ਪੀੜ੍ਹੀਆਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Generations

ਕੰਪਿਊਟਰ ਤਕਨਾਲੋਜੀ ਵਿੱਚ ਹੋ ਰਹੇ ਕਦਮ-ਦਰ-ਕਦਮ ਵਿਕਾਸ ਦੀ ਕੜੀ ਨੂੰ 5 ਪੀੜ੍ਹੀਆਂ (ਜਨਰੇਸ਼ਨਜ਼) ਵਿੱਚ ਵੰਡਿਆ ਗਿਆ ਹੈ। ਪੁਰਾਣੀ ਪੀੜ੍ਹੀ ਦੇ ਕੰਪਿਊਟਰ ਆਕਾਰ ਵਿੱਚ ਕਾਫ਼ੀ ਵੱਡੇ ਸਨ। ਉਹ ਰਫ਼ਤਾਰ ਪੱਖੋਂ ਵੀ ਢਿੱਲੇ ਸਨ। ਉਹ ਬਿਜਲੀ ਕਾਫ਼ੀ ਖਪਤ ਕਰਦੇ ਸਨ ਤੇ ਜਲਦੀ ਗਰਮ ਹੋ ਜਾਂਦੇ ਸਨ। ਹੁਣ ਅੱਜ ਦੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਅਜਿਹਾ ਕੁਝ ਨਹੀਂ ਹੈ। ਨਵੀਂ ਪੀੜ੍ਹੀ ਦੇ ਕੰਪਿਊਟਰ ਪੁਰਾਣਿਆਂ ਦੇ ਮੁਕਾਬਲੇ ਹਲਕੇ-ਫੁਲਕੇ, ਛੋਟੇ ਤੇ ਤੇਜ਼-ਰਫ਼ਤਾਰ ਵਾਲੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੰਪਿਊਟਰ ਵਿੱਚ ਇਹ ਵਿਕਾਸ ਪੀੜ੍ਹੀ ਦਰ-ਪੀੜ੍ਹੀ ਆਇਆ। ਹਰੇਕ ਪੀੜ੍ਹੀ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਚੁੱਸਤ-ਦਰੁਸਤ, ਤੇਜ਼ ਰਫ਼ਤਾਰ ਵਾਲੀ ਤੇ ਟਿਕਾਊ ਹੁੰਦੀ ਗਈ। ਆਓ ਕੰਪਿਊਟਰ ਦੀਆਂ ਵੱਖ-ਵੱਖ ਪੀੜ੍ਹੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰੀਏ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਪੀੜ੍ਹੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੀੜ੍ਹੀਆਂ: ਜਦੋਂ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਵਿਵਸਥਿਤ ਰੂਪ ਦੇਣ ਲਈ 22 ਮੰਜੀਆਂ ਦੀ ਸਥਾਪਨਾ ਕੀਤੀ, ਤਾਂ ਉਦੋਂ ਇਸਤਰੀਆਂ ਵਿਚ ਧਰਮ- ਪ੍ਰਚਾਰ ਕਰਨ ਲਈ ਪੀੜ੍ਹੀਆਂ ਵੀ ਕਾਇਮ ਕੀਤੀਆਂ। ਇਹ ਪੀੜ੍ਹੀਆਂ ਕਿਤਨੀਆਂ ਸਨ ? ਇਸ ਬਾਰੇ ਕੋਈ ਸਹੀ ਜਾਣਕਾਰੀ ਉਪਲਬਧ ਨਹੀਂ ਹੈ, ਪਰ ਉਂਜ 92 ਤਕ ਇਨ੍ਹਾਂ ਦੀ ਗਿਣਤੀ ਕਲਪੀ ਗਈ ਹੈ। ਇਨ੍ਹਾਂ ਨੂੰ ਕਈ ਇਤਿਹਾਸ- ਕਾਰਾਂ ਨੇ ਪੀੜ੍ਹੇ ਲਿਖਿਆ ਹੈ। ਇਹ ਪੀੜ੍ਹੀਆਂ ਉਨ੍ਹਾਂ ਇਸਤਰੀਆਂ ਨੂੰ ਗੁਰੂ ਜੀ ਵਲੋਂ ਬਖ਼ਸ਼ੀਆਂ ਜਾਂਦੀਆਂ ਸਨ ਜੋ ਧਰਮ-ਕਰਮ ਵਿਚ ਨਿਪੁਣ ਹੁੰਦੀਆਂ ਸਨ। ਗੁਰੂ ਜੀ ਸਮਝਦੇ ਸਨ ਕਿ ਸਿੱਖ ਧਰਮ ਦੇ ਵਿਕਾਸ ਲਈ ਇਸਤਰੀਆਂ ਵਲੋਂ ਨਿਭਾਈ ਭੂਮਿਕਾ ਵਿਸ਼ੇਸ਼ ਮਹੱਤਵ ਰਖਦੀ ਸੀ , ਕਿਉਂਕਿ ਇਨ੍ਹਾਂ ਨੇ ਹੀ ਆਪਣੀਆਂ ਸੰਤਾਨਾਂ ਨੂੰ ਸਹੀ ਮਾਰਗ ਉਤੇ ਪਾਉਣ ਅਤੇ ਉਨ੍ਹਾਂ ਨੂੰ ਸਿੱਖ ਧਰਮ ਵਿਚ ਦ੍ਰਿੜ੍ਹ ਕਰਨ ਦਾ ਸਭਿਆਚਾਰਿਕ ਕਰਮ ਕਰਨਾ ਸੀ। ਇਹ ਇਸਤਰੀਆਂ ਪਿੰਡ ਪਿੰਡ ਅਤੇ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੀਆਂ ਸਨ। ਜਿਤਨੀ ਆਤਮ-ਨਿਸ਼ਠਾ ਅਤੇ ਸਿਦਕ ਨਾਲ ਇਨ੍ਹਾਂ ਨੇ ਆਪਣਾ ਕਰਤੱਵ ਨਿਭਾਇਆ, ਇਤਨਾ ਮੰਜੀਦਾਰ ਵੀ ਨਹੀਂ ਨਿਭਾ ਸਕੇ ਸਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.