ਦਬਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਦਬਾ: ਦਬਾ ਦਾ ਸਬੰਧ ਉਚਾਰਨੀ ਧੁਨੀ ਵਿਗਿਆਨ ਨਾਲ ਹੈ। ਉਚਾਰਨੀ ਧੁਨੀ ਵਿਗਿਆਨ ਦੀਆਂ ਧੁਨੀਆਂ ਦੇ ਵਿਚਰਨ ਅਨੁਸਾਰ ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਖੰਡੀ ਧੁਨੀਆਂ ਅਤੇ (ii) ਅਖੰਡੀ ਧੁਨੀਆਂ। ਖੰਡੀ ਧੁਨੀਆਂ ਦੇ ਘੇਰੇ ਵਿਚ ਸਵਰ ਅਤੇ ਵਿਅੰਜਨ ਧੁਨੀਆਂ ਨੂੰ ਰੱਖਿਆ ਜਾਂਦਾ ਹੈ ਪਰੰਤੂ ਅਖੰਡੀ ਧੁਨੀਆਂ ਵਿਚ ਸੁਰ, ਪਿੱਚ, ਦਬਾ, ਨਾਸਿਕਤਾ ਆਦਿ ਨੂੰ ਰੱਖਿਆ ਜਾਂਦਾ ਹੈ। ਫੇਫੜਿਆਂ ਵਿਚੋਂ ਬਾਹਰ ਨਿਕਲਦੀ ਹਵਾ ਦੇ ਦੋ ਧੁਨੀ ਵਿਗਿਆਨਕ ਪਹਿਲੂ ਹਨ। ਜਦੋਂ ਹਵਾ ਦਬਾ ਨਾਲ ਬਾਹਰ ਨਿਕਲੇ ਤਾਂ ਉਸ ਸਥਿਤੀ ਵਿਚ ਪੈਦਾ ਹੋਣ ਵਾਲੇ ਉਚਾਰ-ਖੰਡਾਂ ਨੂੰ ਦਬਾ ਸਹਿਤ ਕਿਹਾ ਜਾਂਦਾ ਹੈ ਪਰ ਜਦੋਂ ਹਵਾ ਦਬਾ ਤੋਂ ਰਹਿਤ ਹੋਵੇ ਤਾਂ ਉਸ ਸਥਿਤੀ ਨੂੰ ਦਬਾ ਰਹਿਤ ਕਿਹਾ ਜਾਂਦਾ ਹੈ। ਦਬਾ ਦਾ ਉਚਾਰਨ ਉਚਾਰ-ਖੰਡ ਤੇ ਹੁੰਦਾ ਹੈ ਜਦੋਂ ਕਿਸੇ ਉਚਾਰ-ਖੰਡ ਨੂੰ ਪਹਿਲ ਜਾਂ ਪਰਧਾਨਤਾ Prominence ਦਿੱਤੀ ਜਾਂਦੀ ਹੈ ਤਾਂ ਉਸ ਨੂੰ ਦਬਾ ਸਹਿਤ ਉਚਾਰ-ਖੰਡ ਕਿਹਾ ਜਾਂਦਾ ਹੈ। ਪਰਧਾਨਤਾ ਦੀਆਂ ਤਿੰਨ ਸਥਿਤੀਆਂ ਹਨ : ਬਹੁਤ ਉਚਾ, ਉਚਾ ਅਤੇ ਘੱਟ ਉਚਾ। ਦਬਾ ਨੂੰ ਲਿਪੀ ਵਿਚ ਅੰਕਤ ਕਰਨ ਲਈ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : ਉਚਾ (‘) ਅਤੇ ਨੀਵਾਂ (,) ਪੰਜਾਬੀ ਵਿਚ ਦਬਾ ਅਤੇ ਸੁਰ ਇਕੋ ਉਚਾਰ-ਖੰਡ ਤੇ ਆਉਂਦੇ ਹਨ ਦਬਾ ਹਮੇਸ਼ਾਂ ਪਹਿਲੇ ਜਾਂ ਦੂਜੇ ਉਚਾਰ-ਖੰਡ ਤੇ ਆਉਂਦਾ ਹੈ ਦੂਜੇ ਉਚਾਰ-ਖੰਡ ਤੇ ਦਬਾ ਉਸ ਸਥਿਤੀ ਵਿਚ ਆਉਂਦਾ ਹੈ, ਜਦੋਂ ਪਹਿਲੇ ਉਚਾਰ-ਖੰਡ ਵਿਚ ਅੰਦਰਲੇ ਗੁੱਟ ਦੇ ਸਵਰਾਂ (ਇ, ਅ, ਉ) ਵਿਚੋਂ ਕੋਈ ਇਕ ਹੋਵੇ ਪਰ ਜੇ ਪਹਿਲੇ ਉਚਾਰ-ਖੰਡ ਵਿਚ ਬਾਹਰਲੇ ਗੁੱਟ ਦੇ ਸਵਰਾਂ (ਈ, ਏ, ਆ, ਐ, ਔ, ਊ ਤੇ ਓ) ਵਿਚੋਂ ਕੋਈ ਇਕ ਆਉਂਦਾ ਹੋਵੇ ਤਾਂ ਦਬਾ ਪਹਿਲੇ ਉਚਾਰ-ਖੰਡ ’ਤੇ ਪੈਂਦਾ ਹੈ ਜਿਵੇਂ : ਭਾਬੀ (ਪ ਆ ਬ ਈ) ਵਿਚ (ਆ) ਸਵਰ ਆਉਂਦਾ ਹੈ ਇਸ ਲਈ ਦਬਾ ਵੀ ਇਸੇ ਉਪਰ ਆਉਂਦਾ ਹੈ ਪਰ ਝੁੱਕਾ (ਚ ਉ ਕ ਆ) ਵਿਚ ਦਬਾ ਦੂਜੇ ਉਚਾਰ-ਖੰਡ ’ਤੇ ਪੈਂਦਾ ਹੈ ਕਿਉਂਕਿ ਪਹਿਲੇ ਉਚਾਰ-ਖੰਡ ਵਿਚ ਲਘੂ ਸਵਰ (ਉ) ਵਿਚਰਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 4629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.