ਜੰਗਨਾਮਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੰਗਨਾਮਾ: ਜੰਗਨਾਮਾ ਪੰਜਾਬੀ ਦਾ ਇੱਕ ਮਹੱਤਵਪੂਰਨ ਕਾਵਿ-ਰੂਪ ਹੈ। ਆਮ ਕਰ ਕੇ ਵਾਰ ਅਤੇ ਜੰਗਨਾਮਾ ਨੂੰ ਇੱਕੋ ਸਮਝ ਲਿਆ ਜਾਂਦਾ ਹੈ ਪਰ ਇਸ ਤਰ੍ਹਾਂ ਸਮਝਣਾ ਵਾਰ-ਕਾਵਿ ਰੂਪ ਨਾਲ ਵੀ ਅਨਿਆਂ ਹੋਵੇਗਾ ਅਤੇ ਜੰਗਨਾਮਾ ਕਾਵਿ-ਰੂਪ ਨਾਲ ਵੀ। ‘ਜੰਗਨਾਮਾ` ਸ਼ਬਦ ਹੀ ਇਸ ਪਾਸੇ ਸੰਕੇਤ ਕਰਦਾ ਹੈ ਕਿ ਇਸ ਵਿੱਚ ਕਿਸੇ ਜੰਗ ਦੇ ਹਾਲਾਤ ਦਰਜ ਕੀਤੇ ਜਾਂਦੇ ਹਨ। ਇਹ ਸ਼ਬਦ ਜੰਗ ਤੋਂ ਹੀ ਬਣਿਆ ਹੈ, ਜਿਵੇਂ ਰਾਜ਼ੀਨਾਮਾ, ਸਿਰਨਾਮਾ ਜਾਂ ਸੰਧੀਨਾਮਾ ਆਦਿ ਸ਼ਬਦ ਆਪਣੇ ਅੱਗੇ ਲਿਖੇ ਸ਼ਬਦਾਂ ਦੀ ਲਿਖਤ ਨੂੰ ਕਿਹਾ ਜਾਂਦਾ ਹੈ। ਜੰਗਨਾਮਾ ਵਿੱਚ ਨਿਸ਼ਚਿਤ ਰੂਪ ਵਿੱਚ ਜੰਗ ਦਾ ਹੀ ਵਰਣਨ ਹੁੰਦਾ ਹੈ। ਕਈ ਬਾਰ ਜੰਗਨਾਮਾ ਅਤੇ ਵਾਰ ਨੂੰ ਇੱਕ ਸਮਝ ਲਿਆ ਜਾਂਦਾ ਹੈ ਪਰ ਸਹੀ ਨਹੀਂ ਹੈ। ਉਦਾਹਰਨ ਲਈ ਵਿਦਵਾਨਾਂ ਨੇ ਸ਼ਾਹ ਮੁਹੰਮਦ ਵੱਲੋਂ ਲਿਖੀ ਰਚਨਾ ਨੂੰ ਵਾਰ ਵੀ ਕਿਹਾ ਕਿਹਾ ਹੈ ਅਤੇ ਜੰਗਨਾਮਾ ਵੀ, ਸ਼ਾਹ ਮੁਹੰਮਦ ਦੀ ਵਾਰ, ਵਾਰ ਸਿੰਘਾਂ ਤੇ ਫਰੰਗੀਆਂ, ਜੰਗਨਾਮਾ ਸਿੰਘਾਂ ਤੇ ਫਰੰਗੀਆਂ ਆਦਿ। ਜੰਗਨਾਮਾ ਦਾ ਪ੍ਰਮੁਖ ਰਸ ਵੀਰ ਰਸ ਹੀ ਹੁੰਦਾ ਹੈ।ਰੌਦਰ, ਵੀਭਤਸ ਆਦਿ ਰਸ ਇਸਦੇ ਸਹਾਇਕ ਰਸ ਬਣ ਕੇ ਹੀ ਆਉਂਦੇ ਹਨ। ਵਾਰ ਵਿੱਚ ਨਿਰੋਲ ਵੀਰ ਰਸ ਦਾ ਵਰਣਨ ਨਹੀਂ ਹੁੰਦਾ। ਵਾਰ ਵਿੱਚ ਵੀਰ ਰਸ ਜਾਂ ਸ਼ਾਂਤ ਰਸ ਵਿੱਚੋਂ ਕਿਸੇ ਇੱਕ ਰਸ ਨੂੰ ਪ੍ਰਧਾਨ ਰਸ ਦੇ ਤੌਰ `ਤੇ ਵਰਤਿਆ ਜਾਂਦਾ ਹੈ। ਇਸ ਤੋਂ ਛੁੱਟ ਰੌਦਰ ਰਸ, ਅਦਭੁਤ ਰਸ ਅਤੇ ਵਾਤਸਲ ਤੇ ਭਗਤੀ ਰਸ ਆਦਿ ਦਾ ਵੀ ਚੰਗਾ ਮਿਸ਼ਰਨ ਹੁੰਦਾ ਹੈ।

     ਕਿਹਾ ਜਾ ਸਕਦਾ ਹੈ ਕਿ ਵਾਰ ਵਿੱਚ ਕਿਸੇ ਮਹਾਂਪੁਰਸ਼, ਬ੍ਰਹਮ ਜਾਂ ਸੂਰਮੇ ਦੀ ਉਸਤਤ ਜ਼ਰੂਰ ਹੁੰਦੀ ਹੈ। ਜੰਗਨਾਮਾ ਕਾਵਿ ਰੂਪ ਸਿਰਫ਼ ਜੰਗ ਜਾਂ ਭੇੜੇ ਦੇ ਹਾਲਾਤ ਲਿਖਣ ਨਾਲ ਹੀ ਸੰਬੰਧ ਰੱਖਦਾ ਹੈ। ਭਾਵੇਂ ਇਹ ਵੀ ਸੱਚ ਹੈ ਕਿ ਇਸ ਵਿੱਚ ਜੰਗਨਾਮੇ ਦੇ ਨਾਇਕ ਦਾ ਚਰਿੱਤਰ ਵੀ ਨਾਲੋ- ਨਾਲ ਅੰਕਿਤ ਹੁੰਦਾ ਰਹਿੰਦਾ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਪੰਜਾਬੀ ਵਿੱਚ ਜੰਗਨਾਮਾ ਲਿਖਣ ਦੀ ਪਿਰਤ ਫ਼ਾਰਸੀ ਵਿੱਚ ਲਿਖੇ ਗਏ ਜੰਗਨਾਮਿਆਂ ਨੂੰ ਦੇਖ ਕੇ ਪਈ ਹੈ। ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ਪੰਜਾਬੀ ਵਾਰਾਂ ਵਿੱਚ ਲਿਖਿਆ ਹੈ :

     ਆਮ ਤੌਰ `ਤੇ ਮੁਸਲਿਮ ਸ਼ਾਇਰਾਂ ਪਹਿਲੇ ਪਹਿਲ ਕਰਬਲਾ ਵਿੱਚ ਹੋਈ ਹਸਨ ਦੀ ਸ਼ਹਾਦਤ ਨੂੰ ਇਸ ਕਾਵਿ ਰੂਪ ਦੁਆਰਾ ਵਰਣਨ ਕੀਤਾ ਅਤੇ ਕਈ ਜੰਗਨਾਮੇ ਲਿਖੇ। ਇਸੇ ਤਰ੍ਹਾਂ ‘ਹਜ਼ਰਤ ਮੁਹੰਮਦ ਸਾਹਿਬ` ਦੀਆਂ ਕੁਝ ਲੜਾਈਆਂ ਵੀ ਇਸੇ ਸਿਰਲੇਖ ਹੇਠ ਛੰਦਬੱਧ ਕੀਤੀਆਂ ਗਈਆਂ। ਪਿੱਛੋਂ ਜਾ ਕੇ ਉਨ੍ਹੀਵੀਂ ਸਦੀ ਵਿੱਚ ਜਦ ਅੰਗਰੇਜ਼ਾਂ ਤੇ ਸਿੱਖਾਂ ਦੀ ਵੱਡੀ ਲੜਾਈ ਹੋਈ ਤਾਂ ਕਈਆਂ ਕਵੀਆਂ ਨੇ ਇਸ ਲੜਾਈ ਤੇ ‘ਜੰਗਨਾਮੇ’ ਲਿਖੇ ਜਿਨ੍ਹਾਂ ਵਿੱਚੋਂ ਸ਼ਾਹ ਮੁਹੰਮਦ ਦਾ ਜੰਗਨਾਮਾ ਸਭ ਤੋਂ ਪ੍ਰਸਿੱਧ ਹੈ।

     ਸੁਜਾਨ ਰਾਇ ਭੰਡਾਰੀ ਕਰਤਾ, ਖੁਲਾਸਤੁਲ ਤਵਾਰੀਖ (1696) ਦੱਸਦਾ ਹੈ ਕਿ ਸਭ ਤੋਂ ਪਹਿਲਾਂ ਅਮੀਰ ਖ਼ੁਸਰੋ ਨੇ ਬਾਦਸ਼ਾਹ ਤੁਗ਼ਲਕ ਅਤੇ ਨਾਸਰੁਦੀਨ ਖ਼ੁਸਰੋ ਖ਼ਾਂ ਵਿਚਾਲੇ ਹੋਈ ਜੰਗ ਬਾਰੇ ਇੱਕ ਜੰਗਨਾਮਾ ਲਿਖਿਆ ਸੀ। ਮੋਹਨ ਸਿੰਘ ਦੀਵਾਨਾ ਨੇ ਖ਼ੁਸਰੋ ਦੇ ਜੰਗਨਾਮੇ ਨੂੰ ਸਭ ਤੋਂ ਪਹਿਲਾ ਜੰਗਨਾਮਾ ਦੱਸਿਆ ਹੈ ਪਰ ਇਹ ਜੰਗਨਾਮਾ ਮਿਲਦਾ ਨਹੀਂ।

     ਵੱਖ-ਵੱਖ ਪੁਸਤਕਾਂ ਵਿੱਚ, ਪੰਜਾਬੀ ਵਿੱਚ ਲਿਖੇ ਗਏ ਜੰਗਨਾਮਿਆਂ ਦੀ ਸੂਚੀ ਦਿੱਤੀ ਗਈ ਹੈ। ਇਸੇ ਆਧਾਰ ’ਤੇ ਸਾਨੂੰ ਹੁਣ ਤਕ ਪ੍ਰਾਪਤ ਸਭ ਤੋਂ ਪਹਿਲਾ ਜੰਗਨਾਮਾ, ‘ਕਵੀ ਹਾਮਦ` ਵੱਲੋਂ ਲਿਖਿਆ ਮਿਲਦਾ ਹੈ। ਇੱਕ ਹੋਰ ਜੰਗਨਾਮਾ ਗੁਰੂ ਗੋਬਿੰਦ ਸਿੰਘ ਮਿਲਦਾ ਹੈ ਜਿਸ ਦਾ ਲੇਖਕ ਅਣੀਰਾਇ ਹੈ ਜੋ ਗੁਰੂ ਜੀ ਦਾ ਦਰਬਾਰੀ ਕਵੀ ਸੀ। ਹੀਰਕਾਰ ਮੁਕਬਲ ਨੇ ਵੀ ਇੱਕ ਜੰਗਨਾਮਾ ਲਿਖਿਆ ਹੈ। ਗੰਡਾ ਸਿੰਘ ਨੇ ਇੱਕ ਪੁਸਤਕ ਦਾ ਸੰਪਾਦਨ ਕੀਤਾ ਹੈ ਜਿਸਦਾ ਨਾਂ ਹੈ-ਪ੍ਰਾਚੀਨ ਜੰਗਨਾਮੇ। ਇਸ ਵਿੱਚ ਪੰਜਾਬੀ ਦੇ ਕੁਝ ਜੰਗਨਾਮਿਆਂ ਬਾਰੇ ਵਿਚਾਰ ਕਰ ਕੇ ਉਹਨਾਂ ਦਾ ਪਾਠ ਦਿੱਤਾ ਗਿਆ ਹੈ। ਅਹਿਮਦ ਸ਼ਾਹ ਨੇ ਦੋ ਜੰਗਨਾਮੇ ਲਿਖੇ ਹਨ-ਜੰਗ ਅਹਦ ਅਤੇ ਜੰਗ ਬਦਰ। ਹਸਨ ਹੁਸੈਨ ਅਤੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਲਿਖੇ ਕੁਝ ਹੋਰ ਜੰਗਨਾਮੇ ਇਸ ਤਰ੍ਹਾਂ ਹਨ-ਜੰਗਨਾਮਾ (ਪੀਰ ਮੁਹੰਮਦ ਕਾਸਬੀ), ਜੰਗ ਜੈਤੂਨ (ਅਗਿਆਤ), ਜੰਗਨਾਮਾ ਹਜ਼ਰਤ ਅਲੀ (ਅਜ਼ੀਮ), ਜੰਗਨਾਮਾ ਉਮਰ (ਮੀਆਂ ਮੁਹੰਮਦ ਬਖ਼ਸ਼), ਜੰਗਨਾਮਾ ਬਦਰ (ਕਰੀਮ ਬਖ਼ਸ਼), ਜੰਗਨਾਮਾ (ਰੁਕੁਨਦੀਨ), ਜੰਗਨਾਮਾ (ਬੀਰ ਸਿੰਘ)। ਕਾਨ੍ਹ ਸਿੰਘ ਬੰਗਾ ਨੇ ਜੰਗਨਾਮਾ ਲਾਹੌਰ ਲਿਖਿਆ ਹੈ। ਪੰਜਾਬੀ ਵਿੱਚ ਹਰੀ ਸਿੰਘ ਨਲੂਏ ਬਾਰੇ ਲਿਖੇ ਪੰਜ ਜੰਗਨਾਮੇ ਮਿਲਦੇ ਹਨ। ਇਹ ਕਵੀ ਹਨ-ਕਾਨ੍ਹ ਸਿੰਘ ਬੰਗਾ, ਕਾਦਰਯਾਰ, ਸਹਾਈ ਸਿੰਘ, ਗੁਰਮੁਖ ਸਿੰਘ ਅਤੇ ਰਾਮ ਦਿਆਲ।

     ਇਸੇ ਸਿਲਸਿਲੇ ਵਿੱਚ ਜੰਗ ਚਤਰਾਲ ਕ੍ਰਿਤ ਵਧਾਵਾ ਸਿੰਘ ਅਤੇ ਕ੍ਰਿਤ ਕੇਹਰ ਸਿੰਘ ਵੀ ਗਿਣੇ ਜਾ ਸਕਦੇ ਹਨ। ਜੰਗ ਮੁਲਖ ਤੀਰਾਹ (ਲਾਭ ਸਿੰਘ), ਜੰਗਨਾਮਾ ਕਾਬਲ ਕੰਧਾਰ (ਸਿਆਮ ਸਿੰਘ), ਜੰਗਨਾਮਾ ਕਾਬਲ (ਕਰਮ ਸਿੰਘ) ਜੰਗਨਾਮਾ ਖੈਬਰ (ਅਬਦੁਲ ਰਮੀਦ) ਕੁਝ ਹੋਰ ਜੰਗਨਾਮੇ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਬਹਾਦਰ ਜਰਨੈਲਾਂ ਵੱਲੋਂ ਲੜੀਆਂ ਜੰਗਾਂ ਦੇ ਹਾਲਾਤ ਸਾਂਭੀ ਬੈਠੇ ਹਨ। ਹੋਰ ਵੀ ਕਈ ‘ਜੰਗਨਾਮੇ` ਜਾਂ ‘ਭੇੜੇ` ਪ੍ਰਾਪਤ ਹਨ ਜੋ ਛੋਟੇ ਮੋਟੇ ਯੁੱਧਾਂ ਜਾਂ ਲੜਾਈਆਂ ਦਾ ਵਰਣਨ ਕਰਦੇ ਹਨ। ਉਨ੍ਹੀਵੀਂ ਤੇ ਵੀਹਵੀਂ ਸਦੀ ਵਿੱਚ ਵੀ ‘ਜੰਗਨਾਮਾ` ਕਾਵਿ-ਰੂਪ ਬਰਾਬਰ ਲਿਖਿਆ ਜਾਂਦਾ ਰਿਹਾ ਹੈ।


ਲੇਖਕ : ਧਰਮ ਪਾਲ ਸਿੰਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜੰਗਨਾਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਗਨਾਮਾ [ਨਾਂਪੁ] ਜੰਗ ਨਾਲ਼ ਸੰਬੰਧਿਤ ਵਿਸ਼ੇ ਵਾਲ਼ਾ ਇੱਕ ਬਿਰਤਾਂਤਿਕ ਕਾਵਿ-ਰੂਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੰਗਨਾਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਗਨਾਮਾ. ਜੁੱਧ ਦੀ ਕਥਾ ਦਾ ਗ੍ਰੰਥ । ੨ ਇਸ ਨਾਮ ਦੇ ਕਈ ਗ੍ਰੰਥ ਕਈ ਬੋਲੀਆਂ ਵਿਚ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਅਨੇਕ ਬਾਦਸ਼ਾਹਾਂ ਦੇ ਯੁੱਧ ਅਤੇ ਲਹੌਰ ਦਰਬਾਰ ਦੀ ਫੌਜ ਦਾ ਅੰਗ੍ਰੇਜ਼ਾਂ ਨਾਲ ਜੰਗ ਕਰਨ ਦਾ ਪ੍ਰਸੰਗ ਹੈ1। ੩ ਬੱਤੀ ਪੌੜੀਆਂ ਦੀ ਇੱਕ ਰਚਨਾ ਕਿਸੇ ਪ੍ਰੇਮੀ ਦੀ ਲਿਖੀ ਹੋਈ ਪ੍ਰਸਿੱਧ ਵਾਰ ਹੈ, ਜਿਸ ਨੂੰ “ਵਾਰ ਗੁਰੂ ਗੋਬਿੰਦ ਸਿੰਘ ਜੀ” ਭੀ ਲਿਖਿਆ ਹੈ. ਇਸ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹਜ਼ਾਦੀ ਜ਼ੇਬੁੱਨਿਸਾ ਨਾਲ ਪ੍ਰਸ਼ਨ ਉੱਤਰ ਅਤੇ ਭੰਗਾਣੀ ਦੇ ਜੰਗ ਦਾ ਵਰਣਨ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਗਨਾਮਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੰਗਨਾਮਾ : ਜੰਗਨਾਮਾ ਫ਼ਾਰਸੀ ਦਾ ਪ੍ਰਸਿੱਧ ਕਾਵਿ–ਰੂਪ ਹੈ। ਇਸ ਵਿਚ ਕਿਸੇ ਲੜਾਈ ਅਥਵਾ ਜੰਗ ਦਾ ਵਿਸਤ੍ਰਿਤ ਵਰਣਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਹ ਇਤਿਹਾਸ ਦਾ ਵੀ ਉਤਨਾ ਹੀ ਮਹੱਤਵਪੂਰਣ ਅੰਗ ਹੈ ਜਿਤਨਾ ਸਾਹਿੱਤ ਦਾ। ਪੰਜਾਬੀ ਵਿਚ ਇਸ ਦੇ ਟਾਕਰੇ ਦੇ ਵਾਰਾਂ ਲਿਖੀਆਂ ਜਾਂਦੀਆਂ ਰਹੀਆਂ ਹਨ। ਵਾਰ ਤੇ ਜੰਗਨਾਮਾ ਵਿਚ ਅੰਤਰ ਇਸ ਪ੍ਰਕਾਰ ਹੈ :

          (1) ਜੰਗਨਾਮੇ ਵਿਚ ਕੋਈ ਵਾਸਤਵਿਕ ਘਟਨਾ ਦਾ ਹੀ ਬਿਆਨ ਹੁੰਦਾ ਹੈ। ਪਰ ਵਾਰ ਕਾਲਪਨਿਕ ਘਟਨਾ ਉੱਤੇ ਵੀ ਲਿਖੀ ਜਾ ਸਕਦੀ ਹੈ, ਜਿਵੇਂ ‘ਚੰਡੀ ਦੀ ਵਾਰ’। ਇੱਥੋਂ ਇਹ ਵੀ ਨਤੀਜਾ ਨਿਕਲਦਾ ਹੈ ਕਿ ਜੰਗਨਾਮੇ ਦੇ ਪਾਤਰ ਲਹੂ ਮਾਸ ਦੇ ਵਾਸਤਵਿਕ ਮਨੁੱਖ ਹੁੰਦੇ ਹਨ, ਪਰ ਵਾਰ ਵਿਚ ਇਹ ਮਿਥਿਹਾਸਕ ਵੀ ਲਾਏ ਜਾਂਦੇ ਹਨ ਜਿਵੇਂ ਦੁਰਗਾ, ਸੁੰਭ ਨਿਸੁੰਭ, ਧੂਮਰ ਨੈਣ, ਕਲ–ਨਾਰਦ ਆਦਿ।

          (2) ਵਾਰ ਦਾ ਮੁੱਖ ਨਿਸ਼ਾਨਾ ਕਿਸੇ ਨਾਇਕ ਦਾ ਜਸ ਗਾਉਣਾ ਹੁੰਦਾ ਹੈ, ਪਰ ਜੰਗਨਾਮੇ ਵਿਚ ਅਸਲ ਮੰਤਵ ਤਾਰੀਖ਼ੀ ਘਟਨਾ ਦਾ ਬਿਆਨ ਕਰਨਾ ਹੈ, ਇਸ ਲਈ ਉਸ ਵਿਚ ਨਾਇਕ ਦੇ ਨਾਲ ਬਾਕੀ ਪਾਤਰਾਂ ਨੂੰ ਵੀ ਪੂਰੀ ਮਹੱਤਾ ਪ੍ਰਾਪਤ ਹੁੰਦੀ ਹੈ।

          (3) ਜੰਗਨਾਮੇ ਵਿਚ ਇਤਿਹਾਸਕ ਪੱਖ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ, ਜਿਵੇਂ ਲੜਾਈ ਦਾ ਸਥਾਨ, ਹਥਿਆਰਾਂ ਦਾ ਵਰਣਨ, ਹਾਣ–ਲਾਭ ਦਾ ਅਨੁਮਾਨ, ਅੰਤਿਮ ਜਿੱਤ ਤੇ ਉਸ ਦੇ ਸਿੱਟੇ ਆਦਿ। ਇੱਥੇ ਕਵੀ ਵਾਸਤਵਿਕਤਾ ਦੇ ਨੇੜੇ ਰਹਿਣ ਦਾ ਯਤਨ ਕਰਦਾ ਹੈ, ਪਰ ਵਾਰ ਵਿਚ ਇਨ੍ਹਾਂ ਗੱਲਾਂ ਵੱਲ ਧਿਆਨ ਰੱਖਣ ਦੀ ਕੋਈ ਪਾਬੰਦੀ ਨਹੀਂ। ਕਵੀ ਕੇਵਲ ਅਜਿਹੀਆਂ ਘਟਨਾਵਾਂ ਹੀ ਬਿਆਨ ਕਰਦਾ ਹੈ ਜਿਸ ਵਿਚ ਨਾਇਕ ਦਾ ਪਲੜਾ ਭਾਰੀ ਰਹਿੰਦਾ ਹੋਵੇ।

          (4) ਜੰਗਨਾਮੇ ਦਾ ਨਾਇਕ ਆਮ ਤੌਰ ਤੇ ਹਾਰਦਾ ਅਤੇ ਵਾਰ ਦਾ ਨਾਇਕ ਵਧੇਰੇ ਤੌਰ ਤੇ ਜਿੱਤਦਾ ਹੈ।

          (5) ਜੰਗਨਾਮੇ ਵਧੇਰੇ ਤੌਰ ਤੇ ਮੁਸਲਮਾਨ ਸ਼ਾਇਰਾਂ ਨੇ ਲਿਖੇ ਹਨ ਅਤੇ ਵਾਰਾਂ ਦੇ ਵਧੇਰੇ ਕਰਤਾ ਹਿੰਦੂ ਸਿੱਖ ਕਵੀ ਹਨ। ਇਸ ਲਈ ਜੰਗਨਾਮਿਆਂ ਦੀ ਸ਼ਬਦਾਵਲੀ ਵਧੇਰੇ ਤੌਰ ਤੇ ਅਰਬੀ ਫ਼ਾਰਸੀ ਵੱਲ ਝੁੱਕੀ ਹੁੰਦੀ ਹੈ ਤੇ ਵਾਰਾਂ ਦੀ ਹਿੰਦੀ ਸੰਸਕ੍ਰਿਤ ਵੱਲ।

          ਪੰਜਾਬੀ ਵਿਚ ਸਭ ਤੋਂ ਪੁਰਾਣਾ ‘ਜੰਗਨਾਮਾ ਗੁਰੂ ਗੋਬਿੰਦ ਸਿੰਘ’, ਰਚਿਤ ‘ਅਣੀ ਰਾਏ’ ਮਿਲਦਾ ਹੈ। ਇਸ ਦੀ ਲਿਪੀ ਗੁਰਮੁਖੀ ਤੇ ਬੋਲੀ ਬ੍ਰਜ ਦੀ ਰੰਗਣ ਵਾਲੀ ਹੈ। ਰਚਨਾ ਦੋਹਰਿਆਂ, ਕਬਿੱਤਾਂ ਤੇ ਸਵੈਇਆਂ ਵਿਚ ਹੈ।

          ਨਿਰੋਲ ਪੰਜਾਬੀ ਵਿਚ ਸਭ ਤੋਂ ਪਹਿਲਾਂ ਜੰਗਨਾਮਾ ਹੁਸੈਨ ਦਾ ‘ਰੋਜ਼ਾਤੁਲ ਸ਼ੁਹਦਾ’ ਰੁੱਕਨ ਦੀਨ ਲਾਹੌਰੀ ਨੇ 1724 ਈ. ਵਿਚ ਲਿਖਿਆ। ਪਰ ਇਸ ਖੇਤਰ ਵਿਚ ਪਹਿਲੀ ਪ੍ਰਸਿੱਧਤਾ ਮੁਕਬਲ ਨੂੰ ਮਿਲੀ। ‘ਜੰਗਨਾਮਾ ਮੁਕਬਲ ‘1747 ਈ. ਵਿਚ ਲਿਖਿਆ ਗਿਆ ਅਤੇ ਇਸ ਵਿਚ ਹਸਨ ਤੇ ਹੁਸੈਨ ਦੀ ਸ਼ਹਾਦਤ ਦਾ ਕਰੁਣਾਮਈ ਢੰਗ ਨਾਲ ਵਰਣਨ ਕੀਤਾ ਗਿਆ ਹੈ। ਕਰਬਲਾ ਦੀ ਘਟਨਾ ਨੂੰ ਹੀ ਹਾਮਦ ਨੇ ‘ਜੰਗ ਹਾਮਦ’ ਨਾਂ ਦੇ ਕੇ 1778 ਈ. ਵਿਚ ਬਿਆਨ ਕੀਤਾ। ਰਚਨਾ ਵਿਚ ਕਰੁਣ–ਰਸ ਪ੍ਰਧਾਨ ਹੈ। ਪਰ ਪੰਜਾਬੀ ਦਾ ਸਭ ਤੋਂ ਉੱਤਮ ਤੇ ਪ੍ਰਸਿੱਧ ਜੰਗਨਾਮਾ ਸ਼ਾਹ ਮੁਹੰਮਦ ਨੇ ਬੈਂਤ ਛੰਦ ਵਿਚ ਰਚਿਆ। ਇਸ ਦਾ ਨਾਂ ‘ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ’ ਹੈ। ਇਸ ਵਿਚ ਸਿੱਖਾਂ ਤੇ ਅੰਗ੍ਰਜ਼ਾਂ ਦੀ ਪਹਿਲੀ ਜੰਗ ਦਾ ਵਿਸਤ੍ਰਿਤ ਵਰਣਨ ਹੈ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖ਼ਾਲਸਾ ਦਰਬਾਰ ਕਿਵੇਂ ਫੁੱਟ ਦਾ ਸ਼ਿਕਾਰ ਹੋ ਗਿਆ, ਫ਼ੌਜ ਬੇਕਾਬੂ ਹੋ ਗਈ, ਸਰਦਾਰਾਂ ਵਿਚ ਤਲਵਾਰ ਚਲ ਗਈ। ਅੰਗ੍ਰਜ਼ਾਂ ਨੇ ਪਹਿਲ ਕੀਤੀ। ਸਿੱਖ ਫ਼ੌਜਾਂ ਨੇ ਅਤਿ ਬਹਾਦਰੀ ਤੇ ਕੁਰਬਾਨੀ ਦਾ ਜਜ਼ਬਾ ਵਿਖਾਇਆ, ਪਰ ‘ਸ਼ਾਹ ਮੁਹੰਮਦ ਇਕ ਸਰਕਾਰ ਬਾਝੋਂ ਫ਼ੌਜਾਂ ਜਿੱਘ ਕੇ ਅੰਘ ਨੂੰ ਹਾਰੀਆਂ ਨੀ’, ਵਿਚ ਕਵੀ ਹਾਰ ਦਾ ਕਾਰਣ ਪੇਸ਼ ਕਰਦਾ ਹੈ। ਕਵੀ ਨਿਹਾਲ ਸਿੰਘ ਨੇ ‘ਜੰਗਨਾਮਾ ਲਾਹੌਰ’ ਨਾਂ ਦੇ ਕੇ ਇਸ ਘਟਨਾ ਨੂੰ ਵਧੇਰੇ ਵਾਸਤਵਿਕ ਰੰਗ ਵਿਚ ਬਿਆਨ ਕੀਤਾ ਹੈ।

          ਜਿੱਥੇ ਸ਼ਾਹ ਮੁਹੰਮਦ ਦਾ ਜੰਗਨਾਮਾ ਠੇਠ ਤੇ ਸਰਲ ਪੰਜਾਬੀ ਵਿਚ ਹੈ ਉੱਥੇ ਨਿਹਾਲ ਸਿੰਘ ਦੇ ਜੰਗਨਾਮੇ ਦੀ ਬੋਲੀ ਉਰਦੂ, ਫ਼ਾਰਸੀ, ਹਿੰਦੀ ਤੇ ਪੰਜਾਬੀ ਦੀ ਖਿਚੜੀ ਜਿਹੀ ਹੈ। ਨਿਹਾਲ ਸਿੰਘ ਨੇ ਮਸਨਵੀ ਦਾ ਰੰਗ ਅਪਣਾਇਆ ਹੈ। 1857 ਈਂ ਦੀ ਭਾਰਤ ਦ ਆਜ਼ਾਦੀ ਦੀ ਪਹਿਲੀ ਲੜਾਈ ਸੰਬੰਧੀ ਖ਼ਜ਼ਾਨ ਸਿੰਘ ਰਚਿਤ ‘ਜੰਗਨਾਮਾ ਦਿੱਲੀ’ ਵੀ ਮਿਲਦਾ ਹੈ। ਇਸ ਦੀ ਬੋਲੀ ਪੰਜਾਬੀ ਹੈ, ਭਾਵੇਂ ਕਈ ਥਾਂਵਾਂ ਪੁਰ ਹਿੰਦਵੀ ਰੰਗ ਵੀ ਪ੍ਰਤੱਖ ਹੈ। ਇਸ ਪਰਥਾਇ ਇਕ ਜੰਗਨਾਮਾ ਡਿਉਢਾਂ ਵਿਚ ‘ਮਟਕ’ ਦਾ ਲਿਖਿਆ ਵੀ ਮਿਲਦਾ ਹੈ। ਬੋਲੀ ਸਧੂੱਕੜੀ ਹੈ।

          [ਸਹਾ. ਗ੍ਰੰਥ––ਸਮਸ਼ੇਰ ਸਿੰਘ ਅਸ਼ੋਕ : ‘ਜੰਗ ਨਾਮੇ’, ਸੀਤਾ ਰਾਮ ਕੋਹਲੀ ਤੇ ਪ੍ਰੋ. ਸੇਵਾ ਸਿੰਘ (ਸੰਪ.) :         ‘ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ’; ਪਿਆਰਾ ਸਿੰਘ ਪਦਮ : ‘ਪੰਜਾਬ ਦੀਆਂ ਵਾਰਾਂ’]           


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਜੰਗਨਾਮਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੰਗਨਾਮਾ : ਜੰਗਨਾਮਾ ਫ਼ਾਰਸੀ ਦਾ ਇਕ ਅਜਿਹਾ ਕਾਵਿ ਰੂਪ ਹੈ, ਜਿਸ ਵਿਚ ਕਿਸੇ ਯੁੱਧ ਦਾ ਵਰਣਨ ਵਿਸਥਾਰ ਸਹਿਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਹ ਇਤਿਹਾਸ ਦਾ ਵੀ ਉਤਨਾ ਹੀ ਮਹੱਤਵਪੂਰਨ ਅੰਗ ਹੈ ਜਿਤਨਾ ਕਿ ਸਾਹਿਤ ਦਾ।

          ਜੰਗਨਾਮੇ ਵਿਚ ਕਿਸੇ ਸੱਚੀ ਘਟਨਾ ਨੂੰ ਪੇਸ਼ ਕੀਤਾ ਜਾਂਦਾ ਹੈ, ਇਸ ਦੇ ਪਾਤਰ ਲਹੂ ਮਾਸ ਦੇ ਪੁਤਲੇ ਹੁੰਦੇ ਹਨ, ਕਾਲਪਨਿਕ ਨਹੀਂ ਹੁੰਦੇ। ਇਸ ਵਿਚ ਵਾਰ ਦੇ ਉਲਟ ਨਾਇਕ ਦਾ ਜਸ ਗਾਇਨ ਕਰਨਾ ਕਵੀ ਦਾ ਮਨੋਰਥ ਨਹੀਂ ਹੁੰਦਾ, ਇਸ ਵਿਚ ਨਾਇਕ ਦੇ ਨਾਲ ਨਾਲ ਹੋਰ ਵਿਅਕਤੀਆਂ ਨੂੰ ਵੀ ਪੂਰਾ ਪੂਰਾ ਮਹੱਤਵ ਦਿੱਤਾ ਜਾਂਦਾ ਹੈ। ਇਸ ਵਿਚ ਇਤਿਹਾਸਕ ਪੱਖ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ।

          ਪੰਜਾਬੀ ਵਿਚ ਸਭ ਤੋਂ ਪੁਰਾਣਾ ਜੰਗਨਾਮਾ ਗੁਰੂ ਗੋਬਿੰਦ ਸਿੰਘ ਕ੍ਰਿਤ ‘ਅਣੀ ਰਾਇ’ ਮਿਲਦਾ ਹੈ। ਇਸ ਦੀ ਲਿਪੀ ਗੁਰਮੁਖੀ ਹੈ, ਪਰ ਬੋਲੀ ਬ੍ਰਜ ਦੇ ਨੇੜੇ ਹੀ ਹੈ।

          ਠੇਠ ਪੰਜਾਬ ਵਿਚ ਪਹਿਲਾ ਜੰਗਨਾਮਾ ਇਮਾਮ ਹੁਸੈਨ ਸਬੰਧੀ ‘ਰੋਜ਼ਾਤੁਲ ਸ਼ੋਹਦਾ’ ਰੁੱਕਨਦੀਨ ਲਾਹੌਰੀ ਨੇ 1724 ਈ. ਵਿਚ ਲਿਖਿਆ ਪਰ ਇਸ ਖੇਤਰ ਵਿਚ ਪਹਿਲੀ ਪ੍ਰਸਿੱਧੀ ਮੁਕਬਲ ਨੂੰ ‘ਜੰਗਨਾਮਾ ਮੁਕਬਲ’ ਲਿਖਣ ਤੇ ਮਿਲੀ। ਇਸ ਵਿਚ ਹਸਨ ਹੁਸੈਨ ਦੀ ਸ਼ਹਾਦਤ ਦਾ ਬਹੁਤ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ। ਕਰਬਲਾ ਦੀ ਘਟਨਾ ਨੂੰ ਹਾਮਦ ਨੇ ‘ਜੰਗ ਹਾਮਦ’ ਨਾਂ ਦੇ ਕੇ 1778 ਈ. ਵਿਚ ਲਿਖਿਆ ਜੋ ਕਰੁਣਾ-ਰਸ ਪ੍ਰਦਾਨ ਰਚਨਾ ਹੈ। ਪੰਜਾਬੀ ਵਿਚ ਸਭ ਤੋਂ ਉੱਤਮ ਤੇ ਪੰਜਾਬ ਨਾਲ ਸਬੰਧਤ ਜੰਗਨਾਮਾ ਸ਼ਾਹ ਮੁਹੰਮਦ ਦਾ ਹੈ। ਉਸ ਨੇ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਨੂੰ ਬੜੇ ਭਾਵ ਪੂਰਨ ਢੰਗ ਨਾਲ ਬਿਆਨ ਕੀਤਾ ਹੈ। ਇਹ ਬੈਂਤ ਛੰਦ ਵਿਚ ਲਿਖਿਆ ਹੋਇਆ ਹੈ। ਕਵੀ ਨਿਹਾਲ ਸਿੰਘ ਨੇ ‘ਜੰਗਨਾਮਾ ਲਾਹੌਰ’ ਵਿਚ ਇਸ ਘਟਨਾ ਨੂੰ ਬੜੇ ਵਾਸਤਵਿਕ ਢੰਗ ਨਾਲ ਅੰਕਿਤ ਕੀਤਾ ਹੈ। ਖ਼ਜ਼ਾਨ ਸਿੰਘ ਦਾ ‘ਜੰਗਨਾਮਾ ਦਿੱਲੀ’ 1857 ਈ. ਦੇ ਗਦਰ ਨਾਲ ਸਬੰਧਤ ਹੈ। ਇਸ ਤਰ੍ਹਾਂ ਪੰਜਾਬੀ ਵਿਚ ਲਿਖੇ ਕੁਝ ਜੰਗਨਾਮੇ ਮਿਲਦੇ ਹਨ ਜਿਨ੍ਹਾਂ ਵਿਚ ਇਤਿਹਾਸਕ ਘਟਨਾਵਾਂ ਦਾ ਬੜੇ ਕਰੁਣਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.