ਨਿਰੁਕਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਰੁਕਤ: ਨਿਰੁਕਤ ਤੋਂ ਭਾਵ ਕਿਸੇ ਸ਼ਬਦ ਦੇ ਮੂਲ ਅਰਥ ਦੀ ਜਾਣਕਾਰੀ ਦੇਣਾ ਹੈ। ਨਿਰੁਕਤ ਦੇ ਸੰਕਲਪ ਦਾ ਅਰੰਭ ਯਾਸਕ ਦੇ ਰਚੇ ਗ੍ਰੰਥ ਨਿਰੁਕਤ ਤੋਂ ਹੁੰਦਾ ਹੈ। ਨਿਰੁਕਤ ਛੇ ਵੇਦ ਅੰਗਾਂ ਵਿੱਚ ਇੱਕ ਸ਼ਾਸਤਰ ਹੈ, ਜਿਸ ਦਾ ਉਦੇਸ਼ ਸ਼ਬਦਾਂ ਦੀ ਚੋਣ ਕਰਨਾ ਹੈ। ਵੇਦਾਂ ਵਿੱਚ ਵਰਤੇ ਅਸਪਸ਼ਟ ਅਰਥ ਵਾਲੇ ਜਾਂ ਕਠਨ ਸ਼ਬਦਾਂ ਦਾ ਨਿਘੰਟੂ ਵਿੱਚ ਸੰਕਲਨ ਕਰਨ ਤੋਂ ਬਾਅਦ, ਯਾਸਕਾਚਾਰੀਆ ਨੇ ਅਰਥ ਅਤੇ ਧੁਨੀ ਸਮਾਨਤਾ ਅਤੇ ਵਿਆਕਰਨਿਕ ਪ੍ਰਕਿਰਿਆ ਦੇ ਆਧਾਰ ਤੇ ਉਹਨਾਂ ਦੇ ਮੂਲ ਧਾਤੂ ਨਿਸ਼ਚਿਤ ਕਰ ਕੇ ਉਹਨਾਂ ਸ਼ਬਦਾਂ ਦਾ ਅਰਥ ਨਿਰਧਾਰਿਤ ਕਰਨ ਸੰਬੰਧੀ ਨਿਰੁਕਤ ਦੀ ਰਚਨਾ ਕੀਤੀ। ਇਸ ਵਿੱਚ ਚੌਦਾਂ ਅਧਿਆਇ ਹਨ। ਦੂਜੇ ਅਧਿਆਇ ਦੇ ਪੰਜਵੇਂ ਖੰਡ ਤੱਕ ਚੋਣ ਸੰਬੰਧੀ ਭਾਸ਼ਾ ਵਿਸ਼ਿਆਂ ਦਾ ਵਿਵੇਚਨ ਹੈ ਅਤੇ ਬਾਰ੍ਹਵੇਂ ਅਧਿਆਇ ਤੱਕ ਨਿਘੰਟੂ ਸੰਕਲਿਤ 1771 ਪਦਾਂ ਵਿੱਚੋਂ 660 ਦੀ ਵਿਆਖਿਆ ਕੀਤੀ ਗਈ ਹੈ। ਅਖੀਰਲੇ ਦੋ ਅਧਿਆਇਆਂ ਦੇ ਵਿਸ਼ੇ ਦੇਵਤਾਵਾਂ ਦੀ ਅਤਿ ਪ੍ਰਸੰਸਾ ਅਤੇ ਮੌਤ ਤੋਂ ਬਾਅਦ ਮਨੁੱਖ ਦੀ ਗਤੀ ਨਾਲ ਹੈ।

     ਨਿਰੁਕਤ ਦਾ ਮੰਤਵ ਕੌਤਸ ਆਦਿ ਦੀ ਨਾਸਤਿਕ ਵਿਚਾਰਧਾਰਾ ਜਿਸ ਦੇ ਅਨੁਸਾਰ ਵੇਦ ਮੰਤਰ ਬੇ-ਅਰਥ ਸਿੱਧ ਕੀਤੇ ਗਏ, ਦਾ ਖੰਡਨ ਕਰਨਾ ਹੈ। ਇਸ ਲਈ ਮੰਤਰਾਂ ਦੇ ਸਪਸ਼ਟ ਅਰਥ ਨਿਰਧਾਰਿਤ ਕਰ ਕੇ ਦੇਵਤਾਵਾਂ ਦਾ ਤਾਤਵਿਕ ਸਰੂਪ ਪ੍ਰਗਟ ਕਰਨਾ ਹੀ ਇਸ ਦਾ ਮੁੱਖ ਵਿਸ਼ਾ ਹੈ। ਮੰਤਰ ਅਰਥ ਸਪਸ਼ਟ ਕਰਨ ਲਈ ਆਪਣੀ ਵਿਆਖਿਆ ਵਿੱਚ ਯਾਸਕ ਨੇ ਭਾਸ਼ਾ ਅਤੇ ਅਰਥ ਸੰਬੰਧੀ ਕਈ ਮਹੱਤਵਪੂਰਨ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਸਥਾਪਿਤ ਕੀਤਾ ਜਿਵੇਂ 1. ਸ਼ਬਦ ਦਾ ਅਰਥ ਉਸ ਦੇ ਮੂਲ ਧਾਤੂ ਦੇ ਅਰਥ ਤੋਂ ਨਿਯਮਿਤ ਹੁੰਦਾ ਹੈ; 2. ਭਾਸ਼ਾ ਆਪਣਾ ਰੂਪ ਬਦਲਦੀ ਹੈ, ਇਸ ਲਈ ਗ੍ਰੰਥ ਵਿਚਲੇ ਸ਼ਬਦਾਂ ਦੇ ਲੌਕਿਕ ਰੂਪਾਂਤਰ ਹੋਣ ਨਾਲ ਭਾਸ਼ਾ ਵਿੱਚ ਸਮਾਨਅਰਥੀ ਸ਼ਬਦ ਉਪਲਬਧ ਹੁੰਦੇ ਹਨ; 3. ਇਤਿਹਾਸਿਕ, ਭੂਗੋਲਿਕ ਅਤੇ ਸਮਾਜਿਕ ਕਾਰਨਾਂ ਤੋਂ ਭਾਸ਼ਾਵਾਂ ਪਰਿਵਰਤਿਤ, ਵੱਖਰੀਆਂ ਅਤੇ ਵਿਸਤ੍ਰਿਤ ਹੋ ਜਾਂਦੀਆਂ ਹਨ। ਯਾਸਕ ਦਾ ਆਪਣੇ ਹੀ ਨਿਘੰਟੂ ਵਿੱਚ ਸੰਕਲਿਤ 1771 ਪਰੋਖ ਵੈਦਿਕ ਸ਼ਬਦਾਂ ਵਿੱਚੋਂ 660 ਸ਼ਬਦਾਂ ਦਾ ਵਿਵਰਨ ਅਤੇ ਸ਼ਬਦਾਂ ਦੇ ਵਿਵਰਨ ਵਿੱਚ ਇਹਨਾਂ ਸੰਬੰਧਾਂ ਦਾ ਧਿਆਨ ਜ਼ਰੂਰੀ ਹੈ; 4. ਸ਼ਬਦਾਂ ਦਾ ਅਰਥ ਉਹਨਾਂ ਦੇ ਪ੍ਰਸੰਗ ਉੱਤੇ ਵੀ ਨਿਰਭਰ ਹੈ; 5. ਸ਼ਬਦਾਰਥ ਦ੍ਰਿਸ਼ਟੀ-ਭੇਦ ਉੱਤੇ ਵੀ ਨਿਰਭਰ ਹੈ; 6. ਸ਼ਬਦਾਰਥ ਦੀ ਲੱਖਣਾ ਵੀ ਹੁੰਦੀ ਹੈ; 7. ਸ਼ਬਦਾਂ ਦੇ ਰੂਪ ਪਰਿਵਰਤਨ ਦੇ ਕਾਰਨ ਸ਼ਬਦਾਂ ਦਾ ਅਰਥ ਅਸਪਸ਼ਟ ਹੋ ਜਾਂਦਾ ਹੈ; ਅਤੇ 8. ਭਾਸ਼ਾ ਵਿੱਚ ਧੁਨੀ ਪਰਿਵਰਤਨ ਸੁਭਾਵਿਕ ਪ੍ਰਕਿਰਿਆ ਹੈ ਅਤੇ ਇਸ ਦੀਆਂ ਤਿੰਨ ਪ੍ਰਵਿਰਤੀਆਂ ਹਨ-ਲੋਪ, ਵਿਕਾਰ ਅਤੇ ਆਗਮ।

     ਸਤਵੇਂ ਅਧਿਆਇ ਦੇ 14ਵੇਂ ਖੰਡ ਤੋਂ ਤੇਰਵੇਂ ਅਧਿਆਇ ਦੇ ਅੰਤ ਤੱਕ ਨਿਘੰਟੂ ਵਿੱਚ ਸੰਕਲਿਤ ਦੇਵਤਾ ਨਾਂਵਾਂ ਦੀ ਵਿਆਖਿਆ ਕੀਤੀ ਗਈ ਹੈ, ਜਿਸ ਦਾ ਮੰਤਵ ਦੇਵਤਾ ਸਿਧਾਂਤ ਦੀ ਸਥਾਪਨਾ ਹੈ-ਯਾਸਕ ਦੇ ਮਤ ਅਨੁਸਾਰ ਦੇਵਤਾ ਅਧਿਭੌਤਿਕ ਤੱਤ ਹੈ, ਕੋਈ ਅਲੌਕਿਕ ਵਸਤੂ ਨਹੀਂ ਅਤੇ ਦੇਵਤਾ ਇੱਕ ਆਤਮਾ ਹੈ ਅਤੇ ਵੱਖ-ਵੱਖ ਕਾਰਜਾਂ ਦੇ ਕਾਰਨ ਤੋਂ ਉਹੀ ਅਗਨੀ, ਵਰੁਣ ਅਤੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ ਦਰਸ਼ਨ ਦੇ ਇਤਿਹਾਸ ਵਿੱਚ ਇਹ ਅਤਿਅੰਤ ਮਹੱਤਵਪੂਰਨ ਸਿਧਾਂਤ ਬਣਿਆ ਅਤੇ ਅੱਗੇ ਚੱਲ ਕੇ ਵੇਦਾਂਤ ਦੇ ਮੂਲ ਸਿਧਾਂਤ ‘ਬ੍ਰਹਮ’ ਦੇ ਰੂਪ ਵਿੱਚ ਸਥਾਪਿਤ ਹੋਇਆ।

     ਦੇਵਤਾ ਨਾਂ ਦਾ ਅਰਥ ਵੀ ਯਾਸਕ ਹੋਰ ਸ਼ਬਦਾਂ ਦੀ ਤਰ੍ਹਾਂ ਨਿਰਵਚਨ (ਧਾਤੂਆਂ ਬਾਰੇ ਵਿਸਤਾਰ ਵਿੱਚ ਵਿਆਖਿਆ) ਦੁਆਰਾ ਹੀ ਨਿਰਧਾਰਿਤ ਕਰਦਾ ਹੈ ਅਤੇ ਆਧੁਨਿਕ ਭਾਸ਼ਾ-ਵਿਗਿਆਨ ਦੀ ਦ੍ਰਿਸ਼ਟੀ ਤੋਂ ਨਿਰਵਚਨ ਨਿਰੁਕਤ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਵਿਸ਼ਾ ਹੈ। ਦੂਜੇ ਅਧਿਆਇ ਵਿੱਚ ਤਿੰਨ ਨਿਰਵਚਨ ਸਿਧਾਂਤ ਪੇਸ਼ ਹਨ: 1. ਜਿਨ੍ਹਾਂ ਪ੍ਰਤੱਖ ਵਰਿੱਤੀ ਸ਼ਬਦਾਂ ਦਾ ਰੂਪ ਅਰਥ ਦੇ ਅਨੁਕੂਲ ਅਤੇ ਵਿਆਕਰਨਿਕ ਪ੍ਰਕਿਰਿਆ ਦੇ ਅਨੁਸਾਰ ਪਰਿਵਰਤਿਤ ਹੋ ਕੇ ਪੂਰਾ ਹੁੰਦਾ ਹੈ, ਉਹਨਾਂ ਦੀ ਵਿਆਖਿਆ ਵਿਆਕਰਨ ਦੇ ਅਨੁਸਾਰ ਕਰਨੀ ਚਾਹੀਦੀ ਹੈ 2. ਜਿਨ੍ਹਾਂ ਪਰੋਖ ਵਰਿੱਤੀ (ਅਪ੍ਰਤੱਖ ਵਸਤੂਆਂ ਦਾ ਵਿਵਰਨ ਦੇਣ ਵਾਲੇ ਸ਼ਬਦ) ਸ਼ਬਦਾਂ ਦੀ ਵਿਉਤਪਤੀ ਅਰਥ ਅਤੇ ਵਿਆਕਰਨਿਕ ਪ੍ਰਕਿਰਿਆ ਤੋਂ ਸਪਸ਼ਟ ਨਹੀਂ ਹੁੰਦੀ, ਉਹਨਾਂ ਦੀ ਵਿਆਖਿਆ ਸੰਭਵ ਹੋਣ ਤੇ ਵਿਆਕਰਨ ਦੇ ਅਨੁਸਾਰ ਅਤੇ ਕਠਨ ਹੋਣ ਤੇ ਨਿਰੁਕਤ ਦੀ ਸਹਾਇਤਾ ਨਾਲ ਕਰਨੀ ਚਾਹੀਦੀ ਹੈ; 3. ਜਿਨ੍ਹਾਂ ਵਿੱਚ ਵਿਉਤਪਤੀ ਬਿਲਕੁਲ ਅਸਪਸ਼ਟ ਹੈ, ਉਹਨਾਂ ਦੀ ਚੋਣ ਉਸ ਸ਼ਬਦ ਜਾਂ ਉਸ ਦੇ ਅੰਸ਼ ਨਾਲ ਮਿਲਦੇ-ਜੁਲਦੇ ਵਰਨ ਜਾਂ ਅਰਥ ਇੱਕਸਾਰਤਾ ਵਾਲੇ ਸ਼ਬਦਾਂ ਦੇ ਮਾਧਿਅਮ ਤੋਂ ਕਰਨੀ ਚਾਹੀਦੀ ਹੈ।

     ਅਰਥ-ਇੱਕਸਾਰਤਾ ਦੇ ਲਈ ਪ੍ਰਕਰਨ ਦਾ ਗਿਆਨ ਅਤੇ ਅਰਥ ਵਿਕਾਸ ਦਾ ਗਿਆਨ ਜ਼ਰੂਰੀ ਹੈ ਅਤੇ ਧੁਨੀ-ਇੱਕਸਾਰਤਾ ਨੂੰ ਨਿਸ਼ਚਿਤ ਕਰਨ ਲਈ ਧੁਨੀ ਪਰਿਵਰਤਨ ਦੀਆਂ ਲੋਪ, ਵਿਕਾਰ ਆਗਮ ਆਦਿ ਸਧਾਰਨ ਪ੍ਰਕਿਰਿਆਵਾਂ ਦਾ ਗਿਆਨ ਜ਼ਰੂਰੀ ਹੈ। ਇਹਨਾਂ ਤੋਂ ਇਲਾਵਾ ਨਿਰਵਚਨ ਵਿੱਚ ਭਾਸ਼ਾ ਦੀ ਰੂਪ-ਅਰਥ ਵਿਸ਼ੇਸ਼ਤਾਵਾਂ ਵਿੱਚ ਇਤਿਹਾਸਿਕ, ਭੂਗੋਲਿਕ ਅਤੇ ਸਮਾਜਿਕ ਕਾਰਨਾਂ ਦਾ ਗਿਆਨ ਵੀ ਜ਼ਰੂਰੀ ਹੈ।

     ਨਿਰੁਕਤ ਸਾਡੀ ਪਰੰਪਰਾ ਦਾ ਇੱਕ ਮਹੱਤਵਪੂਰਨ ਗ੍ਰੰਥ ਹੈ ਜਿਸ ਵਿੱਚ ਅਨੇਕਾਰਥ ਸ਼ਬਦਾਂ ਦੀ ਵਿਆਖਿਆ ਨਾਲ ਅਤੇ ਕਠਨ ਸ਼ਬਦਾਂ ਦੇ ਨਿਰਵਚਨ ਤੋਂ ਭਾਸ਼ਾ ਦੇ ਅਰਥ ਅਤੇ ਧੁਨੀ ਵਿਕਾਸ ਅਤੇ ਪਰਿਵਰਤਨ ਪ੍ਰਕਿਰਿਆਵਾਂ ਦਾ ਸਪਸ਼ਟ ਵਿਵੇਚਨ ਮਿਲਦਾ ਹੈ। ਇਸ ਵਿੱਚ ਪ੍ਰਯੋਗਾਰਥ ਦੀ ਮਹੱਤਤਾ ਅਤੇ ਪ੍ਰਯੋਗ ਆਧਾਰਿਤ, ਇਤਿਹਾਸਿਕ- ਨਿਯਮਬੱਧ ਕੋਸ਼ ਦਾ ਪਹਿਲਾ ਵਿਵੇਚਨ ਹੈ। ਵੈਦਿਕ ਸਾਹਿਤ ਦੇ ਸੁਚਾਰੂ ਵਿਗਿਆਨਿਕ ਅਧਿਐਨ ਦਾ ਇਹ ਪਹਿਲਾ ਸਰੂਪ ਹੈ। ਇਸ ਵਿੱਚ ਭਾਸ਼ਾ-ਸ਼ਾਸਤਰ ਦੇ ਕੁਝ ਆਧਾਰਿਤ ਸਿਧਾਂਤਾਂ-ਸ਼ਬਦਾਂ ਦਾ ਵਰਗੀਕਰਨ, ਨਾਮ ਭਾਵ, ਉਪਸਰਗ-ਲੱਛਣ, ਨਾਮਾਂ ਦੀ ਵਿਉਤਪਤੀ ਆਦਿ ਦਾ ਪ੍ਰਤਿਪਾਦਨ ਹੈ। ਭਾਸ਼ਾ ਦੇ ਵਿਕਾਸ, ਪਰਿਵਰਤਨ ਅਤੇ ਭਿੰਨਤਾਵਾਂ ਦਾ ਇਸ ਵਿੱਚ ਪਹਿਲਾ ਵਿਵੇਚਨ ਹੈ। ਨਿਰੁਕਤ ਸ਼ਾਸਤਰ ਦੇ ਇਤਿਹਾਸ ਵਿੱਚ ਇਹ ਪਹਿਲਾ ਗ੍ਰੰਥ ਹੈ; ਪਹਿਲਾ ਭਾਸ਼ ਹੈ। ਯਾਸਕ ਪਹਿਲਾ ਭਾਸ਼ਕਾਰ ਹੈ ਅਤੇ ਭਾਸ਼ ਪਰੰਪਰਾ ਦਾ ਮੋਢੀ ਹੈ। ਅਰਥ ਗਿਆਨ ਅਤੇ ਅਰਥ ਨਿਰਧਾਰਨ ਦੀ ਸ਼ਾਸਤਰ ਪੱਧਤੀ ਦਾ ਵੀ ਇਹ ਸ੍ਰੋਤ ਗ੍ਰੰਥ ਹੈ। ਭਾਰਤ ਦੀ ਇੱਕ ਮਹੱਤਵਪੂਰਨ ਦਾਰਸ਼ਨਿਕ ਧਾਰਾ, ਆਸਤਿਕ ਅਦੈਤਵ-ਵੇਦਾਂਤ, ਦਾ ਪਹਿਲਾ ਵਿਸ਼ਲੇਸ਼ਣਾਤਮਿਕ ਚਿੰਤਨ ਨਿਰੁਕਤ ਵਿੱਚ ਹੀ ਮਿਲਦਾ ਹੈ।


ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਿਰੁਕਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰੁਕਤ 1 [ਨਾਂਪੁ] ਸ਼ਬਦਾਂ ਦੀ ਉਤਪਤੀ ਤੇ ਵਿਕਾਸ ਸੰਬੰਧੀ ਸ਼ਾਸਤਰ 2 [ਵਿਸ਼ੇ] ਅਣਕਿਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਰੁਕਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰੁਕਤ. ਸੰ. ਨਿਰੁਕ੍ਤ. ਵਿ—ਚੰਗੀ ਤਰਾਂ ਉਕ੍ਤ (ਆਖਿਆ ਹੋਇਆ). ੨ ਸੰਗ੍ਯਾ—ਵੇਦ ਦਾ ਇੱਕ ਅੰਗ , ਜਿਸ ਵਿੱਚ ਵੇਦ ਦੇ ਸ਼ਬਦਾਂ ਦੀ ਵ੍ਯਾਖ੍ਯਾ ਹੈ. ਇਸ ਵਿੱਚ ਸ਼ਬਦਾਂ ਦਾ ਅਰਥ ਉੱਤਮ ਰੀਤਿ ਨਾਲ ਕੀਤਾ ਗਿਆ ਹੈ. ਇਹ ਯਾਸੑਕ ਮੁਨਿ ਦਾ ਰਚਿਆ ਨਿਘੰਟੁ ਕੋਸ਼ ਤੇ ਵ੍ਯਾਖ੍ਯਾਰੂਪ ਗ੍ਰੰਥ ਹੈ, ਜਿਸ ਦੇ ੧੨ ਅਧ੍ਯਾਯ ਹਨ। ੩ ਨਿਰ-ਉਕ੍ਤ. ਵਿ—ਅਕਥਿਤ. ਜੋ ਕਹਿਆ ਨਹੀਂ ਗਿਆ. “ਨਿਰੁਕਤ ਸਰੂਪ ਹੈਂ.” (ਜਾਪੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.