ਪ੍ਰਭੂਸੱਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਭੂਸੱਤਾ [ਨਾਂਇ] ਵੇਖੋ ਪ੍ਰਭੁਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰਭੂਸੱਤਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਪ੍ਰਭੂਸੱਤਾ : ਪ੍ਰਭੂਸੱਤਾ ਸ਼ਬਦ ਅੰਗਰੇਜ਼ੀ ਦੇ ਸ਼ਬਦ  (Sovereignty)  ਦਾ ਪੰਜਾਬੀ ਅਨੁਵਾਦ ਹੈ, ਜਿਸਦੀ ਉੱਤਪਤੀ ਲਾਤਾਨੀ ਭਾਸ਼ਾ ਦੇ ਸ਼ਬਦ ‘ਸੁਪਰੇਨਸ’ ਤੋਂ ਹੋਈ ਹੈ, ਜਿਸ ਦਾ ਅਰਥ ਸਰਬ-ਉੱਚ ਹੈ। ਕਿਸੇ ਪ੍ਰਦੇਸ਼ ਵਿੱਚ ਸਰਬ-ਉੱਚ ਸ਼ਕਤੀ ਨੂੰ ਪ੍ਰਗਟਾਉਣ ਵਾਲਾ ‘ਪ੍ਰਭੂਸੱਤਾ’ ਸ਼ਬਦ ਆਧੁਨਿਕ ਕਾਲ ਦੀ ਉਪਜ ਹੈ। ਆਧੁਨਿਕ ਰਾਜ ਪੂਰਨ ਸੱਤਾਧਾਰੀ ਰਾਜ ਹੈ। ਪ੍ਰਭੂਸੱਤਾ ਰਾਜ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਤੱਤ ਹੈ ਅਤੇ ਇਹੋ ਹੀ ਤੱਤ ਸਾਰੇ ਮਨੁੱਖੀ ਸੰਘਾਂ ਨੂੰ ਰਾਜ ਤੋਂ ਵੱਖ ਕਰਦਾ ਹੈ। ਸੱਚ ਤਾਂ ਇਹ ਹੈ ਕਿ ਅਸੀਂ ਪ੍ਰਭੂਸੱਤਾ ਬਗ਼ੈਰ ਰਾਜ ਦੀ ਕਲਪਨਾ ਵੀ ਨਹੀਂ ਕਰ ਸਕਦੇ।

ਪ੍ਰਭੂਸੱਤਾ ਰਾਜ ਦੀ ਉਹ ਸਰਬ-ਉੱਚ, ਅਸੀਮਿਤ, ਸਰਬ-ਵਿਆਪਕ ਅਤੇ ਅਣਵੰਡਵੀਂ ਸ਼ਕਤੀ ਹੈ, ਜਿਸ ਦੇ ਆਧਾਰ ’ਤੇ ਰਾਜ ਕਨੂੰਨਾਂ ਦਾ ਨਿਰਮਾਣ ਕਰਦਾ ਹੈ ਅਤੇ ਆਪਣੇ ਆਦੇਸ਼ ਨੂੰ ਸਾਰੇ ਵਿਅਕਤੀਆਂ, ਸਮੁਦਾਵਾਂ ਅਤੇ ਸੰਸਥਾਵਾਂ ਉੱਤੇ ਲਾਗੂ ਕਰਦਾ ਹੈ। ਪ੍ਰਭੂਸੱਤਾ ਕਨੂੰਨੀ ਤੌਰ ’ਤੇ ਹਰੇਕ ਵਿਅਕਤੀ ਅਤੇ ਸਮੂਹ ਤੋਂ ਸਰਬ-ਉੱਚ ਅਤੇ ਸਰਬ-ਸ਼ਕਤੀਸ਼ਾਲੀ ਹੁੰਦੀ ਹੈ, ਜਿਸਨੂੰ ਕਿਸੇ ਵੀ ਤਰੀਕੇ ਸੀਮਿਤ ਨਹੀਂ ਕੀਤਾ ਜਾ ਸਕਦਾ।

ਪ੍ਰਭੂਸੱਤਾ ਦੇ ਦੋ ਪਹਿਲੂ ਹਨ  : ਅੰਦਰੂਨੀ ਪ੍ਰਭੂਸੱਤਾ ਅਤੇ ਬਾਹਰਲੀ ਪ੍ਰਭੂਸੱਤਾ। ਅੰਦਰੂਨੀ ਪ੍ਰਭੂਸੱਤਾ ਦਾ ਅਰਥ ਇਹ ਹੈ ਕਿ ਰਾਜ ਆਪਣੇ ਖੇਤਰ ਵਿੱਚ ਵੱਸਣ ਵਾਲੇ ਸਾਰੇ ਵਿਅਕਤੀਆਂ, ਸਮੁਦਾਵਾਂ ਤੇ ਸੰਸਥਾਵਾਂ ਤੋਂ ਸਰਬ-ਸ੍ਰੇਸ਼ਠ ਹੈ। ਰਾਜ ਨੂੰ ਇਹਨਾਂ ਸਾਰਿਆਂ ਨੂੰ ਆਦੇਸ਼ ਦੇਣ ਦਾ ਅਧਿਕਾਰ ਹੈ ਪਰ ਇਹ ਕਿਸੇ ਕੋਲੋਂ ਆਦੇਸ਼ ਪ੍ਰਾਪਤ ਨਹੀਂ ਕਰਦਾ। ਰਾਜ ਦੀ ਇੱਛਾ ਉੱਤੇ ਕੋਈ ਪਾਬੰਦੀ ਨਹੀਂ ਹੁੰਦੀ। ਬਾਹਰਲੀ ਪ੍ਰਭੂਸੱਤਾ ਤੋਂ ਭਾਵ ਇਹ ਹੈ ਕਿ ਰਾਜ ਦੂਜੇ ਰਾਜਾਂ ਦੇ ਕਿਸੇ ਵੀ ਕਿਸਮ ਦੇ ਦਬਾਅ ਜਾਂ ਦਖ਼ਲ-ਅੰਦਾਜ਼ੀ ਤੋਂ ਸੁਤੰਤਰ ਹੈ। ਜੇਕਰ ਰਾਜ ਕਿਸੇ ਸੰਘ ਜਾਂ ਅੰਤਰਰਾਸ਼ਟਰੀ ਨਿਯਮਾਂ ਤੇ ਮਰਯਾਦਾਵਾਂ ਦੀ ਪਾਲਣਾ ਕਰਦਾ ਹੈ ਤਾਂ ਇਹ ਉਸਦੀ ਆਪਣੀ ਇੱਛਾ ਨਾਲ ਕਰਦਾ ਹੈ।

ਰਾਜ ਦੀ ਪ੍ਰਭੂਸੱਤਾ ਅੰਦਰੂਨੀ ਤੇ ਬਾਹਰੀ ਦੋਨੋਂ ਤਰ੍ਹਾਂ ਨਾਲ ਕਿਸੇ ਮਰਯਾਦਾ ਨਾਲ ਬੱਝੀ ਹੋਈ ਨਹੀਂ ਹੁੰਦੀ। ਇਹ ਮੌਲਿਕ ਅਤੇ ਸ੍ਵੈ-ਇੱਛਾਚਾਰੀ ਸ਼ਕਤੀ ਹੈ। ਇਹ ਨਿਰੰਕੁਸ਼ ਸ਼ਕਤੀ ਹੈ, ਜਿਸ ਉੱਤੇ ਨਾ ਤਾਂ ਰਾਜ ਦੇ ਅੰਦਰ ਕਿਸੇ ਹੋਰ ਸੱਤਾ ਦਾ ਅਤੇ ਨਾ ਹੀ ਬਾਹਰਲੇ ਕਿਸੇ ਹੋਰ ਰਾਜ ਦਾ ਨਿਯੰਤਰਨ ਹੁੰਦਾ ਹੈ। ਪ੍ਰਭੂਸੱਤਾ ਸਰਬ-ਵਿਆਪਕ ਹੁੰਦੀ ਹੈ, ਰਾਜ ਦਾ ਸਮੁੱਚਾ ਅਧਿਕਾਰ ਖੇਤਰ ਇਸ ਦੇ ਅਧੀਨ ਆਉਂਦਾ ਹੈ। ਪ੍ਰਭੂਸੱਤਾ ਸਦੀਵੀ ਹੁੰਦੀ ਹੈ। ਇਸ ਨੂੰ ਵੰਡਿਆ ਨਹੀਂ ਜਾ ਸਕਦਾ ਭਾਵ ਇਸ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਪ੍ਰਭੂਸੱਤਾ ਦਾ ਤਿਆਗ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨ ਨਾਲ ਰਾਜ ਦਾ ਅੰਤ ਹੋ ਜਾਂਦਾ ਹੈ। ਇਸ ਦਾ ਭਾਵ ਹੈ ਕਿ ਪ੍ਰਭੂਸੱਤਾ ਰਾਜ ਦੀ ਏਕਤਾ ਦੀ ਪ੍ਰਤਿਨਿਧਤਾ ਕਰਦੀ ਹੈ। ਰਾਜ ਦੇ ਭਿੰਨ-ਭਿੰਨ ਅੰਗ ਸੱਤਾ ਦੀ ਵਰਤੋਂ ਕਰਦੇ ਹਨ।

ਭਾਵੇਂ ਪ੍ਰਭੂਸੱਤਾ ਇੱਕ ਇਕਾਈ ਹੈ ਅਤੇ ਰਾਜ ਵਿੱਚ ਪ੍ਰਭੂਸੱਤਾ ਇੱਕ ਹੀ ਹੁੰਦੀ ਹੈ, ਪਰ ਵਿਹਾਰਿਕ ਰੂਪ ਵਿੱਚ ਵੱਖ-ਵੱਖ ਵਿਦਵਾਨਾਂ ਨੇ ਇਸ ਨੂੰ ਕਈ ਰੂਪਾਂ ਵਿੱਚ ਪ੍ਰਗਟਾਇਆ ਹੈ ਜਿਵੇਂ ਨਾਂ-ਮਾਤਰ ਅਤੇ ਵਾਸਤਵਿਕ ਪ੍ਰਭੂਸੱਤਾ। ਨਾਂ-ਮਾਤਰ ਪ੍ਰਭੂਸੱਤਾ ਵਿੱਚ ਸਿਧਾਂਤਕ ਤੌਰ ’ਤੇ ਸਾਰੀਆਂ ਸ਼ਕਤੀਆਂ ਰਾਜੇ (ਇੰਗਲੈਂਡ ਦੇ ਸਮਰਾਟ) ਜਾਂ ਦੇਸ ਦੇ ਮੁਖੀ (ਭਾਰਤ ਦਾ ਰਾਸ਼ਟਰਪਤੀ) ਕੋਲ ਹੁੰਦੀਆਂ ਹਨ, ਪਰੰਤੂ ਵਾਸਤਵਿਕ ਰੂਪ ਵਿੱਚ ਉਹ ਇਹਨਾਂ ਦੀ ਵਰਤੋਂ ਆਪ ਨਹੀਂ ਕਰਦਾ, ਬਲਕਿ ਮੰਤਰੀ-ਮੰਡਲ ਦੀ ਸਲਾਹ ਨਾਲ ਕਰਦਾ ਹੈ ਪਰ ਅਮਰੀਕਾ ਦਾ ਰਾਸ਼ਟਰਪਤੀ ਅਸਲੀ ਪ੍ਰਭੂ ਹੈ ਕਿਉਂਕਿ ਵਿਹਾਰਿਕ ਰੂਪ ਵਿੱਚ ਉਹ ਸ਼ਕਤੀਆਂ ਦੀ ਵਰਤੋਂ ਆਪ ਹੀ ਕਰਦਾ ਹੈ। ਪ੍ਰਭੂਸੱਤਾ ਦੇ ਹੋਰ ਰੂਪ ਇੰਞ ਵਿਧਾਨਿਕ (de-jure) ਤੇ ਵਾਸਤਵਿਕ (de-facto) ਪ੍ਰਭੂਸੱਤਾ। ਵਿਧਾਨਿਕ ਪ੍ਰਭੂਸੱਤਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਦਾ ਆਧਾਰ ਕਨੂੰਨ ਨਹੀਂ ਸਗੋਂ ਸ਼ਕਤੀ ਹੈ, ਅਤੇ ਉਹ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਵਾਸਤਵਿਕ ਪ੍ਰਭੂ ਹੈ ਜੋ ਅਸਲ ਵਿੱਚ ਜਨਤਾ ਕੋਲੋਂ ਆਪਣੇ ਆਦੇਸ਼ਾਂ ਦੀ ਪਾਲਣਾ ਕਰਵਾਉਣ ਦੀ ਸ਼ਕਤੀ ਰੱਖਦਾ ਹੋਵੇ, ਜਿਵੇਂ ਕੋਈ ਤਾਨਾਸ਼ਾਹ ਜਾਂ ਮਾਰਸ਼ਲ ਲਾਅ ਪ੍ਰਸ਼ਾਸਕ। ਇਸੇ ਤਰ੍ਹਾਂ ਕਨੂੰਨੀ ਤੇ ਰਾਜਨੀਤਿਕ ਪ੍ਰਭੂਸੱਤਾ ਨੂੰ ਵੇਖਿਆ ਜਾ ਸਕਦਾ ਹੈ। ਕਨੂੰਨੀ ਪ੍ਰਭੂਸੱਤਾ ਉਹ ਸ਼ਕਤੀ ਹੈ ਜਿਸ ਨੂੰ ਰਾਜ ਵਿੱਚ ਕਨੂੰਨ ਦੁਆਰਾ ਰਾਜ ਦੀ ਇੱਛਾ ਪ੍ਰਗਟਾਉਣ ਦਾ ਅਧਿਕਾਰ ਹੋਵੇ ਅਤੇ ਜਿਸਦੇ ਆਦੇਸ਼ ਸਾਰੇ ਵਿਅਕਤੀਆਂ ਤੇ ਸਮੁਦਾਵਾਂ ਉੱਤੇ ਲਾਗੂ ਹੁੰਦੇ ਹੋਣ। ਜਿਵੇਂ ਇੰਗਲੈਂਡ ਵਿੱਚ ਰਾਜਾ ਸਮੇਤ ਸੰਸਦ ਕੋਲ ਕਨੂੰਨੀ ਪ੍ਰਭੂਸੱਤਾ ਹੈ, ਉਹ ਹਰੇਕ ਕਿਸਮ ਦਾ ਕਨੂੰਨ ਬਣਾ ਸਕਦੀ ਹੈ ਅਤੇ ਉਸ ਦੀ ਪ੍ਰਭੂਸੱਤਾ ਉੱਤੇ ਕੋਈ ਕਨੂੰਨੀ ਬੰਦਸ਼ ਨਹੀਂ ਹੈ, ਪਰ ਵਿਹਾਰ ਵਿੱਚ ਕਨੂੰਨੀ ਪ੍ਰਭੂਸੱਤਾ ਪਿੱਛੇ ਇੱਕ ਹੋਰ ਸ਼ਕਤੀ ਵੀ ਹੈ ਜਿਸ ਅੱਗੇ ਕਨੂੰਨੀ ਪ੍ਰਭੂਸੱਤਾ ਨੂੰ ਝੁਕਣਾ ਪੈਂਦਾ ਹੈ। ਇਹ ਜਨਮਤ ਹੈ ਅਤੇ ਇਸੇ ਸ਼ਕਤੀ ਨੂੰ ਰਾਜਨੀਤਿਕ ਪ੍ਰਭੂਸੱਤਾ ਕਿਹਾ ਜਾਂਦਾ ਹੈ।

ਜੌਨ ਆਸਟਿਨ ਉੱਨ੍ਹੀਵੀਂ ਸਦੀ ਵਿੱਚ ਇੰਗਲੈਂਡ ਦਾ ਇੱਕ ਪ੍ਰਸਿੱਧ ਕਨੂੰਨ-ਸ਼ਾਸਤਰੀ ਹੋਇਆ ਹੈ। ਉਸਨੇ ਕਨੂੰਨੀ ਪੱਖ ਤੋਂ ਪ੍ਰਭੂਸੱਤਾ ਦੇ ਸਿਧਾਂਤ ਦੀ ਸਪਸ਼ਟ ਵਿਆਖਿਆ ਕੀਤੀ ਹੈ, ਜਿਸ ਨੂੰ ਕਨੂੰਨੀ ਪੱਖ ਤੋਂ ਸਰਬ-ਸ੍ਰੇਸ਼ਠ ਮੰਨਿਆ ਗਿਆ ਹੈ। ਉਸ ਅਨੁਸਾਰ ਹਰੇਕ ਸੁਤੰਤਰ ਰਾਜਨੀਤਿਕ ਸਮਾਜ ਵਿੱਚ ਅਜਿਹਾ ਕੋਈ ਵਿਅਕਤੀ ਜਾਂ ਵਿਅਕਤੀਆਂ ਦੀ ਸੰਸਥਾ ਹੁੰਦੀ ਹੈ ਜਿਸ ਨੂੰ ਅੰਤਿਮ ਰੂਪ ਵਿੱਚ ਸਰਬ-ਉੱਚ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਜਿਸਦੀ ਆਗਿਆ ਦੀ ਪਾਲਣਾ ਸਮਾਜ ਦੇ ਕਾਫ਼ੀ ਜ਼ਿਆਦਾ ਲੋਕ ਸੁਭਾਵਿਕ ਹੀ ਕਰਦੇ ਹਨ। ਅਜਿਹਾ ਸਰਬ-ਉੱਚ ਵਿਅਕਤੀ ਜਾਂ ਸੰਸਥਾ ਕਿਸੇ ਦੂਜੇ ਵਿਅਕਤੀ ਜਾਂ ਸੰਸਥਾ ਦੀ ਆਗਿਆ ਦਾ ਪਾਲਣ ਨਹੀਂ ਕਰਦੀ ਅਤੇ ਉਸਦੇ ਆਦੇਸ਼ ਹੀ ਸਮਾਜ ਵਿੱਚ ਕਨੂੰਨ ਦੇ ਰੂਪ ਵਿੱਚ ਲਾਗੂ ਹੁੰਦੇ ਹਨ।

ਵਰਤਮਾਨ ਯੁੱਗ ਵਿੱਚ ਭਾਵੇਂ ਰਾਜਨੀਤਿਕ ਪ੍ਰਭੂਸੱਤਾ ਅਤੇ ਲੋਕ ਪ੍ਰਭੂਸੱਤਾ ਦਾ ਸਿਧਾਂਤ ਪ੍ਰਚਲਿਤ ਹੈ ਪਰ ਅਦਾਲਤਾਂ ਸਿਰਫ਼ ਕਨੂੰਨੀ ਪ੍ਰਭੂਸੱਤਾ ਨੂੰ ਹੀ ਮਾਨਤਾ ਦਿੰਦੀਆਂ ਹਨ। ਦੂਜਾ, ਅੰਤਰਰਾਸ਼ਟਰਵਾਦ ਦੇ ਯੁੱਗ ਵਿੱਚ ਰਾਜਾਂ ਦੀ ਇੱਕ ਦੂਜੇ ਉੱਤੇ ਨਿਰਭਰਤਾ ਕਰਕੇ ਪ੍ਰਭੂਸੱਤਾ ਸੰਪੰਨ ਰਾਜ ਦਾ ਵਿਚਾਰ ਅਸਲੀਅਤ ਵਿੱਚ ਇੱਕ ਬੀਤੇ ਸਮੇਂ ਦੀ ਕਹਾਣੀ ਬਣ ਕੇ ਰਹਿ ਗਿਆ ਹੈ। ਇਸ ਦੇ ਬਾਵਜੂਦ ਆਸਟਿਨ ਨੇ ਕਨੂੰਨੀ ਪ੍ਰਭੂਸੱਤਾ ਦੀ ਸਪਸ਼ਟ ਤੇ ਤਰਕਪੂਰਨ ਪਰਿਭਾਸ਼ਾ ਦੇ ਕੇ ਵਿਧਾਨ- ਸ਼ਾਸਤਰ ਅਤੇ ਰਾਜਨੀਤੀ-ਸ਼ਾਸਤਰ ਨੂੰ ਇੱਕ ਬਹੁ-ਮੁੱਲੀ ਦੇਣ ਦਿੱਤੀ ਹੈ।


ਲੇਖਕ : ਜੋਗਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-04-22-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.