ਨਿਆਂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਆਂ (ਨਾਂ,ਪੁ) ਸੱਚ ਝੂਠ ਦਾ ਨਤਾਰਾ ਕਰਕੇ ਕੀਤਾ ਫ਼ੈਸਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨਿਆਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਆਂ [ਨਾਂਪੁ] ਇਨਸਾਫ਼ , ਹੱਕ-ਸੱਚ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਆਂ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਨਿਆਂ : ਸ਼ਬਦ ਨਿਆਂ ਦਾ ਅਧਿਐਨ ਅਧਿਕਾਰ, ਸੁਤੰਤਰਤਾ, ਸਮਾਨਤਾ ਆਦਿ ਸ਼ਬਦਾਂ ਦੇ ਅਧਿਐਨ ਨਾਲ ਜੁੜਿਆ ਹੋਇਆ ਹੈ। ‘Justice’ ਸ਼ਬਦ ਦੀ ਉਤਪਤੀ ਸ਼ਬਦ ‘Just’ ਜਾਂ ‘Justitia’ ਤੋਂ ਹੋਈ ਹੈ। ਇਸ ਦਾ ਅਰਥ ਦਾਖ਼ਲ ਹੋਣ ਅਤੇ ਫਿਟ ਹੋਣ ਦਾ ਵਿਚਾਰ ਹੈ ਭਾਵ ਬੰਧਨ ਜਾਂ ਰਿਸ਼ਤੇ ਦਾ ਵਿਚਾਰ। ਨਿਆਂ ਦਾ ਸ਼ਾਬਦਿਕ ਅਰਥ ਨਿਰਪੱਖ ਕੀ ਹੈ ਜਾਂ ਉੱਚਿਤ ਕੀ ਹੈ? ਇੰਞ ਨਿਆਂ ਅਤੇ ਉੱਚਿਤ ਸਮਾਨਾਰਥੀ ਸ਼ਬਦ ਹਨ। ਨਿਆਂ ਸਦਾ ਹੀ ਨੈਤਿਕਤਾ ਜਾਂ ਉੱਚਿਤਤਾਉੱਪਰ ਆਧਾਰਿਤ ਹੈ। ਉੱਚਿਤ ਉਹ ਹੈ, ਜੋ ਇੱਕ ਨਿਯਮ ਜਾਂ ਰਸਮ ਦੇ ਅਨੁਸਾਰ ਹੈ। ਜੇ ਅਜਿਹਾ ਕੁਦਰਤੀ ਨਿਯਮ ਅਨੁਸਾਰ ਹੈ ਤਾਂ ਇਸ ਨੂੰ ਕੁਦਰਤੀ ਨਿਆਂ (Natural Justice) ਅਤੇ ਜੇ ਅਜਿਹਾ ਸਮਾਜਿਕ ਕਨੂੰਨ ਅਨੁਸਾਰ ਹੈ ਤਾਂ ਇਸਨੂੰ ਸਮਾਜਿਕ ਨਿਆਂ (Social Justice) ਕਿਹਾ ਜਾਂਦਾ ਹੈ। ਸਜ਼ਾ ਵੀ ਨਿਆਂ ਦਾ ਹੀ ਆਕਾਰ ਹੈ।

ਸ਼ਬਦ ‘ਨਿਆਂ’ ਨੂੰ ਵੱਖ-ਵੱਖ ਲੋਕਾਂ ਨੇ ਭਿੰਨ-ਭਿੰਨ ਸਮੇਂ ਅਤੇ ਸਥਾਨ ਉੱਪਰ ਵੱਖ-ਵੱਖ ਅਰਥ ਸੌਂਪੇ ਹਨ। ਨਿਆਂ ਦਾ ਵਿਚਾਰ ਗਤੀਸ਼ੀਲ ਕਾਰਜ ਹੈ। ਇੰਞ ਜੋ ਭੂਤਕਾਲ ਵਿੱਚ ਨਿਆਂਸ਼ੀਲ ਸੀ, ਅੱਜ ਵਰਤਮਾਨ ਕਾਲ ਵਿੱਚ ਨਿਆਂਪੂਰਵਕ ਵੇਖਿਆ ਜਾ ਸਕਦਾ ਹੈ। ਭਵਿੱਖ ਲਈ ਉਹੀ ਅਨਿਆਂਸ਼ੀਲ ਸਾਬਤ ਹੋ ਸਕਦਾ ਹੈ। ਨਿਆਂ ਦੀਆਂ ਅਮੂਰਤ ਧਾਰਨਾਵਾਂ ਨੂੰ ਵਿਹਾਰਿਕ ਪ੍ਰਗਟਾਵਿਆਂ ਨਾਲ ਜੋੜਨ ਵਿੱਚ ਵੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਕਈ ਲੋਕ ਰੂਹਾਨੀ ਅਤੇ ਨੈਤਿਕ ਨਿਆਂ ਦੀ ਵੀ ਗੱਲ ਕਰਦੇ ਹਨ, ਜਿਹੜਾ ਵਿਹਾਰਿਕ ਤੌਰ ਤੇ ਵਰਤੋਂ ਯੋਗ ਨਹੀਂ ਹੁੰਦਾ।

ਨਿਆਂ ਦੀ ਵੰਨਗੀ ਅਨੁਸਾਰ ਇਸਦੀਆਂ ਕੁਝ ਆਦਰਸ਼ਕ ਕਿਸਮਾਂ ਹੇਠ ਲਿਖੇ ਅਨੁਸਾਰ ਹਨ :

ਸਮਾਨਤਾਵਾਦੀ : ਸਮਾਨਤਾ ਨੂੰ ਨਿਆਂ ਦੇ ਮਾਮਲੇ ਵਿੱਚ ਸਭ ਤੋਂ ਉੱਚੇ ਸਥਾਨ ਉੱਪਰ ਰੱਖਦਾ ਹੈ ਅਤੇ ਇਸ ਅੰਦਰ ਆਦਰਸ਼ ’ਚੋਂ ਨਿਆਂ ਬਾਰੇ ਆਪਣਾ ਦ੍ਰਿਸ਼ਟੀਕੋਣ ਬਣਾਉਂਦਾ ਹੈ।

ਸੁਤੰਤਰਤਾਵਾਦੀ : ਹਰੇਕ ਵਸਤੂ ਨੂੰ ਸੁਤੰਤਰਤਾ ਦੀ ਕਸੌਟੀ ਨਾਲ ਮਾਪਣਾ ਚਾਹੁੰਦਾ ਹੈ। ਅਭਿਵਿਅਕਤੀਵਾਦੀ ਦਾ ਸਭ ਤੋਂ ਉੱਚਤਮ ਉਦੇਸ਼ ਪਰਮਾਤਮਾ ਦੀ ਇੱਛਾ ਦੀ ਪੂਰਤੀ ਕਰਵਾਉਣਾ ਹੈ।

ਨਰਮ-ਖ਼ਿਆਲੀਆ : ਪੁਰਾਤਨ ਸੰਸਥਾਵਾਂ ਦੀ ਪੂਜਾ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਹਨਾਂ ਵਿੱਚ ਕੋਈ ਤਬਦੀਲੀ ਨਾ ਕੀਤੀ ਜਾਵੇ।

ਸਰਬ ਸੱਤਾਵਾਦੀ : ਲੀਡਰਸ਼ਿਪ ਨੂੰ ਸਭ ਤੋਂ ਉੱਚੇ ਮੁੱਲ ਦੇ ਸਿਧਾਂਤ ਦੇ ਤੌਰ ਤੇ ਲੈਂਦਾ ਹੈ।

ਨਿਆਂ ਇੱਕ ਉਹ ਬੰਧਨ ਹੈ, ਜੋ ਸਮਾਜ ਨੂੰ ਜੋੜੀ ਰੱਖਦਾ ਹੈ ਅਤੇ ਜਿਸ ਕਰਕੇ ਅਲੱਗ-ਅਲੱਗ ਵਿਅਕਤੀ ਸਮਾਜ ਵਿੱਚ ਇਕਸੁਰਤਾ ਵਿੱਚ ਰਹਿੰਦੇ ਹਨ।

ਨਿਆਂ ਦੇ ਸਿਧਾਂਤ ਦਾਰਸ਼ਨਿਕ ਸਿਧਾਂਤ : ਨਿਆਂ ਦੇ ਦਾਰਸ਼ਨਿਕ ਸਿਧਾਂਤ (Philosophy Theory) ਅਨੁਸਾਰ ਅਸੀਂ ਆਪਣੇ ਪੁਰਾਣੇ ਧਰਮ ਗ੍ਰੰਥਾਂ ਵਿੱਚ ਨਿਆਂ ਦੀ ਵਿਆਖਿਆ ਵੱਲ ਝਾਤ ਮਾਰਦੇ ਹਾਂ। ਮਿਸਾਲ ਵਜੋਂ ਭਾਰਤ ਵਿੱਚ ਨਿਆਂ ਨੂੰ ਧਰਮ (Dharm) ਨਾਲ ਜੋੜ ਕੇ ਲਿਆ ਗਿਆ ਹੈ। ਹਿੰਦੂ ਨਿਆਂ ਪ੍ਰਨਾਲੀ ਅਨੁਸਾਰ ਧਰਮ ਨਿਆਂ ਦਾ ਅਰਥ ਸਮਾਨਤਾ, ਨਿਆਂ ਅਤੇ ਕਨੂੰਨ ਹੈ। ਪੱਛਮ ਵਿੱਚ ਇਸ ਦੀ ਸਭ ਤੋਂ ਵਧੀਆ ਉਦਾਹਰਨ ਪਲੈਟੋ ਦੀ ਪੁਸਤਕ ਦਾ ਰਿਪਬਲਿਕ (The Republic) ਵਿੱਚ ਨਿਆਂ ਦੇ ਸਿਧਾਂਤ ਤੋਂ ਮਿਲਦੀ ਹੈ। ਪਲੈਟੋ ਦਾ ਨਿਆਂ ਦਾ ਵਿਚਾਰ ਵਿਅਕਤੀ ਅਤੇ ਸਮਾਜਿਕ ਪੱਖ ਦੋਹਾਂ ਨਾਲ ਸੰਬੰਧਿਤ ਹੈ। ਅਨਿਆਂ ਉਸ ਸਮੇਂ ਪੈਦਾ ਹੁੰਦਾ ਹੈ, ਜਦੋਂ ਸਮਾਨ ਵਿਅਕਤੀਆਂ ਨੂੰ ਅਸਮਾਨ ਤੌਰ ਤੇ ਲਿਆ ਜਾਂਦਾ ਹੈ ਅਤੇ ਜਦੋਂ ਅਸਮਾਨ ਵਿਅਕਤੀਆਂ ਨੂੰ ਇੱਕ ਸਮਾਨ ਸਮਝਿਆ ਜਾਂਦਾ ਹੈ।

ਪ੍ਰਾਕ੍ਰਿਤਕ ਸਿਧਾਂਤ : ਇਹ ਵਿਚਾਰ ਰੋਮ ਦੇ ਵਕੀਲਾਂ ਤੋਂ ਲਿਆ ਗਿਆ ਹੈ ਜਿਹੜੇ ਨਿਆਂ ਨੂੰ ਇੱਕ ਅੰਤਮ ਉਦੇਸ਼ ਮੰਨਦੇ ਹਨ। ਸੇਂਟ ਅਗੱਸਟਾਈਨ ਨੇ ਨਿਆਂ ਦੇ ਵਿਚਾਰ ਨੂੰ ਈਸਾਈ ਧਰਮ ਦੇ ਉਪਦੇਸ਼ਾਂ ਨਾਲ ਜੋੜਿਆ ਹੈ। ਗ੍ਰੋਟੀਅਸ, ਜੋ ਹੁਣ ਅੰਤਰਰਾਸ਼ਟਰੀ ਕਨੂੰਨ ਦਾ ਪਿਤਾਮਾ ਹੈ, ਨੇ ਕੁਦਰਤ ਦੇ ਨਿਯਮ ਦੀ ਸਰਬ-ਸ੍ਰੇਸ਼ਠਤਾ ਦਾ ਪ੍ਰਚਾਰ ਕੀਤਾ ਹੈ। ਅਮਰੀਕਾ ਅਤੇ ਫ਼੍ਰਾਂਸ ਦੇ ਮਹਾਨ ਇਨਕਲਾਬੀ ਦਰਸਾਉਂਦੇ ਹਨ ਕਿ ਕੁਦਰਤੀ ਅਧਿਕਾਰ ਕੁਦਰਤੀ ਨਿਆਂ ਉੱਪਰ ਆਧਾਰਿਤ ਹਨ। ਕੁਦਰਤੀ ਨਿਆਂ ਦਾ ਵਿਚਾਰ ਉਦਾਰਵਾਦੀ ਨਿਆਂ ਪ੍ਰਨਾਲੀ ਦੇ ਵਿਅਕਤੀਆਂ ਲਈ ਪ੍ਰੇਰਨਾ ਦਾ ਸ੍ਰੋਤ ਰਿਹਾ ਹੈ।

ਕਨੂੰਨੀ ਸਿਧਾਂਤ : ਇਹ ਵਿਚਾਰ ਕੁਦਰਤੀ ਨਿਆਂ ਦੇ ਸਿਧਾਂਤਾਂ ਅਤੇ ਸਾਕਾਰਾਤਮਿਕ ਕਨੂੰਨ ਦੇ ਆਸਰਾ ਵਾਕਾਂ ਵਿਚਕਾਰ ਖ਼ੁਸ਼ਗਵਾਰ ਸੰਸਲੇਸ਼ਣ ਦੀ ਮੰਗ ਕਰਦਾ ਹੈ। ਇੰਞ ਨਿਆਂ ਮੰਗ ਕਰਦਾ ਹੈ : (ੳ) ਦੋਸ਼ੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਉੱਪਰ ਕਿਹੜੇ ਦੋਸ਼ ਲਗਾਏ ਗਏ ਹਨ। (ਅ) ਉਸਨੂੰ ਉੱਚਿਤ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਖ਼ੁਦ ਜਾਂ ਆਪਣੇ ਮੁਖਤਾਰ ਰਾਹੀਂ ਆਪਣੇ ਕੇਸ ਦੀ ਪੈਰਵੀ ਕਰ ਸਕੇ। (ੲ) ਉਹ ਅਦਾਲਤ ਜਿਹੜੀ ਕੇਸ ਦੀ ਸੁਣਵਾਈ ਕਰ ਰਹੀ ਹੈ, ਨਿਰਪੱਖ ਅਤੇ ਉੱਚਿਤ ਹੋਣੀ ਚਾਹੀਦੀ ਹੈ। (ਸ) ਮੁਕੱਦਮੇ ਦੀ ਕਾਰਵਾਈ ਸੁਤੰਤਰ ਅਤੇ ਉੱਚਿਤ ਢੰਗ ਅਤੇ ਮਾਹੌਲ ਵਿੱਚ ਹੋਣੀ ਚਾਹੀਦੀ ਹੈ।

ਹੁਣ ਅਸੀਂ ਕੁਝ ਮਹਾਨ ਦਾਰਸ਼ਨਿਕਾਂ ਦੇ ਵਿਚਾਰ ਨਿਆਂ ਸੰਬੰਧੀ ਵਿਚਾਰਾਂਗੇ।

ਯੂਨਾਨੀ ਦਾਰਸ਼ਨਿਕ ਥਰੈਸੀਮੈਚਸ ਅਨੁਸਾਰ ਨਿਆਂ ਸ਼ਕਤੀਸ਼ਾਲੀ ਦਾ ਹਿਤ ਹੈ। ਇਸਦਾ ਅਰਥ ਹੈ ਕਿ ਕੋਈ ਵਿਅਕਤੀ ਜੋ ਕਰਨਾ ਚਾਹੇ, ਉਹ ਕਰ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ‘ਤਾਕਤਵਰ ਹੀ ਉੱਚਿਤ ਉੱਚਿਤ ਹੈ’ (Might is Right)। ਗਲੈਕੋਨ ਅਨੁਸਾਰ ‘ਨਿਆਂ ਦਾ ਸਿਧਾਂਤ ਡਰ ਦਾ ਬੱਚਾ (Child of fear) ਹੈ’। ਉਸ ਅਨੁਸਾਰ ਸ੍ਵਾਰਥੀਪੁਣੇ ਨੂੰ ਕਨੂੰਨੀ ਪ੍ਰਨਾਲੀ ਰਾਹੀਂ ਰੋਕਿਆ ਜਾ ਸਕਦਾ ਹੈ ਅਤੇ ਕਮਜ਼ੋਰ ਸ਼੍ਰੇਣੀ ਦੇ ਹੱਕਾਂ ਦੀ ਰਖਵਾਲੀ ਹੋ ਸਕਦੀ ਹੈ। ਪਲੈਟੋ ਅਨੁਸਾਰ ‘ਨਿਆਂ ਇੱਕ ਸਦਗੁਣ ਹੈ’। ਉਹ ਕਹਿੰਦਾ ਹੈ ਕਿ ਨਿਆਂ ਕਿਸੇ ਇੱਕ ਸ਼੍ਰੇਣੀ ਦਾ ਨਹੀਂ ਸਗੋਂ ਸਮੁੱਚੇ ਸਮਾਜ ਦਾ ਸਦਗੁਣ ਹੈ। ਉਸ ਅਨੁਸਾਰ ਹਰੇਕ ਵਿਅਕਤੀ ਜਾਂ ਸ਼੍ਰੇਣੀ ਦਾ ਆਪਣੇ ਕੰਮ ਨਾਲ ਸੰਬੰਧ ਰੱਖਣਾ ਅਤੇ ਦੂਜੇ ਵਿਅਕਤੀ ਜਾਂ ਦੂਜੀ ਸ਼੍ਰੇਣੀ ਦੇ ਕੰਮ-ਕਾਰ ਵਿੱਚ ਦਖ਼ਲ ਨਾ ਦੇਣਾ ਹੀ ਨਿਆਂ ਹੈ। ਇਹ ਨਿਆਂ ਦਾ ਸਿਧਾਂਤ ਸਰਬ-ਵਿਆਪੀ ਵੀ ਹੈ ਅਤੇ ਨੈਤਿਕ ਵੀ।

ਅਰਸਤੂ ਅਨੁਸਾਰ, ‘ਨਿਆਂ ਹੀ ਇੱਕ ਪੂਰਨ ਸਦਗੁਣ ਹੈ।’ ਸਮਾਜ ਦਾ ਮੁੱਖ ਉਦੇਸ਼ ਇਹੀ ਹੈ ਕਿ ਸਾਰੇ ਨਾਗਰਿਕ ਸਦਗੁਣੀ ਹੋਣ। ਇੰਞ ਨਿਆਂ ਵਿਅਕਤੀ ਦੇ ਜੀਵਨ ਦਾ ਅੰਤਮ ਉਦੇਸ਼ ਬਣ ਜਾਂਦਾ ਹੈ। ਉਸ ਅਨੁਸਾਰ ਸਮਾਜ ਦੇ ਸਾਰੇ ਵਿਅਕਤੀ ਸਮਾਜ ਹੁੰਦੇ ਹਨ ਅਤੇ ਉਹ ਕੌਮ ਨੂੰ ਬਣਾਉਂਦੇ ਹਨ। ਜੇ ਉਹ ਸਮਾਨ ਹਨ ਤਾਂ ਉਹਨਾਂ ਦੇ ਅਧਿਕਾਰ ਵੀ ਸਮਾਨ ਹੋਣੇ ਚਾਹੀਦੇ ਹਨ। ਅਰਸਤੂ, ਪਲੈਟੋ ਦੇ ਕਰਤੱਵਾਂ ਨਾਲੋਂ ਮਨੁੱਖੀ ਅਧਿਕਾਰਾਂ ਉੱਪਰ ਵਧੇਰੇ ਜ਼ੋਰ ਦਿੰਦਾ ਹੈ। ਅਰਸਤੂ ਅਨੁਸਾਰ ਨਿਆਂ ਦੀਆਂ ਚਾਰ ਕਿਸਮਾਂ ਹੁੰਦੀਆਂ ਹਨ: (ੳ) ਸਰਬ-ਵਿਆਪੀ (ਅ) ਵਿਸ਼ੇਸ਼ ਨਿਆਂ (ੲ) ਵੰਡਾਤਮਿਕ ਨਿਆਂ (ਸ) ਸੁਧਾਰਾਤਮਿਕ ਨਿਆਂ।

ਅਰਸਤੂ ਕਹਿੰਦਾ ਹੈ ਕਿ ਹਰੇਕ ਪੱਖ ਵਿੱਚ ਸਮਾਜਿਕ ਭਲਾਈ ਹੋਣੀ ਚਾਹੀਦੀ ਹੈ। “ਸਮਾਜਿਕ ਭਲਾਈ ਹੀ ਸਦਗੁਣ ਹੈ।” ਨਿਆਂ ਇੱਕ ਨਿਰਪੇਖ ਸਿਧਾਂਤ ਨਾ ਹੋ ਕੇ ਇੱਕ ਸਾਪੇਖੀ ਸਿਧਾਂਤ ਹੈ। ਅਜਿਹਾ ਨਿਆਂ ਕੇਵਲ ਲੋਕਤੰਤਰੀ ਪ੍ਰਨਾਲੀ ਅੰਦਰ ਹੀ ਸੰਭਵ ਹੋ ਸਕਦਾ ਹੈ।

ਜੌਹਨ ਰਾਅਲਜ ਨੇ ਕੁਝ ਵਰ੍ਹੇ ਪਹਿਲਾਂ ਨਿਆਂ ਦੇ ਵਿਸ਼ੇ ਬਾਰੇ ਇੱਕ ਮਹੱਤਵਪੂਰਨ ਅਧਿਐਨ ਕੀਤਾ। ਦਾ ਥਿਊਰੀ ਆਫ ਜਸਟਿਸ ਨਾਮੀ ਪੁਸਤਕ ਨੇ ਰਾਅਲਜ ਨੂੰ ਪਲੈਟੋ, ਕਾਂਤ ਅਤੇ ਮਿਲ ਜਿਹੇ ਸਮਾਜਿਕ ਸਿਧਾਂਤਾਂ ਦੇ ਦਾਰਸ਼ਨਿਕਾਂ ਦੀ ਸ਼੍ਰੇਣੀ ਵਿੱਚ ਲਿਆ ਖੜ੍ਹਾ ਕੀਤਾ ਹੈ। ਨਿਆਂ ਬਾਰੇ ਉਸਦੇ ਵਿਚਾਰਾਂ ਦਾ ਮੁੱਖ ਸ੍ਰੋਤ 1958 ਵਿੱਚ ਪ੍ਰਕਾਸ਼ਿਤ ਇੱਕ ਨਿਬੰਧ ਹੈ, ਜਿਸ ਦਾ ਸਿਰਲੇਖ ਸੀ ‘ਜਸਟਿਸ ਐਜ. ਫੇਅਰਨੈਸ’ (Justice as Fairness) ਇਸ ਪੇਪਰ ਵਿੱਚ ਰਾਅਲਜ ਦੇ ਬੈਥਮ ਦੁਆਰਾ ਸੁਖਵਾਦ ਬਾਰੇ ਦਲੀਲ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਉਹ ਆਪਣੇ ਦ੍ਰਿਸ਼ਟੀਕੋਣ ਵਿੱਚ ਖ਼ਾਸ ਕਿਸਮ ਦਾ ਸਮਾਨਵਾਦੀ ਹੈ। ਉਸਨੇ ਯੋਗਤਾ ਅਤੇ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਮਾਨਤਾਵਾਂ ਦੀ ਪੁਸ਼ਟੀ ਕੀਤੀ ਹੈ।

ਪ੍ਰੋ. ਐੱਚ.ਐੱਲ.ਏ. ਹਾਰਟ ਮੰਨਦਾ ਹੈ ਕਿ ਨਿਆਂ ਲਈ ਸਭ ਤੋਂ ਨੇੜੇ ਦਾ ਸ਼ਬਦ ਨਿਰਪੱਖ ਹੈ ਅਤੇ ਅਨਿਆਂ ਲਈ ਪੱਖਪਾਤੀ ਜਾਂ ਅਨੁਚਿਤ ਹੈ। ਉਸ ਅਨੁਸਾਰ ਸਧਾਰਨ ਸ਼ਬਦਾਂ ਵਿੱਚ ਨਿਆਂ ਸੰਕਲਪ ਦਾ ਕੇਂਦਰੀ ਭਾਵ ਹੈ “ਸਮਾਨ ਕੇਸਾਂ ਨਾਲ ਸਮਾਨ ਵਿਹਾਰ ਕਰਨਾ ਅਤੇ ਭਿੰਨ ਕੇਸਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਲੈਣਾ।” (Treat like cases alike and different cases differently)।

ਹਾਰਟ ਨੇ ਨਿਆਂ ਦੇ ਸੰਬੰਧ ਨੂੰ ਕੇਵਲ ਕਨੂੰਨ ਅਤੇ ਸਰਕਾਰ ਨਾਲ ਹੀ ਸਪਸ਼ਟ ਕਰਨ ਦਾ ਯਤਨ ਨਹੀਂ ਕੀਤਾ ਸਗੋਂ ਸਮਾਜਿਕ ਅਤੇ ਆਰਥਿਕ ਪ੍ਰਨਾਲੀ ਨਾਲ ਵੀ ਨਿਆਂ ਦੇ ਸੰਬੰਧ ਉੱਪਰ ਚਰਚਾ ਕੀਤੀ ਹੈ। ਇਸਨੂੰ ਸਮਾਜਿਕ ਨਿਆਂ (social justice) ਕਿਹਾ ਗਿਆ ਹੈ। ਇਸ ਲਈ ਨਿਆਂ ਦਾ ਸੰਬੰਧ ਸਮਾਨਤਾ ਅਤੇ ਨਿਰਪੱਖਤਾ ਨਾਲ ਵੀ ਹੁੰਦਾ ਹੈ।

ਅਸੀਂ ਕਹਿ ਸਕਦੇ ਹਾਂ ਕਿ ਨਿਆਂ ਦਾ ਆਦਰਸ਼ ਪੂਰੀ ਤਰ੍ਹਾਂ ਨਾਲ ਕਨੂੰਨ ਸੁਤੰਤਰਤਾ, ਸਮਾਨਤਾ, ਨਿਰਪੱਖਤਾ ਅਤੇ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਅਰਸਤੂ ਦੇ ਸ਼ਬਦਾਂ ਵਿੱਚ “ਨਿਆਂ ਉਹ ਹੈ, ਜੋ ਪੂਰੀ ਦੀ ਪੂਰੀ ਭਲਾਈ ਲਈ ਜਵਾਬਦੇਹ ਹੁੰਦਾ ਹੈ...ਜੋ ਆਪਣੇ ਗੁਆਂਢੀ ਨਾਲ ਪੂਰਨ ਰੂਪ ਵਿੱਚ ਭਲਾਈ ਦਾ ਅਭਿਆਸ ਹੁੰਦਾ ਹੈ।”

ਡੇਨੀਅਲ ਵੈਬਸਟਰ ਪੂਰਨ ਰੂਪ ਵਿੱਚ ਸਹੀ ਸੀ ਜਦੋਂ ਉਸਨੇ ਕਿਹਾ ਸੀ ਕਿ “ਨਿਆਂ ਵਿਅਕਤੀ ਦੀ ਸਸਤੀ ਤੋਂ ਸਸਤੀ ਰੁਚੀ ਹੈ।”

ਭਾਰਤੀ ਚਿੰਤਨ ਵਿੱਚ ਸ਼ੁਰੂਆਤ ਤੋਂ ਹੀ ਨਿਆਂ ਦੇ ਵਿਚਾਰ ਨੂੰ ਮਹੱਤਵਪੂਰਨ ਸਥਾਨ ਮਿਲਿਆ ਹੋਇਆ ਹੈ। ਜਦੋਂ ਪਰਜਾਪਤੀ ਨੇ ਮਹਿਸੂਸ ਕੀਤਾ ਕਿ ਉਸਦਾ ਕੰਮ ਅਧੂਰਾ ਹੈ ਤਾਂ ਉਸਨੇ ਧਰਮ ਦੀ ਸਿਰਜਣਾ ਕੀਤੀ, ਜੋ ਖ਼ੁਸ਼ੀ ਅਤੇ ਖ਼ੁਸ਼ਹਾਲੀ ਦਾ ਉੱਚਤਮ ਆਦਰਸ਼ ਹੈ। ਉਸਨੇ ਅੱਗੇ ਚੱਲ ਕੇ ਇਸਦਾ ਸਭ ਤੋਂ ਵਧੀਆ ਆਕਾਰ ਸਿਰਜਿਆ ਹੈ, ਜੋ ਨਿਆਂ ਹੈ। ਨਿਆਂ ਤੋਂ ਉੱਪਰ ਕੁਝ ਵੀ ਨਹੀਂ। ਮਨੂ ਦੇ ਅਨੁਸਾਰ ਰਾਜੇ ਦੇ ਮਹੱਤਵਪੂਰਨ ਕਾਰਜਾਂ ਨੂੰ ਨਿਆਂ ਬਣਾਉਂਦਾ ਹੈ।  ਕੌਟੱਲਿਆ ਦੇ ਸਮੇਂ ਜਾਤ-ਪਾਤ, ਨਸਲ ਅਤੇ ਰੰਗ ਦੇ ਆਧਾਰ ਤੇ ਲੋਕਾਂ ਵਿਚਕਾਰ ਕੋਈ ਭੇਦ-ਭਾਵ ਨਹੀਂ ਸੀ ਕੀਤਾ ਜਾਂਦਾ ਹੈ। ਨਿਆਂ ਕਿਸੇ ਆਦਰਸ਼ ਸਮਾਜ ਦੀ ਪੂਰਵ ਸ਼ਰਤ ਹੈ।

ਸਿੱਖ ਗੁਰੂਆਂ ਨੇ ਜਿੰਨੀਆਂ ਵੀ ਸਮਾਜਿਕ, ਨੈਤਿਕ ਅਤੇ ਰਾਜਨੀਤਿਕ ਸੰਸਥਾਵਾਂ ਦੀ ਸਥਾਪਨਾ ਕੀਤੀ, ਉਹਨਾਂ ਸਾਰੀਆਂ ਦਾ ਉਦੇਸ਼ ਨਿਆਂਪੂਰਵਕ ਸਮਾਜ ਦੀ ਸਥਾਪਨਾ ਕਰਨਾ ਸੀ। ਸਿੱਖ ਫ਼ਲਸਫ਼ੇ ਵਿੱਚ ਸਦਗੁਣ ‘ਨਿਆਂ’ ਦਾ ਅਰਥ ਦੂਜਿਆਂ ਦੇ ਅਧਿਕਾਰਾਂ ਦਾ ਸਨਮਾਨ ਹੈ ਅਤੇ ਦੂਜਿਆਂ ਦਾ ਸ਼ੋਸ਼ਣ ਨਾ ਕਰਨਾ ਹੈ। ਸਿੱਖ ਸਮਾਜਿਕ ਅਤੇ ਰਾਜਨੀਤਿਕ ਫ਼ਲਸਫ਼ੇ ਦਾ ਮੁੱਖ ਆਦਰਸ਼ ਨਿਆਂ ਹੈ। ਇੱਥੋਂ ਤੱਕ ਕਿ ਨਿਆਂ ਦੀ ਪ੍ਰਾਪਤੀ ਲਈ ਸ਼ਕਤੀ ਦੇ ਇਸਤੇਮਾਲ ਨੂੰ ਵੀ ਨੈਤਿਕ ਦੱਸਿਆ ਗਿਆ ਹੈ।


ਲੇਖਕ : ਜੀ. ਐੱਸ. ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-11-51-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.