ਜੀਵਨੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੀਵਨੀ: ਵਾਰਤਕ ਸਾਹਿਤ ਦਾ ਇੱਕ ਕਲਾਤਮਿਕ ਰੂਪ ਜੀਵਨੀ ਹੈ। ਵਿਅਕਤੀ ਵਿਸ਼ੇਸ਼ ਦੇ ਜੀਵਨ ਬਿਰਤਾਂਤ ਨੂੰ ਜੀਵਨੀ ਕਿਹਾ ਜਾਂਦਾ ਹੈ। ਇਸ ਲਈ ਅੰਗਰੇਜ਼ੀ ਪਰਿਆਇ ਬਾਇਓਗ੍ਰਾਫੀ (Biography) ਯੂਨਾਨੀ ਸ਼ਬਦ ‘ਬਾਇਓਸ’ (Bios) ਅਤੇ ‘ਗ੍ਰਾਫੋਸ’ (Graphos) ਦੇ ਸੁਮੇਲ ਤੋਂ ਬਣਿਆ ਹੈ। ਬਾਇਓਸ ਤੋਂ ਭਾਵ ਜੀਵਨ ਅਤੇ ਗ੍ਰਾਫੋਸ ਤੋਂ ਲਿਖਤ ਦੇ ਹਨ। ਇਸ ਪ੍ਰਕਾਰ ਬਾਇਓਗ੍ਰਾਫੀ ਤੋਂ ਭਾਵ ਕਿਸੇ ਵਿਅਕਤੀ ਦਾ ਜੀਵਨ ਲਿਖਣ ਅਰਥਾਤ ਉਸ ਦੇ ਕਾਰਜਾਂ ਦਾ ਲੇਖਾ-ਜੋਖਾ ਕਰਨ ਤੋਂ ਹੈ।

     ਆਮ ਸੰਕਲਪ ਅਨੁਸਾਰ ਜੀਵਨੀ ਕਿਸੇ ਖ਼ਾਸ ਵਿਅਕਤੀ ਦਾ ਜੀਵਨ ਬਿਰਤਾਂਤ ਹੈ। ਪਰ ਅਸਲ ਵਿੱਚ ਜੀਵਨੀ ਘਟਨਾਵਾਂ ਦੀ ਬਿਆਨਬਾਜ਼ੀ ਨਹੀਂ ਸਗੋਂ ਨਾਇਕ ਦਾ ਜੀਵਨ ਬਿਉਰਾ ਹੈ, ਉਸ ਦੇ ਅੰਦਰਲੇ-ਬਾਹਰਲੇ ਦਾ ਕਲਾਤਮਿਕ ਨਿਰੂਪਣ ਹੈ। ਮਾਰਕ ਟੇਲਰ ਲਿਖਦਾ ਹੈ, “ਜੀਵਨੀ ਮਨੁੱਖ ਦਾ ਅਜਿਹਾ ਲਿਬਾਸ ਹੈ, ਜਿਸ ਵਿੱਚ ਝਰੋਖੇ ਹੁੰਦੇ ਹਨ ਅਤੇ ਜਿਸ ਨੂੰ ਮਨੁੱਖ ਖ਼ੁਦ ਨਹੀਂ ਲਿਖ ਸਕਦਾ।" ਇਸ ਪ੍ਰਕਾਰ ਜੀਵਨੀ ਕਿਸੇ ਦੇ ਜੀਵਨ ਦੀ ਪੁਨਰ ਸਿਰਜਣਾ ਹੈ। ਇਸ ਦਾ ਮੰਤਵ ਨਾਇਕ ਦੀ ਸ਼ਖ਼ਸੀਅਤ ਦੇ ਸਰਬਪੱਖੀ ਅਧਿਐਨ ਕਰਨ ਦਾ ਹੈ। ਨਾਇਕ ਦਾ ਸੁਭਾਅ, ਖ਼ਾਹਸ਼ਾਂ, ਭਾਵਨਾਵਾਂ, ਰੁਚੀਆਂ, ਚਰਿੱਤਰ, ਸਮੱਸਿਆਵਾਂ, ਸਫਲਤਾਵਾਂ, ਅਸਫਲਤਾਵਾਂ ਆਦਿ ਸਭ ਕੁਝ ਜੀਵਨੀ ਕਲਾ ਵਿੱਚ ਇਸ ਤਰ੍ਹਾਂ ਸਮੋਇਆ ਹੁੰਦਾ ਹੈ ਕਿ ਉਸ ਦਾ ਵਿਅਕਤਿਤਵ ਪੂਰੀ ਤਰ੍ਹਾਂ ਉਜਾਗਰ ਹੋ ਜਾਵੇ।

     ਜੀਵਨ ਦਾ ਸਭ ਤੋਂ ਪ੍ਰਮੁਖ ਵਿਸ਼ਾ-ਮਨੁੱਖੀ ਚਰਿੱਤਰ ਹੈ। ਮਨੁੱਖੀ ਚਰਿੱਤਰ ਕਿਸੇ ਆਦਰਸ਼ ਵਿਅਕਤੀ ਦੇ ਜੀਵਨ ਚਰਿੱਤਰ ਦੇ ਸਹਾਰੇ ਹੀ ਵਿਅਕਤ ਕੀਤਾ ਜਾਂਦਾ ਹੈ। ਇਸ ਲਈ ਜੀਵਨੀ ਦੀ ਚੂਲ ਸੁਪ੍ਰਸਿੱਧ ਨਾਇਕ ਹੀ ਹੁੰਦਾ ਹੈ। ਨਾਇਕ ਹੀ ਜੀਵਨੀ ਕਲਾ ਦਾ ਕੇਂਦਰੀ ਧੁਰਾ ਹੈ। ਜੀਵਨ ਅਤੇ ਸੰਸਾਰ ਦੇ ਕਿਸੇ ਖੇਤਰ ਵਿੱਚ ਵਿਸ਼ੇਸ਼ ਸਫਲਤਾ ਹਾਸਲ ਕਰਨ ਵਾਲੇ ਵਿਅਕਤੀ ਦੀ ਹੀ ਜੀਵਨੀ ਲਿਖੀ ਜਾ ਸਕਦੀ ਹੈ। ਦੇਵੀ-ਦੇਵਤੇ, ਰਾਜੇ-ਮਹਾਰਾਜੇ, ਮਹਾਂਪੁਰਖ, ਧਾਰਮਿਕ ਆਗੂ, ਸਮਾਜਿਕ, ਰਾਜਨੀਤਿਕ ਜਾਂ ਵਿੱਦਿਅਕ ਖੇਤਰ ਦੇ ਪ੍ਰਮਾਣ ਪੁਰਸ਼ ਅਰਥਾਤ ਆਦਰਸ਼ ਵਿਅਕਤਿਤਵ ਦੇ ਮਾਲਕ ਜੀਵਨੀ ਦੇ ਨਾਇਕ ਬਣਦੇ ਹਨ।

     ਜੀਵਨੀ ਨਾਇਕ ਦੀ ਹੋਂਦ ਨੂੰ ਨਵੇਕਲੀ ਹੋਂਦ ਬਖ਼ਸ਼ਦੀ ਹੈ ਅਤੇ ਉਸ ਸਾਰੀ ਪ੍ਰਕਿਰਿਆ ਨੂੰ ਪ੍ਰਤੱਖ ਕਰਦੀ ਹੈ ਜਿਸ ਵਿੱਚੋਂ ਦੀ ਲੰਘ ਕੇ ਕੋਈ ਨਾਇਕ ਯੁੱਗ ਪੁਰਸ਼ ਬਣਿਆ ਹੁੰਦਾ ਹੈ। ਅਸਲ ਵਿੱਚ ਜੋ ਕੁਝ ਪ੍ਰਤੱਖ ਹੈ, ਉਹ ਜੀਵਨੀ ਨਹੀਂ ਹੈ ਬਲਕਿ ਜੋ ਪ੍ਰਤੱਖ ਦੇ ਪਿੱਛੇ ਲੁਕਵੇਂ ਤੌਰ ਤੇ ਗਤੀਸ਼ੀਲ ਹੈ, ਉਹੀ ਜੀਵਨੀਕਾਰ ਦੀ ਅਸਲੀ ਭਾਲ ਹੈ। ਇਸੇ ਲਈ ਲੇਖਕ ਬਾਹਰ ਤੋਂ ਅੰਦਰ ਵੱਲ ਜਾਂਦਾ ਹੈ ਤਾਂ ਜੋ ਨਾਇਕ ਦੇ ਜੀਵਨ ਦੇ ਵਿਕਾਸ, ਉਸ ਦੀ ਸ਼ਖ਼ਸੀਅਤ ਦੇ ਗੁੱਝੇ ਭੇਦ ਅਤੇ ਉਸ ਦੀ ਜੀਵਨਧਾਰਾ ਨੂੰ ਪਾਠਕਾਂ ਸਾਮ੍ਹਣੇ ਪੇਸ਼ ਕਰ ਸਕੇ। ਉਹ ਤੱਥਾਂ ਵਿੱਚੋਂ ਸੱਚ ਦੀ ਭਾਲ ਕਰਦਾ ਹੈ। ਇਹੋ ਸੱਚ ਹੀ ਆਮ ਵਿਅਕਤੀ ਨਾਲੋਂ ਮਹਾਨ ਵਿਅਕਤੀ ਨੂੰ ਨਿਖੇੜਦਾ ਹੈ।

     ਜੀਵਨੀ ਪਰਜੀਵੀ ਕਲਾ ਹੈ। ਜੀਵਨੀ ਲੇਖਕ ਜੀਵਨੀ ਰਚਨਾ ਵਿੱਚ ਪੂਰੀ ਤਰ੍ਹਾਂ ਹਾਜ਼ਰ ਰਹਿ ਕੇ ਵੀ ਗ਼ੈਰ- ਹਾਜ਼ਰ ਰਹਿੰਦਾ ਹੈ। ਉਹ ਇੱਕ ਵਿੱਥ ਤੇ ਖੜੋ ਕੇ ਨਾਇਕ ਦਾ ਵਰਣਨ ਕਰਦਾ ਹੈ। ਉਸ ਦਾ ਨਿੱਜਤਵ ਉਸ ਵਿੱਚ ਜ਼ਰੂਰੀ ਨਹੀਂ। ਉਹ ਗ੍ਰੰਥਾਂ, ਸੰਬੰਧਿਤ ਲੋਕਾਂ, ਚਿੱਠੀ ਪੱਤਰ ਆਦਿ ਸਮਗਰੀ ਤੋਂ ਸਹਾਰਾ ਲੈਂਦਾ ਹੈ। ਯਾਦਾਂ ਜੀਵਨੀ ਕਲਾ ਦੀ ਆਧਾਰ ਭੂਮੀ ਹਨ। ਲੇਖਕ ਅਨੁਭਵਾਂ, ਹੱਡ ਬੀਤੀਆਂ ਅਤੇ ਜੱਗ ਬੀਤੀਆਂ ਘਟਨਾਵਾਂ ਵਿੱਚੋਂ ਮਨੁੱਖੀ ਗੁਣਾਂ ਦੀ ਭਾਲ ਕਰਦਾ ਹੈ। ਚੰਗੀ ਜੀਵਨੀ ਵਿੱਚ ਲੇਖਕ ਹਮੇਸ਼ਾਂ ਸੱਚ ਦੇ ਨੇੜੇ ਰਹਿੰਦਾ ਹੈ। ਤੱਥਾਂ ਅਤੇ ਇਤਿਹਾਸਿਕ ਘਟਨਾਵਾਂ ਵਿੱਚੋਂ ਸੱਚ ਨੂੰ ਲੱਭਣਾ ਲੇਖਕ ਦਾ ਕਰਤੱਵ ਹੈ। ਜੀਵਨ ਘਟਨਾਵਾਂ ਅਤੇ ਜੀਵਨ ਸੱਚ ਵੱਖਰਾ ਕਰਨਾ ਪੈਂਦਾ ਹੈ। ਇਤਿਹਾਸ ਅਤੇ ਜੀਵਨੀ ਵਿੱਚ ਇਹੋ ਫ਼ਰਕ ਹੈ। ਇਤਿਹਾਸਕਾਰ ਕਿਸੇ ਨਾਇਕ ਨੂੰ ਤੱਥਾਂ ਦੇ ਆਧਾਰ ਤੇ ਚਿਤਰਦਾ ਹੈ ਪਰ ਜੀਵਨੀਕਾਰ ਉਹਨਾਂ ਤੱਥਾਂ ਤੋਂ ਉੱਘੜਦੀ ਸਚਾਈ ਨੂੰ ਆਧਾਰ ਬਣਾਉਂਦਾ ਹੈ। ਅੰਤਰ ਸੱਚ ਜਿੰਨਾ ਪ੍ਰਕਾਸ਼ਮਾਨ ਹੋਵੇਗਾ, ਜੀਵਨੀ ਕਲਾ ਓਨੀ ਹੀ ਪ੍ਰਭਾਵਸ਼ਾਲੀ ਤੇ ਲੋਕ-ਪ੍ਰਿਆ ਹੋਵੇਗੀ।

     ਜੀਵਨੀਕਾਰ ਨੇ ਇਤਿਹਾਸ, ਕਲਪਨਾ ਅਤੇ ਸਾਹਿਤਿਕ ਸ਼ੈਲੀ ਵਿੱਚ ਸੁਮੇਲ ਸਥਾਪਿਤ ਕਰਨਾ ਹੁੰਦਾ ਹੈ। ਜੀਵਨੀ ਸਿਰਜਣ ਲਈ ਇਤਿਹਾਸ ਘਟਨਾਵਾਂ ਪ੍ਰਦਾਨ ਕਰਦਾ ਹੈ। ਕਲਪਨਾ ਘਟਨਾਵਾਂ ਨੂੰ ਵਿਸ਼ਵਾਸਯੋਗ ਬਣਾ ਕੇ ਤਤਕਾਲੀ ਇਤਿਹਾਸ ਅਤੇ ਪਰਿਸਥਿਤੀਆਂ ਨੂੰ ਚਿਤਰਦੀ ਹੈ। ਸਾਹਿਤਿਕ ਸ਼ੈਲੀ ਜੀਵਨੀ ਕਲਾ ਨੂੰ ਇਤਿਹਾਸ ਤੋਂ ਵੱਖ ਕਰ ਕੇ ਰਸਿਕਤਾ ਤੇ ਭਾਵੁਕਤਾ ਪ੍ਰਦਾਨ ਕਰਦੀ ਹੈ। ਇਸ ਦੇ ਨਾਲ-ਨਾਲ ਜੀਵਨੀ ਕਲਾ ਵਿੱਚ ਇਤਿਹਾਸ ਅਤੇ ਸਾਹਿਤ ਦਾ ਉੱਤਮ ਸੁਮੇਲ ਵੀ ਬਣਿਆ ਰਹਿੰਦਾ ਹੈ। ਜੀਵਨੀਕਾਰ ਨੂੰ ਸੁਹਿਰਦ, ਸੁਤੰਤਰ ਅਤੇ ਨਿਰਪੱਖ ਰਹਿ ਕੇ ਜੀਵਨ ਨਾਇਕ ਦੀ ਸ਼ਖ਼ਸੀਅਤ ਬਿਆਨ ਕਰਨੀ ਚਾਹੀਦੀ ਹੈ। ਉਸਾਰੂ ਕਲਪਨਾ ਸ਼ਕਤੀ ਦੀ ਸੁਚੱਜੀ ਵਰਤੋਂ ਨਾਲ ਵਧੀਆ ਵਿਉਂਤਬੰਦੀ ਕਰਨੀ ਹੁੰਦੀ ਹੈ। ਪਰ ਕਲਪਨਾ ਯਥਾਰਥ ਤੋਂ ਦੂਰ ਨਹੀਂ ਜਾਣੀ ਚਾਹੀਦੀ ਨਹੀਂ ਤਾਂ ਨਾਇਕ ਦੀ ਤਸਵੀਰ ਧੁੰਦਲੀ ਹੋ ਜਾਵੇਗੀ। ਜੀਵਨੀ ਕਲਾ ਦਾ ਆਪਣਾ ਰਚਨਾਤਮਿਕ ਪਸਾਰ ਹੁੰਦਾ ਹੈ, ਇੱਕ ਸੰਗਠਨ ਹੁੰਦਾ ਹੈ, ਗੁੰਦਵੀਂ ਬਣਤਰ ਹੁੰਦੀ ਹੈ। ਇਸ ਲਈ ਇਸ ਵਿੱਚ ਬੇਲੋੜੇ ਵਿਸਤਾਰ ਨੂੰ ਕੋਈ ਥਾਂ ਨਹੀਂ। ਪਰ ਲੋੜੀਂਦੀ ਗੱਲ ਸ਼ਾਮਲ ਵੀ ਜ਼ਰੂਰ ਹੋਵੇ ਤਾਂ ਜੀਵਨੀ ਸਫਲ ਕਿਰਤ ਬਣਦੀ ਹੈ।

     ਜੀਵਨੀ ਵਿੱਚ ਨਾਇਕ ਪ੍ਰਤਿ ਸ਼ਰਧਾ, ਆਦਰ ਤੇ ਉਸ ਦੀ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ ਨੂੰ ਵਿਗਿਆਨਿਕ ਦ੍ਰਿਸ਼ਟੀ ਤੋਂ ਪਰਖਣਾ ਹੁੰਦਾ ਹੈ। ਅੱਜ ਦੀ ਜੀਵਨੀ ਦਾ ਸਰੂਪ ਸ਼ਰਧਾ ਤੇ ਆਧਾਰਿਤ ਨਹੀਂ, ਸਗੋਂ ਜੀਵਨੀਕਾਰ ਵਿਗਿਆਨਿਕ ਦ੍ਰਿਸ਼ਟੀ ਤੋਂ ਚੰਗਿਆਈ-ਬੁਰਾਈ ਦਾ ਲੇਖਾ-ਜੋਖਾ ਕਰਦਾ ਹੈ। ਅੱਜ ਦੀ ਜੀਵਨੀ ਕਲਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਜੀਵਨੀਕਾਰ ਤਿਥੀਆਂ, ਇਤਿਹਾਸਿਕ ਲਹਿਰਾਂ ਅਤੇ ਹੋਰ ਸਮਗਰੀ ਦੇ ਸੰਬੰਧ ਵਿੱਚ ਤਰਕਸ਼ੀਲ ਰਹੇ। ਅੱਜ ਮਹਾਂਪੁਰਖਾਂ ਦੀਆਂ ਜੀਵਨ ਘਟਨਾਵਾਂ ਦੇ ਨਵੇਂ ਅਰਥ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਨਾਇਕ ਦਾ ਚਰਿੱਤਰ ਸਾਰੀਆਂ ਚੰਗਿਆਈਆਂ ਬੁਰਾਈਆਂ ਸਮੇਤ ਪੂਰਾ ਹੁੰਦਾ ਹੈ।ਉਸ ਦੀਆਂ ਕਮਜ਼ੋਰੀਆਂ ਉਸ ਦੀ ਸੰਤੁਲਿਤ ਸ਼ਖ਼ਸੀਅਤ ਦਾ ਚਿੰਨ੍ਹ ਹੈ। ਇਹਨਾਂ ਨਾਲ ਹੀ ਨਾਇਕ ਦੇ ਚਰਿੱਤਰ ਵਿੱਚ ਯਥਾਰਥਿਕਤਾ ਆਉਂਦੀ ਹੈ।

     ਜੀਵਨੀਕਾਰ ਦਾ ਅਸਲ ਨਿਸ਼ਾਨਾ ਸੱਚ ਦੀ ਭਾਲ ਹੈ। ਫਿਰ ਵੀ ਜੀਵਨੀ ਕਲਾ ਵਿੱਚ ਪਾਠਕ ਦੀ ਰੋਚਕਤਾ ਲਈ ਜਾਂ ਤਾਂ ਨਾਇਕ ਏਨਾ ਮਹਾਨ ਹੋਵੇ ਕਿ ਉਸ ਦਾ ਜੀਵਨ ਚਰਿੱਤਰ ਜਾਣਨ ਦੀ ਸਭ ਵਿੱਚ ਜਿਗਿਆਸਾ ਬਣੀ ਰਹੇ ਜਾਂ ਜੀਵਨੀਕਾਰ ਏਨਾ ਮਹਾਨ ਹੋਵੇ ਕਿ ਉਹ ਆਮ ਜੀਵਨੀ ਨੂੰ ਵੀ ਰੋਚਕ ਬਣਾ ਸਕੇ। ਅਸਲ ਵਿੱਚ ਦੋਵੇਂ ਗੱਲਾਂ ਮਿਲ ਜਾਣ ਨਾਲ ਮਹਾਨ ਜੀਵਨੀ ਹੋਂਦ ਵਿੱਚ ਆਉਂਦੀ ਹੈ। ਕਲਾਤਮਿਕ ਜੀਵਨੀਆਂ ਜਨ-ਸਧਾਰਨ ਲਈ ਚਾਨਣ- ਮੁਨਾਰਾ ਬਣ ਜਾਂਦੀਆਂ ਹਨ। ਫਿਰ ਵੀ ਉੱਤਮ ਜੀਵਨੀ ਇਤਿਹਾਸਿਕਤਾ, ਕਲਪਨਾ ਅਤੇ ਮਹਾਨ ਸ਼ਖ਼ਸੀਅਤ ਦੇ ਮੇਲ ਤੋਂ ਹੋਂਦ ਵਿੱਚ ਆਉਂਦੀ ਹੈ।


ਲੇਖਕ : ਡੀ. ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜੀਵਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਨੀ [ਨਾਂਇ] ਕਿਸੇ ਵਿਅਕਤੀ ਦੇ ਸਮੁੱਚੇ ਜੀਵਨ ਦੀ ਵੇਰਵੇ ਭਰਪੂਰ ਲਿਖਤ ਬਿਰਤਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਵਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਨੀ. ਸੰਗ੍ਯਾ—ਜੀਵਨਕਥਾ. ਜ਼ਿੰਦਗੀ ਦਾ ਹਾਲ. ਜਨਮਸਾਖੀ. ਦੇਖੋ, ਜੀਵਨਚਰਿਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਵਨੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੀਵਨੀ : ਕਿਸੇ ਵਿਸ਼ੇਸ਼ ਵਿਅਕਤੀ ਦੇ ਜੀਵਨ ਬ੍ਰਿਤਾਂਤ ਨੂੰ ਜੀਵਨੀ ਆਖਦੇ ਹਨ। ਇਸ ਦਾ ਅੰਗ੍ਰੇਜ਼ੀ ਪਰਿਆਇ ‘ਬਾਇਓਗ੍ਰਾਫ਼ੀ’ (biography) ਹੈ ਜਿਹੜਾ ਦੋ ਯੂਨਾਨੀ ਸ਼ਬਦਾਂ ‘ਬਾਇਓਸ’ (bios) ਅਰਥਾਤ ਜੀਵਨ ਅਤੇ ‘ਗ੍ਰਾਫੋਸ’ (graphos) ਅਰਥਾਤ ਲਿਖਤ ਦੇ ਸਮਾਸ ਨਾਲ ਬਣਿਆ ਹੈ। ਇਸ ਤਰ੍ਹਾਂ ਜੀਵਨੀ ਜਾਂ ਬਾਇਓਗ੍ਰਾਫ਼ੀ ਵਿਚ ਮਨੁੱਖ ਦੇ ਜੀਵਨ ਦਾ ਲੇਖਾ ਜੋਖਾ ਹੁੰਦਾ ਹੈ। ਆਮ ਤੌਰ ਤੇ ਜੀਵਨੀ ਵਿਚ ਸਾਰੇ ਜੀਵਨ ਵਿਚ ਕੀਤੇ ਹੋਏ ਕਾਰਜਾਂ ਦਾ ਵੇਰਵਾ ਹੁੰਦਾ ਹੈ ਅਤੇ ਇਕ ਆਦਰਸ਼ ਜੀਵਨੀ ਜਾਂ ਤਾਂ ਮਨੁੱਖ ਦੇ ਸਾਰੇ ਜਾਂ ਅਧਿਕਾਂਸ਼ ਭਾਗ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਨੂੰ ਵਿਅਕਤ ਕਰਦੀ ਹੈ। ਪਰੰਤੂ ਇਹ ਕੋਈ ਅਜਿਹਾ ਨਿਯਮ ਨਹੀਂ ਜਿਸ ਦਾ ਪਾਲਣ ਕਰਨਾ ਹਰ ਸਮੇਂ ਸੰਭਵ ਹੋ ਸਕੇ। ਕਈ ਜੀਵਨੀਆਂ ਨਾਇਕ ਦੇ ਜੀਉਂਦੇ ਜੀਅ ਲਿਖੀਆਂ ਜਾਂਦੀਆਂ ਹਨ ਅਤੇ ਉਸ ਦੇ ਜੀਵਨ ਕਾਲ ਵਿਚ ਲਿਖੇ ਜੀਵਨ–ਚਰਿਤ੍ਰ ਵਿਚ ਉਸ ਦੀ ਸਾਰੀ ਜ਼ਿੰਦਗੀ ਦਾ ਬਾਹਰਮੁਖੀ ਅਤੇ ਬੇਲਗ਼ ਹਾਲ ਦੇਣਾ ਅਸੰਭਵ ਹੋ ਜਾਂਦਾ ਹੈ। ਇਕ ਆਦਰਸ਼ ਜੀਵਨ ਚਰਿਤ੍ਰ ਨਾਇਕ ਦੇ ਸਮੇਂ ਦਾ ਵਿਸ਼ਿਸ਼ਟ ਇਤਿਹਾਸ ਹੁੰਦਾ ਹੈ ਜਿਸ ਨੂੰ ਲੇਖਕ ਆਪਣੀ ਕਲਪਨਾ ਦੀ ਪਾਣ ਚੜਾ ਦਿੰਦਾ ਹੈ। ਇਹ ਪਰਿਭਾਸ਼ਾ ਜੀਵਨੀ ਨੂੰ ਵਿਸ਼ੇਸ਼ ਸਾਹਿਤਿਕ ਵੰਨਗੀ ਬਣਾ ਦਿੰਦੀ ਹੈ।

          ਪੱਛਮੀ ਸਾਹਿੱਤ ਵਿਚ ਜੀਵਨੀ ਨੂੰ ਬਹੁਤ ਵਿਚ ਤੋਂ ਇਕ ਵਿਸ਼ੇਸ਼ ਸਾਹਿੱਤ–ਰੂਪ ਮੰਨਿਆ ਜਾਂਦਾ ਰਿਹਾ ਹੈ। ਪੁਨਰ–ਜਾਗ੍ਰਿਤੀ ਕਾਲ ਤੋਂ ਪਹਿਲਾਂ ਵਿਚਾਰਾਂ ਅਤੇ ਸਿਧਾਂਤਾਂ ਦੀ ਵਿਆਖਿਆ ਕਰਨ ਦੇ ਉਦੇਸ਼ ਲਈ ਜੀਵਨ–ਚਰਿਤ੍ਰ ਲਿਖੇ ਜਾਂਦੇ ਸਨ। ਇਨ੍ਹਾਂ ਦਾ ਮੂਲ ਮੰਤਵ ਕੇਵਲ ਉਪਦੇਸ਼ ਦੇਣਾ ਹੀ ਸੀ, ਕੋਈ ਵਿਸ਼ੇਸ਼ ਜੀਵਨੀ ਲਿਖਣਾ ਨਹੀਂ ਸੀ। ਕਾਫ਼ੀ ਚਿਰ ਤਕ ਜੀਵਨੀ ਦਾ ਅਰਥ ਹੀ ਸਿਧਾਂਤਕ ਜੀਵਨ (biographi a these) ਰਿਹਾ। ਜੋ ਕੁਝ ਵੀ ਅਸੀਂ ਸੁਕਰਾਤ ਬਾਰੇ ਜਾਣਦੇ ਹਾਂ ਕੇਵਲ ਉਸੇ ਦੇ ਸਾਥੀਆਂ ਵੱਲੋਂ ਉਸ ਦੇ ਵਿਚਾਰਾਂ ਤੋਂ ਹੀ ਜਾਣਦੇ ਹਾਂ। ਮੱਤੀ ਅਤੇ ਅਰਕੁਸ ਆਦਿ ਦੁਆਰਾ ਰਚਿਤ ਈਸਾ ਦਾ ਜੀਵਨ ਚਰਿਤ੍ਰ (Four Gospels) ਭਾਵੇਂ ਨਿੱਕੀਆਂ ਨਿੱਕੀਆਂ ਜੀਵਨੀਆਂ ‘ਤੇ ਆਧਾਰਿਤ ਹੈ ਪਰ ਸਭ ਤੋਂ ਪਹਿਲਾਂ ਇਹ ਪਤਿਤ ਹੋਏ ਆਦਮੀ ਲਈ ਇਕ ਧਾਰਮਿਕ ਨਿਯਮ–ਪਤ੍ਰ ਵੀ ਹੈ। ਪਲੁਟਾਰਕ (Plutarch) ਨੇ ਤੁਲਨਾਤਮਕ ਰਾਜਨੀਤੀ ਦੇ ਅਧਿਐਨ ਲਈ ਯੂਨਾਨੀ ਅਤੇ ਰੋਮਨ ਯੋਧਿਆਂ ਦੀਆਂ ਸਮਾਨਾਂਤਰ ਜੀਵਨੀਆਂ (Parallel Lives) ਲਿਖੀਆਂ।

          ਮੱਧਕਾਲੀਨ ਯੁੱਗ ਵਿਚ ਵਿਆਪਕ (generalized) ਜੀਵਨ ਦੀ ਵਿਕਾਸ ਹੋਇਆ; ਅਰਥਾਤ ਜੀਵਨੀ ਵਿਚ ਮਨੁੱਖ ਦੇ ਕਿਸੇ ਮਹੱਤਵਪੂਰਣ ਕਾਰਜ ਨੂੰ ਵਿਸ਼ੇਸ਼ਤਾ ਦਿੱਤੀ ਜਾਣ ਲੱਗ ਪਈ। ਇਸ ਕਾਲ ਵਿਚ ਦੋ ਪ੍ਰਕਾਰ ਦੀਆਂ ਜੀਵਨੀਆਂ ਰਚੀਆਂ ਗਈਆਂ। ਇਕ ਦਾ ਸੰਬੰਧ ਧਾਰਮਿਕ ਪੁਰਸ਼ਾਂ ਅਤੇ ਸੰਤਾਂ ਨਾਲ ਸੀ ਅਤੇ ਦੂਜੀ ਪ੍ਰਕਾਰ ਦੀ ਜੀਵਨੀ ਰਾਜਿਆਂ ਮਹਾਰਾਜਿਆਂ ਦੇ ਜੀਵਨ ਨਾਲ ਸੰਬੰਧਿਤ ਸੀ। ਜਿੱਥੇ ਪਹਿਲੀ ਪ੍ਰਕਾਰ ਦੀ ਰਚਨਾ ਧਾਰਮਿਕ ਅਤੇ ਸ਼ਰਧਾ–ਯੁਕਤ ਹੁੰਦੀ ਸੀ, ਉੱਥੇ ਦੂਜੀ ਪ੍ਰਕਾਰ ਦੀ ਰਚਨਾ ਇਤਿਹਾਸਕ ਹੁੰਦੀ ਸੀ। ਧਾਰਮਿਕ ਜੀਵਨੀਆਂ ਵਿਚ ਸੰਤਾਂ ਦੇ ਚੋਜਾਂ ਅਤੇ ਕੌਤਕਾਂ ਨੂੰ ਸ਼ਰਧਾ ਅਤੇ ਕਲਪਨਾ ਨਾਲ ਬਿਆਨ ਕੀਤਾ ਜਾਂਦਾ ਸੀ ਅਤੇ ਧਰਮ ਨਿਰਪੇਖ ਕਿਰਤਾਂ ਵਿਚ ਕੇਵਲ ਕਿਸੇ ਹਾਕਮ ਦਾ ਆਦਰਸ਼ਕ ਜੀਵਨ ਚਰਿਤ੍ਰ ਪੇਸ਼ ਕੀਤਾ ਜਾਂਦਾ ਸੀ। ਆਇਨਹਾਰਡ (Einhard), ਐਸਰ (Assar), ਬੁਕੈਚੂ (Boccaccio), ਲਿਡਗੇਟ (Lydgate) ਨੇ ਅਜਿਹੀਆਂ ਜੀਵਨੀਆਂ ਲਿਖੀਆਂ। ਇਸੇ ਭਾਵਨਾ ਦਾ ਵਿਕਾਸ ਸੁਧਾਰ ਕਾਲ (Reformation Period) ਵਿਚ ਹੋਇਆ ਜਦ ਪ੍ਰੋਟੈਸਟੈਂਟ ਜੀਵਨੀਆਂ ਦੀ ਰਚਨਾ ਵਾਲਟਨ (Walton) ਵੱਲੋਂ ਕੀਤੀ ਗਈ।

          ਕਾਲਪਨਿਕ ਸਾਹਿੱਤ ਦੇ ਵਿਕਾਸ, ਵਿਹਲ ਦੀ ਬਹੁਲਤਾ, ਧਾਰਮਿਕ ਦਾਇਰੇ ਤੋਂ ਬਾਹਰ ਸੋਚ–ਵਿਚਾਰ ਦੀ ਪੱਧਤੀ ਦੇ ਵਿਕਾਸ ਨਾਲ ਅਤੇ ਜੀਵਨੀ ਲਈ ਲੋੜੀਂਦੀ ਸਮੱਗਰੀ ਪਤ੍ਰ, ਡਾਇਰੀਆਂ, ਸੰਸਮਰਣ, ਦਸਤਾਵੇਜ਼ ਅਦਿ ਦੀ ਸੁਲਭਤਾ ਨਾਲ ਸੁਪਰਿਚਿਤ ਜੀਵਨੀ (intimate biography) ਹੋਂਦ ਵਿਚ ਆਈ। ਅਜਿਹੀਆਂ ਜੀਵਨੀਆਂ ਨਾਇਕਾਂ ਦੇ ਮਿੱਤਰਾਂ ਅਤੇ ਨਜ਼ਦੀਕੀ ਸੰਬੰਧੀਆਂ ਵੱਲੋ ਲਿਖੀਆਂ ਗਈਆਂ ਹਨ। ਰੋਪਰ (Roper) ਦੇ ਟਾਮਸ ਮੂਰ (Thomos Moore) ਅਤੇ ਕੇਵੈਂਡਿਸ਼ (Cavendish) ਦੇ ਵੁਲਜ਼ੇ (Woolsey) ਬਾਰੇ ਲਿਖੇ ਬ੍ਰਿਤਾਂਤ ਇਸ ਪ੍ਰਕਾਰ ਦੀਆਂ ਜੀਵਨੀਆਂ ਹਨ।

          ਅਠਾਰ੍ਹਵੀਂ ਸਦੀ ਈ. ਵਿਚ ਪੜ੍ਹਨ ਵਾਲੇ ਲੋਕਾਂ ਦੀ ਸੰਖਿਆ ਵੱਧਣ ਨਾਲ ਅਤੇ ਆਰਥਿਕ ਤੇ ਰਾਜਨੀਤਿਕ ਤਬਦੀਲੀਆਂ ਨਾਲ ਲੋਕ–ਪ੍ਰਿਯ ਜੀਵਨੀ (popular biography) ਲਿਖੀ ਜਾਣ ਲੱਗੀ। ਜੀਵਨੀ ਵਿਚ ਸਾਧਾਰਣ ਵਿਸ਼ਿਆਂ ਨੂੰ ਰੋਚਕਤਾ ਅਤੇ ਉਤਸੁਕਤਾ ਪ੍ਰਦਾਨ ਕੀਤੀ ਗਈ। ਲੋਕਤੰਤਰੀ ਭਾਵਨਾ ਅਨੁਸਾਰ ਸਾਧਾਰਣ ਵਿਅਕਤੀ ਨੂੰ ਜੀਵਨੀ ਦੇ ਪਾਤਰ ਬਣਾਉਣ ਦੀ ਪ੍ਰੇਰਣਾ ਡਾਕਟਰ ਜੌਨਸਨ (Johnson) ਅਤੇ ਰੂਸੋ (Rousseau) ਨੇ ਦਿੱਤੀ। ਬੋਸਵੈਲ (Bosewell) ਦ ਡਾਕਟਰ ਜੌਨਸਨ ਦੀ ਜੀਵਨੀ ਅਤੇ ਵਿਲੀਅਮ ਮੈਸਨ (William Mason) ਦੀ ਟਾਮਸ ਗਰੇ (Thomas Gray) ਦੀ ਜੀਵਨੀ ਇਸ ਦੀ ਉਦਾਹਰਣਾਂ ਹਨ। ਇਤਿਹਾਸਕ ਚੇਤਨਾ ਦੇ ਵਿਕਾਸ ਦੇ ਨਾਲ ਅਤੀਤ ਦੇ ਮਹਾਪੁਰਖਾਂ ਦੀਆਂ ਨਿਆਂਪੂਰਣ ਜੀਵਨੀਆਂ ਲਿਖਣ ਦੀ ਉਤਸੁਕਤਾ ਜਾਗ੍ਰਿਤ ਹੋਈ। ਪ੍ਰਾਚੀਨਤਾ ਦੇ ਅਧਿਐਨ ਦੀ ਰੁਚੀ, ਵਿਸ਼ਵਕੋਸ਼ ਰਚਨਾ ਸੰਬੰਧੀ ਯਤਨਾਂ ਅਤੇ ਵਿਗਿਆਨਕ ਖੋਜ ਦੇ ਨਾਲ ਵਿਦਵੱਤਾਪੂਰਣ ਜੀਵਨੀ (scholarly biography) ਦੀ ਉਪਜ ਹੋਈ। ਇਸ ਨਾਲ ਨਿਰਪੱਖ, ਅਤੇ ਬਾਹਰਮੁਖੀ ਵੇਰਵਿਆਂ ਦੇ ਸੰਗ੍ਰਹਿ ਰਾਸ਼ਟਰੀ ਜੀਵਨੀਆਂ ਦੇ ਕੋਸ਼ ਦੇ ਰੂਪ ਵਿਚ ਛਾਪੇ ਗਏ। ਆਧੁਨਿਕ ਜੀਵਨੀ ਅੰਤਰਮੁਖੀ ਅਧਿਨੈਨ ਦੀ ਰੁਚੀ ਨਾਲ ਸੰਬੰਧਿਤ ਹੈ। ਅਜਿਹੀ ਜੀਵਨੀ ਨੂੰ ਮਨੋਵਿਗਿਆਨਕ ਜਾਂ ਵਿਆਖਿਆਤਮਕ ਜੀਵਨੀ (phychological or interpretative biography) ਆਖਿਆ ਜਾ ਸਕਦਾ ਹੈ। ਇਸ ਦਾ ਮੁੱਢ ਤਾਂ ਪਲੂਟਾਰਕ (Plutarch) ਨੇ ਬੰਨ੍ਹਿਆ ਪਰੰਤੂ ਇਸ ਦਾ ਨਵੀਨ ਮੁਹਾਂਦਰਾ ਬਦਲ ਗਿਆ ਹੈ। ਮਨੋਵਿਗਿਆਨਕ ਜੀਵਨੀ ਲੇਖਕਾਂ ਦਾ ਮੱਤ ਹੈ ਕਿ ਬਾਹਰਲੇ ਕਾਰਜਾਂ, ਤੱਤਾਂ ਜਾਂ ਤਿੱਥੀਆਂ ਨਾਲ ਕਿਸੇ ਮਨੁੱਖ ਦੇ ਮਹੱਤਵਪੂਰਣ ਜੀਵਨ ਕਾਲ ਨੂੰ ਨਹੀਂ ਜਾਣਿਆ ਜਾ ਸਕਦਾ। ਫ਼ਰਾਇਡਵਾਦੀ ਵਿਚਾਰਾਂ ਅਨੁਸਾਰ ਕਿਸੇ ਮਨੁੱਖ ਦੇ ਸੂਝ ਨਾਲ ਆਖੇ ਹੋਏ ਬਚਨ ਵੀ ਉਸ ਦੇ ਅੰਦਰਲੇ ਮਨ ਦੇ ਆਖਿਆਨਾਂ ਦੀ ਵਿਆਖਿਆ ਕਰਦੇ ਹਨ। ਵੈਨ ਵਾਈਕ ਬਰੂਕਸ (Ven Wyke Brooks) ਦੀਆਂ ਜੀਵਨੀਆਂ, ਗਾਮੈਲੀਅਲ ਬਰੈਡਫ਼ੋਰਡ (Gramaliel Bradford) ਦੇ ਮਨੋਵਿਗਿਆਨਕ ਖਾਕੇ (Psychographs), ਪੈਪੀਜ਼ (Pepys) ਅਤੇ ਡਾਕਟਰ ਜੌਨਸਨ ਬਾਰੇ ਮਿਲਦੀ ਸਮੱਗਰੀ ਦੀ ਦੁਬਾਰਾ ਵਿਆਖਿਆ ਇਸ ਪ੍ਰਕਾਰ ਦੀਆਂ ਜੀਵਨੀਆਂ ਦੇ ਨਮੂਨੇ ਹਨ। ਕਈ ਨਵੀਨ ਜੀਵਨੀਆਂ ਨੂੰ ਕਲਾਤਮਕ ਜੀਵਨੀਆਂ (artistic biographies) ਦਾ ਨਾਉਂ ਦਿੱਤਾ ਜਾਂਦਾ ਹੈ। ਅਜਿਹੀਆਂ ਰਚਨਾਵਾਂ ਵਿਚ ਨਾਇਕ ਦੇ ਜੀਵਨ ਨੂੰ ਅਜਿਹੇ ਢੰਗ ਨਾਲ ਪੇਸ਼ ਕੀਤੀ ਜਾਂਦਾ ਹੈ ਕਿ ਪੜ੍ਹਨ ਵਿਚ ਇਕ ਉਪਨਿਆਸ ਹੀ ਜਾਪਦਾ ਹੈ। ਨਾਇਕ ਦੇ ਜੀਵਨ ਦੀਆਂ ਕੁਝ ਰੋਚਕ ਘਟਨਾਵਾਂ, ਉਸ ਨਾਨ ਸੰਬੰਧਿਕ ਕੁਝ ਰੋਚਕ ਪਾਤਰ ਅਤੇ ਕੁਝ ਰੋਚਕ ਯਾਦਾਂ ਨੂੰ ਸੰਵਾਦ, ਆਤਮ–ਬਚਨੀ ਅਤੇ ਲੰਮੀ ਗੱਲਬਾਤ ਦੀਆਂ ਵਿਧੀਆਂ ਦੁਆਰਾ ਵਿਕਸਿਤ ਕੀਤਾ ਜਾਂਦਾ ਹੈ। ਅਜਿਹੀਆਂ ਜੀਵਨੀਆਂ ਗਲਪ ਸਾਹਿੱਤ ਦੇ ਵਧੇਰੇ ਨੇੜੇ ਹੁੰਦੀਆਂ ਹਨ ਤੇ ਇਤਿਹਾਸ ਤੋਂ ਰਤਾ ਕੁ ਦੂਰ ਹੋ ਜਾਂਦੀਆਂ ਹਨ। ਆਂਦਰ ਮੋਰਿਆ (Andre Maurois), ਫਿਲਿਪ ਗੁਦਾਲਾ (Phillip Guedalla) ਅਤੇ ਡੇਵਿਡ ਸੇਸਿਲ (David Cecil) ਨੇ ਅਜਿਹੀਆਂ ਜੀਵਨੀਆਂ ਲਿਖੀਆਂ ਹਨ। ਇਸ ਤੋਂ ਛੁੱਟ, ਲਿਟਨ ਸਟ੍ਰੈਚੀ (Lytton Strachey) ਨੇ ਆਪਣੀਆਂ ਵਿਆਖਿਆਤਮਕ ਅਤੇ ਕਲਾਤਮਕ ਜੀਵਨੀਆਂ ਵਿਚ ਵਿਅੰਗਾਤਮਕ ਸ਼ੈਲੀ ਅਪਣਾਈ ਹੈ। ਸਟ੍ਰੈਚੀ ਨੇ ਸਾਧਾਰਣ ਜੀਵਨ ਉੱਤੇ ਵਿਅੰਗਮਈ ਟਿੱਪਣੀਆਂ ਲਿਖਆਂ ਹਨ। ਉਸ ਦੀਆਂ ਰਚਨਾਵਾਂ ਦੇ ਨਾਲ ਵਿਅੰਗਾਤਮਕ ਜੀਵਨੀ (satiric biography) ਦੀ ਉਪਜ ਹੋਈ ਹੈ। ਵਿਅੰਗਾਤਮਕ ਜੀਵਨੀ ਭਾਵੇਂ ਕਿਸੇ ਵੀ ਵਰਗ ਵਿਚ ਰੱਖੀ ਜਾਵੇ, ਇਕ ਵਾਸਤਵਿਕ ਅਤੇ ਆਦਰਸ਼ਕ ਜੀਵਨੀ ਹੋਣੀ ਚਾਹੀਦੀ ਹੈ। ਤੱਥਾਂ ਨੂੰ ਪ੍ਰਸਤੁਤ ਕਰਨ ਵਿਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਤੱਥ ਸਾਮਿਅਕ ਅਤੇ ਪ੍ਰਮਾਣਿਕ ਜਾਣਕਾਰੀ ’ਤੇ  ਆਧਾਰਿਤ ਹੋਣੇ ਚਾਹੀਦੇ ਹਨ। ਉਨ੍ਹਾਂ ਸਾਰੇ ਤੱਤਾ ਦਾ ਗਿਆਨ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਨਾਇਕ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੋਵੇ। ਜੀਵਨੀ ਦੀ ਸਮੱਗਰੀ ਦਾ ਸੋਮਾ ਇਨ੍ਹਾਂ ਨਾਲ ਬਣਦਾ ਹੈ––(1) ਵਿਸ਼ੈ ਉੱਤੇ ਅਤੇ ਸੰਬੰਧਿਤ ਵਿਸ਼ੈ ਉੱਤੇ ਲਿਖੀਆਂ ਪਹਿਲੀਆਂ ਪੁਸਤਕਾਂ, (2) ਪਤ੍ਰ, ਡਾਇਰੀਆਂ ਅਤੇ ਪ੍ਰਮਾਣਿਕ ਦਸਤਾਵੇਜ਼, (3) ਸਮਕਾਲੀਨ ਸੰਸਮਰਣ, (4) ਸਮਕਾਲੀਨ ਜੀਉਂਦੇ ਵਿਅਕਤੀਆਂ ਦੀਆਂ ਯਾਦਾਂ, (5) ਲੇਖਕ ਦਾ ਨਾਇਕ ਨਾਲ ਵਿਅਕਤੀਗਤ ਸੰਬੰਧ, (6) ਉਨ੍ਹਾਂ ਥਾਂਵਾਂ ਦਾ ਭ੍ਰਮਣ ਜਿੱਥੇ ਜਿੱਥੇ ਨਾਇਕ ਗਿਆ ਹੋਵੇ।

          ਪੰਜਾਬੀ ਵਿਚ ਇਤਿਹਾਸ ਲਿਖਣ ਦੀ ਕੋਈ ਪੁਰਾਤਨ ਪਰੰਪਰਾ ਨਹੀਂ ਸੀ। ਇਸੇ ਤਰ੍ਹਾਂ ਜੀਵਨੀਆਂ ਲਿਖਣ ਦੀ ਵੀ ਕੋਈ ਮਰਿਆਦਾ ਨਹੀਂ ਸੀ। ਪੰਜਾਬੀ ਵਿਚ ਪੱਛਮ ਵਾਂਗ ਹੀ ਉਪਦੇਸ਼ਾਤਮਕ ਜੀਵਨ ਦਾ ਆਰੰਭ ਹੋਇਆ। ਪਹਿਲੀਆਂ ਜੀਵਨੀਆਂ ਜਿਵੇਂ ਪੁਰਾਤਨ ਜਨਮ–ਸਾਖੀ, ਮਿਹਰਬਾਨ ਦੀ ਜਨਮ–ਸਾਖੀ, ਭਾਈ ਬਾਲੇ ਦੀ ਜਨਮ–ਸਾਖੀ, ਗੁਰੂ ਨਾਨਕ ਦੇਵ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ‘ਤੇ ਹੀ ਆਧਾਰਿਤ ਹਨ। ਗੁਰਸਿੱਖਾਂ ਦੀਆਂ ਸਾਖੀਆਂ ਭਾਈ ਮਨੀ ਸਿੰਘ ਨੇ ਆਪਣੀ ਪੁਸਤਕ ‘ਸਿੱਖਾਂ ਦੀ ਭਗਤ–ਮਾਲਾ’ ਵਿਚ ਲਿਖੀਆਂ। ਭਾਈ ਵੀਰ ਸਿੰਘ ਨੇ ਸੁੰਦਰ ਗੱਦ ਵਿਚ ਕਲਾਮਈ ਢੰਗ ਨਾਲ ‘ਸ੍ਰੀ ਗੁਰੂ ਨਾਨਕ ਚਮਤਕਾਰ’, ‘ਸ੍ਰੀ ਗੁਰੂ ਕਲਗੀਧਰ ਚਮਤਕਾਰ’ ਅਤੇ ‘ਅਸ਼ਟ ਗੁਰੂ ਚਮਤਕਾਰ’ ਅਤਿ ਸ਼ਰਧਾਲੂ ਜੀਵਨੀਆਂ ਲਿਖੀਆਂ ਹਨ। ਗੁਰਦਿਆਲ ਸਿੰਘ ਫੁੱਲ ਨੇ ਡਾ. ਭਾਈ ਜੋਧ ਸਿੰਘ, ਹਰਦਿਆਲ ਸਿੰਘ ਨੇ ਦੀਵਾਨ ਸਿੰਘ ਕਾਲੇਪਾਣੀ, ਮੁਨਸ਼ਾ ਸਿੰਘ ਦੁਖੀ ਨੇ ਭਾਈ ਮੋਹਨ ਸਿੰਘ ਵੈਦ, ਸ਼ਮਸ਼ੇਰ ਸਿੰਘ ਅਸ਼ੋਕ ਨੇ ਭਾਈ ਕਾਨ੍ਹ ਸਿੰਘ ਨਾਭਾ, ਹਰਬੰਸ ਸਿੰਘ ਨੇ ਭਾਈ ਵੀਰ ਸਿੰਘ, ਦੁਰਲੱਭ ਸਿੰਘ ਨੇ ਮਾਸਟਰ ਤਾਰਾ ਸਿੰਘ ਆਦਿ ਦੀਆਂ ਜੀਵਨੀਆਂ ਲਿਖੀਆਂ ਹਨ। ਅੱਜ ਕੱਲ੍ਹ ਪੰਜਾਬੀ ਸਾਹਿੱਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਦੇ ਉੱਘੇ ਸਾਹਿੱਤਕਾਰਾਂ ਦੀਆਂ ਜੀਵਨੀਆਂ ਲਿਖਵਾ ਕੇ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ। ਇਸ ਪ੍ਰਕਾਰ ਦੀਆਂ ਲਗਭਗ 80 ਜੀਵਨੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।          


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.