ਟ੍ਰੰਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਟ੍ਰੰਪ: ਇਸ ਦਾ ਪੂਰਾ ਨਾਂ ਅਰਨਸਟ ਟ੍ਰੰਪ (Ernest Trumpp) ਹੈ। ਇਸ ਨੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਹਿੱਸਿਆਂ ਦਾ ਪਹਿਲੀ ਵਾਰ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਜੋ ਸੰਨ 1877 ਈ. ਵਿਚ (The Adi Granth) ਨਾਂ ਅਧੀਨ ਛਪਿਆ।

          13 ਮਾਰਚ 1828 ਈ. ਵਿਚ ਜਰਨਮੀ ਦੇਸ਼ ਦੇ ਇਕ ਪਿੰਡ ਵਿਚ ਪੈਦਾ ਹੋਇਆ ਡਾ. ਟ੍ਰੰਪ ਪੂਰਵ ਅਤੇ ਪੱਛਮ ਦੀਆਂ ਕਈ ਭਾਸ਼ਾਵਾਂ ਦਾ ਡੂੰਘਾ ਵਿਦਵਾਨ ਸੀ। ਸੰਨ 1849 ਈ. ਵਿਚ ਜਰਮਨੀ ਵਿਚ ਹੋਈ ਰਾਜਨੈਤਿਕ ਗੜ-ਬੜ ਕਰਕੇ ਇਹ ਲਿੰਡਨ ਚਲਾ ਗਿਆ ਅਤੇ ਈਸਟ ਇੰਡੀਆ ਹਾਊਸ (ਇੰਡੀਆ ਆਫ਼ਿਸ) ਵਿਚ ਸਹਾਇਕ ਲਾਇਬ੍ਰੇਰੀਅਨ ਜਾ ਲਗਾ। ਉਥੋਂ ਇਹ ਈਸਾਈ ਮਿਸ਼ਨਰੀਆਂ ਦੇ ਉਪਯੋਗ ਲਈ ਭਾਰਤੀ ਭਾਸ਼ਾਵਾਂ ਦੇ ਵਿਆਕਰਣ ਅਤੇ ਕੋਸ਼ ਤਿਆਰ ਕਰਨ ਲਈ 1854 ਈ. ਵਿਚ ਭਾਰਤ ਆਇਆ ਅਤੇ ਸਿੰਧੀ ਅਤੇ ਪਸ਼ਤੋ ਭਾਸ਼ਾਵਾਂ ਸੰਬੰਧੀ ਕੰਮ ਕੀਤਾ ਅਤੇ ਕੁਝ ਅਨੁਵਾਦ ਵੀ ਕੀਤਾ।          

            ਸੰਨ 1869 ਈ. ਵਿਚ ਇੰਡੀਆ ਆਫ਼ਿਸ ਵਲੋਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਅੰਗ੍ਰੇਜ਼ੀ ਅਨੁਵਾਦ ਤਿਆਰ ਕਰਨ ਲਈ ਭਾਰਤ ਭੇਜਿਆ ਗਿਆ। ਇਸ ਨੇ ਗੁਰੂ ਗ੍ਰੰਥ ਦੇ ਅਰਥ ਸਮਝਣ ਵਾਸਤੇ ਲਾਹੌਰ ਵਿਚ ਠਹਿਰ ਕੇ ਉਥੋਂ ਦੇ ਅਤੇ ਅੰਮ੍ਰਿਤਸਰ ਦੇ ਗ੍ਰੰਥੀਆਂ ਦੀ ਸਹਾਇਤਾ ਲਈ, ਪਰ ਉਨ੍ਹਾਂ ਦੁਆਰਾ ਦਸੇ ਅਰਥਾਂ ਤੋਂ ਸੰਤੁਸ਼ਟ ਨ ਹੋਇਆ। ਫਿਰ ਇਸ ਨੇ ਪੁਰਾਤਨ ਪਰਿਆਇਆਂ ਦੀ ਮਦਦ ਨਾਲ ਗ੍ਰੰਥ ਸਾਹਿਬ ਦਾ ਖ਼ੁਦ ਅਧਿਐਨ ਸ਼ੁਰੂ ਕੀਤਾ ਅਤੇ ਪਹਿਲਾਂ ਵਿਆਕਰਣ ਅਤੇ ਕੋਸ਼ ਤਿਆਰ ਕੀਤੇ। ਫਿਰ ਸੰਨ 1872 ਈ. ਵਿਚ ਆਪਣੇ ਦੇਸ਼ ਜਰਮਨੀ ਪਰਤ ਗਿਆ ਅਤੇ 1876 ਈ. ਤਕ ਜਪੁ , ਸੋਦਰ , ਸੋਪੁਰਖੁ, ਸੋਹਿਲਾ ਅਤੇ ਸਿਰੀ, ਮਾਝ , ਗਉੜੀ ਅਤੇ ਆਸਾ ਰਾਗਾਂ ਦੀਆਂ ਬਾਣੀਆਂ , ਕਬੀਰ ਤੇ ਸ਼ੇਖ ਫ਼ਰੀਦ ਦੇ ਸਲੋਕਾਂ, ਭੱਟਾਂ ਦੇ ਸਵੈਯਾਂ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦਾ ਅਨੁਵਾਦ ਤਿਆਰ ਕਰ ਲਿਆ। ਫਿਰ ਇੰਡੀਆ ਆਫ਼ਿਸ ਲਾਇਬ੍ਰੇਰੀ ਤੋਂ ਸੰਨ 1872 ਈ. ਵਿਚ ਪ੍ਰਾਪਤ ਹੋਈ ਜਨਮਸਾਖੀ (ਪੁਰਾਤਨ ਜਨਮਸਾਖੀ) ਦੇ ਆਧਾਰ’ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਹੋਰ ਗੁਰੂ ਸਾਹਿਬਾਨ ਦੇ ਜੀਵਨ-ਚਰਿਤ੍ਰਾਂ ਬਾਰੇ ਲੇਖ ਲਿਖ ਕੇ ਅਤੇ ਸਿੱਖਾਂ ਦੇ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ, ਛੰਦ-ਵਿਧਾਨ ਅਤੇ ਭਾਸ਼ਾ ’ਤੇ ਆਪਣੇ ਵਿਚਾਰ ਪੇਸ਼ ਕਰਕੇ ਅਪੂਰਣ ਰੂਪ ਵਿਚ ਹੀ 23 ਜਨਵਰੀ 1877 ਈ. ਨੂੰ ਛਪਵਾ ਦਿੱਤਾ। ਇਸ ਦਾ ਦੇਹਾਂਤ ਸੰਨ 1885 ਈ. ਵਿਚ ਹੋਇਆ।

            ਈਸਾਈ ਮਿਸ਼ਨਰੀ ਹੋਣ ਕਾਰਣ ਟ੍ਰੰਪ ਨੇ ਸਿੱਖ ਵਿਚਾਰਧਾਰਾ ਅਤੇ ਭਾਵਨਾ ਦਾ ਨਿਰਪਖ ਅਧਿਐਨ ਨ ਕੀਤਾ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਭਾਗ ਸਮਝਦੇ ਹੋਇਆਂ ਗੁਰੂ ਨਾਨਕ ਦੇਵ ਜੀ ਨੂੰ ਮੌਲਿਕ ਚਿੰਤਕ ਨ ਮੰਨਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਧਰਮ ਵਲ ਜ਼ਿਆਦਾ ਝੁਕਿਆ ਹੋਇਆ ਦਸਿਆ। ਇਸ ਦੀ ਸਥਾਪਨਾ ਸੀ ਕਿ ਸਿੱਖ ਧਰਮ ਖ਼ਾਤਮੇ ਵਲ ਜਾ ਰਿਹਾ ਹੈ।

            ਉਕਤ ਕਾਰਣਾਂ ਕਰਕੇ ਇਸ ਦੇ ਅੰਗ੍ਰੇਜ਼ੀ ਅਨੁਵਾਦ ਨੂੰ ਸਿੱਖ-ਜਗਤ ਵਲੋਂ ਕੋਈ ਪ੍ਰਵਾਨਗੀ ਨ ਮਿਲੀ। ਇਸ ਦੀ ਗ਼ਲਤ ਬਿਆਨਬਾਜ਼ੀ ਦੀ ਤਲਾਫ਼ੀ ਮੈਕਾਲਿਫ਼ ਨੇ ਆਪਣੀ ਰਚਨਾ ‘ਦਾ ਸਿੱਖ ਰਿਲੀਜਨ...’ ਲਿਖ ਕੇ ਕੀਤੀ ਦਸੀ ਜਾਂਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.