਚਿਤ੍ਰਣ ਹੋਇਆ ਹੈ।

(21)  ਕ੍ਰਿਸ਼ਨਾਵਤਾਰ: ‘ਚੌਬੀਸ ਅਵਤਾਰ’ ਪ੍ਰਸੰਗ ਦੀ ਇਹ ਅਵਤਾਰ-ਕਥਾ ਵਿਸ਼ੇਸ਼ ਉਲੇਖ-ਯੋਗ ਹੈ ਕਿਉਂਕਿ ਇਕ ਤਾਂ ਇਸ ਦਾ ਆਕਾਰ ਬਹੁਤ ਵੱਡਾ ਹੈ, ਦੂਜਾ ਇਸ ਵਿਚ ਰਚੈਤਾ ਨੇ ਯੁੱਧ-ਵਰਣਨ ਵਿਚ ਵਿਸ਼ੇਸ਼ ਰੁਚੀ ਵਿਖਾਈ ਹੈ ਅਤੇ ਤੀਜਾ ਪੰਜਾਬ ਵਿਚ ਹੀ ਨਹੀਂ, ਸਮੁੱਚੇ ਹਿੰਦੀ ਸਾਹਿਤ ਵਿਚ ਸ੍ਰੀ ਕ੍ਰਿਸ਼ਣ ਸੰਬੰਧੀ ਲਿਖੇ ਗਏ ਕਾਵਿ ਵਿਚ ਇਸ ਦਾ ਮਹੱਤਵਪੂਰਣ ਸਥਾਨ ਹੈ।

            ਅੰਦਰਲੀ ਗਵਾਹੀ ਅਨੁਸਾਰ ਇਸ ਦੀ ਰਚਨਾ 1745 ਬਿ.-ਸਾਵਣ ਸੁਦੀ 7 (ਸੰਨ 1688 ਈ.) ਨੂੰ ਜਮਨਾ ਨਦੀ ਦੇ ਕੰਢੇ’ਤੇ ਵਸੇ ਪਾਂਵਟਾ ਨਗਰ ਵਿਚ ਹੋਈ ਸੀ (2490)। ਇਸ ਰਚਨਾ ਦਾ ਮੂਲਾਧਾਰ ‘ਭਾਗਵਤ ਪੁਰਾਣ’ ਹੈ। ਇਹ ਗੱਲ ਨ ਕੇਵਲ ਇਕ ਦੋਹਰੇ (2491) ਤੋਂ ਸਪੱਸ਼ਟ ਹੋ ਜਾਂਦੀ ਹੈ, ਸਗੋਂ ਹੋਰ ਵੀ ਕੁਝ ਉਕਤੀਆਂ ਜਾਂ ਅਧਿਆਇ-ਅੰਤ’ਤੇ ਲਿਖੀਆਂ ਪੁਸ਼ਪਿਕਾਵਾਂ ਤੋਂ ਵੀ ਪੁਸ਼ਟ ਹੁੰਦੀ ਹੈ। ਪ੍ਰਕਾਸ਼ਿਤ ਬੀੜ ਅਨੁਸਾਰ ਇਸ ਵਿਚ ਕੁਲ 2492 ਛੰਦ ਹਨ। ਭਾਈ ਮਨੀ ਸਿੰਘ ਵਾਲੀ ਬੀੜ ਵਿਚ ਪ੍ਰਕਾਸ਼ਿਤ ਬੀੜ ਨਾਲੋਂ ਇਸ ਅਵਤਾਰ-ਕਥਾ ਦੇ 43 ਛੰਦ ਘਟ ਹਨ। ਸੰਗਰੂਰ ਵਾਲੀ ਬੀੜ ਵਿਚ ਕੁਲ ਛੰਦ 2559 ਹਨ, ਜਦ ਕਿ ਪਟਨੇ ਵਾਲੀ ਬੀੜ ਵਿਚ 2580 ਹਨ। ਇਸ ਤਰ੍ਹਾਂ ਸਪੱਸ਼ਟ ਹੈ ਕਿ ਇਸ ਰਚਨਾ ਦੀ ਛੰਦ-ਗਿਣਤੀ ਵਿਚ ਫ਼ਰਕ ਹੈ। ਇਸ ਤੋਂ ਇਲਾਵਾ ਸੰਗਰੂਰ ਵਾਲੀ ਅਤੇ ਪਟਨੇ ਵਾਲੀ ਬੀੜਾਂ ਵਿਚ ਇਸ ਦੇ ਆਰੰਭ ਵਿਚ ‘ਉਸਤਤਿ ਸ੍ਰੀ ਭਵਾਨੀ ਜੀ ਕੀ’ ਦੇ 34 ਛੰਦ ਲਿਖੇ ਹਨ। ਇਹ ਛੰਦ ਪ੍ਰਕਾਸ਼ਿਤ ਬੀੜ ਵਿਚ ਨਹੀਂ ਹਨ। ਅਸਲ ਵਿਚ ਚੰਡੀ ਚਰਿਤ੍ਰ- 2 ਦੇ ਸੱਤਵੇਂ ਅਧਿਆਇ ਵਿਚ 223 ਤੋਂ ਲੈ 256 ਤਕ ਜੋ ‘ਦੇਵੀ ਜੂ ਕੀ ਉਸਤਤਿ’ ਦੇ 34 ਛੰਦ ਲਿਖੇ ਹਨ, ਉਹ ਇਥੋਂ ਦੇ ਹਨ ਅਤੇ ਉਥੇ ਅਪ੍ਰਸੰਗਿਕ ਲਿਖੇ ਹਨ। ਇਨ੍ਹਾਂ ਨਾਲ ਛੰਦਾਂ ਦੀ ਗਿਣਤੀ ਦਾ ਵਧ ਜਾਣਾ ਸੁਭਾਵਿਕ ਹੈ।

           ਪ੍ਰਕਾਸ਼ਿਤ ਬੀੜ ਅਤੇ ਭਾਈ ਮਨੀ ਸਿੰਘ ਅਤੇ ਮੋਤੀ ਬਾਗ਼ ਵਾਲੀਆਂ ਬੀੜਾਂ ਵਿਚ ਇਹ ਅਵਤਾਰ- ਕਥਾ ਇਕ ਇਕਾਈ ਦੇ ਰੂਪ ਵਿਚ ਚਿਤਰੀ ਗਈ ਹੈ ਅਤੇ ਅਧਿਆਇ ਅੰਤ ਤੇ ਪੁਸ਼ਪਿਕਾਵਾਂ ਵਿਚ ਅਧਿਆਵਾਂ ਦੀ ਗਿਣਤੀ ਵੀ ਦਿੱਤੀ ਹੈ। ਇਹ ਗਿਣਤੀ ਕੇਵਲ ਅੱਠਵੇਂ ਅਧਿਆਇ ਦੀ ਪੁਸ਼ਪਿਕਾ ਤਕ ਚਲਦੀ ਹੈ, ਉਸ ਤੋਂ ਬਾਦ ਅਧਿਆਇ ਅੰਕ ਨਹੀਂ ਦਿੱਤੇ ਗਏ, ਕੇਵਲ ਪ੍ਰਸੰਗਾਂ ਦੀ ਸੂਚਨਾ ਦਿੱਤੀ ਗਈ ਹੈ।

           ਸੰਗਰੂਰ ਅਤੇ ਪਟਨਾ ਵਾਲੀਆਂ ਬੀੜਾਂ ਵਿਚ ‘ਉਸਤਤਿ ਸ੍ਰੀ ਭਵਾਨੀ ਜੀ ਕੀ’ ਤੋਂ ਬਾਦ ਇਸ ਰਚਨਾ ਦੇ ਚਾਰ ਖੰਡ ਲਿਖੇ ਹਨ, ਜਿਵੇਂ— (1) ਦਸਮ ਕਥਾ (ਬਾਲਪਨ), (2) ਰਾਸ ਮੰਡਲ, (3) ਬਿਰਹ ਨਾਟਕ ਅਤੇ (4) ਜੁਧ ਪ੍ਰਬੰਧ। ਇਸ ਤੋਂ ਸਪੱਸ਼ਟ ਹੈ ਕਿ ਮੂਲ ਰੂਪ ਵਿਚ ਇਹ ਰਚਨਾ ਖੰਡਾਂ ਵਿਚ ਲਿਖੀ ਗਈ ਸੀ, ਪਰ ਬਾਦ ਵਿਚ ਇਸ ਨੂੰ ਇਕ ਇਕਾਈ ਵਿਚ ਨਿਰੰਤਰ ਰੂਪ ਦੇ ਦਿੱਤਾ ਗਿਆ ਹੈ। ਹੁਣ ਵੀ ਇਸ ਰਚਨਾ ਵਿਚੋਂ ਇਹ ਸੰਕੇਤ ਮਿਲਦੇ ਹਨ ਕਿ ਇਸ ਦੀ ਰਚਨਾ ਖੰਡਾਂ ਵਿਚ ਹੀ ਹੋਈ ਸੀ। ‘ਜੁਧ ਪ੍ਰਬੰਧ’ ਦਾ ਸਿਰਲੇਖ ਹੀ ਇਸ ਦਾ ਪ੍ਰਮਾਣ ਹੈ। ਇਸ ਤੋਂ ਇਲਾਵਾ ਇਸ ਦੇ ਸ਼ੁਰੂ ਵਿਚ ਲਿਖਿਆ ਹੈ ਕਿ 1192 ਛੰਦਾਂ ਵਾਲਾ ਖੰਡ ਆਨੰਦਪੁਰ ਸਾਹਿਬ ਵਿਚ ਲਿਖਿਆ ਗਿਆ। ਇਸ ਦੇ ਅੰਤ ਵਿਚ ਦਿੱਤੀ ਸੂਚਨਾ ਅਨੁਸਾਰ ਇਸ ਦੀ ਪਾਂਵਟਾ ਸਾਹਿਬ ਵਿਚ ਰਚਨਾ ਹੋਈ ਸੀ। ਅਸਲ ਵਿਚ ਅਖੀਰਲਾ ਹਿੱਸਾ ਪਾਂਵਟਾ ਸਾਹਿਬ ਵਿਚ ਰਚਿਆ ਗਿਆ ਅਤੇ ਪਹਿਲਾ ਖੰਡ ਆਨੰਦਪੁਰ ਸਾਹਿਬ ਵਿਚ ਮੁਕੰਮਲ ਹੋਇਆ।

           ਇਸ ਦੇ ਆਰੰਭ ਦੇ ਚਾਰ ਛੰਦਾਂ ਵਿਚ ‘ਚੌਬੀਸ ਅਵਤਾਰ’ ਪ੍ਰਸੰਗ ਵਿਚ ਇਸ ਅਵਤਾਰ-ਕਥਾ ਦਾ ਕ੍ਰਮ ਨਿਸ਼ਚਿਤ ਕੀਤਾ ਗਿਆ ਹੈ। ਫਿਰ ਅਗਲੇ ਚਾਰ ਛੰਦਾਂ ਵਿਚ ਦੇਵੀ ਦੀ ਉਸਤਤਿ ਅਤੇ ਵਰ ਯਾਚਨਾ ਕੀਤੀ ਗਈ ਹੈ। ਇਸ ਤੋਂ ਬਾਦ ਬਾਲ-ਲੀਲ੍ਹਾ ਖੰਡ, ਰਾਸ-ਮੰਡਲ ਖੰਡ, ਬਿਰਹ-ਨਾਟਕ ਖੰਡ ਅਤੇ ਯੁੱਧ- ਪ੍ਰਬੰਧ ਖੰਡ ਦਾ ਵਿਵਰਣ ਹੈ।

           ਇਸ ਅਵਤਾਰ-ਕਥਾ ਦਾ ਸਰੋਤ ਭਾਵੇਂ ‘ਭਾਗਵਤ ਪੁਰਾਣ’ ਹੈ, ਪਰ ਇਸ ਚਰਿਤ੍ਰ-ਕਥਾ ਦੇ ਰਚੈਤਾ ਨੇ ਆਧਾਰ ਗ੍ਰੰਥ ਦੀਆਂ ਕੇਵਲ ਪ੍ਰਧਾਨ ਘਟਨਾਵਾਂ ਨੂੰ ਗ੍ਰਹਿਣ ਕੀਤਾ ਹੈ, ਕਿਤੇ ਕਿਤੇ ਤਾਂ ਕੇਵਲ ਕਥਾ- ਸੂਤਰ ਲਏ ਹਨ। ਹਾਂ, ਜਰਾਸੰਧ ਦੀ ਹਾਰ ਤੋਂ ਬਾਦ ਕ੍ਰਿਸ਼ਨਾਵਤਾਰ ਦਾ ਰਚੈਤਾ ਆਧਾਰ-ਕਥਾ ਤੋਂ ਬਹੁਤ ਨਹੀਂ ਹੋਟਿਆ। ‘ਭਾਗਵਤ ਪੁਰਾਣ’ ਦੇ ਦਾਰਸ਼ਨਿਕ ਪ੍ਰਸੰਗਾਂ ਨੂੰ ਲਗਭਗ ਛਡ ਦਿੱਤਾ ਹੈ। ਇਨ੍ਹਾਂ ਦੋਹਾਂ ਰਚਨਾਵਾਂ ਵਿਚ ਅਭਿਵਿਅਕਤੀ ਸੰਬੰਧੀ ਪਰਸਪਰ ਅੰਤਰ ਇਕ-ਦਮ ਬਹੁਤ ਅਧਿਕ ਹੈ। ਇਸ ਤੋਂ ਛੁਟ ‘ਕ੍ਰਿਸ਼ਨਾਵਤਾਰ’ ਦੇ ਚੀਰ-ਚਰਨ, ਬਿਰਹ-ਨਾਟਕ, ਰਾਸ-ਮੰਡਲ ਆਦਿ ਪ੍ਰਸੰਗਾਂ ਦੇ ਕਥਾ-ਸੂਤਰ ਭਾਵੇਂ ‘ਭਾਗਵਤ ਪੁਰਾਣ’ ਵਿਚੋਂ ਹੀ ਲਏ ਗਏ ਹਨ, ਪਰ ਇਹ ਆਪਣੇ ਆਪ ਵਿਚ ਸੁਤੰਤਰ ਅਤੇ ਕਵਿਤਾ ਦੇ ਗੁਣਾਂ ਨਾਲ ਭਰਪੂਰ ਹਨ। ਆਧਾਰ-ਕਥਾ ਅਤੇ ਕ੍ਰਿਸ਼ਨਾਵਤਾਰ ਦੀ ਵੱਡੀ ਭਿੰਨਤਾ ਯੁੱਧ-ਪ੍ਰਬੰਧ ਨੂੰ ਕ੍ਰਿਸ਼ਣ-ਚਰਿਤ੍ਰ ਵਿਚ ਸ਼ਾਮਲ ਕਰਨਾ ਹੈ। ਇਹ ਜਿਥੇ ਇਕ ਨਵੀਨ ਕਲਪਨਾ ਹੈ ਉਥੇ ਕ੍ਰਿਸ਼ਣ ਨੂੰ ਆਪਣੇ ਪਰੰਪਰਾਗਤ ਰੂਪ ਤੋਂ ਭਿੰਨ ਇਕ ਬਲਬੀਰ ਯੋਧਾ ਦੇ ਰੂਪ ਵਿਚ ਚਿਤਰਦੀ ਹੈ।

           ਇਸ ਰਚਨਾ ਲਈ ਮੁੱਖ ਤੌਰ’ਤੇ ਟਕਸਾਲੀ ਬ੍ਰਜ ਭਾਸ਼ਾ ਵਰਤੀ ਗਈ ਹੈ, ਪਰ ਕਿਤੇ ਕਿਤੇ ਅਰਬੀ , ਫ਼ਾਰਸੀ , ਪੰਜਾਬੀ, ਅਵਧੀ ਅਤੇ ਰਾਜਸਥਾਨੀ ਦੀ ਸ਼ਬਦਾਵਲੀ ਦੀ ਵਰਤੋਂ ਵੀ ਹੋਈ ਹੈ। ਇਸ ਦੀ ਭਾਸ਼ਾ ਵਿਚ ਪ੍ਰਸਾਦ ਨਾਲੋਂ ਮਾਧੁਰਯ ਅਤੇ ਓਜ ਗੁਣਾਂ ਦੀ ਅਧਿਕ ਵਰਤੋਂ ਹੋਈ ਹੈ। ਇਸ ਵਿਚ ਅਧਿਕਤਰ ਦੀਰਘ ਛੰਦ ਵਰਤੇ ਗਏ ਹਨ। ਸਵੈਯਾ ਛੰਦ ਦੀ ਪ੍ਰਧਾਨਤਾ ਹੈ। ਇਸ ਵਿਚ ਲਘੂ ਛੰਦਾਂ ਦੀ ਵਰਤੋਂ ਨ ਹੋਣ ਕਾਰਣ ਯੁੱਧ ਦੀ ਗਤਿ ਬਹੁਤ ਧੀਮੀ ਜਾਂ ਮੰਦ ਹੈ। ਪਰ ਇਸ ਵਿਚ ਅਲੰਕਾਰਾਂ ਦੀ ਵਰਤੋਂ ਜਮ ਕੇ ਹੋਈ ਹੈ, ਅਧਿਕਤਰ ਉਪਮਾ ਅਤੇ ਉਤਪ੍ਰੇਕਸ਼ਾ ਵਰਗੇ ਸਮਾਨਤਾ ਪ੍ਰਗਟ ਕਰਨ ਵਾਲੇ ਅਲੰਕਾਰ ਵਰਤੇ ਗਏ ਹਨ। ਉਪਮਾਵਾਂ ਨਵੀਆਂ ਅਤੇ ਜਨ-ਸਾਧਾਰਣ ਦੀ ਬੁੱਧੀ ਦੇ ਨੇੜੇ ਹਨ।

(22)  ਨਰ ਅਵਤਾਰ: ਸੱਤ ਚੌਪਈ ਛੰਦਾਂ ਵਿਚ ਵਰਣਿਤ ਇਸ ਅਵਤਾਰ-ਕਥਾ ਦਾ ਸੰਬੰਧ ਅਰਜਨ ਨਾਲ ਜੋੜਿਆ ਗਿਆ ਹੈ। ਰਚੈਤਾ ਅਨੁਸਾਰ ਅਰਜਨ ਨੇ ਇੰਦ੍ਰ ਦੇ ਸੰਕਟ ਨੂੰ ਹਰਿਆ, ਸ਼ਿਵ ਨਾਲ ਯੁੱਧ ਕੀਤਾ ਅਤੇ ਦੁਰਯੋਧਨ ਨੂੰ ਜਿਤਿਆ।

(23)  ਬਊਧ ਅਵਤਾਰ: ਤਿੰਨ ਛੰਦਾਂ— ਦੋ ਚੌਪਈ ਅਤੇ ਇਕ ਦੋਹਰਾ— ਦੀ ਇਹ ਅਤਿ ਲਘੂ ਅਵਤਾਰ-ਕਥਾ ਬੜੀ ਅਸਪੱਸ਼ਟ ਅਤੇ ਕਥਾਨਕ ਰਹਿਤ ਹੈ। ਸਿਲਾ ਰੂਪ ਬਰਤਤ ਜਗਤ ਸੋ ਬਊਧ ਅਵਤਾਰ ਤੋਂ ਸੰਕੇਤ ਮਿਲਦਾ ਹੈ ਕਿ ‘ਸਿਲਾਸ਼ਬਦ ਬੁੱਧ ਦੀ ਮੂਰਤੀ ਦਾ ਸੂਚਕ ਹੈ। ਭਾਗਵਤ ਆਦਿ ਪੁਰਾਣਾਂ ਵਿਚ ਬੁੱਧ ਨੂੰ ਵਿਸ਼ਣੂ ਦਾ ਅਵਤਾਰ ਮੰਨਿਆ ਗਿਆ ਹੈ। ਦਸ ਅਵਤਾਰਾਂ ਵਾਲੀ ਸੂਚੀ ਵਿਚ ਇਸ ਦਾ ਸਥਾਨ ਨੌਵਾਂ ਹੈ ਅਤੇ 24 ਅਵਤਾਰਾਂ ਵਿਚ ਇਹ ਕ੍ਰਮਾਂਕ 23’ਤੇ ਹੈ। ਪ੍ਰਸਤੁਤ ਪ੍ਰਸੰਗ ਵਿਚ ਕਥਾ ਅੰਸ਼ ਦਾ ਅਭਾਵ ਹੈ।

(24)  ਨਿਹਕਲੰਕੀ ਅਵਤਾਰ: ਕੁਲ 588 ਛੰਦਾਂ ਦੀ ਇਹ ਰਚਨਾ ‘ਚੌਬੀਸ ਅਵਤਾਰ’ ਪ੍ਰਸੰਗ ਵਿਚ ਆਕਾਰ ਵਜੋਂ ਤੀਜੇ ਨੰਬਰ’ਤੇ ਹੈ। ਇਸ ਰਚਨਾ ਦੇ ਕੁਲ ਚਾਰ ਅਧਿਆਇ ਹਨ। ਪਹਿਲਾ ਅਧਿਆਇ 454 ਛੰਦਾਂ ਦਾ, ਦੂਜਾ 52 ਛੰਦਾਂ ਦਾ, ਤੀਜਾ ਚਾਰ ਛੰਦਾਂ ਦਾ ਅਤੇ ਚੌਥਾ 78 ਛੰਦਾਂ ਦਾ ਹੈ। ਇਸ ਦੇ ਪਹਿਲੇ 136 ਛੰਦਾਂ ਵਿਚ ਕਲਿਯੁਗ ਦੀ ਦਸ਼ਾ ਦਾ ਚਿਤ੍ਰਣ ਕੀਤਾ ਗਿਆ ਹੈ ਅਤੇ ਉਸ ਦਸ਼ਾ ਤੋਂ ਪੈਦਾ ਹੋਈ ਸਥਿਤੀ ਵਿਚ ਸੁਧਾਰ ਲਿਆਉਣ ਲਈ ਵਿਸ਼ਣੂ ਅਵਤਾਰ ਧਾਰਦਾ ਹੈ। ਇਸ ਅਵਤਾਰ ਦਾ ਮੁੱਖ ਕਰਤੱਵ ਇਸ ਪ੍ਰਕਾਰ ਹੈ— ਪਾਪ ਸੰਬੂਹ ਬਿਨਾਸਨ ਕਉ ਕਲਿਕੀ ਅਵਤਾਰ ਕਹਾਵਹਗੇ

           ਇਹ ਅਵਤਾਰ-ਕਥਾ ‘ਕਲਕੀ ਪੁਰਾਣ’ ਤੋਂ ਇਕ -ਦਮ ਸੁਤੰਤਰ ਅਤੇ ਕਵੀ ਕਲਪਿਤ ਹੈ। ਜੇ ਦੋਹਾਂ ਕਥਾਵਾਂ ਵਿਚ ਕੋਈ ਸਾਂਝ ਹੈ ਤਾਂ ਕੇਵਲ ਇਹ ਕਿ ਕਲਕੀ ਦੇ ਅਵਤਾਰ ਹੋਣ ਦੀ ਕਲਪਨਾ, ਉਸ ਦਾ ਸਾਰੇ ਸੰਸਾਰ ਨੂੰ ਜਿਤਣਾ ਅਤੇ ਧਰਮ ਪ੍ਰਚਾਰ ਕਰਨਾ। ਪ੍ਰਸਤੁਤ ਕਥਾ ਵਿਚ ਕਲਕੀ ਨੂੰ ਮੀਰ ਮਹਿਦੀ ਹੱਥੋਂ ਮਰਵਾ ਕੇ ਸਾਰੀ ਅਵਤਾਰ ਪਰੰਪਰਾ ਨੂੰ ਮਹੱਤਵਹੀਨ ਕਰ ਦਿੱਤਾ ਗਿਆ ਹੈ।

            ਇਸ ਅਵਤਾਰ-ਕਥਾ ਲਈ 60 ਕਿਸਮ ਦੇ ਛੰਦ ਵਰਤੇ ਗਏ ਹਨ। ਕਈ ਛੰਦਾਂ ਦੇ ਨਾਮਾਂਤਰ ਵੀ ਹਨ। ਯੁੱਧ-ਚਿਤ੍ਰਣ ਬੜਾ ਸਜੀਵ ਅਤੇ ਤਦ-ਵਕਤੀ ਸਥਿਤੀਆਂ ਅਨੁਸਾਰ ਹੈ। ਯੁੱਧ-ਚਿਤ੍ਰਣ ਲਈ ਲਘੂ ਛੰਦਾਂ ਦੀ ਵਰਤੋਂ ਕਰਕੇ ਗਤਿ ਨੂੰ ਤੀਬਰ ਅਤੇ ਤੀਖਣ ਕੀਤਾ ਗਿਆ ਹੈ। ਭਾਸ਼ਾ ਦੇ ਵਰਣ-ਪ੍ਰਯੋਗ ਰਾਹੀਂ ਸ਼ਬਦਾਂ ਵਿਚ ਯੁੱਧ ਦੀਆਂ ਧੁਨੀਆਂ ਪੈਦਾ ਕੀਤੀਆਂ ਗਈਆਂ ਹਨ। ਮੁੱਖ ਭਾਸ਼ਾ ਬ੍ਰਜ ਹੈ। ਕਿਤੇ ਕਿਤੇ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਵੀ ਮਿਲਦੀ ਹੇ। ਪੰਜਾਬੀ ਭਾਸ਼ਾ ਦਾ ਪ੍ਰਭਾਵ ਵੀ ਸਪੱਸ਼ਟ ਹੈ। ਯੁੱਧ-ਚਿਤ੍ਰਣ ਵਿਚ ਅਵਧੀ ਅਤੇ ਰਾਜਸਥਾਨੀ ਭਾਸ਼ਾਵਾਂ ਦਾ ਰੂਪ ਵੀ ਭਾ ਮਾਰਦਾ ਹੈ।

            ਮੀਰ ਮਹਿਦੀ: ਨਿਹਕਲੰਕੀ ਅਵਤਾਰ ਪ੍ਰਸੰਗ ਤੋਂ ਬਾਦ ਮੀਰ ਮਹਿਦੀ ਦਾ ਚਰਿਤ੍ਰ ਵਰਣਿਤ ਹੈ। ਯਾਰ੍ਹਾਂ ਤੋਮਰ ਛੰਦਾਂ ਵਿਚ ਲਿਖੀ ਇਸ ਕਥਾ ਵਿਚ ਦਸਿਆ ਗਿਆ ਹੈ ਕਿ ਕਲਕੀ ਅਵਤਾਰ ਦੇ ਅਭਿਮਾਨੀ ਅਤੇ ਅਤਿਆਚਾਰੀ ਹੋਣ ਕਰਕੇ ‘ਕਾਲ-ਪੁਰਖ’ ਮੀਰ ਮਹਿਦੀ ਨਾਂ ਦੇ ਵਿਅਕਤੀ ਨੂੰ ਪੈਦਾ ਕਰੇਗਾ। ਉਹ ਕਲਕੀ ਨੂੰ ਖ਼ਤਮ ਕਰ ਦੇਵੇਗਾ, ਸਤਿਯੁਗ ਦਾ ਪੁਨਰ ਆਰੰਭ ਹੋਵੇਗਾ। ਮੀਰ ਮਹਿਦੀ ਵੀ ਬਹੁਤ ਹੰਕਾਰੀ ਹੋ ਜਾਵੇਗਾ। ਉਸ ਨੂੰ ਖ਼ਤਮ ਕਰਨ ਲਈ ‘ਕਾਲ-ਪੁਰਖ’ ਇਕ ਕੀੜਾ ਉਸ ਦੇ ਕੰਨ ਵਿਚ ਦਾਖ਼ਲ ਕਰਾ ਕੇ ਉਸ ਨੂੰ ਮਾਰ ਦੇਵੇਗਾ।

            ਕੁਲ ਮਿਲਾ ਕੇ ‘ਚੌਬੀਸ ਅਵਤਾਰ’ ਨਾਂ ਦੀ ਰਚਨਾ ਵਿਚ ਦਸਿਆ ਗਿਆ ਹੈ ਕਿ ਭਾਰ ਨਾਲ ਦਬੀ ਧਰਤੀ ਆਪਣੇ ਉੱਧਾਰ ਲਈ ਕਾਲ-ਪੁਰਖ ਪਾਸ ਜਾਂਦੀ ਹੈ ਜੋ ਉਸ ਦੀ ਸਹਾਇਤਾ ਲਈ ਵਿਸ਼ਣੂ ਨੂੰ ਅਵਤਾਰ ਧਾਰਣ ਕਰਨ ਦਾ ਆਦੇਸ਼ ਦਿੰਦੇ ਹਨ। ਵਿਸ਼ਣੂ ਕੋਈ ਨ ਕੋਈ ਅਵਤਾਰ ਧਾਰ ਕੇ ਧਰਤੀ ਦਾ ਭਾਰ ਹਰਦਾ ਹੈ, ਪਰ ਬਾਦ ਵਿਚ ਜਦੋਂ ਉਹ ਅਵਿਵੇਕੀ ਅਤੇ ਅਤਿਆਚਾਰੀ ਹੋ ਜਾਂਦਾ ਹੈ ਤਾਂ ਉਸ ਦੇ ਹੰਕਾਰ ਨੂੰ ਨ ਸਹਿ ਕੇ ਕਾਲ ਪੁਰਖ ਉਸ ਨੂੰ ਖ਼ਤਮ ਕਰਕੇ ਉਸ ਦੀ ਥਾਂ ਕਿਸੇ ਹੋਰ ਅਵਤਾਰ ਨੂੰ ਪ੍ਰਗਟ ਕਰ ਦਿੰਦਾ ਹੈ। ਇਨ੍ਹਾਂ ਅਵਤਾਰਾਂ ਦੀ ਵਿਲੱਖਣਤਾ ਹੈ ਹੰਕਾਰੀ ਹੋਣਾ ਅਤੇ ਅੰਤ ਵਿਚ ਆਪਣੇ ਕਰਮਾਂ ਦੇ ਫਲਸਰੂਪ ਨਸ਼ਟ ਹੋ ਜਾਣਾ। ਇਹ ਅਵਤਾਰ ਯੁੱਧ-ਕਲਾ ਵਿਚ ਪ੍ਰਬੀਨ ਹਨ ਅਤੇ ਯੁੱਧ ਕਰਕੇ ਆਪਣੀ ਸਾਖ ਬਣਾਉਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.