ਨਜਾਬਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਜਾਬਤ: ਵਾਰ ਨਜਾਬਤ ਜਾਂ ਨਾਦਰਸ਼ਾਹ ਦੀ ਵਾਰ ਦਾ ਲੇਖਕ ਨਜਾਬਤ ਪੰਜਾਬੀ ਵਾਰ ਸਾਹਿਤ ਦਾ ਮਹਾਨ ਕਵੀ ਹੈ। ਪਰ ਉਸ ਦੇ ਜੀਵਨ ਬਾਰੇ ਕੋਈ ਖ਼ਾਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਏਨਾ ਕੁ ਪਤਾ ਹੈ ਕਿ ਉਸ ਦੇ ਵੱਡੇ ਵੱਡੇਰੇ ਹਰਲ ਰਾਜਪੂਤ ਸਨ। ਉਹਨਾਂ ਦਾ ਵਸੇਬਾ ਸ਼ਾਹਪੁਰ ਦੇ ਜ਼ਿਲ੍ਹਾ ਮਟੀਲਾ ਹਰਲਾਂ ਵਿੱਚ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਵਿੱਚ ਆਪਣੀ ਹਕੂਮਤ ਦੇ ਝੰਡੇ ਪੱਕੇ ਪੈਰੀਂ ਗੱਡ ਚੁੱਕਾ ਸੀ, ਨਜਾਬਤ ਦਾ ਜੀਵਨ-ਸਮਾਂ ਉਹ ਸਮਝਿਆ ਜਾਂਦਾ ਹੈ। ਨਜਾਬਤ ਦੀ ਇਹ ਰਚਨਾ ਕਿੰਨੀ ਦੇਰ ਤੱਕ ਕਿਧਰੇ ਗੁਆਚੀ ਹੀ ਰਹੀ। ਇਸ ਦਾ ਕੋਈ ਪੁਰਾਣਾ ਲਿਖਤੀ ਰੂਪ ਨਹੀਂ ਮਿਲਦਾ। ਮੌਖਿਕ ਰੂਪ ਵਿੱਚ ਭੱਟਾਂ ਤੇ ਮਰਾਸੀਆਂ ਨੇ ਇਸ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ। ਕਿਹਾ ਜਾਂਦਾ ਹੈ ਕਿ ਐਡਵਰਡ ਮੁਕਲੂਗਨ ਨਾਂ ਦੇ ਇੱਕ ਅੰਗਰੇਜ਼ ਨੇ ਇਹ ਵਾਰ ਕਿਸੇ ਮਰਾਸੀ ਕੋਲੋਂ ਸੁਣੀ। ਉਸ ਨੇ ਆਪਣੇ ਇੱਕ ਪੰਜਾਬੀ ਕਾਰਿੰਦੇ ਨੂੰ ਇਸ ਵਾਰ ਦੀਆਂ ਗੁਆਚੀਆਂ ਲੜੀਆਂ ਲੱਭਣ ਦਾ ਕੰਮ ਸੌਂਪਿਆ। ਉਸ ਨੇ ਕਈ ਮਰਾਸੀਆਂ ਕੋਲੋਂ ਸੁਣ ਕੇ ਇਸ ਨੂੰ ਸੰਪੂਰਨ ਕੀਤਾ। ਇਸ ਤਰ੍ਹਾਂ ਇਸ ਰਚਨਾ ਦਾ ਲਿਖਤੀ ਰੂਪ ਹੋਂਦ ਵਿੱਚ ਆਇਆ।

     ਪੰਜਾਬੀ ਸਾਹਿਤ ਵਿੱਚ ਮਿਲਦੀਆਂ ਵਾਰਾਂ ਵਿੱਚੋਂ ਵਾਰ ਨਜਾਬਤ ਸਭ ਤੋਂ ਲੰਮੇਰੀ ਹੈ ਤੇ ਚਰਚਿਤ ਵੀ। ਇਸ ਵਿੱਚ ਬੀਰ ਰਸ ਦੀ ਪ੍ਰਧਾਨਤਾ ਹੈ। ਸਮਕਾਲੀ ਰਾਜਨੀਤਿਕ ਸਥਿਤੀ ਅਤੇ ਸਮਾਜਿਕ ਜੀਵਨ ਦਾ ਕਲਾਤਮਿਕ ਚਿਤਰਨ ਹੈ। ਇਸ ਵਿੱਚ ਕਟਾਖਸ਼ ਵੀ ਹੈ ਤੇ ਹਾਸ ਰਸ ਵੀ। ਪੰਜਾਬੀ ਵਾਰ ਦਾ ਇਹ ਇੱਕ ਬਹੁਤ ਆਹਲਾ ਨਮੂਨਾ ਹੈ।

     ਇਸ ਵਾਰ ਵਿੱਚ ਨਾਦਰਸ਼ਾਹ ਵੱਲੋਂ 1739-40 ਵਿੱਚ ਭਾਰਤ ਉੱਤੇ ਕੀਤੇ ਹਮਲੇ ਦਾ ਬਿਰਤਾਂਤ ਹੈ। ਉਸ ਵੇਲੇ ਬਹਾਦਰਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਸੀ। ਉਹ ਐਸ਼ਪ੍ਰਸਤ ਰਾਜਾ ਸੀ। ਇਸੇ ਕਰ ਕੇ ਉਸ ਨੂੰ ਰੰਗੀਲਾ ਆਖਿਆ ਜਾਂਦਾ ਸੀ। ਉਸ ਸਮੇਂ ਚਾਰੇ ਪਾਸੇ ਬਦਅਮਨੀ ਤੇ ਆਪਾ-ਧਾਪੀ ਸੀ। ਦੇਸ ਵਿੱਚੋਂ ਅਨੁਸ਼ਾਸਨ ਖੰਭ ਲਗਾ ਕੇ ਉੱਡ ਗਿਆ ਸੀ। ਵਜ਼ੀਰਾਂ ਤੇ ਅਮੀਰਾਂ ਨੇ ਰਾਜ ਸੱਤਾ ਦੀ ਡੋਰ ਆਪਣੇ ਹੱਥਾਂ ਵਿੱਚ ਲੈ ਲਈ ਸੀ। ਅਰਾਜਕਤਾ ਦੇ ਇਸ ਪਿਛੋਕੜ ਵਿੱਚ ਨਾਦਰਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ।

     ਨਾਦਰਸ਼ਾਹ ਦੇ ਹਮਲੇ ਦੇ ਭਾਵੇਂ ਰਾਜਨੀਤਿਕ ਕਾਰਨ ਸਨ ਪਰ ਨਜਾਬਤ ਨੇ ਭਾਰਤੀ ਮਿਥਿਹਾਸ ਵਿੱਚੋਂ ਇੱਕ ਕਥਾ ਲੈ ਕੇ ਇਸ ਵਾਰ ਦੀ ਰਚਨਾ ਕੀਤੀ। ਉਸ ਨੇ ਕਲ੍ਹ ਤੇ ਨਾਰਦ ਨੂੰ ਪਤੀ-ਪਤਨੀ ਦੇ ਰੂਪ ਵਿੱਚ ਲੜਦੇ ਹੋਏ ਚਿੱਤਰਿਆ ਹੈ। ਨਜਾਬਤ ਨੇ ਆਪਣੀ ਵਾਰ ਦੀ ਰਚਨਾ ਵਿੱਚ ਇਤਿਹਾਸਿਕ ਸੱਚ ਨੂੰ ਬਿਲਕੁਲ ਨਿਰਪੱਖ ਹੋ ਕੇ ਬਿਆਨ ਕੀਤਾ ਹੈ। ਨਾਦਰ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ ਤੇ ਇੱਥੋਂ ਦੇ ਹਾਕਮਾਂ ਦੇ ਛੱਕੇ ਛੁਡਾ ਦਿੱਤੇ। ਉਹ ਜੇਤੂ ਹਮਲਾਵਰ ਸੀ। ਨਜਾਬਤ ਨੇ ਉਸ ਨੂੰ ਵਾਜਬ ਥਾਂ ਦਿੱਤੀ ਹੈ।

     ਨਜਾਬਤ ਨੇ ਪੰਜਾਬ ਦੇ ਜੀਵਨ ਦਾ ਚਿੱਤਰ ਬਹੁਤ ਵਿਸਤਾਰ ਵਿੱਚ ਪੇਸ਼ ਕੀਤਾ ਹੈ। ਇਸ ਚਿੱਤਰ ਦੀ ਪੇਸ਼ਕਾਰੀ ਲਈ ਢੁੱਕਵੀਆਂ ਉਪਮਾਵਾਂ ਵਰਤੀਆਂ ਹਨ ਜੋ ਉਸ ਵੇਲੇ ਦੇ ਸਮੇਂ ਨੂੰ ਵੀ ਰੂਪਮਾਨ ਕਰਦੀਆਂ ਹਨ। ਮਿਸਾਲ ਵਜੋਂ:

ਜੇਠ ਕਲਰ ਲਸ਼ਕਾਰਾਂ, ਭੜਕਣ ਭੱਠ ਜਿਉਂ।

ਜਿਉਂ ਢਹਿਣ ਮਣਾ ਦਰਿਆ ਦੀਆਂ ਸਾਵਣ ਹੜ੍ਹ ਆਏ।

ਵੱਸੇ ਗੜਾ ਤੂਫਾਨ ਨ ਹੋਣ ਬੱਦਲ ਕਾਲੇ।

ਜਿਵੇਂ ਟਿੰਡਾਂ ਲਾਹ ਕੁੰਭਾਰਾਂ, ਧਰੀਆਂ ਚੱਕ ਤੋਂ,

          ਤਿਦਾਂ ਸਿਰੀਆਂ ਬੇਸ਼ੁਮਾਰਾਂ, ਘੱਟੇ ਰੁਲਦੀਆਂ।

     ਨਜਾਬਤ ਨੇ ਨਾਦਰਸ਼ਾਹ ਦੀ ਵਾਰ ਨੂੰ 86 ਪਉੜੀਆਂ ਵਿੱਚ ਪੇਸ਼ ਕੀਤਾ ਹੈ। ਹਰ ਪਉੜੀ ਵਿੱਚ ਤਕਰੀਬਨ ਇੱਕੋ ਜਿਹਾ ਤੁਕਾਂਤ ਹੈ। ਵਾਰ ਦੇ ਵਿਸ਼ੇ ਨੂੰ ਆਮ ਤੌਰ `ਤੇ ਸਿਰਖੰਡੀ ਜਾਂ ਨਿਸ਼ਾਨੀ ਛੰਦ ਨਾਲ ਨਿਭਾਇਆ ਜਾਂਦਾ ਹੈ। ਨਜਾਬਤ ਵੱਲੋਂ ਇਹਨਾਂ ਦੋਹਾਂ ਛੰਦਾਂ ਦੀ ਵਰਤੋਂ ਕੀਤੀ ਗਈ ਹੈ :

ਨਾ ਕੀਤੀ ਨਿਮਕ ਹਲਾਲੀ, ਜੂਫ ਤੂਰਾਨੀਆਂ।

          ਉਹਨਾਂ ਘਰ ਚਗੈਤੇ ਦੇ ਬਾਲੀ, ਆਤਿਸ਼ ਆਣ ਕੇ।

(ਸਿਰਖੰਡੀ ਛੰਦ)

ਬੁਰਾ ਕੀਤਾ ਤੂਰਾਨੀਆਂ, ਮੁੜ ਦੂਜੀ ਵਾਰੀ।

          ਉਹਨਾਂ ਦਸਤਾਰ ਮੁਬਾਰਕ ਆਪਣੀ, ਚਾ ਆਪ ਉਤਾਰੀ।

(ਨਿਸ਼ਾਨੀ ਛੰਦ)

     ਵਾਰ ਵਿਚਲਾ ਵਹਾਉ ਪ੍ਰਚੰਡ ਤੇ ਤੁੰਦੀ ਭਰਿਆ ਹੈ। ਸ਼ਬਦ ਖੰਡਿਆਂ ਵਾਂਗ ਖੜਕਦੇ ਹਨ ਅਤੇ ਇਹਨਾਂ ਦੀਆਂ ਧੁਨੀਆਂ ਦੀ ਗੂੰਜ ਪਾਠਕਾਂ ਦੇ ਮਨਾਂ ਵਿੱਚ ਯੁੱਧ ਦਾ ਦ੍ਰਿਸ਼ ਸਾਕਾਰ ਕਰ ਦਿੰਦੀ ਹੈ :

ਦੋਹੀਂ ਦਲੀ ਮੁਕਾਬਲੇ, ਦਮਾਮਾ ਵਾਹਿਆ।

          ਤੋਫ਼ਾਂ ਕੜਕਣ ਬਦਲੀਆਂ, ਘੁੜਤਾਲ ਵਜਾਇਆ।

     ਵਾਰ ਵਿੱਚ ਕਲ੍ਹ ਤੇ ਨਾਰਦ ਦਾ ਆਪਸ ਵਿਚਲਾ ਝਗੜਾ ਦਿਲਚਸਪ ਨਾਟਕੀ ਮਾਹੌਲ ਸਿਰਜਦਾ ਹੈ। ਇਹ ਝਗੜਾ ਅਜੋਕੇ ਸਮਾਜ ਦੇ ਘਰੇਲੂ ਜੀਵਨ ਵਿੱਚ ਅਜੇ ਵੀ ਕਾਇਮ ਹੈ। ਸਤਿਆ ਹੋਇਆ ਮਰਦ ਨਜਾਬਤ ਦਾ ਵਾਕ ਦੁਹਰਾਉਂਦਾ ਹੈ :

ਮੈਨੂੰ ਬਹੁਤ ਜ਼ਨਾਨੀਆਂ, ਤੈਨੂੰ ਮਰਦ ਨਾ ਥੋੜ੍ਹੇ।

ਏਸ ਖ਼ੁਸ਼ਾਮਦੋਂ ਕੈਰਵਾਂ ਚਾ ਜੱਦ ਕੁਹਾਈ।

          ਤੇ ਰਾਵਣੇ ਏਸ ਖੁਸ਼ਾਮਦੋਂ ਲੰਕਾ ਲੁਟਵਾਈ।

ਵਰਗੀਆਂ ਸਤਰਾਂ ਇਸ ਗੱਲ ਦਾ ਸਬੂਤ ਹਨ ਕਿ ਨਜਾਬਤ ਨੂੰ ਹਿੰਦੂ ਮਿਥਿਹਾਸ ਦੀ ਵੀ ਭਰਵੀਂ ਜਾਣਕਾਰੀ ਸੀ। ਨਜਾਬਤ ਹੋਣੀ ਵਿੱਚ ਯਕੀਨ ਰੱਖਣ ਵਾਲਾ ਕਵੀ ਹੈ। ਕਲ੍ਹ ਦੇ ਪਾਤਰ ਰਾਹੀਂ ਉਹ ਇਸੇ ਨਜ਼ਰੀਏ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਨਾਦਰਸ਼ਾਹ ਜਦ ਹਿੰਦੁਸਤਾਨ ਉੱਤੇ ਵਹੀਰਾਂ ਘੱਤ ਕੇ ਆਉਂਦਾ ਹੈ ਤਾਂ ਨਜਾਬਤ ਇਸ ਨੂੰ ਹੋਣੀ ਦਾ ਕਾਰਨਾਮਾ ਮੰਨ ਕੇ ਰੱਬ ਨੂੰ ਸੰਬੋਧਿਤ ਕਰਦਾ ਹੈ :

          ਸੇ ਕੰਮ ਕਿਸੇ ਨਾ ਮੇਟਣੇ, ਜਿਹੜੇ ਤੈਨੂੰ ਭਾਉਣ।

     ਸੂਫ਼ੀ-ਕਾਵਿ ਪਰੰਪਰਾ ਇਸ਼ਕ, ਜੁਦਾਈ, ਵਸਲ, ਮੌਤ ਤੇ ਕਬਰ ਤੋਂ ਸ਼ੁਰੂ ਹੁੰਦੀ ਹੈ ਅਤੇ ਇੱਥੇ ਹੀ ਮੁਕਦੀ ਹੈ। ਨਜਾਬਤ ਵੀ ਕਲ੍ਹ ਦੇ ਮੂਹੋਂ ਅਖਵਾਉਂਦਾ ਹੈ :

ਸਰਪਰ ਇੱਕ ਦਿਨ ਆਉਸੀ, ਉਹ ਰਾਤ ਕਬਰ ਦੀ।

    ਜਾਂ

          ਵਤ ਨਹੀਂ ਦੁਨੀਆਂ `ਤੇ ਆਵਣਾ, ਜਗ ਆਲਮ ਫਾਨੀ।

     ਨਜਾਬਤ ਨੇ ਕਲ੍ਹ ਤੇ ਨਾਰਦ ਦੇ ਪਾਤਰਾਂ ਦੁਆਰਾ ਆਪਣੀ ਰਚਨਾ ਵਿੱਚ ਨਾਟਕੀਅਤਾ ਵੀ ਭਰੀ ਹੈ ਤੇ ਪਰਾਸਰੀਰਕ ਅੰਸ਼ ਵੀ। ਇਹ ਦੋਵੇਂ ਗੁਣ ਪੰਜਾਬੀ ਦੇ ਕਿੱਸਾ-ਸਾਹਿਤ ਵਿੱਚ ਵੀ ਦੇਖੇ ਜਾ ਸਕਦੇ ਹਨ। ਮੁਹਾਵਰਾ ਬਣਨ ਦੀ ਸਮਰੱਥਾ ਰੱਖਦੀ ਠੁੱਕਦਾਰ ਭਾਸ਼ਾ ਦੀ ਵਰਤੋਂ ਸਹਿਤ ਇਹ ਰਚਨਾ ਇੱਕ ਚੰਗੀ ਵਾਰ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਦਾ ਇੱਕ ਆਹਲਾ ਨਮੂਨਾ ਹੈ।


ਲੇਖਕ : ਬਖ਼ਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਜਾਬਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਜਾਬਤ. ਦੇਖੋ, ਨਿਜਾਬਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਜਾਬਤ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨਜਾਬਤ :  ਇਹ ਪੰਜਾਬੀ ਦਾ ਪ੍ਰਸਿੱਧ  ਪੰਜਾਬੀ ਵਾਰਕਾਰ ਸੀ ਜਿਸ ਦੀ ਲਿਖੀ ਵਾਰ ਦਾ ਨਾਂ ਹੀ ‘ਨਜਾਬਤ ਦੀ ਵਾਰ' ਹੈ ਅਤੇ ਇਹ ਇਸੇ ਨਾਂ ਨਾਲ ਹੀ ਜਾਣੀ ਜਾਂਦੀ ਹੈ। ਨਜਾਬਤ ਦੀ ਵਾਰ ਵੀਰ ਕਾਵਿ ਦੀ ਮਹੱਤਵਪੂਰਨ ਪ੍ਰਾਪਤੀ ਹੈ ਜਿਸ ਵਿਚ ਦੋ ਵਾਰ ‘ਨਜਾਬਤ' ਦਾ ਨਾਮ ਆਉਂਦਾ ਹੈ । ਇਹ ਪਿੰਡ ਮਟੀਲਾ ਹਰਲਾਂ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਦਾ  ਰਹਿਣ ਵਾਲਾ ਸੀ । ਇਹ ਖਰਲ ਰਾਜਪੂਤ ਸੀ ਜਿਸ ਦਾ ਜਨਮ 18 ਵੀਂ ਸਦੀ ਦੇ ਦੂਜੇ ਅੱਧ ਵਿਚ ਹੋਇਆ। ਵਾਰ ਵਿਚ ਆਏ ਵੇਰਵਿਆਂ ਤੋ ਸਪਸ਼ਟ ਹੈ ਕਿ ਇਹ ਵਾਰ ਵਾਕੇ ਦੇ ਨਿਕਟ-ਕਾਲ ਵਿਚ ਰਚੀ ਗਈ ਹੈ। ਇਸ ਤੋਂ ਇਹ ਅਨੁਮਾਨ ਵੀ ਲਗਾਇਆ ਜਾ ਸਕਦਾ ਹੈ ਕਿ ਇਹ ਰਚਨਾ ਕਿਸੇ ਹੋਰ ਕਵੀ ਦੀ ਹੈ ਜਿਸ ਨੂੰ ਅੰਤਿਮ ਰੂਪ ਨਜਾਬਤ ਨੇ ਦਿੱਤਾ।

ਸਰ ਐਡਵਰਡ ਮੈਕਲਾਗਨ ਨੇ ਆਪਣੇ ਦੌਰੇ ਦੌਰਾਨ ਇਹ ਵਾਰ ਪਹਿਲੀ ਵਾਰ 1892 ਈ. ਵਿਚ ਪਿੰਡ ਮਾਂਗਟ ਦੇ ਇਕ ਮਰਾਸੀ ਪਾਸੋਂ ਸੁਣ ਕੇ ਲਿਖੀ । ਇਸ ਅੰਗਰੇਜ਼ ਅਫ਼ਸਰ ਦੇ ਹੁਕਮ ਤੇ ਪੰਡਤ ਹਰੀ ਕਿਸ਼ਨ ਕੌਲ ਨੇ ਉਸੇ ਤਹਿਸੀਲ ਦੇ ਪਿੰਡ ਅਜਲਾਂ ਵਾਲੇ ਦੇ ਮਿਰਾਸੀ ਜਿਉਣਾ ਅਤੇ ਤਹਿਸੀਲ ਸਦਰਪੁਰ ਦੇ ਪਿੰਡ ਬੁਧਾਂਕੀ ਦੇ ਮਿਰਾਸੀ ਮੌਲਾ ਬਖ਼ਸ਼ ਤੋਂ ਵਾਰਾਂ ਇਕੱਤਰ ਕੀਤੀਆਂ । ਇਹ ਵਾਰ 458 ਤੁਕਾਂ ਦੀ ਹੈ ਪਰ ਅਧੂਰੀ ਹੈ ਕਿਉਂਕਿ ਇਸ ਵਿਚ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਨਹੀਂ ਹੈ ਤੇ ਘਟਨਾਵਾਂ ਦੇ ਵਰਣਨ ਵਿਚ ਖੱਪੇ ਨਜ਼ਰ ਆਉਂਦੇ ਹਨ । ਇਸ ਵਾਰ ਵਿਚ ਨਾਦਰਸ਼ਾਹ ਦੇ  ਹਮਲੇ ਦਾ ਵਿਸਤ੍ਰਿਤ ਵਰਣਨ ਹੈ ਤੇ ਨਾਲ ਹੀ ਉਸ ਦੇ ਜ਼ੁਲਮਾਂ ਦੀ ਗਾਥਾ ਹੈ । ਭਾਰਤ ਵਾਸੀਆਂ ਦੀ ਆਪਸੀ ਫੁੱਟ ਤੇ ਗ਼ਦਾਰਾਂ ਦੀ ਉਹ ਬੜੇ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਤੇ ਲਾਹਨਤਾਂ ਪਾਉਂਦਾ ਹੈ । ਇਸ ਵਾਰ ਦੇ ਇਤਿਹਾਸਕ ਵੇਰਵੇ ਬੜੇ ਮਹੱਤਵਪੂਰਨ ਹਨ । ਇਸ ਵਿਚ ਜਿਥੇ ਕਾਇਰਾਂ ਜਾਂ ਗ਼ਦਾਰਾਂ ਦੀ ਨਿੰਦਾ ਹੈ ਉਥੇ ਭੋਪਤਨਾਥ ਜਿਹੇ ਉਦਾਸੀ ਸਾਧਾਂ ਦੀ ਉਪਮਾ ਵੀ ਹੈ ਜਿਨ੍ਹਾਂ ਨੇ ਆਪਣੇ ਸੋਟੇ, ਡਾਂਗਾਂ ਤੇ ਕੁਹਾੜੀਆਂ ਨਾਲ ਹੀ ਨਾਦਰ ਸ਼ਾਹ ਦੀ ਫ਼ੌਜ ਤੇ ਹਮਲਾ ਕਰ ਕੇ ਬੀਰਤਾ ਦੇ ਜੌਹਰ ਵਿਖਾਏ । ਉਹ ਚਾਹੁੰਦਾ ਹੈ ਕਿ ਭਾਰਤ ਦੇ ਰਾਜੇ ਤੇ ਲੋਕ ਇਕ ਮੁੱਠ ਹੋ ਕੇ ਬਦੇਸ਼ੀ ਹਮਲਾਵਾਰ ਵਿਰੁੱਧ ਜਹਾਦ ਖੜ੍ਹਾ ਕਰਨ ਤਾਂ ਕਿ ਉਹ  ਇਥੋਂ ਮੁੜ ਜਾਵੇ ਤੇ ਆਪਣਾ ਰਾਜ ਕਾਇਮ ਕਰਨ ਵਿਚ ਕਾਮਯਾਬ ਨਾ ਹੋਵੇ। ਉਸ ਦੀ  ਕੌਮੀ ਪਿਆਰ ਦੀ ਭਾਵਨਾ ਤੇ ਭਾਰਤ ਦੀ ਭਲਾਈ ਬਾਰੇ ਵਿਚਾਰ ਪੰਜਾਬੀ ਸਾਹਿਤ ਵਿਚ ਪਹਿਲੀ ਵਾਰ ਪ੍ਰਗਟਾਏ ਗਏ ਹਨ ।

ਇਹ ਵਾਰ ਕਲਾ ਪੱਖੋਂ ਬੜੀ ਉੱਤਮ ਹੈ ਕਿਉਂਕਿ ਚੰਡੀ ਦੀ ਵਾਰ ਮਗਰੋਂ ਇਹ ਰਚਨਾ ਹੀ ਬੀਰ ਕਾਵਿ ਦੀ ਪ੍ਰਾਪਤੀ ਮੰਨੀ ਗਈ ਹੈ । ਇਸ ਵਿਚ ਸੰਖਿਪਤ ਸੰਕੇਤਾਂ ਨਾਲ ਵੱਡੀਆਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰ ਦਿੱਤਾ ਗਿਆ ਹੈ। ਇਹ ਨਿਰਾ ਇਤਿਹਾਸਕ ਵਰਣਨ ਨਹੀਂ  ਪ੍ਰਸਤੁਤ ਕਰਦਾ ਸਗੋਂ ਪੰਜਾਬ ਦਾ ਸਭਿਆਚਾਰ, ਪੰਜਾਬੀਆਂ ਦੇ ਸੁਭਾਅ ਆਦਿ ਦਾ ਵੀ ਜ਼ਿਕਰ ਬੜੇ ਸੁਚੱਜੇ ਢੰਗ ਨਾਲ ਕਰਦਾ ਹੈ ।

ਕਲਾ ਪੱਖੋਂ ਇਹ ਰਚਨਾ ਬੜੀ ਅਹਿਮ ਹੈ ਜੋ ਨਜਾਬਤ ਦੀ ਵਡਿਆਈ ਦਾ ਪ੍ਰਮਾਣ ਹੈ ਬਿਆਨ ਦਾ  ਵੇਗ,  ਰਵਾਨੀ, ਛੰਦ ਦੀ ਸਫ਼ਲ ਵਰਤੋਂ, ਸ਼ਬਦਾਵਲੀ ਵਿਚ ਸੰਗੀਤਕ ਲੈਅ, ਯੁੱਧ ਦਾ ਨਜ਼ਾਰਾ, ਤੋਪਾਂ ਦੀ ਗੜਗੜਾਹਟ, ਤੀਰਾਂ ਦੀ ਸ਼ੂਕਰ,  ਤਲਵਾਰਾਂ ਦੀ ਟੁਣਕਾਰ, ਨੇਜ਼ੇ ਭਾਲਿਆਂ ਦੀ ਵਰਤੋਂ  ਆਦਿ ਇਸ ਵਾਰ ਦੀ ਵਿਸ਼ੇਸ਼ਤਾ ਹੈ । ਭਾਸ਼ਾ ਪੱਖੋਂ ਨਜਾਬਤ ਦੀ ਰਚਨਾ ਬੜੀ ਕਮਾਲ ਦੀ  ਹੈ। ਠੇਠ ਪੰਜਾਬੀ  ਦੀ ਵਰਤੋਂ ਕਰਦਿਆਂ ਕਈ ਥਾਈਂ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਦਾ ਸੁੰਦਰ ਮਿਸ਼ਰਣ ਕਰ ਕੇ ਭਾਸ਼ਾਈ ਸੁੰਦਰਤਾ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-01-09-54-27, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਸਾ. ਇ.Ⅲ-ਪੰ. ਯੂ : ਪੰਜਾਬੀ ਸਾਹਿਤ ਵਿਚ ਬੀਰ ਕਾਵਿ ਦਾ ਵਿਕਾਸ-ਡਾ. ਪ੍ਰੀਤਮ ਸਿੰਘ; ਵਾਰ ਨਾਦਰਸ਼ਾਹ ਕ੍ਰਿਤ ਨਜਾਬਤ-ਡਾ. ਗੋਬਿੰਦ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.