ਨਿਰੰਕਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰੰਕਾਰੀ [ਨਾਂਪੁ] ਨਿਰੰਕਾਰ ਦਾ ਉਪਾਸਕ; ਇੱਕ ਧਾਰਮਿਕ ਸਮੁਦਾਇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਰੰਕਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰੰਕਾਰੀ. ਵਿ—ਨਿਰੰਕਾਰ (ਨਿਰਾਕਾਰ) ਦਾ ਉਪਾਸਕ. “ਆਤਮ ਚੀਨਿ ਭਏ ਨਿਰੰਕਾਰੀ.” (ਆਸਾ ਅ: ਮ: ੧) ੨ ਸੰਗ੍ਯਾ—ਗੁਰੂ ਨਾਨਕਦੇਵ। ੩ ਗੁਰੂ ਨਾਨਕਦੇਵ ਦਾ ਸਿੱਖ. “ਦੁਬਿਧਾ ਛੋਡਿ ਭਏ ਨਿਰੰਕਾਰੀ.” (ਧਨਾ ਅ: ਮ: ੧)

     ੪ ਸਿੱਖਾਂ ਦਾ ਇੱਕ ਖ਼ਾਸ ਫਿਰਕਾ. ਜੋ ਭਾਈ ਦਿਆਲ (ਦਯਾਲ) ਜੀ ਤੋਂ ਚੱਲਿਆ. ਪਿਸ਼ੌਰ ਵਿੱਚ ਸਹਜਧਾਰੀ ਸਿੱਖ ਗੁਰਸਹਾਇ ਜੀ ਬਾਰ੍ਹੀ ਖਤ੍ਰੀ ਵਸਦੇ ਸਨ. ਉਨ੍ਹਾਂ ਦੇ ਘਰ ਰਾਮਸਹਾਇ ਪੁਤ੍ਰ ਹੋਇਆ, ਜਿਸ ਦੀ ਸ਼ਾਦੀ ਭਾਈ ਵਸਾਖਾ ਸਿੰਘ ਦਸ਼ਮੇਸ਼ ਦੇ ਖ਼ਜਾਨਚੀ ਦੀ ਸੁਪੁਤ੍ਰੀ ਲਾਡਿਕੀ ਨਾਲ ਹੋਈ. ਇਸ ਦੇ ਉਦਰ ਤੋਂ ੧੫ ਵੈਸਾਖ ਸੰਮਤ ੧੮੪੦ (ਸਨ ੧੭੮੩) ਨੂੰ ਭਾਈ ਦਿਆਲ ਜੀ ਦਾ ਜਨਮ ਹੋਇਆ.

     ਤੀਹ ਵਰ੍ਹੇ ਦੀ ਉਮਰ ਵਿੱਚ ਭਾਈ ਦਿਆਲ ਜੀ ਦੀ ਮਾਤਾ ਚਲਾਣਾ ਕਰ ਗਈ ਅਰ ਦਿਆਲ ਜੀ ਆਪਣੇ ਮਾਮੇ ਮਿਲਖਾ ਸਿੰਘ ਪਾਸ ਰਾਵਲਪਿੰਡੀ ਬਹੁਤ ਰਹਿਣ ਲੱਗੇ. ਮਿਲਖਾ ਸਿੰਘ ਨੇ ਇਨ੍ਹਾਂ ਨੂੰ ਧਰਮ ਪ੍ਰਚਾਰ ਕਰਨ ਲਈ ਪ੍ਰੇਰਿਆ, ਜਿਸ ਵਿੱਚ ਵਡੀ ਸਫਲਤਾ ਹੋਈ.

     ਦਿਆਲ ਜੀ ਦੀ ਭੇਰੇ ਵਿੱਚ ਮੂਲਾਦੇਈ ਨਾਲ ਸ਼ਾਦੀ ਹੋਈ, ਜਿਸ ਤੋਂ ਤਿੰਨ ਪੁਤ੍ਰ—ਦਰਬਾਰਾ ਸਿੰਘ, ਭਾਗ ਸਿੰਘ ਅਤੇ ਰੱਤਾ ਜੀ ਜਨਮੇ.

     ਦਿਆਲ ਜੀ ਹਰ ਵੇਲੇ ਨਿਰੰਕਾਰ ਸ਼ਬਦ ਦਾ ਜਾਪ ਕਰਦੇ ਅਤੇ ਮੂਰਤੀ ਪੂਜਾ ਆਦਿ ਦੇ ਵਿਰੁੱਧ ਨਿਰਾਕਾਰ ਦੀ ਭਗਤੀ ਦ੍ਰਿੜਾਉਂਦੇ ਸਨ, ਇਸ ਲਈ “ਨਿਰੰਕਾਰੀ” ਸੰਗ੍ਯਾ ਹੋਈ, ਅਤੇ ਇਨ੍ਹਾਂ ਦੀ ਸੰਪ੍ਰਦਾਯ ਦੀ ਨਿਰੰਕਾਰੀਏ ਅੱਲ ਪਈ.

     ਦਿਆਲ ਜੀ ਦਾ ਚਲਾਣਾ ੧੮ ਮਾਘ ਸੰਮਤ ੧੯੧੧ ਨੂੰ ਹੋਇਆ.

     ਇਨ੍ਹਾਂ ਪਿੱਛੋਂ ਇਨ੍ਹਾਂ ਦੇ ਸੁਪੁਤ੍ਰ ਦਰਬਾਰਾ ਸਿੰਘ ਜੀ (ਜਨਮ ਸੰਮਤ ੧੮੭੧) ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ. ੩ ਫੱਗੁਣ ਸੰਮਤ ੧੯੨੬ ਨੂੰ ਦਰਬਾਰਾ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਇਨ੍ਹਾਂ ਦੇ ਛੋਟੇ ਭਾਈ ਰੱਤਾ ਜੀ ਨੇ ਗੱਦੀ ਸਾਂਭੀ. ਇਨ੍ਹਾਂ ਨੇ ਭੀ ਆਪਣੇ ਪਿਤਾ ਅਤੇ ਦਾਦਾ ਵਾਂਙ ਸਿੱਖ ਧਰਮ ਦੀ ਚੰਗੀ ਸੇਵਾ ਕੀਤੀ. ੨੧ ਪੋਹ ਸੰਮਤ ੧੯੬੫ ਨੂੰ ਰੱਤਾ ਜੀ ਦਾ ਚਲਾਣਾ ਹੋਗਿਆ ਅਰ ਉਨ੍ਹਾਂ ਦੇ ਸੁਪੁਤ੍ਰ ਭਾਈ ਗੁਰਦਿੱਤ ਸਿੰਘ ਜੀ ਮਹੰਤ ਹੋਏ, ਜੋ ਇਸ ਵੇਲੇ ਨਿਰੰਕਾਰੀਆਂ ਦੇ ਮੁਖੀਏ ਹਨ.

     ਰਾਵਲਪਿੰਡੀ ਵਿੱਚ ਨਿਰੰਕਾਰੀਆਂ ਦਾ ਗੁਰਦੁਆਰਾ ਬਹੁਤ ਸੁੰਦਰ ਬਣਿਆ ਹੋਇਆ ਹੈ, ਕਥਾ ਕੀਰਤਨ ਲੰਗਰ ਆਦਿਕ ਦਾ ਉੱਤਮ ਪ੍ਰਬੰਧ ਹੈ.

     ੫ ਵਿ—ਨਿਰਾਕਾਰ ਦਾ. “ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ.” (ਮਾਝ ਅ: ਮ: ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਰੰਕਾਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਰੰਕਾਰੀ: ਇਸ ਦਾ ਭਾਵ ਹੈ ਨਿਰੰਕਾਰ (ਨਿਰਾਕਾਰ) ਦਾ ਉਪਾਸਕ। ਇਸ ਸ਼ਬਦ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਕੀਤੀ ਹੈ। ਗੁਰੂ ਜੀ ਦੀ ਧਾਰਣਾ ਹੈ ਕਿ ਵਿਚਾਰਵਾਨ ਪੁਰਸ਼ ਸੋਚ ਸੋਚ ਕੇ ਕਦਮ ਰਖਦਾ ਹੈ ਅਤੇ ਦੁਬਿਧਾ ਨੂੰ ਤਿਆਗ ਕੇ ਨਿਰਾਕਾਰ ਦਾ ਉਪਾਸਕ ਹੋ ਜਾਂਦਾ ਹੈ—ਰਖਿ ਰਖਿ ਚਰਨ ਧਰੇ ਵੀਚਾਰੀ ਦੁਬਿਧਾ ਛੋਡਿ ਭਏ ਨਿਰੰਕਾਰੀ (ਗੁ.ਗ੍ਰੰ.685)। ਇਕ ਹੋਰ ਥਾਂ’ਤੇ ਵੀ ਗੁਰੂ ਜੀ ਨੇ ਕਿਹਾ ਹੈ ਕਿ ਜੋ ਆਪਣੇ ਆਪ ਨੂੰ ਪਛਾਣ ਲੈਂਦਾ ਹੈ, ਉਹ ਨਿਰਾਕਾਰ ਦਾ ਉਪਾਸਕ ਹੋ ਜਾਂਦਾ ਹੈ—ਆਤਮੁ ਚੀਨ੍ਹਿ ਭਏ ਨਿਰੰਕਾਰੀ (ਗੁ.ਗ੍ਰੰ.415)।

ਧਿਆਨ ਰਹੇ ਕਿ ਇਸ ਸ਼ਬਦ ਤੋਂ ਭਾਵ ਬਾਬਾ ਦਿਆਲ ਦੁਆਰਾ ਚਲਾਈ ਸਿੱਖਾਂ ਦੀ ਨਿਰੰਕਾਰੀ ਸੰਪ੍ਰਦਾਇ (ਵੇਖੋ) ਨਹੀਂ ਹੈ। ਸੰਭਵ ਹੈ ਕਿ ਸੰਪ੍ਰਦਾਇ ਦਾ ‘ਨਿਰੰਕਾਰੀ’ ਨਾਮ ਰਖਣ ਵੇਲੇ ਇਸ ਸ਼ਬਦ ਦਾ ਪ੍ਰਭਾਵ ਰਿਹਾ ਹੋਏ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਿਰੰਕਾਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਿਰੰਕਾਰੀ (ਗੁ.। ਦੇਖੋ , ਨਿਰੰਕਾਰੁ) ਨਿਰੰਕਾਰ ਦੇ, ਨਿਰੰਕਾਰ (ਪਰਮਾਤਮਾ ਦੀ) ਪ੍ਰਾਪਤੀ ਵਾਲੇ (ਸੰਤ)। ਯਥਾ-‘ਦੁਬਿਧਾ ਛੋਡਿ ਭਏ ਨਿਰੰਕਾਰੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.