ਦੰਤ-ਕਥਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੰਤ-ਕਥਾ: ‘ਦੰਤ-ਕਥਾ` ਨੂੰ ‘ਦੰਦ-ਕਥਾ` ਵੀ ਕਹਿ ਦਿੱਤਾ ਜਾਂਦਾ ਹੈ।ਇਸ ਵਿੱਚ ਤੱਥ ਅਤੇ ਮਿੱਥ ਦਾ ਸੁਮੇਲ ਹੁੰਦਾ ਹੈ। ਲੋਕ ਕਹਾਣੀ ਦਾ ਇਹ ਰੂਪ ਅੰਗਰੇਜ਼ੀ ਦੇ ਸ਼ਬਦ ਲੇਜੈਂਡ (Legend) ਦਾ ਪਰਿਆਇਵਾਚੀ ਸ਼ਬਦ ਹੈ। ਕੁਝ ਵਿਦਵਾਨ ਇਸ ਨੂੰ ‘ਅਵਦਾਨ` ਵੀ ਆਖਦੇ ਹਨ। ਦੰਤ-ਕਥਾ ਤੋਂ ਭਾਵ ਉਹ ਇਤਿਹਾਸਿਕ- ਮਿਥਿਹਾਸਿਕ ਕਥਾ ਜਾਂ ਕਹਾਣੀ ਹੈ ਜੋ ਸਦੀਆਂ ਤੋਂ ਸੁਣੇ ਸੁਣਾਏ ਰੂਪ ਵਿੱਚ ਸੀਨਾ-ਬ-ਸੀਨਾ ਨਵੀਂ ਪੀੜ੍ਹੀ ਤੱਕ ਪੁੱਜਦੀ ਹੈ। ਇੱਕ ਦੂਜੇ ਦੇ ਮੂੰਹੋਂ ਸੁਣੀ ਇਹ ਕਥਾ ਹੌਲੀ-ਹੌਲੀ ਪਹਿਲਾਂ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਫਿਰ ਸਾਡੇ ਲੋਕ-ਸਾਹਿਤ ਦੀ ਪਰੰਪਰਾ ਦੇ ਇੱਕ ਅੰਗ ਵਜੋਂ ਸਮਾਜ ਵਿੱਚ ਵਿਚਰਦੀ ਰਹਿੰਦੀ ਹੈ।

     ਇਸ ਵੰਨਗੀ ਦਾ ਮੁੱਖ ਸੰਬੰਧ ਪੂਰਵ ਇਤਿਹਾਸਿਕ ਕਾਲ ਵਿੱਚ ਕਿਸੇ ਦੇਵੀ-ਦੇਵਤੇ ਜਾਂ ਕਿਸੇ ਹੋਰ ਪੂਜਨੀਕ ਅਤੇ ਧਾਰਮਿਕ ਸ਼ਖ਼ਸੀਅਤ ਨਾਲ ਵਾਪਰੀ ਕਿਸੇ ਘਟਨਾ ਨਾਲ ਹੁੰਦਾ ਹੈ। ਇਹ ਝੂਠੇ ਜਾਂ ਮਿਥਿਹਾਸਿਕ ਪਾਤਰਾਂ ਨਾਲ ਵੀ ਸੰਬੰਧਿਤ ਹੋ ਸਕਦੀ ਹੈ। ਕਈ ਵਾਰ ਦੰਤ-ਕਥਾ ਦੇ ਪਾਤਰ ਪਹਿਲਾਂ ਸਧਾਰਨ ਵਿਅਕਤੀ ਹੁੰਦੇ ਹਨ। ਫਿਰ ਲੋਕ ਹਿਤੂ ਕਾਰਜ ਕਰ ਕੇ ਉੱਚੇ-ਸੁੱਚੇ ਆਦਰਸ਼ਾਂ ਵਾਲੇ ਵਿਸ਼ੇਸ਼ ਪਾਤਰ ਬਣ ਜਾਂਦੇ ਹਨ ਜਿਵੇਂ ਮਹਾਤਮਾ ਬੁੱਧ, ਗੁਰੂ ਨਾਨਕ ਦੇਵ ਆਦਿ। ਜਦੋਂ ਇਤਿਹਾਸਿਕ- ਮਿਥਿਹਾਸਿਕ ਪਾਤਰਾਂ ਨਾਲ ਵਾਪਰੀ ਇਹ ਘਟਨਾ ਜਾਂ ਰਵਾਇਤ ਕਿਸੇ ਇੱਕ ਵਿਅਕਤੀ ਦੇ ਮੂੰਹੋਂ ਦੂਜੇ ਵਿਅਕਤੀ ਕੋਲ, ਦੂਜੇ ਦੇ ਮੂੰਹੋਂ ਤੀਜੇ ਕੋਲ ਅਤੇ ਇਸੇ ਪ੍ਰਕਾਰ ਅੱਗੇ ਅੱਗੇ ਹੀ ਤੁਰਦੀ ਜਾਂਦੀ ਹੈ ਤਾਂ ਕਥਾ ਸੁਣਾਉਣ ਵਾਲਾ ਹਰ ਵਿਅਕਤੀ ਆਪੋ-ਆਪਣੇ ਢੰਗ ਨਾਲ ਉਸ ਘਟਨਾ ਨੂੰ ਹੋਰ ਰੋਚਕ ਬਣਾ ਕੇ ਦੱਸਣ ਦਾ ਪ੍ਰਯਤਨ ਕਰਦਾ ਹੈ। ਇਉਂ ਕਰਦਿਆਂ ਕਈ ਵਾਰ ਕਥਾ ਵਿੱਚ ਥੋੜ੍ਹਾ ਬਹੁਤ ਅੰਤਰ ਵੀ ਆ ਜਾਂਦਾ ਹੈ। ਜਿਸ ਵੀ ਧਰਮ ਦੇ ਦੇਵੀ- ਦੇਵਤੇ ਜਾਂ ਸ਼ਖ਼ਸੀਅਤ ਬਾਰੇ ਦੰਤ-ਕਥਾ ਸੁਣੀ-ਸੁਣਾਈ ਜਾਂਦੀ ਹੈ, ਉਸ ਬਾਰੇ ਕਿਸੇ ਖ਼ਾਸ ਜਾਤੀ ਜਾਂ ਧਰਮ ਦੇ ਲੋਕਾਂ ਵਿੱਚ ਵਧੇਰੇ ਸ਼ਰਧਾ ਭਾਵਨਾ ਵੀ ਪੈਦਾ ਹੋ ਜਾਂਦੀ ਹੈ। ਇਹ ਕਥਾ ਉਸ ਜਾਤੀ ਦੇ ਧਾਰਮਿਕ ਅਕੀਦਿਆਂ ਦਾ ਇੱਕ ਅਟੁੱਟ ਅੰਗ ਬਣ ਜਾਂਦੀ ਹੈ। ਇਸ ਵਿੱਚ ਕੇਂਦਰੀ ਚੂਲ ਤਾਂ ਇਤਿਹਾਸਿਕ ਘਟਨਾ ਹੀ ਹੁੰਦੀ ਹੈ ਪਰ ਇਸ ਦੇ ਨਾਲ ਹੀ ਜਦੋਂ ਇਸ ਵਿੱਚ ਕਲਪਨਾ ਅਤੇ ਪਰੰਪਰਾ ਦੇ ਅੰਸ਼ ਵੀ ਜੁੜਦੇ ਹਨ ਤਾਂ ਸਾਡਾ ਸਮਾਜ ਦੰਤ-ਕਥਾ ਵਿਚਲੇ ਸੱਚ ਨੂੰ ਸਵੀਕਾਰ ਕਰ ਲੈਂਦਾ ਹੈ। ਦੰਤ-ਕਥਾ ਸੁਣਾਉਣ ਵਾਲਾ ਵਿਅਕਤੀ ਵੀ ਕਥਾ ਦੇ ਨਾਇਕ ਨੂੰ ਪਰਾਭੌਤਿਕ ਸ਼ਕਤੀਆਂ ਦਾ ਮਾਲਕ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੰਤ-ਕਥਾ ਦਾ ਬੁਨਿਆਦੀ ਲੱਛਣ ਇਸ ਦਾ ਅਰਧ-ਇਤਿਹਾਸਿਕ ਹੋਣਾ ਹੈ। ਕੋਈ ਵੀ ਇਤਿਹਾਸਿਕ ਪਾਤਰ ਦੰਤ-ਕਥਾ ਦਾ ਨਾਇਕ ਬਣ ਸਕਦਾ ਹੈ। ਇਹਨਾਂ ਵਿੱਚ ਲੋਕ ਮਨ ਆਪਣੇ ਵੱਲੋਂ ਹੀ ਸਮਾਂ ਸਥਾਨ ਅਤੇ ਘਟਨਾ ਨੂੰ ਆਪਣੇ ਨਿੱਜੀ ਢੰਗ ਨਾਲ ਜਿਹੋ ਜਿਹੀ ਚਾਹੇ, ਰੰਗਤ ਦੇ ਲੈਂਦਾ ਹੈ। ਫਿਰ ਉਹੀ ਕਥਾ ਮਾਮੂਲੀ ਫੇਰ ਬਦਲ ਨਾਲ ਆਪਣਾ ਇੱਕ ਖ਼ਾਸ ਰੂਪ ਗ੍ਰਹਿਣ ਕਰ ਲੈਂਦੀ ਹੈ। ਇਹ ਲੋਕ-ਇਤਿਹਾਸ ਦਾ ਅੰਗ ਬਣ ਜਾਂਦੀ ਹੈ। ਦੰਤ-ਕਥਾ ਵਿੱਚ ਇਤਿਹਾਸ ਅਤੇ ਕਲਪਨਾ ਦੇ ਤੱਥ ਇਉ਼ਂ ਸ਼ਾਮਲ ਹੋ ਜਾਂਦੇ ਹਨ ਕਿ ਦੋਵਾਂ ਨੂੰ ਇੱਕ ਦੂਜੇ ਨਾਲੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਘਟਨਾ ਨਾਲ ਸੰਬੰਧਿਤ ਵੇਰਵੇ ਅਤੇ ਵਸਤੂਆਂ ਵੀ ਲੋਕਧਾਰਾ ਦਾ ਅੰਗ ਬਣ ਜਾਂਦੀਆਂ ਹਨ।

     ਦੰਤ-ਕਥਾ ‘ਰਵਾਇਤ` ਤੋਂ ਹੀ ਰੂਪ ਧਾਰਨ ਕਰਦੀ ਹੈ। ਇਹ ਰਵਾਇਤ ਧਾਰਮਿਕ ਵੀ ਹੋ ਸਕਦੀ ਹੈ ਅਤੇ ਸਮਾਜਿਕ ਜਾਂ ਵਿਹਾਰਿਕ ਵੀ। ਇਹ ਰਵਾਇਤ ਕਿਸੇ ਸਥਾਨਿਕ ਘਟਨਾ ਦਾ ਬਾਰ-ਬਾਰ ਜ਼ਿਕਰ ਕਰਨ ਵਿੱਚੋਂ ਵੀ ਪੈਦਾ ਹੁੰਦੀ ਹੈ। ਬਾਰ-ਬਾਰ ਜ਼ਿਕਰ ਕਰਦੇ ਰਹਿਣ ਕਾਰਨ ਇਹ ਰਵਾਇਤ ਦੰਤ-ਕਥਾ ਵਿੱਚ ਬਦਲ ਜਾਂਦੀ ਹੈ ਅਤੇ ਪ੍ਰਚਲਿਤ ਹੋਣ `ਤੇ ਆਮ ਲੋਕਾਂ ਨੂੰ ਸੱਚੀ ਮਹਿਸੂਸ ਹੋਣ ਲੱਗਦੀ ਹੈ। ਦੰਤ-ਕਥਾ ਦਾ ਰੂਪ ਲਚਕੀਲਾ ਹੁੰਦਾ ਹੈ। ਸੁਣਨ-ਸੁਣਾਉਣ ਸਮੇਂ ਇਸ ਦਾ ਆਕਾਰ ਘਟਦਾ- ਵਧਦਾ ਰਹਿੰਦਾ ਹੈ ਪਰ ਅਜਿਹਾ ਹੋਣ ਦੇ ਬਾਵਜੂਦ ਕੋਈ ਵੀ ਅਜਿਹੀ ਕਥਾ ਆਪਣੇ ਅਸਲ ਮਨੋਰਥ ਨੂੰ ਨਹੀਂ ਤਿਆਗਦੀ ਅਰਥਾਤ ਇਤਿਹਾਸਿਕ-ਧਾਰਮਿਕ ਨਾਇਕਾਂ ਦੇ ਕਾਰਜਾਂ ਤੋਂ ਸਿੱਖਿਆ ਲੈਣ ਲਈ ਪ੍ਰੇਰਨਾ ਦਿੰਦੀ ਰਹਿੰਦੀ ਹੈ।

     ਦੰਤ-ਕਥਾ ਦੇ ਅਰੰਭ ਹੋਣ ਬਾਰੇ ਭਾਵੇਂ ਇਤਿਹਾਸ ਚੁਪ ਹੈ ਪਰੰਤੂ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੀ ਸ਼ੁਰੂਆਤ ਪ੍ਰਾਚੀਨ ਕਾਲ ਵਿੱਚ ਓਦੋਂ ਹੀ ਹੋ ਗਈ ਸੀ। ਅਠਵੀਂ-ਨੌਂਵੀਂ ਸਦੀ ਦੇ ਨਾਥ-ਜੋਗੀਆਂ ਬਾਰੇ ਕਈ ਦੰਤ-ਕਥਾਵਾਂ ਪ੍ਰਚਲਿਤ ਹਨ ਜਿਵੇਂ ਗੋਰਖ ਨਾਥ, ਗਊ ਦੀਆਂ ਪਾਥੀਆਂ ਦੀ ਰਾਖ ਵਿੱਚੋਂ ਜਨਮਿਆ ਸੀ ਅਤੇ ਮਛੰਦਰ ਨਾਥ ਮੱਛਲੀ ਦੇ ਪੇਟ ਵਿੱਚੋਂ। ਇਸੇ ਤਰ੍ਹਾਂ ਭਰਥਰੀ ਹਰੀ ਨੂੰ ਜਦੋਂ ਆਪਣੀ ਘਰਵਾਲੀ ਦੀ ਬੇਵਫ਼ਾਈ ਦਾ ਪਤਾ ਲੱਗਾ ਤਾਂ ਉਹ ਬੜਾ ਨਿਰਾਸ਼ ਹੋਇਆ ਅਤੇ ਰਾਜ-ਪਾਟ ਤਿਆਗ ਕੇ ਜੰਗਲ ਵਿੱਚ ਚਲਾ ਗਿਆ ਪਰ ਉਸ ਅੰਦਰਲੇ ਲਾਲਚ ਦੀ ਲਾਲਸਾ ਅਜੇ ਮਰੀ ਨਹੀਂ ਸੀ। ਜੰਗਲ ਵਿੱਚ ਵਿਚਰਦੇ ਭਰਥਰੀ ਹਰੀ ਨੇ ਇੱਕ ਵਾਰੀ ਹਨੇਰੇ ਵਿੱਚ ਵੇਖਿਆ ਕਿ ਧਰਤੀ ਤੇ ਲਾਲ ਪਿਆ ਹੈ। ਉਹ ਜਦੋਂ ਇਕਦਮ ਝੁਕ ਕੇ ਚੁੱਕਣ ਲੱਗਾ ਤਾਂ ਇਹ ਵੇਖ ਕੇ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ ਕਿ ਉਹ ਲਾਲ ਨਹੀਂ ਸਗੋਂ ਕਿਸੇ ਵੱਲੋਂ ਸੁੱਟੀ ਪਾਨ ਦੀ ਪੀਕ ਸੀ। ਇਸੇ ਤਰ੍ਹਾਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਕਈ ਘਟਨਾਵਾਂ ਸ਼ਰਧਾ ਦੀ ਦ੍ਰਿਸ਼ਟੀ ਤੋਂ ਏਨਾ ਗੌਰਵ ਪ੍ਰਾਪਤ ਕਰ ਗਈਆਂ ਕਿ ਇਹਨਾਂ ਨੇ ਦੰਤ-ਕਥਾ ਦਾ ਦਰਜਾ ਹਾਸਲ ਕਰ ਲਿਆ। ਇਹਨਾਂ ਦੰਤ-ਕਥਾਵਾਂ ਵਿੱਚ ਚਮਤਕਾਰਾਂ ਦੀ ਭਰਮਾਰ ਹੈ ਪਰ ਇਹਨਾਂ ਦਾ ਮੁੱਖ ਆਸ਼ਾ ਮਨੁੱਖ ਨੂੰ ਜ਼ਿੰਦਗੀ ਦਾ ਰਹੱਸ ਸਮਝਾਉਣ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਕਰਨ ਦੀ ਪ੍ਰੇਰਨਾ ਦੇਣਾ ਹੈ।

     ਜੇ ਇੱਕ ਪਾਸੇ ਕੁਝ ਅਧਿਆਤਮਵਾਦੀ ਫ਼ਕੀਰਾਂ ਦੀਆਂ ਦੰਤ-ਕਥਾਵਾਂ ਪ੍ਰਚਲਿਤ ਹਨ ਤਾਂ ਦੂਜੇ ਪਾਸੇ ਸਲਵਾਨ ਅਤੇ ਦੁੱਲਾ ਭੱਟੀ ਵਰਗੇ ਰਾਜਿਆਂ-ਯੋਧਿਆਂ ਬਾਰੇ ਵੀ ਦੰਤ-ਕਥਾਵਾਂ ਮਿਲਦੀਆਂ ਹਨ। ਪਾਕਿਸਤਾਨੀ ਪੰਜਾਬ ਦੇ ਪੋਠੋਹਾਰੀ ਇਲਾਕੇ ਵਿੱਚ ਰਾਜਾ ਰਸਾਲੂ ਨਾਲ ਜੁੜੀ ਇੱਕ ਦੰਤ-ਕਥਾ ਵਿੱਚ ਹਰ ਰੋਜ਼ ਇੱਕ ਮਨੁੱਖੀ ਜੀਵ ਦੀ ਬਲੀ ਲੈਣ ਵਾਲੀ ਡੈਣ ਉਪਰ ਰਾਜਾ ਰਸਾਲੂ ਤਲਵਾਰ ਨਾਲ ਵਾਰ ਕਰਦਾ ਹੈ। ਡੈਣ ਆਪਣੇ ਮੰਤਰ ਨਾਲ ਛਾਈ- ਮਾਈ ਹੋ ਜਾਂਦੀ ਹੈ ਪਰੰਤੂ ਆਪਣੇ ਅਲੋਪ ਹੋਣ ਤੋਂ ਪਹਿਲਾਂ ਖ਼ੁਦ ਅਜਿਹਾ ਮੰਤਰ ਪੜ੍ਹਦੀ ਹੈ ਜਿਸ ਨਾਲ ਰਾਜਾ ਰਸਾਲੂ ਆਪਣੇ ਘੋੜੇ ਅਤੇ ਸਾਥੀਆਂ ਸਮੇਤ ਪੱਥਰ ਹੋ ਜਾਂਦਾ ਹੈ। ਧਾਰਮਿਕ-ਇਤਿਹਾਸਿਕ ਅਕੀਦੇ ਵਾਲੀਆਂ ਦੰਤ-ਕਥਾਵਾਂ ਵਿੱਚ ਜੱਟਾਂ ਦਾ ਸ਼ਿਵ ਜੀ ਦੀਆਂ ਜਟਾਂ ਵਿੱਚੋਂ ਪੈਦਾ ਹੋਣਾ, ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਦੁਖਭੰਜਨੀ ਬੇਰੀ ਹੇਠਾਂ ਕਾਲੇ ਕਾਂਵਾਂ ਦਾ ਨਹਾ ਕੇ ਹੰਸ ਬਣ-ਬਣ ਨਿਕਲਣਾ, ਬਾਬਾ ਦੀਪ ਸਿੰਘ ਵੱਲੋਂ ਆਪਣਾ ਕੱਟਿਆ ਸੀਸ ਤਲੀ ਉੱਤੇ ਧਰ ਕੇ ਵੈਰੀ ਦਲਾਂ ਦਾ ਮੁਕਾਬਲਾ ਕਰਨਾ, ਅਕਬਰ ਬੀਰਬਲ ਜਾਂ ਸ਼ੇਖ਼ ਚਿੱਲੀ ਨਾਲ ਸੰਬੰਧਿਤ ਬਹੁਤ ਸਾਰੀਆਂ ਦੰਤ-ਕਥਾਵਾਂ ਪੰਜਾਬੀ ਦੀ ਅਨਮੋਲ ਵਿਰਾਸਤ ਹਨ। ਪ੍ਰਸਿੱਧ ਵਿਅਕਤੀਆਂ ਦੇ ਨਾਲ-ਨਾਲ ਪ੍ਰਾਚੀਨ ਸ਼ਹਿਰਾਂ, ਢੋਕਾਂ, ਉਜੜੀਆਂ ਥੇਹਾਂ, ਪਿੱਪਲ-ਤੁਲਸੀ ਵਰਗੇ ਬਿਰਛ- ਬੂਟਿਆਂ, ਪਸ਼ੂਆਂ ਅਤੇ ਟੋਭਿਆਂ ਆਦਿ ਨਾਲ ਸੰਬੰਧਿਤ ਰੋਚਕ ਦੰਤ-ਕਥਾਵਾਂ ਵੀ ਮਿਲਦੀਆਂ ਹਨ।

     ਸਰ ਰਿਚਰਡ ਟੈਂਪਲ ਵੱਲੋਂ ਲਿਖੀ ਪੁਸਤਕ ਪੰਜਾਬ ਦੀਆਂ ਦੰਦ-ਕਥਾਵਾਂ (Legends of the Punjab) ਦੀ ਦੂਜੀ ਜਿਲਦ ਵਿੱਚ ਹੀਰ ਰਾਂਝੇ ਬਾਰੇ ਵੀ ਇੱਕ ਰੋਚਕ ਦੰਤ-ਕਥਾ ਪੇਸ਼ ਕੀਤੀ ਗਈ ਹੈ। ਉਸ ਅਨੁਸਾਰ ਰਾਂਝਾ ਅਜੇ ਵੀ ਜਿਊਂਦਾ ਹੈ ਜੋ ਮੱਕੇ ਜਾਂਦੇ ਇੱਕ ਹਾਜੀ ਨੂੰ ਮਿਲਿਆ ਸੀ। ਇਹ ਦੰਤ-ਕਥਾ ਵਰਤਮਾਨ ਪਾਕਿਸਤਾਨ ਦੇ ਡੇਰਾ ਗਾਜੀ ਖ਼ਾਂ ਇਲਾਕੇ ਵਿੱਚ ਅੱਜ ਵੀ ਪ੍ਰਚਲਿਤ ਹੈ। ਇਸ ਦੰਤ-ਕਥਾ ਤੋਂ ਇਹ ਸਿਧ ਹੁੰਦਾ ਹੈ ਕਿ ਪੰਜਾਬੀਆਂ ਦੇ ਲੋਕ ਮਨਾਂ ਉਪਰ ਅੱਜ ਵੀ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਦਾ ਡੂੰਘਾ ਅਸਰ ਹੈ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦੰਤ-ਕਥਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੰਤ-ਕਥਾ (ਨਾਂ,ਇ) ਵੇਖੋ : ਦੰਦ-ਕਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.