ਧੁਨੀ-ਗ੍ਰਾਮ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਧੁਨੀ-ਗ੍ਰਾਮ: ਭਾਸ਼ਾ ਦੀ ਛੋਟੀ ਤੋਂ ਛੋਟੀ ਧੁਨੀਆਤਮਿਕ ਇਕਾਈ ਨੂੰ ਧੁਨੀ-ਗ੍ਰਾਮ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਧੁਨੀ-ਗ੍ਰਾਮ ਤੋਂ ਛੋਟੀ ਹੋਰ ਕੋਈ ਇਕਾਈ ਭਾਸ਼ਾ ਵਿੱਚ ਨਹੀਂ ਹੁੰਦੀ, ਜਿਵੇਂ ਪੰਜਾਬੀ ਭਾਸ਼ਾ ਵਿੱਚ /ਕਾਲ/ ਸ਼ਬਦ ਵਿੱਚ ਤਿੰਨ ਧੁਨੀਆਂ ਆਈਆਂ ਹਨ /ਕ ਆ ਲ/ ਇਹਨਾਂ ਧੁਨੀਆਂ ਨੂੰ ਅੱਗੋਂ ਵੰਡਿਆ ਨਹੀਂ ਜਾ ਸਕਦਾ। ਇਸ ਲਈ ਇਹ ਭਾਸ਼ਾ ਦੀਆਂ ਛੋਟੀਆਂ ਇਕਾਈਆਂ ਹਨ। ਇਹਨਾਂ ਇਕਾਈਆਂ ਨੂੰ ਭਾਸ਼ਾ- ਵਿਗਿਆਨਿਕ ਸ਼ਬਦਾਵਲੀ ਵਿੱਚ ਧੁਨੀ-ਗ੍ਰਾਮ ਕਿਹਾ ਜਾਂਦਾ ਹੈ। ਧੁਨੀ-ਗ੍ਰਾਮ ਨੂੰ ਵਿਭਿੰਨ ਭਾਸ਼ਾ-ਵਿਗਿਆਨੀਆਂ ਨੇ ਬਿਆਨ ਕਰਨ ਦਾ ਯਤਨ ਕੀਤਾ ਹੈ। ਧੁਨੀ-ਗ੍ਰਾਮ ਨੂੰ ਨਿੱਕੀ ਤੋਂ ਨਿੱਕੀ ਧੁਨੀ ਇਕਾਈ ਕਿਹਾ ਗਿਆ ਹੈ। ਇਸ ਨੂੰ ਧੁਨੀਆਂ ਦੀ ਸ਼੍ਰੇਣੀ/ਪਰਿਵਾਰ ਵੀ ਕਿਹਾ ਗਿਆ ਹੈ। ਉਪਰੋਕਤ ਪਰਿਭਾਸ਼ਾ ਵਿੱਚ ਦੋ ਪੱਖ ਆਏ ਹਨ :

 

     -    ਛੋਟੀ ਤੋਂ ਛੋਟੀ ਧੁਨੀ ਇਕਾਈ

     -    ਧੁਨੀਆਂ ਦੀ ਸ਼੍ਰੇਣੀ।

ਛੋਟੀ ਤੋਂ ਛੋਟੀ ਧੁਨੀ ਇਕਾਈ ਦਾ ਭਾਵ ਹੈ ਕਿ ਧੁਨੀ-ਗ੍ਰਾਮ ਨੂੰ ਅੱਗੋਂ ਛੋਟੀ ਅਰਥਵਾਨ ਇਕਾਈ ਵਿੱਚ ਵੰਡਿਆ ਨਹੀਂ ਜਾ ਸਕਦਾ। /ਪਲ/ ਅਤੇ /ਬਲ/ ਵਿੱਚ ਤਿੰਨ-ਤਿੰਨ ਧੁਨੀਆਂ ਆਈਆਂ ਹਨ। /ਪਅਲ/, /ਬ ਅ ਲ/। /ਪ/ ਅਤੇ /ਬ/ ਧੁਨੀ ਦੇ ਬਦਲਣ ਨਾਲ ਅਰਥ ਬਦਲ ਜਾਂਦੇ ਹਨ। ਭਾਵ ਕਿ /ਅ ਲ/ ਦੋਨਾਂ ਵਿੱਚ ਸਾਝਾਂ ਹੈ। ਦੂਜੀ ਗੱਲ ਇਹ ਵੀ ਹੈ ਕਿ /ਪ/ ਅਤੇ /ਬ/ ਧੁਨੀ ਨੂੰ ਅੱਗੋਂ ਵੰਡਿਆ ਨਹੀਂ ਜਾ ਸਕਦਾ।

ਧੁਨੀ-ਗ੍ਰਾਮ ਦਾ ਦੂਜਾ ਪੱਖ ਇਹ ਹੈ ਕਿ ਇਸ ਨੂੰ ਧੁਨੀਆਂ ਦੀ ਸ਼੍ਰੇਣੀ ਕਿਹਾ ਗਿਆ ਹੈ। ਭਾਵ ਇਹ ਕਿ ਇੱਕ ਧੁਨੀ-ਗ੍ਰਾਮ ਵਿੱਚ ਇੱਕ ਤੋਂ ਵੱਧ ਧੁਨੀਆਂ ਹੁੰਦੀਆਂ ਹਨ। ਜਿਵੇ ਅੰਗਰੇਜ਼ੀ ਭਾਸ਼ਾ ਵਿੱਚ /P/ ਅਤੇ /K/ ਦੋ ਧੁਨੀ-ਗ੍ਰਾਮ ਹਨ। ਇਹਨਾ ਦਾ ਉਚਾਰਨ ਦੇਖਿਆ ਜਾ ਸਕਦਾ ਹੈ :

          Pin      —       /phin/

          Kill      —       /khil/

     /P/ ਧੁਨੀ ਜਦੋਂ ਸ਼ਬਦ ਦੇ ਸ਼ੁਰੂ ਵਿੱਚ ਉਚਾਰੀ ਜਾਂਦੀ ਹੈ ਤਾਂ /ਪ/ ਦਾ ਉਚਾਰਨ /ਫ/ ਵਰਗਾ ਹੁੰਦਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਵਿਚ /ਕ/ ਵਾਂਗੂ ਉਚਾਰਿਆ ਜਾਂਦਾ ਹੈ। ਪਰ ਅੰਗਰੇਜ਼ੀ ਵਿੱਚ ਜਦੋਂ ਸ਼ਬਦ ਦੇ ਸ਼ੁਰੂ ਵਿੱਚ /ਪ/ ਦਾ ਉਚਾਰਨ /ਫ/ ਵਿੱਚ ਹੁੰਦਾ ਹੈ ਤਾਂ ਇਸ ਨਾਲ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈਂਦਾ। /ਪ/ ਅਤੇ /ਫ/ ਜਾਂ /ਕ/ ਅਤੇ /ਖ/ ਇੱਕੋ ਧੁਨੀ-ਗ੍ਰਾਮ ਦੇ ਧੁਨੀਆਤਮਿਕ ਰੂਪ ਹਨ। ਇਹਨਾਂ ਨੂੰ ਸਹਿ ਧੁਨੀ-ਗ੍ਰਾਮ ਕਿਹਾ ਜਾਂਦਾ ਹੈ। ਦਰਅਸਲ ਧੁਨੀ-ਗ੍ਰਾਮ ਦਾ ਜੋ ਅਸਲੀ ਰੂਪ ਵਿੱਚ ਉਚਾਰਨ ਕੀਤਾ ਜਾਂਦਾ ਹੈ ਉਹ ਸਹਿ ਧੁਨੀ-ਗ੍ਰਾਮ (Allphone) ਰਾਹੀਂ ਹੀ ਹੁੰਦਾ ਹੈ। ਇਸ ਕਰ ਕੇ ਹੀ ਧੁਨੀ-ਗ੍ਰਾਮ ਦੀ ਇੱਕ ਸ਼੍ਰੇਣੀ ਵਜੋਂ ਸਾਕਾਰ ਹੁੰਦਾ ਹੈ। ਧੁਨੀ-ਗ੍ਰਾਮ ਨੂੰ ਤਿਰਛੀਆਂ ਲਾਈਨਾਂ ਬਰੈਕਟਾਂ ਵਿੱਚ // ਅਤੇ ਧੁਨੀ ਨੂੰ ਚੌਰਸ ਬਰੈਕਟਾਂ [ ] ਵਿੱਚ ਲਿਖਿਆ ਜਾਂਦਾ ਹੈ। ਇਸ ਲਈ ਧੁਨੀ-ਗ੍ਰਾਮ ਦੇ ਪ੍ਰਸੰਗ ਵਿੱਚ ਕਿਹਾ ਜਾ ਸਕਦਾ ਹੈ ਕਿ ਧੁਨੀ-ਗ੍ਰਾਮ ਭਾਸ਼ਾ ਦੀ ਛੋਟੀ ਤੋਂ ਛੋਟੀ ਧੁਨੀ-ਇਕਾਈ ਹੈ। ਹਰ ਭਾਸ਼ਾ ਦੇ ਧੁਨੀ-ਗ੍ਰਾਮ ਵੱਖਰੇ- ਵੱਖਰੇ ਹੁੰਦੇ ਹਨ। ਧੁਨੀ-ਗ੍ਰਾਮ ਦਾ ਨਿਖੇੜਾ ਅਰਥ ਨਾਲ ਹੁੰਦਾ ਹੈ। ਜੇ ਦੋ ਧੁਨੀਆਂ ਇੱਕ ਸ਼ਬਦ ਵਿੱਚ ਅਰਥ ਬਦਲਣ ਦੇ ਸਮਰੱਥ ਹੋਣ ਤਾਂ ਉਹ ਧੁਨੀ-ਗ੍ਰਾਮ ਹਨ ਅਤੇ ਜੇ ਨਹੀਂ ਤਾਂ ਉਹ ਇੱਕੋ ਧੁਨੀ-ਗ੍ਰਾਮ ਦੇ ਦੋ ਸਹਿ ਧੁਨੀ-ਗ੍ਰਾਮ ਹੁੰਦੇ ਹਨ। ਜਿਵੇਂ ਪੰਜਾਬੀ ਵਿੱਚ /ਪ/ ਅਤੇ /ਫ/ ਧੁਨੀ-ਗ੍ਰਾਮ ਹਨ ਪਰ ਅੰਗਰੇਜ਼ੀ ਵਿੱਚ ਇਹ ਸਹਿ ਧੁਨੀ-ਗ੍ਰਾਮ ਹਨ।


ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.