ਥੋਰੋ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਥੋਰੋ (1817–1862): ਹੈਨਰੀ ਡੈਵਿਡ ਥੋਰੋ (Henry David Thoreau) ਨਵੇਕਲੇ ਵਿਚਾਰਾਂ ਵਾਲਾ ਇੱਕ ਅਮਰੀਕਨ ਲੇਖਕ ਸੀ ਜਿਸ ਨੇ ਅਮਰੀਕੀ ਨਿਬੰਧਕਾਰ ਐਮਰਸਨ ਤੋਂ ਮਗਰੋਂ ਉੱਚੀ ਸੂਝ ਦੇਣ ਦੀਆਂ ਗੱਲਾਂ ਕੀਤੀਆਂ ਹਨ। ਥੋਰੋ ਮੁੱਖ ਤੌਰ ਤੇ ਆਪਣੀ ਪੁਸਤਕ ਵਾਲਡਨ ਕਰ ਕੇ ਜਾਣਿਆ ਜਾਂਦਾ ਹੈ ਅਤੇ ਇਸ ਪੁਸਤਕ ਨੂੰ ਵਿਸ਼ਵ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਹੋਈ ਹੈ। ਆਪਣੇ ਵਿਚਾਰਾਂ ਵਾਲਾ ਥੋਰੋ ਇਕੱਲਾ ਸੀ ਪਰ ਉਸ ਦੇ ਇਕੱਲੇ ਹੋਣ ਕਾਰਨ ਹੀ ਉਸ ਦੀ ਮਹਿਮਾ ਅਤੇ ਪ੍ਰਸੰਸਾ ਹੋਈ ਹੈ। ਭਾਵੇਂ ਥੋਰੋ ਨੂੰ ਆਪਣੇ ਸਮੇਂ ਵਿੱਚ ਅਣਗੋਲਿਆ ਹੀ ਵਿਚਰਨਾ ਪਿਆ ਪਰ ਸਮੇਂ ਦੇ ਬੀਤਣ ਨਾਲ ਵਿਸ਼ਵ ਨੇ ਉਸ ਦੇ ਵਿਚਾਰਾਂ ਵੱਲ ਧਿਆਨ ਦਿੱਤਾ ਹੈ ਅਤੇ ਉਸ ਦਾ ਜੀਵਨ-ਫ਼ਲਸਫ਼ਾ ਵਿਸ਼ਵ ਦੇ ਚਿੰਤਕਾਂ ਅਤੇ ਕਾਰਜ- ਕਰਤਾਵਾਂ ਨੂੰ ਬੜੀ ਨੇੜਿਓਂ ਪ੍ਰਭਾਵਿਤ ਕਰਦਾ ਰਿਹਾ ਹੈ। ਥੋਰੋ ਉਹਨਾਂ ਲੋਕਾਂ ਦੀ ਆਲੋਚਨਾ ਕਰਦਾ ਹੈ ਜਿਹੜੇ ਕੇਵਲ ਧਨ ਅਤੇ ਪਦਾਰਥਾਂ ਵਾਸਤੇ ਆਪਣਾ ਸਾਰਾ ਜੀਵਨ ਵਿਅਰਥ ਗੁਆ ਦਿੰਦੇ ਹਨ। ਥੋਰੋ ਦੀ ਸਿਫ਼ਤ ਇਹ ਹੈ ਕਿ ਉਸ ਨੇ ਨਵੇਂ ਵਿਚਾਰ ਦਿੱਤੇ ਹਨ ਅਤੇ ਆਪਣੇ ਵਿਚਾਰਾਂ ਤੇ ਉਹ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਜਾਣਦਾ ਹੈ। ਥੋਰੋ ਵੱਲੋਂ ਅਨਿਆਇ ਪੂਰਨ ਸਰਕਾਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਨ ਵਾਲਾ ਫ਼ਲਸਫ਼ਾ ਉਸ ਦੇ ਆਪਣੇ ਦੇਸ਼ ਵਿੱਚ ਭਾਵੇਂ ਕੋਈ ਪ੍ਰਭਾਵ ਨਾ ਪਾ ਸਕਿਆ ਪਰ ਇਸ ਫ਼ਲਸਫ਼ੇ ਦਾ ਮਹਾਤਮਾ ਗਾਂਧੀ ਉੱਤੇ ਬੜਾ ਪ੍ਰਭਾਵ ਪਿਆ ਅਤੇ ਗਾਂਧੀ ਨੇ ਇਸ ਫ਼ਲਸਫ਼ੇ ਨੂੰ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਖ਼ੂਬ ਵਰਤਿਆ ਅਤੇ ਉਹਨਾਂ ਤੋਂ ਮਗਰੋਂ ਅਨੇਕਾਂ ਚਿੰਤਕਾਂ ਨੇ ਥੋਰੋ ਦੇ ਫ਼ਲਸਫ਼ੇ ਦੀ ਸਫਲਤਾ ਸਹਿਤ ਵਰਤੋਂ ਕੀਤੀ ਹੈ। ਥੋਰੋ ਇੱਕ ਨਿਪੁੰਨ ਸਾਹਿਤਕ ਸ਼ਿਲਪਕਾਰ ਸੀ ਅਤੇ ਪ੍ਰਕਿਰਤੀ ਬਾਰੇ ਲਿਖਣ ਵਾਲੇ ਅਮਰੀਕਨ ਲੇਖਕਾਂ ਵਿੱਚ ਉਸ ਦਾ ਸਥਾਨ ਬੜਾ ਉੱਚਾ ਹੈ।

     ਥੋਰੋ ਦਾ ਜਨਮ, ਅਮਰੀਕਾ ਵਿੱਚ, ਕੋਨਕੋਰਡ ਵਿੱਚ, 12 ਜੁਲਾਈ 1817 ਨੂੰ ਹੋਇਆ ਅਤੇ ਉਸ ਨੇ ਆਪਣਾ ਲਗਪਗ ਸਾਰਾ ਜੀਵਨ ਆਪਣੀ ਜਨਮ-ਭੂਮੀ ਦੇ ਨੇੜੇ ਹੀ ਗੁਜ਼ਾਰਿਆ। ਇਹੀ ਉਸ ਦਾ ਘਰ ਸੀ, ਇਹੀ ਉਸ ਦਾ ਸੰਸਾਰ ਸੀ। ਥੋਰੋ ਦੇ ਮਾਪੇ ਖ਼ਾਨਦਾਨੀ ਗ਼ਰੀਬ ਸਨ। ਥੋਰੋ ਨੇ ਕੋਨਕੋਰਡ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ। ਭਾਵੇਂ ਉਹ ਬਹੁਤ ਅਧਿਕ ਲਾਇਕ ਨਹੀਂ ਸੀ ਪਰ ਆਪਣੀ ਮਿਹਨਤ ਸਦਕਾ ਉਹ 1833 ਵਿੱਚ ਹਾਰਵਰਡ ਯੂਨੀ- ਵਰਸਿਟੀ ਵਿੱਚ ਦਾਖ਼ਲ ਹੋਇਆ ਜਿੱਥੇ ਉਸ ਨੇ ਮੌਲਿਕ ਅਤੇ ਨਵੇਕਲਾ ਹੋਣ ਦੀ ਆਪਣੀ ਸਾਖ ਉਸਾਰੀ। ਉਹ ਆਪਣੇ ਸਹਿਪਾਠੀਆਂ ਦਾ ਮਿੱਤਰ ਸੀ ਪਰ ਉਹਨਾਂ ਦੇ ਵਿਚਾਰਾਂ ਨਾਲ ਉਸ ਦੀ ਕੋਈ ਸਹਿਮਤੀ ਨਹੀਂ ਸੀ। 1837 ਵਿੱਚ ਪੜ੍ਹਾਈ ਮੁਕਾਉਣ ਉਪਰੰਤ ਜੀਵਨ-ਨਿਰਬਾਹ ਦੀ ਸਮੱਸਿਆ ਉਪਜੀ ਤਾਂ ਥੋਰੋ ਨੇ ਕੁਝ ਚਿਰ ਵਿਭਿੰਨ ਸਕੂਲਾਂ ਵਿੱਚ ਪੜ੍ਹਾਇਆ ਅਤੇ ਨਾਲ-ਨਾਲ ਲਿਖਣ ਦਾ ਕਾਰਜ ਵੀ ਕੀਤਾ। ਉਸ ਨੇ ਇੱਕ ਰਸਾਲਾ ਵੀ ਚਲਾਇਆ। ਉਹ ਕਵੀ ਬਣਨਾ ਚਾਹੁੰਦਾ ਸੀ ਅਤੇ ਉਹ ਕਵੀ ਬਣਿਆ ਵੀ ਪਰ ਅਮਰੀਕਾ ਆਪਣੇ ਕਵੀਆਂ ਨੂੰ ਗ਼ਰੀਬੀ ਹੀ ਦਿੰਦਾ ਰਿਹਾ ਹੈ। ਇਸ ਗੱਲ ਦੇ ਬਾਵਜੂਦ ਥੋਰੋ ਨੇ ਕੀਤਾ ਉਹੀ ਜੋ ਉਹ ਕਰਨਾ ਚਾਹੁੰਦਾ ਸੀ ਅਤੇ ਕਿਵੇਂ ਨਾ ਕਿਵੇਂ ਉਹ ਜਿਊਂਣ ਦਾ ਆਹਰ ਵੀ ਕਰਦਾ ਰਿਹਾ। ਉਹ ਇੱਕ ਕਵੀ ਵਾਂਗ ਜਿਊਂਣਾ ਚਾਹੁੰਦਾ ਸੀ ਅਤੇ ਕਵਿਤਾ ਰਚਣੀ ਚਾਹੁੰਦਾ ਸੀ। ਉਸ ਨੂੰ ਪ੍ਰਕਿਰਤੀ ਨਾਲ ਅਥਾਹ ਪਿਆਰ ਸੀ। ਘਰਾਂ ਦੀਆਂ ਕੰਧਾਂ ਅੰਦਰ ਉਸ ਦਾ ਸਾਹ ਘੁਟਦਾ ਸੀ। ਕੋਨਕੋਰਡ ਦੇ ਪ੍ਰਕਿਰਤਿਕ ਨਜ਼ਾਰੇ, ਵਿਸ਼ਾਲ ਜੰਗਲ, ਦਰਿਆ ਅਤੇ ਚਰਾਗਾਹਾਂ ਉਸ ਨੂੰ ਨਸ਼ਿਆ ਦਿੰਦੀਆਂ ਸਨ। ਉਹ ਦਿਨ-ਰਾਤ ਇਹਨਾਂ ਖੁੱਲ੍ਹੀਆਂ ਥਾਂਵਾਂ ਤੇ ਮਸਤ ਹੋਇਆ ਘੁੰਮਦਾ ਰਹਿੰਦਾ ਅਤੇ ਕੁਦਰਤ ਨੂੰ ਵੇਖਦਾ, ਸੁਣਦਾ, ਸੁੰਘਦਾ। ਉਹ ਆਪਣੇ-ਆਪ ਨੂੰ ‘ਹਨੇਰੀਆਂ ਅਤੇ ਤੂਫ਼ਾਨਾਂ ਦਾ ਇੰਸਪੈਕਟਰ` ਕਿਹਾ ਕਰਦਾ ਸੀ।

     ਜਦੋਂ ਲੋਕ ਬਾਰ੍ਹਾਂ-ਬਾਰ੍ਹਾਂ ਘੰਟੇ ਕੰਮ ਕਰਦੇ ਸਨ, ਓਦੋਂ ਥੋਰੋ ਮਸਤ-ਫ਼ਕੀਰ ਵਾਂਗ ਘੁੰਮਦਾ ਸੀ। ਲੋਕ ਉਸ ਬਾਰੇ ਕਹਾਣੀਆਂ ਘੜਨ ਲੱਗ ਪਏ ਪਰ ਥੋਰੋ ਨੂੰ ਉਹਨਾਂ ਦੀ ਪ੍ਰਵਾਹ ਨਹੀਂ ਸੀ ਕਿ ਲੋਕ ਉਸ ਬਾਰੇ ਕੀ ਕਹਿੰਦੇ ਹਨ। ਉਹ ਨਿੱਕੇ-ਮੋਟੇ ਕੰਮ ਵੀ ਕਰਦਾ ਰਿਹਾ। ਭਾਵੇਂ ਕਈ ਵਾਰੀ ਉਹ ਆਪਣੇ ਪਿਤਾ ਵੱਲੋਂ ਪੈਨਸਿਲਾਂ ਬਣਾਉਣ ਦੇ ਕੰਮ ਵਿੱਚ ਮਦਦ ਵੀ ਕਰਦਾ ਪਰ ਉਸ ਨੇ ਕਦੇ ਵੀ ਇਤਨੇ ਪੈਸੇ ਨਾ ਕਮਾਏ ਕਿ ਕੋਈ ਉਸ ਨੂੰ ਅਮੀਰ ਕਹਿ ਸਕੇ।

     ਥੋਰੋ ਦੀਆਂ ਹਰਕਤਾਂ ਅਤੇ ਕਾਰਜਾਂ ਨੂੰ ਉਸ ਨਾਲੋਂ ਵੱਡੀ ਉਮਰ ਦਾ ਉਸ ਦਾ ਗੁਆਂਢੀ ਦਿਲਚਸਪੀ ਨਾਲ ਵੇਖਦਾ-ਪਰਖਦਾ ਸੀ। ਇਹ ਗੁਆਂਢੀ ਅਮਰੀਕਾ ਦਾ ਪ੍ਰਸਿੱਧ ਲੇਖਕ ਗਲਫ ਵਾਲਡੋ ਐਮਰਸਨ ਸੀ। ਐਮਰਸਨ ਨੇ ਥੋਰੋ ਦੀ ਪੂਰੀ ਵਾਹ ਲਾ ਕੇ ਮਦਦ ਕੀਤੀ। 1841 ਵਿੱਚ ਐਮਰਸਨ ਨੇ ਉਸ ਨੂੰ ਰਹਿਣ ਲਈ ਆਪਣਾ ਘਰ ਪੇਸ਼ ਕੀਤਾ। 1843 ਵਿੱਚ ਐਮਰਸਨ ਨੇ ਥੋਰੋ ਨੂੰ ਇੱਕ ਅਧਿਆਪਕ ਵਜੋਂ ਕੰਮ ਵੀ ਲੱਭ ਕੇ ਦਿੱਤਾ ਜਿਹੜਾ ਨਿਊਯਾਰਕ ਦੇ ਨੇੜੇ ਸੀ ਤਾਂ ਜੁ ਥੋਰੋ ਨਿਊਯਾਰਕ ਦੇ ਸਾਹਿਤਿਕ ਹਲਕਿਆਂ ਵਿੱਚ ਵਿਚਰ ਸਕੇ ਪਰ ਥੋਰੋ ਬਹੁਤੇ ਮੇਲ-ਮਿਲਾਪ ਨੂੰ ਆਪਣੇ ਜੀਵਨ ਵਿੱਚ ਇੱਕ ਵਿਘਨ ਸਮਝਦਾ ਸੀ। 1847 ਵਿੱਚ ਐਮਰਸਨ ਨੇ ਥੋਰੋ ਨੂੰ ਮੁੜ ਆਪਣੇ ਘਰ ਆ ਕੇ ਰਹਿਣ ਲਈ ਸਦਾ ਭੇਜਿਆ।

     ਬਹੁਤਾ ਸਮਾਂ ਥੋਰੋ ਆਪਣੇ ਇੱਕ ਛੋਟੇ ਜਿਹੇ ਕਮਰੇ ਵਿੱਚ ਹੀ ਰਿਹਾ, ਉਸ ਨੇ ਕਦੇ ਵਿਆਹ ਨਾ ਕੀਤਾ ਅਤੇ ਇਸ ਲਈ ਉਸ ਦੀਆਂ ਲੋੜਾਂ ਬੜੀਆਂ ਥੋੜ੍ਹੀਆਂ ਸਨ। ਇੱਕ ਵਾਰੀ ਉਹ ਕੋਨਕੋਰਡ ਦੇ ਬਾਹਰਵਾਰ ਐਮਰਸਨ ਦੀ ਜ਼ਮੀਨ ਉੱਤੇ ਇੱਕ ਵੱਡੇ ਤਲਾਅ ਦੇ ਕੋਲ ਇੱਕ ਝੁੱਗੀ ਪਾ ਕੇ 1845-46 ਵਿੱਚ ਰਿਹਾ ਅਤੇ ਇੱਥੇ ਹੀ ਉਸ ਨੇ ਵਾਲਡਨ ਨਾਂ ਦੀ ਪੁਸਤਕ ਲਿਖੀ। ਥੋਰੋ ਦੇ ਦੋ ਕੰਮ ਸਨ: ਘੁੰਮਣਾ-ਫਿਰਨਾ ਅਤੇ ਲਿਖਣਾ। ਉਸ ਨੇ ਕਵਿਤਾ ਨੂੰ ਵਧੇਰੇ ਬੰਧਨਾਂ ਵਾਲਾ ਸਾਹਿਤ-ਰੂਪ ਮਹਿਸੂਸ ਕੀਤਾ ਸੋ ਉੁਸ ਨੇ ਵਾਰਤਕ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਯੋਗ ਮਾਧਿਅਮ ਵਜੋਂ ਅਪਣਾ ਲਿਆ। ਉਸ ਨੇ ਐਮਰਸਨ ਵੱਲੋਂ ਚਲਾਏ ਜਾ ਰਹੇ ਮੈਗਜ਼ੀਨ ਡਾਇਲ ਵਾਸਤੇ ਕੁਝ ਦਾਰਸ਼ਨਿਕ ਲੇਖ ਵੀ ਲਿਖੇ। ਥੋਰੋ ਦੇ ਇਹਨਾਂ ਦਿਨਾਂ ਵਿੱਚ ਲਿਖੇ ਲੇਖਾਂ ਵਿੱਚ ਜਿਹੜਾ ਲੇਖ ਅੱਜ ਵੀ ਪ੍ਰਸਿੱਧ ਹੈ ਉਹ ਹੈ ‘ਸਿਵਲ ਨਾ-ਫ਼ਰਮਾਨੀ` ਜਿਸ ਵਿੱਚ ਥੋਰੋ ਨੇ ਅਮਰੀਕਾ ਵੱਲੋਂ ਮੈਕਸੀਕੋ ਉੱਤੇ ਕੀਤੇ ਹਮਲੇ ਦੌਰਾਨ ਲੋਕਾਂ ਨੂੰ ਟੈਕਸ ਅਦਾ ਕਰਨ ਤੋਂ ਇਨਕਾਰ ਕਰਨ ਲਈ ਕਿਹਾ ਸੀ। ਥੋਰੋ ਨੇ ਕਿਹਾ ਕਿ ਆਤਮਾ ਹੀ ਮਨੁੱਖ ਦੀ ਮਾਰਗ-ਦਰਸ਼ਕ ਹੈ। ਜੇਕਰ ਮਨੁੱਖ ਵਿੱਚ ਸਿੱਟੇ ਭੁਗਤਣ ਦੀ ਹਿੰਮਤ ਹੋਵੇ ਤਾਂ ਉਸ ਨੂੰ ਆਪਣੀ ਆਤਮਾ ਦੀ ਅਵਾਜ਼ ਸੁਣ ਕੇ ਅਨਿਆ ਪੂਰਨ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ।

     ਥੋਰੋ ਨੇ ਮੁੱਖ ਤੌਰ ਤੇ ਪ੍ਰਕਿਰਤੀ ਸੰਬੰਧੀ ਨਿਬੰਧ ਲਿਖੇ ਹਨ। ਆਪਣੇ ਨਿਬੰਧਾਂ ਵਿੱਚ ਥੋਰੋ ਨੇ ਪ੍ਰਕਿਰਤੀ ਦੇ ਵਿਸਮਾਦੀ ਪ੍ਰਭਾਵਾਂ ਦੇ ਜਾਦੂ ਦੀਆਂ ਗੱਲਾਂ ਕੀਤੀਆਂ ਹਨ। ਥੋਰੋ ਨੇ ਤਿੰਨ ਸੰਖੇਪ ਸਫ਼ਰਨਾਮੇ ਵੀ ਲਿਖੇ। ਉਸ ਦੀਆਂ ਰਚਨਾਵਾਂ ਆਮ ਕਰ ਕੇ ਪਹਿਲਾਂ ਰਸਾਲਿਆਂ ਵਿੱਚ ਛਪਦੀਆਂ ਰਹੀਆਂ ਹਨ। ਉਸ ਦੇ ਸਫ਼ਰਨਾਮੇ ਉਸ ਦੇ ਮਰਨ-ਉਪਰੰਤ ਦਾ ਮੇਨ ਵੁੱਡਸ, ਕੇਪਕੋਡ ਅਤੇ ਏ ਯੈਂਕੀ ਇਨ ਕੈਨੇਡਾ ਸਨ।

     ਥੋਰੋ ਦੀਆਂ ਦੋ ਪੁਸਤਕਾਂ ਅਜਿਹੀਆਂ ਹਨ ਜਿਨ੍ਹਾਂ ਦੀ ਵਿਧਾ ਸੰਬੰਧੀ ਸਪਸ਼ਟ ਨਿਰਣਾ ਨਹੀਂ ਲਿਆ ਜਾ ਸਕਦਾ। ਇਹ ਪੁਸਤਕਾਂ ਹਨ ਏ ਵੀਕ ਓਨ ਦੀ ਕੋਨਕੋਰਡ ਐਂਡ ਮੈਰੀਮੈਕ ਰਿਵਜ਼ (1849) ਅਤੇ ਵਾਲਡਨ (1854)। ਲੋਕਾਂ ਦਾ ਕੁਝ ਧਿਆਨ ਉਸ ਦੀ ਪੁਸਤਕ ਵਾਲਡਨ ਵੱਲ ਹੀ ਗਿਆ। ਹੁਣ ਇਹ ਪੁਸਤਕ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ ਅਤੇ ਪੜ੍ਹੀ ਜਾਂਦੀ ਹੈ। ਭਾਵੇਂ ਇਸ ਵਿੱਚ ਉਸ ਨੇ ਵਾਲਡਨ ਦੇ ਸਥਾਨ ਤੇ ਆਪਣੇ ਜੀਵਨ ਅਨੁਭਵ ਲਿਖੇ ਹਨ ਪਰ ਇਹ ਪੁਸਤਕ ਹੋਰ ਬਹੁਤ ਕੁਝ ਵੀ ਹੈ। ਇਹ ਪੁਸਤਕ ਦੱਸਦੀ ਹੈ ਕਿ ਘੱਟ ਤੋਂ ਘੱਟ ਵਸੀਲਿਆਂ ਨਾਲ ਵੱਧ ਤੋਂ ਵੱਧ ਪ੍ਰਸੰਨ ਜੀਵਨ ਕਿਵੇਂ ਜੀਵਿਆ ਜਾਵੇ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਅਕਾਊ ਅਤੇ ਥਕਾਊ ਅਤੇ ਬੋਝਲ ਕੰਮ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਹ ਪੁਸਤਕ ਥੋਰੋ ਦੀ ਦਾਰਸ਼ਨਿਕ ਅਤੇ ਅਧਿਆਤਮਿਕ ਸ੍ਵੈਜੀਵਨੀ ਹੈ। ਇਸ ਵਿੱਚ ਥੋਰੋ ਨੇ ਦੱਸਿਆ ਹੈ ਕਿ ਮੈਂ ਓਵੇਂ ਜੀਵਨ ਜੀਵਿਆ ਹੈ, ਜਿਵੇਂ ਮੈਂ ਚਾਹਿਆ ਹੈ। ਮੁਢਲੇ ਐਡੀਸ਼ਨ ਦੇ ਟਾਈਟਲ ਤੇ ਥੋਰੋ ਨੇ ‘ਕੁੱਕੜ` ਦੀ ਤਸਵੀਰ ਛਾਪੀ ਸੀ।

     ਵਾਲਡਨ ਨਾਲ ਥੋਰੋ ਸਮਾਜਿਕ ਜੀਵਨ ਵਿੱਚ ਭਾਗ ਲੈਣ ਲੱਗ ਪਿਆ ਅਤੇ ਉਸ ਨੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਲਿਖਣਾ ਅਰੰਭ ਕੀਤਾ। ਉਸ ਨੇ ਗ਼ੁਲਾਮੀ ਖ਼ਤਮ ਕਰਨ ਵਾਲੇ ਸੰਗਰਾਮ ਵਿੱਚ ਵੀ ਭਾਗ ਲਿਆ। ਥੋਰੋ ਆਪਣਾ ਢੋਲ ਆਪ ਵਜਾਉਂਦਾ ਸੀ। ਉਸ ਨੇ ਅਮਰੀਕਨਾਂ ਨੂੰ ਕਿਹਾ ਕਿ ਗ਼ੁਲਾਮਾਂ ਨੂੰ ਅਜ਼ਾਦ ਕਰਨ ਤੋਂ ਪਹਿਲਾਂ ਆਪ ਅਜ਼ਾਦ ਹੋਵੋ। ਥੋਰੋ ਆਪਣੇ ਨਵੇਕਲੇ ਵਿਅਕਤੀਗਤ ਦਾਰਸ਼ਨਿਕ ਵਿਚਾਰਾਂ ਕਰ ਕੇ ਸਤਿਕਾਰਿਆ ਗਿਆ। ਉਸ ਨੇ ਵਿਹਾਰ ਦੇ ਉੱਚੇ ਨੇਮ ਸਥਾਪਿਤ ਕੀਤੇ ਅਤੇ ਆਪ ਉਹਨਾਂ ਨੇਮਾਂ ਅਨੁਸਾਰ ਜੀਵਿਆ। ਉਮਰ ਦੇ ਵੱਧਣ ਨਾਲ ਉਹ ਵਧੇਰੇ ਸਮਾਂ ਬਿਮਾਰ ਰਹਿਣ ਲੱਗ ਪਿਆ। 1861 ਤੋਂ ਮਗਰੋਂ ਉਹ ਆਪਣੇ ਘਰੋਂ ਕਿਧਰੇ ਨਾ ਗਿਆ ਅਤੇ 6 ਮਈ 1862 ਨੂੰ ਥੋਰੋ ਤਪਦਿਕ ਨਾਲ ਸੁਰਗਵਾਸ ਹੋ ਗਿਆ। ਉਸ ਦੀ ਮੌਤ ਉੱਤੇ ਅਫ਼ਸੋਸ ਕਰਨ ਆਏ ਇੱਕ ਵਿਅਕਤੀ ਨੇ ਕਿਹਾ, ‘ਕਿਸੇ ਨੂੰ ਵੀ ਮੈਂ ਇਤਨਾ ਪ੍ਰਸੰਨ-ਚਿਤ ਅਤੇ ਸ਼ਾਂਤ ਢੰਗ ਨਾਲ ਮਰਦਿਆਂ ਨਹੀਂ ਵੇਖਿਆ।` ਉਸ ਦੀ ਮੌਤ ਉੱਤੇ ਪ੍ਰਸਿੱਧ ਅਮਰੀਕਨ ਲੇਖਕ ਐਮਰਸਨ ਨੇ ਕਿਹਾ, ਉਸ ਦੀ ਆਤਮਾ ਉੱਚੇ ਬ੍ਰਹਿਮੰਡਾਂ ਨਾਲ ਇੱਕ-ਸੁਰ ਸੀ।


ਲੇਖਕ : ਨਰਿੰਦਰ ਸਿੰਘ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.