ਧੁਨੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਧੁਨੀ: ਧੁਨੀ ਨੂੰ ਅੰਗਰੇਜ਼ੀ ਵਿੱਚ Phone ਜਾਂ sound ਦਾ ਨਾਂ ਦਿੱਤਾ ਜਾਂਦਾ ਹੈ। ਜਦੋਂ ਦੋ ਵਸਤਾਂ ਇੱਕ-ਦੂਜੇ ਨਾਲ ਟਕਰਾਉਂਦੀਆਂ ਹਨ ਜਾਂ ਸਪਰਸ਼ ਕਰਦੀਆਂ ਹਨ ਤਾਂ ਉਹਨਾਂ ਵਿੱਚੋਂ ਅਵਾਜ਼ ਪੈਦਾ ਹੁੰਦੀ ਹੈ। ਇਹ ਅਵਾਜ਼ ਧੁਨੀ ਹੈ। ਸੋ ਧੁਨੀ ਦਾ ਪਹਿਲਾ ਮਹੱਤਵਪੂਰਨ ਪੱਖ ਅਵਾਜ਼, ਬੋਲਣ-ਸੁਣਨ ਉਚਾਰਨ ਨਾਲ ਸੰਬੰਧ ਰੱਖਦਾ ਹੈ। ਇਸ ਲਈ ਧੁਨੀ ਨੂੰ ਲਿਖਤੀ ਰੂਪ ਨਾਲੋਂ ਅਲੱਗ ਕਰ ਕੇ ਦੇਖਣਾ ਬਣਦਾ ਹੈ। ਭਾਵੇਂ ਪੰਜਾਬੀ ਭਾਸ਼ਾ ਵਿੱਚ phone ਅਤੇ sound ਲਈ ਧੁਨੀ ਸ਼ਬਦ ਵਰਤ ਲਿਆ ਜਾਂਦਾ ਹੈ। ਪਰ ਇਹਨਾਂ ਦੋਨਾਂ ਵਿੱਚ ਅੰਤਰ ਹੈ। Sound ਨਾਲੋਂ phone ਦੇ ਅਰਥ ਇਸ ਕਰ ਕੇ ਵੱਖਰੇ ਹਨ ਕਿ phone ਮਨੁੱਖੀ ਉਚਾਰਨ ਅੰਗਾਂ ਦੁਆਰਾ ਪੈਦਾ ਕੀਤੀ ਗਈ ਧੁਨੀ ਹੈ। ਇਸ ਦੇ ਉਲਟ sound ਕਿਸੇ ਦੋ ਵਸਤਾਂ ਦੇ ਆਪਸੀ ਟਕਰਾਅ ਰਾਹੀਂ ਉਤਪੰਨ ਹੁੰਦਾ ਹੈ।

     ਧੁਨੀ-ਭਾਸ਼ਾ ਦੀ ਲਘੁਤਮ ਇਕਾਈ ਹੈ ਜਿਹੜੀ ਮਨੁੱਖੀ ਉਚਾਰਨ ਅੰਗਾਂ ਰਾਹੀਂ ਪੈਦਾ ਕੀਤੀ ਜਾਂਦੀ ਹੈ। ਧੁਨੀ ਆਪਣੀ ਬਣਤਰ ਕਰ ਕੇ ਦੂਜਿਆਂ ਨਾਲੋਂ ਨਿਖੇੜੀ ਜਾ ਸਕਦੀ ਹੈ। ਧੁਨੀ ਇੱਕ ਮੌਖਿਕ ਇਕਾਈ ਹੈ ਅਤੇ ਹਰ ਧੁਨੀ ਦੀ ਆਪਣੀ ਇੱਕ ਵੱਖਰੀ ਬਣਤਰ ਜਾਂ ਪਛਾਣ ਹੁੰਦੀ ਹੈ ਜਿਸ ਕਰ ਕੇ ਉਹ ਦੂਜੀਆਂ ਧੁਨੀਆਂ ਨਾਲੋਂ ਵੱਖਰੀ ਹੁੰਦੀ ਹੈ। ਇਸ ਲਈ ਹਰ ਧੁਨੀ ਦਾ ਆਪਣਾ ਵੱਖਰਾ ਪਛਾਣ ਚਿੰਨ੍ਹ ਹੁੰਦਾ ਹੈ। ਜਿਵੇਂ /car/ ਅਤੇ /ceat/ ਵਿੱਚ /c/ ਦੇ ਦੋ ਮੌਖਿਕ ਰੂਪ ਹਨ [ਸ] ਅਤੇ [ਕ] ਇਹਨਾਂ ਮੌਖਿਕ/ਉਚਾਰੇ ਰੂਪਾਂ ਦਾ ਲਿਖਤੀ ਰੂਪ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ।

        ਧੁਨੀ ਦੇ ਸੰਬੰਧ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਧੁਨੀ ਧੁਨੀ-ਵਿਗਿਆਨ ਦੀ ਇੱਕ ਇਕਾਈ ਹੈ, ਧੁਨੀ-ਵਿਉਂਤ ਦੀ ਨਹੀਂ। ਧੁਨੀ-ਵਿਗਿਆਨ ਦਾ ਸੰਬੰਧ ਧੁਨੀਆਂ ਦੇ ਮੌਖਿਕ ਵਰਤਾਰੇ ਨਾਲ ਹੁੰਦਾ ਹੈ। ਇਸ ਦੇ ਉਲਟ ਧੁਨੀ-ਵਿਉਂਤ ਦਾ ਸੰਬੰਧ ਧੁਨੀਆਂ ਦੀ ਵਰਤੋਂ ਨਾਲ ਭਾਵ ਕਿ ਉਚਾਰੀਆਂ ਗਈਆਂ ਧੁਨੀਆਂ ਕਿਸੇ ਭਾਸ਼ਾ ਵਿੱਚ ਕਿਵੇਂ ਵਰਤੀਆਂ ਜਾਂਦੀਆਂ ਹਨ। ਇਸ ਪ੍ਰਕਾਰ ਧੁਨੀ sound ਅਤੇ phoneme (ਧੁਨੀ-ਗ੍ਰਾਮ) ਨਾਲੋਂ ਵੱਖਰੀ ਇਕਾਈ ਹੈ।


ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 33376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਧੁਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁਨੀ [ਨਾਂਇ] ਅਵਾਜ਼, ਨਾਦ, ਗੂੰਜ; ਗੂੜ੍ਹਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧੁਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁਨੀ. ਸੰ. ਸੰਗ੍ਯਾ—ਨਦੀ. ਦਰਿਆ । ੨ ਸੰ. ਧ੍ਵਨਿ. ਸ਼ਬਦ. ਨਾਦ. “ਅਨਹਦ ਧੁਨੀ ਦਰਿ ਵਜਦੇ.” (ਸ੍ਰੀ ਮ: ੪) ੩ ਆਵਾਜ਼ ਦੀ ਗੂੰਜ। ੪ ਕਾਵ੍ਯ ਅਨੁਸਾਰ ਉਹ ਗੂਢ ਅਰਥ ਦਾ ਭਾਵ, ਜੋ ਅੱਖਰਾਂ ਦੇ ਅਰਥ ਤੋਂ ਭਿੰਨ ਵ੍ਯੰਜਨਾ ਸ਼ਕਤਿ ਦ੍ਵਾਰਾ ਪ੍ਰਗਟ ਹੋਵੇ, ਜਿਵੇਂ—“ਮੇਟੀ ਜਾਤਿ ਹੂਏ ਦਰਬਾਰਿ.” (ਗੌਡ ਰਵਿਦਾਸ) ਇਸ ਤੋਂ ਇਹ ਧੁਨੀ (ਧ੍ਵਨਿ) ਨਿਕਲੀ ਕਿ ਜੋ ਜਾਤਿਅਭਿਮਾਨੀ ਹਨ, ਉਹ ਕਰਤਾਰ ਦੇ ਦਰਬਾਰ ਦੇ ਅਧਿਕਾਰੀ ਨਹੀਂ।1 ੫ ਗਾਉਣ ਦੀ ਧਾਰਨਾ. ਗਾਉਣ ਦਾ ਢੰਗ. ਸ਼੍ਰੀ ਗੁਰੂ ਅਰਜਨ ਸਾਹਿਬ ਨੇ ਨੌ ਵਾਰਾਂ ਅਜੇਹੀਆਂ ਚੁਣੀਆਂ, ਜਿਨ੍ਹਾਂ ਦੇ ਗਾਉਣ ਦੀ ਧਾਰਨਾ ਪੁਰਾਣੇ ਯੋਧਿਆਂ ਦੀਆਂ ਵਾਰਾਂ ਅਨੁਸਾਰ ਰਬਾਬੀਆਂ ਨੂੰ ਦੱਸੀ, ਅਰ ਪੁਰਾਣੀਆਂ ਵਾਰਾਂ ਦੇ ਪਤੇ ਵਾਰਾਂ ਦੇ ਮੁੱਢ ਲਿਖੇ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਢਾਡੀਆਂ ਤੋਂ ਇਹ ਨੌ ਧੁਨੀਆਂ ਵੀਰ ਰਸ ਦੀ ਵ੍ਰਿੱਧੀ ਲਈ ਗਵਾਈਆਂ, ਜੋ ਹੁਣ ਤੀਕ ਟਕਸਾਲੀਏ ਰਾਗੀ ਰਬਾਬੀ ਗਾਉਂਦੇ ਹਨ. ਬਹੁਤ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ ਛੀਵੇਂ ਸਤਿਗੁਰੂ ਨੇ ਚੜ੍ਹਾਈਆਂ ਹਨ, ਪਰ ਇਹ ਅਸਤ੍ਯ ਹੈ.1

 

     ਨੌ ਧੁਨੀਆਂ ਇਹ ਹਨ:—

     (ੳ)         ਮਾਝ ਕੀ ਵਾਰ. ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ. ਮਲਿਕ ਜਾਤਿ ਦਾ ਮੁਰੀਦ ਖ਼ਾਂਨ ਅਤੇ ਸੋਹੀ ਜਾਤਿ ਦਾ ਚੰਦ੍ਰਹੜਾ ਦੋਵੇਂ ਅਕਬਰ ਦੇ ਫ਼ੌਜੀ ਸਰਦਾਰ ਆਪੋ ਵਿੱਚੀ ਵਿਰੋਧ ਰਖਦੇ ਸਨ. ਇੱਕ ਵਾਰ ਬਾਦਸ਼ਾਹ ਨੇ ਸਰਹੱਦੀ ਮੁਹਿੰਮ ਤੇ ਮਲਿਕ ਨੂੰ ਤੋਰ ਦਿੱਤਾ. ਮਲਿਕ ਨੇ ਵੈਰੀ ਨੂੰ ਜਿੱਤਕੇ ਮੁਲਕ ਪਰ ਕ਼ਬ੒੠ ਕੀਤਾ ਅਤੇ ਅਮਨ ਕ਼ਾਇਮ ਕਰਨ ਲਈ ਕੁਝ ਸਮਾਂ ਉੱਥੇ ਠਹਿਰਿਆ. ਚੰਦ੍ਰਹੜਾ ਨੇ ਚਾਲਾਕੀ ਨਾਲ ਬਾਦਸ਼ਾਹ ਨੂੰ ਇਹ ਜਤਾਇਆ ਕਿ ਮਲਿਕ ਮੁਲਕ ਤੇ ਕ਼ਾਬਿ੒ ਹੋਕੇ ਬਾਗ਼ੀ ਹੋ ਗਿਆ ਹੈ. ਇਸ ਪੁਰ ਬਾਦਸ਼ਾਹ ਨੇ ਚੰਦ੍ਰਹੜਾ ਨੂੰ ਮਲਿਕ ਦੇ ਹੋਸ਼ ਠਿਕਾਣੇ ਕਰਨ ਭੇਜਿਆ. ਦੋਵੇਂ ਯੋਧਾ ਮੈਦਾਨ ਜੰਗ ਵਿੱਚ ਕਟਕੇ ਮਰ ਗਏ. ਢਾਡੀਆਂ ਨੇ ਉਨ੍ਹਾਂ ਦੀ ਵਾਰ ਇਸ ਵਜ਼ਨ ਤੇ ਬਣਾਈ—

“ਕਾਬੁਲ ਵਿੱਚ ਮੁਰੀਦਖਾਂ ਫੜਿਆ ਬਡ ਜੋਰ ,

ਚੰਦ੍ਰਹੜਾ ਲੈ ਫੌਜ ਕੋ ਚੜ੍ਹਿਆ ਬਡ ਤੌਰ,

ਦੁਹਾਂ ਕੰਧਾਰਾਂ ਮੁਹ ਜੁੜੇ ਦਾਮਾਮੇ ਦੌਰ,

ਸਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ,

ਹੋਲੀ ਖੇਲੇ ਚੰਦ੍ਰਹੜਾ ਰੰਗ ਲੱਗੇ ਸੌਰ,

ਦੋਵੇਂ ਤਰਫਾਂ ਜੁੱਟੀਆਂ ਸਰ ਵੱਗਨ ਕੌਰ ,

ਮੈ ਭੀ ਰਾਇ ਸਦਾਇਸਾਂ ਵੜਿਆ ਲਾਹੌਰ ,

ਦੋਵੇਂ ਸੂਰੇ ਸਾਮਣੇ ਜੂਝੇ ਉਸ ਠੌਰ.”

     ਇਸ ਨਾਲ ਅਠ ਤੁਕੀ ਪੌੜੀ ਮਾਝ ਵਾਰ ਦੀ ਦੇਖੋ—“ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ.” ***

     (ਅ)         ਗਉੜੀ ਕੀ ਵਾਰ ਮਹਲਾ ੫. ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨੀ. ਵਾਰ ਦੇਸ਼ ਦੇ ਮਾਲਿਕ ਕਮਾਲੁੱਦੀਨ ਨੇ ਆਪਣੇ ਭਾਈ ਨੂੰ ਛਲ ਨਾਲ ਜ਼ਹਿਰ ਦੇਕੇ ਮਾਰ ਦਿੱਤਾ. ਉਸ ਦੀ ਇਸਤ੍ਰੀ ਨਾਬਾਲਿਗ਼ ਮੁਅ਼ੱਜ਼ੁੱਦੀਨ () ਨੂੰ ਲੈਕੇ ਪੇਕੇ ਘਰ ਜਾ ਰਹੀ. ਜਦ ਮੁਅ਼ੱਜ਼ੁੱਦੀਨ ਜਵਾਨ ਹੋਇਆ ਤਦ ਨਾਨਕਿਆਂ ਦੀ ਭਾਰੀ ਜਮਾਤ ਨਾਲ ਲੈਕੇ ਆਪਣੇ ਚਾਚੇ ਨੂੰ ਜੰਗ ਲਈ ਵੰਗਾਰਿਆ ਅਰ ਅਜੇਹੀ ਬਹਾਦੁਰੀ ਨਾਲ ਲੜਿਆ ਕਿ ਕਮਾਲੁੱਦੀਨ ਨੂੰ ਸੰਸਾਰ ਤ੍ਯਾਗਣਾ ਪਿਆ. ਢਾਡੀਆਂ ਨੇ ਇਸ ਜੰਗ ਦੀ ਵਾਰ ਇਸ ਵਜ਼ਨ ਪੁਰ ਰਚੀ:—

“ਰਾਣਾ ਰਾਇ ਕਮਾਲਦੀਂ ਰਣ ਭਾਰਾ ਬਾਹੀ ,

ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ,

ਢਾਲੀਂ ਅੰਬਰ ਛਾਇਆ ਫੁੱਲੇ ਅਕ ਕਾਹੀ ,

ਜੁੱਟੇ ਆਮ੍ਹੋ ਸਾਮ੍ਹਣੇ ਨੇਜੇ ਝਲਕਾਹੀ,

ਮੌਜੇ ਘਰ ਵਾਧਾਈਆਂ ਘਰ ਚਾਚੇ ਧਾਹੀ.”

     ਇਸ ਨਾਲ ਧੁਨੀ ਮਿਲਾਉਣ ਲਈ ਪੰਜ ਤੁਕੀ ਪੌੜੀ ਗਉੜੀ ਵਾਰ ਦੀ ਦੇਖੋ, “ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ.”***

     (ੲ)          ਆਸਾ ਕੀ ਵਾਰ. ਟੁੰਡੇ ਅਸਰਾਜੈ ਕੀ ਧੁਨੀ. ਸਾਰੰਗ ਦਾ ਪੁਤ੍ਰ ਅਸਰਾਜ ਸੀ. ਉਸ ਦੀ ਛੋਟੀ ਮਾਂ ਜੋ ਨਵਯੋਵਨਾ ਸੀ, ਅਸਰਾਜ ਤੇ ਮੋਹਿਤ ਹੋ ਗਈ, ਅਰ ਆਪਣੀ ਮੰਦਭਾਵਨਾ ਪ੍ਰਗਟ ਕੀਤੀ, ਪਰ ਧਰਮਾਤਮਾ ਅਸ ਨੇ ਦ੍ਰਿੜ੍ਹਤਾ ਨਾਲ ਧਰਮ ਪਾਲਿਆ. ਮਤੇਈ ਨੇ ਵਿ੄ਯਲੰਪਟ ਰਾਜੇ ਨੂੰ ਭੜਕਾਕੇ ਪੁਤ੍ਰ ਤੇ ਅਯੋਗ ਕਲੰਕ ਲਾਇਆ ਅਤੇ ਹੱਥ ਕਟਵਾਕੇ ਦੇਸੋਂ ਕਢਵਾ ਦਿੱਤਾ. ਦੈਵਯੋਗ ਨਾਲ ਟੁੰਡਾ ਅਸਰਾਜ ਵਿਦੇਸ਼ ਵਿੱਚ ਜਾਕੇ ਆਪਣੇ ਸ਼ੁਭ ਗੁਣਾਂ ਦ੍ਵਾਰਾ ਸਭ ਸੰਪਦਾ ਸਹਿਤ ਹੋ ਗਿਆ. ਜਦ ਪਿਤਾ ਨੂੰ ਸਮਾਂ ਪਾਕੇ ਅਸਲ ਹਾਲ ਮਲੂਮ ਹੋਇਆ ਤਦ ਪੁਤ੍ਰ ਨੂੰ ਚਿੱਠੀ ਲਿਖਕੇ ਬੁਲਾਇਆ, ਪਰ ਅਸਰਾਜ ਦੀ ਮਤੇਈ ਦੇ ਪੁਤ੍ਰ ਖਾਨ ਅਤੇ ਸੁਲਤਾਨ ਨੇ ਫ਼ੌਜਾਂ ਲੈਕੇ ਵਡੇ ਭਾਈ ਦਾ ਮੁਕ਼ਾਬਲਾ ਕੀਤਾ. ਕਰਤਾਰ ਦੀ ਕ੍ਰਿਪਾ ਨਾਲ ਅਸਰਾਜ ਨੇ ਫਤੇ ਪਾਕੇ ਪਿਤਾ ਦੇ ਚਰਣਾਂ ਪੁਰ ਪ੍ਰਣਾਮ ਕੀਤਾ. ਸਾਰੰਗ ਨੇ ਪਿਛਲੀ ਆਪਣੀ ਕਰਤੂਤ ਪੁਰ ਲੱਜਿਤ ਹੋ ਕੇ ਅਸਰਾਜ ਨੂੰ ਰਾਜਸਿੰਘਾਸਨ ਤੇ ਬੈਠਾਕੇ ਆਪ ਏਕਾਂਤਵਾਸ ਅਖ਼ਤਿਆਰ ਕੀਤਾ. ਇਸ ਘਟਨਾ ਦੀ ਵਾਰ ਜੋ ਰਚੀ ਉਸ ਦੀ ਪੌੜੀ ਇਹ ਹੈ:—

ਭਬਕਿਆ ਸੇਰ ਸਰਦੂਲ ਰਾਇ ਰਣ ਮਾਰੂ ਬੱਜੇ,

ਸੁਲਤਾਨ ਖਾਨ ਬਡ ਸੂਰਮੇ ਵਿਚ ਰਣ ਦੇ ਗੱਜੇ,

ਖਤ ਲਿਖੇ ਟੁੰਡੇ ਅਸਰਾਜ ਨੂੰ ਪਤਸਾਹੀ ਅੱਜੇ,

ਟਿੱਕਾ ਸਾਰੰਗ ਬਾਪ ਨੇ ਦਿਤਾ ਭਰ ਲੱਜੇ,

ਫਤੇ ਪਾਇ ਅਸਰਾਜ ਜੀ ਸ਼ਾਹੀ ਪਰ ਸੱਜੇ.

     ਇਸ ਪੰਜ ਤੁਕੀ ਪੌੜੀ ਨਾਲ ਆਸਾ ਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਸਤਿਗੁਰੂ ਨੇ ਮਿਲਾਈ “ਆਪੀ ਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ.”

     (ਸ)         ਗੂਜਰੀ ਕੀ ਵਾਰ. ਸਿਕੰਦਰ ਬਿਰਾਹਿਮ ਕੀ ਧੁਨੀ. ਸਿਕੰਦਰ ਅਤੇ ਇਬਰਾਹੀਮ ਦੋ ਇੱਕੇ ਖ਼ਾਨਦਾਨ ਦੇ ਰਈਸ ਸਨ. ਇਬਰਾਹੀਮ ਵਿਭਚਾਰੀ ਅਤੇ ਸਿਕੰਦਰ ਧਰਮਾਤਮਾ ਸੀ. ਇੱਕ ਵਾਰ ਇਬਰਾਹੀਮ ਨੇ ਕਿਸੇ ਦੀ ਕੰਨ੍ਯਾ ਦਾ ਧਰਮਭੰਗ ਕਰਨਾ ਚਾਹਿਆ. ਕੰਨ੍ਯਾ ਦਾ ਪਿਤਾ ਸਿਕੰਦਰ ਦੀ ਸ਼ਰਣ ਗਿਆ ਅਰ ਇਬਰਾਹੀਮ ਦਾ ਅਤ੍ਯਾਚਾਰ ਦੱਸਿਆ. ਸਿਕੰਦਰ ਸੈਨਾ ਲੈਕੇ ਇਬਰਾਹੀਮ ਪੁਰ ਚੜ੍ਹ ਆਇਆ ਅਤੇ ਜੰਗ ਜਿੱਤਕੇ ਕ਼ੈਦੀ ਕਰ ਲਿਆ. ਅੰਤ ਨੂੰ ਇਬਰਾਹੀਮ ਨੇ ਆਪਣੇ ਜੀਵਨ ਨੂੰ ਸੁਧਾਰਣ ਦਾ ਪ੍ਰਣ ਕਰਕੇ ਸਿਕੰਦਰ ਤੋਂ ਛੁਟਕਾਰਾ ਪਾਇਆ. ਇਸ ਪ੍ਰਸੰਗ ਦੀ ਵਾਰ ਜੋ ਬਣੀ ਉਸ ਦੀ ਪੌੜੀ ਇਹ ਹੈ:—

“ਪਾਪੀ ਖਾਨ ਬਿਰਾਮ ਪਰ ਚੜਿਆ ਸੇਕੰਦਰ,

ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ ,

ਫੜਿਆ ਖਾਨ ਬਿਰਾਮ ਨੂੰ ਕਰ ਬਡ ਆਡੰਬਰ,

ਬੱਧਾ ਸੰਗਲ ਪਾਇਕੈ ਜਣੁ ਕੀਲੇ ਬੰਦਰ,

ਅਪਨਾ ਹੁਕਮ ਮਨਾਇਕੈ ਛੱਡਿਆ ਜਗ ਅੰਦਰ.”

     ਇਸ ਪੰਜ ਤੁਕੀ ਪੌੜੀ ਨਾਲ ਗੂਜਰੀ ਕੀ ਪੰਜ ਤੁਕੀ ਪੌੜੀ ਦੇਖੋ, “ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ.”***

     (ਹ)          ਵਡਹੰਸ ਕੀ ਵਾਰ. ਲਾਲ ਬਹਿਲੀਮਾ ਕੀ ਧੁਨੀ. ਲਲਾ ਅਤੇ ਬਹਿਲੀਮ ਪੜੋਸੀ ਪਹਾੜੀ ਰਾਜਾ ਸਨ. ਲਲਾ ਦਾ ਇ਼ਲਾਕ਼ਾ ਖ਼ੁਸ਼ਕ ਅਰ ਬਹਿਲੀਮ ਦਾ ਸਰਸਬਜ਼ ਸੀ. ਇੱਕ ਵਾਰ ਬਰਸਾਤ ਕਮ ਹੋਣ ਕਰਕੇ ਲਲਾ ਨੇ ਬਹਿਲੀਮ ਤੋਂ ਨਿੱਤ ਵਹਿਣ ਵਾਲੀ ਕੂਲ੍ਹ ਦਾ ਪਾਣੀ ਮੰਗਿਆ ਅਰ ਪੈਦਾਵਾਰ ਦਾ ਛੀਵਾਂ ਹਿੱਸਾ ਦੇਣਾ ਕੀਤਾ, ਪਰ ਫਸਲ ਤਿਆਰ ਹੋਣ ਪੁਰ ਲਲਾ ਬਚਨੋਂ ਫਿਰ ਗਿਆ, ਜਿਸ ਪੁਰ ਦੋਹਾਂ ਦਾ ਯੁੱਧ ਹੋਇਆ ਅਰ ਫਤੇ ਬਹਿਲੀਮ ਦੇ ਹਿੱਸੇ ਆਈ. ਉਨ੍ਹਾਂ ਦੀ ਵਾਰ ਦੀ ਪੌੜੀ ਇਉਂ ਹੈ—

“ਕਾਲ ਲਲਾ ਦੇ ਦੇਸ ਦਾ ਖੋਇਆ ਬਹਿਲੀਮਾ,

ਹਿੱਸਾ ਛਠਾ ਮਨਾਇਕੈ ਜਲ ਨਹਿਰੋਂ ਦੀਮਾ,

ਫਿਰਾਹੂਨ ਹੁਇ ਲਲਾ ਨੇ ਰਣ ਮੰਡਿਆ ਧੀਮਾ,

ਭੇੜ ਦੁਹੂੰ ਦਿਸ ਮੱਚਿਆ ਸਟਪਟੀ ਅਜੀਮਾ,

ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਹਣ ਢੀਮਾ,

ਮਾਰ ਲਲਾ ਬਹਲੀਮ ਨੇ ਰਣ ਮੇ ਧਰ ਸੀਮਾ.”

     ਇਸ ਪੌੜੀ ਦੇ ਬਹਰ ਨਾਲ ਗੁਰੂ ਸਾਹਿਬ ਨੇ ਵਡਹੰਸ ਵਾਰ ਦੀ ਪੌੜੀ ਦੀ ਧੁਨੀ ਮਿਲਾਈ—“ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ.”**

     (ਕ)         ਰਾਮਕਲੀ ਕੀ ਵਾਰ ਮ: ੩. ਜੋਧੈ ਵੀਰੈ ਪੂਰਬਾਣੀ ਕੀ ਧੁਨੀ. ਪੂਰਬਾਣੀ ਰਾਜਪੂਤ ਦੇ ਪੁਤ੍ਰ ਜੋਧ ਅਤੇ ਵੀਰ ਮਸ਼ਹੂਰ ਧਾੜਵੀ ਸਨ. ਇਨ੍ਹਾਂ ਨੂੰ ਕਈ ਵਾਰ ਅਕਬਰ ਨੇ ਸ਼ਾਹੀ ਨੌਕਰ ਹੋਣ ਲਈ ਆਖਿਆ ਪਰ ਇਨ੍ਹਾਂ ਨੇ ਸਦਾ ਇਹ ਕਰਾਰਾ ਉੱਤਰ ਦਿੱਤਾ ਕਿ ਅਸੀਂ ਓਹ ਰਾਜਪੂਤ ਨਹੀਂ ਜੋ ਧੀਆਂ ਵੇਚਕੇ ਤੇਰੀ ਗ਼ੁਲਾਮੀ ਕਰਨ ਵਾਲੇ ਹਨ. ਇਹ ਚੁਭਵੀਂ ਗੱਲ ਸੁਣਕੇ ਅਕਬਰ ਨੇ ਇਨ੍ਹਾਂ ਦੀ ਆਕੜ ਭੰਨਣ ਨੂੰ ਫੌਜ ਭੇਜੀ ਅਰ ਇਹ ਦੋਵੇਂ ਭਾਈ ਬਹਾਦੁਰੀ ਨਾਲ ਮੁਕ਼ਾਬਲਾ ਕਰਕੇ ਲੜ ਮੋਏ. ਭੱਟਾਂ ਨੇ ਇਸ ਵਜ਼ਨ ਦੀ ਵਾਰ ਬਣਾਈ—

ਜੋਧ ਵੀਰ ਪੂਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ,

ਫੌਜ ਚੜਾਈ ਬਾਦਸ਼ਾਹ ਅਕਬਰ ਰਣ ਭਾਰੀਆਂ,

ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ,

ਧੂਹ ਮਿਆਨੋ ਕੱਢੀਆਂ ਬਿਜੁੱਲਚਮਕਾਰੀਆਂ,

ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ,

ਏਹੀ ਕੀਤੀ ਜੋਧ ਵੀਰ ਪਤਸ਼ਾਹੀ ਗੱਲਾਂ ਸਾਰੀਆਂ.

     ਇਹ ਛੀ ਤੁਕੀ ਪੌੜੀ ਨਾਲ ਰਾਮਕਲੀ ਦੀ ਛੀ ਤੁਕੀ ਪੌੜੀ ਕੀ ਧੁਨਿ ਮਿਲਾਈ—

“ਸਚੈ ਤਖਤੁ ਰਚਾਇਆ ਬੈਸਣ ਕਉ ਜਾਈ.”***

     (ਖ)          ਸਾਰੰਗ ਕੀ ਵਾਰ. ਰਾਇ ਮਹਮੇ ਹਸਨੇ ਕੀ ਧੁਨਿ. ਮਹਿਮਾ ਹਸਨਾ ਭੱਟੀ ਰਾਜਪੂਤ ਸਨ. ਹਸਨਾ ਸ਼ਾਹੀ ਮੁਲਾਜ਼ਮ ਸੀ ਪਰ ਕਿਸੇ ਅਪਰਾਧ ਤੋਂ ਮੌਕ਼੤ਫ਼ ਹੋ ਗਿਆ ਅਰ ਮਹਿਮੇ ਦੀ ਪਨਾਹ ਲਈ. ਮਹਿਮੇ ਨੇ ਉਸ ਨੂੰ ਆਪਣਾ ਪ੍ਰਧਾਨ ਥਾਪਿਆ ਅਤੇ ਸ਼ਾਹੀ ਟੈਕਸ ਅਦਾ ਕਰਨ ਲਈ ਉਸੇ ਨੂੰ ਭੇਜਦਾ ਰਿਹਾ. ਹਸਨੇ ਨੇ ਰਾਜਕਰ (ਸਰਕਾਰੀ ਮੁਆਮਲਾ) ਸਦਾ ਆਪਣੇ ਨਾਮ ਦਾਖ਼ਿਲ ਕਰਵਾਕੇ ਮਹਿਮੇ ਨੂੰ ਗ਼ੈਰ.ਹਾ੡੒ਰ ਲਿਖਵਾਇਆ. ਮੁਆਮਲਾ ਨਾ ਦੇਣ ਦੇ ਅਪਰਾਧ ਵਿੱਚ ਮਹਿਮਾ ਕ਼ੈਦ ਕੀਤਾ ਗਿਆ ਪਰ ਅੰਤ ਭੇਦ ਖੁਲ੍ਹ ਜਾਣ ਪੁਰ ਮਹਿਮਾ ਸ਼ਾਹੀ ਫੌਜ ਨਾਲ ਹਸਨੇ ਨੂੰ ਕਰਮਫਲ ਭੁਗਤਾਉਣ ਲਈ ਭੇਜਿਆ ਗਿਆ. ਮਹਿਮੇ ਨੇ ਫਤੇ ਪਾਕੇ ਹਸਨਾ ਕ਼ੈਦ ਕੀਤਾ, ਪਰ ਉਸ ਦੀ ਦੀਨਤਾ ਪੁਰ ਆਪਣੇ ਕ੍ਰਿਪਾਲੁ ਸੁਭਾਉ ਅਨੁਸਾਰ ਹਸਨੇ ਦਾ ਅਪਰਾਧ ਬਖ਼ਸ਼ ਦਿੱਤਾ. ਢਾਡੀਆਂ ਨੇ ਇਸ ਦੀ ਵਾਰ ਰਚੀ—

ਮਹਿਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ,

ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ,

ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ,

ਮਹਿਮੇ ਪਾਈ ਫਤੇ ਰਨ ਗਲ ਹਸਨੇ ਘੱਟੀ,

ਬੰਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ.

     ਇਸ ਪੰਜਤੁਕੀ ਪੌੜੀ ਨਾਲ ਸਾਰੰਗ ਵਾਰ ਦੀ ਪੰਜਤੁਕੀ ਪੌੜੀ ਮਿਲਾਈ ਗਈ—

“ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ.”

          (ਗ)    ਮਲਾਰ ਕੀ ਵਾਰ. ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ. ਰਾਣਾ ਕੈਲਾਸਦੇਵ ਅਤੇ ਮਾਲਦੇਵ ਰਾਜਪੂਤ, ਦੋਵੇਂ ਸਕੇ ਭਾਈ ਪਹਾੜੀ ਰਈਸ ਸਨ. ਵਡੇ ਭਾਈ ਨੇ ਰਾਜ ਪਾਕੇ ਛੋਟੇ ਭਾਈ ਨਾਲ ਅਯੋਗ ਵਰਤਾਉ ਕੀਤਾ. ਮਾਲਦੇਵ ਅਣਖ ਵਾਲਾ ਯੋਧਾ ਸੀ, ਉਸ ਨੇ ਆਪਣੇ ਰਸੂਖ਽੣ ਨਾਲ ਸੈਨਾ ਅਤੇ ਪ੍ਰਜਾ ਨੂੰ ਆਪਣੀ ਵੱਲ ਕਰ ਲੀਤਾ, ਅਰ ਕੈਲਾਸਦੇਵ ਨੂੰ ਜੰਗ ਵਿੱਚ ਸ਼ਿਕਸ੍ਤ ਦੇਕੇ ਰਿਆਸਤ ਦਾ ਪ੍ਰਬੰਧ ਆਪਣੇ ਹੱਥ ਲਿਆ. ਜਦ ਕੈਲਾਸ ਨੇ ਪਛਤਾਕੇ ਭਾਈ ਤੋਂ ਮੁਅ਽੠ਫ਼ੀ ਮੰਗੀ, ਤਦ ਧਰਮਾਤਮਾ ਮਾਲਦੇਉ ਨੇ ਅੱਧੀ ਰਿਆਸਤ ਉਸ ਦੇ ਹਵਾਲੇ ਕਰ ਦਿੱਤੀ. ਇਨ੍ਹਾਂ ਦੋਹਾਂ ਰਾਜਪੁਤ੍ਰਾਂ ਦੀ ਵਾਰ ਜੋ ਢਾਡੀਆਂ ਨੇ ਬਣਾਈ, ਉਸ ਦਾ ਨਮੂਨਾ ਇਹ ਹੈ—

“ਧਰਤ ਘੋੜਾ ਪਰਬਤ ਪਲਾਣ ਸਿਰ ਟੱਟਰ ਅੰਬਰ,

ਨਉ ਸੈ ਨਦੀ ਨੜਿੰਨਵੇ ਰਾਣਾ ਜਲ ਕੰਧਰ,

ਢੁੱਕਾ ਰਾਇ ਅਮੀਰਦੇ ਕਰ ਮੇਘਅਡੰਬਰ,

ਆਨਤ ਖੰਡਾ ਰਾਣਿਆ ਕੈਲਾਸੇ ਅੰਦਰ,

ਬਿਜੁੱਲ ਜ੍ਯੋਂ ਚਮਕਾਣੀਆਂ ਤੇਗਾਂ ਵਿੱਚ ਅੰਬਰ,

ਮਾਲਦੇਵ ਕੈਲਾਸ ਨੂੰ ਬੰਨ੍ਹਿਆ ਕਰ ਸੰਘਰ,

ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ੍ਹ ਅੰਦਰ,

ਮਾਲਦੇਉ ਜਸ ਖੱਟਿਆ ਜਿਉ ਸ਼ਾਹ ਸਿਕੰਦਰ.”

     ਇਸ ਅਠਤੁਕੀ ਪੌੜੀ ਨਾਲ ਮਲਾਰ ਵਾਰ ਦੀ ਅਠਤੁਕੀ ਧੁਨਿ ਮਿਲਾਈ. “ਆਪੀ ਨੈ ਆਪੁ ਸਾਜਿ ਆਪੁ ਪਛਾਣਿਆ.”***

     (ਘ)         ਕਾਨੜੇ ਦੀ ਵਾਰ. ਮੂਸੇ ਕੀ ਵਾਰ ਕੀ ਧੁਨੀ. ਮੂਸਾ ਰਾਠ ਵਡਾ ਬਹਾਦੁਰ ਯੋਧਾ ਸੀ. ਉਸ ਦੀ ਮੰਗ ਕਿਸੇ ਹੋਰ ਨੇ ਵਿਆਹ ਲਈ. ਇਸ ਪੁਰ ਮੂਸੇ ਨੇ ਵੈਰੀ ਨੂੰ ਜੰਗ ਵਿੱਚ ਕ਼ੈਦ ਕਰਕੇ ਇਸਤ੍ਰੀ ਸਮੇਤ ਘਰ ਲਿਆਂਦਾ ਅਰ ਇਸਤ੍ਰੀ ਤੋਂ ਪੁੱਛਿਆ ਕਿ ਤੇਰਾ ਕੀ ਸੰਕਲਪ ਹੈ? ਉਸ ਪਤਿਵ੍ਰਤਾ ਨੇ ਕਿਹਾ ਕਿ ਮੈਂ ਉਸੇ ਦੀ ਇਸਤ੍ਰੀ ਰਹਾਂਗੀ ਜਿਸ ਨੇ ਮੈਨੂੰ ਵਿਆਹਿਆ ਹੈ ਅਤੇ ਜਿਸ ਦੇ ਘਰ ਮੈ ਵਸ ਚੁੱਕੀ ਹਾਂ. ਮੂਸਾ ਇਹ ਯੋਗ੍ਯ ਬਾਤ ਸੁਣਕੇ ਪ੍ਰਸੰਨ ਹੋਇਆ ਅਰ ਵੈਰੀ ਨੂੰ ਇਸਤ੍ਰੀ ਦੇਕੇ ਸਨਮਾਨ ਨਾਲ ਵਿਦਾ ਕੀਤਾ. ਇਸ ਬਹਾਦੁਰੀ ਦੀ ਵਾਰ ਜੋ ਢਾਡੀਆਂ ਨੇ ਬਣਾਈ ਉਸ ਦੀ ਪੌੜੀ ਇਹ ਹੈ—

“ਤ੍ਰੈ ਸੈ ਸੱਠ ਮਰਾਤਬਾ ਇਕ ਘੁਰਿਐ ਡੱਗੇ,

ਚੜਿਆ ਮੂਸਾ ਪਾਤਸਾਹ ਸਭ ਸੁਣਿਆ ਜੱਗੇ,

ਦੰਦ ਚਿਟੇ ਬਡ ਹਾਥੀਆਂ ਕਹੁ ਕਿੱਤ ਵਰੱਗੇ,

ਰੁੱਤ ਪਛਾਤੀ ਬਗੁਲਿਆਂ ਘਟ ਕਾਲੀ ਬੱਗੇ.

ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ.”

     ਇਸ ਪੰਜ ਤੁਕੀ ਪੌੜੀ ਨਾਲ ਕਾਨੜਾਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਮਿਲਾਕੇ ਸਤਿਗੁਰਾਂ ਨੇ ਗਾਉਣ ਦੀ ਧਾਰਣਾ ਥਾਪੀ—“ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗਜੋਗੀਆ.”***

     ੬ ਧੂਨਨ ਕੀਤੀ. ਹਿਲਾਈ. ਕੰਬਾਈ. “ਕੋਪ ਮੁੰਡੀ ਧੁਨੀ.” (ਰਾਮਾਵ) ਕ੍ਰੋਧ ਵਿੱਚ ਸਿਰ ਹਿਲਾਇਆ. ਦੇਖੋ, ਧੁਨ ੧ ਅਤੇ ਧੁਣਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.